ਸ਼ਰਧਾ ਦਾ ਸ਼ੁਦਾਅ (ਭਾਗ 7)
Published : Jun 2, 2018, 11:44 pm IST
Updated : Jun 2, 2018, 11:44 pm IST
SHARE ARTICLE
Amin Malik
Amin Malik

ਚਲੋ ਲੰਦਨ ਤੋਂ ਇਕ ਵੇਰਾਂ ਫਿਰ ਅਪਣੇ ਦੇਸ਼ ਚਲਦੇ ਹਾਂ। ਯਾਦ ਰਹੇ ਕਿ ਮੈਂ ਸੁਣੀ-ਸੁਣਾਈ ਨਹੀਂ ਬਲਕਿ ਅੱਖੀਂ ਵੇਖੀ ਵਿਖਾਈ ਗੱਲ ਹੀ ਕਰਾਂਗਾ। ਪਾਕਿਸਤਾਨ ਦੇ ਇਕ ਵੱਡੇ ...

ਚਲੋ ਲੰਦਨ ਤੋਂ ਇਕ ਵੇਰਾਂ ਫਿਰ ਅਪਣੇ ਦੇਸ਼ ਚਲਦੇ ਹਾਂ। ਯਾਦ ਰਹੇ ਕਿ ਮੈਂ ਸੁਣੀ-ਸੁਣਾਈ ਨਹੀਂ ਬਲਕਿ ਅੱਖੀਂ ਵੇਖੀ ਵਿਖਾਈ ਗੱਲ ਹੀ ਕਰਾਂਗਾ। ਪਾਕਿਸਤਾਨ ਦੇ ਇਕ ਵੱਡੇ ਸਾਰੇ ਪੀਰ ਬਲਕਿ ਪੀਰਾਂ ਦੇ ਸਰਕਾਰੀ ਸਾਨ੍ਹ ਦੀ ਗੱਲ ਸੁਣਾ ਦੇਵਾਂ। ਇਹ ਪੀਰ ਜੋ ਕਦੀ ਸਾਡੇ ਮੁੱਖ ਮੰਤਰੀ ਦੇ ਬੜੇ ਲਾਡਲੇ ਪੀਰ ਸਨ, ਫਿਰ ਪਤਾ ਨਹੀਂ ਕੀ ਹੋਇਆ ਕਿ ਅਚਾਨਕ ਇਹ ਪੀਰੀ ਮੁਰੀਦੀ ਦਾ ਰਿਸ਼ਤਾ ਤੜੱਕ ਕਰ ਕੇ ਟੁੱਟ ਗਿਆ।

ਰਿਸ਼ਤਾ ਹੀ ਨਹੀਂ ਟੁੱਟਾ ਸੀ, ਆਪਸ ਵਿਚ ਸੰਢਿਆਂ ਵਾਲਾ ਵੈਰ ਵੀ ਪੈ ਗਿਆ। ਕੋਈ ਸੂਹ ਨਹੀਂ ਲੱਗੀ ਕਿ ਇਹ ਕੋਈ ਮਾਲ-ਪਾਣੀ ਦਾ ਰੱਟਾ ਸੀ ਜਾਂ ਮੁਰੀਦ ਕੋਲ ਪੈਸਾ ਧੇਲਾ ਥੁੜ ਗਿਆ ਜਾਂ ਹੋ ਸਕਦਾ ਹੈ ਪੀਰ ਦੇ ਲਾਲਚ ਦੀ ਝਲੂੰਗੀ ਹੀ ਵੱਡੀ ਹੋ ਗਈ ਕਿਉਂਕਿ ਇੰਜ ਵੀ ਹੁੰਦਾ ਹੈ ਕਿ ਕਿਸੇ ਐਕਟਰ ਦੀ ਕੋਈ ਫ਼ਿਲਮ ਹਿੱਟ ਹੋ ਜਾਏ ਤਾਂ ਉਹ ਅਪਣਾ ਮੁੱਲ ਵਧਾ ਦੇਂਦਾ ਹੈ। ਪੀਰ ਦੀ ਕਲਾਕਾਰੀ ਕੋਲ ਜ਼ੁਬਾਨ ਦੀ ਤਲਵਾਰ ਵੀ ਹੈ ਸੀ।

ਗੱਲਾਂ ਦੀ ਵਾਛੜ ਅਤੇ ਬੰਦੇ ਜੋੜਨ ਦੀ ਰਫ਼ਤਾਰ ਵੀ ਚੋਖੀ ਸੀ। ਉਸ ਦੇ ਜਾਲ ਵਿਚ ਦਿਨੋਂ-ਦਿਨੀਂ ਡਾਰਾਂ ਦੀਆਂ ਡਾਰਾਂ ਪੰਛੀ ਫਸਦੇ ਗਏ। ਇਨ੍ਹਾਂ ਮਾਸੂਮ ਸ਼ੁਦਾਈਆਂ ਦੀ ਗਿਣਤੀ ਲੱਖਾਂ ਵਿਚ ਹੋ ਗਈ। ਮੁੱਖ ਮੰਤਰੀ ਨੇ ਅਪਣੀ ਸ਼ਰਧਾ ਦੇ ਸ਼ੁਦਾਅ ਵਿਚ ਪੀਰ ਨੂੰ ਮਾਲ-ਮੱਤਾ, ਕਾਰ ਅਤੇ ਕੋਠੀ ਲਈ ਜ਼ਮੀਨ ਵੀ ਦੇ ਦਿਤੀ ਸੀ। ਇਹ ਪੀਰ ਜਦੋਂ ਆਇਆ ਸੀ, ਇਕ ਨਿੱਕੀ ਜਿਹੀ ਮਸੀਤ ਦਾ ਨਿੱਕਾ ਜਿਹਾ ਮੌਲਵੀ ਹੀ ਸੀ, ਪਰ ਸ਼ੁਦਾਈਆਂ ਦਾ ਸ਼ੁਦਾਅ ਏਨਾ ਵਧਿਆ ਕਿ ਮੌਲਵੀ ਖ਼ੁਦਾ ਬਣ ਗਿਆ। ਹੁਣ ਇਹ ਹਰ ਵੇਲੇ ਦੁਨੀਆਂ ਦੇ ਦੌਰੇ ਉਤੇ ਰਹਿੰਦੇ ਨੇ। ਗਰਮੀਆਂ ਦੇ ਛੇ ਮਹੀਨੇ ਲੰਦਨ ਪੈਰਿਸ ਵਿਚ ਗੁਜ਼ਾਰਦੇ ਨੇ।

ਕਦੀ ਇਹ ਮੌਲਵੀ ਮੇਰੇ ਮੁਹੱਲੇ ਵਿਚ ਹੀ ਪੰਜ ਮਰਲੇ ਦੇ ਘਰ ਵਿਚ ਰਹਿੰਦੇ ਸਨ। ਪਰ ਅੱਜ ਇਹ ਸੁਪਰਸਟਾਰ, ਛੱਤ ਤੋਂ ਬਗ਼ੈਰ ਜੀਪ ਵਿਚ ਨਿਕਲਦਾ ਹੈ ਤੇ ਚਾਰ ਬੰਦੂਕਾਂ ਵਾਲੇ ਗਾਰਡ ਉਸ ਦੀ ਜ਼ਿੰਦਗੀ ਦੀ ਰਾਖੀ ਕਰਦੇ ਨੇ। ਪਰ ਉਹ ਸਾਨੂੰ ਆਖਦਾ ਹੈ ਕਿ ਜ਼ਿੰਦਗੀ ਮੌਤ ਦੀ ਰਾਖੀ ਰੱਬ ਕਰਦਾ ਹੈ। ਜਦੋਂ ਬੰਦੇ ਨੂੰ ਫ਼ਖ਼ਰ, ਗ਼ਰੂਰ, ਘੁਮੰਡ ਅਤੇ ਤਕੱਬੁਰ ਦੇ ਖੰਭ ਨਿਕਲ ਆਉਂਦੇ ਨੇ ਤਾਂ ਉਹ ਜ਼ਮੀਨ ਤੋਂ ਉਠ ਕੇ ਅਸਮਾਨ ਵਲ ਉਡਾਰੀ ਮਾਰਦਾ ਹੈ।

ਇਹ ਨਿੱਕੀ ਜਿਹੀ ਮਸੀਤ ਵਿਚੋਂ ਨਿਕਲ ਕੇ ਸਿਆਸਤ ਨੂੰ ਹੱਥ ਮਾਰਨ ਵਾਲਾ ਮੁੱਲਾਂ ਇਕ ਦਿਨ ਮੈਂਬਰ ਪਾਰਲੀਮੈਂਟ ਬਣ ਗਿਆ। ਪਰ ਕਦੀ ਕਿਸੇ ਸ਼ੁਦਾਈ ਨੇ ਨਹੀਂ ਸੋਚਿਆ ਕਿ ਕਿਸੇ ਪੀਰ-ਫ਼ਕੀਰ ਨੂੰ ਅਮੀਰ ਵਜ਼ੀਰ ਬਣਨ ਦੀ ਭੁੱਖ ਨਹੀਂ ਹੁੰਦੀ। ਪਰ ਇਨ੍ਹਾਂ ਸ਼ੁਦਾਈਆਂ ਨੇ ਹੀ ਅਤੇ ਮੌਲਵੀ ਨੂੰ ਸ਼ਰਧਾ ਦੇ ਮੋਢੇ ਚਾੜ੍ਹ ਕੇ ਮਹਿਲਾਂ ਦੀ ਛੱਤ ਉਤੇ ਚਾੜ੍ਹਿਆ ਹੈ। ਇਸ ਕਾਮਯਾਬੀ ਦੇ ਤਕੱਬੁਰ ਨੇ ਹੋਰ ਉਂਗਲ ਦਿਤੀ ਤੇ ਮੌਲਵੀ ਨੇ ਹਕੂਮਤ ਵਿਰੁਧ ਝੰਡਾ ਚੁਕ ਕੇ ਅਪਣੇ ਸ਼ਰਧਾਲੂਆਂ ਨੂੰ ਹੁਕਮ ਦਿਤਾ ਕਿ 'ਜਲੂਸ ਕੱਢ ਕੇ ਇਸਲਾਮਾਬਾਦ ਇਕੱਠੇ ਹੋ ਜਾਉ, ਅਸਾਂ ਹਕੂਮਤ ਦਾ ਤਖ਼ਤਾ ਪਲਟਣਾ ਹੈ।'

ਮੌਲਵੀ ਨੇ ਕਰੋੜਾਂ ਰੁਪਏ ਖ਼ਰਚ ਕਰ ਕੇ ਇਕ ਲੰਮੀ ਬੱਸ ਬਣਵਾਈ ਜਿਸ ਵਿਚ ਗ਼ੁਸਲਖ਼ਾਨਾ, ਬੈੱਡਰੂਮ ਅਤੇ ਦੂਜੀਆਂ ਸਹੂਲਤਾਂ ਤੋਂ ਵੱਖ, ਏਅਰਕੰਡੀਸ਼ਨਡ ਕਮਰਾ ਵੀ ਬਣਵਾਇਆ। ਇਹ ਸ਼ੁਦਾਈਆਂ ਦਾ ਜਲੂਸ ਤਿੰਨ ਦਿਨ ਇਸਲਾਮਾਬਾਦ ਹਕੂਮਤ ਦਾ ਵਿਰੋਧ ਕਰਦਾ ਰਿਹਾ। ਪਾਲੇ ਵਿਚ ਬੈਠੇ ਮਰਦ, ਜ਼ਨਾਨੀਆਂ ਅਤੇ ਬੱਚੇ ਵੀ ਜ਼ਮੀਨ ਉਤੇ ਰੁਲਦੇ ਰਹੇ। ਪੀਰ ਏਅਰਕੰਡੀਸ਼ਨਡ ਬੱਸ ਵਿਚ ਬਹਿ ਕੇ ਤਕਰੀਰ ਕਰਦੇ ਤੇ ਸੌਂ ਜਾਂਦੇ। ਹਕੂਮਤ ਨੇ ਕੋਈ ਚਾਲ ਚੱਲੀ ਤੇ ਮੋਲਵੀ ਨੂੰ ਕੁੱਝ ਆਖ ਕੇ ਟੋਰ ਦਿਤਾ।

ਮੌਲਵੀ ਨੇ ਸ਼ੁਦਾਈਆਂ ਨੂੰ ਆਖਿਆ, “ਮੁਬਾਰਕ ਹੋਵੇ, ਸਾਡੀ ਮੰਗ ਪੂਰੀ ਹੋ ਗਈ ਹੈ ਤੇ ਅਪਣੇ ਅਪਣੇ ਘਰਾਂ ਨੂੰ ਚਲੇ ਜਾਉ।'' ਉਹ ਭੁੱਖੇ ਮਰਦੇ ਬੀਮਾਰ ਬਾਲਾਂ ਨੂੰ ਲੈ ਕੇ ਚਲੇ ਗਏ ਪਰ ਕਿਸੇ ਨਾ ਪੁਛਿਆ ਕਿ ਸਾਡੀ ਕਿਹੜੀ ਮੰਗ ਪੂਰੀ ਹੋਈ ਹੈ? ਹੁਣ ਪੀਰ ਦੇ ਤਕੱਬੁਰ ਨਾਲ ਹਿਲ ਗਏ ਦਿਮਾਗ਼ ਦਾ ਅਗਲਾ ਕਾਰਨਾਮਾ ਧਿਆਨ ਨਾਲ ਸੁਣੋ। ਇਹ ਮਖ਼ੌਲ ਨਹੀਂ। ਸਾਰੇ ਟੀ.ਵੀ. ਚੈਨਲਾਂ ਤੋਂ ਨਸ਼ਰ ਹੋਇਆ ਅਤੇ ਮੈਂ ਵੀ ਸੁਣਿਆ-ਵੇਖਿਆ।

ਮੌਲਵੀ ਨੇ ਅਪਣੇ ਸ਼ੁਦਾਈ ਲਾਹੌਰ ਮੰਟੋ ਪਾਰਕ ਵਿਚ ਇਕੱਠੇ ਕਰ ਕੇ ਜਲਸਾ ਕੀਤਾ ਅਤੇ ਭਾਸ਼ਣ 'ਚ ਆਖਿਆ, “ਮੈਨੂੰ ਖ਼ਾਬ ਵਿਚ ਹਜ਼ਰਤ ਮੁਹੰਮਦ ਸਾਹਿਬ ਮਿਲਦੇ ਨੇ ਤੇ ਆਖਦੇ ਨੇ, ਪੀਰ ਜੀ, ਮੈਨੂੰ ਪਾਕਿਸਤਾਨ ਆਣ ਵਾਸਤੇ ਟਿਕਟ ਘੱਲੋ ਤੇ ਨਾਲੇ ਉਥੇ ਮੇਰੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਬੰਦੋਬਸਤ ਵੀ ਕਰੋ। ਮੈਂ ਇਹ ਸਾਰਾ ਕੁੱਝ ਕਰ ਦਿਤਾ ਤੇ ਉਹ ਪਾਕਿਸਤਾਨ ਤਸ਼ਰੀਫ਼ ਲੈ ਆਏ।

ਪਰ ਪਾਕਿਸਤਾਨੀ ਲੋਕਾਂ ਦੀ ਹਰਾਮਖ਼ੋਰੀ ਵੇਖ ਕੇ ਨਾਰਾਜ਼ ਹੋ ਗਏ ਤੇ ਵਾਪਸ ਚਲੇ ਗਏ।'' ਮੈਂ ਇਸ ਤਕਰੀਰ ਉਤੇ ਬਹੁਤ ਕੁੱਝ ਆਖ ਸਕਦਾ ਹਾਂ ਪਰ ਮੇਰੇ ਆਖਣ ਦੀ ਲੋੜ ਹੀ ਨਹੀਂ ਰਹਿ ਗਈ। ਹਰ ਅਕਲਮੰਦ ਆਪ ਫ਼ੈਸਲਾ ਕਰ ਸਕਦਾ ਹੈ। ਇੱਥੇ ਗੱਲ ਤਾਂ ਇਹ ਕਰਨ ਵਾਲੀ ਹੈ ਕਿ ਲੱਖਾਂ ਸ਼ਰਧਾਲੂ ਇਹ ਸੱਭ ਕੁੱਝ ਵੇਖ-ਸੁਣ ਕੇ ਵੀ ਅੱਜ ਵੀ ਉਥੇ ਹੀ ਖਲੋਤੇ ਹਨ। ਬਲਕਿ ਤਕਰੀਰ ਸੁਣ ਕੇ ਨਾਅਰੇ ਮਾਰੇ ਅਤੇ ਚਮਤਕਾਰ ਆਖ ਕੇ ਸ਼ੁਦਾਅ ਦੀ ਸ਼ਰਧਾ ਨੂੰ ਹੋਰ ਵੀ ਘੁੱਟ ਕੇ ਜੱਫਾ ਪਾ ਲਿਆ।

ਮੌਲਵੀ ਬਾਰੇ ਜੋ ਜੋ ਗੱਲਾਂ ਦੱਸੀਆਂ ਨੇ, ਉਨ੍ਹਾਂ ਉਤੇ ਧਿਆਨ ਦਿਤਾ ਜਾਏ ਤਾਂ ਸ਼ਰਧਾ ਤੋਂ ਸ਼ਰਮ ਆਉਣੀ ਚਾਹੀਦੀ ਹੈ। ਪਰ ਸੋਚਣਾ ਤਾਂ ਅਕਲਮੰਦਾਂ ਦਾ ਕੰਮ ਹੈ। ਜਿਨ੍ਹਾਂ ਨੇ ਅਕਲ ਦੀ ਕੋਠੜੀ ਨੂੰ ਜੰਦਰਾ ਮਾਰ ਕੇ ਕੁੰਜੀ ਖੂਹ ਵਿਚ ਸੁੱਟ ਦਿਤੀ ਹੋਵੇ, ਉਹ ਅਕਲ ਕਿੱਥੋਂ ਲੈਣ? ਇਹ ਗੱਲਾਂ ਲਿਖਣ ਵੇਲੇ ਮੈਨੂੰ ਮੇਰਾ ਉਹ ਲੇਖ ਯਾਦ ਆਉਂਦਾ ਹੈ, ਅਖੇ 'ਕਿੱਡੇ ਚੰਗੇ ਵੇਲੇ ਸਨ ਜਦ ਦੁਨੀਆਂ ਭੋਲੀ ਭਾਲੀ ਸੀ'।

ਇਨਸਾਨ ਨੂੰ ਕੀ ਹੋ ਗਿਆ ਹੈ? ਧਰਮੀ ਸ਼ਰਧਾ ਦੀ ਭੰਗ ਪੀ ਕੇ ਸਕੂਲਾਂ ਵਿਚ ਨਿੱਕੇ ਨਿੱਕੇ ਬਾਲਾਂ ਦੇ ਸਿਰ ਕੱਪੀ ਆਉਂਦੇ ਨੇ। ਅਖੇ ਇਹ ਕਾਫ਼ਿਰਾਂ ਦੇ ਬੱਚੇ ਨੇ। ਇਨਸਾਨ ਨਾਲ ਇਨਸਾਨ ਭਿੜ ਪਿਆ, ਮੁਸਲਮਾਨ ਨਾਲ ਮੁਸਲਮਾਨ ਇੰਜ ਭਿੜਿਆ ਕਿ ਮਸੀਤ ਵਿਚ ਰੱਬ ਦੇ ਹਜ਼ੂਰ ਸਿਜਦਾ ਕਰਨ ਗਏ ਇਨਸਾਨਾਂ ਨੂੰ ਬੰਬ ਨਾਲ ਭੁੰਨ ਕੇ ਰੱਖ ਦਿਤਾ ਕਿ ਇਹ ਕਾਫ਼ਿਰ ਨੇ। ਜਦਕਿ ਹਜ਼ਰਤ ਮੁਹੰਮਦ ਅਤੇ ਇਸਲਾਮ ਦਾ ਸਾਫ਼ ਫ਼ੁਰਮਾਨ ਹੈ ਕਿ ਐਲਾਨ ਕੀਤੇ ਬਗ਼ੈਰ ਜੰਗ ਵੀ ਜਾਇਜ਼ ਨਹੀਂ। ਇਹ ਵੀ ਆਖਿਆ ਕਿ ਨਿਹੱਥੇ ਅਤੇ ਕਮਜ਼ੋਰਾਂ ਉਤੇ ਹਮਲਾ ਨਾ ਕਰੋ। ਔਰਤਾਂ, ਬੁੱਢਿਆਂ ਅਤੇ ਬੱਚਿਆਂ ਉਤੇ ਹੱਥ ਨਾ ਚੁੱਕੋ।

ਇਕ ਪਾਸੇ ਇਨਸਾਨੀ ਜ਼ਿੰਦਗੀ ਦੇ ਬਚਾਅ ਲਈ ਸਾਇੰਸ ਦੀ ਵਾਹ ਲੱਗੀ ਪਈ ਹੈ, ਦੂਜੇ ਪਾਸੇ ਜ਼ਿੰਦਗੀ ਹੈ ਕਿ ਟਕੇ-ਟੋਕਰੀ ਹੋ ਗਈ ਹੈ। ਅੱਜ ਮੈਨੂੰ ਇਹ ਕਾਬੂ ਨਾ ਆਉਣ ਵਾਲਾ ਵਿਸ਼ਾ ਛੋਂਹਦੇ ਹੋਏ ਪਤਾ ਨਹੀਂ ਕੀ ਕੀ ਕੁੱਝ ਯਾਦ ਆਈ ਜਾ ਰਿਹਾ ਹੈ। ਸੋਚਿਆ ਸੀ ਸ਼ਰਧਾ ਬਾਰੇ ਨਿੱਕਾ ਜਿਹਾ ਲੇਖ ਲਿਖਾਂਗਾ ਪਰ ਜਿਸ ਸ਼ਰਧਾ ਨੇ ਲੱਖਾਂ ਬੰਦਿਆਂ ਨੂੰ ਮੌਤ ਦੇ ਮੂੰਹ ਵਿਚ ਪਾ ਦਿਤਾ, ਉਸ ਵਿਸ਼ੇ ਨੂੰ ਸਿਰਫ਼ ਚਾਰ ਵਰਕਿਆਂ ਦੀ ਪੁੜੀ ਵਿਚ ਪਾ ਕੇ ਕਿਵੇਂ ਮਰੀਜ਼ ਬਣੀ ਇਨਸਾਨੀਅਤ ਦੇ ਹੱਥ ਫੜਾ ਦੇਵਾਂ?

ਇਹ ਸਿਰਫ਼ ਇਕ ਇਨਸਾਨ ਦਾ ਮਰਜ਼ ਨਹੀਂ, ਅੱਜ ਇਨਸਾਨੀਅਤ ਨੂੰ ਹੀ ਮਰਜ਼ ਵੱਗ ਗਈ ਹੈ। ਹੋ ਸਕਦਾ ਹੈ ਪਾਠਕ ਪੜ੍ਹਦੇ ਪੜ੍ਹਦੇ ਥੱਕ ਜਾਣ ਪਰ ਮੇਰਾ ਹਿਰਖ ਅਫ਼ਸੋਸ ਅਤੇ ਮਦਿਖ ਹੈ ਕਿ ਮੁਕਦਾ ਹੀ ਨਹੀਂ। ਅੱਜ ਨਾਲੋਂ ਤਾਂ ਉਹ ਵੇਲਾ ਹੀ ਚੰਗਾ ਸੀ ਜਦੋਂ ਇਨਸਾਨ ਜੰਗਲ ਵਿਚ ਜ਼ਿੰਦਗੀ ਗੁਜ਼ਾਰ ਰਿਹਾ ਸੀ। ਅੱਜ ਦਾ ਤਹਿਜ਼ੀਬਯਾਫ਼ਤਾ ਇਨਸਾਨ ਤਾਂ ਜੰਗਲੀ ਹੈਵਾਨ ਹੀ ਨਹੀਂ, ਵਹਿਸ਼ੀ ਹੋ ਗਿਆ ਹੈ।

ਕਦੀ ਇਨਸਾਨ ਨੂੰ ਇਨਸਾਨ ਆਖਦਾ ਸੀ, ''ਉਏ ਇਹ ਮੁਹੱਲਾ ਛੱਡ ਜਾ, ਨਹੀਂ ਤਾਂ ਕਿਸੇ ਦਿਨ ਕੁੱਤੇ ਦੀ ਮੌਤ ਮਾਰਿਆ ਜਾਏਂਗਾ।'' ਅੱਜ ਕੁੱਤੇ ਨੂੰ ਕੁੱਤਾ ਆਖਦਾ ਏ, ''ਓਏ ਇਨਸਾਨਾਂ ਦੀ ਬਸਤੀ ਛੱਡ ਜਾ, ਨਹੀਂ ਤਾਂ ਇਨਸਾਨ ਦੀ ਮੌਤ ਮਾਰਿਆ ਜਾਏਂਗਾ।'' ਅਸੀ ਨਿੱਕੇ ਨਿੱਕੇ ਹੁੰਦੇ ਸਾਂ ਤਾਂ ਗਰਮੀਆਂ ਵਿਚ ਸਾਡੀ ਅੰਮਾ ਚੌਲ ਪਕਾ ਕੇ ਠੰਢੇ ਹੋਣ ਲਈ ਕਨਾਲੀ ਵਿਚ ਖਲਾਰ ਦੇਂਦੀ ਤੇ ਅਸੀ ਸਾਰੇ ਕੋਠੇ ਉਤੇ ਚਲੇ ਜਾਂਦੇ।

ਵਿਹੜੇ ਵਿਚ ਬੈਠਾ ਕੁੱਤਾ ਚੌਲਾਂ ਨੂੰ ਮੂੰਹ ਤਕ ਨਾ ਲਾਉਂਦਾ। ਅੱਜ ਦਾ ਇਨਸਾਨ ਮਸੀਤ ਵਿਚ ਨਮਾਜ਼ ਪੜ੍ਹਨ ਲਗਿਆ ਜੁੱਤੀ ਲਾਹ ਕੇ ਅਪਣੇ ਅੱਗੇ ਰਖਦਾ ਹੈ ਕਿਉਂਕਿ ਪਿਛੋਂ ਉਸ ਦੀ ਜੁੱਤੀ ਕੋਈ ਇਨਸਾਨ ਚੋਰੀ ਕਰ ਲੈਂਦਾ ਹੈ। ਕੰਧ ਉਤੇ ਲੱਗੀ ਕੰਧ ਘੜੀ ਨੂੰ ਜੰਦਰਾ ਮਾਰਿਆ ਹੁੰਦਾ ਹੈ ਕਿਉਂਕਿ ਜੁੱਤੀ ਚੋਰਾਂ ਵਾਂਗ ਘੜੀ ਚੋਰ ਵੀ ਹੁੰਦੇ ਹਨ। ਮਾਫ਼ ਕਰਨਾ, ਮੇਰਾ ਅੱਜ ਦਾ ਵਿਸ਼ਾ ਇਨਸਾਨ ਦੀ ਬਦਲਦੀ ਹੋਈ ਹੈਵਾਨੀ ਖ਼ਸਲਤ ਨਹੀਂ ਸੀ। ਪਰ ਇਕ ਇਨਸਾਨ ਹਾਂ, ਕੀ ਕਰਾਂ? 

ਸ਼ਰਧਾ ਦੇ ਸ਼ੁਦਾਅ ਵਲ ਟੁਰਦੇ ਹੋਏ ਇਕ ਨਿੱਕਾ ਜਿਹਾ ਤਮਾਸ਼ਾ ਵੀ ਵੇਖਦੇ ਜਾਉ। ਲਾਇਲਪੁਰ ਸਾਡੇ ਪਿੰਡ ਕਬਰਾਂ ਵਿਚ ਇਕ ਨੰਗ-ਧੜੰਗ ਕਮਲਾ ਜਿਹਾ ਬਾਬਾ ਮੋਠੂਦੀਨ ਦੁਨੀਆਂ ਤੋਂ ਬੇਸੁਰਤ ਬੈਠਾ ਹੋਇਆ ਸੀ। ਉਸ ਕੋਲ ਮਰਦ-ਜ਼ਨਾਨੀਆਂ ਜਾ ਕੇ ਅਪਣੀ ਕੋਈ ਮੁਰਾਦ ਮੰਗਦੇ ਹੁੰਦੇ ਸਨ। ਕੋਈ ਆਖਦਾ, ''ਬਾਬਾ ਜੀ, ਮੇਰੀ ਮੱਝ ਫਲ ਸੁਟ ਦੇਂਦੀ ਹੈ।'' ਕੋਈ ਆਖਦੀ, ''ਸਾਈਂ ਜੀ, ਮੇਰੇ ਪੁੱਤਰ ਘਰ ਤਿੰਨ ਕੁੜੀਆਂ ਹੋ ਗਈਆਂ ਨੇ, ਮੁੰਡੇ ਦੀ ਦੁਆ ਕਰੋ।'' ਉਹ ਕਮਲਾ ਬਾਬਾ ਅੱਵਲ ਤਾਂ ਚੁਪ ਹੀ ਰਹਿੰਦਾ ਪਰ ਜਦੋਂ ਸੱਤ ਜਾਂਦਾ ਤਾਂ ਅੱਗੋਂ ਗੰਦੀ ਜਿਹੀ ਗਾਲ੍ਹ ਕਢਦਾ।

ਜਿਸ ਨੂੰ ਗਾਲ ਪੈਂਦੀ, ਉਹ ਖ਼ੁਸ਼ ਹੋ ਕੇ ਚੜ੍ਹਾਵਾ ਚਾੜ੍ਹ ਆਉਂਦਾ। ਸ਼ਰਧਾ ਇਹ ਸੀ ਕਿ ਬਾਬਾ ਮੋਠੂ ਜਿਸ ਨੂੰ ਗਾਲ੍ਹ ਕੱਢ ਦੇਵੇ, ਉਸ ਦੀ ਮੁਰਾਦ ਪੂਰੀ ਹੋ ਜਾਂਦੀ ਹੈ। ਹੋਣੀ ਤਕਦੀਰ ਨੂੰ, ਬਾਬਾ ਮੋਠੂ ਇਕ ਦਿਨ ਮਰ ਗਿਆ। ਬਾਬੇ ਦੀ ਗੱਦੀ ਖ਼ਾਲੀ ਹੋ ਗਈ। ਚੜ੍ਹਾਵੇ ਦੀ ਆਮਦਨੀ ਬੰਦ ਹੋ ਗਈ। ਬਾਬੇ ਦੇ ਪਿਛਲਿਆਂ ਨੇ ਘਾਟਾ ਪੈਂਦਾ ਵੇਖ ਕੇ ਇਕ ਬੁਢੜਾ ਜਿਹਾ ਉਥੇ ਬਿਠਾ ਦਿਤਾ।

ਮੁਰਾਦਾਂ ਮੰਗਣ ਵਾਲੇ ਲੋਕ ਆਉਂਦੇ ਪਰ ਨਵੇਂ ਬਾਬੇ ਨੂੰ ਕੁੱਝ ਅਕਲ ਸੁਰ ਹੈ ਸੀ ਤੇ ਉਹ ਗਾਲ੍ਹ ਕੱਢਣ ਤੋਂ ਝਕਦਾ ਸੀ। ਉਹ ਗਾਲ੍ਹ ਨਹੀਂ ਸੀ ਕਢਦਾ ਤੇ ਲੋਕ ਬੋਝੇ ਵਿਚੋਂ ਪੈਸੇ ਨਹੀਂ ਸਨ ਕਢਦੇ ਕਿਉਂਕਿ ਸਾਰੀਆਂ ਬਰਕਤਾਂ ਤਾਂ ਗਾਲ੍ਹਾਂ ਨਾਲ ਹੀ ਸਨ। ਕਿਸੇ ਨੇ ਬਾਬੇ ਦੇ ਕੰਨ ਵਿਚ ਫੂਕ ਮਾਰੀ ਕਿ ਗਾਲ੍ਹਾਂ ਚਾਲੂ ਕਰ, ਨਹੀਂ ਤਾਂ ਭੁੱਖਾ ਮਰ ਜਾਏਂਗਾ। ਬਾਬੇ ਨੇ ਹੌਲੀ ਹੌਲੀ ਡਰਦੇ ਡਰਦੇ ਨੇ ਢਿੱਲੀ ਮੱਠੀ ਜਿਹੀ ਗਾਲ੍ਹ ਚਾਲੂ ਕਰ ਦਿਤੀ। ਲੋਕ ਖ਼ੁਸ਼ ਹੋ ਗਏ ਅਤੇ ਬਾਬੇ ਦੀ ਰੋਟੀ ਵੀ ਟੁਰ ਪਈ।

ਮੈਂ ਇਕ ਰਹਿਮਤ ਘੁਮਿਆਰ ਨੂੰ ਇਹ ਕਹਿੰਦੇ ਸੁਣਿਆ, ''ਯਾਰ, ਬਾਬੇ ਮੋਠੂ ਤੋਂ ਪਿੱਛੋਂ ਪਿੰਡ ਨੂੰ ਬੜਾ ਘਾਟਾ ਸੀ ਪਰ ਹੁਣ ਰੱਬ ਦੀ ਮਿਹਰਬਾਨੀ ਨਾਲ ਨਵਾਂ ਬਾਬਾ ਲੱਭੂ ਵੀ ਕੋਈ ਕੋਈ ਗਾਲ੍ਹ ਕੱਢਣ ਲੱਗ ਪਿਐ।''ਹੁਣ ਆਪ ਹੀ ਸੋਚੋ ਕਿ ਜਿਥੇ ਗਾਲ੍ਹਾਂ ਨੂੰ ਹੀ ਰੱਬ ਦੀ ਮਿਹਰਬਾਨੀ ਸਮਝਿਆ ਜਾਵੇ, ਉਥੇ ਅਕਲ ਦੀ ਮਿਹਰਬਾਨੀ ਕਿਵੇਂ ਹੋ ਸਕਦੀ ਹੈ? ਇਸ ਅੰਨ੍ਹੀ ਸ਼ਰਧਾ ਦੇ ਥਾਂ ਥਾਂ ਖਿਲਰੇ ਹੋਏ ਦਰਦਨਾਕ ਹਾਦਸੇ ਗਿਣਨ ਗੋਚਰੇ ਹੀ ਨਹੀਂ। ਪੈਰ ਪੈਰ ਉਤੇ ਸਵਰਗੀ ਪ੍ਰੋਫ਼ੈਸਰ ਮੋਹਨ ਸਿੰਘ ਯਾਦ ਆਉਂਦਾ ਹੈ ਜੋ ਆਖ ਗਿਆ ਕਿ ''ਲਾਈ ਲੱਗ ਮੋਮਿਨ ਨਾਲੋਂ, ਖੋਜੀ ਕਾਫ਼ਿਰ ਚੰਗਾ।''

ਮੁੱਲਾਂ ਮੁਲਾਣਿਆਂ ਨੇ ਤਾਂ ਫ਼ਤਵਾ ਦੇ ਦਿਤਾ ਕਿ ਧਰਮ ਬਾਰੇ ਅਕਲ ਦੀ ਵਰਤੋਂ ਪਾਪ ਹੈ ਅਤੇ ਖੋਜ ਕਰਨ ਵਾਲਾ ਕਾਫ਼ਿਰ ਹੋ ਜਾਂਦਾ ਹੈ। ਬੰਦੇ ਨੇ ਚਾਟੀ ਕਨਾਲੀ ਜਾਂ ਕਾੜ੍ਹਨੀ ਵੀ ਖ਼ਰੀਦਣੀ ਹੋਵੇ ਤਾਂ ਉਸ ਨੂੰ ਦਸ ਵੇਰਾਂ ਠਕੋਰਿਆ ਜਾਂਦਾ ਹੈ ਕਿ ਕਿਧਰੇ ਤ੍ਰੇੜ ਤਾਂ ਨਹੀਂ ਆਈ। ਪਰ ਬਾਬਿਆਂ-ਪੀਰਾਂ ਨੂੰ ਟੁਣਕਾ ਕੇ ਵੇਖਣ ਦੀ ਲੋੜ ਕੋਈ ਵੀ ਮਹਿਸੂਸ ਨਹੀਂ ਕਰਦਾ ਕਿ ਕਿਧਰੇ ਇਸ ਦੀ ਅਪਣੀ ਸ਼ਰਧਾ ਦਾ ਠੇਡਾ ਖਾ ਕੇ ਮੂੰਧੇ ਮੂੰਹ ਨਾ ਡਿੱਗ ਮਰਾਂ।

ਮੰਨਿਆ ਕਿ ਅਗਲੇ ਵੀ ਬੜੇ ਚਾਤਰ, ਉਸਤਾਦ ਅਤੇ ਕਾਰੀਗਰ ਹੁੰਦੇ ਨੇ, ਜਿਨ੍ਹਾਂ ਦਾ ਵਾਰ ਕੁਥਾਹਰੇ ਨਹੀਂ ਜਾਂਦਾ ਪਰ ਅੱਜ ਉਹ ਵੇਲਾ ਜਾ ਰਿਹਾ ਹੈ ਕਿ ਟੁਰੇ ਜਾਂਦੇ ਦੀ ਚਾਲ ਵੇਖ ਕੇ ਦੱਸ ਦੇਂਦੇ ਨੇ ਕਿ ਇਹ ਕਿਹੜੀ ਚਾਲ ਚੱਲੇਗਾ। ਉਹ ਵੇਲੇ ਗਏ ਜਦੋਂ ਨਵੀਂ ਨਵੀਂ ਟਾਰਚ ਈਜਾਦ ਹੋਈ ਅਤੇ ਇਕ ਕਾਰੀਗਰ ਬਾਬਾ ਜੀ ਨੇ ਭੋਲੇ ਪੰਛੀਆਂ ਨੂੰ ਆਖਿਆ ਕਿ ਜਿਹੜਾ ਚਾਲ੍ਹੀ ਦਿਨ ਮੇਰੇ ਕੋਲ ਚਿੱਲਾ ਕੱਟੇਗਾ ਮੈਂ ਉਸ ਨੂੰ ਖੁੱਲ੍ਹੀਆਂ ਅੱਖਾਂ ਨਾਲ ਰੱਬ ਦੇ ਨੂਰ ਦਾ ਚਾਨਣ ਵਿਖਾ ਦੇਵਾਂਗਾ।

40 ਦਿਨ ਪਿੱਛੋਂ ਬਾਬਾ ਜੀ ਨੇ ਹਨੇਰੇ ਕਮਰੇ ਵਿਚ ਵਾੜ ਕੇ ਬੰਦੇ ਨੂੰ ਸੀਨੇ ਨਾਲ ਲਾ ਕੇ ਬੁੱਕਲ ਵਿੱਚੋਂ ਬੈਟਰੀ ਦਾ ਬਟਨ ਦਬਾ ਦਿਤਾ। ਅੰਨ੍ਹੇ ਨੂੰ ਰੱਬ ਦਾ ਨੂਰ ਨਜ਼ਰ ਆ ਗਿਆ ਤੇ ਉਸ ਨੇ ਦੁਹਾਈ ਪਾ ਦਿਤੀ ਕਿ 'ਪੀਰ ਸਾਬ੍ਹ ਬੜੇ ਕਰਨੀ ਵਾਲੇ ਪਹੁੰਚੇ ਹੋਏ ਬਜ਼ੁਰਗ ਨੇ।' ਬਸ ਫਿਰ, ਪਾ ਦਿਤੀ ਬਾਬਾ ਜੀ ਨੇ ਲੋਟੀ। ਇਹ ਪੰਡਤ ਪੁਰੋਹਤ ਤਾਂ ਦੂਰ ਦੀ ਗੱਲ, ਮੇਰੇ ਮਾਮੇ ਦੇ ਪਿੰਡ ਰੰਗੇ ਇਕ ਅਨਪੜ੍ਹ ਹੱਥ ਵੇਖ ਕੇ ਕਿਸਮਤ ਦੱਸਣ ਵਾਲਾ ਰੌਲ ਹਰ ਵਰ੍ਹੇ ਆਉਂਦਾ ਹੁੰਦਾ ਸੀ। ਨੱਥੋ ਗੁਜਰੀ ਦੇ ਵਿਹੜੇ ਦੁਪਹਿਰੇ ਸਾਰੀਆਂ ਜ਼ਨਾਨੀਆਂ ਇਕੱਠੀਆਂ ਹੋ ਜਾਂਦੀਆਂ ਕਿ ਬਾਬੇ ਕੋਲੋਂ ਕਿਸਮਤ ਪੁਛਣੀ ਹੈ।

ਪਹਿਲਾਂ ਤਾਂ ਉਹ ਬਾਬਾ ਅਪਣੇ ਆਪ ਨੂੰ ਇਹ ਜ਼ਾਹਰ ਕਰਦਾ ਕਿ ਉਸ ਨੂੰ ਵਾਹਵਾ ਉੱਚਾ ਸੁਣਾਈ ਦੇਂਦਾ ਹੈ ਤੇ ਬੋਲਾ ਹੈ। ਫਿਰ ਜ਼ਨਾਨੀਆਂ ਉਸ ਨੂੰ ਬੋਲਾ ਸਮਝ ਕੇ ਆਪਸ ਵਿਚ ਉੱਚੀ ਉੱਚੀ ਗੱਲਾਂ ਕਰਦੀਆਂ। ਇਕ ਜ਼ਨਾਨੀ ਨੇ ਆਖਿਆ 'ਨੀ ਮੈਂ ਇਸ ਨੂੰ ਅਪਣੀ ਸੌਂਕਣ ਬਾਰੇ ਪੁੱਛਣ ਲੱਗੀ ਆਂ ਕਿ ਉਸ ਨੂੰ ਸੱਚੀ ਮੁੱਚੀ ਬਾਲ ਹੋਣ ਵਾਲਾ ਹੈ ਕਿ ਐਵੇਂ ਖੇਖਣ ਹੀ ਕਰਦੀ ਏ।' ਬਾਬਾ ਜੀ ਨੇ ਸੱਭ ਕੁੱਝ ਸੁਣ ਲਿਆ।

ਜ਼ਨਾਨੀ ਦਾ ਹੱਥ ਵੇਖ ਕੇ ਆਖਿਆ, ''ਬੀਬੀ, ਤੂੰ ਕਿਸੇ ਜ਼ਨਾਨੀ ਦੇ ਘਰ ਹੋਣ ਵਾਲੇ ਬਾਲ ਬਾਰੇ ਪੁਛਣਾ ਚਾਹੁੰਦੀ ਏਂ?'' ਜ਼ਨਾਨੀਆਂ ਹੱਕਾ ਬੱਕਾ ਹੋ ਕੇ ਆਖਣ ਲੱਗੀਆਂ, ''ਹਾ ਹਾਏ ਨੀ, ਤੁਹਾਡੇ ਰੱਖੇ ਜਾਣ, ਇਹ ਬਾਬਾ ਤੇ ਗ਼ਾਇਬ ਦਾ ਹਾਲ ਵੀ ਜਾਣਦਾ ਜੇ।'' ਬਾਬੇ ਦੀ ਇਕ ਹੋਰ ਕਾਰਸਤਾਨੀ ਇਹ ਸੀ ਕਿ ਜੇ ਕੋਈ ਜ਼ਨਾਨੀ ਪੁਛਦੀ ਕਿ ਬਾਬਾ ਜੀ ਮੇਰੀ ਧੀ ਦੇ ਘਰ ਮੁੰਡਾ ਹੋਵੇਗਾ ਕਿ ਕੁੜੀ? ਤਾਂ ਬਾਬਾ ਹੱਥ ਵੇਖ ਕੇ ਚਾਂਦੀ ਦਾ ਰੁਪਿਆ ਵੱਟ ਕੇ ਆਖਦਾ, ''ਪੁੱਤਰ, ਤੇਰੀ ਧੀ ਘਰ ਮੁੰਡਾ ਹੋਵੇਗਾ।'' ਪਰ ਨਾਲ ਹੀ ਜਾਂਦੇ ਜਾਂਦੇ ਉਸ ਦੀ ਗਵਾਂਢਣ ਨੂੰ ਆਖ ਜਾਂਦਾ ਕਿ ਉਸ ਦਾ ਦਿਲ ਰੱਖਣ ਲਈ ਮੁੰਡਾ ਆਖ ਦਿਤਾ ਹੈ, ਅਸਲ ਵਿਚ ਕੁੜੀ ਹੋਵੇਗੀ।

ਹੁਣ ਜੇ ਤਾਂ ਮੁੰਡਾ ਹੋ ਗਿਆ ਤਾਂ ਵਾਹ ਭਲਾ ਅਤੇ ਜੇ ਕੁੜੀ ਹੋ ਪਈ ਤਾਂ ਅਗਲੇ ਵਰ੍ਹੇ ਬਾਬੇ ਦੇ ਆਣ ਤੇ ਜ਼ਨਾਨੀ ਨੇ ਆਖਿਆ, ''ਬਾਬਾ ਜੀ ਤੂੰ ਤਾਂ ਆਖਿਆ ਸੀ ਮੁੰਡਾ ਹੋਵੇਗਾ।'' ਬਾਬਾ ਫ਼ੌਰਨ ਗਵਾਂਢਣ ਨੂੰ ਗਵਾਹ ਬਣਾ ਕੇ ਆਖਦਾ, ''ਦੱਸ ਬੀਬੀ ਮੈਂ ਤੈਨੂੰ ਕੀ ਦੱਸ ਕੇ ਗਿਆ ਸਾਂ?'' ਗਵਾਂਢਣ ਦਸਦੀ ਕਿ ਬਾਬੇ ਨੇ ਮੈਨੂੰ ਕੁੜੀ ਦੀ ਹੀ ਦੱਸੀ ਸੀ ਕਿ ਤੇਰਾ ਦਿਲ ਖ਼ਰਾਬ ਨਾ ਹੋਵੇ।

ਯਾਨੀ ਬਾਬੇ ਦੇ ਹਰ ਪਾਸਿਉਂ ਪੌਂ ਬਾਰਾਂ। ਵੇਖ ਲਵੋ ਕਿ ਇਹ ਧੇਲੀ ਪੌਲਾ ਵੱਟਣ ਵਾਲੇ ਨਿੱਕੇ ਨਿੱਕੇ ਅਨਪੜ੍ਹ ਬਾਬੇ ਕੱਟੀ ਵੱਛੀ ਦੇ ਚੋਰ ਕਿਸੇ ਦੇ ਘੇਰੇ ਵਿਚ ਨਹੀਂ ਆਉਂਦੇ ਤਾਂ ਪੂਰਾ ਇੱਜੜ ਹੀ ਖੋਲ੍ਹ ਖੜਨ ਵਾਲੇ ਵੱਡੇ ਵੱਡੇ ਖੜਕਾਟ ਪੀਰਾਂ ਨੂੰ ਪੈਂਖੜ ਕੌਣ ਪਾ ਸਕਦਾ ਹੈ, ਜਿਨ੍ਹਾਂ ਦੀ ਹਾਥ ਹੀ ਕੋਈ ਨਹੀਂ। ਇਹ ਤਾਂ ਨਿੱਕੀਆਂ ਨਿੱਕੀਆਂ ਹੁਸ਼ਿਆਰੀਆਂ ਭੋਲੇ-ਭਾਲੇ ਜ਼ਮਾਨੇ ਦੀਆਂ ਖੇਡਾਂ ਸਨ। ਜੇ ਅੱਜ ਦੇ ਪੜ੍ਹੇ-ਲਿਖੇ ਚੁਸਤ ਚਾਲਾਕ ਦੌਰ ਵਿਚ ਵੀ ਬੰਦਾ ਇਸ ਕਿਸਮ ਦੀਆਂ ਚਾਲਬਾਜ਼ੀਆਂ ਅਤੇ ਪੀਰਾਂ ਭਾਈਆਂ, ਪੰਡਤਾਂ-ਪਾਂਧੀਆਂ ਦੇ ਜਾਲ ਵਿਚ ਆਪ ਹੀ ਲੱਤ ਫਸਾ ਲਵੇ ਤਾਂ ਉਹ ਇਨਸਾਨੀ ਮਜਲਿਸਾਂ ਵਿਚ ਬੈਠਣ ਦੀ ਬਜਾਏ ਭੇਡਾਂ ਦੇ ਵਾੜੇ ਵਿਚ ਹੀ ਵਸਦਾ ਚੰਗਾ ਲਗਦਾ ਹੈ।

ਮੈਂ ਇਹ ਵੀ ਮੰਨਦਾ ਹਾਂ ਕਿ ਮੈਂ ਕੋਈ ਅਨੋਖੀਆਂ ਜਾਂ ਅਲੋਕਾਰ ਗੱਲਾਂ ਨਹੀਂ ਦੱਸ ਰਿਹਾ। ਹਰ ਬੰਦਾ ਇਸ ਕਿਸਮ ਦੇ ਦਾਅ ਦੱਪੇ ਅਤੇ ਠੱਗਬਾਜ਼ੀਆਂ ਨੂੰ ਰੋਜ਼ ਵੇਖ ਰਿਹਾ ਹੈ, ਪਰ ਫਿਰ ਵੀ ਜਿੰਨੀ ਗਿਣਤੀ ਨਾਲ ਲੋਕ ਅੱਜ ਦੇ ਸ਼ੁਦਾਅ ਵਰਗੀ ਸ਼ਰਧਾ ਨਾਲ ਸ਼ੁਦਾਈ ਹੋਏ ਫਿਰਦੇ ਨੇ, ਪਹਿਲਾਂ ਕਦੀ ਵੀ ਨਹੀਂ ਸਨ ਵੇਖੇ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement