
1984 ਨਾ ਭੁੱਲਣ ਯੋਗ ਕਹਾਣੀ
''ਮੈਂ ਸੰਤੋਖ ਸਿੰਘ ਪੁੱਤਰ ਸੋਹਣ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਚਾਨੀਆਂ-ਜਲੰਧਰ ਤੋਂ ਬੋਲ ਰਿਹਾਂ। ਭਾਰਤ ਵੰਡ ਤੋਂ ਉਪਰੰਤ ਮੇਰੇ ਪਿਤਾ ਜੀ ਕੰਮ ਦੀ ਭਾਲ ਵਿਚ ਦਿੱਲੀ ਗਏ। ਉਨ੍ਹਾਂ ਨੇ ਪਹਾੜਗੰਜ ਦੇ ਮੁਹੱਲਾ ਕਟੜਾ ਮਦਨ ਮੋਹਨ ਵਿਚ ਰਿਹਾਇਸ਼ ਰੱਖੀ ਤੇ ਫਿਰ ਸੰਸਾਰ ਸਿਲਾਈ ਮਸ਼ੀਨ ਫ਼ਰਮ ਵਿਚ ਨੌਕਰੀ ਕਰ ਲਈ। ਕੁੱਝ ਅਰਸਾ ਬਾਅਦ ਫ਼ਰਮ ਬੰਦ ਹੋਣ ਕਾਰਨ ਪਿਤਾ ਜੀ ਅਪਣੀ ਲੱਕੜ ਦੇ ਕੰਮ ਦੀ ਠੇਕੇਦਾਰੀ ਕਰਨ ਲੱਗੇ। ਖ਼ਾਲਸਾ ਹਾਈ ਸਕੂਲ ਸ਼ੰਕਰ ਤੋਂ 1968 ਵਿਚ ਮੈਟ੍ਰਿਕ ਪਾਸ ਕਰਨ ਉਪਰੰਤ ਮੈਂ ਵੀ ਚੰਗਾ ਮੁੱਛ ਫੁੱਟ ਗੱਭਰੂ ਨਿਕਲ ਆਇਆ।
Santokh singh
ਪਿਤਾ ਜੀ ਨੇ ਮੈਨੂੰ ਵੀ ਦਿੱਲੀ ਸੱਦਾ ਭੇਜਿਆ। ਅਰਬ ਮੁਲਕਾਂ ਵਿਚ ਵੀ ਲੰਮਾ ਸਮਾਂ ਪੈਸੇ ਲਈ ਸੰਘਰਸ਼ ਕੀਤਾ। 31 ਅਕਤੂਬਰ ਦੀ ਦੁਪਹਿਰ, ਮੈਂ ਏ.ਆਈ.ਐਮ.ਐਸ ਹਸਪਤਾਲ ਮਾਰਕੀਟ ਵਿਚ ਕਿਸੇ ਕੰਮ ਦੇ ਸਿਲਸਿਲੇ ਵਿਚ ਸਾਂ ਕਿ ਇਕ ਅਖ਼ਬਾਰ ਵਿਕਰੇਤਾ 'ਸੰਧਿਆ ਸਮਾਚਾਰ ਅਖ਼ਬਾਰ' ਨੂੰ ਲਹਿਰਾ ਕੇ, ਚੀਕ-ਚੀਕ ਕੇ ਕਹਿ ਰਿਹਾ ਸੀ, ''ਸਰਦਾਰ ਬਾਡੀਗਾਰਡਾਂ ਨੇ ਇੰਦਰਾ ਗਾਂਧੀ ਕਾ ਕਤਲ ਕਰ ਦੀਆ-ਸਰਦਾਰ ਬਾਡੀਗਾਰਡਾਂ ਨੇ ਇੰਦਰਾ ਗਾਂਧੀ ਕਾ ਕਤਲ ਕਰ ਦੀਆ।'' ਅਸੀ ਅਖ਼ਬਾਰ ਦੀ ਮੇਨ ਸੁਰਖ਼ੀ ਨੂੰ ਗਹੁ ਨਾਲ ਵੇਖਿਆ ਕਿ ਉਸ ਵਿਚ ਬਾਡੀਗਾਰਡਾਂ ਦਾ ਨਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਲਿਖਿਆ ਹੋਇਆ ਸੀ।
1984 Sikh genocide
ਇਤਫ਼ਾਕਨ ਮੇਰੇ ਨਾਲ ਹੀ, ਚਾਨੀਆਂ ਪਿੰਡ ਤੋਂ ਨੰਦਕਿਆਂ ਦੇ ਚਾਚਿਉਂ/ਤਾਇਉਂ ਭਰਾ ਅਵਤਾਰ ਸਿੰਘ ਤਾਰੀ ਤੇ ਜਸਮੇਲ ਸਿੰਘ ਬੱਬੀ ਵੀ ਖੜੇ ਸਨ ਜੋ ਕਿ ਲਿਬੀਆ ਦੀ ਕੰਸਟ੍ਰਕਸ਼ਨ ਕੰਪਨੀ ਦੇ ਏਜੰਟ ਕੋਲ ਲਿਬੀਆ ਜਾਣ ਦੇ ਸਿਲਸਿਲੇ ਵਿਚ ਆਏ ਸਨ। ਉਸ ਵੇਲੇ ਮੇਰਾ ਮੱਥਾ ਠਣਕਿਆ ਕਿ ਕੋਈ ਗੜਬੜ ਹੋ ਸਕਦੀ ਐ। ਮੈਂ ਉਨ੍ਹਾਂ ਨੂੰ ਅਪਣੇ ਰਿਸ਼ਤੇਦਾਰਾਂ ਦੇ ਘਰ ਜਾਣ ਲਈ ਆਖਿਆ। ਮੈਂ ਵੀ ਸਕੂਟਰ 'ਤੇ ਸਾਹਦਰੇ ਸਥਿਤ ਅਪਣੇ ਘਰ ਚਲਿਆ ਗਿਆ। ਉਸ ਸਮੇਂ ਗਾਂਧੀਵਾਦੀ ਲੋਕ ਬਹੁਤ ਰੋਹ 'ਚ ਸਨ।
1984 SIKH GENOCIDE
ਘਰ ਦੇ ਰਸਤੇ 'ਚ ਮੈਂ ਕਈ ਚੁਰੱਸਤਿਆਂ ਵਿਚ ਭੀੜ ਨੂੰ ਇਕੱਤਰ ਹੁੰਦੇ ਵੇਖਿਆ ਪਰ ਅਜੇ ਅਗਜ਼ਨੀ ਜਾਂ ਮਾਰਧਾੜ ਸ਼ੁਰੂ ਨਹੀਂ ਸੀ ਹੋਈ ਪਰ ਸ਼ਾਮ ਨੂੰ ਏ.ਆਈ.ਐਮ.ਐਸ ਅਤੇ ਆਈ.ਐਨ.ਏ. ਮਾਰਕਿਟ 'ਚ ਭੜਕੀ ਭੀੜ ਵਲੋਂ ਅੱਗਾਂ ਲਾਈਆਂ ਗਈਆਂ। ਦੂਜੇ ਦਿਨ ਸਵੇਰੇ ਪਿਤਾ ਜੀ ਤੇ ਮੇਰਾ ਛੋਟਾ ਭਰਾ ਬਲਵੀਰ ਕੰਮ 'ਤੇ ਚਲੇ ਗਏ। ਮੈਂ ਵੀ 10 ਵਜੇ ਏ.ਆਈ.ਐਮ.ਐਸ ਸਥਿਤ ਨਰੂਲਿਆਂ ਦੇ ਦਫ਼ਤਰ ਜਾਣ ਲਈ ਘਰੋਂ ਸਕੂਟਰ 'ਤੇ ਨਿਕਲਿਆ। ਹਾਲਾਤ ਨੂੰ ਜਾਣਨ ਲਈ ਰਸਤੇ 'ਚ ਐਸ.ਟੀ.ਡੀ. ਤੋਂ ਦਫ਼ਤਰ ਵਾਰ-ਵਾਰ ਫ਼ੋਨ ਕੀਤਾ ਪਰ ਕਿਸੇ ਨੇ ਫ਼ੋਨ ਨਾ ਚੁਕਿਆ।
1984 SIKH GENOCIDE
ਅਖੀਰ ਡਾ: ਪੁਰੀ ਨੇ ਮੇਰਾ ਫ਼ੋਨ ਚੁਕਿਆ। ਉਨ੍ਹਾਂ ਮੇਰੀ ਨਮਸਤੇ ਦਾ ਜੁਆਬ ਦੇਣ ਦੀ ਬਜਾਏ ਮੇਰੀ ਆਵਾਜ਼ ਪਛਾਣਦਿਆਂ ਤੁਰਤ ਇਕੋ ਸਵਾਲ ਪੁਛਿਆ, ''ਸੰਤੋਖ ਸਿੰਘ ਕਿਥੇ ਹੈਂ ਤੂੰ? ਹਾਲਾਤ ਬਹੁਤ ਖ਼ਰਾਬ ਨੇ, ਤੂੰ ਜਿਥੇ ਕਿਤੇ ਵੀ ਹੈਂ ਬਸ ਫਟਾ-ਫਟ ਘਰ ਚਲਾ ਜਾਹ।'' ਕਹਿੰਦਿਆਂ ਉਸ ਨੇ ਤੁਰਤ ਫ਼ੋਨ ਕੱਟ ਦਿਤਾ। ਮੈਂ ਉਲਟੇ ਪੈਰੀਂ ਘਰ ਚਲਾ ਗਿਆ। ਉਧਰ ਪਿਤਾ ਜੀ ਤੇ ਭਰਾ ਨੂੰ ਵੀ ਮਾਲਕਾਂ ਨੇ ਵਾਪਸ ਘਰ ਭੇਜ ਦਿਤਾ।
1984
ਹਾਲਾਤ ਦੀ ਪ੍ਰਵਾਹ ਨਾ ਕਰਦਿਆਂ ਮੇਰੇ ਪਿਤਾ ਜੀ ਰਸਤੇ 'ਚ ਹੀ ਪੁਰਾਣੇ ਜਾਣੂ ਦਿੱਲੀ ਫ਼ਾਊਂਡਰੀ ਵਾਲਿਆਂ ਦੇ ਕੰਮ 'ਤੇ ਚਲੇ ਗਏ ਅਤੇ ਬਲਵੀਰ ਰਸਤੇ ਦੀਆਂ ਦੰਗਈ ਭੀੜਾਂ ਤੋਂ ਬਚਦਾ ਬਚਾਉਂਦਾ ਰਸਤੇ ਬਦਲ-ਬਦਲ ਕੇ ਘਰ ਸਹੀ ਸਲਾਮਤ ਆ ਗਿਆ। ਸਾਡੇ ਘਰ ਦੇ ਖੱਬੇ ਪਾਸੇ ਭਾਜਪਾ ਦੇ ਲੋਕਲ ਲੀਡਰ ਮਾਸਟਰ ਬਲਵੀਰ ਸਿਹੁੰ ਤੇ ਸੱਜੇ ਪਾਸੇ ਭਾਜਪਾ ਦੇ ਹੀ ਇਕ ਹੋਰ ਪੁਰ ਖ਼ਲੂਸ ਨੇਤਾ ਪੰਡਤ ਪਰਮੇਸ਼ਰੀ ਦਾਸ ਜੀ ਰਹਿੰਦੇ ਸਨ।
1984 Sikh Genocide
ਸਮੂਹ ਮੁਹੱਲਾ ਵਾਸੀਆਂ ਨਾਲ ਮੇਰਾ ਕਾਫ਼ੀ ਲਗਾਉ ਸੀ। ਇਸ ਦੀ ਇਕ ਵਜ੍ਹਾ ਇਹ ਵੀ ਸੀ ਕਿ ਸਾਰੇ ਮੁਹੱਲੇ 'ਚ ਪਾਣੀ ਦੀ ਤੰਗੀ ਰਹਿੰਦੀ ਸੀ ਪਰ ਮੇਰੇ ਘਰ ਸਬਮਰਸੀਬਲ ਮੋਟਰ ਲੱਗੀ ਹੋਣ ਕਰ ਕੇ ਮੁਹੱਲੇ ਦੇ ਬਹੁਤੇ ਘਰ ਸਾਡੇ ਘਰੋਂ ਹੀ ਪਾਣੀ ਭਰਦੇ ਸਨ। ਅਸੀ ਅਪਣੇ ਘਰ ਦੇ ਬਾਹਰ ਇਕ ਵੱਡੀ ਟੂਟੀ ਵੀ ਲਗਾਈ ਹੋਈ ਸੀ। ਮੈਂ ਅਪਣੀ ਸਰਦਾਰਨੀ ਨੂੰ ਵੀ ਇਹ ਹਿਦਾਇਤ ਦਿਤੀ ਹੋਈ ਸੀ ਕਿ ਜਦ ਵੀ ਕੋਈ ਬਾਹਰੋਂ ਪਾਣੀ ਲਈ ਆਵਾਜ਼ ਦਿੰਦਾ ਹੈ ਤਾਂ ਫ਼ਟ ਮੋਟਰ ਚਲਾ ਦਿਆ ਕਰੋ ਅਤੇ ਕਿਸੇ ਨੂੰ ਵੀ ਪਾਣੀ ਤੋਂ ਨਾਂਹ ਨਹੀਂ ਕਰਨੀ।
sikh Genocide in 1984
1 ਨਵੰਬਰ ਨੂੰ ਮੁਹੱਲੇ ਦੇ ਕੁੱਝ ਮੋਹਤਬਰ ਬੰਦੇ ਮੇਰੇ ਘਰ ਆਏ। ਉਨ੍ਹਾਂ ਸਾਨੂੰ ਅੰਦਰ ਹੀ ਰਹਿਣ ਲਈ ਕਿਹਾ ਤੇ ਆਪ ਬਾਹਰ ਪਹਿਰਾ ਲਗਾ ਦਿਤਾ। ਸ਼ਾਮ ਨੂੰ ਜਦੋਂ ਅਸੀ ਅਪਣੇ ਕੋਠੇ 'ਤੇ ਚੜ੍ਹੇ ਤਾਂ ਥਾਂ-ਥਾਂ ਬਲਦੀ ਦਿੱਲੀ ਦੀਆਂ ਉੱਚੀਆਂ ਲਾਟਾਂ ਉਠਦੀਆਂ ਵੇਖੀਆਂ। ਮੇਰਾ ਗੁਆਂਢੀ ਜਗਦੀਸ਼ ਕੁਮਾਰ ਬੀ.ਏ. ਘਰ ਦੇ ਵਿਹੜੇ ਵਿਚ ਬਿਮਾਰ ਪਿਆ ਸਾਨੂੰ ਜ਼ੋਰ ਦੇ ਰਿਹਾ ਸੀ ਕਿ ਤੁਸੀ ਅਪਣੇ ਕੇਸ ਕਟਵਾ ਦਿਉ। ਸਾਡੇ ਹੋਰ ਆਂਢੀਆਂ-ਗੁਆਂਢੀਆਂ ਨੇ ਵੀ ਸਾਨੂੰ ਅਜਿਹਾ ਕਰਨ ਨੂੰ ਕਿਹਾ। ਸਾਹਮਣੇ ਮੌਤ ਖੜੀ ਵੇਖ ਕੇ ਇਕ ਵਾਰ ਤਾਂ ਮਨ ਬਣ ਵੀ ਗਿਆ
1984 sikh riots
ਪਰ ਸ਼ਾਬਾਸ਼ ਮੇਰੀ ਸਰਦਾਰਨੀ ਦੇ ਜਿਸ ਨੇ ਮੈਨੂੰ ਹੌਸਲਾ ਦਿੰਦਿਆਂ ਆਖਿਆ, ''ਤੁਸੀ ਸਿੱਖ ਦੀ ਪਰਿਭਾਸ਼ਾ ਜਾਣਦੇ ਹੋ ਕੀ ਹੈ? ਉਹ ਜੋ ਬੇਮੁਖ ਹੋ ਕੇ ਵੀ ਬੇਵਫ਼ਾ ਨਾ ਹੋਵੇ। ਜੇ ਕੇਸ ਕਟਵਾ ਲਏ ਤਾਂ ਗੁਰੂ ਵਲੋਂ ਵੀ ਜਾਵਾਂਗੇ ਤੇ ਇਨ੍ਹਾਂ ਗਾਂਧੀ ਦੇ ਜਾਇਆਂ ਨੇ ਛੱਡਣਾ ਸਾਨੂੰ ਫਿਰ ਵੀ ਨਹੀਂ। ਤਲਵਾਰਾਂ, ਡਾਂਗਾਂ ਤਿਆਰ ਕਰੋ ਤੇ ਇੱਟਾਂ-ਰੋੜੇ ਚੜ੍ਹਾਉ ਕੋਠੇ 'ਤੇ। ਦੰਗਈਆਂ ਨਾਲ ਮੁਕਾਬਲਾ ਕਰ ਕੇ ਮਰਨਾ ਹੀ ਸੂਰਮਤਾਈ ਹੈ।''
1984
ਇਸ ਤਰ੍ਹਾਂ ਮੇਰੇ ਜਜ਼ਬਾਤ ਨੂੰ ਹਲੂਣਾ ਮਿਲਿਆ ਤੇ ਅਸੀ ਦੰਗਈਆਂ ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰ ਲਈ ਪਰ ਮਾਹੌਲ ਬਹੁਤ ਹੀ ਤਣਾਅ ਅਤੇ ਸਹਿਮ ਵਾਲਾ ਸੀ। ਪਟਰੋਲ ਦੀਆਂ ਬੋਤਲਾਂ, ਸਰੀਏ, ਭਾਲੇ ਅਤੇ ਤਲਵਾਰਾਂ ਨਾਲ ਲੈਸ ਕਾਤਲ ਤੇ ਬਲਾਤਕਾਰੀ ਦੰਗਾਈਆਂ ਦੀ ਭੀੜ ਦੀ ਅਗਵਾਈ ਕਰ ਰਹੇ, ਕਾਂਗਰਸ ਦੇ ਲੋਕਲ ਨੇਤਾ ਹੱਥਾਂ 'ਚ ਵੋਟਰ ਲਿਸਟਾਂ ਫੜ ਕੇ ਸਿੱਖਾਂ ਦੇ ਘਰਾਂ ਦੀ ਪਛਾਣ ਕਰਦੇ ਹੋਏ ਭੀੜ ਨੂੰ ਹੋਰ ਹੱਲਾਸ਼ੇਰੀ ਦੇ ਰਹੇ ਸਨ।
1984 sikh riots
3 ਨਵੰਬਰ ਨੂੰ ਪੰਡਤ ਪਰਮੇਸ਼ਰੀ ਦਾਸ ਜੀ ਦੇ ਘਰੋਂ ਮਾਤਾ ਜੀ ਮੇਰੇ ਘਰ ਆਏ। ਉਨ੍ਹਾਂ ਮੈਨੂੰ ਆਖਿਆ ਕਿ ਤੈਨੂੰ ਪੰਡਤ ਜੀ ਬੁਲਾ ਰਹੇ ਨੇ। ਮੈਂ ਜਾ ਕੇ ਪੰਡਤ ਜੀ ਨੂੰ ਨਮਸਕਾਰ ਕੀਤੀ। ਉਨ੍ਹਾਂ ਲੈਂਡ ਲਾਈਨ ਤੋਂ ਡੀ.ਕੇ. ਜੈਨ ਦਾ ਨੰਬਰ ਮਿਲਾਉਣ ਲਈ ਕਿਹਾ। ਵਾਰ-ਵਾਰ ਫ਼ੋਨ ਕਰਨ ਤੇ ਉਨ੍ਹਾਂ ਫ਼ੋਨ ਨਾ ਚੁਕਿਆ। ਫਿਰ ਪੰਡਤ ਜੀ ਨੇ ਆਖਿਆ ਹਰੀ ਓਮ ਕਪੂਰ ਦਾ ਨੰਬਰ ਮਿਲਾਉ। ਫਿਰ ਮੈਂ ਉਨ੍ਹਾਂ ਦਾ ਨੰਬਰ ਮਿਲਾਇਆ ਤਾਂ ਉਨ੍ਹਾਂ ਫ਼ੋਨ ਚੁੱਕ ਲਿਆ।
1984 anti-Sikh riots
ਕਪੂਰ ਸਾਹਿਬ ਨੂੰ ਤਾਕੀਦ ਕੀਤੀ ਕਿ, ''ਮੇਰੇ ਬੱਚੇ ਮੁਸੀਬਤ ਵਿਚ ਹਨ। ਡਰਾਈਵਰ ਨੂੰ ਨਹੀਂ ਭੇਜਣਾ ਤੂੰ ਆਪ ਗੱਡੀ ਲੈ ਕੇ ਆ ਤੇ ਇਨ੍ਹਾਂ ਨੂੰ ਸ਼ਾਮ ਲਾਲ ਕਾਲਜ ਸ਼ਾਹਦਰਾ ਕੈਂਪ ਵਿਚ ਛੱਡ ਕੇ ਆ।'' ਕਪੂਰ ਸਾਹਿਬ ਉਦੋਂ ਹੀ ਮੈਟਾਡੋਰ ਲੈ ਕੇ ਮੇਰੇ ਘਰ ਆਏ, ਜਿਸ 'ਚ ਮੈਂ, ਮੇਰੀ ਪਤਨੀ, ਬੱਚੇ, ਭਰਾ, ਮਾਤਾ, ਪਿਤਾ ਤੇ ਇਕ ਤਾਇਆ ਜੀ ਸਮੇਤ ਕੁੱਲ 11 ਮੈਂਬਰ ਸ਼ਾਮਲ ਸੀ, ਸੱਭ ਸਵਾਰ ਹੋ ਰਹੇ।
1984 anti-Sikh riots
ਕੋਈ ਦੋ ਕੁ ਫ਼ਰਲਾਂਗ ਤੇ ਲੋਨੀ ਯੂਪੀ ਨੂੰ ਜਾਂਦੀ ਮੇਨ ਜੀ.ਟੀ. ਰੋਡ 'ਤੇ ਚੁਰਸਤੇ 'ਚ ਕੋਈ ਢਾਈ-ਤਿੰਨ ਸੌ ਦੰਗਈਆਂ ਦੀ ਹਥਿਆਰਾਂ ਨਾਲ ਲੈਸ ਬਿਫ਼ਰੀ ਹੋਈ ਭੀੜ ਨੇ ਸਾਨੂੰ ਆ ਘੇਰਿਆ। ਜਿਉਂ ਹੀ ਉਨ੍ਹਾਂ ਸਾਨੂੰ ਸਿੱਖ ਪਛਾਣ ਕੇ ਅਪਣੇ ਹਥਿਆਰਾਂ ਅਤੇ ਪਟਰੋਲ ਦੀਆਂ ਬੋਤਲਾਂ ਨੂੰ ਉਛਾਲਿਆ ਤਾਂ ਅਸੀ ਅਪਣੀ ਮੌਤ ਨੂੰ ਪ੍ਰਤੱਖ ਸਾਹਮਣੇ ਖੜੀ ਵੇਖਿਆ ਪਰ ਉਦੋਂ ਹੀ ਇਕ ਕੌਤਕ ਵਰਤ ਗਿਆ ਕਿ ਉਸ ਭੀੜ ਦੀ ਅਗਵਾਈ ਕਰਨ ਵਾਲਾ ਮੇਰੇ ਹੀ ਮੁਹੱਲੇ ਦਾ ਚੂਹਾ ਨਾਮ ਦਾ ਨੌਜਵਾਨ ਸੀ ਜੋ ਅਕਸਰ ਮੇਰੇ ਘਰ ਤੋਂ ਪਾਣੀ ਭਰਨ ਆਇਆ ਕਰਦਾ ਸੀ।
1984 Sikh
ਮੈਂ ਪੁਛਿਆ, ''ਚੂਹੇ ਕੀ ਮੁਸ਼ਕਲ ਹੈ?'' ਜਿਉਂ ਹੀ ਉਸ ਨੇ ਮੈਨੂੰ ਪਛਾਣਿਆ ਤਾਂ ਤਸਵੀਰ ਦਾ ਪਾਸਾ ਪਲਟ ਗਿਆ ਤੇ ਉਸ ਤੇ ਅਪਣੇ ਦੰਗਈ ਸਾਥੀਆਂ ਨੂੰ ਲਲਕਾਰਦਿਆਂ ਪਾਸੇ ਕਰ ਕੇ ਸਾਨੂੰ ਸੁਰੱਖਿਅਤ ਲਾਂਘਾ ਦੇ ਕੇ ਅੱਗੇ ਤੋਰ ਦਿਤਾ। ਪਾਣੀ ਦੇ ਉਪਹਾਰ ਬਦਲੇ ਸਾਡੀਆਂ ਕੀਮਤੀ ਜਾਨਾਂ ਬਚ ਗਈਆਂ। ਰਸਤੇ 'ਚ ਅਸੀ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ ਨੂੰ ਅਗਨ ਭੇਟ ਹੁੰਦਾ ਵੇਖਿਆ। ਇਕ 70 ਕੁ ਸਾਲ ਦਾ ਸਿੱਖ ਬਜ਼ੁਰਗ ਜੋ ਲਹੂ ਲੁਹਾਨ ਹੋਇਆ ਪਿਆ ਸੀ, ਉਸ ਦੇ ਗਲ 'ਚ ਟਾਇਰ ਪਾ ਕੇ ਉਸ ਨੂੰ ਅੱਗ ਲਗਾਈ ਹੋਈ ਸੀ ਅਤੇ ਉਹ ਤੜਫ਼ ਰਿਹਾ ਸੀ। ਅਫ਼ਸੋਸ ਕਿ ਮੈਂ ਉਸ ਦੀ ਕੋਈ ਮਦਦ ਨਾ ਕਰ ਸਕਿਆ।
1984 Riots
ਹੁਣ ਤਕ ਵੀ ਉਹ ਭਿਆਨਕ ਦ੍ਰਿਸ਼ ਮੈਨੂੰ ਭੁਲਾਇਆਂ ਵੀ ਨਹੀਂ ਭੁਲਦਾ। ਪਰ ਅਸੀ ਸਹੀ ਸਲਾਮਤ ਸ਼ਾਹਦਰਾ ਦੇ ਸ਼ਾਮ ਲਾਲ ਕਾਲਜ ਵਿਚਲੇ ਰਫ਼ਿਊਜੀ ਕੈਂਪ 'ਚ ਪਹੁੰਚ ਗਏ। ਕੈਂਪ 'ਚ ਪਹੁੰਚਦਿਆਂ ਹੀ ਮੈਂ ਪਿਤਾ ਜੀ ਨੂੰ ਦਿੱਲੀ ਫ਼ਾਊਂਡਰੀ ਦੇ ਕਾਰਖ਼ਾਨੇ 'ਚੋਂ ਲਿਆਉਣ ਵਿਚ ਮਦਦ ਲਈ ਥਾਣੇ ਜਾ ਕੇ ਸਰਦਾਰ ਐਸ.ਐਚ.ਓ. ਨੂੰ ਮਿਲਿਆ। ਮੈਨੂੰ ਦਸਿਆ ਗਿਆ ਕਿ ਮੇਰੇ ਪਿਤਾ ਜੀ ਉਥੇ ਹੀ ਮਹਿਫੂਜ਼ ਹਨ। ਤੂੰ ਉਥੇ ਪੁਲਿਸ ਲੈ ਕੇ ਨਾ ਜਾਵੀਂ। ਜੇ ਜਾਣੈ ਤਾਂ ਮਿਲਟਰੀ ਲੈ ਕੇ ਜਾਹ। ਉਸ ਨੇ ਅਪਣੀ ਅਸਮਰਥਾ ਜਤਾਉਂਦਿਆਂ ਦਸਿਆ ਕਿ ਉਸ ਦਾ ਅਪਣਾ ਪਸਤੌਲ ਵੀ 31 ਅਕਤੂਬਰ ਨੂੰ ਜਮ੍ਹਾਂ ਕਰਵਾ ਲਿਆ ਗਿਆ ਹੈ।
1984 Sikh
ਪਿਤਾ ਜੀ ਉਥੇ ਮਹਿਫੂਜ਼ ਰਹੇ। ਮਾਲਕ ਰਤਨ ਲਾਲ ਜੀ ਦੋਵੇਂ ਵਕਤ ਪਿਤਾ ਜੀ ਨੂੰ ਚਾਹ ਰੋਟੀ ਵੀ ਪੁਹੰਚਾਉਂਦੇ ਰਹੇ। ਕਰੀਬ ਦੋ ਕੁ ਹਫ਼ਤੇ ਬਾਅਦ ਜਦ ਆਲੇ ਦੁਆਲੇ ਸ਼ਾਂਤੀ ਹੋਈ ਤਾਂ ਅਸੀ ਅਪਣੇ ਘਰ ਵਾਪਸ ਪਰਤ ਗਏ। ਸਾਡੇ ਘਰ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਮੁਹੱਲੇ 'ਚੋਂ ਕੁੱਝ ਹਿਤੈਸ਼ੀਆਂ ਨੇ ਸਾਡੇ ਘਰ ਦੀ ਰਖਵਾਲੀ ਕੀਤੀ। ਜਿਨ੍ਹਾਂ 'ਚੋਂ ਪ੍ਰਮੁੱਖ ਪੰਡਤ ਜੀ ਦਾ ਹੀ ਪ੍ਰਵਾਰ ਸੀ। ਉਨ੍ਹਾਂ ਇਹ ਅਫ਼ਵਾਹ ਵੀ ਫੈਲਾਅ ਦਿਤੀ ਸੀ ਕਿ ਸਰਦਾਰ ਜੀ ਘਰ 'ਚ ਕਰੰਟ ਛੱਡ ਗਏ ਹਨ, ਇਸ ਲਈ ਕੋਈ ਨੇੜੇ ਨ ਜਾਵੇ। ਮੈਂ ਉਸ ਦਰਵੇਸ਼ ਪੁਰਸ਼ ਨੂੰ ਨਮਸਕਾਰ ਕਰਦਾ ਹਾਂ।''
- ਮੋਬਾਈਲ : 92569-73526
ਸਤਵੀਰ ਸਿੰਘ ਚਾਨੀਆਂ