Jassa Singh Ramgarhia: ਸਰਦਾਰ ਜੱਸਾ ਰਾਮਗੜ੍ਹੀਆ
Published : Jun 2, 2024, 11:43 am IST
Updated : Jun 2, 2024, 11:43 am IST
SHARE ARTICLE
file Photo
file Photo

1710 ਈ. ਵਿਚ ਉਹ ਦੋ ਹਜ਼ਾਰ ਸਿਪਾਹੀਆਂ ਨਾਲ ਬਜਵਾੜੇ ਵਿਚ ਦਲੇਰ ਖਾਂ ਨਾਲ ਲੜਦਿਆਂ ਸਖ਼ਤ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ।

Jassa Singh Ramgarhia: ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ  5 ਮਈ 1723 ਨੂੰ ਪਿਤਾ ਭਗਵਾਨ ਦਾਸ ਜੀ, ਮਾਤਾ ਗੰਗਾ ਜੀ ਦੇ ਕੁੱਖੋਂ ਪਿੰਡ ਈਚੋਗਿਲ ਪਾਕਿਸਤਾਨ ਵਿਖੇ ਹੋਇਆ। ਪੰਜ ਭਰਾਵਾਂ ਵਿਚੋਂ ਮਹਾਰਾਜਾ ਸ. ਜੱਸਾ ਸਿੰਘ ਸਭ ਤੋਂ ਵੱਡੇ ਸਨ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਲਿਖਦੇ ਹਨ - ‘‘ਗਿਆਨੀ ਭਗਵਾਨ ਸਿੰਘ ਦਾ ਸਪੁੱਤਰ ਸ਼ਸਤਰ ਵਿਦਿਆ ਦਾ ਧਨੀ ਅਤੇ ਵੱਡਾ ਹਿੰਮਤੀ ਸੀ, ਇਹ ਗੁਰਬਾਣੀ ਦਾ ਪ੍ਰੇਮੀ, ਵਰਤਾ ਕੇ ਛਕਣ ਵਾਲਾ ਅਤੇ ਨਿਡਰ ਯੋਧਾ ਸੀ।’’

ਕੇ. ਐੱਸ. ਨਾਰੰਗ ਦੀ ‘ਹਿਸਟਰੀ ਆਫ਼ ਪੰਜਾਬ- 1526-1849’ ਵਿਚ ਲਿਖਿਆ ਹੈ ਕਿ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਦੇ ਵੱਡੇ-ਵਡੇਰੇ ਰਾਠੌਰ ਰਾਜਪੂਤਾਂ ਦੀ ਬੰਸਾਵਲੀ, ਰਾਜਪੂਤਾਂ ਅਤੇ ਕਨੌਜ ਦੇ ਮਾਲਕਾਂ ਨਾਲ ਮਿਲਦੀ ਹੈ ਅਤੇ ਇਹ ਉਨ੍ਹਾਂ ਵਿਚੋਂ ਹੀ ਸਨ। ਘਰ ਵਿਚ ਹੀ ਇਨ੍ਹਾਂ ਨੇ ਅਪਣੇ ਪਿਤਾ ਕੋਲੋਂ ਗੁਰਮੁੱਖੀ ਸਿੱਖੀ। ਸ. ਗੁਰਦਿਆਲ ਸਿੰਘ ਪੰਜਵੜ, ਹੱਥੋਂ ਇਨ੍ਹਾਂ ਨੇ ਪਾਹੁਲ ਲਈ ਸੀ। ਜੱਸਾ ਸਿੰਘ ਜੀ ਦਾ ਵਿਆਹ ਗੁਰਦਿਆਲ ਕੌਰ ਨਾਲ ਹੋਇਆ, ਜਿਸ ਦੀ ਕੁੱਖੋਂ ਦੋ ਪੁੱਤਰਾਂ ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ। ਉਨ੍ਹਾਂ ਦੇ ਦਾਦਾ ਸ. ਹਰਦਾਸ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਹੀ ਰਹਿੰਦੇ ਰਹੇ ਹਨ ਤੇ ਯੁੱਧ ਦੇ ਹਥਿਆਰ ਬੰਦੂਕਾਂ, ਤਲਵਾਰਾਂ, ਭਾਲੇ ਆਦਿ ਬਣਾਉਂਦੇ ਹੁੰਦੇ ਸਨ, ਜਿਨ੍ਹਾਂ ਨੂੰ ਚਲਾਉਣ ਵਿਚ ਉਹ ਆਪ ਵੀ ਮਾਹਰ ਸਨ। ਗੁਰੂ ਜੀ ਕੋਲ ਜੋ ਨਾਗਣੀ ਹੁੰਦੀ ਸੀ ਉਹ ਸ. ਹਰਦਾਸ ਸਿੰਘ ਨੇ ਹੀ ਤਿਆਰ ਕੀਤੀ ਸੀ। ਉਨ੍ਹਾਂ ਨੂੰ ਗੁਰੂ ਜੀ ਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਸ਼ਾਮਲ ਹੋਣ ਦਾ ਮਾਣ ਮਿਲਿਆ ਸੀ। 

1710 ਈ. ਵਿਚ ਉਹ ਦੋ ਹਜ਼ਾਰ ਸਿਪਾਹੀਆਂ ਨਾਲ ਬਜਵਾੜੇ ਵਿਚ ਦਲੇਰ ਖਾਂ ਨਾਲ ਲੜਦਿਆਂ ਸਖ਼ਤ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਹੀ ਅਪਣੇ ਪੁੱਤਰ ਸ. ਭਗਵਾਨ ਸਿੰਘ ਨੂੰ ਹਥਿਆਰ ਬਣਾਉਣ ਅਤੇ ਚਲਾਉਣ ਦੀ ਕਲਾ ਸਿਖਾਈ, ਜੋ ਅੱਗੇ ਗਿਆਨੀ ਭਗਵਾਨ ਸਿੰਘ ਨੇ ਅਪਣੇ ਪੁੱਤਰ ਜੱਸਾ ਸਿੰਘ ਨੂੰ ਸਿਖਾਈ। ਸ. ਭਗਵਾਨ ਸਿੰਘ ਬਾਅਦ ਵਿਚ 1738 ਈ. ਵਿਚ ਵਜ਼ੀਰਾਬਾਦ ਵਾਲੀ ਲੜਾਈ (ਜੋ ਕਿ ਨਾਦਰ ਸ਼ਾਹ ਵਿਰੁਧ ਸੀ ) ਵਿਚ ਸਖ਼ਤ ਜ਼ਖ਼ਮੀ ਹੋ ਕੇ ਬਾਅਦ ਵਿਚ ਸ਼ਹੀਦੀ ਪਾ ਗਏ।

ਇਸ ਲੜਾਈ ਮੌਕੇ ਜੱਸਾ ਸਿੰਘ ਦੀ ਉਮਰ 15 ਸਾਲ ਦੀ ਹੀ ਸੀ ਤੇ ਆਪ ਨੇ ਇਸ ਲੜਾਈ ਵਿਚ ਅਪਣੀ ਬਹਾਦਰੀ ਵਿਖਾਈ। ਇਸ ਤਰ੍ਹਾਂ ਦੇ ਮਾਹੌਲ ਵਿਚ ਸ. ਜੱਸਾ ਸਿੰਘ ਨੂੰ ਬਚਪਨ ਵਿਚ ਹੀ ਪਿਉ ਦਾਦੇ ਤੋਂ ਹੀ ਹਥਿਆਰ ਬਣਾਉਣੇ ਤੇ ਚਲਾਉਣੇ ਗੁੜ੍ਹਤੀ ਵਿਚ ਮਿਲੀ ਹੋਈ ਸੀ। ਵਜ਼ੀਰਾਬਾਦ ਵਾਲੀ ਲੜਾਈ ਵਿਚ ਸਰਦਾਰ ਜੱਸਾ ਸਿੰਘ ਦੀ ਬਹਾਦਰੀ ਤੋਂ ਪ੍ਰਭਾਵਤ ਹੋ ਕੇ ਜਕਰੀਆ ਖ਼ਾਨ ਨੇ ਉਨ੍ਹਾਂ ਨੂੰ ਪੰਜ ਪਿੰਡ (ਵੱਲਾ, ਵੇਰਕਾ, ਸੁਲਤਾਨਵਿੰਡ, ਤੁੰਗ ਤੇ ਚੱਬਾ) ਇਨਾਮ ਵਜੋਂ ਦਿਤੇ ਜੋ ਕਿ ਬਾਅਦ ਵਿਚ ਉਨ੍ਹਾਂ ਨੇ ਅਪਣੇ ਭਰਾਵਾਂ ਵਿਚ ਹੀ ਵੰਡ ਦਿਤੇ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਜ਼ਿੰਦਗੀ ਦੀਆਂ ਮਹਾਨ ਪ੍ਰਾਪਤੀਆਂ ਦਾ ਵੇਰਵਾ ਇਕ-ਦੋ ਪੰਨਿਆਂ ਵਿਚ ਨਹੀਂ ਸਮੇਟਿਆ ਜਾ ਸਕਦਾ ਸਗੋਂ ਇਹ ਤਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਚਮਕਦਾ ਹੋਇਆ ਆਉਣ ਵਾਲੀਆਂ ਨਸਲਾਂ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਬਣਿਆ ਰਹੇਗਾ। ਅਕਤੂਬਰ 1748 ਈ. ਵਿਚ ਜਦੋਂ ਦਿਵਾਲੀ ਦੇ ਮੌਕੇ ’ਤੇ ਅੰਮ੍ਰਿਤਸਰ ਵਿਚ ਸਰਬੱਤ ਖ਼ਾਲਸਾ ਜੁੜਿਆ ਤਾਂ ਲਾਹੌਰ ਦੇ ਸੂਬੇਦਾਰ ਮੀਰ ਮੰਨੂ ਨੇ ਸਿੱਖਾਂ ਨੂੰ ਖਦੇੜਨ ਲਈ ਅੰਮ੍ਰਿਤਸਰ ਉੱਤੇ ਹਮਲਾ ਕਰ ਦਿਤਾ।

ਬਹੁਤੇ ਸਿੱਖ ਨੇੜਲੇ ਜੰਗਲ ਵਲ ਖਿਸਕ ਗਏ ਪਰ ਲਗਭਗ 500 ਸਿੱਖਾਂ ਨੇ ਨਵੀਂ ਬਣੀ ਰਾਮ ਰੌਣੀ ਨਾਂ ਦੀ ਕੱਚੀ ਗੜ੍ਹੀ ਵਿਚ ਸ਼ਰਣ ਲੈ ਲਈ। ਮੁਗ਼ਲ ਸੈਨਾ ਨੇ ਚਾਰ ਮਹੀਨੇ ਘੇਰਾ ਪਾਈ ਰਖਿਆ, ਜਿਸ ਵਿਚ ਲਗਭਗ ਦੋ ਸੌ ਸਿੰਘ ਸ਼ਹੀਦ ਹੋ ਗਏ। ਬਾਕੀ ਬਚੇ ਅੰਦਰਲਿਆਂ ਸਿੰਘਾਂ ਨੇ ਸ. ਜੱਸਾ ਸਿੰਘ ਨੂੰ ਮਦਦ ਲਈ ਕਿਹਾ। ਜੱਸਾ ਸਿੰਘ ਨੇ ਅਦੀਨਾ ਬੇਗ ਦੀ ਨੌਕਰੀ ਛੱਡ ਕੇ ਦੀਵਾਨ ਕੌੜਾ ਮੱਲ ਰਾਹੀਂ ਗੜ੍ਹੀ ਦਾ ਘੇਰਾ ਹਟਵਾਇਆ।

ਨਵੰਬਰ, 1753 ਈ. ਵਿਚ ਮੀਰ ਮਨੂ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਗੜਬੜੀ ਦਾ ਮਾਹੌਲ ਬਣ ਗਿਆ। ਰਾਮ ਰੌਣੀ ਗੜ੍ਹੀ ਨੂੰ ਫਿਰ ਤੋਂ ਉਸਾਰਨ ਦਾ ਕੰਮ ਜੱਸਾ ਸਿੰਘ ਨੂੰ ਸੌਂਪਿਆ ਗਿਆ। ਉਨ੍ਹਾਂ ਨੇ ਗੜ੍ਹੀ ਦਾ ਨਿਰਮਾਣ ਕਰਾ ਕੇ ਉਸ ਦਾ ਨਾਂ ‘ਰਾਮਗੜ੍ਹ’ ਰੱਖਿਆ। ਉਸ ਤੋਂ ਬਾਅਦ ਹੀ  ‘ਰਾਮਗੜ੍ਹੀਆ’ ਸ਼ਬਦ ੳੁਨ੍ਹਾਂ ਦੇ ਨਾਂ ਮਗਰ ਇਕ ਪਹਿਚਾਣ ਬਣਿਆ।

1759 ਵਿਚ ਅਬਦਾਲੀ ਨੇ ਪਾਣੀਪਤ ਵਿਚ ਮਰਾਠਿਆਂ ਨੂੰ ਹਰਾ ਕੇ ਦਿੱਲੀ ਵਿਚ ਬਹੁਤ ਬੁਰੀ ਤਰ੍ਹਾਂ ਲੁੱਟ ਮਚਾਈ। ਲੁੱਟ ਦੇ ਨਾਲ-ਨਾਲ ਉਹ ਦੋ ਹਜ਼ਾਰ ਹਿੰਦੂ ਲੜਕੀਆਂ ਨੂੰ ਵੀ ਨਾਲ ਲੈ ਕੇ ਕਾਬਲ ਵਲ ਚੱਲ ਪਿਆ। ਜੱਸਾ ਸਿੰਘ ਰਾਮਗੜ੍ਹੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਨੂੰ ਜਾ ਘੇਰਿਆ। ਉਸ ਤੋਂ ਲੁੱਟ ਦਾ ਮਾਲ ਖੋਹ ਕੇ ਅਤੇ ਲੜਕੀਆਂ ਨੂੰ ਛੁਡਵਾ ਕੇ ਉਨ੍ਹਾਂ ਦੇ ਘਰੋਂ ਘਰੀ ਪਹੁੰਚਾਇਆ।

ਸ.ਜੱਸਾ ਸਿੰਘ ਰਾਮਗੜ੍ਹੀਆ ਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਇਤਿਹਾਸਕ ਘਟਨਾ 11 ਮਾਰਚ, 1783 ਨਾਲ ਜੁੜੀ ਹੋਈ ਹੈ। 1783 ਨੂੰ ਸਿੱਖ ਫ਼ੌਜਾਂ ਨੇ ਦਿੱਲੀ ਤੇ ਇਕ ਪਾਸਿਉਂ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਅਪਣੀਆਂ ਫ਼ੌਜਾਂ ਨਾਲ ਤੇ ਦੂਸਰੇ ਪਾਸੇ ਤੋਂ ਸ. ਜੱਸਾ ਸਿੰਘ ਆਹਲੂਵਾਲੀਆ ਤੇ ਸ. ਬਘੇਲ ਸਿੰਘ ਵੀ ਅਪਣੀਆਂ ਫ਼ੌਜਾਂ ਸਮੇਤ ਪਹੁੰਚ ਗਏ। ਸਾਰੀਆਂ ਸਿੱਖ ਫ਼ੌਜਾਂ 11 ਮਾਰਚ, 1783 ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਚ ਦਾਖ਼ਲ ਹੋ ਕੇ ਕਿਲ੍ਹੇ ’ਤੇ ਕਬਜ਼ਾ ਕਰ ਕੇ ਦਿੱਲੀ ਦੀ ਹਿੱਕ  ਉੱਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖਾਂ ਦੀਆਂ ਜਿੱਤਾਂ ਦੇ ਝੰਡੇ ਗੱਡ ਦਿਤੇ। 

ਇਕ ਹੋਰ ਮਹੱਤਵਪੂਰਨ ਘਟਨਾ ਦਾ ਜ਼ਿਕਰ ਕਰਨਾ ਵੀ ਇਥੇ ਜ਼ਰੂਰੀ ਹੈ। ਦਿੱਲੀ ਤੋਂ ਵਾਪਸ ਆਉਂਦਿਆਂ ਮੁਗ਼ਲਾਂ ਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਤੇ ਮੁਗ਼ਲਾਂ ਦੀ ਤਾਜਪੋਸ਼ੀ ਵਾਲੀ ਰੰਗ ਬਰੰਗੇ ਪੱਥਰ ਦੀ ਇਕ ਸੁੰਦਰ ਸਿੱਲ੍ਹ, ਜਿਸ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਪਣੇ ਨਾਲ ਅੰਮ੍ਰਿਤਸਰ ਸਾਹਿਬ ਲੈ ਆਏ। ਇਹ 6 ਫੁੱਟ ਲੰਮੀ, 4 ਫ਼ੁੱਟ ਚੌੜੀ ਤੇ 9 ਇੰਚ ਮੋਟੀ ਸਿੱਲ ਇਸ ਸਮੇਂ ਰਾਮਗੜ੍ਹੀਏ ਬੁੰਗੇ ਵਿਚ ਪਈ ਹੈ। ਉਸ ਨੂੰ ਹੁਣ ਰਾਮਗੜ੍ਹੀਆ ਬੁੰਗੇ ਦੇ ਤੌਰ ਉਤੇ ਜਾਣਿਆ ਜਾਂਦਾ ਹੈ। 

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੇ ਉਨ੍ਹਾਂ ਦੀ ਮਿਸਲ ਤੋਂ ਵਿਦੇਸ਼ੀ ਵਿਦਵਾਨ ਵੀ ਪ੍ਰਭਾਵਤ ਹੋਏ। ਉਨ੍ਹਾਂ ਨੇ ਵੀ ਇਸ ਬਾਰੇ ਲਿਖਿਆ। ਜੇ.ਡੀ. ਕੰਨਿਘਮ ਲਿਖਦਾ ਹੈ ਕਿ ਮਾਝੇ ਵਿਚ ਪਹਿਲੋਂ ਤਾਕਤ ਫੜਨ ਵਾਲੇ ਰਾਮਗੜ੍ਹੀਏ ਸਨ। ‘ਸਰ ਲੈਪਲ ਗਰਿਫ਼ਨ’ ਲਿਖਦਾ ਹੈ ਕਿ ਸਿੱਖ ਮਿਸਲਾਂ ’ਚੋਂ ਰਾਮਗੜ੍ਹੀਆ ਮਿਸਲ ਸਭ ਤੋਂ ਤਾਕਤ ਵਾਲੀ ਸੀ।

8 ਅਗਸਤ 1803 ਨੂੰ ਜੱਸਾ ਸਿੰਘ ਰਾਮਗੜ੍ਹੀਆ 80 ਸਾਲ ਦੀ ਉਮਰ ਹੰਢਾਉਂਦਿਆਂ ਅਪਣੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ ਵਿਖੇ ਸਵਰਗਵਾਸ ਹੋ ਗਏ। ਅੱਜ ਦੇ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ ਕਿ ਪੰਜਾਬ ਦੀ ਧਰਤੀ ਦੇ ਜਾਏ ਮਹਾਨ ਯੋਧਿਆਂ ਦੀਆਂ ਸਿੱਖੀ ਸਿਧਾਂਤਾਂ ’ਤੇ ਚੱਲਦਿਆਂ ਪਾਈਆਂ ਪੈੜਾਂ ਦੇ ਨਿਸ਼ਾਨ ਪਛਾਣੀਏ ਤੇ ਕੋਸ਼ਿਸ਼ ਕਰੀਏ ਕਿ ਜ਼ਿਆਦਾ ਨਹੀਂ ਤਾਂ ਥੋੜ੍ਹਾ ਹੀ ਸਹੀ ਕੁਝ ਤਾਂ ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣ ਵਾਲੀ ਪੀੜ੍ਹੀ ਦੇ ਹਿੱਸੇ ਅਪਣੇ ਇਤਿਹਾਸ ਦੀਆਂ ਮਹਾਨ ਪ੍ਰਾਪਤੀਆਂ ਦਾ ਮਾਣ ਝੋਲੀ ਪਾ ਕੇ ਜਾਈਏ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement