
ਪੰਜਾਬ ਵਿਚ ਤਕਰੀਬਨ ਹਰ ਵਾਰ ਨਵੰਬਰ ਮਹੀਨੇ ਤੋਂ ਠੰਢ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਜੋ ਲਗਾਤਾਰ ਫ਼ਰਵਰੀ-ਮਾਰਚ ਮਹੀਨਿਆਂ ਤਕ ਜਾਰੀ ਰਹਿੰਦਾ ਹੈ। ਇਨ੍ਹਾਂ ਮਹੀਨਿਆਂ ....
ਪੰਜਾਬ ਵਿਚ ਤਕਰੀਬਨ ਹਰ ਵਾਰ ਨਵੰਬਰ ਮਹੀਨੇ ਤੋਂ ਠੰਢ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਜੋ ਲਗਾਤਾਰ ਫ਼ਰਵਰੀ-ਮਾਰਚ ਮਹੀਨਿਆਂ ਤਕ ਜਾਰੀ ਰਹਿੰਦਾ ਹੈ। ਇਨ੍ਹਾਂ ਮਹੀਨਿਆਂ ਦੌਰਾਨ ਤਕਰੀਬਨ ਅੱਧ ਦਸੰਬਰ ਤੋਂ ਅੱਧ ਫ਼ਰਵਰੀ ਤਕ ਪੰਜਾਬ ਵਿਚ ਸਰਦੀ ਅਪਣਾ ਬੇਹੱਦ ਜ਼ੋਰ ਵਿਖਾਉਂਦੀ ਹੈ। ਬਹੁਤ ਵਾਰੀ ਇਨ੍ਹਾਂ ਦਿਨਾਂ ਵਿਚ ਤਾਪਮਾਨ ਦਾ ਸੈਲਸੀਅਸ ਪਾਰਾ ਬੇਹੱਦ ਹੇਠਾਂ ਚਲਿਆ ਜਾਂਦਾ ਹੈ। ਅਸੀ ਅਕਸਰ ਹੀ ਵੇਖਦੇ ਹਾਂ ਕਿ ਇਨ੍ਹਾਂ ਮਹੀਨਿਆਂ ਦੌਰਾਨ ਕਈ ਕਈ ਦਿਨ ਪੰਜਾਬ ਵਿਚ ਸੰਘਣੀ ਧੁੰਦ ਹੀ ਛਾਈ ਰਹਿੰਦੀ ਹੈ ਜਿਸ ਨਾਲ ਹਰ ਕੋਈ ਠਰੂੰ ਠਰੂੰ ਕਰਨ ਲਈ ਮਜਬੂਰ ਹੋ ਜਾਂਦਾ ਹੈ।
ਇਸ ਠੰਢ ਤੋਂ ਬਚਣ ਲਈ ਭਾਵੇਂ ਅੱਜ ਬਾਜ਼ਾਰ ਵਿਚ ਅਨੇਕਾਂ ਪ੍ਰਕਾਰ ਦੇ ਬਿਜਲਈ ਹੀਟਰ ਆ ਗਏ ਹਨ ਪਰ ਜੋ ਨਜ਼ਾਰਾ ਪਿੰਡਾਂ ਵਿਚ ਲੋਕਾਂ ਵਲੋਂ ਇਕੱਠੇ ਹੋ ਕੇ ਧੂਣੀ ਸੇਕਣ ਦਾ ਹੁੰਦਾ ਸੀ ਉਹ ਅੱਜ ਸਮੇਂ ਦੀ ਤੇਜ਼ ਹਨੇਰੀ ਅੰਦਰ ਕਿਤੇ ਦੂਰ ਉੱਡ-ਪੁੱਡ ਗਿਆ ਪ੍ਰਤੀਤ ਹੁੰਦਾ ਹੈ। ਅੱਜ ਤੋਂ ਕੁੱਝ ਸਾਲ ਪਹਿਲਾਂ ਵਾਲੇ ਪੰਜਾਬ ਦੀ ਗੱਲ ਕਰੀਏ ਤਾਂ ਇਨ੍ਹਾਂ ਠੰਢ ਦੇ ਦਿਨਾਂ ਵਿਚ ਅਕਸਰ ਹੀ ਲੋਕਾਂ ਵਲੋਂ ਕਿਸੇ ਸਾਂਝੀ ਥਾਂ ਜਾਂ ਅਪਣੇ ਦਰਵਾਜ਼ੇ ਅੱਗੇ ਬਾਹਰ ਗਲੀ ਵਿਚ ਠੰਢ ਦੇ ਪ੍ਰਕੋਪ ਤੋਂ ਬਚਣ ਲਈ ਗੋਹੇ ਦੀਆਂ ਪਾਥੀਆਂ ਬਾਲ ਕੇ ਸਵੇਰੇ ਸਵੇਰੇ ਧੂਣੀ ਸੇਕਣੀ ਸ਼ੁਰੂ ਕਰ ਦਿਤੀ ਜਾਂਦੀ ਸੀ।
ਹੌਲੀ ਹੌਲੀ ਆਂਢ-ਗੁਆਂਢ ਅਤੇ ਹੋਰ ਪਿੰਡ ਵਿਚੋਂ ਲੋਕ ਅਪਣੇ ਘਰਾਂ ਵਿਚੋਂ ਥੋੜਾ ਥੋੜਾ ਬਾਲਣ ਪਾਥੀਆਂ, ਲੱਕੜਾਂ, ਹਰਹਰ, ਛਿਟੀਆਂ ਲਿਆ ਕੇ ਇਸ ਧੂਣੀ ਉੱਪਰ ਅਪਣੀ ਹਾਜ਼ਰੀ ਜ਼ਰੂਰ ਲਗਾਇਆ ਕਰਦੇ ਸਨ। ਧੂਣੀ ਦੁਆਲੇ ਗੋਲ ਚੱਕਰ ਵਿਚ ਬੈਠੇ ਬਜ਼ੁਰਗਾਂ, ਨੌਜੁਆਨਾਂ ਅਤੇ ਬੱਚਿਆਂ ਵਲੋਂ ਘੰਟਾ ਘੰਟਾ ਇਕੱਠੇ ਬੈਠ ਕੇ ਵੱਖ ਵੱਖ ਵਿਸ਼ਿਆਂ ਤੇ ਖ਼ੂਬ ਵਿਚਾਰਾਂ ਅਤੇ ਹਾਸਾ-ਠੱਠਾ ਕੀਤਾ ਜਾਇਆ ਕਰਦਾ ਸੀ। ਇਸ ਧੂਣੀ ਦੁਆਲੇ ਹੁੰਦੀਆਂ ਆਪਸੀ ਗੱਲਾਂ-ਬਾਤਾਂ ਦੌਰਾਨ ਬੱਚਿਆਂ ਅਤੇ ਨੌਜੁਆਨਾਂ ਨੂੰ ਅਪਣੇ ਬਜ਼ੁਰਗਾਂ ਦੇ ਤਜਰਬਿਆਂ ਵਿਚੋਂ ਬਹੁਤ ਕੁੱਝ ਸਿਖਣ ਲਈ ਮਿਲ ਜਾਇਆ ਕਰਦਾ ਸੀ।
ਹੋਰ ਤਾਂ ਹੋਰ ਲੋਕਾਂ ਦੇ ਛੋਟੇ-ਮੋਟੇ ਗਿਲੇ-ਸ਼ਿਕਵੇ ਵੀ ਬਜ਼ੁਰਗਾਂ ਵਲੋਂ ਪਿਆਰ ਦੀ ਇਕ ਝਿੜਕ ਨਾਲ ਇਸ ਧੂਣੀ ਦੀ ਅੱਗ ਵਿਚ ਹੀ ਭਸਮ ਕਰ ਦਿਤੇ ਜਾਂਦੇ ਸਨ।
ਪਰ ਹੁਣ ਜੇਕਰ ਅੱਜ ਦੀ ਗੱਲ ਕਰੀਏ ਤਾਂ ਕਾਹਲ ਦੀ ਇਸ ਜ਼ਿੰਦਗੀ ਵਿਚ ਕਿਸੇ ਕੋਲ ਇਕੱਠੇ ਹੋ ਕੇ ਇਨ੍ਹਾਂ ਧੂਣੀਆਂ ਨੂੰ ਸੇਕਣ ਦਾ ਸਮਾਂ ਹੀ ਨਹੀਂ ਹੈ। ਹਰ ਕੋਈ ਅਪਣੇ ਕੰਮ ਧੰਦਿਆਂ ਵਿਚ ਬੇਹੱਦ ਮਸਰੂਫ਼ ਨਜ਼ਰ ਆ ਰਿਹਾ ਹੈ। ਇਸ ਕਾਹਲ ਵਿਚ ਕਿਸੇ ਕੋਲ ਇਨ੍ਹਾਂ ਧੂਣੀਆਂ ਲਈ ਤਾਂ ਕੀ ਅਪਣੇ ਪ੍ਰਵਾਰ ਲਈ ਵੀ ਸਮਾਂ ਕਢਣਾ ਮੁਸ਼ਕਲ ਲੱਗ ਰਿਹਾ ਹੈ।
ਪਬਲਿਕ ਸਕੂਲਾਂ ਵਿਚ ਪੜ੍ਹਾਉਣ ਦੀ ਹੋੜ ਵਿਚ ਮਾਪਿਆਂ ਵਲੋਂ ਅਪਣੇ ਛੋਟੇ ਛੋਟੇ ਬੱਚਿਆਂ ਨੂੰ ਸਵੇਰੇ ਸਵੇਰੇ ਹੀ ਛੇਤੀ ਛੇਤੀ ਤਿਆਰ ਕਰ ਕੇ ਅੱਖਾਂ ਮਲਦਿਆਂ ਨੂੰ ਹੀ ਸ਼ਹਿਰ ਦੇ ਸਕੂਲਾਂ ਦੀਆਂ ਵੈਨਾਂ ਵਿਚ ਚਾੜ੍ਹ ਦਿਤਾ ਜਾਂਦਾ ਹੈ, ਜੋ ਸਾਰਾ ਦਿਨ ਸਕੂਲ ਵਿਚ ਗੁਜ਼ਾਰ ਕੇ ਅਤੇ ਕੁੱਝ ਸਮਾਂ ਟਿਊਸ਼ਨ ਪੜ੍ਹ ਕੇ ਸ਼ਾਮਾਂ ਪਈਆਂ ਨੂੰ ਘਰ ਪਰਤਦੇ ਹਨ। ਇਸ ਤਰ੍ਹਾਂ ਕਈ ਬੱਚੇ ਹਫ਼ਤਾ ਹਫ਼ਤਾ ਅਪਣੇ ਚਾਚੇ-ਤਾਇਆਂ ਅਤੇ ਦਾਦਾ-ਦਾਦੀ ਨਾਲ ਪੂਰੀ ਤਰ੍ਹਾਂ ਗੱਲ ਵੀ ਨਹੀਂ ਕਰ ਪਾਉਂਦੇ ਜਿਸ ਨਾਲ ਬੱਚਿਆਂ ਵਿਚ ਅਪਣੇ ਵੱਡਿਆਂ ਲਈ ਪਿਆਰ ਅਤੇ ਮਿਲਵਰਤਨ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ।
ਇਸ ਦੌੜ-ਭੱਜ ਦੀ ਜ਼ਿੰਦਗੀ ਵਿਚ ਅਸੀ ਅਕਸਰ ਹੀ ਵੇਖਦੇ ਹਾਂ ਕਿ ਅਜੋਕਾ ਮਨੁੱਖ ਬੜਾ ਗੁੱਸੇਖੋਰ ਅਤੇ ਮਤਲਬੀ ਜਿਹਾ ਹੁੰਦਾ ਜਾ ਰਿਹਾ ਹੈ। ਅਜਕਲ ਅਪਣਾ ਦੁੱਖ-ਸੁੱਖ ਇਕ-ਦੂਜੇ ਨਾਲ ਸਾਂਝਾ ਕਰਨ ਦੀ ਬਜਾਏ ਅਪਣੇ ਆਪ ਨਾਲ ਗੱਲਾਂ ਕਰਨੀਆਂ ਲੋਕਾਂ ਦਾ ਸੁਭਾਅ ਜਿਹਾ ਬਣਦਾ ਜਾ ਰਿਹਾ ਹੈ। ਸਹਿਣਸ਼ੀਲਤਾ ਦੀ ਘਾਟ ਕਾਰਨ ਕਿਸੇ ਦੁਆਰਾ ਹਾਸੇ-ਠੱਠੇ ਵਿਚ ਆਖੀ ਕਿਸੇ ਗੱਲ ਨੂੰ ਬਰਦਾਸ਼ਤ ਕਰਨਾ ਅਜੋਕੀ ਨੌਜੁਆਨ ਪੀੜ੍ਹੀ ਦੇ ਵੱਸ ਤੋਂ ਪਰੇ ਦੀ ਗੱਲ ਬਣਦੀ ਜਾ ਰਹੀ ਹੈ।
ਸੋ, ਸਾਨੂੰ ਸੱਭ ਨੂੰ ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਕੁੱਝ ਪਲ ਅਪਣੇ ਪ੍ਰਵਾਰਾਂ ਦੇ ਨਾਲ ਨਾਲ ਅਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਲਈ ਵੀ ਕਢਣੇ ਚਾਹੀਦੇ ਹਨ ਤਾਕਿ ਦਿਨ-ਬ-ਦਿਨ ਬਿਖਰਦੀ ਜਾ ਰਹੀ ਪਿੰਡਾਂ ਵਿਚਲੀ ਆਪਸੀ ਭਾਈਚਾਰਕ ਸਾਂਝ ਨੂੰ ਸਮਾਂ ਰਹਿੰਦਿਆਂ ਬਚਾਇਆ ਜਾ ਸਕੇ।
ਸੰਪਰਕ : 94654-11585