ਸਿੱਖਾਂ ਦੇ ਧਾਰਮਕ ਗ੍ਰੰਥਾਂ ’ਚ ਵਰਣਤ ਰੱਬਾਂ ਦਾ ਆਪਸੀ ਟਕਰਾਅ
Published : Oct 4, 2023, 7:04 am IST
Updated : Oct 4, 2023, 7:17 am IST
SHARE ARTICLE
Image: For representation purpose only.
Image: For representation purpose only.

ਕਿਸੇ ਨੇ ਰੱਬ ਸਤਵੇਂ ਅਕਾਸ਼ ਤੇ ਮਿੱਥ ਲਿਆ, ਕਿਸੇ ਨੇ ਸਮੁੰਦਰ ਵਿਚ ਸਮਾਧੀ ਲਾਈ ਬੈਠਾ ਮੰਨ ਲਿਆ ਤੇ ਕਿਸੇ ਨੇ ਕਿਤੇ ਤੇ ਕਿਸੇ ਨੇ ਕਿਤੇ।

 

ਦੁਨੀਆਂ ਦੇ ਵੱਡੇ ਪੰਜ-ਸੱਤ ਧਰਮਾਂ ਦੇ ਭਗਵਾਨਾਂ ਨੂੰ ਜੇਕਰ ਇਕ ਪਾਸੇ ਰੱਖ ਕੇ ਬਾਕੀ ਦਿਆਂ ਦੀ ਗੱਲ ਕਰੀਏ ਤਾਂ ਦੁਨੀਆਂ ’ਚ ਜਿੰਨੇ ਵੀ ਵੱਡੇ-ਵੱਡੇ ਖੇਤਰ ਹਨ, ਓਨੇ ਹੀ ਵਖਰੇ ਵਖਰੇ ਰੱਬ/ਪ੍ਰਮਾਤਮਾ/ਭਗਵਾਨ ਹਨ। ਸਾਰੇ ਅਫਰੀਕਾ ’ਚ ਹੀ ਕਈ ਸੌ ਕੁ ਦੇ ਕਰੀਬ ਜਾਂ ਹਜ਼ਾਰਾਂ ਦੀ ਗਿਣਤੀ ’ਚ ਰੱਬ ਹੋਣਗੇ ਕਿਉਂਕਿ ਮੇਰੇ ਅਪਣੇ ਪਿੰਡ ਵਿਚ ਹੀ ਇਕ ਰੱਬ ਤੇ ਦੋ ਕੁ ਰਬਣੀਆਂ ਬਣੀਆਂ ਬੈਠੀਆਂ ਹਨ। ਜਿੰਨੀਆਂ ਬੋਲੀਆਂ ਇਸ ਦੁਨੀਆਂ ’ਚ ਅੱਜ ਮੌਜੂਦ ਹਨ, ਤਕਰੀਬਨ ਉਸ ਤੋਂ ਕਈ ਗੁਣਾਂ ਜ਼ਿਆਦਾ ਰੱਬਾਂ ਦੀ ਗਿਣਤੀ ਹੋ ਸਕਦੀ ਹੈ। ਕਿਸੇ ਨੇ ਰੱਬ ਸਤਵੇਂ ਅਕਾਸ਼ ਤੇ ਮਿੱਥ ਲਿਆ, ਕਿਸੇ ਨੇ ਸਮੁੰਦਰ ਵਿਚ ਸਮਾਧੀ ਲਾਈ ਬੈਠਾ ਮੰਨ ਲਿਆ ਤੇ ਕਿਸੇ ਨੇ ਕਿਤੇ ਤੇ ਕਿਸੇ ਨੇ ਕਿਤੇ।

ਹੁਣ ਆਪਾਂ ਗੱਲ ਕਰੀਏ ਅਪਣੇ ਆਪ ਨੂੰ ਸਿੱਖ ਕਹਾਉਣ ਵਾਲਿਆਂ ਦੇ ਰੱਬ ਦੀ। ਇਸਲਾਮ ਦੇ ਸੂਫ਼ੀ ਕਵੀਆਂ ਨੇ ਇਸਲਾਮ ਦੇ ਰੱਬ ਨੂੰ ਅਕਾਸ਼ ਤੋਂ ਥੱਲੇ ਲਾਹ ਕੇ ਰੱਬ ਦਿਲਾਂ ਵਿਚ ਵਸਦੇ ਹੋਣ ਦਾ ਹੋਕਾ ਦਿਤਾ ਤੇ ਸੂਲੀ ਚਾੜ੍ਹ ਦਿਤੇ ਗਏ। ਇਕ ਸੂਫ਼ੀ ਕਵੀ ਦੇ ਬੋਲ :
ਮੰਦਰ ਢਾਹ ਦੇ ਮਸਜਿਦ ਢਾਹ ਦੇ
ਢਾਹ ਦੇ ਜੋ ਕੁੱਝ ਢਹਿੰਦਾ।
ਇਕ ਬੰਦੇ ਦਾ ਦਿਲ ਨਾ ਢਾਹੀਂ
ਰੱਬ ਦਿਲਾਂ ਵਿਚ ਰਹਿੰਦਾ।
ਬਾਬਾ ਫ਼ਰੀਦ ਜੀ ਵੀ ਇਹੋ ਹੀ ਫ਼ੁਰਮਾਨ ਕਰਦੇ ਹਨ :
ਆਸਾ ਸੇਖ ਫਰੀਦ ਜੀਉ ਕੀ ਬਾਣੀ॥ ਦਿਲਹੁ ਮੁਹਬਤਿ ਜਿਨ੍ਰ ਸੇਈ ਸਚਿਆ॥ ਜਿਨ੍ਰ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥1॥ ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥ ਵਿਸਰਿਆ ਜਿਨ੍ਰ ਨਾਮੁ ਤੇ ਭੁਇ ਭਾਰੁ ਥੀਏ॥1॥ ਰਹਾਉ॥

ਬਾਬਾ ਫ਼ਰੀਦ ਜੀ ਨੇ ਵੀ ਰੱਬ ਨੂੰ ਜੰਗਲਾਂ ਬੇਲਿਆਂ ਵਿਚੋਂ ਬਾਹਰ ਕੱਢ ਕੇ ਮਨੁੱਖਤਾ ਦੇ ਦਿਲਾਂ ਵਿਚ ਵਸਣ ਦਾ ਹੋਕਾ ਦਿਤਾ ਹੈ।  
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ,
ਵਣਿ ਕੰਡਾ ਮੋੜੇਹਿ॥
ਵਸੀ ਰਬੁ ਹਿਆਲੀਐ,
ਜੰਗਲੁ ਕਿਆ ਢੂਢੇਹਿ॥ (ਅੰਕ : 1378)
ਤੇ ਬਾਬੇ ਨਾਨਕ ਜੀ ਨੇ ਵੀ ਲੋਕਾਂ ਨੂੰ ਸਮਝਾਇਆ ਕਿ ਰੱਬ ਤੁਹਾਡੇ ਦਿਲਾਂ ’ਚ ਹੀ ਵਸਦਾ ਹੈ, ਉਸ ਦੀ ਪਹਿਚਾਣ ਕਰੋ।
ਗੁਪਤੁ ਪਰਗਟੁ ਤੂੰ ਸਭਨੀ ਥਾਈ॥
ਗੁਰ ਪਰਸਾਦੀ ਮਿਲਿ ਸੋਝੀ ਪਾਈ॥
ਨਾਨਕ ਨਾਮੁ ਸਲਾਹਿ ਸਦਾ ਤੂੰ,
ਗੁਰਮੁਖਿ ਮੰਨਿ ਵਸਾਵਣਿਆ॥8॥ (ਅੰਕ: 124)
ਬਾਬੇ ਨਾਨਕ ਤੇ ਫ਼ਰੀਦ ਜੀ ਦੇ ਇਨ੍ਹਾਂ ਫ਼ੁਰਮਾਨਾਂ ਦੇ ਬਾਵਜੂਦ ਵੀ ਮਾਤਾ ਕੌਲਾਂ ਵਾਲੇ ਕੀਰਤਨੀਏ ਗੁਰ ਇਕਬਾਲ ਸਿੰਘ ਨੇ ਬਾਬਾ ਫ਼ਰੀਦ ਜੀ ਨੂੰ ਬਾਰਾਂ ਸਾਲਾਂ ਲਈ ਜੰਗਲ ’ਚ ਪੁੱਠੇ ਲਟਕਾ ਦਿਤਾ ਤੇ ਅਸੀਂ ਨਾਸਮਝੀ ਕਾਰਨ ਉਸ ਨੂੰ ਮਾਲੋ ਮਾਲ ਕਰ ਦਿਤਾ।

ਦਸਮ ਗ੍ਰੰਥ/ਬਚਿੱਤ੍ਰ ਨਾਟਕ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਇਸ਼ਟ ਸਿਧਾਂਤਕ ਰੂਪ ਵਿਚ ਬਿਲਕੁਲ ਵਖਰੇ-ਵਖਰੇ, ਇਕ ਦੂਜੇ ਦੇ ਉਲਟ ਹਨ।
ੴ ਸਤਿਗੁਰ ਪ੍ਰਸਾਦਿ॥ ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ॥ ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ॥  (ਅੰਕ:784)
ਗੁਰਬਾਣੀ ਦਾ ਰੱਬ ਸਰਬ ਵਿਆਪਕ ਹੈ ਤੇ ਹੈ ਵੀ ਮਿੱਠ ਬੋਲੜਾ। ਗੁਰੂ ਅਰਜਨ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਮੈਂ ਭਾਲ ਕੇ ਥੱਕ ਗਿਆ ਹਾਂ ਪਰ ਉਹ ਕਦੇ ਵੀ ਕੌੜਾ ਬੋਲ ਬੋਲਦਾ ਨਹੀਂ ਸੁਣਿਆ ਅਤੇ ਉਹ ਕਦੇ ਵੀ ਕਿਸੇ ਦੇ ਔਗਣ ਨਹੀਂ ਚਿਤਾਰਦਾ, ਉਹ ਪੂਰਨ ਭਗਵਾਨ ਹੈ।
ਇਸ ਤੋਂ ਅੱਗੇ ਆਪਾਂ ਕੁੱਝ ਵੰਨਗੀਆਂ ਦਸਮ ਗ੍ਰੰਥ/ਬਚਿੱਤ੍ਰ ਨਾਟਕ ਗ੍ਰੰਥ ਦੇ ਰੱਬ ਦੀਆਂ ਵੇਖਦੇ ਹਾਂ। ਦਸਮ ਗ੍ਰੰਥ ਦਾ ਲਿਖਾਰੀ ਇਕ ਅੱਧ ਪੰਗਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮਿਲਦੀ ਲਿਖ ਕੇ :
ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ॥
ਨ ਨਾਮੰ ਨ ਠਾਮੰ ਮਹਾ ਜੋਤਿ ਜਾਗੰ॥
(ਦ.ਗ੍ਰੰ.ਪੰਨਾ 39॥)
ਕਿ ਉਸ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ ਅਤੇ ਨਾ ਹੀ ਸਨੇਹ (ਰਾਗੰ) ਹੈ ਪਰ ਨਾਲ ਹੀ:
ਚਤੁਰ ਬਾਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥ ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ ਬਜੀ ਬੰਬ ਸੰਖੰ॥ ਉਠੇ ਨਾਦ ਬੰਖੰ॥33॥ ਦ.ਗ੍ਰੰ. ਪੰਨਾ 41॥
ਇਹ ਵੀ ਦੱਸਣ ਦੀ ਢਿੱਲ ਨਹੀਂ ਕਰਦਾ ਕਿ ਉਸ ਦੀਆਂ ਚਾਰ ਸੁੰਦਰ ਬਾਹਾਂ ਹਨ, ਸਿਰ ਤੇ ਜੂੜਾ ਵੀ ਕੀਤਾ ਹੋਇਆ ਹੈ, ਉਸ ਕੋਲ ਗਦਾ ਵੀ ਹੈ ਜੋ ਜਮਾਂ ਦੇ ਮਨ ਨੂੰ ਮੋਹ ਰਹੀ ਹੈ। ਜੀਭ ਵਿਚੋਂ ਜੁਆਲਾ ਨਿਕਲ ਰਹੀ ਹੈ ਜਾਂ ਅੱਗ ਵਰਗੀ ਜੀਭ ਹੈ, ਦਾੜ੍ਹਾਂ ਬਹੁਤ ਭਿਆਨਕ ਹਨ, ਧੌਂਸੇ ਤੇ ਸੰਖ ਵੱਜ ਰਹੇ ਹਨ ਤੇ ਉਸ ’ਚੋਂ ਸਮੁੰਦਰ ਦੀ ਗਰਜ ਵਰਗਾ ਨਾਦ ਨਿਕਲ ਰਿਹਾ ਹੈ।

 

ਜੇਕਰ ਉਪਰ ਵਰਣਤ ਨਿੱਕੜ-ਸੁੱਕੜ ਮੁਮਕਨ ਹੈ ਤਾਂ ਉਹ ਰੱਬ ਜ਼ਰੂਰ ਦੇਹਧਾਰੀ ਹੈ। ਜੇਕਰ ਉਸ ਦੇ ਜੀਭ ਹੈ, ਸਿਰ ਤੇ ਜੂੜਾ ਹੈ ਅਤੇ ਮੂੰਹ ਵਿਚ ਦਾੜ੍ਹਾਂ ਤੇ ਉਹ ਵੀ ਭਿਆਨਕ ਤਾਂ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਆਦਮੀ ਦੀ ਸ਼ਕਲ ਵਿਚ ਦਿਸਿਆ ਹੋਵੇਗਾ ਤੇ ਉਹ ਮਰ ਵੀ ਗਿਆ ਹੋਵੇਗਾ ਕਿਉਂਕਿ ਗੁਰਬਾਣੀ ਦਾ ਫ਼ੁਰਮਾਨ ਹੈ :
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ॥
ਜੋ ਦੀਸੈ ਸੋ ਵਿਣਸਣਾ
ਮਨ ਕੀ ਮਤਿ ਤਿਆਗੁ ॥1॥ ਰਹਾਉ॥
(ਅੰਕ : 50, ਮ:5)
ਮੇਰੇ ਮਨ ਅਪਣੀ ਮੱਤ ਛੱਡ ਕੇ ਗਿਆਨ ਦੀ ਗੱਲ ਸਮਝ ਕਿ ਜੋ ਵੀ ਦਿਸਦਾ ਹੈ ਉਸ ਨੇ ਮਰਨਾ ਹੈ। ਪਰ ਗੁਰਬਾਣੀ ਦਾ ਰੱਬ ਤਾਂ ਅਬਨਾਸੀ ਹੈ ਤੇ ਅਜੂਨੀ ਵੀ :
‘‘ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥13॥ ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ॥ ਨਾਨਕ ਦਰਗਹ ਮੰਨਿਆ ਗੁਰ ਪੂਰੇ ਸਾਬਾਸਿ॥14॥                      (ਅੰਕ : 759)
ਗੁਰਬਾਣੀ ਤਾਂ ਕਿਸੇ ਰੱਬ ਕੋਲ ਸੰਖ, ਗਦਾ, ਚੱਕ੍ਰ ਹੋਣ ਨੂੰ ਕਟਦੀ ਹੋਈ ਰੱਬ ਦੇ ਪੈਦਾ ਹੋਣ ਨੂੰ ਵੀ ਕਟਦੀ ਹੈ। ਉਸ ਵਰਗਾ ਹੋਰ ਕੋਈ ਨਹੀਂ, ਉਹ ਅਸਚਰਜ ਰੂਪ ਹੈ, ਉਹ ਗੁਰਮੁਖਾਂ/ਸਾਧੇ ਹੋਏ ਭਗਤ ਜਨਾਂ ਦੇ ਮਨਾਂ ਵਿਚ ਵਸਦਾ ਹੈ ਤੇ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ।
ਨ ਸੰਖੰ, ਨ ਚਕ੍ਰੰ, ਨ ਗਦਾ, ਨ ਸਿਆਮੰ॥ ਅਸਚਰਜ ਰੂਪੰ, ਰਹੰਤ ਜਨਮੰ॥ ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬਿੰਦਹ॥ ਬਸੰਤਿ ਸਾਧ ਰਿਦਯੰ ਅਚੁਤ, ਬੁਝੰਤਿ ਨਾਨਕ ਬਡਭਾਗੀਅਹ ॥57॥  (ਗੁ. ਗ੍ਰ.ਪੰਨਾ 1359)
ਨਵ ਨੇਵਰ ਨਾਦ ਸੁਰੰ ਨਿ੍ਰਮਲੰ॥
ਮੁਖ ਬਿੱਜੁਲ ਜਵਾਲ ਘਣੰ ਪ੍ਰਜੁਲੰ॥
ਮਦਰਾ ਕਰ ਮੱਤ ਮਹਾ ਭਭਕੰ॥
ਬਨ ਮੈ ਮਨੋ ਬਾਘ ਬਚਾ ਬਬਕੰ॥ (ਦ. ਗੰ. ਪੰਨਾ 42)
ਦਸਮ ਗ੍ਰੰਥ ਦਾ ਲਿਖਾਰੀ ਤਾਂ ਅਪਣੇ ਰੱਬ ਦੇ ਪੈਰੀਂ ਝਾਂਜਰਾਂ ਪੁਆ ਕੇ ਕਹਿੰਦਾ ਹੈ ਕਿ ਉਸ ਦੀਆਂ ਝਾਂਜਰਾਂ ’ਚੋਂ ਨਿਰਮਲ ਨਾਦ ਨਿਕਲਦਾ ਹੈ, ਮੁੱਖ ਬਿਜਲੀ ਦੀ ਅੱਗ ਵਾਂਗ ਲਿਸ਼ਕਦਾ ਹੈ। ਉਹ ਸ਼ਰਾਬ ਪੀ ਕੇ ਹਾਥੀ ਵਾਂਗ ਭਬਕਦਾ ਹੈ, ਮਾਨੋ ਜਿਵੇਂ ਜੰਗਲ ’ਚ ਸ਼ੇਰ ਦਾ ਬੱਚਾ ਦਹਾੜ ਰਿਹਾ ਹੋਵੇ। ਇਹ ਸਾਰਾ ਕੁੱਝ ਸਾਨੂੰ ਕੀ ਸਮਝਾ ਰਿਹਾ ਹੈ? ਦਸਮ ਗ੍ਰੰਥ ਦਾ ਰੱਬ ਜੂਨਾਂ ’ਚ ਆਉਂਦਾ ਹੈ। ਪਰ ਇਹ ਤਾਂ ਤਾਂਤਰਿਕ ਮੱਤ ਹੈ ਤੇ ਵੱਡੇ ਢਿੱਡਾਂ ਵਾਲੇ ਲੋਕਾਂ ਦੀਆਂ ਰੋਟੀਆਂ ਤੇ ਪਲਣ ਵਾਲੇ, ਵਿਹਲੜ ਤੇ ਲਫੰਗੇ ਸਾਧੜੇ ਵੀ ਤਾਂ ਏਹੀ ਪ੍ਰਚਾਰ ਕਰਦੇ ਹਨ ਕਿ ਸਾਡਾ ਫਲਾਣਾ ਪਰਮ ਮਨੁੱਖ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ, ਗੁਰਮਤਿ ਮਾਰਤੰਡ ਆਦਿ।

ਇਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਬੰਦੇ ਨੂੰ ਖ਼ਾਲਸਾ ਰੂਪ ਦੇਣ ਲਈ ਖੰਡੇ ਦੀ ਪਾਹੁਲ ਛਕਾਉਂਦੇ ਹਨ ਤੇ ਦੂਸਰੇ ਪਾਸੇ ਉਹ ਇਹ ਕਿਵੇਂ ਲਿਖ ਸਕਦੇ ਹਨ ਕਿ ਜੇ ਤੂੰ ਦਸਮ ਗ੍ਰੰਥ ਦੇ ਇਸ਼ਟ, ਮਹਾਂਕਾਲ ਦਾ ਸਿੱਖ/ਸ਼ਿਸ਼ ਬਣਨਾ ਹੈ ਤਾਂ ਸ਼ਰਾਬ ਭੰਗ ਦਾ ਸੇਵਨ ਕਰ :
ਦਿਜ ਹਮ ਮਹਾ ਕਾਲਕੋ ਮਾਨੈ। ਪਾਹਨ ਮੈ ਮਨ ਕੋ ਨਹਿ ਆਨੈ॥ ਪਾਹਨ ਕੋ ਪਾਹਨ ਕਰਿ ਜਾਨਤ॥ ਤਾ ਤੇ ਬੁਰੋ ਲੋਗ ਏ ਮਾਨਤ।91।ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ॥ ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਿਵਾਇ॥125॥
(ਚਰਿਤ੍ਰ 266, ਪੰਨਾ 1210॥ਅਖ਼ਰੀਲਾ ਬੰਦ) ਪਰ ਗੁਰਬਾਣੀ ਤਾਂ ਮਹਾਂਕਾਲ ਨੂੰ ਵੀ ਰੱਦ ਕਰਦੀ ਹੈ:
ਰਾਮਕਲੀ ਮਹਲਾ 5॥ ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥1॥ ਰਹਾਉ॥
(ਅੰਕ 885-886)
ਸਲੋਕ ਮ 2॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ॥1॥
(ਅੰਕ: 954)

ਗੁਰ ਸਿੱਖ ਭਰਾਵੋ! ਮੈਂ ਤਾਂ ਤੁਹਾਨੂੰ ਅਪੀਲ ਹੀ ਕਰ ਸਕਦਾ ਹਾਂ, ਅੰਧੇ ਲੋਕਾਂ ਦੇ ਦੱਸੇ ਰਾਹ ’ਤੇ ਤਾਂ ਅੰਧੇ ਲੋਕ ਹੀ ਚਲਣਗੇ ਪਰ ਜੇ ਕੋਈ ਸੁਜਾਖਾ ਹੋਵੇਗਾ ਤਾਂ ਉਹ ਔਝੜੇ ਨਹੀਂ ਪਏਗਾ, ਕਿ ਆਪਾਂ ਸੁਜਾਖੇ ਬਣੀਏ, ਲੰਮੇ ਚੋਲਿਆਂ ਵਾਲੇ ਤੇ ਗੋਡਿਆਂ ਤਕ ਲਮਕਦੇ ਢਿੱਡਾਂ ਵਾਲਿਆਂ ਤੋਂ ਕਿਨਾਰਾ ਕਰੀਏ, ਬੰਟੀ ਭਈਏ ਵਾਰਗਿਆਂ ਨੂੰ ਧਾਰਮਕ-ਇਤਿਹਾਸਕ ਅਸਥਾਨਾਂ ਤੇ ਬੋਲਣ ਤੋਂ ਰੋਕਿਆ ਜਾਵੇ। ਜੇਕਰ ਸਾਰੇ ਦਾ ਸਾਰਾ ਸਾਧ ਲਾਣਾ ਸਿੱਖੀ ਦਾ ਪ੍ਰਚਾਰ ਕਰਦਾ ਹੈ ਤਾਂ ਸਾਰਿਆਂ ਸਿੱਖ ਧਰਮ ਦੇ ਪ੍ਰੇਮੀਆਂ ਨੂੰ ਸਵਾਲ ਹੈ ਕਿ ਸਿੱਖੀ ਕਿੱਥੇ ਹੈ? ਆਉ ਸਾਰੇ ਰਲ-ਮਿਲ ਕੇ ਬਾਬੇ ਦੇ ਉਪਦੇਸ਼ ਨੂੰ ਪ੍ਰਚਾਰਨ ਦਾ ਕੰਮ ਕਰੀਏ।
ਫ਼ੋਨ ਨੰ : +1 647 966 3132

 


    ਗੁਰਚਰਨ ਸਿੰਘ ਜਿਉਣ ਵਾਲਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement