ਜਿਉਂ ਜਿਉਂ ਦੀਵਾਲੀ ਵਾਲੇ ਦੀਵੇ ਜਗਦੇ, ਤਿਉਂ ਤਿਉਂ ਹਨੇਰੇ ਜਾਣ ਹੋਰ ਵਧਦੇ
Published : Nov 3, 2021, 3:35 pm IST
Updated : Nov 3, 2021, 3:35 pm IST
SHARE ARTICLE
Diwali
Diwali

ਦੀਵੇ ਵੀ ਭਾਵੇਂ ਜਗਦੇ ਰਹੇ, ਸੂਰਜ ਵੀ ਭਾਵੇਂ ਮਘਦੇ ਰਹੇ ਪਰ ਗ਼ਰੀਬਾ ਤੇਰੀ ਖ਼ੁਸ਼ੀਆਂ ਦੀ ਫਿਰ ਵੀ ਪ੍ਰਭਾਤ ਨਾ ਹੋਈ।

ਮੋਹਾਲੀ : ਕਿਹਾ ਜਾਂਦਾ ਹੈ ਕਿ ਪੁਰਾਤਨ ਸਮਿਆਂ ਵਿਚ ਮਨੁੱਖ ਵਲੋਂ ਅਪਣੀ ਕਿਸੇ ਵੱਡੀ ਖ਼ੁਸ਼ੀ ਨੂੰ ਮਨਾਉਣ ਲਈ ਢੋਲ ਢਮੱਕੇ ਵਜਾ ਕੇ ਦੁਸਰੇ ਲੋਕਾਂ ਨੂੰ ਅਪਣੀ ਖ਼ੁਸ਼ੀ ਦਸੀ ਜਾਂਦੀ ਸੀ ਜਦੋਂ ਕਿ ਸਮਾਜ ਦੇ ਕਿਸੇ ਉਚੇ ਰੁਤਬੇ ਵਾਲੇ ਵਿਅਕਤੀ ਦੀ ਸਫ਼ਲਤਾ ਵੇਲੇ ਘਿਉ ਦੇ ਦੀਵੇ ਬਾਲ ਕੇ ਖ਼ੁਸ਼ੀ ਮਨਾਈ ਜਾਂਦੀ ਸੀ। ਪ੍ਰੰਤੂ ਅਜੋਕੇ ਅਧੁਨਿਕ ਯੁੱਗ ਵਿਚ ਇਹ ਸੱਭ ਤਰੀਕੇ ਬਦਲ ਗਏ ਹਨ ਜਿਵੇਂ ਕਿ ਦੀਵਾਲੀ ਦਾ ਤਿਉਹਾਰ ਵੱਡੇ-ਵੱਡੇ ਪਟਾਕੇ ਅਤੇ ਮਹਿੰਗੀਆਂ ਰੌਸ਼ਨੀਆਂ ਕਰ ਕੇ ਮਨਾਇਆ ਜਾਂਦਾ ਹੈ ਕਿਉਂਕਿ ਦੀਵਾਲੀ ਦੀ ਪਰੰਪਰਾ ਹਿੰਦੂ ਇਤਿਹਾਸ ਅਨੁਸਾਰ ਇਹ ਕਹਿੰਦੀ ਹੈ ਕਿ ਸ੍ਰੀ ਰਾਮ ਚੰਦਰ ਇਸ ਦਿਨ 14 ਸਾਲਾਂ ਦਾ ਬਨਵਾਸ ਕੱਟਣ ਉਪਰੰਤ ਅਤੇ ਲੰਕਾ ਪਤੀ ਰਾਜਾ ਰਾਵਣ ਨੂੰ ਯੁੱਧ ਵਿਚ ਮਾਰਨ ਉਪਰੰਤ ਆਯੋਧਿਆ ਪਹੁੰਚੇ ਸਨ ਤਾਂ ਲੋਕਾਂ ਨੇ ਖ਼ੁਸ਼ੀ ਵਜੋਂ ਅਪਣੇ ਘਰਾਂ ਉਤੇ ਦੀਵੇ ਜਗਾਏ ਸਨ ਜੋ ਅੱਜ ਤਕ ਇਹ ਦਿਨ ਦੀਵਾਲੀ ਦੇ ਤਿਉਹਾਰ ਵਜੋਂ ਪ੍ਰਚਲਤ ਹੈ। ਇਸੇ ਹਿੰਦੁਵਾਦੀ ਇਤਿਹਾਸ ਅਨੁਸਾਰ ਹੀ ਕੁੱਝ ਦਿਨ ਪਹਿਲਾਂ ਦੁਸਹਿਰਾ ਮਨਾਇਆ ਗਿਆ।

DiwaliDiwali

ਦੀਵਾਲੀ, ਦੀਵਿਆਂ-ਵਾਲੀ, ਭਾਵ ਦੀਪ- ਵਾਲੀ ਸ਼ਬਦਾਂ ਦਾ ਸੁਮੇਲ ਹੈ।  ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਦੀਵਾਲੀ ਤਿਉਹਾਰ ਦੇ ਪਿਛੇ ਖੜੇ ਇਤਿਹਾਸ ਨੂੰ ਗ਼ੌਰ ਨਾਲ ਵਾਚਣ ਉਪਰੰਤ ਇਸ ਤੋਂ ਸਿਖਿਆ ਤਾਂ ਸਾਨੂੰ ਹੰਕਾਰ ਅਤੇ ਬੁਰਾਈ ਤੋਂ ਦੂਰ ਰਹਿਣ ਦੀ ਮਿਲਦੀ ਹੈ ਪ੍ਰੰਤੂ ਸਾਡੇ ਅਜੋਕੇ ਸਮਾਜ ਵਿਚ ਜੋ ਧਾਰਮਕ ਤੇ ਜਾਤੀਵਾਦੀ ਕੱਟੜਤਾ ਦੇ ਹੰਕਾਰੀ ਲੋਕ ਗ਼ਰੀਬਾਂ ਉਤੇ ਜ਼ੁਲਮ ਕਰਦੇ ਹਨ ਅਤੇ ਇਵੇਂ ਹੀ ਜੋ ਲੋਕ ਬੇਤਹਾਸ਼ਾ ਵੱਡੇ-ਵੱਡੇ ਪਟਾਕੇ ਚਲਾ ਕੇ ਜ਼ਹਰੀਲੇ ਧੂੰਏਂ ਅਤੇ ਪਟਾਕਿਆਂ ਦੇ ਉੱਚੇ ਧਮਾਕਿਆਂ ਨਾਲ ਕਈ ਮਰੀਜ਼ਾਂ ਲਈ ਬੇਚੈਨੀ ਅਤੇ ਆਮ ਲੋਕਾਂ ਲਈ ਸਾਹ ਅਤੇ ਚਮੜੀ ਦੇ ਰੋਗ ਪੈਦਾ ਕਰਦੇ ਹਨ ਅਤੇ ਕਈ ਅਮੀਰ ਲੋਕ ਫ਼ਜ਼ੂਲ ਖ਼ਰਚੀ ਕਰ ਕੇ ਗ਼ਰੀਬ ਲੋਕਾਂ ਨੂੰ ਤਰਸਾਉਂਦੇ ਹਨ ਅਤੇ ਇਵੇਂ ਹੀ ਕਈ ਲੋਕ ਸ਼ਰਾਬਾਂ ਆਦਿ ਪੀ.ਕੇ. ਤੇ ਲੜਾਈ ਝਗੜੇ ਕਰ ਕੇ ਸਮਾਜ ਵਿਚ ਅਸ਼ਾਂਤੀ ਫੈਲਾਉਂਦੇ ਹਨ। ਉਨ੍ਹਾਂ ਲਈ ਦੀਵਾਲੀ ਦੇ ਇਸ ਅਸੂਲ ਦਾ ਕੀ ਮਹੱਤਵ ਹੈ?

Diwali firecrackersDiwali firecrackers

ਬੇਸ਼ਕ ਦੀਵਾਲੀ ਦੇ ਤਿਉਹਾਰ ਨੂੰ ਬੁਰਾਈ ਉਪਰ ਨੇਕੀ ਦੀ ਜਿੱਤ ਵਜੋਂ ਵੀ ਪ੍ਰਚਾਰਿਆ ਜਾਂਦਾ ਹੈ ਪ੍ਰੰਤੂ ਅਜੋਕੇ ਹਲਾਤ ਅਨੁਸਾਰ ਦੀਵਾਲੀ ਮੌਕੇ ਕਈ ਵੱਡੇ ਸਿਆਸਤਦਾਨ ਅਤੇ ਵੱਡੇ ਪ੍ਰਸ਼ਾਸਨਕ ਅਧਿਕਾਰੀ ਅਪਣੇ ਮਤਾਹਿਤਾਂ (ਛੋਟੇ ਲੀਡਰਾਂ, ਛੋਟੇ ਮੁਲਾਜ਼ਮਾਂ ਤੇ ਲੋੜਵੰਦ ਲੋਕਾਂ) ਤੋਂ ਕੀਮਤੀ ਤੋਹਫ਼ੇ ਲੈਣ ਨੂੰ ਪਹਿਲ ਦੇ ਕੇ ਉਨ੍ਹਾਂ ਦੀ ਮਜਬੂਰੀ ਦਾ ਨਜ਼ਾਇਜ ਫ਼ਾਇਦਾ ਉਠਾਉਂਦੇ ਹਨ। ਵੇਖਿਆ ਤਾਂ ਇਹ ਵੀ ਜਾਂਦਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਤਾਂ ਦੀਵਾਲੀ ਮਨਾਈ ਜਾਂਦੀ ਹੈ ਪ੍ਰੰਤੂ ਦਫ਼ਤਰਾਂ ਵਿਚ ਦੀਵਾਲੀ ਕਮਾਈ ਜਾਂ ਬਣਾਈ ਜਾਂਦੀ ਹੈ ਕਿਉਂਕਿ ਦੀਵਾਲੀ ਤੋਂ ਬਾਅਦ ਕਈ ਅਧਿਕਾਰੀ ਜਾਂ ਕਰਮਚਾਰੀ ਇਕ ਦੂਜੇ ਨੂੰ ਇਹ ਪੁਛਦੇ ਵੇਖੇ ਜਾਂਦੇ ਹਨ ਕਿ ਇਸ ਵਾਰ ਦੀਵਾਲੀ ਕਿੰਨੀ ਕੁ ਬਣ ਗਈ?

diwali sweetsdiwali sweets

ਇਹ ਵੀ ਵੇਖਿਆ ਜਾਂਦਾ ਹੈ ਕਿ ਕਈ ਵੱਡੇ ਘਰਾਂ ਵਿਚ ਕਾਫ਼ੀ ਗਿਣਤੀ 'ਚ ਬਚੀਆਂ ਹੋਈਆਂ ਮਿਠਾਈਆਂ ਆਦਿ ਨੂੰ ਕੁੜੇ ਦੇ ਢੇਰਾਂ 'ਤੇ ਸੁੱਟ ਦਿਤਾ ਜਾਂਦਾ ਹੈ ਜਦੋਂ ਕਿ ਸਾਡੇ ਦੇਸ਼ ਵਿਚ ਕਰੋੜਾਂ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਹ ਅਮੀਰ ਲੋਕ ਦੀਵਾਲੀ ਦੌਰਾਨ ਵੱਡੇ-ਵੱਡੇ ਰੈਸਟੋਰੈਂਟਾਂ ਵਿਚ ਮਹਿੰਗੀਆਂ ਪਾਰਟੀਆਂ ਕਰ ਕੇ ਜਸ਼ਨਾਂ ਵਜੋਂ ਬੇਤਹਾਸ਼ਾ ਪੈਸਾ ਖ਼ਰਚਦੇ ਹਨ ਅਤੇ ਬਹੁਤ ਸਾਰਾ ਖਾਣਾ ਵੀ ਇਥੇ ਅਮੀਰੀ ਦੀ ਹਉਮੈ ਵਜੋਂ ਛੱਡ ਦਿੰਦੇ ਹਨ ਪ੍ਰੰਤੂ ਕਿਸੇ ਗ਼ਰੀਬ ਅਤੇ ਭੁੱਖੇ ਪੇਟ ਬਾਰੇ ਨਹੀਂ ਸੋਚਿਆ ਜਾਂਦਾ ਜਿਸ ਨੂੰ ਇਹ ਲੋਕ ਤਾਂ ਇਕ ਸ਼ੁਗਲ ਹੀ ਸਮਝਦੇ ਹਨ, ਜਦੋਂ ਕਿ ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿਚ ਕਰੀਬ 20 ਕਰੋੜ ਲੋਕ ਰੋਜ਼ਾਨਾ ਰਾਤ ਨੂੰ ਭੁੱਖੇ ਸੌਂਦੇ ਹਨ। ਭਾਰਤ ਵਿਚ 4 ਲੱਖ ਤੋਂ ਵੱਧ ਭਿਖਾਰੀ ਹਨ।

ਜਿਨ੍ਹਾਂ ਵਿਚੋਂ ਸਿਰਫ਼ ਦਿੱਲੀ ਵਿਚ ਹੀ 50 ਹਜ਼ਾਰ ਤੋਂ ਵੱਧ ਬੱਚੇ ਭਿਖਾਰੀ ਹਨ। ਇਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਅਤਿ ਗ਼ਰੀਬ ਅਤੇ ਝੁੱਗੀ ਝੌਪੜੀਆਂ ਦੇ ਬੱਚੇ ਦੀਵਾਲੀ ਦੀਆਂ ਖ਼ੁਸ਼ੀਆਂ ਲਈ ਤਰਸਦੇ ਹਨ ਅਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਬੱਚੇ ਦੀਵਾਲੀ ਦੀ ਰਾਤ ਤੋਂ ਅਗਲੇ ਦਿਨ ਸਵੇਰੇ-ਸਵੇਰੇ ਅਮੀਰਾਂ ਦੀਆਂ ਗਲੀਆਂ ਵਿਚੋਂ ਅਣ-ਚੱਲੇ ਪਟਾਕੇ ਅਤੇ ਕੂੜੇ ਦੇ ਢੇਰਾਂ ਉਤੋਂ ਅਣ ਵਰਤੀਆਂ ਮਿਠਾਈਆਂ ਲਭਦੇ ਅਪਣੀ ਰੋਜ਼ੀ ਰੋਟੀ ਦੀ ਪੂਰਤੀ ਕਰਦੇ ਆਮ ਵੇਖੇ ਜਾ ਸਕਦੇ ਹਨ। ਕੀ ਇਸ ਸਾਰੇ ਦ੍ਰਿਸ਼ ਵਿਚੋਂ ਉਸ ਝੂਠ ਦੀ ਝਲਕ ਨਹੀਂ ਪੈਂਦੀ ਜੋ ਸਾਡੇ ਦੇਸ਼ ਦੇ ਲੀਡਰਾਂ ਵਲੋਂ ਵਿਕਾਸ ਦੇ, ਗ਼ਰੀਬੀ ਹਟਾਏ ਜਾਣ ਦੇ ਅਤੇ ਸਵੱਛ ਭਾਰਤ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਜਦੋਂ ਕਿ ਦੁਨੀਆਂ ਦੇ 250 ਮੁਲਕਾਂ ਵਿਚ ਭਾਰਤ ਦਾ 103ਵਾਂ ਸਥਾਨ ਭੁੱਖਮਰੀ ਵਿਚ ਹੈ। ਫਿਰ ਅਸੀ ਦੀਵਾਲੀ ਨੂੰ ਬੁਰਾਈ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਕਿਵੇਂ ਕਹਿ ਸਕਦੇ ਹਾਂ?

DiwaliDiwali

ਹੁਣ ਸਾਡੇ ਪਾਠਕ ਇਸ ਲੇਖ ਬਾਰੇ ਇਹ ਕਹਿਣਗੇ ਕਿ ਦੀਵਾਲੀ ਦੇ ਦੀਵੇ ਤਾਂ ਹਰ ਸਾਲ ਜਗਦੇ ਹਨ ਫਿਰ ਹਨੇਰਾ ਕਿਉਂ ਵੱਧ ਰਿਹਾ ਹੈ? ਸੋ ਦਸਣਯੋਗ ਇਹ ਹੈ ਕਿ ਅਜਿਹੀ ਦੀਵਾਲੀ ਜਿਸ ਵਿਚ ਲੋਕ ਸਾਡੇ ਆਲੇ-ਦੁਆਲੇ ਦੇ ਸਮਾਜ ਵਿਚ ਸਹੀ ਗਿਆਨ, ਆਪਸੀ ਬਰਾਬਰੀ ਅਤੇ ਇਨਸਾਫ਼ ਵੰਡਣ ਦੀ ਥਾਂ ਹਉਮੈ, ਪੂੰਜੀਵਾਦ, ਗ਼ਰੀਬੀ, ਭ੍ਰਿਸ਼ਟਾਚਾਰ ਅਤੇ ਅੰਧਵਿਸ਼ਵਾਸ ਦਾ ਘੁੱਪ ਹਨੇਰਾ ਵੰਡ ਰਹੇ ਹੋਣ ਅਤੇ ਲੱਖਾਂ ਕਰੋੜਾਂ ਰੁਪਏ ਦੀ ਫ਼ਜ਼ੂਲ ਖ਼ਰਚੀ ਅਤੇ ਜ਼ਹਿਰੀਲਾ ਪਟਾਕਾ ਪ੍ਰਦੂਸ਼ਣ ਫੈਲਾਉਂਦੇ ਹੋਣ, ਉਨ੍ਹਾਂ ਪਟਾਕਿਆਂ ਨਾਲ ਕਈ ਥਾਂਵਾਂ 'ਤੇ ਅੱਗ ਲੱਗਣ ਕਰ ਕੇ ਭਾਰੀ ਨੁਕਸਾਨ ਹੁੰਦਾ ਹੋਵੇ ਅਤੇ ਇਵੇਂ ਹੀ ਸਾਡੇ ਸਮਾਜ ਵਿਚ ਅੱਜ ਦਿਨੋਂ ਦਿਨ ਅਗਿਆਨਤਾ, ਅਨਪੜ੍ਹਤਾ, ਗ਼ਰੀਬੀ ਅਮੀਰੀ ਦਾ ਪਾੜਾ ਬੇਰੁਜ਼ਗਾਰੀ, ਬਲਾਤਕਾਰੀ ਜਿਹੇ ਜੁਰਮਾਂ ਦਾ ਅੰਧਕਾਰ ਦਿਨੋ ਦਿਨ ਵੱਧ ਰਿਹਾ ਹੋਵੇ ਤਾਂ ਇਹ ਕਹਿਣਾ ਸੁਭਾਵਕ ਹੀ ਹੈ ਕਿ 'ਜਿਉਂ ਜਿਉਂ ਦੀਵਾਲੀ ਵਾਲੇ ਦੀਵੇ ਜਗਦੇ, ਤਿਉਂ ਤਿਉਂ ਹਨੇਰੇ ਜਾਣ ਹੋਰ ਵਧਦੇ'।

Diwali celebrationDiwali celebration

ਸੋਚਿਆ ਜਾਵੇ ਤਾਂ ਇਸ ਸਾਰੇ ਭੈੜੇਪਨ ਨੂੰ ਸਮਾਜ ਵਿਚ ਆਪਸੀ ਬਰਾਬਰੀ, ਇਨਸਾਫ਼, ਗਿਆਨ ਅਤੇ ਆਪਸੀ ਸਾਂਝ ਦੇ ਦੀਵਿਆਂ ਨਾਲ ਅਸਲ ਰੌਸ਼ਨੀ ਫੈਲਾਈ ਜਾ ਸਕਦੀ ਹੈ ਅਤੇ ਸਾਡੇ ਭਰੀਆਂ ਜੇਬਾਂ ਵਾਲੇ ਲੋਕ ਇਹ ਹਉਮੈ ਵਜੋਂ ਕੀਤੀ ਜਾਂਦੀ ਫ਼ਜ਼ੂਲ ਖ਼ਰਚੀ ਛੱਡ ਕੇ ਇਹ ਪੈਸਾ ਝੁੱਗੀ ਝੌਪੜੀਆਂ ਵਾਲੇ ਅਤੇ ਹੋਰ ਅਤਿ ਗ਼ਰੀਬ ਬੱਚਿਆਂ ਨੂੰ ਦੀਵਾਲੀ ਮੌਕੇ ਕੁੱਝ ਖਾਣਪੀਣ ਜਾਂ ਹੋਰ ਲੋੜੀਂਦਾ ਸਮਾਨ ਤੋਹਫ਼ੇ ਵਜੋਂ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਭਰ ਸਕਦੇ ਹਨ। ਇਸ ਨਾਲ ਹੀ ਗ਼ਰੀਬ ਲੋਕਾਂ ਨੂੰ ਵੀ ਅਮੀਰ ਲੋਕਾਂ ਦੀ ਰੀਸ ਨਾ ਕਰ ਕੇ ਦੀਵਾਲੀ ਦਾ ਤਿਉਹਾਰ ਸਾਦੇ ਤਰੀਕੇ ਨਾਲ ਮਨਾਉਂਦੇ ਹੋਏ ਫ਼ਜ਼ੂਲ ਖ਼ਰਚੀ ਤੋਂ ਅਤੇ ਕਰਜਾਈ ਹੋਣ ਤੋਂ ਬਚਣਾ ਚਾਹੀਦਾ ਹੈ ਅਤੇ ਇਹ ਸੱਚਾਈ ਯਾਦ ਰਖਣੀ ਚਾਹੀਦੀ ਹੈ ਦੀਵੇ ਵੀ ਭਾਵੇਂ ਜਗਦੇ ਰਹੇ, ਸੂਰਜ ਵੀ ਭਾਵੇਂ ਮਘਦੇ ਰਹੇ ਪਰ ਗ਼ਰੀਬਾ ਤੇਰੀ ਖ਼ੁਸ਼ੀਆਂ ਦੀ ਫਿਰ ਵੀ ਪ੍ਰਭਾਤ ਨਾ ਹੋਈ। 

ਖ਼ੈਰ! ਇਹ ਤਾਂ ਚੰਗੀ ਗੱਲ ਹੈ ਕਿ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਲੋਕ ਅਪਣੇ ਘਰਾਂ ਦੀ ਸਾਫ਼ ਸਫਾਈ ਅਤੇ ਰੰਗ ਰੋਗਨ ਕਰਦੇ ਹਨ, ਜਿਸ ਨਾਲ ਸਾਡੇ ਜੀਵਨ ਵਿਚ ਇਕ ਸਵੱਛਤਾ ਦਾ ਮਾਹੌਲ ਬਣਦਾ ਹੈ ਅਤੇ ਜੋ ਲੋਕ ਇਕ ਦੂਜੇ ਦਾ ਮੂੰਹ ਮਿਠਾ ਕਰਵਾਉਂਦੇ ਹਨ, ਇਹ ਵੀ ਆਪਸੀ ਸਾਂਝ ਦਾ ਪ੍ਰਤੀਕ ਹੈ। ਪ੍ਰੰਤੂ ਫਿਰ ਵੀ ਕੁੱਝ ਲੋਕ ਇਸ ਮੌਕੇ ਗ਼ਲਤ ਤਰੀਕੇ ਨਾਲ ਇਸ ਸਾਂਝੀਵਾਲਤਾ ਦੇ ਮਾਹੌਲ ਨੂੰ ਗੰਧਲਾ ਕਰਦੇ ਹਨ ਜਿਵੇਂ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਅਪਣੀ ਖ਼ੁਸ਼ੀ ਮਨਾਉਣ ਲਈ ਉਚੀ ਅਵਾਜ਼ ਵਿਚ ਦੇਰ ਰਾਤ ਤਕ ਡੀ.ਜੇ. ਵਜਾ ਕੇ ਅਤੇ ਸਾਂਝੀਆਂ ਗਲੀਆਂ ਵਿਚ ਪਟਾਕੇ ਚਲਾਉਂਦੇ ਹਨ ਜਿਸ ਨਾਲ ਉਥੋਂ ਲੰਘਣ ਵਾਲਿਆਂ ਨੂੰ ਮੁਸ਼ਕਲ ਆਉਂਦੀ ਹੈ ਅਤੇ ਕਈ ਵਾਰ ਝਗੜੇ ਵੀ ਹੋ ਜਾਂਦੇ ਹਨ। ਇਵੇਂ ਹੀ ਦੀਵਾਲੀ ਮੌਕੇ ਮਿਠਾਈਆਂ ਤੇ ਪਟਾਕਿਆਂ ਦੇ ਵਪਾਰੀ ਵੀ ਬਹੁਤ ਘਪਲਾਬਾਜ਼ੀ ਕਰਦੇ ਹਨ।

Enjoy the festival but avoid artificial sweetsEnjoy the festival but avoid artificial sweets

ਮਿਠਾਈ ਵਿਕਰੇਤਾ ਮਿਲਾਵਟੀ ਮਟੀਰੀਅਲ ਦੀ ਵਰਤੋਂ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਜਿਵੇਂ ਕਿ ਪਿਛਲੇ ਦਿਨੀਂ ਮੋਗਾ ਵਿਖੇ ਨਕਲੀ ਦੁੱਧ ਦਾ ਧੰਦਾ ਚਲਦਾ ਫੜਿਆ ਗਿਆ। ਅੰਕੜੇ ਦਸਦੇ ਹਨ ਕਿ ਦੁਧਾਰੂ ਪਸ਼ੂਆਂ ਦੀ ਗਿਣਤੀ ਘਟੀ ਹੈ, ਜਿਸ ਕਾਰਨ ਦੁੱਧ ਦੀ ਜ਼ਿਆਦਾ ਲੋੜ ਦੀ ਪੂਰਤੀ ਇਸ ਨੂੰ ਨਕਲੀ ਤੌਰ 'ਤੇ ਹੀ ਤਿਆਰ ਕਰ ਕੇ ਕੀਤੀ ਜਾਂਦੀ ਹੈ। ਇਵੇਂ ਹੀ ਪਿਛਲੀ ਦਿਨੀਂ ਪੰਜਾਬ ਵਿਚ ਕਈ ਥਾਂਈਂ ਮੈਡੀਕਲ ਟੀਮਾਂ ਵਲੋਂ ਦੁੱਧ, ਪਨੀਰ, ਖੋਆ ਅਤੇ ਘਿਉ ਦੇ ਕਰੀਬ 700 ਸੈਂਪਲ ਲਏ ਗਏ ਜਿਨ੍ਹਾਂ ਵਿਚੋਂ 150 ਸੈਂਪਲ ਫੇਲ੍ਹ ਹੋਏ ਹਨ।

ਬੇਸ਼ਕ ਇਸ ਪ੍ਰਤੀ ਸਖ਼ਤ ਵਿਭਾਗੀ ਕਾਰਵਾਈ ਦਾ ਭਰੋਸਾ ਤਾਂ ਮਿਲਿਆ ਹੈ ਪ੍ਰੰਤੂ ਨਾ ਤਾਂ ਇਹ ਕਾਰਵਾਈ ਬਾਅਦ ਵਿਚ ਜਨਤਕ ਕੀਤੀ ਜਾਂਦੀ ਹੈ ਅਤੇ ਨਾ ਹੀ ਇਹ ਸਿਲਸਿਲਾ ਕਈ ਸਾਲਾਂ ਤੋਂ ਰੁਕ ਰਿਹਾ ਹੈ। ਇਸ ਦਾ ਮੁੱਖ ਕਾਰਨ ਪ੍ਰਸ਼ਾਸਨ ਦੀ ਮਿਲੀਭੁਗਤ ਅਤੇ ਲੋਕਾਂ ਦੀ ਅਪਣੀ ਲਾਹਪ੍ਰਵਾਹੀ ਵੀ ਹੈ ਕਿਉਂਕਿ ਇੰਨਾ ਪ੍ਰਚਾਰ ਹੋਣ ਦੇ ਬਾਵਜੂਦ ਵੀ ਲੋਕ ਮਿਠਾਈਆਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਬੇਸ਼ੱਕ ਕੁੱਝ ਜਾਗਰੂਕ ਲੋਕਾਂ ਨੇ ਮਿਠਾਈ ਦੀ ਥਾਂ ਹੁਣ ਫੱਲ ਜਾਂ ਹੋਰ ਪਕਵਾਨ ਵਰਤਣੇ ਸ਼ੁਰੂ ਕਰ ਦਿਤੇ ਹਨ, ਜਿਸ ਦੀ ਰੀਸ ਸਭਨਾਂ ਨੂੰ ਹੀ ਕਰਨੀ ਚਾਹੀਦੀ ਹੈ।

FirecrackersFirecrackers

ਪਟਾਕਿਆਂ ਦੀ ਗੱਲ ਕਰੀਏ ਤਾਂ ਬੇਸ਼ੱਕ ਪ੍ਰਸ਼ਾਸਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗ਼ੈਰ ਕਾਨੂੰਨੀ ਪਟਕਾ ਫ਼ੈਕਟਰੀਆਂ ਅਤੇ ਗ਼ੈਰ ਕਾਨੂੰਨੀ ਪਟਾਕਾ ਸਟੋਰ ਪੰਜਾਬ ਅਤੇ ਹਰਿਆਣਾ ਤੋਂ ਕੁੱਝ ਦਿਨ ਪਹਿਲਾਂ ਫੜੇ ਗਏ ਹਨ ਅਤੇ ਇਵੇਂ ਹੀ ਪਟਾਕੇ ਵੇਚਣ ਦੀਆਂ ਥਾਂਵਾ, ਸਮਾਂ ਅਤੇ ਪਟਾਕਿਆਂ ਦੀਆਂ ਕਿਸਮਾਂ ਹਰ ਸਾਲ ਨਿਰਧਾਰਤ ਕੀਤੀਆਂ ਜਾਂਦੀਆਂ ਹਨ।

ਜਿਵੇਂ ਕਿ ਇਸ ਸਾਲ ਵੀ ਕੇਂਦਰੀ ਗ੍ਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਕਿਹਾ ਗਿਆ ਹੈ ਕਿ ਆਮ ਮਿਲਦੇ ਪਟਾਕਿਆਂ ਵਿਚੋਂ 95% ਹਵਾ ਪ੍ਰਦੂਸ਼ਣ ਤੇ ਸ਼ੋਰ ਪ੍ਰਦੂਸ਼ਣ ਪੱਖੋਂ ਨਿਯਮਾਂ ਦੇ ਉਲਟ ਹਨ ਅਤੇ ਇਵੇਂ ਹੀ ਸੁਪਰੀਮ ਕੋਰਟ ਵਲੋਂ ਵੀ ਸਖ਼ਤ ਹਦਾਇਤਾਂ ਹਨ, ਜਿਸ ਪ੍ਰਤੀ ਕਈ ਸਾਡੀਆਂ ਵਾਤਾਵਰਣ ਪ੍ਰੇਮੀ ਜਥੇਬੰਦੀਆਂ ਨੇ ਵੀ ਸਰਕਾਰ ਨੂੰ ਲਿਖਿਆ ਹੈ ਕਿ ਉਪਰੋਕਤ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾ ਕੇ ਪਟਾਕਿਆਂ ਉਤੇ ਰੋਕ ਲਗਾਈ ਜਾਵੇ।

firecrackersfirecrackers

ਇਵੇਂ ਹੀ ਸਿਹਤ ਵਿਭਾਗ ਵਲੋਂ ਵੀ ਕੋਰੋਨਾ ਦੇ ਹਲਾਤਾਂ ਕਾਰਨ ਦੀਵਾਲੀ ਦੌਰਾਨ ਵੱਡੇ ਇਕੱਠਾਂ ਤੋਂ ਗੁਰੇਜ਼ ਕਰਨ ਅਤੇ ਮੂੰਹ 'ਤੇ ਮਾਸਕ ਪਹਿਨਣ ਦੀਆਂ ਹਦਾਇਤਾਂ ਹੋਈਆਂ ਹਨ ਪ੍ਰੰਤੂ ਗੱਲ ਇਥੇ ਫਿਰ ਸਾਡੀ ਜਨਤਾ ਦੀ ਲਾਹਪ੍ਰਵਾਹੀ ਦੀ ਆ ਜਾਂਦੀ ਹੈ। ਅਸੀ ਕਿੰਨਾ ਕੁ ਇਨ੍ਹਾਂ ਹਦਾਇਤਾਂ ਨੂੰ ਮੰਨਦੇ ਹਾਂ ਕਿਉਂਕਿ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਹੀ ਦੁਸਹਿਰਾ ਸ਼ਰਧਾਲੂਆਂ ਵਲੋਂ, ਨਵਰਾਤਿਆਂ ਵਿਚ ਦੁਰਗਾ ਪੂਜਾ ਕਰਨ ਵਾਲਿਆਂ ਵਲੋਂ ਤੇ ਬਾਅਦ ਵਿਚ ਕਰਵਾ ਚੌਥ ਦੇ ਵਰਤ ਰੱਖਣ ਵਾਲੀਆਂ ਬੀਬੀਆਂ ਵਲੋਂ ਮੰਦਰਾਂ ਵਿਚ ਬਿਨਾ ਮਾਸਕ ਪਹਿਨੇ ਇਕੱਠ ਕਰ ਕੇ ਕੋਰੋਨਾ ਨਿਯਮਾਂ ਦੀ ਉਲੰਘਣਾ ਸ਼ਰੇਆਮ ਕੀਤੀ ਜਾਂਦੀ ਵੇਖੀ ਗਈ।

Darbar SahibDarbar Sahib

ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਇਸ ਦਿਨ ਸ਼ਰਧਾ ਵਜੋਂ ਪਹੁੰਚੀਆਂ ਸੰਗਤਾਂ ਨੂੰ ਧਾਰਮਕ ਉਪਦੇਸ਼ਾਂ ਨਾਲ ਜੋੜਿਆ ਜਾਣਾ ਚੰਗੀ ਗੱਲ ਹੈ ਪ੍ਰੰਤੂ ਜੋ ਭਾਰੀ ਗਿਣਤੀ 'ਚ ਪਟਾਕੇ ਤੇ ਆਤਸ਼ਬਾਜੀਆਂ ਚਲਾ ਕੇ ਪ੍ਰਦੂਸ਼ਣ ਫ਼ਲਾਇਆ ਜਾਂਦਾ ਹੈ, ਇਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਬਿਲਕੁਲ ਉਲਟ ਹੈ। ਜਿਨ੍ਹਾਂ ਨੇ ਗੁਰੁਬਾਣੀ ਵਿਚ ਫਰਮਾਇਆ ਹੈ ਕਿ: ''ਪਵਣ ਗੁਰੂ, ਪਾਣੀ ਪਿਤਾ ਮਾਤਾ ਧਰਤ ਮਹਤ।'' ਇਵੇਂ ਹੀ ਕਈ ਸਿੱਖ ਸ਼ਰਧਾਲੂ ਬੀਬੀਆਂ ਦੀਵਾਲੀ ਵਾਲੀ ਸ਼ਾਮ ਨੂੰ ਗੁਰਦਵਾਰਿਆਂ ਵਿਚ ਜਾਂਦੀਆਂ ਤਾਂ ਹਨ ਪ੍ਰੰਤੂ ਉਥੇ ਗੁਰਬਾਣੀ ਤੋਂ ਕੁੱਝ ਸਿੱਖਣ ਦੀ ਬਜਾਏ ਅੰਧ ਵਿਸ਼ਵਾਸ ਵਿਚ ਫਸ ਕੇ ਪਵਿੱਤਰ ਨਿਸ਼ਾਨ ਸਾਹਿਬ ਦੇ ਆਸ-ਪਾਸ ਸਾਫ ਸੁਥਰੀ ਜਗ੍ਹਾਂ 'ਤੇ ਮੋਮਬਤੀਆਂ ਜਗਾ ਕੇ ਪਿਘਲੀ ਹੋਈ ਮੋਮ ਨਾਲ ਸਫ਼ਾਈ ਖ਼ਰਾਬ ਕਰ ਦਿੰਦੀਆਂ ਹਨ ਜੋ ਵਿਚਾਰਨਯੋਗ ਗੱਲ ਹੈ।

DIWALIDIWALI

ਹੁਣ ਇਥੇ ਇਹ ਸੋਚਣਾ ਵੀ ਅਤਿ ਜ਼ਰੂਰੀ ਹੈ ਕਿ ਜਿਵੇਂ ਇਸ ਰੌਸ਼ਨੀਆਂ ਦੇ ਤਿਉਹਾਰ ਨੂੰ ਲੋਕਾਂ ਵਲੋਂ ਦਿਨੋ ਦਿਨ ਇਤਨਾ ਧੂਆਂ ਤੇ  ਪ੍ਰਦੂਸ਼ਣ ਭਰਪੂਰ ਬਣਾਇਆ ਜਾ ਰਿਹਾ ਹੈ ਤਾਂ ਕਿਤੇ ਇਹ ਨਾ ਹੋਵੇ ਕਿ ਇਹ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਪਟਾਕਾਵਾਦ ਦਾ ਤਿਉਹਾਰ ਬਣ ਜਾਵੇ। ਇਸੇ ਤਰ੍ਹਾਂ ਹੀ ਜੋ ਦੀਵਾਲੀ ਤੇ ਸਰਦੇ ਪੁਜਦੇ ਲੋਕਾਂ ਵਲੋਂ ਫ਼ਜ਼ੂਲ ਖ਼ਰਚਾ, ਮਹਿੰਗਾ ਤੋਹਫ਼ਾਵਾਦ, ਬੇਲੋੜੀ ਖ਼ੁਸ਼ਾਮਦ ਅਤੇ ਗ਼ਰੀਬਾਂ ਦੀ ਅਣਦੇਖੀ ਜਿਹੀਆਂ ਅਲਾਮਤਾਂ ਦੇ ਭਰਿਸ਼ਟਾਚਾਰ ਵਾਲਾ ਧੂੰਆਂ ਦਿਨੋ-ਦਿਨ ਵਧਾਇਆ ਜਾ ਰਿਹਾ ਹੈ ਤਾਂ ਸਾਨੂੰ ਕਿਤੇ ਇਹ ਨਾ ਕਹਿਣਾ ਪਵੇ ਕਿ ''ਦੀਵੇ ਭਾਵੇਂ ਜਗਣ ਬਥੇਰੇ, ਫਿਰ ਵੀ ਵਧਦੇ ਜਾਣ ਹਨੇਰੇ''।    

- ਮੋਬਾਈਲ : 99155-21037

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement