ਜਨਮ ਦਿਨ 'ਤੇ ਵਿਸ਼ੇਸ਼: ਪੰਜਾਬੀ ਸਾਹਿਤ ਦੇ ਪਿਤਾਮਾ ਨਾਵਲਕਾਰ ਨਾਨਕ ਸਿੰਘ
Published : Jul 4, 2020, 11:49 am IST
Updated : Jul 4, 2020, 11:49 am IST
SHARE ARTICLE
nanak Singh
nanak Singh

ਜੇਕਰ ਪੰਜਾਬੀ ਸਾਹਿਤ ਦੇ ਪਿਤਾਮਾ ਹੋਣ ਦਾ ਮਾਣ ਕਿਸੇ ਨੂੰ ਹਾਸਲ ਹੈ ਤਾਂ ਉਹ ਹਨ ਨਾਨਕ ਸਿੰਘ।

ਜੇਕਰ ਪੰਜਾਬੀ ਸਾਹਿਤ ਦੇ ਪਿਤਾਮਾ ਹੋਣ ਦਾ ਮਾਣ ਕਿਸੇ ਨੂੰ ਹਾਸਲ ਹੈ ਤਾਂ ਉਹ ਹਨ ਨਾਨਕ ਸਿੰਘ। ਅਪਣੇ 50 ਸਾਲ ਦੇ ਸਾਹਿਤਕ ਸਫ਼ਰ 'ਚ ਉਨ੍ਹਾਂ ਨੇ 40 ਨਾਵਲ, ਕਈ ਕਹਾਣੀਆਂ ਅਤੇ ਕਵਿਤਾਵਾਂ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ। ਉਨ੍ਹਾਂ ਦੀ ਤੁਲਨਾ ਕਾਲੀਦਾਸ, ਸ਼ੈਕਸਪੀਅਰ, ਟਾਲਸਟਾਏ, ਡਿਕਨਜ਼, ਟੈਗੋਰ ਅਤੇ ਬਰਨਾਰਡ ਸ਼ਾਅ ਵਰਗੇ ਮਹਾਨ ਸਾਹਿਤਕਾਰਾਂ ਨਾਲ ਕੀਤੀ ਜਾਂਦੀ ਹੈ।  ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ (ਹੁਣ ਪਾਕਿਸਤਾਨ) ਵਿਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ। ਉਹ ਪੇਸ਼ਾਵਰ ਦੇ ਗੁਰਦਵਾਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ।

Nanak Singh

ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ ਵਿਚ ਪੜ੍ਹਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਸਿਰ ਤੇ ਨਾ ਰਿਹਾ ਅਤੇ ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਨ੍ਹਾਂ ਹਲਵਾਈ ਦੀ ਦੁਕਾਨ ਤੇ ਭਾਂਡੇ ਮਾਂਜੇ ਅਤੇ ਮੇਲਿਆਂ ਵਿਚ ਕੁਲਫ਼ੀਆਂ ਵੀ ਵੇਚੀਆਂ। ਇਨ੍ਹਾਂ ਨੇ 13 ਸਾਲ ਦੀ ਛੋਟੀ ਉਮਰ ਵਿਚ ਕਵਿਤਾ ਲਿਖਣੀ ਸ਼ੁਰੂ ਕਰ ਦਿਤੀ ਸੀ। 13 ਅਪ੍ਰੈਲ 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਦੀ ਘਟਨਾ ਨੂੰ ਉਨ੍ਹਾਂ ਨੇ ਅੱਖੀਂ ਵੇਖਿਆ, ਜਿਸ ਦਾ ਉਨ੍ਹਾਂ ਦੇ ਮਨ ਤੇ ਡੂੰਘਾ ਅਸਰ ਹੋਇਆ ਕਿਉਂਕਿ ਉਨ੍ਹਾਂ ਦੇ ਦੋ ਦੋਸਤ ਵੀ ਇਸ ਹਤਿਆ-ਕਾਂਡ ਵਿਚ ਮਾਰੇ ਗਏ ਸਨ। ਉਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੇ ਅਤਿਆਚਾਰ ਨੂੰ ਨੰਗਾ ਕਰਦੀ ਇਕ ਲੰਮੀ ਕਵਿਤਾ 'ਖ਼ੂਨੀ ਵਿਸਾਖੀ' ਲਿਖੀ। ਹਕੂਮਤ ਨੇ ਇਸ ਤੇ ਪਾਬੰਦੀ ਲਾ ਦਿਤੀ ਅਤੇ ਜ਼ਬਤ ਕਰ ਲਈ। 1921 ਵਿਚ ਇਨ੍ਹਾਂ ਦਾ ਵਿਆਹ ਰਾਜ ਕੌਰ ਨਾਲ ਹੋਇਆ।

Khooni vaisakhi

1911 'ਚ ਨਾਨਕ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ, ਸੀਹਰਫ਼ੀ ਹੰਸ ਰਾਜ, ਛਪਿਆ। ਕੁੱਝ ਧਾਰਮਕ ਗੀਤ ਵੀ ਲਿਖੇ ਜਿਹੜੇ 'ਸਤਿਗੁਰ ਮਹਿਮਾ' ਨਾਂ ਹੇਠ ਛਪੇ। 1922 ਵਿਚ ਇਹ ਗੁਰੂ ਕਾ ਬਾਗ਼ ਮੋਰਚੇ ਸਮੇਂ ਜੇਲ ਗਏ। ਇਸ ਸਮੇਂ ਉਨ੍ਹਾਂ ਨੇ ਅਪਣੀ ਦੂਜੀ ਕਾਵਿ ਪੁਸਤਕ 'ਜ਼ਖ਼ਮੀ ਦਿਲ' ਲਿਖੀ ਜੋ 1923 ਵਿਚ ਛਪੀ ਅਤੇ ਜਿਸ ਤੇ ਸਿਰਫ਼ ਦੋ ਹਫ਼ਤਿਆਂ ਬਾਅਦ ਪਾਬੰਦੀ ਲਾ ਦਿਤੀ ਗਈ। ਜੇਲ ਵਿਚ ਹੀ ਉਨ੍ਹਾਂ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਜੇਲ ਵਿਚ ਹੀ ਅਪਣਾ ਪਹਿਲਾ ਨਾਵਲ 'ਅੱਧ ਖਿੜੀ ਕਲੀ' ਲਿਖਿਆ, ਜੋ ਬਾਅਦ ਵਿਚ 'ਅੱਧ ਖਿੜਿਆ ਫੁੱਲ' ਨਾਂ ਹੇਠ ਛਪਿਆ। ਅਠੱਤੀ ਨਾਵਲਾਂ ਤੋਂ ਇਲਾਵਾ ਚਾਰ ਕਾਵਿ ਸੰਗ੍ਰਹਿ, ਕਈ ਕਹਾਣੀ ਸੰਗ੍ਰਹਿ, ਸ੍ਵੈ-ਜੀਵਨੀ ਯਾਦਾਂ, ਤਰਜਮੇ, ਲੇਖ ਅਤੇ ਨਾਟਕ ਵੀ ਲਿਖੇ।

Famous Books Written By Nanak SinghFamous Books Written By Nanak Singh

ਅਪਣੇ ਨਾਵਲਾਂ ਵਿਚ ਉਨ੍ਹਾਂ ਨੇ ਸਮਾਜਕ ਬੁਰਾਈਆਂ, ਆਰਥਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫ਼ਿਰਕੂ-ਜਨੂੰਨ ਆਦਿ ਨੂੰ ਨੰਗਾ ਕੀਤਾ ਹੈ। ਅਪਣੀਆਂ ਕਹਾਣੀਆਂ ਉਨ੍ਹਾਂ ਸਮਾਜਕ ਜੀਵਨ ਵਿਚੋਂ ਲਈਆਂ। ਉਨ੍ਹਾਂ ਦੀ ਕਹਾਣੀ ਅਪਣੀ ਰੋਚਕਤਾ, ਰਸ ਅਤੇ ਉਤਸੁਕਤਾ ਕਾਰਨ ਨਦੀ ਦੀ ਤੇਜ਼ੀ ਵਾਂਗ ਰੁੜ੍ਹੀ ਜਾਂਦੀ ਹੈ। ਉਨ੍ਹਾਂ ਦਾ 1942 'ਚ ਛਪਿਆ ਨਾਵਲ 'ਪਵਿੱਤਰ ਪਾਪੀ' ਸੱਭ ਤੋਂ ਜ਼ਿਆਦਾ ਮਸ਼ਹੂਰ ਹੈ। ਇਸ ਨਾਵਲ ਦੇ 28 ਐਡੀਸ਼ਨ ਛਪ ਚੁੱਕੇ ਹਨ ਅਤੇ ਇਹ ਕਈ ਭਾਸ਼ਾਵਾਂ 'ਚ ਅਨੁਵਾਦ ਹੋ ਚੁੱਕਾ ਹੈ। ਇਸ ਤੇ ਇਕ ਸਫ਼ਲ ਬਾਲੀਵੁੱਡ ਫ਼ਿਲਮ ਵੀ ਬਣ ਚੁੱਕੀ ਹੈ। 1962 'ਚ ਉਨ੍ਹਾਂ ਨੂੰ ਅਪਣੇ ਨਾਵਲ 'ਇਕ ਮਿਆਨ ਦੋ ਤਲਵਾਰਾਂ' ਲਈ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ।

Nanak Singh

ਉਨ੍ਹਾਂ ਦੇ ਲਿਖੇ ਨਾਵਲ ਕਈ ਹੋਰ ਭਾਸ਼ਾਵਾਂ 'ਚ ਵੀ ਅਨੁਵਾਦ ਹੋਏ। ਉਨ੍ਹਾਂ ਦੇ ਨਾਵਲ 'ਚਿੱਟਾ ਲਹੂ' ਨੂੰ ਉਨ੍ਹਾਂ ਦੇ ਪੋਤੇ ਦਿਲਰਾਜ ਸਿੰਘ ਸੂਰੀ ਨੇ ਇਸ ਨੂੰ ਅੰਗਰੇਜ਼ੀ 'ਚ ਅਨੁਵਾਦ ਕੀਤਾ ਸੀ। ਮਸ਼ਹੂਰ ਰੂਸੀ ਨਾਵਲਕਾਰ ਲੀਓ ਟਾਲਸਟਾਏ ਦੀ ਪੋਤੀ ਨੇ ਵੀ ਇਸੇ ਨਾਵਲ ਨੂੰ ਰੂਸੀ ਭਾਸ਼ਾ 'ਚ ਅਨੁਵਾਦ ਕੀਤਾ। ਨਾਨਕ ਸਿੰਘ ਦੇ ਨਾਵਲ 'ਇਕ ਮਿਆਨ ਦੋ ਤਲਵਾਰਾਂ' ਦੀ ਟਾਲਸਟਾਏ ਦੇ ਮਸ਼ਹੂਰ ਨਾਵਲ 'ਵਾਰ ਐਂਡ ਪੀਸ' ਨਾਲ ਤੁਲਨਾ ਕੀਤੀ ਜਾਂਦੀ ਹੈ।

Nanak Singh receiving the 1962 Sahitya Akademi Award from president S. RadhakrishnanNanak Singh receiving the 1962 Sahitya Akademi Award from president S. Radhakrishnan

ਟਾਲਸਟਾਏ ਵਾਂਗ ਹੀ ਨਾਨਕ ਸਿੰਘ ਨੇ ਵੀ ਗੁਰਦਵਾਰਿਆਂ ਅਤੇ ਮੰਦਰਾਂ 'ਚ ਆਏ ਕੱਟੜਪੁਣੇ ਅਤੇ ਖ਼ੁਦਗਰਜ਼ੀ ਨੂੰ ਵਿਸ਼ਾ ਬਣਾਇਆ ਜਿਥੇ ਕਈ ਖ਼ੁਦ ਨੂੰ ਧਾਰਮਕ ਆਗੂ ਅਖਵਾਉਣ ਵਾਲੇ ਲੋਕ ਬੇਈਮਾਨ ਅਤੇ ਲਾਲਚੀ ਹੁੰਦੇ ਹਨ। ਇਥੋਂ ਤਕ ਕਿ ਉਹ ਨਸ਼ੇ ਕਰਨ ਵਾਲੇ ਅਤੇ ਵੇਸ਼ਵਾਵਾਂ ਰੱਖਣ ਵਾਲੇ ਵੀ ਹੁੰਦੇ ਸਨ। ਟਾਲਸਟਾਏ ਵਾਂਗ ਨਾਨਕ ਸਿੰਘ ਵੀ ਅਪਣੇ ਨਾਵਲਾਂ 'ਚ ਇਨ੍ਹਾਂ ਬੁਰਾਈਆਂ ਵਿਰੁਧ ਲਿਖਦਾ ਹੈ। ਮਸ਼ਹੂਰ ਪੰਜਾਬੀ ਲੇਖਕ ਸੰਤ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਪੰਜਾਬੀ ਨਾਵਲ ਲਿਖਣ 'ਚ ਨਾਨਕ ਸਿੰਘ ਵਰਗਾ ਕੋਈ ਨਹੀਂ ਹੋਇਆ। ਨਾਨਕ ਸਿੰਘ ਦੀ ਉਚਾਈ ਤਕ ਕੋਈ ਪੰਜਾਬੀ ਲੇਖਕ ਨਹੀਂ ਪਹੁੰਚ ਸਕਿਆ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement