
ਜ਼ਿੰਦਗੀ ਵਿਚ ਧੌਲੇ ਨੇ ਸਿਰਫ਼ 2 ਨਾਟਕ ਹੀ ਲਿਖੇ ਹਨ, ਪਰ ਉਨ੍ਹਾਂ ਬਤੌਰ ਬੈਕ ਸਿੰਗਰ ਦੇ ਤੌਰ ’ਤੇ ਵਾਹ ਪਾ ਲਿਆ।
ਲੋਕਾਂ ਦੇ ਦੁੱਖਾਂ-ਦਰਦਾ ਨੂੰ ਸਮਝਣਾ ਹਰ ਇਕ ਦੇ ਵਸ ਦਾ ਰੋਗ ਨਹੀਂ, ਕਈ ਇਨਸਾਨ ਜਨਮ ਲੈਂਦੇ ਹਨ ਜੋ ਲੋਕਾਂ ਦੇ ਭਲੇ ਲਈ ਹੀ ਕੰਮ ਕਰਦੇ ਹਨ। ਲੋਕ ਉਨ੍ਹਾਂ ਨੂੰ ਪਲਕਾਂ ’ਤੇ ਬਿਠਾ ਲੈਂਦੇ ਹਨ ਤੇ ਉਹ ਹੈ ਸੰਘਰਸ਼ਸ਼ੀਲ ਯੋਧਾ, ਲੋਕਾਂ ਦਾ ਹਮਦਰਦ, ਜਗਰਾਜ ਧੌਲਾ। ਜਗਰਾਜ ਸਿੰਘ ਦਾ ਜਨਮ 10 ਜਨਵਰੀ, 1948 ਨੂੰ ਮਾਤਾ ਚਰਾਗੋ ਬੀਬੀ ਦੇ ਪੇਟੋਂ, ਪਿਤਾ ਮੁਹੰਮਦ ਨਜ਼ੀਰ ਦੇ ਘਰ, ਪਿੰਡ ਧੌਲਾ ਵਿਖੇ ਹੋਇਆ। ਉਨ੍ਹਾਂ ਦੇ ਭਰਾ ਸਵ. ਮਨਤਾਜ, ਇਕਬਾਲ, ਸਵ:ਦਿਲਦਾਰ ਤੇ ਭੈਣਾਂ ਰਾਜ ਕੌਰ, ਸਤਿਨਾਮ ਕੌਰ, ਨਿੱਕੀ ਕੌਰ ਹਨ। ਜਗਰਾਜ ਦਾ ਵਿਆਹ ਸ੍ਰੀਮਤੀ ਭਰਪੂਰ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਘਰ, ਬੇਟੇ ਨਵਦੀਪ ਧੌਲਾ, ਸਵ: ਕਿਰਨਦੀਪ ਸਿੰਘ ਅਤੇ ਬੇਟੀਆਂ ਅਮਰਜੀਤ ਕੌਰ, ਸਮਰਜੀਤ ਕੌਰ ਤੇ ਕੰਵਰਜੀਤ ਕੌਰ ਨੇ ਜਨਮ ਲਿਆ। ਜਗਰਾਜ ਸਿੰਘ, ਜਗਰਾਜ ਧੌਲਾ ਨਾਂ ਨਾਲ ਮਸ਼ਹੂਰ ਹੈ ਕਿਉਂਕਿ ਉਨ੍ਹਾਂ ਅਪਣੇ ਪਿੰਡ ਦਾ ਨਾਮ ਅਪਣੇ ਨਾਮ ਨਾਲ ਜੋੜ ਲਿਆ।
ਜਗਰਾਜ ਧੌਲਾ ਨੇ ਅਪਣੇ ਪਿੰਡ ਧੌਲੇ ਦੇ ਸਰਕਾਰੀ ਹਾਈ ਸਕੂਲ ਤੋਂ ਸੰਨ 1965 ਵਿਚ ਦਸਵੀਂ ਪਾਸ ਕੀਤੀ। ਬਾਅਦ ਵਿਚ ਉਨ੍ਹਾਂ ਜੇ.ਬੀ.ਟੀ ਦਾ ਕੋਰਸ 1966-68 ਵਿਚ ਕੀਤਾ ਅਤੇ 1 ਅਪ੍ਰੈਲ 1977 ਨੂੰ ਵਿਦਿਅਕ ਮਹਿਕਮੇ ਵਿਚ ਅਧਿਆਪਕ ਵਜੋਂ ਨੌਕਰੀ ਮਿਲ ਗਈ। ਆਪ ਨੇ ਬੱਚਿਆਂ ਨੂੰ ਭਾਸ਼ਾ ਦਾ ਉਚਾਰਨ ਕਰਨਾ ਸਿਖਾਉਣਾ, ਬੱਚਿਆਂ ਨੂੰ ਖੇਡ-ਵਿਧੀ ਰਾਹੀ ਪੜ੍ਹਾਉਣਾ ਅਤੇ ਖੇਡਾਂ ਅੰਦਰ ਰੁਚੀ ਪੈਦਾ ਕਰਨੀ। ਆਪ ਵਲੋਂ ਸੰਨ 1985 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਤਿਆਰੀ ਕਰਾਈ, ਕਬੱਡੀ ਦੀ ਟੀਮ ਬਲਾਕ ਵਿਚੋਂ ਪਹਿਲੇ ਨੰਬਰ ਤੇ ਰਹੀ। ਹਮੇਸ਼ਾ ਆਪ ਨੇ ਪੜ੍ਹਾਈ ਦੇ ਨਾਲ ਬੱਚਿਆਂ ਵਿਚ ਕਾਵਿ ਰੁਚੀ ਪੈਦਾ ਕਰਨ ਦੇ ਯਤਨ ਜਾਰੀ ਰੱਖੇ ਅਤੇ ਬੱਚਿਆਂ ਨੂੰ ਸਾਹਿਤ ਨਾਲ ਜੋੜੀ ਰਖਿਆ। ਆਪ ਹੈੱਡ ਟੀਚਰ ਦੇ ਅਹੁਦੇ ਤੋਂ 31 ਜਨਵਰੀ, 2006 ਨੂੰ ਸੇਵਾ ਮੁਕਤ ਹੋਏ।
ਧੌਲਾ ਦੀ ਜੇਕਰ ਲਿਖਣ, ਗਾਉਣ ਦੀ ਗੱਲ ਕਰੀਏ ਤਾਂ ਉਹ ਬਚਪਨ ਵਿਚ ਹੀ ਲਿਖਣ ਤੇ ਗਾਉਣ ਲੱਗ ਪਿਆ ਸੀ। ਉਨ੍ਹਾਂ ਉਤੇ ਪੰਜਾਬੀ ਦੇ ਪ੍ਰ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦਾ ਪ੍ਰਭਾਵ ਪਿਆ ਅਤੇ ਉਨ੍ਹਾਂ ਅਪਣਾ ਉਸਤਾਦ ਵੀ ਬਾਪੂ ਗਾਸੋ ਸਾਹਿਬ ਨੂੰ ਮੰਨਿਆ। ਅੱਜ ਤਾਂ ਧੌਲੇ ਦੇ ਸ਼ਗਿਰਦ ਵੀ ਪੈਦਾ ਹੋ ਗਏ ਹਨ: ਹਾਕਮ ਰੂੜੇ ਕੇ, ਸੁਖਵਿੰਦਰ ਸਨੇਹ ਤੇ ਜਨਪਾਲ ਜਸ ਆਦਿ। ਸੰਨ 1986 ਵਿਚ ਸਕੂਲ ਪੜ੍ਹਾਉਣ ਦੇ ਸਮੇਂ ਜਗਰਾਜ ਨੇ ਸਕੂਲੀ ਬੱਚਿਆਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਲਈ, ਬੱਚਿਆਂ ਨੂੰ ਨਾਲ ਲਾ ਕੇ ਸੋਲਾਂ ਪਾਂਚ ਪਚੰਨਵੇ, (ਨਾਟਕ) ਖਿਡਾਇਆ। ਇਹ ਨਾਟਕ ਸ਼ਾਹੂਕਾਰਾਂ ਵਲੋਂ ਅਨਪੜ੍ਹ ਸਿੱਧੇ-ਸਾਧੇ ਕਿਸਾਨਾਂ, ਮਜ਼ਦੂਰਾਂ ਦੀ ਲੁੱਟ, ਹਿਸਾਬ-ਕਿਤਾਬ ਵਿਚ ਸ਼ਾਹੂਕਾਰ ਦਾ ਗ਼ਰੀਬਾਂ ਨੂੰ ਲੁੱਟਣ ਦਾ ਢੰਗ ਦਸਦਾ ਸੀ ਜਦ ਸਰਕਾਰ ਵਲੋਂ ਪੰਜਾਬ ਅੰਦਰ ਬਾਲਗ ਵਿਦਿਆ ਦੀ ਮੁਹਿੰਮ ਚਲਾਈ ਤਾਂ ਬਰਨਾਲਾ ਤੇ ਸੰਗਰੂਰ ਦੇ ਸੌਲਾਂ ਪਿੰਡਾਂ ਵਿਚੋਂ ਬੀ.ਡੀ.ਓ. ਸਾਹਿਬ ਬਰਨਾਲਾ ਦੀ ਰਹਿਨੁਮਈ ਅੰਦਰ ਡੀ.ਸੀ. ਬਰਨਾਲਾ ਦੇ ਨਿਰਦੇਸ਼ਾਂ ਹੇਠ ਵੀ ਖੇਡਿਆ ਜਾਂਦਾ ਰਿਹਾ। ਇਹ ਨਾਟਕ ਧੌਲੇ ਨੇ ਹੀ ਲਿਖਿਆ ਸੀ। ਜਦ ਸੰਨ 1962 ਦੀ ਚੀਨ ਭਾਰਤ ਜੰਗ ਵੇਲੇ ਉਨ੍ਹਾਂ ਦੀ ਪੰਚਸ਼ੀਲ ਵਿਸ਼ੇ ਉਪਰ ਲਿਖੀ ਕਵਿਤਾ ‘ਚੀਨੀਆਂ ਉਏ ਜ਼ਾਲਮਾਂ ਤੂੰ ਦੋਸਤ ਅਸਾਡੜਾ ਸੀ ਪਰ ਸਾਡੇ ਨਾਲ ਅੱਜ ਜ਼ੁਲਮ ਕਮਾਗਿਆ’ ਇਹ ਕਵਿਤਾ ਜਲੰਧਰ ਰੇਡੀਉ ਦੇ ਮਸ਼ਹੂਰ ਦਿਹਾਤੀ ਪ੍ਰੋਗਰਾਮ ਅੰਦਰ ਪਿਆਰੇ ਲਾਲ ਸੂਦ ਹੋਰਾਂ ਪੜ੍ਹ ਕੇ ਧੌਲੇ ਨੂੰ ਦਾਦ ਦਿਤੀ ਜਿਸ ਨਾਲ ਉਨ੍ਹਾਂ ਦੇ ਹੌਂਸਲੇ ਨੂੰ ਬਹੁਤ ਬਲ ਮਿਲਿਆ। ਉਸ ਸਮੇਂ ਹੀ ਧੌਲੇ ਨੂੰ ਚਾਚਾ ਕੁੰਮੇਦਾਨ ਨੇ ਕਿਹਾ ਸੀ ਕਿ ਇਹ ਬੱਚਾ ਵੱਡਾ ਹੋ ਕੇ ਲਿਖਾਰੀ ਬਣੇਗਾ। ਉਸ ਸਮੇਂ ਉਪਰੋਕਤ ਕਵਿਤਾ ਭਾਸ਼ਾ ਵਿਭਾਗ ਦੇ ਕਿਸੇ ਰਸਾਲੇ ਵਿਚ ਛਪ ਗਈ ਜਿਸ ਦੀ ਸੇਵਾ ਦਾ ਫਲ 5 ਰੁਪਏ ਮਿਲਿਆ। ਜਦ ਸੰਨ 1974 ਵਿਚ ਗਣਤੰਤਰ ਦਿਸਵ ਮੌਕੇ ਧੌਲੇ ਨੇ ਅਪਣੀ ਕਵਿਤਾ ਪੜ੍ਹੀ, ਜਿਸ ਦੇ ਬੋਲ ਸਨ ‘ਮਸਾਂ ਆਜ਼ਾਦੀ ਆਈ, ਸਾਂਭ ਲੈ ਵੀਰ ਮੇਰੇ’ ਤਾਂ ਧੌਲਾ ਪਿੰਡ ਦੇ ਸਾਬਕਾ ਵਜ਼ੀਰ ਸੰਪੂਰਨ ਸਿੰਘ ਨੇ ਜਗਰਾਜ ਨੂੰ ਬੁਕਲ ਵਿਚ ਲੈ ਕੇ 20 ਰੁਪਏ ਦਾ ਇਨਾਮ ਦਿਤਾ। ਇੱਦਾ ਹੀ ਧੌਲੇ ਦਾ ਹੌਂਸਲਾ ਅੱਗੇ ਹੀ ਅੱਗੇ ਕੁੱਝ ਕਰਨ ਲਈ ਵਧਦਾ ਗਿਆ।
ਜਗਰਾਜ ਨੂੰ ਸਕੂਲ ਪੜ੍ਹਦਿਆਂ ਹੀ ਬਾਪੂ ਗਾਸੋ ਹੋਰਾਂ ਨੇ ਨਾਟਕ ਵਿਧਾ ਵਲ ਪ੍ਰੇਰਿਆ। ਜ਼ਿੰਦਗੀ ਵਿਚ ਧੌਲੇ ਨੇ ਸਿਰਫ਼ 2 ਨਾਟਕ ਹੀ ਲਿਖੇ ਹਨ, ਪਰ ਉਨ੍ਹਾਂ ਬਤੌਰ ਬੈਕ ਸਿੰਗਰ ਦੇ ਤੌਰ ’ਤੇ ਵਾਹ ਪਾ ਲਿਆ। ਪੂਰੇ 15 ਸਾਲ ਭਾਅ ਗੁਰਸ਼ਰਨ ਨਾਲ ਬਤੌਰ ਲੋਕ ਪੱਖੀ ਗਾਇਕ ਦੇ ਤੌਰ ’ਤੇ ਗਾਉਂਦਾ ਰਿਹਾ। ਉਨ੍ਹਾਂ ਘੱਟੋ-ਘੱਟ ਦਸ ਨਾਟਕਾਂ ਅੰਦਰ ਪਲੇਅ ਬੈਕ ਸਿੰਗਰ ਬਣ ਕੇ ਗਾਇਆ ਤੇ ਨਾਲ ਹੀ ਧੌਲੇ ਦੀ ਨਿਰਦੇਸ਼ਨਾ ਹੇਠ ਉਨ੍ਹਾਂ ਦੀ ਮੰਡਲੀ ਆਜ਼ਾਦ ਤੌਰ ਤੇ ਗਾਉਂਦੀ ਰਹੀ ਤੇ ਆਪ ਨੇ ਉਨ੍ਹਾਂ ਨਾਲ ਵੀ ਅਣ-ਗਿਣਤ ਗਾਇਕੀ ਦੀਆਂ ਸਟੇਜਾਂ ਕੀਤੀਆਂ। ਇਸ ਤੋਂ ਇਲਾਵਾ ਪ੍ਰਸਿੱਧ ਨਿਰਦੇਸ਼ਕ ਨਾਟਕਕਾਰ ਕੇਵਲ ਧਾਲੀਵਾਲ ਨਾਲ ਧੌਲਾ ਨੇ ਪੰਜ ਨਾਟਕਾਂ ਅੰਦਰ ਨਾਟਕਾਂ ਦੇ ਗੀਤ ਲਿਖੇ ਤੇ ਨਾਟਕਾਂ ਅੰਦਰ ਗਾਏ। ਜਿਨ੍ਹਾਂ ਦੀਆਂ ਪੇਸ਼ਕਾਰੀਆਂ ਮੱਧ ਪ੍ਰਦੇਸ਼, ਦਿੱਲੀ, ਅੰਮ੍ਰਿਤਸਰ, ਦੇਵ ਟਾਪੂ ਅੰਦਰ ਕੀਤੀਆਂ ਗਈਆਂ।
ਡਾ. ਅਜਮੇਰ ਔਲਖ ਨਾਲ ਤਿੰਨ ਨਾਟਕਾਂ ਅੰਦਰ ਗਾਇਨ ਦੀ ਪੇਸ਼ਕਾਰੀ ਕੀਤੀ। ਉਨ੍ਹਾਂ ਦੇ ਇਕ ਨਾਟਕ ਦਾ ਧੌਲਾ ਪਾਤਰ ਵੀ ਬਣਿਆ ਇਵੇਂ-ਜਿਵੇਂ ਮੁੱਲਾਂਪੁਰੀ ਰਕੇਸ਼ ਚੌਧਰੀ ਦੇ ਛੇ ਨਾਟਕਾਂ ਦੇ ਗੀਤ ਲਿਖੇ ਤੇ ਗਾਏ, ਜਿਨ੍ਹਾਂ ਦੀ ਪੇਸ਼ਕਾਰੀ ਸਾਰੇ ਪੰਜਾਬ ਵਿਚ ਹੋਈ।
ਜਗਰਾਜ ਧੌਲਾ ਦੀਆਂ ਪ੍ਰਕਾਸ਼ਤ ਪੁਸਤਕਾਂ: ਅੱਗ ਦਾ ਜਨਮ (ਨਾਵਲ), ਸੂਹੀ ਕਿਰਨ ਬੇਅੰਤ (ਕਿੱਸਾ), ਆਦਿ ਕਾਲੀਨ ਮਨੁੱਖ ਦੀਆਂ ਕਹਾਣੀਆਂ (ਕਹਾਣੀਆਂ), ਮਰਦਾਨੇ ਕੇ ਸਮਾਜਿਕ ਸੱਭਿਆਚਾਰ ਪਰਿਪੇਖ (ਖੋਜ), ਗੀਤ ਤੱਤ ਅਤੇ ਸੰਦਰਭ, ਜੁਗਤਾਂ ਸੱਭਿਆਚਾਰ ਦੀਆਂ, ਕਾਵਿ ਸੰਗ੍ਰਹਿ:- ਰੋਹ ਦਾ ਨਗਮਾਂ, ਮੈਨੂੰ ਦਸ ਸੱਜਣਾ, ਤਿਲ ਪੱਤਰਿਆਂ ਦੀ ਲਲਕਾਰ, ਪ੍ਰੈਸ ਵਿਚ: ਲੋਕ-ਧਾਰਾ ਵਿਚ ਵਿਆਹ ਪ੍ਰਬੰਧ, ਲੋਕ-ਨਾਚ ਨਿਕਾਸ, ਵਿਕਾਸ ਅਤੇ ਰੂਪਾਂਤਰਨ, ਕਹਿਤਤੱਤ ਅਤੇ ਤੱਥ ਆਦਿ। ਇਥੇ ਹੀ ਵਸ ਨਹੀਂ ਧੌਲਾ ਸਾਹਿਬ ਨੇ ਚਾਰ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ। ਬਾਕੀ ਹੋਰ ਕਿਤਾਬਾਂ ਵਿਚ ਯੋਗਦਾਨ : ਨੈਸ਼ਨਲ ਬੁੱਕ ਟਰੱਸਟ ਵਲੋਂ ਛਾਪੀਆਂ ਤਿੰਨ ਪੁਸਤਕਾਂ ਅੰਦਰ ਡਾ. ਬਲਦੇਵ ਸਿੰਘ ਬੱਦਨ ਹੋਰਾਂ ਦੋ ਕਿੱਸੇ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਛਾਪਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਰ ਸਪੈਸ਼ਲ ਅੰਕ ਵਿਚ ਛੰਦ ਵਾਰ ਉਪਰ ਲੰਬਾ ਲੇਖ ਲਿਖਿਆ। ਜਗਰਾਜ ਧੌਲਾ ਦਾ ਅਣਪ੍ਰਕਾਸ਼ਤ ਸਾਹਿਤ: ਲੋਕ ਧਰਾਈ ਬੋਲੀਆਂ:- (ਬੋਲੀਆਂ ਦੀ ਕੁਲ ਗਿਣਤੀ ਹੈ ਪੰਜ ਸੋ), ਗੀਤ (ਅਣ-ਪ੍ਰਕਾਸ਼ਤ ਤਿੰਨ ਸੋ), ਕਿਸਾਨੀ ਅੰਦੋਲਨ ਵੇਲੇ ਬੈਂਤ ਛੰਦ ਕਾਵਿ 400 ਸਫ਼ੇ ਦੀ ਕਿਤਾਬ ਅਣਪ੍ਰਕਾਸ਼ਤ, ਤਿੰਨ ਨਾਵਲ, 25 ਕਹਾਣੀਆਂ, ਹਾਰਵੈਸਟਰ ਨਾਲ ਸਬੰਧੀ 155 ਬੋਲੀਆਂ ਅਜੇ ਅਣ ਪ੍ਰਕਾਸ਼ਤ ਪਈਆਂ ਹਨ। ਸੰਨ 1995 ਵਿਚ ਜਗਰਾਜ ਧੌਲੇ ਨੇ ਗੁਰਸ਼ਰਨ ਭਾਜੀ ਨਾਲ ਕੈਨੇਡਾ, ਅਮਰੀਕਾ ਤੇ ਇੰਗਲੈਂਡ ਦਾ 100 ਦਿਨ ਦਾ ਸਫ਼ਲ ਦੌਰਾ ਵੀ ਕੀਤਾ ਅਤੇ ਤਿੰਨਾਂ ਦੇਸ਼ਾਂ ਦੀ ਧਰਤੀ ਉਪਰ 26 ਥਾਵਾਂ ਤੇ ਗਾਇਕੀ ਤੇ ਨਾਟਕਾਂ ਦੇ ਪ੍ਰੋਗਰਾਮ ਵੀ ਕੀਤੇ ਜਿਸ ਵਿਚ ਧੌਲਾ ਸਾਹਿਬ ਨੂੰ ਇੰਡੀਅਨਜ਼ ਵਰਕਰਜ਼ ਐਸੋਸੀਏਸ਼ਨ ਨੇ ਟਰਾਫ਼ੀ, ਨਕਦੀ ਅਤੇ ਪੱਗ ਦੇ ਕੇ ਸਨਮਾਨ ਕੀਤਾ। ਗਲਾਸਗੋ ਦੇ ਮੇਅਰ ਨੇ ਧੌਲਾ ਜੀ ਨੂੰ ਪਗੜੀ ਉਪਰ ਲਾਉਣ ਵਾਲਾ ਸਟਾਰ ਲਾ ਕੇ ਸਨਮਾਨਤ ਕੀਤਾ। ਜਗਰਾਜ ਧੌਲਾ ਅੱਜਕਲ ‘ਮੈਂ ਕੁਦੇਸਣ ਦੇਸ਼ ਮਾਂ’ (ਨਾਵਲ) ਲਿਖ ਰਿਹਾ ਹੈ। ਧੌਲੇ ਦੀ ਮਿਹਨਤ ਅੱਗੇ ਸਿਰ ਝੁਕਦਾ ਹੈ।
-ਦਰਸ਼ਨ ਸਿੰਘ ਪ੍ਰੀਤੀਮਾਨ, ਰਾਮਪੁਰਾ ਫੂਲ।
ਮੋ: 98786-06963