
ਇਨ੍ਹਾਂ ਸਵਾਲਾਂ ਵਲ ਪਹਿਲਾਂ ਹੀ ਧਿਆਨ ਦਿਤਾ ਗਿਆ ਹੁੰਦਾ ਤਾਂ ਹਰ ਪੱਖ ਲਈ ਚੰਗਾ ਹੁੰਦਾ।
ਫ਼ਿਲਮ ਨਾਨਕ ਸ਼ਾਹ ਫ਼ਕੀਰ ਉਤੇ ਉਠੇ ਵਿਵਾਦ ਨਾਲ ਕੁੱਝ ਮੁਢਲੇ ਅਤੇ ਸਦੀਵੀਂ ਸਵਾਲ ਵੀ ਜੁੜੇ ਹੋਏ ਹਨ। ਇਨ੍ਹਾਂ ਸਵਾਲਾਂ ਵਲ ਪਹਿਲਾਂ ਹੀ ਧਿਆਨ ਦਿਤਾ ਗਿਆ ਹੁੰਦਾ ਤਾਂ ਹਰ ਪੱਖ ਲਈ ਚੰਗਾ ਹੁੰਦਾ। ਸੈਂਸਰ ਬੋਰਡ ਨੇ ਇਸ ਫ਼ਿਲਮ ਨੂੰ ਪ੍ਰਮਾਣ ਪੱਤਰ ਦੇ ਦਿਤਾ ਹੈ ਅਤੇ ਸੁਪਰੀਮ ਕੋਰਟ ਨੇ ਵੀ ਫ਼ਿਲਮ ਵਿਖਾਉਣ ਨੂੰ ਸਹੀ ਮੰਨਿਆ ਹੈ। ਇਨ੍ਹਾਂ ਦੇ ਫ਼ੈਸਲੇ ਅਪਣੀਆਂ ਕਿਤਾਬਾਂ ਦੇ ਮੁਤਾਬਕ ਹਨ। ਫ਼ਿਲਮ ਬਣਾਉਣ ਵਾਲੇ ਇਕ ਕਾਮਯਾਬ ਫ਼ਿਲਮ ਬਣਾ ਕੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਅਤੇ ਸ਼ੋਹਰਤ ਕਮਾਉਣ ਦੀ ਦ੍ਰਿਸ਼ਟੀ ਨਾਲ ਕੰਮ ਕਰਦੇ ਹਨ। ਪੰਥਕ ਵਿਰੋਧ ਗੁਰੂ ਸਾਹਿਬਾਨ, ਗੁਰਸਿੱਖੀ ਅਤੇ ਗੁਰਮਤਿ ਦੀ ਮਰਿਆਦਾ ਲਈ ਹੈ। ਨਾਨਕ ਸ਼ਾਹ ਫ਼ਕੀਰ ਤੋਂ ਪਹਿਲਾਂ ਚਾਰ ਸਾਹਿਬਜ਼ਾਦੇ ਫ਼ਿਲਮ ਬਣੀ ਸੀ, ਜੋ ਹੱਥੋਂ-ਹੱਥ ਲਈ ਗਈ ਸੀ। ਜੋ ਸਵਾਲ ਅੱਜ ਚਿੰਤਾ ਦਾ ਕਾਰਨ ਬਣ ਰਹੇ ਹਨ, ਉਸ ਵੇਲੇ ਵੀ ਸਨ, ਜਦੋਂ ਚਾਰ ਸਾਹਿਬਜ਼ਾਦੇ ਫ਼ਿਲਮ ਦੀ ਅੱਖਾਂ ਮੀਟ ਕੇ ਤਾਰੀਫ਼ ਕੀਤੀ ਜਾ ਰਹੀ ਸੀ। ਇਨ੍ਹਾਂ ਸਵਾਲਾਂ ਨੂੰ ਅੱਜ ਵੀ ਫ਼ਿਲਮ ਨਾਨਕ ਸ਼ਾਹ ਫ਼ਕੀਰ ਦਾ ਵਿਰੋਧ ਕਰਦਿਆਂ ਕੇਂਦਰ ਵਿਚ ਨਹੀਂ ਰਖਿਆ ਜਾ ਰਿਹਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਵਡਹੰਸ ਕੀ ਵਾਰ ਅੰਦਰ ਵਚਨ ਕੀਤੇ ਕਿ 'ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ£' ਗੁਰੂ ਸਾਹਿਬਾਨ ਦੀ ਵਡਿਆਈ, ਗੁਰਬਾਣੀ ਦੀ ਅੰਮ੍ਰਿਤਮਈ ਦਾਤ, ਪੰਥਕ ਇਤਿਹਾਸ ਦੀ ਮਹਾਨਤਾ ਕਿਸੇ ਤੋਂ ਲੁਕੀ ਨਹੀਂ ਹੋਈ। ਇਸ ਦੀ ਵਿਆਖਿਆ ਕਰਨ ਵਾਲੇ ਗ੍ਰੰਥ ਭਿੰਨ ਭਿੰਨ ਭਾਸ਼ਾਵਾਂ ਵਿਚ ਮੌਜੂਦ ਹਨ। ਇਸ ਦੀਆਂ ਚਰਚਾਵਾਂ ਵੀ ਚਲਦੀਆਂ ਰਹਿੰਦੀਆਂ ਹਨ। ਪਰ ਇਤਿਹਾਸ ਜਾਣ ਲੈਣਾ, ਵਿਆਖਿਆ ਪੜ੍ਹ ਲੈਣੀਆਂ ਕੋਈ ਮਕਸਦ ਨਹੀਂ ਪੂਰਾ ਕਰਦੀਆਂ। ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨੂੰ ਸਮਝਣ ਲਈ ਗਹਿਰ ਗੰਭੀਰ ਮਤਿ ਅਤੇ ਸੁਰਤਿ ਦੀ ਲੋੜ ਹੈ। 'ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ£' ਗੁਰਸਿੱਖੀ ਨੂੰ ਸਮਝਣ ਲਈ ਹੀ ਸਿੱਖ ਅਰਦਾਸ ਕਰਦਾ ਹੈ ''ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ।'' ਇਸ ਯੋਗਤਾ ਨਾਲ ਗੁਰਸਿੱਖ ਦੀ ਸਮਝ ਤੇ ਗੁਰਸਿੱਖੀ ਦੇ ਮਾਰਗ ਤੇ ਚੱਲਣ ਦੀ ਸਮਰੱਥਾ ਆਉਂਦੀ ਹੈ। ਜੋ ਗੁਰਸਿੱਖ ਗੁਰਬਾਣੀ ਦੀ ਸੇਧ ਤੇ ਅਰਦਾਸ ਦੇ ਮਨੋਰਥ ਤੇ ਭਰੋਸਾ ਕਰਦਾ ਹੈ, ਉਸ ਨੂੰ ਗੁਰਸਿੱਖੀ ਧਾਰਨ ਕਰਨ ਲਈ ਕਿਸੇ ਫ਼ਿਲਮ ਦੀ ਨਹੀਂ ਆਤਮ ਸੰਕਲਪ ਦੀ ਲੋੜ ਹੁੰਦੀ ਹੈ।
ਹੋ ਸਕਦਾ ਹੈ ਕਿ ਬਹੁਤ ਸਾਰੇ ਲੋਕ ਫ਼ਿਲਮਾਂ, ਮੀਡੀਆ ਦੇ ਹੋਰ ਸਾਧਨਾਂ ਨੂੰ ਧਰਮ ਪ੍ਰਚਾਰ ਦਾ ਅਹਿਮ ਹਿੱਸਾ ਮੰਨਦੇ ਹੋਣ। ਪਰ ਇਹ ਕਿਵੇਂ ਮੰਨ ਲਿਆ ਗਿਆ ਕਿ ਗੁਰਸਿੱਖੀ ਲਈ ਵੀ ਇਹ ਵੱਡੀ ਲੋੜ ਹੈ। ਸੰਸਾਰ ਦੀ ਜੋ ਸੋਚ ਅੱਜ ਹੈ, ਬਾਬਾ ਨਾਨਕ ਨੇ ਉਸ ਨੂੰ ਪੰਜ ਸੌ ਸਾਲ ਪਹਿਲਾਂ ਖ਼ਾਰਜ ਕਰ ਦਿਤਾ ਸੀ। ਗੁਰੂ ਸਾਹਿਬ ਨੇ ਧਰਮ, ਸਮਾਜ ਨੂੰ ਵੇਖਣ ਲਈ ਜੋ ਦ੍ਰਿਸ਼ਟੀ ਬਖ਼ਸ਼ੀ, ਉਸ ਦੀ ਮਹੱਤਤਾ ਤੇ ਲੋੜ ਅੱਜ ਤੇਜ਼ੀ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇਹੋ ਕਾਰਨ ਹੈ ਕਿ ਸੰਸਾਰ ਭਰ ਵਿਚ ਸਿੱਖਾਂ ਦਾ ਮਾਣ ਵੱਧ ਰਿਹਾ ਹੈ ਤੇ ਅਮਰੀਕਾ, ਬਰਤਾਨੀਆ ਜਿਹੇ ਦੇਸ਼ਾਂ ਵਿਚ ਦਸਤਾਰ ਦਿਵਸ ਮਨਾਏ ਜਾ ਰਹੇ ਹਨ। ਗੁਰਸਿੱਖੀ ਸਦਾ ਹੀ ਸੰਸਾਰ ਦੀ ਪ੍ਰਚੱਲਤ ਧਾਰਾ ਤੋਂ ਵਖਰੀ ਤੇ ਰੌਸ਼ਨ ਹੋਂਦ ਵਾਲੀ ਰਹੀ ਹੈ। ਇਸ ਦਾ ਕਾਰਨ ਗੁਰੂ ਸਾਹਿਬਾਨ ਤੇ ਗੁਰਬਾਣੀ ਲਈ ਗੁਰਸਿੱਖਾਂ ਦਾ ਸਮਰਪਣ ਤੇ ਪ੍ਰੀਤ ਹੈ। ਇਹ ਅੰਤਰ ਅਵੱਸਥਾ ਤੋਂ ਬਣਦੀ ਹੈ ਕਿਸੇ ਬਾਹਰਲੀ ਪ੍ਰੇਰਣਾ ਤੋਂ ਨਹੀਂ। ਗੁਰਮਤਿ ਦਾ ਮਾਰਗ ਬਾਹਰਲੇ ਭੇਖ, ਤਮਾਸ਼ੇ, ਰਸ ਕਸ ਦਾ ਨਹੀਂ ਹੈ। ਇਸ ਨੇ ਹੀ ਧਰਮ ਦਾ ਘਾਣ ਕੀਤਾ ਸੀ ਤੇ ਇਸ ਤੋਂ ਬਾਹਰ ਕੱਢਣ ਲਈ ਹੀ ਬਾਬਾ ਨਾਨਕ ਜੀ ਨੇ ਅਵਤਾਰ ਧਾਰਿਆ। ਗੁਰਮਤਿ ਨੂੰ ਸਮਝਣ ਤੇ ਪ੍ਰੇਰਣਾ ਲਈ ਉਸ ਅਵਸਥਾ ਦੀ ਲੋੜ ਹੁੰਦੀ ਹੈ ਜਿਸ ਅੰਦਰ ਬਿਨਾ ਅੱਖਾਂ ਵੇਖਣ ਤੇ ਬਿਨਾ ਕੰਨਾਂ ਸੁਣਨ ਦਾ ਅਭਿਆਸ ਹੋ ਜਾਵੇ ''ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ£'' ਇਸ ਅਵਸਥਾ ਅੰਦਰ ਮਨੁੱਖ ਦੀਆਂ ਸਾਰੀਆਂ ਇੰਦਰੀਆਂ ਤੇ ਅੰਗਾਂ ਦਾ ਬਲ ਨਿੱਤਰ ਕੇ ਆਤਮਕ ਤਲ ਵਿਚ ਸਮੋਇਆ ਜਾਂਦਾ ਹੈ। ਸ੍ਰੀਰਕ ਅੰਗਾਂ ਤੇ ਇੰਦ੍ਰਿਆਂ ਦੀ ਜੁਗਤ ਨਾਲ ਆਤਮਕ ਪ੍ਰਾਪਤੀ ਨਹੀਂ ਹੁੰਦੀ ''ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ£'' ਗੁਰਮਤਿ ਤੇ ਗੁਰਸਿੱਖੀ ਅੰਤਰ ਅਵਸਥਾ ਦਾ ਵਿਸ਼ਾ ਹੈ, ਫ਼ਿਲਮਾਂ, ਨਾਟਕਾਂ ਚੇਟਕਾਂ ਦਾ ਨਹੀਂ। ਜੇ ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਇਹ ਗੁਰਸਿੱਖੀ ਦੀ ਮਹਾਨਤਾ ਤੇ ਬਹੁਤ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ। ਅੱਜ ਇਕ ਫ਼ਿਲਮ ਹੈ, ਕੱਲ ਹੋਰ ਲੋਕ ਤਿਆਰ ਹੋ ਜਾਣਗੇ। ਇਹਨਾਂ ਪੈਸੇ ਕਮਾ ਕੇ ਕਿਨਾਰੇ ਲੱਗ ਜਾਣੈ ਤੇ ਘਾਣ ਸਿੱਖੀ ਦਾ ਹੋਵੇਗਾ। ਫ਼ਿਲਮਾਂ ਨਾਲ ਨਾ ਤਾਂ ਸਿੱਖੀ ਦਾ ਕੋਈ ਭਲਾ ਹੋਣਾ ਹੈ ਨਾ ਹੀ ਕੋਈ ਨਜ਼ੀਰ ਬਣਨੀ ਹੈ। ਇਹ ਅਸੀ ਸਾਰੇ ਜਾਣਦੇ ਹਾਂ ਕਿ ਫ਼ਿਲਮਾਂ ਦਾ ਇਕ ਬਜਟ ਹੁੰਦਾ ਹੈ ਤੇ ਫਾਇਨੈਂਸਰ ਮੁਨਾਫ਼ਾ ਕਮਾਉਣ ਲਈ ਇਸ ਵਿਚ ਪੈਸਾ ਲਗਾਉਂਦੇ ਹਨ। ਮੁਨਾਫ਼ੇ ਲਈ ਫ਼ਿਲਮਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੀਆਂ ਹਲਕੀਆਂ ਭਾਵਨਾਵਾਂ ਨੂੰ ਉਭਾਰ ਕੇ ਸਿਨੇਮਾਘਰਾਂ ਤਕ ਲੈ ਆਇਆ ਜਾਵੇ। ਗੁਰਸਿੱਖੀ ਮਨ ਪਰਚਾਵਾ ਨਹੀਂ ਖੰਡੇ ਦੀ ਧਾਰ ਤੇ ਤਿੱਖੀ ਤੇ ਵਾਲ ਤੋਂ ਵੀ ਨਿੱਕੀ ਹੈ। ਗੁਰਸਿੱਖੀ ਦੀ ਪ੍ਰੇਰਣਾ ਸਿਨੇਮਾਘਰ ਵਿਚ ਨਹੀਂ ਅਲੂਣੀ ਸਿੱਲ ਚੱਟ ਕੇ ਮਿਲਦੀ ਹੈ। ਸਾਡੇ ਅੰਦਰ ਵੀ ਭਰਮ ਹਨ ਕਿ ਫ਼ਿਲਮਾਂ ਤੇ ਬੰਦਿਸ਼ਾਂ ਦੀ ਗੱਲ ਕਰ ਕੇ ਅਸੀ ਆਪ ਗੁਰਸਿੱਖੀ ਦੇ ਪ੍ਰਚਾਰ ਵਿਚ ਵਿਘਨ ਬਣ ਰਹੇ ਹਾਂ। ਪ੍ਰਚਾਰ ਦੀ ਫਿਕਰ ਛੱਡ ਕੇ ਇਹ ਸੋਚਣਾ ਚਾਹੀਦੈ ਕਿ ਜੇ ਗੁਰਸਿੱਖੀ ਦੀ ਮਰਿਆਦਾ ਹੀ ਨਹੀਂ ਰਹੇਗੀ ਤਾਂ ਫ਼ਿਲਮਾਂ ਰਾਹੀਂ ਪ੍ਰਚਾਰ ਕਿਸ ਕੰਮ ਦਾ? ਫ਼ਿਲਮਾਂ ਕਿਸੇ ਵੀ ਵਿਸ਼ੇ ਨੂੰ ਮੂਰਤ ਰੂਪ ਦੇ ਕੇ ਹੀ ਬਣਦੀਆਂ ਹਨ। ਗੁਰਸਿੱਖੀ ਅੰਦਰ ਮੂਰਤ ਦੀ ਨਹੀਂ ਸੋਚ ਤੇ ਸ਼ਬਦ ਦੀ ਮਹੱਤਤਾ ਕਾਇਮ ਕੀਤੀ ਗਈ ਹੈ। ਜੋ ਕਦਮ ਕੌਮ ਨੂੰ ਸ਼ਬਦ ਗੁਰੂ ਦੀ ਸੋਚ ਤੋਂ ਦੂਰ ਕਰਨ ਵਾਲਾ ਹੋਵੇ, ਉਹ ਕਿਵੇਂ ਪ੍ਰਵਾਨ ਕੀਤਾ ਜਾ ਸਕਦੈ। ਗੁਰਸਿੱਖੀ ਦੀ ਪ੍ਰੇਰਣਾ ਲਈ ਸ਼ਬਦ ਗੁਰੂ ਹੈ, ਗੁਰੂ ਘਰ ਹੈ ਤੇ ਸਾਧ ਸੰਗਤ ਹੈ ਸਿਨੇਮਾ ਘਰ ਨਹੀਂ। ਠੀਕ ਹੈ ਕਿ ਬਦਲਦੇ ਸਮੇਂ ਨਾਲ ਬਦਲਣਾ ਚਾਹੀਦੈ। ਮੀਡੀਆ ਦਾ ਸਮਾਜ ਅੰਦਰ ਅਸਰ ਤੇ ਦਖਲ ਵੱਧ ਰਿਹਾ ਹੈ। ਇਸ ਦਾ ਇਸਤੇਮਾਲ ਕਿਸ ਆਦਮੀ, ਕਿਸ ਅਦਾਰੇ ਤੇ ਕਿਸ ਕੌਮ ਨੇ ਕਿਵੇਂ ਕਰਨਾ ਹੈ, ਇਹ ਉਸ ਦਾ ਅਪਣਾ ਫ਼ੈਸਲਾ ਹੈ। ਸਿੱਖ ਕੌਮ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਮੁੱਖ ਧਾਰਮਕ ਅਸਥਾਨਾਂ ਤੋਂ ਸ਼ਬਦ ਕੀਰਤਨ ਤੇ ਕਥਾ ਦੇ ਲਾਈਵ ਪ੍ਰਸਾਰਣ ਦਾ ਪ੍ਰਬੰਧ ਕਰ ਕਿ ਮੀਡੀਆ ਦੀ ਸੁਚੱਜੀ ਵਰਤੋਂ ਦੀ ਮਿਸਾਲ ਕਾਇਮ ਕੀਤੀ ਹੈ। ਲੱਖਾਂ ਲੋਕ ਜੋ ਗੁਰ ਅਸਥਾਨਾਂ ਤੋਂ ਦੂਰ ਹਨ, ਇਨ੍ਹਾਂ ਪ੍ਰਸਾਰਣਾਂ ਰਾਹੀਂ ਲਾਹੇਵੰਦ ਹੋ ਰਹੇ ਹਨ। ਗੁਰਮਤਿ ਸਬੰਧੀ ਲਿਟਰੇਚਰ ਪ੍ਰਕਾਸ਼ਤ ਕੀਤਾ ਤੇ ਵੰਡਿਆ ਜਾ ਰਿਹੈ। ਹਰ ਉਹ ਕੰਮ ਜੋ ਸ਼ਬਦ ਗੁਰੂ ਦੀ ਸੋਚ ਨੂੰ ਕੇਂਦਰ ਵਿਚ ਰੱਖ ਕੇ ਕੀਤਾ ਜਾਵੇ ਤਾਂ ਕੌਮ ਨੂੰ ਅੱਗੇ ਵਧਾਉਣ ਵਾਲਾ ਕਿਹਾ ਜਾ ਸਕਦਾ ਹੈ। ਇਸ ਤੋਂ ਅਲਾਵਾ ਹੋਰ ਕੋਈ ਮਾਪਦੰਡ ਨਹੀਂ ਹੋ ਸੱਕਦਾ।
ਸਿੱਖ ਕੌਮ ਦੇ ਹਿੱਤ ਵਿਚ ਹੈ ਕਿ ਸਿੱਖੀ ਤੇ ਸਿੱਖ ਇਤਿਹਾਸ ਦੇ ਨਾਂਅ ਤੇ ਫ਼ਿਲਮਾਂ, ਸੀਰੀਅਲਾਂ ਦੀ ਲੋੜ ਨੂੰ ਸਿਰੇ ਤੋਂ ਹੀ ਖ਼ਾਰਜ ਕਰ ਦਿਤਾ ਜਾਵੇ। ਸੈਂਸਰ ਬੋਰਡ ਜਾਂ ਕਿਸੇ ਹੋਰ ਸੰਸਥਾ ਦੀ ਮਨਜ਼ੂਰੀ ਦੀ ਲੋੜ ਹੀ ਕਿਉਂ ਪਵੇ? ਮਨਜ਼ੂਰੀ ਦੇਣ ਵਾਲੇ ਵੀ ਇਨਸਾਨ ਹੀ ਹੋਣਗੇ। ਇਹ ਕੌਣ ਕਹਿ ਸਕਦਾ ਹੈ ਕਿ ਉਹ ਕਿਵੇਂ ਚੀਜ਼ਾਂ ਨੂੰ ਵੇਖਣਗੇ? ਸਿੱਖੀ ਪ੍ਰਚਾਰ ਦਾ ਸੱਭ ਤੋਂ ਵੱਡਾ ਮਾਧਿਅਮ ਆਪ ਸਿੱਖ ਹੈ ਜੋ ਪੂਰਣ ਤੌਰ ਉਤੇ ਰਹਿਤਵਾਨ ਹੋਵੇ। ਕੌਮ ਦਾ ਧਿਆਨ ਰਹਿਤ ਤੇ ਪ੍ਰਪੱਕ ਸਿੱਖ ਤਿਆਰ ਕਰਨਾ ਹੋਣਾ ਚਾਹੀਦੈ। ਹਰ ਸਿੱਖ ਨੂੰ ਪਤਾ ਹੋਣਾ ਚਾਹੀਦੈ ਕਿ ਸਿੱਖੀ ਦੀ ਮਰਿਆਦਾ ਕਿਵੇਂ ਸੰਭਾਲਣੀ ਹੈ। ਹਾਲ ਦੀ ਹੀ ਗੱਲ ਹੈ ਕਿ ਲੰਦਨ ਵਿਚ ਸਿੱਖ ਐਮ. ਪੀ. ਸਰਦਾਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਗਏ ਇਕ ਸਿੱਖ ਦੀ ਦਸਤਾਰ ਤੇ ਕਿਸੇ ਗੋਰੇ ਨੇ ਹੱਥ ਪਾ ਦਿਤਾ। ਸ. ਤਨਮਨਜੀਤ ਸਿੰਘ ਢੇਸੀ ਨੇ ਇਸ ਦਾ ਜਵਾਬ ਬੜੇ ਹੀ ਸੁਲਝੇ ਤੇ ਅਸਰਦਾਰ ਢੰਗ ਨਾਲ ਦਿਤਾ ਜਿਸ ਦੀ ਗੂੰਜ ਪੂਰੇ ਵਿਸ਼ਵ ਵਿਚ ਹੋਈ ਹੈ। ਉਨ੍ਹਾਂ ਨੇ ਦਸਤਾਰ ਦੀ ਮਹਾਨਤਾ ਬਾਰੇ ਅਭਿਆਨ ਚਲਾਇਆ ਤੇ ਬਰਤਾਨਵੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਦਸਤਾਰ ਪਵਾ ਕੇ ਪਾਰਲੀਮੈਂਟ ਲੈ ਗਏ। ਸਾਰੇ ਮੈਂਬਰਾਂ ਨੇ ਬੜੇ ਹੀ ਚਾਅ ਨਾਲ ਦਸਤਾਰ ਬਣਵਾਈ। ਇਸ ਨਾਲ ਬਤੌਰ ਗੁਰਸਿੱਖ ਜਿਥੇ ਤਨਮਨਜੀਤ ਸਿੰਘ ਦਾ ਵਧੀਆ ਅਕਸ਼ ਮਿਸਾਲ ਬਣਿਆ, ਉੱਥੇ ਹੀ ਗੁਰਸਿੱਖੀ ਦੀ ਸ਼ਾਨ ਵੀ ਵਧੀ। ਗੁਰਮਤਿ ਦਾ ਜੀਵਨ ਫਲਸਫਾ ਸੱਭ ਤੋਂ ਨਿਆਰਾ ਹੈ। ਸਮਾਂ ਆਵੇਗਾ ਜਦੋਂ ਇਸ ਦਾ ਮੁੱਲ ਪਵੇਗਾ। ਉਸ ਵੇਲੇ ਗੁਰਸਿੱਖੀ ਹੀ ਬਚੇਗੀ ਕਿਉਂਕਿ ਇਥੇ ਹੀ ਸੰਸਾਰ ਦੇ ਸਾਰੇ ਸਵਾਲਾਂ ਦਾ ਨਿਦਾਨ ਹੈ “ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ£'' ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇਸ ਦੇ ਮੁਢਲੇ ਸਿਧਾਂਤਾਂ ਬਾਰੇ ਕੋਈ ਭਰਮ, ਕੋਈ ਮਿਲਾਵਟ ਕਾਮਯਾਬ ਨਾ ਹੋ ਸਕੇ।