ਸ਼ਰਧਾ ਦਾ ਸ਼ੁਦਾਅ (ਭਾਗ 10)
Published : Jun 3, 2018, 12:02 am IST
Updated : Jun 3, 2018, 12:02 am IST
SHARE ARTICLE
Amin Malik
Amin Malik

ਅਫ਼ਸੋਸ ਕਿ ਅੱਜ ਮੈਂ ਅੰਨ੍ਹੀ ਸ਼ਰਧਾ ਦਾ ਧੱਕਾ ਵੱਜੇ ਸ਼ੁਦਾਈਆਂ ਦੇ ਵਿਸ਼ੇ ਨੂੰ ਹੱਥ ਪਾ ਬੈਠਾ ਹਾਂ ਕਿ ਸ਼ੁਦਾਅ ਗਲੋਂ ਹੀ ਨਹੀਂ ਲਹਿੰਦਾ। ਉਂਜ ਤਾਂ ਇਹ ਸੱਭ ਕੁੱਝ ਚੱਪੇ ...

ਅਫ਼ਸੋਸ ਕਿ ਅੱਜ ਮੈਂ ਅੰਨ੍ਹੀ ਸ਼ਰਧਾ ਦਾ ਧੱਕਾ ਵੱਜੇ ਸ਼ੁਦਾਈਆਂ ਦੇ ਵਿਸ਼ੇ ਨੂੰ ਹੱਥ ਪਾ ਬੈਠਾ ਹਾਂ ਕਿ ਸ਼ੁਦਾਅ ਗਲੋਂ ਹੀ ਨਹੀਂ ਲਹਿੰਦਾ। ਉਂਜ ਤਾਂ ਇਹ ਸੱਭ ਕੁੱਝ ਚੱਪੇ ਚੱਪੇ ਉਤੇ ਖਿਲਰਿਆ ਪਿਆ ਹੈ ਪਰ ਸੱਪ ਦੇ ਮੂੰਹੋਂ ਡੱਡੀ ਕੌਣ ਛੁਡਾਵੇ? ਚੌਧਰਾਣੀ ਦਾ ਨੰਗੇਜ ਦੱਸ ਕੇ ਲਿੰਗ ਕੌਣ ਤੁੜਵਾਏ? ਇਸ ਸਮਾਜੀ ਬਰਬਾਦੀ ਦੇ ਖੇਡ ਵਿਰੁਧ ਬੋਲਣ ਵਾਲੇ ਦੀ ਜੀਭ ਖਿੱਚਣ ਵਾਲੇ ਰਾਹ ਡੱਕ ਕੇ ਜਿਊਣਾ ਹਰਾਮ ਕਰ ਦੇਂਦੇ ਨੇ। ਉਸ ਨੂੰ ਬਾਗ਼ੀ ਤੋਂ ਵੱਖ ਕਾਫ਼ਰ ਵੀ ਆਖਿਆ ਜਾਂਦਾ ਹੈ।

ਉਸ ਦੇ ਨਸੀਬ ਵਿਚ ਮੁਕੱਦਮੇ ਅਤੇ ਜੇਲ-ਜੁਰਮਾਨੇ ਵੀ ਲਿਖੇ ਜਾਂਦੇ ਨੇ। ਇਸ ਭਲਾਈ ਕਰਨ ਦੇ ਜੁਰਮ ਵਿਚ ਕਈ ਮਨਸੂਰ ਫਾਂਸੀ ਵੀ ਚੜ੍ਹ ਚੁਕੇ ਨੇ।ਗੱਦੀਨਸ਼ੀਨ ਪੀਰਾਂ ਬਾਬਿਆਂ ਦੇ ਖ਼ਨਵਾਦੇ ਵਿਚ ਇਕ ਖੇਡ ਦਾ ਨਾਂ 'ਗੱਦੀਨਸ਼ੀਨ' ਜਾਂ ਸਜਾਦਾਨਸ਼ੀਨ ਵੀ ਹੈ। ਇਹ ਗੱਦੀ ਨਸ਼ੀਨੀ ਇੰਜ ਹੀ ਹੈ ਜਿਵੇਂ ਦਾਦੇ-ਪੜਦਾਦੇ ਦੀ ਮਲਕੀਅਤ ਪੋਤੇ-ਪੜਪੋਤੇ ਨੂੰ ਵਿਰਸੇ ਵਿਚ ਮਿਲਦੀ ਹੈ।

ਕੋਈ ਬਜ਼ੁਰਗ ਅੱਲਾਹ ਵਾਲਾ ਰੱਬ ਦਾ ਜੀਅ ਅਪਣੀ ਨੇਕੀ, ਸ਼ਰਾਫ਼ਤ ਅਤੇ ਬਜ਼ੁਰਗੀ ਕਾਰਨ ਦੁਨੀਆਂ ਵਿਚੋਂ ਇੱਜ਼ਤ ਕਮਾ ਕੇ ਚਲਾਣਾ ਕਰ ਜਾਏ ਤਾਂ ਉਸ ਦੇ ਸਕੇ-ਸੋਧਰੇ ਉਸ ਦੀ ਕਬਰ ਉਤੇ ਮਜ਼ਾਰ ਬਣਾ ਕੇ ਮੱਲ ਮਾਰ ਲੈਂਦੇ ਨੇ। ਇਸ ਮਜ਼ਾਰ ਨੂੰ ਗੱਦੀ ਆਖ ਕੇ ਵੱਡਾ ਪੁੱਤਰ ਉਸ ਦਾ ਗੱਦੀਨਸ਼ੀਨ ਜਾਂ ਸਜਾਦਾਨਸ਼ੀਨ ਬਣ ਬੈਠਦਾ ਹੈ। ਇੰਜ ਹੀ ਇਹ ਗੱਦੀਨਸ਼ੀਨ ਵਾਰਿਸ ਮਰੇ ਹੋਏ ਬਜ਼ੁਰਗ ਦੇ ਰੁਤਬੇ ਅਤੇ ਉਸੇ ਹੀ ਇੱਜ਼ਤ ਦਾ ਵਾਰਿਸ ਅਖਵਾਣ ਲੱਗ ਪੈਂਦਾ ਹੈ।

ਇਥੇ ਹੁਣ ਸ਼ੁਦਾਈਆਂ ਦੇ ਸ਼ੁਦਾਅ ਦਾ ਭਰਪੂਰ ਕੰਮ ਸ਼ੁਰੂ ਹੁੰਦਾ ਹੈ। ਇਕ ਅੱਲਾਹ ਵਾਲੇ ਦੀ ਕਬਰ ਉਤੇ ਬੈਠਣ ਵਾਲੇ ਦੁਨੀਆਂਦਾਰ ਕਾਰੋਬਾਰੀ ਦੀ ਵੀ ਉਹੀ ਸ਼ਰਧਾ ਸ਼ੁਰੂ ਹੋ ਜਾਂਦੀ ਹੈ ਜਿਹੜੀ ਦੁਨੀਆਂ ਤੋਂ ਮੁਕਤ ਹੋ ਕੇ ਅੱਲਾਹ ਦੇ ਭਗਤ ਨੇ ਕਮਾਈ ਸੀ। ਮਰਨ ਵਾਲਾ ਬਜ਼ੁਰਗ ਤਾਂ ਅਪਣੀ ਬਜ਼ੁਰਗੀ ਜਾਂ ਭਲਾਈ ਦੀ ਰਕਮ ਨਹੀਂ ਸੀ ਵਟਦਾ, ਜਿਹੜਾ ਅਪਣੀ ਫ਼ਕੀਰੀ ਨੂੰ ਲੈ ਕੇ ਹੀ ਦੁਨੀਆਂ ਤੋਂ ਚਲਾ ਗਿਆ ਪਰ ਗੱਦੀਨਸ਼ੀਨ ਹੁਣ ਕਬਰ ਦੀ ਕਮਾਈ ਅਤੇ ਮਰਨ ਵਾਲੇ ਦੀ ਬਜ਼ੁਰਗੀ ਦਾ ਛਾਬਾ ਲਾ ਕੇ ਬੈਠ ਗਿਆ ਹੈ। ਜਿਸ ਛਾਬੇ ਵਿਚ ਰੂਹਾਨੀਅਤ, ਬਜ਼ੁਰਗੀ ਅਤੇ ਫ਼ਕੀਰੀ ਦੇ ਬਜਾਏ ਧੋਖਾ, ਝੂਠ, ਦਗ਼ਾ ਅਤੇ ਫ਼ਰੇਬ ਵੇਚ ਰਿਹਾ ਹੈ।

ਉਤੋਂ ਸ਼ੁਦਾਈ ਵੀ ਸ਼ਰਧਾ ਦੇ ਦਾਣਿਆਂ ਦੀ ਝੋਲੀ ਭਰ ਭਰ ਕੇ ਆਉਂਦੇ ਅਤੇ ਇਸ ਖ਼ਾਲੀ ਛਾਬੇ ਵਿਚੋਂ ਭੁਲੇਖੇ ਦਾ ਕੀੜੇ ਪਿਆ ਸੌਦਾ ਖ਼ਰੀਦੀ ਜਾਂਦੇ ਹਨ। ਇਹ ਵੀ ਯਾਦ ਰਹੇ ਕਿ ਕਈ ਕਈ ਗੱਦੀਆਂ, ਯਾਨੀ ਕਿ ਮਜ਼ਾਰਾਂ ਦੇ ਨਾਂ, ਦੱਸ ਦੱਸ ਮੁਰੱਬੇ ਜ਼ਮੀਨ ਵੀ ਹੈ ਜੋ ਗੱਦੀਨਸ਼ੀਨ ਦੀ ਜ਼ਾਤੀ ਮਲਕੀਅਤ ਬਣ ਜਾਂਦੀ ਹੈ।ਇਕ ਸਾਬਕਾ ਆਈ.ਸੀ.ਐਸ. ਡਿਪਟੀ ਕਮਿਸ਼ਨਰ ਜ਼ਿਲ੍ਹਾ ਝੰਗ ਦੇ ਸਵਰਗੀ ਕੁਦਰਤਉੱਲਾਹ ਸ਼ਹਾਬ ਅਪਣੀ ਜੀਵਨੀ 'ਸ਼ਹਾਬਨਾਮਾ' ਵਿਚ ਇਕ ਗੱਦੀਨਸ਼ੀਨ ਦਾ ਅੱਖੀਂ ਡਿੱਠਾ ਹਾਲ ਲਿਖਦੇ ਨੇ, ਜੋ ਉਨ੍ਹਾਂ ਦੇ ਸ਼ਬਦਾਂ ਵਿਚ ਹੀ ਅਰਜ਼ ਕਰ ਰਿਹਾ ਹਾਂ।

ਉਹ ਲਿਖਦੇ ਨੇ ''ਮੈਂ 1952 ਵਿਚ ਬਤੌਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਝੰਗ ਦਾ ਚਾਰਜ ਲਿਆ ਤੇ ਇਕ ਬਹੁਤ ਵੱਡੀ ਗੱਦੀ ਦੇ ਸਜਾਦਾਨਸ਼ੀਨ ਦਾ ਮੈਨੂੰ ਤਆਰੁਫ਼ੀ ਕਾਰਡ ਮਿਲਿਆ। ਕਾਰਡ ਦੀ ਲਿਖਤ ਕੁੱਝ ਇੰਜ ਸੀ 'ਪੀਰ ਫ਼ਖ਼ਰ ਆਸ਼ਿਕਾਂ, ਆਫ਼ਤਾਬ ਮਾਹਤਾਬ, ਜਨਾਬ ਮਖ਼ਦੂਮਜ਼ਾਦਾ ਗ਼ੁਲਾਮ ਮੁਰਸ਼ਿਦ ਖ਼ਾਂ ਸਾਹਬ। ਪੀਰ, ਲੈਂਡਲਾਰਡ ਐਂਡ ਲੀਡਰ।'

ਮੈਂ ਕਾਰਡ ਪੜ੍ਹ ਕੇ ਹੈਰਾਨ ਹੋਇਆ ਕਿ ਪੀਰ ਸਾਬ੍ਹ ਲੈਂਡਲਾਰਡ ਅਤੇ ਲੀਡਰ ਵੀ ਨੇ? ਫਿਰ ਮੈਨੂੰ ਉਥੇ ਜਾਣ ਦਾ ਸ਼ੌਕ ਕੁਦਿਆ ਅਤੇ ਵੇਖਿਆ ਕਿ ਪੱਕੀ ਸੜਕ ਉਤੇ ਚਲਾਉਣ ਵਾਸਤੇ ਉਨ੍ਹਾਂ ਕੋਲ ਕਾਰ ਮਾਸਟਰ ਬਾਈਕ, ਕੱਚੀ ਸੜਕ ਲਈ ਸ਼ੈਵਰਲੇ ਜਾਂ ਸਟੇਸ਼ਨ ਵੈਗਨ ਅਤੇ ਸ਼ਿਕਾਰ ਲਈ ਜੀਪਾਂ ਵਰਤਦੇ ਨੇ। ਬਾਰਾਂ ਆਲ੍ਹਾ ਨਸਲ ਦੇ ਘੋੜੇ, ਸਾਢੇ ਤਿੰਨ ਦਰਜਨ ਨਸਲੀ ਕੁੱਤੇ, ਜਿਨ੍ਹਾਂ ਦੀ ਖ਼ਿਦਮਤ ਲਈ ਕਈ ਦਰਜਨ ਨੌਕਰ ਰੱਖੇ ਹੋਏ ਨੇ। ਕਬੂਤਰ ਅਤੇ ਬਟੇਰਿਆਂ ਦਾ ਵੀ ਪੀਰ ਸਾਬ੍ਹ ਨੂੰ ਬੜਾ ਸ਼ੌਕ ਹੈ। ਹਰ ਵੱਡੇ ਸ਼ਹਿਰ ਵਿਚ ਮਹਿੰਗੀ ਕੋਠੀ ਮੌਜੂਦ ਹੈ।

ਪੀਰ ਸਾਬ੍ਹ ਦੀ ਗੱਦੀ ਜਾਂ ਮਜ਼ਾਰ ਦੇ ਨਾਂ ਦੋ ਹਜ਼ਾਰ ਏਕੜ ਜ਼ਮੀਨ ਵੀ ਹੈ। ਉਂਜ ਵੀ ਪੂਰੇ ਸਾਲ ਵਿਚ ਮੁਰੀਦਾਂ ਵਲੋਂ ਕਈ ਲੱਖ ਦਾ ਨਜ਼ਰਾਨਾ ਪੀਰ ਸਾਬ੍ਹ ਨੂੰ ਪੇਸ਼ ਕੀਤਾ ਜਾਂਦਾ ਹੈ। ਗਰਮੀਆਂ ਵਿਚ ਵਿਲਾਇਤ ਤੋਂ ਵੱਖ ਮਰੀ, ਕੋਇਟਾ, ਐਬਟਾਬਾਦ ਤਸ਼ਰੀਫ਼ ਲੈ ਜਾਂਦੇ ਨੇ। ਅੱਜ ਮੈਂ ਇਨ੍ਹਾਂ ਦੇ ਸਾਲਾਨਾ ਉਰਸ ਦੇ ਆਖ਼ਰੀ ਦਿਨ ਹਾਜ਼ਰ ਹੋਇਆ ਹਾਂ। ਕਵਾਲੀ ਹੋ ਰਹੀ ਹੈ। ਪੀਰ ਸਾਬ੍ਹ ਗੋਟੇ ਨਾਲ ਮੜ੍ਹੇ ਹੋਏ ਚੋਲੇ ਵਿਚ ਬੈਠੇ ਨੇ।

ਮੁਰੀਦ ਪਿੰਡਾਂ ਵਿਚੋਂ ਕਈ ਕਈ ਮੀਲ ਪੈਦਲ ਸਫ਼ਰ ਕਰ ਕੇ ਆਏ ਬੈਠੇ ਨੇ। ਕੋਈ ਅਪਣਾ ਢੱਗਾ, ਕੋਈ ਬੀਵੀ ਦਾ ਜ਼ੇਵਰ ਅਤੇ ਕੋਈ ਧੀ ਦਾ ਦਾਜ ਵੇਚ ਕੇ ਪੀਰ ਦੇ ਪੈਰਾਂ ਵਿਚ ਰੱਖਣ ਲਈ ਨਜ਼ਰਾਨਾ ਲੈ ਕੇ ਆਇਆ ਹੈ। ਉਹ ਬੜੇ ਅਦਬ ਨਾਲ ਝੁਕ ਕੇ ਨਜ਼ਰਾਨਾ ਪੇਸ਼ ਕਰਦੇ ਨੇ। ਹੁਣ ਰਾਤ ਦਾ ਡੇਢ ਵੱਜ ਗਿਆ ਹੈ, ਕਵਾਲੀ ਬੰਦ ਕਰ ਦਿਤੀ ਗਈ ਹੈ।

ਪੀਰ ਸਾਬ੍ਹ ਬੜੇ ਅਖ਼ਲਾਕ ਨਾਲ ਅਪਣੇ ਸੱਜੇ-ਖੱਬੇ ਬੈਠੇ ਅਫ਼ਸਰ, ਰਈਸਾਂ ਅਤੇ ਜਾਗੀਰਦਾਰਾਂ ਨੂੰ ਉਸ ਖ਼ੇਮੇ ਵਿਚ ਜਾਣ ਦੀ ਦਾਅਵਤ ਦੇਂਦੇ ਨੇ ਜੋ ਦਰਗਾਹ ਜਾਂ ਮਜ਼ਾਰ ਸ਼ਰੀਫ਼ ਤੋਂ ਹੱਟ ਕੇ ਇਕ ਹਵੇਲੀ ਵਿਚ ਲਾਇਆ ਹੋਇਆ ਹੈ। ਇਸ ਖ਼ੇਮੇ ਵਿਚ ਖ਼ਾਸ ਲੋਕ ਜਾ ਸਕਦੇ ਨੇ ਕਿਉਂਕਿ ਇਥੇ ਲਾਹੌਰ, ਮੁਲਤਾਨ ਅਤੇ ਲਾਇਲਪੁਰ ਦੀਆਂ ਨਾਮੀ-ਗਰਾਮੀ ਗਾਣ ਅਤੇ ਮੁਜਰਾ ਕਰਨ ਵਾਲੀਆਂ ਪੀਰ ਸਾਬ੍ਹ ਦਾ ਇੰਤਜ਼ਾਰ ਕਰ ਰਹੀਆਂ ਨੇ।

ਮੁਰੀਦਾਂ ਲਈ ਅਤੇ ਰੱਬ ਨੂੰ ਖ਼ੁਸ਼ ਕਰਨ ਲਈ ਕਵਾਲੀ ਸੀ ਪਰ ਅਮੀਰਾਂ, ਵਜ਼ੀਰਾਂ, ਜਾਗੀਰਦਾਰਾਂ ਲਈ ਮੁਜਰਾ ਸੀ। ਖ਼ੇਮੇ ਵਿਚ ਅੱਪੜ ਕੇ ਪੀਰ ਸਾਬ੍ਹ ਜਾਂ ਸਜਾਦਾਨਸ਼ੀਨ ਸਾਬ੍ਹ ਅਪਣਾ ਚਮਕੀਲਾ ਗੋਟੇ ਵਾਲਾ ਚੋਲਾ ਉਤਾਰ ਦੇਂਦੇ ਨੇ। ਸਿਰ ਤੋਂ ਗੋਟੇ ਤਿੱਲੇ ਵਾਲੀ ਹਰੀ ਪੱਗ ਲਾਹ ਕੇ ਇਕ ਖ਼ਾਦਮ ਦੇ ਹਵਾਲੇ ਕਰ ਦੇਂਦੇ ਨੇ। ਖ਼ਾਦਮ ਨੇ ਇਹ ਇੱਜ਼ਤ ਇਹਤਰਾਮ ਵਾਲੀ ਪੱਗ ਇਕ ਚਾਂਦੀ ਦੇ ਥਾਲ ਵਿਚ ਰੱਖ ਦਿਤੀ।

ਰੱਬ ਜਾਣੇ ਇਹ ਪੱਗ ਹੁਣ ਕਿੱਥੇ ਜਾਏਗੀ? ਸ਼ਾਇਦ ਇਹ ਪੱਗ ਨਬੀ ਬਖ਼ਸ਼ ਲੋਹਾਰ ਦੇ ਘਰ ਚਲੀ ਜਾਏ ਜਿਸ ਦੀ ਧੀ ਨੇ ਹੁਣੇ ਹੁਣੇ ਸੋਲ੍ਹਵਾਂ ਸਾਲ ਪੂਰਾ ਕੀਤਾ ਹੈ। ਸ਼ਾਇਦ ਇਹ ਪੱਗ ਰੌਸ਼ਨ ਦੀਨ ਰਾਜ ਮਿਸਤਰੀ ਘਰ ਅੱਪੜ ਜਾਏ ਜਿਸ ਦੀ ਧੀ ਦਾ ਹੁਸਨ ਅਜੇ ਨਵਾਂ ਨਵਾਂ ਹੀ ਨਿਖਰਿਆ ਹੈ। ਇਹ ਪੱਗ ਬੜੀ ਇੱਜ਼ਤ ਵੱਕਾਰ ਅਤੇ ਸ਼ਰਧਾ ਵਾਲੀ ਹੈ। ਇਸ ਪਗੜੀ ਵਿਚ ਵਲੀਆਂ, ਫ਼ਕੀਰਾਂ ਦੀ ਮਾਰਫ਼ਤ ਅਤੇ ਵਿਰਾਸਤ ਮੌਜੂਦ ਹੈ।

ਇਹ ਮੁਰਾਦਾਂ ਪੂਰੀਆਂ ਕਰਨ ਵਾਲੀ ਨੂਰ ਭਰੀ ਪਗੜੀ ਹੈ। ਪਰ ਇਹੀ ਪਗੜੀ ਜਦੋਂ ਨਬੀ ਬਖ਼ਸ਼, ਰੌਸ਼ਨ ਦੀਨ ਜਾਂ ਕਿਸੇ ਗ਼ਰੀਬ ਕਿਰਸਾਨ ਦੇ ਘਰ ਅੱਪੜਦੀ ਹੈ ਤਾਂ ਉਸ ਘਰ ਵਿਚ ਕਵਾਰੀਆਂ ਮਾਸੂਮ ਜਵਾਨੀਆਂ ਸਹਿਮ ਕੇ ਮੁਰਝਾ ਜਾਂਦੀਆਂ ਨੇ। ਪੀਰ ਸਾਬ੍ਹ ਦਾ ਖ਼ਾਦਮ ਚੁਪ ਕਰ ਕੇ ਜਿਸ ਘਰ ਪਗੜੀ ਰੱਖ ਆਉਂਦਾ ਹੈ ਤਾਂ ਇਹ ਚੁਪ ਜਾਂ ਖ਼ਾਮੋਸ਼ੀ ਚੀਕ ਚੀਕ ਕੇ ਐਲਾਨ ਕਰਦੀ ਹੈ ਕਿ ਘਰ ਵਾਲਿਉ ਤੁਹਾਨੂੰ ਵਧਾਈ ਹੋਵੇ, ਤੁਹਾਡੀ ਬਹੂ ਬੇਟੀ ਉਪਰ ਕਿਬਲਾ, ਕਾਅਬਾ ਪੀਰ ਸਾਬ੍ਹ ਦੀ ਰਹਿਮਤ ਬਰਕਤ ਵਾਲੀ ਨਜ਼ਰ ਪੈ ਗਈ ਹੈ।

ਹੁਣ ਤੁਸੀ ਜੇ ਚਾਹੁੰਦੇ ਹੋ ਕਿ ਇਹ ਰੱਬ ਦੀ ਰਹਿਮਤ ਤੁਹਾਡੇ ਉਤੇ ਕਾਇਮ ਰਹੇ, ਤੁਹਾਡੀਆਂ ਖੇਤੀਆਂ ਹਰੀਆਂ ਰਹਿਣ, ਤੁਹਾਡੇ ਘਰ ਨੂੰ ਕੋਈ ਅੱਗ ਨਾ ਲਾਵੇ, ਤੁਹਾਡੇ ਮਵੇਸ਼ੀ ਨਾ ਚੋਰੀ ਹੋਣ ਜਾਂ ਤੁਹਾਡੇ ਵਿਹੜੇ ਪੁਲਿਸ ਹਥਕੜੀਆਂ ਲੈ ਕੇ ਨਾ ਆਏ ਜਾਂ ਤੁਸੀ ਜੇਲ ਤੋਂ ਬੱਚ ਜਾਉ ਤਾਂ ਇਸ ਪਗੜੀ ਨੂੰ ਰਾਜ਼ੀ ਖ਼ੁਸ਼ੀ ਕਬੂਲ ਕਰ ਲਵੋ। ਕੁੱਝ ਦਿਨਾਂ ਪਿਛੋਂ ਮੈਨੂੰ ਅਪਣੇ ਦਫ਼ਤਰ ਵਿਚ ਇਕ ਚਿੱਠੀ ਮਿਲੀ, ਜਿਸ ਉਤੇ ਲਿਖਿਆ ਸੀ 'ਜਨਾਬ ਡਿਪਟੀ ਕਮਸ਼ਿਨਰ ਸਾਬ੍ਹ, ਹਮਾਰੇ ਘਰ ਮੇ ਪਗੜੀ ਆ ਗਈ ਹੈ।

ਖ਼ੁਦਾ ਕੇ ਲੀਏ ਮੁਝੇ ਬਚਾਉ। ਸਕੀਨਾ ਬੀਬੀ, ਦੁਖ਼ਤਰ ਗ਼ੁਲਾਮ ਮੁਹੰਮਦ, ਗਾਉ ਰਜਬਾਨਾ।' ਮੈਂ ਇਸ ਕੁੜੀ ਦਾ ਖ਼ਤ ਵਾਰ ਵਾਰ ਪੜ੍ਹਿਆ, ਪੁਲਿਸ ਅਤੇ ਮੈਜਿਸਟਰੇਟਾਂ ਨੂੰ ਪੁਛਿਆ ਤਾਂ ਪੂਰੀ ਗੱਲ ਸਮਝ ਵਿਚ ਆ ਗਈ। ਉਸੇ ਰਾਤ ਮੈਂ ਸਕੀਨਾ ਬੀਬੀ ਦੇ ਘਰ ਛਾਪਾ ਮਾਰਿਆ। ਸਕੀਨਾ ਤਾਂ ਬੱਚ ਗਈ ਪਰ ਅਫ਼ਸੋਸ ਕਿ ਪਗੜੀ ਸਾਡੇ ਹੱਥ ਨਾ ਆਈ ।''

ਮੈਂ ਇਕ ਮਸ਼ਹੂਰ ਮਾਅਰੂਫ਼ ਅਤੇ ਬੜੇ ਹੀ ਕਾਬਲ ਅਤੇ ਈਮਾਨਦਾਰ ਡਿਪਟੀ ਕਮਿਸ਼ਨਰ ਸਵਰਗੀ ਕੁਦਰਤਉੱਲਾਹ ਸ਼ਹਾਬ ਦਾ ਅੱਖੀਂ ਡਿੱਠਾ ਅਤੇ ਉਨ੍ਹਾਂ ਦੀ ਹੱਥੀਂ ਲਿਖੀ ਲਿਖਤ ਇਸ ਕਰ ਕੇ ਸੁਣਾ ਦਿਤੀ ਹੈ ਕਿ ਮੇਰੀਆਂ ਗੱਲਾਂ ਨੂੰ ਵਹਿਮ ਗੁਮਾਨ ਜਾਂ ਝੂਠ ਸਮਝ ਕੇ ਅਪਣੇ ਸ਼ੱਕ ਦੀ ਸੂਲੀ ਨਾ ਚਾੜ੍ਹ ਸਕੇ ਕੋਈ।ਮੈਂ ਸਵਰਗੀ ਕੁਦਰਤਉੱਲਾਹ ਨੂੰ ਪੀਰਾਂ ਵਾਂਗ ਮੰਨਣ ਵਾਲਾ ਹਾਂ। ਮੈਂ ਇਸ ਫ਼ਰਿਸ਼ਤੇ ਦਾ ਬੜਾ ਵੱਡਾ ਫ਼ੈਨ ਹਾਂ। ਇਸ ਕਰ ਕੇ ਮੇਰਾ ਸ਼ੌਕ ਹੈ ਕਿ ਇਸ ਬੰਦੇ ਦਾ ਥੋੜਾ ਜਿਹਾ ਪਿਛੋਕੜ ਵੀ ਦੱਸਾਂ। ਇਹ ਈਮਾਨਦਾਰ ਇਨਸਾਨ ਦਾ ਖ਼ਨਵਾਦਾ ਅਤੇ ਇਸ ਦੀ ਜੰਮਣ ਭੋਇੰ ਚਮਕੌਰ ਸਾਹਿਬ ਹੈ।

ਇਸ ਨੇ ਅੱਧੀ ਪੜ੍ਹਾਈ ਰੋਪੜ ਵਿਚ ਕੀਤੀ ਅਤੇ ਫਿਰ ਜੰਮੂ ਚਲਾ ਗਿਆ ਜਿੱਥੇ ਇਸ ਦਾ ਬਾਪ ਜੰਮੂ ਵਲੋਂ ਗਿਲਗਿਤ ਦਾ ਗਵਰਨਰ ਸੀ। ਇਸ ਦਾ ਬਾਪ ਜ਼ਿਲ੍ਹਾ ਅੰਬਾਲਾ ਵਿਚ ਦਸਵੀਂ ਵਿਚੋਂ ਅੱਵਲ ਆਇਆ ਸੀ। ਕੁਦਰਤਉੱਲਾਹ ਨੇ 1947 ਤੋਂ ਪਹਿਲਾਂ ਆਈ.ਸੀ.ਐਸ. ਦਾ ਇਮਤਿਹਾਨ ਪਾਸ ਕਰ ਕੇ ਬਿਹਾਰ ਦੇ ਜ਼ਿਲ੍ਹਾ ਭਾਗਲਪੁਰ ਅਤੇ ਫ਼ਿਰ ਔਰੰਗਾਬਾਦ ਡਿਪਟੀ ਕਮਿਸ਼ਨਰ ਬਣ ਕੇ ਨੌਕਰੀ ਕੀਤੀ।

ਇਹ ਉਹ ਸ਼ਖ਼ਸ ਹੈ ਜਿਸ ਨੇ ਅੰਗਰੇਜ਼ ਹਕੂਮਤ ਦੀ ਮਰਜ਼ੀ ਵਿਰੁਧ ਬੰਗਾਲ ਦੇ ਸੋਕੇ ਵੇਲੇ ਗੋਦਾਮ ਦਾ ਜੰਦਰਾ ਤੋੜ ਕੇ ਭੁੱਖ ਨਾਲ ਮਰਦੇ ਹੋਏ ਲੋਕਾਂ ਨੂੰ ਹਜ਼ਾਰਾਂ ਮਣ ਚੌਲ ਵੰਡ ਦਿਤੇ। ਹਿੰਦੁਸਤਾਨ ਦੀ ਵੰਡ ਪਿੱਛੋਂ ਇਹ ਕਰਾਚੀ ਆ ਗਿਆ ਅਤੇ ਜਨਰਲ ਅਯੂਬ ਖ਼ਾਂ ਵੇਲੇ ਝੰਗ ਦਾ ਡੀ.ਸੀ. ਲੱਗਾ। ਅਯੂਬ ਖ਼ਾਨ ਨੇ ਇਸ ਨੂੰ ਆਖਿਆ, ''ਨਾ ਤੇਰੀ ਕੋਈ ਜਾਇਦਾਦ ਏ, ਨਾ ਤੇਰਾ ਅਪਣਾ ਘਰ ਹੈ, ਮੈਂ ਤੈਨੂੰ ਝੰਗ ਵਿਚ ਅੱਠ ਮੁਰੱਬੇ ਜ਼ਮੀਨ ਅਲਾਟ ਕਰ ਦੇਂਦਾ ਹਾਂ।''

ਇਸ ਅੱਲਾਹ ਵਾਲੇ ਨੇ ਆਖਿਆ, ''ਜਨਾਬ, ਕਬਰ ਲਈ ਚੰਦ ਗਜ਼ ਜ਼ਮੀਨ ਦੀ ਲੋੜ ਹੁੰਦੀ ਹੈ ਤੇ ਉਹ ਕਿਧਰੋਂ ਲੱਭ ਹੀ ਜਾਏਗੀ, ਇਹ ਮੁਰੱਬੇ ਮੈਨੂੰ ਨਹੀਂ ਚਾਹੀਦੇ।'' ਇਹ ਸ਼ਖ਼ਸ ਵੱਡੇ ਵੱਡੇ ਅਹੁਦਿਆਂ ਉਤੇ ਰਹਿ ਕੇ ਵੀ ਅਪਣਾ ਘਰ ਨਾ ਬਣਾ ਸਕਿਆ। ਅਖ਼ੀਰ ਜਨਰਲ ਯਹਿਯਾ ਖ਼ਾਨ ਦੇ ਮਾਰਸ਼ਲ ਲਾਅ ਵਿਚ ਕੁਦਰਤਉੱਲਾਹ ਨੇ ਉਸ ਜਨਰਲ ਦੀ ਬਦਕਾਰੀ, ਸ਼ਰਾਬਨੋਸ਼ੀ ਅਤੇ ਬਦਕਿਰਦਾਰੀ ਵੇਖ ਕੇ ਉਸ ਦੇ ਨਾਜਾਇਜ਼ ਹੁਕਮ ਮੰਨਣ ਤੋਂ ਇਨਕਾਰ ਕਰ ਦਿਤਾ ਅਤੇ ਇਸ ਗ਼ਰੀਬ ਨੂੰ ਮੁਲਕ ਹੀ ਛਡਣਾ ਪਿਆ। ਇਹ ਵਿਚਾਰਾ ਇਕ ਦਿਨ ਲੰਦਨ ਦੇ ਕਿਸੇ ਗ਼ਰੀਬ ਜਿਹੇ ਇਲਾਕੇ ਵਿਚ ਇਸ ਦੁਨੀਆਂ ਨੂੰ ਸਲਾਮ ਕਰ ਕੇ ਅਪਣੇ ਰੱਬ ਨੂੰ ਜਾ ਮਿਲਿਆ।

ਇਸ ਦੀ ਅੱਠ ਸੌ ਸਫ਼ੇ ਦੀ ਜੀਵਨੀ ਕਈ ਵਾਰ ਪੜ੍ਹ ਚੁਕਾ ਅਤੇ ਰੋ ਚੁੱਕਾ ਹਾਂ। ਫਿਰ ਵੀ ਇਸ ਕਿਤਾਬ ਨੂੰ ਅਪਣੀਆਂ ਅੱਖਾਂ ਸਾਹਮਣੇ ਰਖਦਾ ਹਾਂ। ਦੁਆ ਹੈ ਰੱਬ ਇਸ ਅਪਣੇ ਬੰਦੇ ਨੂੰ ਬਹਿਸ਼ਤ ਵਿਚ ਥਾਂ ਦੇਵੇ ਤੇ ਸਾਡੇ ਜਿਹੇ ਗੁਨਹਾਗਾਰ ਨੂੰ ਸਿੱਧੀ ਰਾਹ ਵਿਖਾਵੇ। ਆਮੀਨ।ਮੈਨੂੰ ਮਾਫ਼ ਕਰਿਉ, ਮੈਂ ਅੱਜ ਤਕ ਜੋ ਵੀ ਲਿਖਿਐ, ਅਪਣੇ ਮਨ ਦੀ ਹੀ ਮੌਜ ਕੀਤੀ ਹੈ। ਇਹ ਕਦੀ ਸੋਚਿਆ ਹੀ ਨਹੀਂ ਕਿ ਮੇਰੇ ਪਾਠਕ ਕੀ ਆਖਣਗੇ। ਮਾਫ਼ੀ ਮੰਗਦੇ ਹੋਏ ਅਰਜ਼ ਕਰਾਂਗਾ ਕਿ ਸੱਚ ਤਾਂ ਇਹ ਹੈ ਕਿ ਮੈਂ ਇਹ ਸੱਭ ਕੁੱਝ ਅਪਣੀ ਹੀ ਜ਼ਾਤ ਲਈ ਲਿਖ ਰਿਹਾ ਹੁੰਦਾ ਹਾਂ।

ਨਾ ਕਦੀ ਕਿਸੇ ਦਾ ਲਿਹਾਜ਼ ਕੀਤਾ, ਨਾ ਪਾਠਕਾਂ ਦੀ ਮਰਜ਼ੀ ਵੇਖੀ ਅਤੇ ਨਾ ਜ਼ਮਾਨੇ ਤੋਂ ਡਰ ਕੇ ਅਪਣੇ ਕਲਮ ਨੂੰ ਸ਼ਰਮਸਾਰ ਕੀਤਾ ਕਿਉਂਕਿ ਡਰ ਡਰ ਕੇ ਜੰਗ ਲੜਨ ਵਾਲਾ ਹਾਰ ਜਾਂਦਾ ਹੈ। ਜ਼ਮਾਨੇ ਨੂੰ ਮੁੱਖ ਰੱਖ ਕੇ ਜਾਂ ਜ਼ਮਾਨੇ ਦਾ ਲਿਹਾਜ਼ ਕਰ ਕੇ ਲਿਖਣ ਵਾਲਾ ਅਪਣੀ ਲਿਖਤ ਨਾਲ ਇਨਸਾਫ਼ ਨਹੀਂ ਕਰ ਸਕਦਾ। ਨਾਲੇ ਸੋਚ ਸੋਚ ਕੇ ਪਿਆਰ ਕਰਨ ਵਾਲੇ ਦੇ ਪਿਆਰ ਵਿਚ ਵੀ ਵਿਹਾਰ ਨਹੀਂ ਹੁੰਦਾ। ਸੱਚੇ-ਸੁੱਚੇ ਖ਼ਿਆਲ ਅਤੇ ਜਜ਼ਬੇ ਨੂੰ ਖ਼ੌਫ਼ ਜਾਂ ਕਿਸੇ ਦੇ ਲਿਹਾਜ਼ ਦੀ ਹਥਕੜੀ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਲੇਖਕ ਬਦਦਿਆਨਤ ਅਤੇ ਬੇਈਮਾਨ ਹੁੰਦਾ ਹੈ।

ਮੈਂ ਇੱਜ਼ਤਦਾਰ ਅਖਵਾਉਣ ਦੀ ਬਜਾਏ ਈਮਾਨਦਾਰ ਅਖਵਾਉਣਾ ਬਿਹਤਰ ਸਮਝਦਾ ਹਾਂ। ਅਪਣੀ ਕਹਾਣੀ 'ਬੁੱਕਲ' ਵਿਚ ਮੈਂ ਇਸਲਾਮੀ ਕਾਨੂੰਨ ਹਲਾਲੇ ਬਾਰੇ ਅਤੇ 'ਅੱਥਰੀ' ਨਾਵਲ ਵਿਚ ਨਿਕਾਹ ਬਾਰੇ ਜੋ ਲਿਖਿਆ, ਉਹ ਸਿੱਧੀ ਸਾਵੀਂ ਮੌਲਵੀਆਂ ਨਾਲ ਜੰਗ ਹੈ। ਲੋਕਾਂ ਨੇ ਵੀ ਆਖਿਆ ਕਿ ਸੱਪ ਦੀ ਖੁੱਡ ਵਿਚ ਉਂਗਲ ਨਾ ਦੇ। ਪਰ ਮੈਂ ਅਪਣੀ ਲਿਖਤ ਵਿਚ ਨਾ ਕਦੀ ਯਾਰਾਂ ਦੀ ਯਾਰੀ ਦਾ ਲਿਹਾਜ਼ ਕੀਤਾ ਅਤੇ ਨਾ ਹੀ ਦੁਸ਼ਮਣਾਂ ਦੀ ਲਾਠੀ ਤੋਂ ਡਰਿਆ।

ਲੰਦਨ ਲਾਇਬ੍ਰੇਰੀ ਵਿਚ ਰਖੀਆਂ ਹੋਈਆਂ ਮੇਰੀਆਂ ਕਿਤਾਬਾਂ ਉਤੇ ਕਿਸੇ ਨੇ ਮੈਨੂੰ ਗ਼ੱਦਾਰ, ਕਿਸੇ ਨੇ ਬੇਈਮਾਨ ਅਤੇ ਹੋਰ ਪਤਾ ਨਹੀਂ ਕੀ ਕੁੱਝ ਲਿਖਿਆ ਹੋਇਆ ਹੈ। ਪਰ ਉਸੇ ਹੀ ਕਿਤਾਬ ਉਤੇ ਇਨ੍ਹਾਂ ਗੱਲਾਂ ਦਾ ਜਵਾਬ ਦੇਂਦੇ ਹੋਏ ਕਿਸੇ ਨੇ ਇਕੋ ਹੀ ਫ਼ਿਕਰਾ ਲਿਖ ਕੇ ਗੱਲ ਮੁਕਾ ਦਿਤੀ ਹੈ। ਉਹ ਲਿਖਦਾ ਹੈ 'ਅਮੀਨ ਮਲਿਕ ਦੀ ਕਾਮਯਾਬੀ ਅਤੇ ਸੱਚ ਤੋਂ ਸੜਨ ਵਾਲਿਉ, ਸ਼ਰਮ ਕਰੋ।' ਮੈਂ ਸੋਚਦਾ ਹਾਂ ਕਿ ਮੇਰਾ ਵਿਰੋਧ ਨਾ ਹੁੰਦਾ ਤਾਂ ਮੇਰੀਆਂ ਲਿਖਤਾਂ ਦੀ ਫ਼ਸਲ ਦੀ ਗੋਡੀ ਵੀ ਕੋਈ ਨਾ ਕਰਦਾ।

ਗ਼ੱਦਾਰ ਆਖਣ ਵਾਲੇ ਨੂੰ ਇਹੀ ਆਖਾਂਗਾ ਕਿ ਗ਼ੱਦਾਰ ਤਾਂ ਉਹ ਹੁੰਦਾ ਹੈ ਜਿਹੜਾ ਅਪਣੀ ਜ਼ਮੀਰ ਅਤੇ ਸੱਚਾਈ ਦੇ ਮੋਰਚੇ ਉਤੇ ਬੈਠੀ ਫ਼ੌਜ ਵਿਰੁਧ ਸਾਜ਼ਸ਼ ਕਰੇ। ਮੈਂ ਤਾਂ ਹਮੇਸ਼ਾ ਸੱਚ ਦੇ ਮੋਢੇ ਨਾਲ ਮੋਢਾ ਲਾ ਕੇ ਲੜਿਆ ਹਾਂ। ਤਾਂ ਹੀ ਤਾਂ ਝੂਠ ਹਰ ਵੇਲੇ ਮੇਰੇ ਨਾਲ ਆਢਾ ਲਾਈ ਰਖਦਾ ਹੈ।ਬਹਿਰਹਾਲ, ਰੱਬ ਜਾਣੇ ਚੰਗਾ ਹਾਂ ਜਾਂ ਮੰਦਾ, ਮੈਂ ਤਾਂ ਅਪਣੀ ਆਦਤ ਦੇ ਛਾਬੇ ਤੋਂ ਲੀੜਾ ਲਾਹ ਦਿਤਾ ਹੈ। ਇਹ ਸੌਦਾ ਦੁਨੀਆਂ ਹੀ ਵੇਖ ਕੇ ਖ਼ਰੀਦਣ ਦਾ ਫ਼ੈਸਲਾ ਕਰ ਸਕਦੀ ਹੈ।

ਤੇ ਚਲੋ ਹੁਣ ਅਪਣੇ ਲੇਖ ਦੇ ਅਸਲ ਵਿਸ਼ੇ ਵਲ ਪਰਤਦੇ ਹੋਏ ਬਸ਼ੀਰ ਮਰਾਸੀ ਜਾਂ ਪੀਰ ਮਰਾਸੀ ਨੂੰ ਅੱਗੇ ਤੋਰਦੇ ਹੋਏ ਇਸ ਲੇਖ ਦਾ ਅੰਤ ਕਰਨ ਦਾ ਵੀ ਕੋਈ ਆਹਰ ਕਰੀਏ।ਮੈਂ ਬਸ਼ੀਰ ਸ਼ਾਹ ਦੇ ਡੇਰੇ ਸ਼ੁਦਾਅ ਦੇ ਮਾਰੇ ਹੋਏ ਸ਼ਰਧਾਲੂਆਂ ਵਿਚ ਸ਼ੁਦਾਈ ਬਣ ਕੇ ਕੁੱਝ ਚਿਰ ਬੈਠਾ ਰਿਹਾ ਕਿ ਪੀਰ ਸਾਬ੍ਹ ਦਾ ਹੁਨਰ, ਚਾਲੇ, ਫ਼ਨ ਅਤੇ ਰੰਗਬਾਜ਼ੀ ਵੇਖਾਂ। ਪਿੰਡ ਰੰਗਲੇ ਵਾਲਾ 'ਬਸ਼ੀਰਾ ਹਰਾਮ ਦਾ' ਅੱਜ ਪੀਰ ਸਈਅਦ ਬਸ਼ੀਰ ਸ਼ਾਹ ਬਣ ਕੇ ਮੇਰੇ ਸਾਹਮਣੇ ਬੈਠਾ ਹੋਇਆ ਸੀ ਅਤੇ ਮੈਂ ਸੋਚ ਰਿਹਾ ਸਾਂ ਕਿ ਇਹ ਉਹੀ ਬਸ਼ੀਰਾ ਮਰਾਸੀ ਏ ਜਿਹੜਾ ਜੁਗਤ ਕਰਨੋਂ ਕਦੀ ਵੀ ਬਾਜ਼ ਨਹੀਂ ਸੀ ਆਉਂਦਾ?

ਅੱਜ ਉਹ ਅਪਣੇ ਚਿਹਰੇ ਉਤੇ ਸੰਜੀਦਗੀ ਦੀ ਚਾਦਰ ਤਾਣ ਕੇ ਅੱਧਖੁੱਲ੍ਹੀਆਂ ਅੱਖਾਂ ਨਾਲ ਮੋਹਤਬਰ ਬਣਿਆ ਹੋਇਆ ਖ਼ਾਮੋਸ਼ ਬੈਠਾ ਸੀ। ਇਹ ਢਿੱਡ ਦੀ ਭੁੱਖ ਕਿਵੇਂ ਇਨਸਾਨ ਨੂੰ ਅਪਣੀ ਅਸਲ ਆਦਤ, ਹਾਲਤ, ਖ਼ਸਲਤ ਅਤੇ ਫ਼ਿਤਰਤ ਬਦਲਣ ਲਈ ਮਜਬੂਰ ਕਰ ਦੇਂਦੀ ਹੈ। ਇਹ ਚਾਰੇ ਆਦਤਾਂ, ਹਾਲਤਾਂ ਬਦਲਣੀਆਂ ਬੜੀਆਂ ਔਖੀਆਂ ਹਨ। ਮੱਝ ਦਾ ਕੱਟੀ-ਕੱਟਾ ਕਿਸੇ ਬਕਰੀ ਦੇ ਪੱਠੇ-ਪਠੂਰੇ ਵਾਂਗ ਨੱਚ ਟੱਪ ਨਹੀਂ ਸਕਦਾ ਕਿਉਂਕਿ ਕੋਈ ਵੀ ਅਪਣੀ ਫ਼ਿਤਰਤ ਵਿਰੁਧ ਜਾ ਕੇ ਕੁੱਝ ਨਹੀਂ ਕਰ ਸਕਦਾ।

ਜਿਵੇਂ ਦੋ-ਤਿੰਨ ਇਕੱਠੀਆਂ ਬੈਠੀਆਂ ਜ਼ਨਾਨੀਆਂ ਦਾ ਚੁਪ ਰਹਿਣਾ ਉਨ੍ਹਾਂ ਦੀ ਮਰਜ਼ੀ ਦੀ ਮੌਤ ਹੈ ਇੰਜ ਹੀ ਬਸ਼ੀਰੇ ਲਈ ਅਪਣੀ ਆਦਤ ਅਤੇ ਖ਼ਸਲਤ ਵਿਰੁਧ ਸ਼ਰਾਫ਼ਤ ਦਾ ਜ਼ਹਿਰ ਖਾਣਾ ਜਾਂ ਚੁਪ ਰਹਿਣਾ ਬੜਾ ਹੀ ਔਖਾ ਸੀ ਪਰ ਕੀ ਕੀਤਾ ਜਾਏ, ਇਸ ਰੋਟੀ ਲਈ ਆਦਤਾਂ ਹੀ ਨਹੀਂ, ਭੈਣਾਂ ਦੇ ਜਵਾਨ ਵੀਰ, ਵਹੁਟੀਆਂ ਦੇ ਲਾੜੇ ਅਤੇ ਮਾਵਾਂ ਨੂੰ ਪੁੱਤਰਾਂ ਦਾ ਵਿਛੋੜਾ ਵੀ ਝਲਣਾ ਪੈਂਦਾ ਹੈ। ਬਸ਼ੀਰ ਉਤੇ ਮੈਨੂੰ ਤਰਸ ਵੀ ਆ ਰਿਹਾ ਸੀ ਤੇ ਖ਼ੁਸ਼ ਵੀ ਸਾਂ ਕਿ ਪਿੰਡ ਦੇ ਭੁੱਖੇ ਜਿਹੇ ਲੋਕਾਂ ਵਿਚ ਰਹਿ ਕੇ ਸਿਵਾਏ ਵਗਾਰਾਂ ਤੋਂ, ਬਸ਼ੀਰੇ ਨੂੰ ਲਭਦਾ ਵੀ ਕੀ ਸੀ। ਅੱਜ ਇਕ ਉੱਚੀ ਗੱਦੀ ਤੇ ਬੈਠਾ ਅਪਣੀ ਭੋਇੰ ਉਤੇ ਬੈਠੇ ਸ਼ਰਧਾਲੂਆਂ ਉਤੇ ਰਾਜ ਕਰ ਰਿਹਾ ਸੀ।

ਮੈਂ ਇਨ੍ਹਾਂ ਹੀ ਸੋਚਾਂ ਵਿਚ ਸਾਂ ਕਿ ਵੇਖਿਆ ਅੱਠ-ਨੌਂ ਸਾਲ ਦਾ ਇਕ ਬਾਲ ਪੀਰ ਸਾਬ੍ਹ ਦੇ ਪੈਰਾਂ ਕੋਲ ਬੈਠਾ ਹੋਇਆ ਸੀ ਤੇ ਉਸ ਦਾ ਇਕ ਪੈਰ ਤਲੀ ਵਿਚੋਂ ਕੁੱਝ ਕੁੱਬਾ ਜਿਹਾ ਸੀ। ਉਹ ਕੁੱਬੇ ਜਿਹੇ ਲੰਗੜੇ ਪੈਰ ਵਾਲਾ ਨਿਚੱਲਾ ਨਹੀਂ ਸੀ ਬੈਠਦਾ। ਕਦੀ ਕਿਸੇ ਦਾ ਲੀੜਾ ਖਿਚਦਾ ਤੇ ਕਦੀ ਕਿਸੇ ਬਾਲ ਨੂੰ ਛੇੜਦਾ। ਬਸ਼ੀਰ ਉਸ ਨੂੰ ਵੇਖ ਕੇ ਕੁੱਝ ਚਿਰ ਤਾਂ ਸਬਰ ਕਰਦਾ ਰਿਹਾ ਪਰ ਜਦੋਂ ਮਾਂ ਨੇ ਵੀ ਅਪਣੇ ਬਾਲ ਨੂੰ ਨਾ ਠਾਕਿਆ ਤਾਂ ਬਸ਼ੀਰੇ ਦੀ ਅਸਲ ਫ਼ਿਤਰਤ ਬੇਚੈਨ ਹੋ ਗਈ। ਉਹ ਬਾਲ ਨੂੰ ਆਖਣ ਲੱਗਾ, ''ਓਏ ਬਹਿ ਜਾ ਓਏ ਅਮਨ ਨਾਲ, ਅੱਗੇ ਹੀ ਤੇਰਾ ਪੈਰ ਇੰਜ ਹੈ ਜਿਵੇਂ ਟਾਂਗੇ ਵਾਲਾ ਖੇਰਾ ਹੁੰਦੈ।''

ਅੱਗੇ ਤਾਂ ਕਦੀ ਮੈਨੂੰ ਸ਼ੱਕ ਪੈਂਦਾ ਸੀ ਕਿ ਇਹ ਪੀਰ ਬਣ ਕੇ ਬੈਠਾ ਬਸ਼ੀਰਾ ਮਰਾਸੀ ਹੀ ਹੈ ਵੀ ਕਿ ਨਹੀਂ ਪਰ ਹੁਣ ਇਹ ਸ਼ੱਕ ਨਿਕਲ ਗਿਆ ਸੀ। ਇਕ ਕੁੱਬੇ ਜਿਹੇ ਪੈਰ ਨੂੰ ਸਸਤੇ ਜਿਹੇ ਖੇਰੇ ਨਾਲ ਤਸ਼ਬੀਹ ਦੇਣਾ ਇਕ ਏਨਾ ਕੁ ਡੂੰਘਾ ਅਤੇ ਜ਼ਹੀਨ ਮਖ਼ੌਲ ਸੀ ਕਿ ਮਰਾਸੀ ਤੋਂ ਸਿਵਾ ਕਿਸੇ ਦੇ ਵੱਸ ਦਾ ਰੋਗ ਹੀ ਨਹੀਂ ਸੀ। ਏਨੇ ਮਹੀਨ ਮਖ਼ੌਲ ਉਤੇ ਮੇਰੇ ਲਈ ਹਾਸਾ ਡਕਣਾ ਔਖਾ ਹੋ ਗਿਆ ਤੇ ਮੈਂ ਗੋਡਿਆਂ ਵਿਚ ਮੂੰਹ ਦੇ ਕੇ ਰੱਜ ਕੇ ਹੱਸ ਲਿਆ। ਨਿੱਕੇ ਮੋਟੇ ਮਖ਼ੌਲ ਦੀ ਤਾਂ ਮੈਨੂੰ ਵਿੱਸ ਨਹੀਂ ਚੜ੍ਹਦੀ, ਪਰ ਜੇ ਮਖ਼ੌਲ ਕਲਰੀ ਨਾਗਨ ਵਰਗਾ ਹੋਵੇ ਤਾਂ ਜ਼ਹਿਰ ਚੜ੍ਹ ਹੀ ਜਾਂਦਾ ਹੈ। ਛੀਂਬੇ ਸੱਪ ਜਿਹੀ ਟਿਚਕਰ ਤਾਂ ਮੈਨੂੰ ਸੁੰਘ ਕੇ ਛੱਡ ਜਾਂਦੀ ਹੈ। ਲੜੇ ਵੀ ਤੇ ਮੱਛਰ ਤੋਂ ਵੱਧ ਕੁੱਝ ਨਹੀਂ ਕਰਦੀ। (ਚਲਦਾ)

-43 ਆਕਲੈਂਡ ਰੋਡ, ਲੰਡਨ-ਈ 15-2 ਏ ਐਨ,  
ਫ਼ੋਨ : 0208-519 21 39

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement