ਸ਼ਰਧਾ ਦਾ ਸ਼ੁਦਾਅ (ਭਾਗ 2)
Published : Jun 2, 2018, 10:35 pm IST
Updated : Jun 2, 2018, 10:45 pm IST
SHARE ARTICLE
Amin Malik
Amin Malik

ਲੰਦਨ ਵਿਚ ਮੇਰਾ ਨਿੱਕਾ ਸਾਲਾ ਇਕ ਦਿਨ ਹਫਿਆ ਸਹਿਮਿਆ ਅਤੇ ਡਰਿਆ ਹੋਇਆ ਮੇਰੇ ਘਰ ਆਇਆ ਤੇ ਆਖਣ ਲਗਾ, ''ਅਮੀਨ ਸਾਹਬ, ਅੱਜ ਮੈਨੂੰ ਰੱਬ ਨੇ ਹੀ ਰਖ ਗਿਆ ਜੇ।...

ਲੰਦਨ ਵਿਚ ਮੇਰਾ ਨਿੱਕਾ ਸਾਲਾ ਇਕ ਦਿਨ ਹਫਿਆ ਸਹਿਮਿਆ ਅਤੇ ਡਰਿਆ ਹੋਇਆ ਮੇਰੇ ਘਰ ਆਇਆ ਤੇ ਆਖਣ ਲਗਾ, ''ਅਮੀਨ ਸਾਹਬ, ਅੱਜ ਮੈਨੂੰ ਰੱਬ ਨੇ ਹੀ ਰਖ ਗਿਆ ਜੇ।'' ਮੈਂ ਦਿਲ ਵਿਚ ਸੋਚਿਆ, ਰੱਬ ਨੇ ਗ਼ਲਤੀ ਹੀ ਕੀਤੀ ਹੈ ਜਿਹੜਾ ਇੰਜ ਦੇ ਊਤ ਨੂੰ ਛੱਡ ਗਿਆ ਹੈ, ਕੀ ਥੁੜਿਆ ਸੀ ਦੁਨੀਆਂ ਦਾ ਇਸ ਤੋਂ ਬਗ਼ੈਰ? ਪਰ ਮੈਂ ਝੂਠੀ ਘਬਰਾਹਟ ਮੂੰਹ ਉਤੇ ਵਿਛਾ ਕੇ ਪੁਛਿਆ, ''ਕਿਉਂ ਯਾਰ ਰਿਆਜ਼, ਕੀ ਹੋ ਗਿਆ ਸੀ?''

ਆਖਣ ਲੱਗਾ, ''ਭਾਅ ਜੀ ਮੈਂ ਅਪਣੇ ਕਮਰੇ ਵਿਚ ਇਕੱਲਾ ਹੀ ਬੈਠਾ ਟੀ.ਵੀ. ਵੇਖ ਰਿਹਾ ਸਾਂ ਤੇ ਅਚਾਨਕ ਛੱਤ ਦਾ ਇਕ ਵੱਡਾ ਸਾਰਾ ਹਿੱਸਾ ਡਿੱਗ ਪਿਆ। ਸ਼ੁਕਰ ਹੈ ਮੇਰੇ ਤੋਂ ਇਕ ਗਜ਼ ਪਰੇ ਡਿੱਗਾ ਤੇ ਮੈਂ ਮਸਾਂ ਹੀ ਬਚਿਆ ਜੇ।'' ਮੈਂ ਦਿਲ ਵਿਚ ਆਖਿਆ, ਛੱਤ ਨੇ ਵੀ ਬੁਰਾ ਹੀ ਕੀਤਾ ਜਿਹੜੀ ਪਰਾਂ ਹੋ ਕੇ ਡਿੱਗੀ... ਕਿੰਨਾ ਚੰਗਾ ਕਰਦੀ ਜੇ ਰਿਆਜ਼ ਦਾ ਤਾਲੂ ਸੇਕਦੀ ਤੇ ਇਸ ਤਰ੍ਹਾਂ ਇਕ ਬੋਤਲ ਪੀ ਕੇ ਸੋਹਲਿਆ ਫੇਰਨ ਵਾਲੇ ਹੱਥੋਂ ਬੀਵੀ ਤਾਂ ਬਚ ਜਾਂਦੀ।

ਫਿਰ ਹੱਥ ਜੋੜ ਕੇ ਅਸਮਾਨ ਵਲ ਵੇਖਦੇ ਹੋਏ ਕਹਿਣ ਲੱਗਾ, ''ਭਾਅ ਜੀ, ਕੁੱਝ ਰੱਬ ਦੇ ਨਾਂ ਦਾ ਦਿਤਾ ਹੀ ਕੰਮ ਆ ਗਿਆ ਜੇ।'' ਮੈਂ ਕਿਹਾ, ''ਬਿਲਕੁਲ ਰਿਆਜ਼, ਤੂੰ ਸੱਚ ਆਖਿਆ ਏ, ਮੇਰੇ ਖ਼ਿਆਲ ਵਿਚ ਨੂੰ ਹੱਥੋਂ ਤੇ ਕੁੱਝ ਨਹੀਂ ਦਿਤਾ ਪਰ ਮੂੰਹ ਨਾਲ ਦਾਰੂ ਪੀ ਕੇ ਬੀਵੀ ਨੂੰ ਰੱਬ ਵਾਸਤੇ ਬੜੀਆਂ ਗਾਲ੍ਹਾਂ ਦਿਤੀਆਂ ਨੇ।'' ਰਿਆਜ਼ ਫਿਰ ਬੋਲਿਆ, ''ਅਮੀਨ ਸਾਹਬ, ਮੇਰੇ ਬਾਲ ਬੱਚੇ ਤਾਂ ਪਾਕਿਸਤਾਨ ਗਏ ਹੋਏ ਨੇ ਪਰ ਮੈਂ ਛੇਤੀ ਨਾਲ ਸ਼ੁਕਰਾਨੇ ਵਜੋਂ ਇਕ ਆਂਡਾ ਸੜਕ ਦੇ ਚੌਂਕ ਵਿਚ ਤੋੜ ਆਇਆ ਹਾਂ।

ਹੁਣ ਤੁਹਾਨੂੰ ਪੁੱਛਣ ਆਇਆ ਹਾਂ ਕਿ ਇਕ ਕਾਲਾ ਕੁੱਕੜ ਛੁਰੀ ਫੇਰ ਕੇ ਕਿਸੇ ਚੌਕ ਵਿਚ ਨਾ ਸੁਟ ਆਵਾਂ?'' ਮੈਨੂੰ ਪਤਾ ਲੱਗ ਗਿਆ ਕਿ ਇਸ ਵੇਲੇ ਅੰਨ੍ਹੀ ਸ਼ਰਧਾ ਦਾ ਸ਼ੁਦਾਅ ਪੂਰੇ ਜੋਬਨ ਉਤੇ ਹੈ। ਮੈਂ ਹਾਸੇ ਨੂੰ ਸੰਜੀਦਗੀ ਦੀ ਮੁੱਠ ਵਿਚ ਘੁੱਟ ਕੇ ਸੋਚਿਆ ਕਿ ਰਿਆਜ਼ ਸਾਹਬ ਇਕ ਚੌਕ ਨੂੰ ਸਵੇਰੇ ਆਂਡੇ ਦਾ ਨਾਸ਼ਤਾ ਤੇ ਕਰਵਾ ਆਏ ਨੇ ਤੇ ਹੁਣ ਕਿਸੇ ਚੌਕ ਨੂੰ ਰਾਤ ਦਾ ਡਿਨਰ ਦੇਣ ਲੱਗੇ ਨੇ।

ਮੈਂ ਕਿਹਾ, ''ਰਿਆਜ਼ ਸਾਹਬ, ਤੁਸਾਂ ਅਪਣੀ ਜਾਨ ਤੋਂ ਆਂਡਾ ਕੁਰਬਾਨ ਕਰ ਦਿਤੈ। ਇਸ ਤੋਂ ਵੱਧ ਕੀ ਕਰਨਾ ਜੇ।'' ਉਹ ਆਖਣ ਲਗਾ, ''ਨਹੀਂ-ਨਹੀਂ, ਭਾਅ ਜੀ, ਇਕ ਕੁੱਕੜ ਦੀ ਕੁਰਬਾਨੀ ਜ਼ਰੂਰੀ ਹੈ।'' ਮੈਂ ਤਾਂ ਆਂਡਾ ਹਰਾਮ ਕਰਨ ਤੇ ਹੀ ਅਫ਼ਸੋਸ ਕਰ ਰਿਹਾ ਸਾਂ, ਹੁਣ ਕੁੱਕੜ ਦੀ ਬਰਬਾਦੀ ਬਰਦਾਸ਼ਤ ਨਹੀਂ ਸੀ ਹੋ ਰਹੀ। ਮੈਂ ਆਖਿਆ, ''ਰਿਆਜ਼, ਰੱਬ ਨੇ ਤੇਰੀ ਜਾਨ ਬਖ਼ਸ਼ ਦਿਤੀ ਏ ਤੇ ਕੁੱਕੜ ਦੀ ਜਾਨ ਕਿਉਂ ਗਵਾਣ ਲੱਗੈਂ?

ਨਾਲੇ ਇਸ ਮੁਲਕ ਵਿਚ ਤਾਂ ਸੜਕ ਉਤੇ ਨੱਕ ਵੀ ਸੁਣਕ ਦਈਏ ਤਾਂ ਪੁਲਿਸ ਫੜ ਲੈਂਦੀ ਏ, ਤੂੰ ਕੁੱਕੜ ਸੁੱਟ ਕੇ ਸਿੱਧਾ ਜੇਲ ਵਿਚ ਜਾਣ ਵਾਲੀ ਗੱਲ ਨਾ ਕਰੀਂ। ਨਾਲੇ ਅਜਕਲ ਮੁਸਲਮਾਨਾਂ ਉਤੇ ਉਂਜ ਵੀ ਕਹਿਰ ਵਰਤਿਆ ਪਿਐ ਤੇ ਕੁੱਕੜ ਦਾ ਲਹੂ ਵੇਖ ਕੇ ਪੁਲਿਸ ਨੇ ਆਖਣੈ ਕਿ ਤੂੰ ਦਹਿਸ਼ਤਗਰਦ ਏਂ ਤੇ ਕੁੱਕੜ ਤੋਂ ਬੰਦੇ ਮਾਰਨ ਦੀ ਜਾਚ ਸਿਖ ਰਿਹੈਂ।'' ਅੰਦਰੋਂ ਮੇਰਾ ਜੀ ਕਰਦਾ ਸੀ ਕਿ ਜਿਊਂਦਾ ਕੁੱਕੜ ਮੈਨੂੰ ਲੱਭ ਜਾਵੇ ਤੇ ਰਾਤ ਦੀ ਹਾਂਡੀ ਬਣ ਜਾਏ।

ਪਰ ਸ੍ਰੀਮਤੀ ਜਨਾਬਾ ਸ਼ਰਧਾ ਦਾ ਹੁਕਮ ਸੀ ਕਿ ਰਿਆਜ਼ ਅਪਣੇ ਹੱਥ ਨਾਲ ਛੁਰੀ ਫੇਰ ਕੇ ਚੌਕ ਵਿਚ ਸੁੱਟੇ। ਰਿਆਜ਼ ਨੇ ਕਿਹਾ, ''ਅਮੀਨ ਸਾਹਬ, ਮੈਂ ਅੱਧੀ ਰਾਤ ਨੂੰ ਵੇਖ ਚਾਖ ਕੇ ਦੂਰੋਂ ਹੀ ਸੁਟ ਕੇ ਦੌੜ ਜਾਵਾਂਗਾ...।'' ਇਥੇ ਇਹ ਗੱਲ ਗਹੁ ਕਰਨ ਵਾਲੀ ਹੈ ਕਿ ਅੰਨ੍ਹੀ ਸ਼ਰਧਾ ਤੋਂ ਆਂਡੇ ਕੁੱਕੜ ਹਰਾਮ ਕਰਨ ਵਾਲਾ ਰਿਆਜ਼ ਚਾਲ੍ਹੀ ਵਰ੍ਹੇ ਪਹਿਲਾਂ ਵਜ਼ੀਰਆਬਾਦ ਤੋਂ ਆਇਆ ਰਿਆਜ਼ ਅਜੇ ਬੱਚਾ ਹੀ ਸੀ ਤੇ ਕੁੱਝ ਚਿਰ ਇਥੇ ਸਕੂਲ ਵਿਚ ਵੀ ਪੜ੍ਹਦਾ ਰਿਹਾ ਹੈ।

ਪਰ ਉਹੀ ਗੱਲ 'ਮੂਰਖ ਨੂੰ ਮੱਤ ਨਸੀਹਤ ਤੇ ਪੱਥਰ ਨੂੰ ਕੀ ਪਾਲਾ, ਕਾਲੇ ਨੂੰ ਸੌ ਰੰਗ ਚੜ੍ਹਾਉ, ਫਿਰ ਕਾਲੇ ਦਾ ਕਾਲਾ'। ਜਾਂ ਉਰਦੂ ਵਿਚ ਇਕ ਸ਼ਿਅਰ ਹੈ 'ਇਲਮ ਸੇ ਜਾਹਿਲ ਕੀ ਜਹਾਲਤ ਨਹੀਂ ਜਾਤੀ, ਲਫਜ਼ ਨਾਦਾਨ ਕੋ ਉਲਟਾ ਕੀਆ ਨਾਦਾਨ ਹੀ ਰਹਾ।' ਮਤਲਬ ਇਹ ਕਿ ਸ਼ਬਦ ਨਾਦਾਨ ਨੂੰ ਉਲਟਾ ਕਰ ਕੇ ਵੀ ਲਿਖੋ ਤਾਂ ਨਾਦਾਨ ਹੀ ਲਿਖਿਆ ਮਿਲੇਗਾ।

ਇਹ ਨਿੱਕੀ ਜਿਹੀ ਗੱਲ ਦੱਸ ਕੇ ਮੈਂ ਸ਼ਰਧਾ ਦੇ ਸ਼ੁਦਾਅ ਦੀ ਪੌੜੀ ਦੇ ਪਹਿਲੇ ਡੰਡੇ ਉਤੇ ਹੀ ਪੈਰ ਰਖਿਆ ਹੈ। ਹੌਲੀ ਹੌਲੀ ਜਦੋਂ ਇਹ ਸ਼ੁਦਾਅ ਚੁਬਾਰੇ ਚੜ੍ਹਿਆ ਤਾਂ ਪਤਾ ਲੱਗੇਗਾ ਇਸ ਦੀ ਬਰਬਾਦੀ ਦਾ ਖਲਾਰ ਕਿਥੋਂ ਤੀਕ ਜਾਂਦਾ ਹੈ? ਤਾਊਨ, ਹੈਜ਼ਾ ਅਤੇ ਗਰਕੀ ਜਿਹੀ ਬੀਮਾਰੀ ਦਾ ਇਲਾਜ ਤਾਂ ਹੋ ਸਕਦਾ ਹੈ ਪਰ ਇਸ ਤਬਾਹ ਕਰਨ ਵਾਲੇ ਮਰਜ਼ ਦਾ ਹੁਣ ਕੋਈ ਦਾਰੂ ਨਹੀਂ। ਕਈ ਸ਼ੁਦਾਅ ਤਾਂ ਸਾਨੂੰ ਵਿਰਸੇ ਵਿਚ ਮਿਲੇ, ਯਾਨੀ ਜੋ ਦਾਦੇ ਪੜਦਾਦੇ ਕਰਦੇ ਆਏ ਉਹੀ ਕਰੀ ਜਾ ਰਹੇ ਆਂ।

ਰਿਆਜ਼ ਨੂੰ ਆਂਡਾ ਕੁੱਕੜ ਬਰਬਾਦ ਕਰਨ ਵਾਲਾ ਸ਼ੁਦਾਅ ਉਸ ਦੀ ਮਾਂ ਕੋਲੋਂ ਮਿਲਿਆ ਸੀ। ਕੁੱਝ ਸਾਡੇ ਮੁੱਲਾਂ ਮਲਾਣੇ, ਪੀਰ ਪੰਡਤਾਂ ਅਤੇ ਬਾਬਿਆਂ ਨੇ ਅਪਣਾ ਰੋਟੀ ਟੁਕ ਸਿੱਧਾ ਕਰਨ ਲਈ ਇਹ ਹੈਜ਼ਾ ਬਖ਼ਸ਼ਿਆ। ਇਸ ਤੋਂ ਉਤੇ ਜਾਈਏ ਤਾਂ ਸਿਆਸਤ ਨੇ ਇਸ ਸ਼ੁਦਾਅ ਦਾ ਹਥਿਆਰ ਆਲਮੀ ਪੱਧਰ ਤੇ ਵਰਤਿਆ। ਮਸਲਨ ਮੁੱਲਾਂ ਮੁਲਾਣਿਆਂ ਨੂੰ ਮਾਲ ਪਾਣੀ ਦੇ ਕੇ ਆਖਿਆ ਕਿ ਧਰਮ ਦੇ ਨਾਂ ਤੇ ਸ਼ੁਦਾਈ ਤਿਆਰ ਕਰੋ ਜੋ ਤਾਲਿਬਾਨ ਜਾਂ ਲਸ਼ਕਰਾਂ ਦੇ ਨਾਂ ਤੇ ਕਤਲੋਗ਼ਾਰਤ ਦਾ ਬਾਜ਼ਾਰ ਗਰਮ ਕਰ ਕੇ ਹਕੂਮਤਾਂ ਵਿਚ ਹਲਚਲ ਮਚਾ ਕੇ ਸਿਆਸੀ ਫ਼ਾਇਦੇ ਹਾਸਲ ਕੀਤੇ ਜਾਣ।

ਕਿਸੇ ਨੂੰ ਆਖਿਆ ਗਿਆ ਕਿ ਇਥੇ ਸਾਡੇ ਧਰਮ ਨੂੰ ਢਾਹ ਲਾ ਕੇ ਮਸੀਤ ਦੀ ਥਾਂ ਮੰਦਰ ਜਾਂ ਗੁਰਦਵਾਰਾ ਬਣਾਇਆ ਗਿਆ ਹੈ ਜਿਥੇ ਰਹੀਮ ਦੀ ਥਾਂ ਰਾਮ ਦਾ ਨਾਂ ਚਾਲੂ ਕੀਤਾ ਜਾਣੈ। ਸੱਚ ਤਾਂ ਇਹ ਹੈ ਕਿ ਉਹੀ ਰਾਮ ਤੇ ਉਹੀ ਰਹੀਮ ਹੈ। ਉਹੀ ਅੱਲਾਹ ਅਤੇ ਉਹੀ ਭਗਵਾਨ ਹੈ। ਰੋਟੀ ਛਾਬੀ ਵਿਚ ਰੱਖੋ ਭਾਵੇਂ ਚਾਂਦੀ ਦੇ ਥਾਲ ਵਿਚ, ਰੋਟੀ ਰੋਟੀ ਹੀ ਰਹਿੰਦੀ ਹੈ। ਮੇਰੇ ਪੰਜਾਬ ਦੇ ਸ਼ਾਇਰ ਸਾਹਰ ਲੁਧਿਆਣਵੀ ਨੂੰ ਕਿਸੇ ਨੇ ਗਿਲਾ ਕਰਦੇ ਹੋਏ ਦਸਿਆ ਕਿ ਵੰਡ ਪਿਛੋਂ ਲੋਕਾਂ ਨੇ ਮਸਜਿਦ ਦੀ ਥਾਂ ਗੁਰਦਵਾਰਾ ਬਣਾ ਲਿਆ ਹੈ।

ਸਾਹਰ ਨੇ ਆਖਿਆ, ''ਇਹ ਤਾਂ ਬਹੁਤ ਹੀ ਚੰਗਾ ਹੋਇਆ ਕਿ ਉਥੇ ਰੱਬ ਦਾ ਹੀ ਨਾਂ ਲਿਆ ਜਾਂਦੈ। ਕਿਸੇ ਨੇ ਡੰਗਰ ਨਹੀਂ ਬੰਨ੍ਹ ਲਏ।'' ਲਿਹਾਜ਼ਾ ਸ਼ਰਧਾ ਦੇ ਧਰਮੀ ਸ਼ੁਦਾਅ ਨੂੰ ਤਲਵਾਰ ਬਣਾ ਕੇ ਸਿਆਸੀ ਮੁਫ਼ਾਦ ਅਤੇ ਮਕਸਦ ਹਾਸਲ ਕਰਨ ਦਾ ਹਥਿਆਰ ਹੈ। ਜਿਵੇਂ ਤਾਲਿਬਾਨ ਆਖਦੇ ਨੇ, ''ਸਾਡੇ ਸਿਵਾ ਸੱਭ ਕਾਫ਼ਿਰ ਨੇ। ਲਾਹੀ ਆਉ ਸੱਭ ਦੇ ਗਾਟੇ।'' ਕਦੇ ਇਹ ਸ਼ੁਦਾਅ ਨਿੱਕੇ ਨਿੱਕੇ ਕੋਠਿਆਂ ਤੀਕ ਹੀ ਅਪੜਿਆ ਸੀ ਪਰ ਹੁਣ ਇਹ ਲੁੱਚਾ ਸੱਭ ਤੋਂ ਉੱਚਾ ਹੈ।

ਅੱਜ ਇਹ ਸ਼ੁਦਾਅ ਸਾਡੇ ਜਿਹੇ ਭੁੱਖੇ ਨੰਗੇ ਮੁਲਕਾਂ ਦੇ ਅਮੀਰਾਂ ਵਜ਼ੀਰਾਂ ਦੇ ਮਹਿਲਾਂ ਵਿਚੋਂ ਨਿਕਲ ਕੇ ਵਾਈਟ ਹਾਊਸ ਦਾ ਵੀ ਖ਼ਾਸ ਮਹਿਮਾਨ ਬਣ ਬੈਠਾ ਹੈ। ਇਸ ਮਹਿਮਾਨ ਨੇ ਹੀ ਗਿਆਰਾਂ ਵਰ੍ਹੇ ਇਰਾਨ ਇਰਾਕ ਦੀ ਜੰਗ ਲਵਾਈ ਰੱਖੀ ਸੀ। ਵਾਈਟ ਹਾਊਸ ਵਿਚ ਮਹਿਮਾਨ ਦੀ ਬੰਦੂਕ ਦਾ ਘੋੜਾ ਦਬਾਇਆ ਜਾਂਦਾ ਹੈ ਕਿ ਫਲਾਣੀ ਥਾਂ ਜਾ ਕੇ ਵੱਜ।ਵੇਖ ਲਵੋ! ਇਸ ਸ਼ਰਧਾ ਦੇ ਸ਼ੁਦਾਅ ਦੀ ਤਰੱਕੀ ਕਿ ਇਕ ਚੌਕ ਵਿਚ ਆਂਡਾ ਭੰਨਣ ਤੋਂ ਲੈ ਕੇ ਵਾਈਟ ਹਾਊਸ ਤਕ ਰਾਜ ਕਰਨ ਲੱਗ ਪਿਆ ਹੈ।

ਬਸ ਸ਼ੁਦਾਈ ਜਿਊਂਦੇ ਰਹਿਣ ਜਿਹੜੇ ਭੰਗ ਰੰਗੀ ਸ਼ੁਦਾਅ ਦੀ ਸ਼ਰਦਾਈ ਹੱਸ ਕੇ ਪੀਂਦੇ ਨੇ ਤੇ ਫਿਰ ਅਕਲਮੰਦਾਂ ਦੀ ਮੌਜ ਹੀ ਮੌਜ ਹੈ। ਮੈਂ ਥੋੜੀ ਜਿਹੀ ਕੋਸ਼ਿਸ਼ ਕਰਦਾ ਤਾਂ ਰਿਆਜ਼ ਦਾ ਕੁੱਕੜ ਮੇਰੀ ਹਾਂਡੀ ਵਿਚ ਪੱਕ ਸਕਦਾ ਸੀ।ਅਪਣੇ ਨਾਲ ਨਿੱਕੇ-ਨਿੱਕੇ ਤਿੰਨ ਬੱਚੇ ਲੈ ਕੇ ਇਕ ਦਿਨ ਬੜੀ ਦੁਖੀ ਜਿਹੀ ਇਕ ਔਰਤ ਮੇਰੇ ਘਰ ਆਣ ਵੜੀ ਤੇ ਆਖਣ ਲਗੀ, ''ਅਮੀਨ ਸਾਹਬ, ਤੁਸੀ ਇਸ ਇਲਾਕੇ ਵਿਚ ਬੜੇ ਜਾਣੇ ਪਛਾਣੇ ਜਾਂਦੇ ਹੋ।

ਸ਼ਾਇਰੀ ਸੁਣਾਉਂਦੇ ਤੇ ਕਿਤਾਬਾਂ ਵੀ ਲਿਖਦੇ ਹੋ, ਮੇਰੇ ਉਤੇ ਇਕ ਰਹਿਮ ਕਰੋ ਕਿ ਮੇਰੇ ਬੱਚਿਆਂ ਨੂੰ ਭੁੱਖੇ ਮਰਨੋਂ ਬਚਾ ਕੇ ਮੇਰਾ ਘਰ ਬਚਾ ਲਵੋ।'' ਗੱਲ ਤਾਂ ਉਸ ਬੀਬੀ ਦੀ ਬੜੀ ਅਨੋਖੀ ਜਿਹੀ ਸੀ ਕਿਉਂਕਿ ਮੇਰੀ ਸ਼ਾਇਰੀ ਜਾਂ ਕਿਤਾਬਾਂ ਨਾਲ ਉਸ ਦੇ ਬੱਚਿਆਂ ਦੀ ਭੁੱਖ ਦਾ ਕੀ ਸਬੰਧ ਹੈ? ਕਿਤਾਬਾਂ ਲਿਖਣ ਵਾਲੇ ਸ਼ਾਇਰ ਤਾਂ ਆਪ ਭੁੱਖ ਦੇ ਢੇਕੇ ਲੈਂਦੇ ਫਿਰਦੇ ਨੇ। ਪਰ ਉਸ ਦੀ ਬਿਪਤਾ ਉਤੇ ਮੈਨੂੰ ਧਿਆਨ ਦੇਣਾ ਹੀ ਪਿਆ।

ਮੈਂ ਕਥਾ ਪੁੱਛੀ ਤੇ ਉਸ ਨੇ ਦਸਿਆ, ''ਮੇਰਾ ਖ਼ਾਵੰਦ ਕੰਮਕਾਰ ਕੋਈ ਨਹੀਂ ਕਰਦਾ ਤੇ ਸਰਕਾਰੀ ਭੱਤੇ ਉਤੇ ਹੀ ਸਾਡਾ ਝੱਟ ਲੰਘਦੈ ਪਰ ਥੇਹ ਹੋ ਜਾਵੇ ਮੇਰੇ ਇਕ ਗੁਆਂਢੀ ਦਾ ਕਿ ਉਸ ਗ਼ਰਕੀ ਪੈਣੇ ਨੇ ਰੋਟੀ ਰੋਜ਼ੀ ਵਿਚ ਵਾਧੇ ਲਈ ਇਕ ਪੀਰ ਸਾਹਬ ਦੀ ਦੱਸ ਪਾ ਦਿਤੀ। ਉਹ ਪੀਰ ਕਮਾਲ ਸ਼ਾਹ ਮਸੀਤੇ ਨਮਾਜ਼ ਜਮੂਆ ਵੀ ਪੜ੍ਹਾਂਦੈ ਤੇ ਪੀਰੀ ਮੁਰੀਦੀ ਦੇ ਨਾਲ-ਨਾਲ ਤਵੀਤ ਧਾਗੇ ਵੀ ਕਰਦੈ।

ਸਾਡੇ ਲੇਖ ਸੜ ਗਏ ਕਿ ਮੇਰਾ ਖ਼ਾਵੰਦ ਉਸ ਦੇ ਅੱਡੇ ਚੜ੍ਹ ਗਿਆ। ਉਸ ਨੇ ਸਾਡੀ ਰੋਜ਼ੀ ਵਿਚ ਵਾਧਾ ਤਾਂ ਕੀ ਕਰਨਾ ਸੀ, ਉਲਟਾ ਮੇਰਾ ਖ਼ਾਵੰਦ ਚੱਤੇ ਪਹਿਰ ਮਸੀਤੇ ਵੜਿਆ ਰਹਿੰਦੈ। ਉਤੋਂ ਕਹਿਰ ਇਹ ਵਰਤਿਐ ਕਿ ਹਰ ਹਫ਼ਤੇ ਰੋਟੀ ਟੁਕ ਲਈ ਜਿਹੜਾ ਬੇਕਾਰੀ ਭੱਤਾ ਮਿਲਦੈ, ਉਹਦੇ ਵਿਚੋਂ ਵੀ ਬਹੁਤ ਸਾਰਾ ਗ਼ਰਕ ਪੈਣੇ ਪੀਰ ਦੀ ਨਜ਼ਰ ਨਿਆਜ਼ ਹੋ ਜਾਂਦੈ। ਤੁਸੀ ਮਿਹਰਬਾਨੀ ਕਰ ਕੇ ਮੇਰੇ ਖ਼ਾਵੰਦ ਨੂੰ ਕੋਈ ਅਕਲ ਮਤ ਦਿਉ, ਅਸੀ ਤਾਂ ਰੋਟੀਉਂ ਵੀ ਆਤਰ ਹੋ ਗਏ ਆਂ।''

ਮੈਂ ਆਖਿਆ, ''ਬੀਬੀ ਤੇਰਾ ਦੁਖੜਾ ਤਾਂ ਡਾਹਢੈ ਪਰ ਖ਼ਾਵੰਦ ਜਿਹਦੇ ਢਹੇ ਚੜ੍ਹ ਗਿਐ, ਉਹਦੇ ਤਵੀਤ ਗੰਢੇ ਜਾਂ ਹੱਥਕੰਡੇ ਮੇਰੇ ਸ਼ਿਅਰਾਂ ਕਿਤਾਬਾਂ ਨਾਲੋਂ ਉੱਚੇ ਨੇ। ਅਖੇ 'ਉਥੇ ਡਾਂਗ ਨਹੀਂ ਕਿਸੇ ਦੀ ਚਲਣੀ ਕਿ ਜਿਥੇ ਚੱਲੇ ਤੀਰ ਅੱਖ ਦਾ'। ਕਮਾਲ ਸ਼ਾਹ ਅਪਣੇ ਕਾਰੋਬਾਰ ਵਿਚ ਲੱਤ ਅੜਾਉਣ ਵਾਲੇ ਦੀਆਂ ਲੱਤਾਂ ਵੀ ਤੁੜਵਾ ਦੇਂਦੈ। ਤੇਰੀ ਭੁੱਖ ਦੂਰ ਕਰਦਾ-ਕਰਦਾ ਮੈਂ ਆਪ ਹੀ ਮੰਜੀ ਉਤੇ ਨਾ ਪੈ ਜਾਵਾਂ। ਉਹਦੇ ਪਾਲੇ ਹੋਏ ਡਸ਼ਕਰੇ ਬਾਲਕੇ ਤਾਂ ਬਦਮਾਸ਼ਾਂ ਦੇ ਵੀ ਸਿਰੇ ਨੇ।'' ਬੀਬੀ ਵਿਚਾਰੀ ਹੱਥ ਮਲਦੀ ਚਲੀ ਗਈ ਕਿਉਂਕਿ ਮੈਂ ਕਮਾਲ ਸ਼ਾਹ ਦੇ ਪੋਤੜਿਆਂ ਤੋਂ ਜਾਣੂ ਹਾਂ।

ਇਕ ਵੇਰਾਂ ਹੋਣੀ ਤਕਦੀਰ ਨੂੰ ਮਸੀਤੇ ਜੁੰਮਾ ਪੜ੍ਹਨ ਚਲਾ ਗਿਆ ਸਾਂ ਤੇ ਇੰਜ ਦੀਆਂ ਮੱਤਾਂ ਸੁਣੀਆਂ ਕਿ ਮੈਂ ਮਸੀਤਾਂ ਹੀ ਛੱਡ ਦਿਤੀਆਂ। ਉਸ ਦੀਆਂ ਦੋ ਚਾਰ ਗੱਲਾਂ ਵਨਗੀ ਲਈ ਸੁਣ ਲਵੋ। ਆਖ ਰਿਹਾ ਸੀ, ''ਉਏ ਮੇਰੇ ਮੁਰੀਦਾਂ ਨੂੰ ਕਾਹਦਾ ਗ਼ਮ, ਮੈਂ ਤਾਂ ਹੱਥ ਪਾ ਕੇ ਉਨ੍ਹਾਂ ਨੂੰ ਦੋਜ਼ਖ਼ ਵਿਚੋਂ ਕੱਢ ਲਿਆਵਾਂਗਾ। ਨਾਲੇ ਸਾਰੇ ਸੁਣ ਲਵੋ ਬੇਗ਼ੈਰਤੋ, ਅਪਣੇ ਬਾਲਾਂ ਨੂੰ ਮੇਰੇ ਕੋਲ ਮਸੀਤੇ ਪੜ੍ਹਨ ਘਲਿਆ ਕਰੋ।

ਇੰਜ ਕਰਨ ਨਾਲ ਔਲਾਦ ਮਾਪਿਆਂ ਦੀ ਤਾਅਬੇਦਾਰ ਬਣ ਜਾਂਦੀ ਏ।'' ਉਸ 'ਬੇਗ਼ੈਰਤੋ' ਆਖਿਆ ਤਾਂ ਮੈਂ ਮੂੰਹ ਵਿਚ ਆਖ ਦਿਤਾ 'ਆਪੇ ਹੀ ਹੋਵੇਂਗਾ'। ਪੀਰ ਸਾਹਬ ਦਾ ਇਕ ਵੱਡੀ ਪੈਸੇ ਧੇਲੇ ਵਲੋਂ ਬੜੀ ਥਿੰਦੀ ਮਸੀਤ ਉਤੇ ਕਬਜ਼ਾ ਹੈ। ਲੰਦਨ ਜਿਹੀ ਥਾਂ ਤਿੰਨ ਮਕਾਨ ਖ਼ਰੀਦ ਲਏ ਨੇ। ਇਕ ਮੁਰੀਦ ਨੇ ਠੇਕਾ ਲਿਆ ਹੋਇਆ ਹੈ ਕਿ ਹਰ ਸਾਲ ਪੀਰ ਸਾਹਬ ਨੂੰ ਤਕਰੀਬਨ ਪੰਜਾਹ ਹਜ਼ਾਰ ਪਾਊਂਡ ਦੀ ਨਵੀਂ ਕਾਰ ਲੈ ਕੇ ਦੇਣੀ ਹੈ ਕਿਉਂ ਜੁ ਉਸ ਦੀ ਸ਼ਰਧਾ ਹੈ ਕਿ ਉਸ ਦੇ ਘਰ ਰੋਟੀ ਟੁਕ, ਪੈਸਾ ਧੇਲਾ ਅਤੇ ਦਾਰੂ ਪਾਣੀ ਸਿਰਫ਼ ਪੀਰ ਸਾਹਬ ਦੀ ਦੁਆ ਨਾਲ ਹੀ ਆਉਂਦਾ ਹੈ।

ਉਸ ਨੂੰ ਬੰਦਾ ਪੁੱਛੇ ਕਿ ਜੇ ਸੱਭ ਕੁੱਝ ਪੀਰ ਹੀ ਦੇਂਦਾ ਏ ਤਾਂ ਉਪਰ ਵਾਲਾ ਕੀ ਕਰ ਰਿਹਾ ਏ ਅੱਲਾਹ? ਨਾਲੇ ਇਸ ਪੀਰ ਤੋਂ ਬਗ਼ੈਰ ਮਲਿਕਾ ਐਲਿਜ਼ਾਬੈੱਥ ਕਿਸ ਦੀ ਮਿਹਰਬਾਨੀ ਨਾਲ ਮਹਿਲਾਂ ਵਿਚ ਰਹਿ ਰਹੀ ਹੈ? ਉਤੋਂ ਪੀਰ ਸਾਹਬ ਦੀ ਮਸੀਤੇ ਜੁੰਮਾ ਪੜ੍ਹਾਉਣ ਦੀ ਤਨਖ਼ਾਹ ਚੀਫ਼ ਮਨਿਸਟਰ ਨਾਲੋਂ ਵੀ ਵੱਧ ਹੈ। ਹੁਣ ਸ਼ਰਧਾ ਦੇ ਸ਼ੁਦਾਅ ਦਾ ਨਮੂਨਾ ਪੇਸ਼ ਹੈ ਕਿ ਕਮਾਲ ਸ਼ਾਹ ਦੀ ਤਾਅਬੇਦਾਰ ਜਵਾਨ ਧੀ ਨੇ ਅਪਣੀ ਮਰਜ਼ੀ ਨਾਲ ਇਕ ਮੁਸਲਮਾਨ ਮੁੰਡੇ ਨਾਲ ਵਿਆਹ ਕਰ ਲਿਆ ਤੇ ਪੀਰ ਸਾਹਬ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ ਕਿ ਮੁੰਡਾ ਮੇਰੇ ਜਿੱਡੀ ਉੱਚੀ ਜਾਤ ਤੇ ਹੈਸੀਅਤ ਦਾ ਨਹੀਂ।

ਪੀਰ ਦੀ ਬੇਚੈਨੀ ਬੇਕਰਾਰੀ ਵੇਖ ਕੇ ਸ਼ੁਦਾਈ ਸ਼ਰਧਾਲੂ, ਚੇਲਿਆਂ ਨੇ ਆਖਿਆ 'ਸਰਕਾਰ ਸਾਨੂੰ ਹੁਕਮ ਕਰੋ'। ਦੋਜ਼ਖ਼ ਵਿਚੋਂ ਪਾਪੀ ਕੱਢ ਲਿਆਉਣ ਵਾਲੇ ਦਾ ਧੀ ਉਤੇ ਤਾਂ ਵੱਸ ਨਾ ਚਲਿਆ ਪਰ ਪ੍ਰੋਗਰਾਮ ਬਣਾਇਆ ਕਿ ਮੁੰਡੇ ਨੂੰ ਕਤਲ ਕਰ ਦਿਤਾ ਜਾਵੇ। ਤਿੰਨ ਸ਼ੁਦਾਈ ਤਿਆਰ ਹੋ ਗਏ ਤੇ ਛੁਰੀਆਂ ਕੁਹਾੜੀਆਂ ਲੈ ਕੇ ਦੋ ਤਿੰਨ ਦਿਨ ਮੁੰਡੇ ਦੇ ਘਰ ਕੋਲ ਕਾਰ ਵਿਚ ਮੌਕੇ ਦੀ ਤਾੜ ਵਿਚ ਬੈਠੇ ਰਹੇ।

ਕਿਸੇ ਗੁਆਂਢੀ ਨੂੰ ਸ਼ੱਕ ਪਿਆ ਤਾਂ ਉਸ ਨੇ ਪੁਲਿਸ ਨੂੰ ਇਤਲਾਹ ਦੇ ਦਿਤੀ। ਸ਼ਰਧਾ ਦੇ ਤਿੰਨੇ ਹੀ ਸ਼ੁਦਾਈ ਟੋਹ ਕੇ ਛੁਰੀਆਂ ਸਮੇਤ ਨੱਪੇ ਗਏ ਤੇ ਕਰਨੀ ਵਾਲਾ ਪੀਰ ਉਸੇ ਰਾਤ ਹੀ ਲੰਦਨ ਛੱਡ ਗਿਆ। ਅਖੇ 'ਪਿੰਡ ਨੂੰ ਅੱਗ ਲੱਗੀ ਤੇ ਕੁੱਤਾ ਰੂੜੀਆਂ ਤੇ'। ਸ਼ਰਧਾ ਦੇ ਸ਼ੁਦਾਈਆਂ ਉਤੇ ਕੇਸ ਚਲਿਆ ਤਾਂ ਤਿੰਨੇ ਕੈਦ ਹੋ ਗਏ। ਇਹ ਮੈਨੂੰ ਨਹੀਂ ਪਤਾ ਕਿ ਕਿੰਨੀ ਕੈਦ ਹੋਈ ਸੀ। ਮਜ਼ੇ ਦੀ ਗੱਲ ਇਹ ਹੈ ਕਿ ਅੱਠ-ਦਸ ਵਰ੍ਹਿਆਂ ਬਾਅਦ ਠੰਢ ਠੰਡੋਲਾ ਹੋਣ ਤੇ ਮੁਰੀਦਾਂ ਦੀ ਮਦਦ ਨਾਲ ਫਿਰ ਪੀਰ ਲੰਦਨ ਪਰਤ ਆਇਆ। ਫਿਰ ਉਹੀ ਚੱਕੀ ਤੇ ਉਹੀ ਹੱਥਾ।

ਹੈ ਕੋਈ ਪੁੱਛਣ ਵਾਲਾ ਕਿ ਕਾਤਲ ਵੀ ਕਦੇ ਅੱਲਾਹ ਵਾਲਾ ਹੋ ਸਕਦਾ ਹੈ? ਨਾਲੇ ਇਸਲਾਮ ਆਖਦਾ ਏ ਜਾਤ ਕੋਈ ਉੱਚੀ ਨੀਵੀਂ ਨਹੀਂ ਹੁੰਦੀ।ਮੈਂ ਇਕ ਵਾਰ ਫਿਰ ਦਸਦਾ ਜਾਵਾਂ ਕਿ ਮੈਨੂੰ ਕੋਈ ਨਾਸਤਕ ਨਾ ਸਮਝ ਲਵੇ। ਅਪਣੀ ਹਿੰਮਤ ਹੈਸੀਅਤ ਮੂਜਬ ਰੱਬ ਦੇ ਹੁਕਮਾਂ ਦਾ ਪਾਬੰਦ ਹਾਂ ਪਰ ਮਸੀਤ ਵਿਚ ਪੈਰ ਪਾਉਣ ਲਗਿਆਂ ਅਪਣੀ ਅਕਲ ਬਾਹਰ ਜੁੱਤੀ ਵਿਚ ਰੱਖ ਕੇ ਨਹੀਂ ਆਉਂਦਾ। ਧਰਮ ਇਹ ਨਹੀਂ ਆਖਦਾ ਕਿ ਅਕਲ ਦੀ ਵਰਤੋਂ ਪਾਪ ਹੈ। ਮੁੱਲਾਂ ਮੁਲਾਣੇ ਤਾਂ ਰੋਟੀ ਟੁੱਕਰ ਲਈ ਆਖੀ ਜਾਂਦੇ ਨੇ ਕਿ “ਮਜ਼ਹਬ ਵਿਚ ਅਕਲ ਦਾ ਕੋਈ ਦਖ਼ਲ ਨਹੀਂ।''

ਇਹ ਮੋਲਵੀ ਲੋਕ ਅਪਣੇ ਦਿਲ ਦਾ ਆਪਰੇਸ਼ਨ ਅਕਲਮੰਦ ਡਾਕਟਰ ਕੋਲੋਂ ਕਰਵਾਉਂਦੇ ਨੇ ਪਰ ਉਨ੍ਹਾਂ ਦੀ ਉਂਗਲ ਲੱਗੇ ਸ਼ੁਦਾਈਆਂ ਲਈ ਕੋਈ ਦੂਜਾ ਹੁਕਮ ਹੈ ਕਿ ਅਕਲ ਵਰਤਣ ਨਾਲ ਕਾਫ਼ਰ ਹੋ ਜਾਈਦਾ ਹੈ! ਸ਼ੁਦਾਈਆਂ ਦਾ ਇਲਾਜ ਉਹ ਸਿਰਫ਼ ਤਵੀਤ ਕੰਡੇ ਜਾਂ ਹੱਥਕੰਡੇ ਨਾਲ ਕਰਦੇ ਨੇ। ਮੈਨੂੰ ਹੁਣ ਭਾਵੇਂ ਕੋਈ ਚੋਰ, ਨਾਸਤਕ ਜਾਂ ਬੇਈਮਾਨ ਆਖੇ, ਪਰ ਸੱਚ ਬੋਲਣ ਲਗਿਆਂ ਮੈਂ ਅਪਣੇ ਵਿਰੁਧ ਵੀ ਭਰ ਕੇ ਗਵਾਹੀ ਦੇ ਦੇਂਦਾ ਹਾਂ ਭਾਵੇਂ ਨਮੋਸ਼ੀ ਦੀ ਜੇਲ ਵਿਚ ਹੀ ਜਾਣਾ ਪਵੇ।

ਇਹ ਗੱਲ ਮੈਂ ਅੱਗੇ ਵੀ ਅਪਣੀ ਇਕ ਕਹਾਣੀ ਵਿਚ ਦੱਸ ਚੁੱਕਾ ਹਾਂ ਕਿ ਮੈਂ ਸ਼ੁਦਾਈ ਸ਼ਰਧਾ ਦੀ ਖੁਰਲੀ ਤੋਂ ਕਿੱਲਾ ਪੁਟਾ ਕੇ ਅਪਣੀ ਅਕਲ ਨੂੰ ਕਿਵੇਂ ਵਰਤਿਆ ਸੀ। ਇਹ ਮੈਂ ਆਖ ਚੁੱਕਾ ਹਾਂ ਕਿ ਸ਼ਰਧਾ ਕਿਸੇ ਅੱਲਾਹ ਵਾਲੇ ਦੀ ਹੋਵੇ ਤਾਂ ਮੱਥਾ ਟੇਕਦਾ ਹਾਂ ਪਰ ਸ਼ਰਧਾ ਉਜਾੜੂ ਜਾਂ ਮਾਰੂ ਹੋਵੇ ਤਾਂ ਉਸ ਨਾਲ ਮੱਥਾ ਲਾ ਲੈਂਦਾ ਹਾਂ। ਮੈਂ  ਗੱਲ ਕਰ ਰਿਹਾ ਸਾਂ, ਇਕ ਵਰਾਂ ਦਸਵੀਂ ਦਾ ਇਮਤਿਹਾਨ ਦੇ ਕੇ ਪਿਉ ਦਾ ਰੇਲਵੇ ਵਿਚੋਂ ਮੁਫ਼ਤ ਮਿਲਣ ਵਾਲਾ ਪਾਸ ਲੈ ਕੇ ਵੱਡੇ ਭਰਾ ਨਾਲ ਪਹਿਲੀ ਵਾਰ ਕਰਾਚੀ ਫਿਰਨ ਟੁਰਨ ਗਿਆ। ਪਿਉ ਕੋਲੋਂ ਕੋਈ ਖ਼ਰਚ ਪੱਠਾ ਮੰਗਿਆ ਤਾਂ ਬੜੇ ਤਰਲਿਆਂ ਨਾਲ ਸਿਰਫ਼ ਪੰਜ ਰੁਪਏ ਲੱਭੇ।

1957 ਵਿਚ ਪੰਜ ਵੀ ਮੇਰੇ ਜਿਹੇ ਲਈ ਬੜੇ ਸਨ। ਅਗਲੇ ਦਿਨ ਕਰਾਚੀ ਤੋਂ ਵਾਪਸੀ ਗੱਡੀ ਚੜ੍ਹਨਾ ਸੀ ਤੇ ਸਮੁੰਦਰ ਕੰਢੇ ਕਲਿਫ਼ਟਨ ਵੇਖਣ ਚਲੇ ਗਏ। ਸੱਤਾਂ ਦਿਨਾਂ ਵਿਚ ਪੰਜਾਂ ਰੁਪਿਆਂ ਦਾ ਫੱਕਾ ਮਾਰ ਲਿਆ ਸੀ ਪਰ ਸਮੁੰਦਰ ਕੰਢੇ ਸਿੱਪੀਆਂ ਘੋਗਿਆਂ ਦਾ ਇਕ ਹਾਰ ਵੇਖਿਆ ਤੇ ਛੱਬੋ ਯਾਦ ਆ ਗਈ। ਪੜ੍ਹਨ ਵਾਲਿਆਂ ਨੂੰ ਪਤਾ ਹੀ ਹੋਵੇਗਾ ਕਿ ਪਿੰਡ ਦੀ ਜੀਨਾ ਮਾਛਣ ਕੋਲੋਂ ਕਦੇ ਦਾਣੇ ਭੁਨਾਉਣ ਜਾਂਦਾ ਤੇ ਭੱਠੀ ਝੋਕਣ ਵਾਲੀ ਉਹਦੀ ਲਵੀ ਜਿਹੀ ਧੀ ਛੱਬੋ ਨਾਲ ਅੱਖਾਂ ਸੇਕਦੇ-ਸੇਕਦੇ ਦਿਲ ਨੂੰ ਸੇਕਾ ਲੱਗ ਗਿਆ ਸੀ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM
Advertisement