ਪਿਛਲੇ 19 ਸਾਲਾਂ ਤੋਂ ਸਪੋਕਸਮੈਨ ਨੇ ਅਕਾਲੀਆਂ ਨੂੰ ਕਦੇ ਵੀ ਕੋਈ ਗ਼ਲਤ ਸਲਾਹ, ਗ਼ਲਤੀ ਨਾਲ ਵੀ ਨਹੀਂ ਸੀ ਦਿਤੀ। ਕੁੱਝ ਕੁ ਮਿਸਾਲਾਂ ਵੇਖੋ :
1. ਸੌਦਾ ਸਾਧ ਦਾ ਮੁੱਦਾ ਵੀ ਪਹਿਲੀ ਵਾਰ ‘ਸਪੋਕਸਮੈਨ’ ਹੀ ਚੁਕਿਆ ਸੀ ਤੇ ਕਿਹਾ ਸੀ ਕਿ ਇਸ ਨੂੰ ਸਿਆਸੀ ਸ਼ਹਿ ਨਾ ਦਿਤੀ ਜਾਵੇ ਪਰ ਅਕਾਲੀ ਦਲ ਨੇ ਅਜਿਹਾ ਕੀਤਾ। ਇਸ ਲਈ ਅੱਜ ਉਹੀ ਸੌਦਾ ਸਾਧ ਅਕਾਲੀ ਦਲ ਦੀ ਗਲ ਦੀ ਹੱਡੀ ਬਣ ਗਿਆ।
2. ਬਾਦਲਾਂ ਨਾਲ ਮੇਰੀ ਕੋਈ ਨਿਜੀ ਲੜਾਈ ਨਹੀਂ ਤੇ ਅਪਣੇ ਨਾਲ ਹੋਏ ਧੱਕੇ ਤੇ ਜ਼ੁਲਮ ਨੂੰ ਭੁਲਾ ਕੇ ਵੀ ਮੈਂ ਉਨ੍ਹਾਂ ਦੀ ਹਮਾਇਤ ਕਰ ਸਕਦਾ ਹਾਂ - ਬਸ਼ਰਤੇ ਕਿ ਉਹ ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੀ ਪੰਥਕ ਸੋਚ ਖ਼ਤਮ ਕਰਨ ਦੇ ਪਾਪ ਦਾ ਪਸ਼ਚਾਤਾਪ ਕਰ ਲੈਣ ਤੇ ਇਨ੍ਹਾਂ ਵੱਡੀਆਂ ਸਿੱਖ ਸੰਸਥਾਵਾਂ ਨੂੰ ਅਪਣੀਆਂ ‘ਜ਼ਰ-ਖ਼ਰੀਦ ਗ਼ੁਲਾਮ’ ਸੰਸਥਾਵਾਂ ਬਣਾ ਕੇ ਤੇ ਇਨ੍ਹਾਂ ਦੇ ਮੁਖੀਆਂ ਨੂੰ ‘ਘਰੇਲੂ ਨੌਕਰ’ ਸਮਝ ਕੇ ਉਨ੍ਹਾਂ ਨੂੰ ਹੁਕਮ ਦੇਣੇ ਬੰਦ ਕਰ ਦੇਣ। (13 ਨਵੰਬਰ 2022)
3. ਸਪੋਕਸਮੈਨ ਨੇ ਕਿਹਾ, ਅਕਾਲੀ ਦਲ ਨੂੰ ਪੰਥਕ ਪਾਰਟੀ ਰਹਿਣ ਦਿਉ। ਅੱਜ ਤੁਸੀ ਪੰਥ ਨੂੰ ਛੱਡ ਦਿਉਗੇ ਤਾਂ ਕਲ ਪੰਥ ਤੁਹਾਨੂੰ ਛੱਡੇਗਾ ਹੀ ਛੱਡੇਗਾ। ਕੀ ਇਹ ਰਾਏ ਗ਼ਲਤ ਸਾਬਤ ਹੋਈ ਹੈ?
4. ਸਪੋਕਸਮੈਨ ਨੇ ਲਿਖਿਆ, ’84 ਦੇ ਨਾਂ ’ਤੇ ਅਕਾਲੀ ਦਲ ਨੂੰ ਕਿਸੇ ਇਕ ਪਾਰਟੀ ਨਾਲ ਬੰਨ੍ਹ ਦੇਣਾ ਸਿਆਣਪ ਵਾਲੀ ਗੱਲ ਨਹੀਂ। ਖੁਲ੍ਹੀ ਨੀਤੀ ਧਾਰਨ ਕੀਤੀ ਜਾਣੀ ਚਾਹੀਦੀ ਹੈ ਕਿ ਚੋਣਾਂ ਤੋਂ ਪਹਿਲਾਂ ਜਿਹੜੀ ਧਿਰ ਸਾਨੂੰ ਤੁਰਤ ਇਨਸਾਫ਼ ਦੇਵੇਗੀ, ਅਸੀ ਉਸੇ ਨਾਲ ਜਾਵਾਂਗੇ। ਦੋਹਾਂ ਧਿਰਾਂ ਨੇ ਸੱਭ ਕੁੱਝ ਦੇਣ ਲਈ ਆਪਸ ਵਿਚ ਲੜਨ ਲੱਗ ਪੈਣਾ ਸੀ ਤੇ ਪੰਥ ਦੀ ਝੋਲੀ ਭਰ ਜਾਣੀ ਸੀ। ਦੱਸੋ ਕੀ ਇਹ ਸਲਾਹ ਗ਼ਲਤ ਸੀ ਜਾਂ ਦੱਸੋ ਕਿ ਤੁਹਾਡੀ ਪਤੀ-ਪਤਨੀ ਨੀਤੀ ਨਾਲ ਪੰਜਾਬ ਤੇ ਪੰਥ ਨੂੰ ਕੀ ਮਿਲਿਆ ਹੈ?
5. ‘ਅਕਾਲੀ ਦਲ’ ਕਾਇਮ ਰਹਿਣਾ ਚਾਹੀਦਾ ਹੈ ਪਰ ਇਨ੍ਹਾਂ ਨੂੰ 1920 ਵਾਲੇ ਫ਼ਕੀਰ ਅਕਾਲੀ ਲੀਡਰਾਂ ਦਾ ਨਾਹਰਾ ‘‘ਮੈਂ ਮਰਾਂ ਪੰਥ ਜੀਵੇ’’ ਨੂੰ ਅਪਨਾਉਣਾ ਪਵੇਗਾ।
6. ਸਪੋਕਸਮੈਨ ਨੇ ਲਿਖਿਆ ਸੀ ਕਿ ਅਕਾਲ ਤਖ਼ਤ ਨੂੰ ‘ਗੁਰੂ ਪੰਥ’ (ਲੋਕਾਂ) ਦਾ ਤਖ਼ਤ ਰਹਿਣ ਦਿਉ, ਪੁਜਾਰੀਆਂ ਦਾ ਤਖ਼ਤ ਨਾ ਬਣਾਉ ਨਹੀਂ ਤਾਂ ਪੁਜਾਰੀ, ਸਿੱਖੀ ਨੂੰ ਸੱਭ ਤੋਂ ਵੱਡੀ ਬਦਨਾਮੀ ਦਿਵਾ ਕੇ ਅੰਤ ਖ਼ਤਮ ਕਰ ਦੇਣਗੇ। ਕੀ ਸਪੋਕਸਮੈਨ ਗ਼ਲਤ ਸਾਬਤ ਹੋਇਆ ਹੈ?
7. ਨਿਜੀ ਲਾਭ ਲੈ ਕੇ, ਪੰਥ ਤੇ ਪੰਜਾਬ ਦੇ ਫ਼ਾਇਦਿਆਂ ਨੂੰ ਕੁਰਬਾਨ ਕਰਨ ਦਾ ਹੀ ਨਤੀਜਾ ਹੈ ਕਿ ਬਾਦਲ ਪ੍ਰਵਾਰ ਦੇ ਨਾਲ-ਨਾਲ ਇਸ ਨੀਤੀ ਕਾਰਨ, ਪਾਰਟੀ ਦੀ ਹੋਂਦ ਵੀ ਖ਼ਤਰੇ ਵਿਚ ਪੈ ਗਈ ਹੈ।
- ਐਤਵਾਰ, 14 ਅਕਤੂਬਰ 2018