ਊਧਮ ਸਿੰਘ ਨੇ ਸ਼ਾਦੀ ਕਰਵਾਈ ਹੋਈ ਸੀ ਤੇ ਉਸ ਦੇ ਬੱਚੇ ਵੀ ਸਨ ਜਿਨ੍ਹਾਂ ਬਾਰੇ ਖੋਜ ਹੋ ਰਹੀ ਹੈ
Published : Jul 30, 2017, 5:19 pm IST
Updated : Apr 2, 2018, 1:12 pm IST
SHARE ARTICLE
Udham Singh
Udham Singh

ਉਪਰੋਕਤ ਸਤਰਾਂ ਉਸ ਗੀਤ ਦੀਆਂ ਹਨ ਜੋ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮਾਂ ਵਿਚ ਕਲਾਕਾਰਾਂ ਵਲੋਂ ਗਾਇਆ ਜਾਂਦਾ ਮੈਂ ਕਈ ਵਾਰ ਸੁਣਿਆ ਹੈ। ਇਹ ਗੀਤ ਉਸ ਵੇਲੇ ਦੇ..

 

ਉਪਰੋਕਤ ਸਤਰਾਂ ਉਸ ਗੀਤ ਦੀਆਂ ਹਨ ਜੋ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮਾਂ ਵਿਚ ਕਲਾਕਾਰਾਂ ਵਲੋਂ ਗਾਇਆ ਜਾਂਦਾ ਮੈਂ ਕਈ ਵਾਰ ਸੁਣਿਆ ਹੈ। ਇਹ ਗੀਤ ਉਸ ਵੇਲੇ ਦੇ ਘਟਨਾਕ੍ਰਮ ਦੀ ਯਾਦ ਤਾਜ਼ਾ ਕਰਦਾ ਹੈ ਜਦੋਂ ਊਧਮ ਸਿੰਘ ਨੇ ਜ਼ਾਲਮ ਮਾਈਕਲ ਓਡਵਾਇਰ ਨੂੰ ਲੰਡਨ ਦੇ ਕੈਕਸਟਨ ਹਾਲ ਵਿਚ 13 ਮਾਰਚ 1940 ਨੂੰ ਰਿਵਾਲਵਰ ਦੀਆਂ ਗੋਲੀਆਂ ਨਾਲ ਭੁੰਨ ਦਿਤਾ ਸੀ। ਊਧਮ ਸਿੰਘ ਦੇ ਹੱਥ ਵਿਚ ਰਿਵਾਲਵਰ ਵੇਖ ਦੇ ਅੰਗਰੇਜ਼ ਪੁਲਿਸ ਉਸ ਦੇ ਨੇੜੇ ਆਉਣ ਤੋਂ ਡਰਦੀ ਸੀ ਤਾਂ ਉਦੋਂ ਊਧਮ ਸਿੰਘ ਨੇ ਪਿਸਤੌਲ ਦੂਰ ਸੁਟ ਕੇ ਕਿਹਾ ਕਿ 'ਆਉ ਮੈਨੂੰ ਗ੍ਰਿਫ਼ਤਾਰ ਕਰ ਲਉ, ਮੈਨੂੰ ਹੁਣ ਕੋਈ ਡਰ ਨਹੀਂ ਜੋ ਮਰਜ਼ੀ ਹੋ ਜਾਵੇ ਕਿਉਂਕਿ ਮੈਂ ਬੇਦੋਸ਼ੇ ਭਾਰਤੀ ਲੋਕਾਂ ਦੇ ਜ਼ਖ਼ਮਾਂ ਦਾ ਬਦਲਾ ਲੈ ਕੇ ਅਪਣਾ ਮਕਸਦ ਪੂਰਾ ਕਰ ਲਿਆ ਹੈ।' ਦਰਅਸਲ ਅਜਿਹੇ ਗੀਤ/ਵਾਰਾਂ ਵੀ ਅਜਿਹੇ ਸੂਰਮਿਆਂ, ਦੇਸ਼ਭਗਤਾਂ ਅਤੇ ਸ਼ਹੀਦਾਂ ਦੇ ਹੀ ਗਾਏ ਜਾਂਦੇ ਹਨ ਜੋ ਦੇਸ਼ ਕੌਮ ਲਈ ਕੁਰਬਾਨ ਹੋ ਗਏ। ਉਹ ਸਦਾ ਹੀ ਜਿਉਂਦੇ ਹਨ ਤੇ ਅਮਰ ਹਨ ਜਿਸ ਨੂੰ ਕਵੀ ਨੇ ਇੰਜ ਲਿਖਿਆ ਹੈ:
ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਜਿਉਂਦੇ ਨੇ,
ਮੜ੍ਹੀਆਂ ਤੇ ਲਗਦੇ ਮੇਲੇ ਸੱਭ ਸੀਸ ਝੁਕਾਉਂਦੇ ਨੇ।
ਇਸੇ ਤਰ੍ਹਾਂ ਹੀ ਸਾਡੇ ਇਤਿਹਾਸਕਾਰ ਵੀ ਅਪਣੀਆਂ ਖੋਜ ਭਰਪੂਰ ਲਿਖਤਾਂ ਰਾਹੀਂ ਸਾਨੂੰ ਯੋਧਿਆਂ ਸ਼ਹੀਦਾਂ ਦੀਆਂ ਜੀਵਨਸ਼ੈਲੀਆਂ ਪ੍ਰਤੀ ਜਾਣਕਾਰੀ ਦੇ ਕੇ ਸਾਡੀ ਨਵੀਂ ਪੀੜ੍ਹੀ ਦੇ ਮਾਰਗਦਰਸ਼ਕ ਬਣਦੇ ਹਨ। ਅਜਿਹੇ ਹੀ ਇਕ ਇਤਿਹਾਸਕਾਰ ਸਿਕੰਦਰ ਸਿੰਘ ਨੇ  ਊਧਮ ਸਿੰਘ ਜੀ ਦੇ ਜੀਵਨ ਬਾਰੇ ਬੜੀ ਅਹਿਮ ਜਾਣਕਾਰੀ ਅਪਣੀ ਖੋਜ ਰਾਹੀਂ ਸਾਨੂੰ ਦਿਤੀ।
ਉਹ ਲਿਖਦੇ ਹਨ ਕਿ ਜਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਦੇ ਮੁੱਖ ਦੋਸ਼ੀ ਸਾਬਕਾ ਲੈਫ਼. ਗਵਰਨਰ ਪੰਜਾਬ ਨੂੰ ਚਿੱਟੇ ਦਿਨ ਅੰਗਰੇਜ਼ ਅਹਿਲਕਾਰਾਂ ਨਾਲ ਭਰੇ ਤੇ ਭਾਰੀ ਪੁਲਿਸ ਸੁਰੱਖਿਆ ਨਾਲ ਲੈਸ ਕੈਕਸਟਨ ਹਾਲ ਲੰਦਨ ਵਿਚ ਪੂਰੀ ਵਿਊਂਤਬੰਦੀ ਨਾਲ ਰਿਵਾਲਵਰ ਦੀਆਂ ਗੋਲੀਆਂ ਨਾਲ ਮਾਰ ਦੇਣ ਵਾਲੇ ਊਧਮ ਸਿੰਘ ਦੀ ਜੀਵਨ ਖੋਜ ਤੋਂ ਪਤਾ ਲੱਗਾ ਹੈ ਕਿ ਉਸ ਨੇ ਵਿਆਹ ਵੀ ਕਰਵਾਇਆ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਵੀ ਹਨ। ਉਹ ਲਿਖਦੇ ਹਨ ਕਿ ਇਹ ਪ੍ਰਗਟਾਵਾ ਸੈਂਟਰਲ ਖ਼ਾਲਸਾ ਯਤੀਮਖਾਨਾ, ਜਿਥੇ ਊਧਮ ਸਿੰਘ 12 ਸਾਲ ਰਹੇ ਸਨ, ਤੋਂ ਮਿਲੇ ਉਨ੍ਹਾਂ ਦਸਤਾਵੇਜ਼ਾਂ ਤੋਂ ਹੋਇਆ ਹੈ ਜੋ ਉਸ ਯਤੀਮਖਾਨੇ ਨੂੰ 1927 ਵਿਚ ਅੰਮ੍ਰਿਤਸਰ ਦੇ ਏ. ਡਿਵੀਜ਼ਨ ਥਾਣੇ ਤੋਂ ਮਿਲੇ ਸਨ, ਜਿਥੇ ਪਹਿਲਾਂ ਊਧਮ ਸਿੰਘ ਵਿਰੁਧ ਕੇਸ ਦਰਜ ਹੋਇਆ ਸੀ। ਇਸ ਸੰਸਥਾ ਨੇ ਅਜਿਹੇ ਦਸਤਾਵੇਜ਼ਾਂ ਅਤੇ ਹੋਰ ਯਾਦਾਂ ਨੂੰ ਊਧਮ ਸਿੰਘ ਦੇ ਕਮਰੇ ਵਿਚ ਲਾਉਣ ਦੀ ਯੋਜਨਾ ਬਣਾਈ ਹੈ ।
ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਸ਼ਹਿਰ ਦੇ ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਦੇ ਅਧਿਆਪਕ ਸਿਕੰਦਰ ਸਿੰਘ ਨੇ ਪੀ.ਐਚ.ਡੀ. ਵੀ ਸ. ਊਧਮ ਦੇ ਜੀਵਨ ਉਪਰ ਕੀਤੀ ਹੈ। ਇਸ ਖੋਜ ਤੋਂ ਬਾਅਦ ਉਨ੍ਹਾਂ ਨੇ 1998 ਵਿਚ ਇਸ ਬਾਰੇ ਇਕ ਪੁਸਤਕ ਲਿਖੀ ਜਿਸ ਵਿਚ ਉਨ੍ਹਾਂ ਨੇ ਊਧਮ ਸਿੰਘ ਬਾਰੇ ਲੰਦਨ ਵਿਖੇ ਕਈ ਦਹਾਕਿਆਂ ਤੋਂ ਫ਼ਾਈਲਾਂ 'ਚ ਦੱਬੇ ਕਈ ਅਹਿਮ ਭੇਤ ਉਜਾਗਰ ਕਰਨ ਦਾ ਦਾਅਵਾ ਕੀਤਾ ਹੈ। ਇਸ ਪੁਸਤਕ ਵਿਚ ਉਨ੍ਹਾਂ ਲਿਖਿਆ ਹੈ ਕਿ ਲਗਾਤਾਰ 10 ਸਾਲਾਂ ਦੇ ਯਤਨਾਂ ਮਗਰੋਂ ਇਹ ਪੁਸਤਕ ਪੂਰੀ ਹੋਈ ਹੈ। ਉਨ੍ਹਾਂ ਨੇ 1988 ਨੂੰ ਖੋਜ ਕਾਰਜ ਸ਼ੁਰੂ ਕਰਦਿਆਂ ਨੈਸ਼ਨਲ  ਆਰਕਾਈਵਜ਼ ਦਿੱਲੀ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਸੀ ਅਤੇ 1992 ਵਿਚ ਇਸ ਮਾਮਲੇ ਨਾਲ ਸਬੰਧਤ 4 ਫ਼ਾਈਲਾਂ ਵੇਖਣ ਦੀ ਉਸ ਨੂੰ ਆਗਿਆ ਮਿਲੀ। ਇਸ ਦੌਰਾਨ ਇਸ ਖੋਜਕਾਰ ਨੇ ਪਬਲਿਕ ਰੀਕਾਰਡ ਆਫ਼ਿਸ ਲੰਡਨ, ਫ਼ੌਰਨ ਐਂਡ ਕਾਮਨਵੈਲਥ ਆਫ਼ਿਸ ਲੰਡਨ ਅਤੇ ਪੈਂਟਨ ਵਿਲਾ ਜੇਲ (ਜਿਥੇ ਊਧਮ ਸਿੰਘ ਕੈਦ ਰਹੇ ਸਨ) ਦੇ ਗਵਰਨਰ ਅਤੇ ਹੋਰਨਾਂ ਨਾਲ ਸੰਪਰਕ ਕੀਤਾ। ਇਨ੍ਹਾਂ ਸਰੋਤਾਂ ਤੋਂ ਵੱਡੀ ਗਿਣਤੀ 'ਚ ਪ੍ਰਾਪਤ ਹੋਏ ਦਸਤਾਵੇਜ਼ਾਂ ਦੇ ਅਧਾਰ ਤੇ ਉਨ੍ਹਾਂ ਨੇ ਇਹ ਪੁਸਤਕ ਲਿਖੀ।
ਇਸ ਲੇਖਕ ਨੇ ਇਕ ਨਾਮਵਰ ਭਾਰਤੀ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਫ਼ਰਵਰੀ 1922 ਨੂੰ ਊਧਮ ਸਿੰਘ ਕੈਲੇਫ਼ੋਰਨੀਆ (ਅਮਰੀਕਾ) ਵਿਖੇ ਗਿਆ ਸੀ ਜਿਥੇ ਉਸ ਨੇ ਉੱਥੋਂ ਦੀ ਹੁਡਸਨ ਗੈਰਜ ਦੇ ਮਕੈਨੀਕਲ ਸੈਕਸ਼ਨ ਵਿਚ ਨੌਕਰੀ ਸ਼ੁਰੂ ਕੀਤੀ। ਇਕ ਇਤਿਹਾਸਕਾਰ ਨੇ ਤਾਂ ਇਹ ਵੀ ਲਿਖਿਆ ਹੈ ਕਿ ਊਧਮ ਸਿੰੰਘ ਇੰਜੀਨੀਅਰਿੰਗ ਦੇ ਡਿਗਰੀ ਹੋਲਡਰ ਸਨ। ਇਥੇ ਉਸ ਦੇ ਪ੍ਰੇਮ ਸਬੰਧ ਇਕ ਕ੍ਰਾਂਤੀਕਾਰੀ ਅਮਰੀਕਨ ਲਲੂਪੀ ਨਾਮੀ ਕੁੜੀ ਨਾਲ ਹੋ ਗਏ ਜਿਸ ਨਾਲ ਊਧਮ ਸਿੰਘ ਨੇ 1923 ਵਿਚ ਲੌਂਗਬੀਚ (ਯੂ.ਐਸ.ਏ.) ਜਾ ਕੇ ਵਿਆਹ ਕਰਵਾ ਲਿਆ ਅਤੇ ਉੱਥੇ ਹੀ ਊਧਮ ਸਿੰਘ ਨੇ ਇਕ ਕੰਪਨੀ ਦੇ ਏਅਰੋਪਲੇਨ ਵਿਭਾਗ ਵਿਚ ਨੌਕਰੀ ਕਰ ਲਈ। ਕਿਉਂਕਿ ਊਧਮ ਸਿੰਘ ਗ਼ਦਰ ਪਾਰਟੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ, ਇਸ ਕਾਰਨ ਪਾਰਟੀ ਨੇ ਇਕ ਕ੍ਰਾਂਤੀਕਾਰੀ ਮਕਸਦ ਲਈ ਉਸ ਨੂੰ ਦਸੰਬਰ 1924 ਵਿਚ ਨਿਊਯਾਰਕ ਭੇਜ ਦਿਤਾ। ਊਧਮ ਸਿੰਘ ਨੇ ਅਪਣੇ ਇਕ ਬਿਆਨ ਵਿਚ ਦਸਿਆ ਸੀ ਕਿ ਉਸ ਦੀ ਪਤਨੀ ਲਲੂਪੀ ਦੀ ਕੁਖੋਂ ਦੋ ਪੁੱਤਰ ਪੈਦਾ ਹੋਏ ਸਨ ਤੇ ਊਧਮ ਸਿੰਘ ਇਸ ਪ੍ਰਵਾਰ ਸਮੇਤ ਲੈਕਸਿੰਗਟੋਨ ਐਵੀਨਿਊ ਵਿਚ 1927 ਤਕ ਰਹੇ ਸਨ। ਪ੍ਰੋ: ਸਿੰਕਦਰ ਸਿੰਘ ਨੇ ਦਸਿਆ ਕਿ ਉਹ ਦਸੰਬਰ 2006 ਤੋਂ ਫਰਵਰੀ 2007 ਤਕ ਫਿਰ ਊਧਮ ਸਿੰਘ ਅਤੇ ਉਸ ਦੇ ਪ੍ਰਵਾਰ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਅਮਰੀਕਾ ਰਹੇ ਜਿਥੇ ਉਸ ਨੂੰ ਕਲੇਰਮੌਂਟ ਵਾਸੀ ਨੌਜਵਾਨ ਲੀਓ ਨੇ ਦਸਿਆ ਕਿ ਊਧਮ ਸਿੰਘ ਦੇ ਦੋਵੇਂ ਪੁੱਤਰ 1932 ਵਿਚ ਕਲੇਰਮੌਂਟ ਦੇ ਸੈਕਅਰਾਮੈਂਟੋ ਸਕੂਲ ਵਿਚ ਉਸ ਦੇ ਹਮਜਮਾਤੀ ਰਹੇ ਸਨ। ਲੀਓ ਨੇ ਹੋਰ ਦਸਿਆ ਕਿ ਇਨ੍ਹਾਂ ਮੁੰਡਿਆਂ ਦੀ ਮਾਂ ਲਲੂਪੀ ਮੋਟੀਆਂ ਅੱਖਾਂ ਵਾਲੀ ਬਹੁਤ ਖ਼ੁਬਸੂਰਤ, ਲਾਇਕ ਅਤੇ ਪ੍ਰਭਾਵਸ਼ਾਲੀ ਦਿਖ ਵਾਲੀ ਸੀ ਅਤੇ ਉਸ ਦੀ ਮੌਤ 1935 ਤੋਂ ਪਹਿਲਾਂ ਹੋ ਗਈ ਸੀ ਜਿਸ ਉਪਰੰਤ ਲਲੂਪੀ ਦੇ ਇਹ ਦੋਵੇਂ ਪੁੱਤਰ ਅਪਣੀ ਮਾਂ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨਾਲ ਏਰੀਜ਼ੋਨਾ (ਯੂ.ਐਸ.ਏ.) ਵਿਖੇ ਚਲੇ ਗਏ ਸਨ। ਪ੍ਰੋ: ਸਿਕੰਦਰ ਸਿੰਘ ਨੇ ਕਿਹਾ ਕਿ ਬਿਰਧ ਅਵਸਥਾ ਨੂੰ ਪਹੁੰਚ  ਚੁੱਕੇ  ਊਧਮ ਸਿੰਘ ਦੇ ਦੋਹਾਂ ਪੁੱਤਰਾਂ ਦਾ ਅਮਰੀਕਾ ਵਿਚ ਹੀ ਹੋਣ ਦਾ ਪਤਾ ਲੱਗਾ ਹੈ ਅਤੇ ਉਹ ਉਨ੍ਹਾਂ ਨਾਲ ਸੰਪਰਕ ਬਣਾਉਣ ਲਈ ਯਤਨਸ਼ੀਲ ਹੈ। ਉਸ ਨੇ ਦਸਿਆ ਕਿ ਸ਼ਹੀਦ ਊਧਮ ਸਿੰਘ ਦੇ ਸਮੁੱਚੇ ਜੀਵਨ ਪ੍ਰਤੀ ਫ਼ਿਲਹਾਲ ਹੋਰ ਬਹੁਤ ਕੁੱਝ ਲਿਖਣਾ ਬਾਕੀ ਹੈ ਅਤੇ ਇਸ ਖੋਜ ਦਾ ਸਿਲਸਿਲਾ ਜਾਰੀ ਹੈ ਜਿਸ ਦੀ ਸੰਪੂਰਨਤਾ ਉਪਰੰਤ ਕਈ ਹੋਰ ਜਾਣਕਾਰੀਆਂ ਲੋਕਾਂ ਸਾਹਮਣੇ ਰਖੀਆਂ ਜਾਣਗੀਆਂ।
ਸੋ ਉਪਰੋਕਤ ਖੋਜ ਭਰਪੂਰ ਇਤਿਹਾਸ ਤੋਂ ਸਾਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਧਰਮਨਿਰੱਪਖ ਇਨਸਾਨ, ਅਟਲ ਇਰਾਦੇ ਅਤੇ ਦ੍ਰਿੜ ਵਿਸ਼ਵਾਸ ਵਾਲਾ ਦੇਸ਼ਭਗਤ ਸੀ ਜੋ ਅਪਣੇ ਨਿੱਜ ਨਾਲੋਂ ਦੇਸ਼ ਕੌਮ ਦੇ ਹਿਤਾਂ ਨੂੰ ਜ਼ਿਆਦਾ ਉੱਤਮ ਸਮਝਦਾ ਸੀ। ਇਸੇ ਲਈ ਉਸ ਨੇ ਅਪਣੇ ਇਕ ਬਿਆਨ ਵਿਚ ਕਿਹਾ ਸੀ:- ''ਮੇਰੀ ਜਵਾਨੀ ਮੇਰੇ ਦੇਸ਼ ਦੀ ਮਿੱਟੀ ਤੇ ਉਸ ਦੇ ਅੰਨ-ਜਲ ਤੋਂ ਹੀ ਬਣੀ ਹੈ ਜੋ ਮੇਰੇ ਦੇਸ਼ ਦੀ ਅਮਾਨਤ ਹੈ। ਮੈਂ ਅਪਣੀ ਜਵਾਨੀ ਨੂੰ ਬਚਾ ਕੇ ਰੱਖਣ ਲਈ ਅਪਣੇ ਦੇਸ਼ ਵਾਸੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਮੇਰਾ ਖ਼ੂਨ ਭਾਰਤ ਵਾਸੀਆਂ ਨੂੰ ਇਨਕਲਾਬ ਲਈ ਪ੍ਰੇਰਦਾ ਰਹੇਗਾ ਅਤੇ ਅੰਗਰੇਜ਼ ਸਾਮਰਾਜ ਦੀ ਕਬਰ ਉੱਤੇ ਆਜ਼ਾਦ ਭਾਰਤ ਦਾ ਝੰਡਾ ਗੱਡੇਗਾ।''
ਇਹ ਵੀ ਵਿਸ਼ੇਸ਼ ਵਿਚਾਰ ਦਾ ਵਿਸ਼ਾ ਹੈ ਕਿ ਇਕ ਸਾਧਾਰਣ ਪ੍ਰਵਾਰ ਵਿਚ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਸ਼ਹਿਰ ਵਿਚ ਜਨਮ ਲੈਣ ਵਾਲੇ ਊਧਮ ਸਿੰਘ ਨੂੰ ਤਾਂ ਸ਼ਹੀਦ ਭਗਤ ਸਿੰਘ ਦੀ ਤਰ੍ਹਾਂ ਕ੍ਰਾਂਤੀਕਾਰੀ ਚਾਚਾ ਅਜੀਤ ਸਿੰਘ ਦੀ ਗੁੜ੍ਹਤੀ ਨਹੀਂ ਮਿਲੀ ਸੀ ਅਤੇ ਨਾ ਹੀ ਦੇਸ਼ਭਗਤ ਪਿਤਾ ਕਿਸ਼ਨ ਸਿੰਘ ਤੋਂ ਇਨਕਲਾਬੀ ਤਜਰਬਾ ਮਿਲਿਆ ਸੀ ਸਗੋਂ ਊਧਮ ਸਿੰਘ ਦੇ ਤਾਂ 5-7 ਸਾਲ ਦੀ ਉਮਰ ਵਿਚ ਮਾਤਾ ਨਾਰਾਇਣ ਕੌਰ ਤੇ ਪਿਤਾ ਟਹਿਲ ਸਿੰਘ ਦਾ ਦਿਹਾਂਤ ਤੇ ਫਿਰ 1916 ਵਿਚ ਵੱਡੇ ਭਰਾ ਸਾਧੂ ਸਿੰਘ ਦਾ ਦਿਹਾਂਤ ਹੋਣ ਕਾਰਨ ਊਧਮ ਸਿੰਘ  ਪੂਰਨ ਤੌਰ ਤੇ ਯਤੀਮ ਹੋ ਗਿਆ ਸੀ ਅਤੇ ਉਹ ਸੈਂਟਰਲ ਖ਼ਾਲਸਾ ਯਤੀਮਖਾਨਾ ਅੰਮ੍ਰਿਤਸਰ ਵਿਖੇ ਹੀ ਪਲਿਆ ਤੇ ਪੜ੍ਹਿਆ ਸੀ। ਪਰ ਉਨ੍ਹਾਂ ਨੇ ਬਿਲਕੁਲ ਹੌਸਲਾ ਨਾ ਛਡਿਆ ਅਤੇ 13 ਅਪ੍ਰ੍ਰੈਲ 1919 ਨੂੰ ਅੱਖੀਂ ਡਿੱਠੇ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ ਬੇਦੋਸ਼ੇ ਭਾਰਤੀ ਵਾਸੀ ਸ਼ਹੀਦਾਂ ਦੀ ਲਹੂ ਭਿੱਜੀ ਮਿੱਟੀ ਦੀ ਕਸਮ ਖਾ ਕੇ ਜੋ ਇਸ ਜ਼ੁਲਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ ਉਸ ਵਿਚ ਵੀ ਅਪਣੇ ਯਤੀਮਪੁਣੇ ਨੂੰ ਊਧਮ ਸਿੰਘ ਨੇ ਰੋੜਾ ਨਹੀਂ ਬਣਨ ਦਿਤਾ। ਇਸ ਸਹੁੰ ਦੀ ਪੂਰਤੀ ਲਈ ਵਿਦੇਸ਼ਾਂ ਵਿਚ ਵੱਖ-ਵੱਖ ਪੜਾਵਾਂ ਰਾਹੀਂ ਸੰਘਰਸ਼ ਕਰਦੇ ਹੋਏ ਆਖ਼ਰ 21 ਸਾਲਾਂ ਬਾਅਦ 13 ਮਾਰਚ 1940 ਨੂੰ ਇਸ ਖ਼ੂਨੀ ਕਾਂਡ ਦੇ ਮੁੱਖ ਦੋਸ਼ੀ ਮਾਈਕਲ ਓਡਵਾਈਰ ਨੂੰ ਮਾਰ ਮੁਕਾਇਆ ਸੀ ਜਿਸ ਦੀ ਸਜ਼ਾ ਵਜੋਂ ਹੋਈ ਫਾਂਸੀ ਉਪਰੰਤ 31 ਜੁਲਾਈ 1940 ਨੂੰ ਇਹ ਮਹਾਨ ਯੋਧਾ ਫਾਂਸੀ ਤੇ ਤਖਤੇ ਤੇ ਸ਼ਹੀਦੀ ਜਾਮ ਪੀ ਗਿਆ।
ਇਥੇ ਇਹ ਵੀ ਵਿਚਾਰਨ ਦਾ ਵਿਸ਼ਾ ਹੈ ਕਿ ਊਧਮ ਸਿੰਘ ਦੇ ਨਾਲ ਯਤੀਮਖਾਨੇ ਦੇ ਹੋਰ ਮੁੰਡਿਆਂ ਦੀ ਡਿਊਟੀ ਵੀ ਜਲ੍ਹਿਆਂ ਵਾਲਾ ਬਾਗ਼ ਵਿਚ ਪਾਣੀ ਪਿਲਾਉਣ ਤੇ ਲੱਗੀ ਹੋਈ ਸੀ। ਪਰ ਸਿਰਫ਼ ਊਧਮ ਸਿੰਘ ਦੇ ਮਨ ਵਿਚ ਹੀ ਇਹ ਕ੍ਰਾਂਤੀ ਦੀ ਲਹਿਰ ਕਿਉਂ ਪੈਦਾ ਹੋਈ ਜਿਸ ਕਾਰਨ ਉਸ ਨੇ ਅਪਣੇ ਦੇਸ਼ ਲਈ ਏਤਨੀ ਵੱਡੀ ਕੁਰਬਾਨੀ ਦੇ ਦਿਤੀ? ਇਨ੍ਹਾਂ ਦੋਹਾਂ ਤੱਥਾਂ ਨੂੰ ਵਾਚਦੇ ਹੋਏ ਅਸੀ ਊਧਮ ਸਿੰਘ ਨੂੰ ਭਾਰਤ ਦੇ ਅਜ਼ਾਦੀ ਸੰਗਰਾਮ ਦੀਆਂ ਸ਼ਹਾਦਤਾਂ ਦਾ ਮਹਾਂਨਾਇਕ ਵੀ ਕਹਿ ਸਕਦੇ ਹਾਂ। ਇੰਜ ਲਗਦਾ ਹੈ ਕਿ ਸ਼ਹੀਦ ਊਧਮ ਸਿੰਘ ਦੀ ਰੂਹ ਸਾਨੂੰ ਅੱਜ ਵੀ ਕਹਿ ਰਹੀ ਹੈ ਕਿ 'ਐ ਮੇਰੇ ਦੇਸ਼ਵਾਸੀਉ ਮੈਂ ਦੇਸ਼ ਲਈ ਕੁਰਬਾਨ ਹੋ ਕੇ ਤੁਹਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ ਮੇਰਾ ਜੀਵਨ ਤਾਂ ਮੇਰੇ ਦੇਸ਼ ਦੀ ਅਮਾਨਤ ਸੀ ਜੋ ਲੇਖੇ ਲਾਉਣ ਵਿਚ ਮੈਂ ਸਫ਼ਲ ਹੋਇਆ ਹਾਂ।' ਜਿਵੇਂ ਕਿ:-
ਜੋ ਸਰ ਵਤਨ ਕਾ ਉਧਾਰ ਥਾ,
ਵੋ ਸਰ ਵਤਨ ਪੇ ਨਿਸਾਰ ਹੈ।
ਸੋ ਸਾਡੇ ਮਹਾਨ ਸ਼ਹੀਦਾਂ ਵਲੋਂ ਦਿਵਾਈ ਆਜ਼ਾਦੀ ਦੀਆਂ ਖੁਲ੍ਹੀਆਂ ਫ਼ਿਜ਼ਾਵਾਂ ਦਾ ਅਨੰਦ ਮਾਣ ਰਹੇ ਅਤੇ ਭਾਰਤ ਉਪਰ ਰਾਜ ਕਰ ਰਹੇ ਸਾਡੇ ਉਹ ਹੁਕਮਰਾਨ ਜਿਨ੍ਹਾਂ ਕਾਰਨ ਸਾਡੇ ਦੇਸ਼ ਦਾ ਸਿਸਟਮ ਗੰਧਲਾ ਹੋ ਗਿਆ ਹੈ ਅਤੇ ਸਾਡੇ ਉਹ ਭਾਰਤ ਵਾਸੀ ਜੋ ਇਨ੍ਹਾਂ ਲੀਡਰਾਂ ਦੇ ਹਮਾਇਤੀ ਹਨ, ਇਹ ਸੱਭ ਅੱਜ ਅਪਣਾ ਆਤਮਮੰਥਨ ਕਰਨ ਦੀ ਕੋਸ਼ਿਸ਼ ਕਰਨ। ਇਹੋ ਹੀ ਊਧਮ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸੰਪਰਕ : 99155-21037

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement