ਮਹਿਲ ਬਣਾਉਣ ਵਾਲੇ ਆਗੂ ਤਾਂ ਬਹੁਤ ਦੇਖੇ ਹੋਣਗੇ ਪਰ ਪਿਤਾ ਨੂੰ ਸਾਈਕਲ ਦੇਣ ਦਾ ਸੁਪਨਾ ਰਖਦੇ ਨੇ ਲਾਭ ਸਿੰਘ ਉੱਗੋਕੇ
Published : May 6, 2022, 1:45 pm IST
Updated : May 6, 2022, 1:45 pm IST
SHARE ARTICLE
Labh Singh Ugoke
Labh Singh Ugoke

ਰਵਾਇਤੀ ਪਾਰਟੀਆਂ ਨੇ ਅਪਣੇ ਘਰ ਭਰ ਲਏ, ਮਹਿਲ ਬਣਾ ਲਏ ਅਤੇ ਕਰੋੜਾਂ ਦੀਆਂ ਗੱਡੀਆਂ ਬਣਾ ਲਈਆਂ ਪਰ ਸਾਡੇ ਲੋਕਾਂ ਨੂੰ ਸਾਈਕਲ ਵੀ ਨਹੀਂ ਜੁੜਦਾ


 

ਚੰਡੀਗੜ੍ਹ:  ਪੰਜਾਬ ਵਿਚ ਲੋਕਾਂ ਨੇ ਇਸ ਵਾਰ ਬਦਲਾਅ ਦੇ ਰੂਪ ਵਿਚ ਇਕ ਨਵੀਂ ਪਾਰਟੀ ਨੂੰ ਸੂਬੇ ਦੀ ਵਾਗਡੋਰ ਸੌਂਪੀ ਹੈ। ਚੋਣਾਂ ਵਿਚ ਸਿਆਸੀ ਬਦਲਾਅ ਦੇ ਨਾਲ-ਨਾਲ ਇਹ ਵੀ ਦੇਖਣ ਨੂੰ ਮਿਲਿਆ ਕਿ ਸਿਰਫ਼ ਸਿਆਸਤਦਾਨ ਦਾ ਮੁੰਡਾ ਹੀ ਸਿਆਸਤਦਾਨ ਨਹੀਂ ਬਣ ਸਕਦਾ ਆਮ ਘਰਾਂ ਦੇ ਮੋਬਾਈਲ ਰਿਪੇਅਰ ਕਰਨ ਵਾਲੇ ਮੁੰਡੇ ਜਾਂ ਦਿਹਾੜੀ ਕਰਨ ਵਾਲੇਮੁੰਡੇ ਵੀ ਸਿਆਸਤਦਾਨ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਬਣ ਸਕਦੇ ਹਨ। ਅਜਿਹੇ ਹੀ ਇਕ ਨੌਜਵਾਨ ਦੀ ਚਰਚਾ ਅੱਜਕੱਲ੍ਹ ਪੂਰੇ ਦੇਸ਼ ਵਿਚ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਜਿਥੇ ਵੀ ਪ੍ਰਚਾਰ ਕਰਨ ਜਾਂਦੇ ਹਨ, ਉੱਥੇ ਵੀ ਉਨ੍ਹਾਂ ਦਾ ਜ਼ਿਕਰ ਕਰਦੇ ਹਨ। ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਚਰਨਜੀਤ ਸਿੰਘ ਸੁਰਖ਼ਾਬ ਵਲੋਂ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਖ਼ਾਸ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੀ ਆਮ ਜ਼ਿੰਦਗੀ ਨੂੰ ਜਾਣਨ ਅਤੇ ਪੰਜਾਬ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼ :

ਸਵਾਲ :  ਭਗਵੰਤ ਮਾਨ ਕਹਿੰਦੇ ਹਨ ਕਿ ਲਾਭ ਸਿੰਘ ਉੱਗੋਕੇ ਨੇ ਟੀਸੀ ਵਾਲਾ ਬੇਰ ਲਾਹਿਆ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ। ਇਹ ਕਿੰਨਾ ਕੁ ਵਧੀਆ ਲਗਦਾ ਹੈ?

ਜਵਾਬ : ਇਹ ਮੇਰੇ ਹਲਕੇ ਦੇ ਲੋਕਾਂ ਦਾ ਮਾਣ ਹੈ। ਜੇਕਰ ਭਗਵੰਤ ਮਾਨ, ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕਿਤੇ ਸੰਬੋਧਨ ਕਰਦਿਆਂ ਮੇਰਾ ਨਾਂਅ ਲੈਂਦੇ ਹਨ ਤਾਂ ਬੇਸ਼ੱਕ ਉਹ ਨਾਮ ਮੇਰਾ ਹੈ ਪਰ ਉਸ ਪਿੱਛੇ ਮੇਰੇ ਹਲਕੇ ਦੇ ਲੋਕਾਂ ਦੀ ਮਿਹਨਤ ਅਤੇ ਪੂਰੇ ਪੰਜਾਬ ਦੇ ਲੋਕਾਂ ਦਾ ਪਿਆਰ ਹੈ। ਜਿਨ੍ਹਾਂ ਨੇ ਮੈਨੂੰ ਦੁਆਵਾਂ ਦਿਤੀਆਂ ਕਿ ਇਸ ਮੁੰਡੇ ਦੀ ਟੱਕਰ ਬਹੁਤ ਵੱਡੀ ਹੈ ਤੇ ਉਨ੍ਹਾਂ ਦੇ ਸਾਥ ਅਤੇ ਦੁਆਵਾਂ ਕਰ ਕੇ ਹੀ ਗੱਲ ਬਣੀ ਹੈ। ਮੇਰੀ ਤਾਂ ਕੋਈ ਹੈਸੀਅਤ ਹੀ ਨਹੀਂ ਕਿ ਮੈਂ ਕਿਸੇ ਨੂੰ ਹਰਾਵਾਂ। ਇਹ ਜਿੱਤ ਮੇਰੇ ਲੋਕਾਂ ਦੀ ਹੈ। ਮੈਂ ਨਹੀਂ ਜਿਤਿਆ ਮੇਰੇ ਲੋਕ ਜਿੱਤੇ ਨੇ।

ਸਵਾਲ : 2017 ਵਿਚ ਵੀ ਤੁਹਾਡਾ ਨਾਂਅ ਚਰਚਾ ਵਿਚ ਸੀ ਕਿ ਤੁਹਾਨੂੰ ਟਿਕਟ ਮਿਲੇਗੀ ਪਰ ਨਹੀਂ ਮਿਲੀ। ਜਦੋਂ 2022 ਵਿਚ ਟਿਕਟ ਮਿਲੀ ਅਤੇ ਪਤਾ ਲੱਗਾ ਕਿ ਵਿਰੋਧ ਵਿਚ ਮੁੱਖ ਮੰਤਰੀ ਚੋਣ ਲੜ ਰਿਹਾ ਹੈ, ਇਕ ਵਾਰ ਤਾਂ ਦਿਮਾਗ਼ ਵਿਚ ਆਇਆ ਹੋਣਾ ਕਿ ਹੁਣ ਤਕੜੇ ਹੋ ਕੇ ਤਿਆਰੀ ਕਰਨੀ ਹੋਵੇਗੀ?

ਜਵਾਬ : ਬਿਲਕੁਲ, ਜਦੋਂ ਚਰਨਜੀਤ ਚੰਨੀ ਚੋਣ ਲੜਨ ਆਏ ਤਾਂ ਅਸੀਂ ਜ਼ਿਆਦਾ ਚੌਕਸ ਹੋ ਗਏ ਸੀ। ਪਹਿਲਾਂ ਅਸੀਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤਕ ਪ੍ਰਚਾਰ ਕਰਦੇ ਹੁੰਦੇ ਸੀ ਕਿਉਂਕਿ ਸਰਵੇ ਵਿਚ ਤੈਅ ਸੀ ਕਿ ਅਸੀਂ ਜਿੱਤੇ ਹੋਏ ਹਾਂ। ਜਦੋਂ ਚਰਨਜੀਤ ਸਿੰਘ ਚੰਨੀ ਦਾ ਨਾਂਅ ਐਲਾਨਿਆ ਜਾਂਦਾ ਹੈ ਤਾਂ ਵਰਕਰ ਐਨੇ ਜ਼ਿਆਦਾ ਚੌਕਸ ਹੋ ਗਏ ਸੀ ਕਿ ਉਹ ਕਹਿੰਦੇ ਸੀ ਕਿ ਸਾਡਾ ਪਿੰਡ ਛੱਡ ਦਿਉ ਅਸੀਂ ਆਪੇ ਦੇਖ ਲਵਾਂਗੇ ਤੁਸੀਂ ਅਗਲਾ ਪਿੰਡ ਦੇਖੋ। ਇਸ ਚੀਜ਼ ਨੇ ਸਾਡੇ ਹਲਕੇ ਦੇ ਲੋਕਾਂ, ਵਰਕਰਾਂ, ਅਹੁਦੇਦਾਰਾਂ ਅਤੇ ਵਲੰਟੀਅਰਜ਼ ਨੂੰ ਬਹੁਤ ਹੁਲਾਰਾ ਦਿਤਾ ਕਿ ਸਾਰੇ ਕਹਿਣ ਲੱਗੇ ਕਿ ਲੜਨ ਦਾ ਨਜ਼ਾਰਾ ਹੀ ਹੁਣ ਆਵੇਗਾ।

ਸਵਾਲ : ਅਰਵਿੰਦ ਕੇਜਰੀਵਾਲ ਨੇ ਇਕ ਚੈਨਲ ’ਤੇ ਲਿਖ ਕੇ ਦਿਤਾ ਸੀ ਕਿ ਭਦੌੜ ਤੋਂ ਚਰਨਜੀਤ ਚੰਨੀ ਹਾਰ ਰਹੇ ਨੇ। ਤੁਹਾਡੇ ਤੋਂ ਉਨ੍ਹਾਂ ਨੇ ਹਲਕੇ ਦੀ ਰੀਪੋਰਟ ਲਈ ਸੀ ਕਿ ਕੀ ਸਥਿਤੀ ਹੈ?

ਜਵਾਬ : ਮੈਂ 2013 ਤੋਂ ਇਕ ਵਰਕਰ ਦੀ ਤਰ੍ਹਾਂ ਆਮ ਆਦਮੀ ਵਿਚ ਕੰਮ ਕਰ ਰਿਹਾ ਹਾਂ। ਪਾਰਟੀ ਨੇ ਕਈ ਵਾਰ ਕਈ ਵੱਡੇ ਅਹੁਦਿਆਂ ਉਤੇ ਮੇਰੀ ਜ਼ਿੰਮੇਵਾਰੀ ਲਾਈ ਪਰ ਮੈਂ ਹਮੇਸ਼ਾ ਮਨਾ ਕੀਤਾ ਕਿ ਮੈਂ ਇਕ ਵਰਕਰ ਹੀ ਠੀਕ ਹਾਂ। ਪਾਰਟੀ ਨੂੰ ਮੇਰੇ ਅਤੇ ਮੇਰੇ ਹਲਕੇ ਦੇ ਲੋਕਾਂ ਉਤੇ ਵਿਸ਼ਵਾਸ ਸੀ ਕਿ ਇਹ ਲੋਕ ਜਿੱਤਣਗੇ। ਮੇਰੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਵਿਸ਼ਵਾਸ ਟੁਟਣ ਨਹੀਂ ਦਿਤਾ। ਮੈਨੂੰ ਵੀ ਯਕੀਨ ਸੀ ਕਿ ਮੇਰੇ ਹਲਕੇ ਦੇ ਲੋਕ ਅਪਣੇ ਪੁੱਤਰ ਅਪਣੇ ਭਰਾ ਨੂੰ ਡਿੱਗਣ ਨਹੀਂ ਦੇਣਗੇ।

labh singh ugoke Labh Singh Ugoke

ਸਵਾਲ : ਪਹਿਲਾਂ ਇਹ ਧਾਰਨਾ ਹੁੰਦੀ ਸੀ ਕਿ ਸਿਆਸਤ ਬਹੁਤ ਮਹਿੰਗੀ ਖੇਡ ਹੈ। ਸਿਆਸਤ ਲਈ ਖਿਡਾਰੀ ਨੂੰ ਹਰ ਚੀਜ਼ ਮਹਿੰਗੀ ਚਾਹੀਦੀ ਹੈ, ਤੁਹਾਨੂੰ ਵੀ ਅਜਿਹਾ ਲਗਦਾ ਸੀ?
ਜਵਾਬ : ਰਵਾਇਤੀ ਪਾਰਟੀਆਂ ਨੇ ਸਿਆਸਤ ਨੂੰ ਵਾਕਈ ਮਹਿੰਗਾ ਕੀਤਾ ਹੋਇਆ ਹੈ। ਜਦੋਂ ਮੈਂ ਵਿਚਰ ਰਿਹਾ ਸੀ ਤਾਂ ਮੈਨੂੰ ਵੀ ਬਹੁਤ ਮਖੌਲ ਕੀਤੇ ਜਾਂਦੇ ਸੀ ਕਿ ਇਹ ਲੀਡਰ ਬਣਨ ਨੂੰ ਫਿਰਦਾ ਏ ਪਰ ਮੈਂ ਇਕੋ ਸੋਚ ਲੈ ਕੇ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ ਕਿ ਪੰਜਾਬ ਦੀ ਧਰਤੀ ਰਹਿਣ ਲਾਈਕ ਹੋਣੀ ਚਾਹੀਦੀ ਹੈ, ਜਿੱਥੇ ਮੇਰਾ ਪਰਵਾਰ ਰਹਿੰਦਾ ਹੈ। ਨਾ ਤਾਂ ਮੈਂ ਉਨ੍ਹਾਂ ਨੂੰ ਕਿਤੇ ਬਾਹਰ ਲੈ ਕੇ ਜਾ ਸਕਦਾ ਹਾਂ, ਮੈਂ ਇਥੇ ਹੀ ਜੰਮਿਆ ਹਾਂ ਅਤੇ ਇਥੇ ਹੀ ਰਹਿਣਾ ਹੈ। ਇਥੇ ਚੰਗੀ ਸਰਕਾਰ ਹੋਵੇਗੀ ਤਾਂ ਸਾਡੇ ਲਈ ਵੀ ਚੰਗਾ ਹੋਵੇਗਾ।

2019 ਵਿਚ ਅਸੀਂ ਪਿੰਡ ਦੀ ਸਰਪੰਚੀ ਵਿਚ ਅਪਣੇ ਦੋਸਤ ਨੂੰ ਜਿਤਾਇਆ, ਅਸੀਂ ਸਿਰਫ਼ 45 ਹਜ਼ਾਰ ਰੁਪਏ ਵਿਚ ਵਿਰੋਧੀ ਨੂੰ 400 ਵੋਟਾਂ ਨਾਲ ਹਰਾ ਕੇ ਸਰਪੰਚੀ ਜਿੱਤੀ। ਜਦਕਿ ਕਈ ਲੋਕ ਸਰਪੰਚੀ ਉੱਤੇ ਹੀ 10-10 ਲੱਖ ਰੁਪਏ ਲਗਾ ਦਿੰਦੇ ਹਨ।  ਇਨ੍ਹਾਂ ਚੋਣਾਂ ਵਿਚ ਤਾਂ ਕਰੋੜਾਂ ਰੁਪਏ ਖ਼ਰਚੇ ਜਾਂਦੇ ਹਨ। ਚਰਨਜੀਤ ਸਿੰਘ ਚੰਨੀ ਨੇ ‘ਸਾਡਾ ਚੰਨੀ’ ਲਿਖ ਕੇ ਟਰੱਕ ਭੇਜੇ ਅਤੇ ਆਥਣ ਵਾਲੇ ਸਮਾਨ ਦੇ ਵੀ ਟਰੱਕ ਆਏ। ਪੈਸੇ ਬਹੁਤ ਵੰਡੇ ਗਏ ਪਰ ਅਸੀਂ ਲੋਕਾਂ ਨੂੰ ਇਕੋ ਚੀਜ਼ ਕਹਿੰਦੇ ਸੀ ਕਿ ਅਸੀਂ ਤੁਹਾਡੇ ਕੰਮ ਕਰਨ ਆਏ ਹਾਂ, ਤੁਸੀਂ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਚੁਣੋ ਨਹੀਂ ਤਾਂ ਰਵਾਇਤੀ ਪਾਰਟੀਆਂ ਤਾਂ ਹੈ ਹੀ। ਆਉਣ ਵਾਲੇ ਸਮੇਂ ਵਿਚ ਅਸੀਂ ਅਪਣੀ ਪਾਰਟੀ ਅਤੇ ਸਰਕਾਰ ਨਾਲ ਅਜਿਹੀਆਂ ਨੀਤੀਆਂ ਬਾਰੇ ਚਰਚਾ ਕਰਾਂਗੇ ਕਿ ਜੇਕਰ ਚੰਗੇ ਉਮੀਦਵਾਰ ਪਾਰਟੀ ਦਿੰਦੀ ਰਹੇਗੀ ਤਾਂ ਲੋਕ ਉਨ੍ਹਾਂ ਨੂੰ ਵਿਧਾਇਕ ਬਣਾਉਣਗੇ ਅਤੇ ਮਹਿੰਗੀ ਸਿਆਸਤ ਦਾ ਫਾਹਾ ਵੀ ਵਢਿਆ ਜਾਣਾ ਕਿਉਂਕਿ ਨਾ ਤਾਂ ਪਾਰਟੀ ਨੇ ਮੈਨੂੰ ਬੈਗ ਭਰ ਕੇ ਦਿਤਾ ਅਤੇ ਨਾ ਹੀ ਮੇਰੀ ਇੱਛਾ ਹੈ ਕਿ ਮੈਂ ਝੋਲੀਆਂ ਭਰ ਕੇ ਇਕੱਠੇ ਕਰਾਂ। ਮੈਨੂੰ ਪਾਰਟੀ ਨੇ ਬਿਨਾਂ ਪੈਸਿਆਂ ਤੋਂ ਵਿਧਾਇਕ ਬਣਾਇਆ, ਮੇਰਾ ਕੋਈ ਪੈਸਾ ਨਹੀਂ ਲੱਗਿਆ ਕਿਉਂਕਿ ਮੇਰੇ ਕੋਲ ਹੈ ਹੀ ਨਹੀਂ। ਇਹ ਚੋਣ ਮੇਰੇ ਲੋਕਾਂ ਨੇ ਲੜੀ ਹੈ।

ਸਵਾਲ : ਪ੍ਰਚਾਰ ਲਈ ਹੋਰਨਾਂ ਉਮੀਦਵਾਰਾਂ ਦੇ ਪਰਵਾਰ ਜਾਂਦੇ ਰਹੇ, ਚੰਨੀ ਸਾਬ੍ਹ ਲਈ ਵੱਡੇ-ਵੱਡੇ ਕਲਾਕਾਰ ਤੇ ਦਿੱਗਜ਼ ਲੀਡਰ ਵੀ ਆਉਂਦੇ ਰਹੇ। ਤੁਹਾਡਾ ਪਰਵਾਰ ਜਾਂਦਾ ਹੁੰਦਾ ਸੀ ਪ੍ਰਚਾਰ ਲਈ?
ਜਵਾਬ : ਬਿਲਕੁਲ, ਮੇਰੇ ਪ੍ਰਵਾਰ ਵਾਲੇ ਵੀ ਜਾਂਦੇ ਸੀ। ਉਹ ਤਾਂ ਵੋਟਾਂ ਹੀ ਮੰਗਦੇ ਸੀ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਰਾਜਨੀਤੀ ਕੀ ਹੈ? ਉਹ ਇਹੀ ਕਹਿੰਦੇ ਸੀ ਕਿ ਵੋਟਾਂ ਪਾ ਦਿਉ, ਤੁਹਾਡੇ ਕੰਮ ਹੋਣਗੇ। ਉਹ ਲੋਕਾਂ ਨੂੰ ਇਕੋ ਚੀਜ਼ ਕਹਿੰਦੇ ਸੀ ਕਿ ਸਾਡੇ ਬੱਚੇ ਨੇ ਤੁਹਾਡੇ ਕੰਮ ਕਰਵਾਉਣੇ ਨੇ ਤੇ ਤੁਸੀਂ ਉਸ ਨੂੰ ਵੋਟਾਂ ਪਾਉ। ਇਸ ਤੋਂ ਅੱਗੇ ਮੇਰੇ ਪ੍ਰਵਾਰ ਨੂੰ ਰਾਜਨੀਤੀ ਦਾ ਕੁੱਝ ਪਤਾ ਹੀ ਨਹੀਂ। ਉਹ ਇਹੀ ਕਹਿੰਦੇ ਸੀ ਉਲਾਂਭਾ ਨਹੀਂ ਆਉਣ ਦੇਵਾਂਗੇ। ਮੇਰੇ ਬਾਪੂ ਨੇ ਕਦੇ ਮੈਂਬਰੀ ਦੀ ਚੋਣ ਵੀ ਨਹੀਂ ਲੜੀ। ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਲੋਕਾਂ ਨੇ ਉਨ੍ਹਾਂ ਦੀ ਨਿਮਰਤਾ ਤੇ ਸਾਦਗੀ ਨੂੰ ਅਪਣਾਇਆ ਤੇ ਵਿਸ਼ਵਾਸ ਦਿਤਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਉਹ ਵਿਸ਼ਵਾਸ 10 ਮਾਰਚ ਨੂੰ ਸਾਹਮਣੇ ਆਇਆ।

ਸਵਾਲ : ਹੁਣ ਮਾਤਾ ਲੋਕਾਂ ਦੇ ਕੰਮ ਲੈ ਕੇ ਤਾਂ ਨਹੀਂ ਆਉਂਦੇ ਕਿ ਮੈਂ ਇਨ੍ਹਾਂ ਨੂੰ ਕਿਹਾ ਸੀ ਕਿ ਤੁਹਾਡਾ ਕੰਮ ਕਰਾਵਾਂਗੇ ਤੇ ਹੁਣ ਕੰਮ ਕਰਾ ਕੇ ਦਿਉ?
ਜਵਾਬ : ਮਿਲਣ ਵਾਲੇ ਲੋਕ ਤਾਂ ਸਵੇਰ ਤੋਂ ਸ਼ਾਮ ਤਕ ਘਰੇ ਆਉਂਦੇ ਰਹਿੰਦੇ ਨੇ, ਕਈ ਦਫ਼ਤਰ ਵਿਚ ਵੀ ਆਉਂਦੇ ਹਨ। ਲੋਕਾਂ ਦੀ ਸਮੱਸਿਆਵਾਂ ਬਹੁਤ ਹਨ, ਰਵਾਇਤੀ ਪਾਰਟੀਆਂ ਨੇ ਕਦੀ ਲੋਕਾਂ ਦੀ ਗੱਲ ਹੀ ਨਹੀਂ ਸੁਣੀ। ਉਹ 20-22 ਦਿਨਾਂ ਤੋਂ ਇਹੀ ਮਾਣ ਮਹਿਸੂਸ ਕਰ ਰਹੇ ਨੇ ਕਿ ਉਨ੍ਹਾਂ ਨੇ ਜਿਸ ਨੂੰ ਚੁਣਿਆ, ਉਹ ਬੰਦਾ ਬੈਠ ਕੇ ਘੱਟੋ ਘੱਟ ਉਨ੍ਹਾਂ ਦੀ ਸਮੱਸਿਆ ਸੁਣ ਤਾਂ ਰਿਹਾ, ਹੱਲ ਦੀ ਗੱਲ ਬਾਅਦ ਵਿਚ।
ਲੋਕ ਸਾਨੂੰ ਕਹਿੰਦੇ ਨੇ ਕਿ ਜਦੋਂ ਅਸੀਂ ਰਵਾਇਤੀ ਲੀਡਰ ਕੋਲ ਜਾਂਦੇ ਸੀ ਤਾਂ ਸਾਨੂੰ ਸੁਣਨ ਨੂੰ ਮਿਲਦਾ ਸੀ ਕਿ ਸਾਬ੍ਹ ਤਾਂ ਸੁੱਤੇ ਪਏ ਨੇ, ਸਾਬ੍ਹ ਤਾਂ ਪਾਠ ਕਰ ਰਹੇ ਨੇ, ਸਾਨੂੰ ਘੰਟਿਆਂ ਤਕ ਬੈਠਣਾ ਪੈਂਦਾ ਸੀ। ਅਸੀਂ ਤਾਂ ਸਾਰਿਆਂ ਨੂੰ ਮਿਲਦੇ ਹਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਾਂ ਅਤੇ ਹੱਲ ਕਰਵਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਕਈ ਪੰਜਾਬ ਪੱਧਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ, ਉਸ ਲਈ ਸਬੰਧਤ ਕੈਬਨਿਟ ਮੰਤਰੀ ਅਤੇ ਮੁੱਖ ਮੰਤਰੀ ਨੂੰ ਮਿਲ ਕੇ ਹੱਲ ਕਰਵਾਉਣ ਦਾ ਭਰੋਸਾ ਦਿੰਦੇ ਹਾਂ।

Labh singh ugokeLabh singh ugoke

ਸਵਾਲ : ਲਾਭ ਸਿੰਘ ਵਿਧਾਇਕ ਬਣਨ ਤੋਂ ਪਹਿਲਾਂ ਕੀ-ਕੀ ਕਰਦੇ ਰਹੇ? ਮੋਬਾਈਲ ਰਿਪੇਅਰ ਬਾਰੇ ਤਾਂ ਜ਼ਰੂਰ ਸੁਣਿਆ ਹੈ।
ਜਵਾਬ : ਮੋਬਾਈਲ ਰਿਪੇਅਰ ਦੀ ਦੁਕਾਨ ਤਾਂ ਮੈਂ ਸਾਢੇ ਤਿੰਨ ਸਾਲ ਹੀ ਚਲਾਈ। ਜਦੋਂ ਮੈਂ ਪੜ੍ਹਦਾ ਸੀ ਉਦੋਂ ਵੀ ਮੈਂ ਮਜ਼ਦੂਰੀ ਕਰਦਾ ਰਿਹਾ ਹਾਂ। 12ਵੀਂ ਤੋਂ ਬਾਅਦ ਮੈਂ ਫ਼ੌਜ ਵਿਚ ਭਰਤੀ ਲਈ ਕਾਫ਼ੀ ਕੋਸ਼ਿਸ਼ ਕੀਤੀ, ਯੂਪੀ-ਬਿਹਾਰ ਤਕ ਭਰਤੀਆਂ ਵੇਖਣ ਜਾਂਦਾ ਸੀ। ਕਈ ਟਰਾਇਲ ਵੀ ਕੱਢੇ ਪਰ ਮੈਨੂੰ ਛਾਤੀ ਕਰ ਕੇ ਕੱਢ ਦਿੰਦੇ ਸੀ। ਮੈਂ ਪੁਲਿਸ ਭਰਤੀ ਲਈ ਕਈ ਵਾਰ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ 11 ਮਹੀਨੇ ਮੈਂ ਨੌਕਰੀ ਵੀ ਕੀਤੀ, ਮੈਂ ਸ਼ੈਲਰਾਂ ਵਿਚ ਕੰਮ ਕਰਦਾ ਰਿਹਾਂ। ਖੇਤੀਬਾੜੀ ਵਾਲੀ ਮਜ਼ਦੂਰੀ ਕਾਫ਼ੀ ਲੰਬਾ ਸਮਾਂ ਕੀਤੀ।
ਮੈਂ ਪਾਰਟੀ ਦੇ ਪ੍ਰਚਾਰ ’ਤੇ ਜਾਣ ਤੋਂ ਪਹਿਲਾਂ ਸਵੇਰੇ ਪੱਠੇ ਵੱਢ ਕੇ ਲਿਆਉਣੇ ਅਤੇ ਕੁਤਰ ਕੇ ਰੱਖ ਕੇ ਜਾਣੇ ਤਾਂ ਕਿ ਮੇਰੇ ਮਾਪਿਆਂ ਨੂੰ ਦਿੱਕਤ ਨਾ ਹੋਵੇ। ਉਹ ਇਹ ਨਾ ਕਹਿਣ ਕਿ ਸਾਡੇ ਕੰਮ ਤਾਂ ਕਰਦਾ ਹੀ ਨਹੀਂ। ਹੁਣ ਵੀ ਕਈ ਵਾਰ ਮੇਰਾ ਮੰਨ ਕਰਦਾ ਹੁੰਦਾ ਪਰ ਮੇਰੇ ਉੱਠਣ ਤੋਂ ਪਹਿਲਾਂ ਹੀ ਲੋਕ ਬੈਠੇ ਹੁੰਦੇ ਕਿਉਂਕਿ ਜ਼ਿੰਮੇਵਾਰੀ ਉਨ੍ਹਾਂ ਨੇ ਦਿਤੀ ਹੈ। ਹੁਣ ਮੇਰਾ ਪਰਵਾਰ ਹੀ ਸਿਰਫ਼ ਮੇਰਾ ਪਰਵਾਰ ਨਹੀਂ ਮੇਰੇ ਹਲਕੇ ਦੇ ਸਾਰੇ ਲੋਕ ਮੇਰਾ ਪਰਵਾਰ ਹੈ। ਮੈਂ ਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਸਾਢੇ ਤਿੰਨ ਸਾਲ ਚਲਾਇਆ ਪਰ ਮੈਂ ਸੋਚਿਆ ਕਿ ਮੈਂ ਇਸ ਵਿਚ ਅੱਗੇ ਨਹੀਂ ਵਧ ਸਕਦਾ। ਫਿਰ ਮੈਂ ਸੋਚਿਆ ਕਿ ਕਿਸੇ ਛੋਟੇ ਦੇਸ਼ ਵਿਚ ਜਾ ਕੇ ਜ਼ਿੰਦਗੀ ਨੂੰ ਥੋੜਾ ਸੌਖਾ ਕਰ ਲਵਾਂਗੇ, ਮੈਂ ਪਲੰਬਰ ਦਾ ਕੋਰਸ ਕੀਤਾ। ਮੈਂ ਪਾਸਪੋਰਟ ਵੀ ਬਣਾਇਆ ਪਰ ਉਸ ਉੱਤੇ ਵੀਜ਼ੇ ਦੀ ਕੋਈ ਵੀ ਸਟੈਂਪ ਨਹੀਂ ਲੱਗੀ, ਉਹ ਪਿਆ-ਪਿਆ ਹੀ ਐਕਸਪਾਇਰ ਹੋ ਗਿਆ। ਮੈਂ ਨਾਲ-ਨਾਲ ਪਾਰਟੀ ਦਾ ਕੰਮ ਕਰਦਾ ਰਿਹਾ ਹਾਂ, 2013 ਦੇ ਅਖੀਰ ਵਿਚ ਮੈਂ ਪਾਰਟੀ ਨਾਲ ਜੁੜਿਆ ਸੀ, ਉਦੋਂ ਤੋਂ ਲੈ ਕੇ ਪਾਰਟੀ ਨੇ ਜਿੱਥੇ ਵੀ ਡਿਊਟੀ ਲਗਾਈ, ਉਹ ਕਰਦੇ ਰਹੇ।

2017 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਬੰਦਿਆਂ ਦੀ ਸੂਚੀ ਗਈ ਸੀ ਕਿ ਇਨ੍ਹਾਂ ਨੂੰ ਟਿਕਟ ਮਿਲਣੀ ਚਾਹੀਦੀ ਹੈ, ਉਨ੍ਹਾਂ ਵਿਚ ਮੇਰਾ ਨਾਂਅ ਵੀ ਸੀ। ਉਸ ਸਮੇਂ ਪਾਰਟੀ ਨਾਲ ਨਰਾਜ਼ਗੀ ਵੀ ਕਿ ਸਾਡੇ ਕਿਸੇ ਸਾਥੀ ਨੂੰ ਟਿਕਟ ਦੇ ਦਿੰਦੇ ਪਰ ਇਕ-ਦੋ ਦਿਨ ਬਾਅਦ ਸਮਝਿਆ ਕਿ ਅਸੀਂ ਇਸ ਚੀਜ਼ਾਂ ਲਈ ਨਹੀਂ ਆਏ। ਫਿਰ ਪਾਰਟੀ ਲਈ ਪ੍ਰਚਾਰ ਕੀਤਾ ਅਤੇ ਸਾਰੀਆਂ ਸਟੇਜਾਂ ਵੀ ਸਾਂਭੀਆਂ, ਲੋਕਾਂ ਨੇ ਬਹੁਤ ਮਾਣ ਦਿਤਾ। ਮੈਂ ਕਦੀ ਵੀ ਪਾਰਟੀ ਤੋਂ ਜਾਂ ਮਾਨ ਸਾਬ੍ਹ ਤੋਂ ਟਿਕਟ ਨਹੀਂ ਮੰਗੀ। ਲਾਭ ਸਿੰਘ ਉੱਗੋਕੇ ਨੇ ਅੱਜ ਤੱਕ ਪਾਰਟੀ ਦੇ ਕਿਸੇ ਵੀ ਬੰਦੇ ਨੂੰ ਨਹੀਂ ਕਿਹਾ ਕਿ ਮੈਨੂੰ ਟਿਕਟ ਚਾਹੀਦੀ ਹੈ।

ਸਵਾਲ : ਤੁਹਾਨੂੰ ਟਿਕਟ ਬਾਰੇ ਕਿਵੇਂ ਪਤਾ ਲੱਗਿਆ? ਕਿਸੇ ਨੇ ਫ਼ੋਨ ਕੀਤਾ ਸੀ?
ਜਵਾਬ : 4 ਜੂਨ ਨੂੰ ਮੈਨੂੰ ਫ਼ੋਨ ਆਉਂਦਾ ਹੈ ਕਿ 5 ਜੂਨ ਨੂੰ ਅਰਵਿੰਦ ਕੇਜਰੀਵਾਲ ਜੀ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੀਟਿੰਗ ਹੈ। ਪਹਿਲਾਂ ਤਾਂ ਮੇਰੇ ਕੰਨਾਂ ਨੂੰ ਯਕੀਨ ਹੀ ਨਹੀਂ ਹੋਇਆ। ਅਸੀਂ ਅਪਣੇ ਦੋਸਤ ਦੀ ਗੱਡੀ ਵਿਚ ਗਏ, ਮੈਂ ਜਾ ਵੀ ਰਿਹਾ ਸੀ ਅਤੇ ਡਰ ਵੀ ਲੱਗ ਰਿਹਾ ਸੀ ਕਿ ਵਾਕਈ ਬੁਲਾਇਆ ਹੈ ਜਾਂ ਨਹੀਂ ਕਿਉਂਕਿ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਸੀ। ਜਦੋਂ ਜਾ ਕੇ ਉਨ੍ਹਾਂ ਨੂੰ ਮਿਲੇ ਤਾਂ ਮੇਰੀਆਂ ਅੱਖਾਂ ਨੂੰ ਯਕੀਨ ਨਹੀਂ ਆਇਆ ਕਿ ਦਿੱਲੀ ਦੇ ਤਿੰਨ ਵਾਰ ਦੇ ਮੁੱਖ ਮੰਤਰੀ ਨੇ ਮੈਨੂੰ ਮਿਲਣ ਲਈ ਬੁਲਾਇਆ। ਉਨ੍ਹਾਂ ਨਾਲ 35 ਮਿੰਟ ਗੱਲ ਹੋਈ, ਉਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਪੰਜਾਬ ਦੇ ਮੁੱਦਿਆਂ, ਕਿਸਾਨ ਅੰਦੋਲਨ, 2017 ਦੀ ਹਾਰ ਬਾਰੇ ਚਰਚਾ ਹੋਈ। ਮੈਨੂੰ ਮਾਣ ਹੋ ਰਿਹਾ ਸੀ ਕਿ ਮੈਂ ਮਜ਼ਦੂਰ ਪਰਵਾਰ ਦਾ ਮੁੰਡਾ ਉਸ ਵਿਅਕਤੀ ਨਾਲ ਬੈਠਾ ਹਾਂ, ਜਿਸ ਨੂੰ ਵੇਖ ਕੇ ਅਸੀਂ ਚੱਲੇ ਸੀ।
ਟੇਬਲ ਉੱਤੇ ਹਲਕਾ ਭਦੌੜ ਦਾ ਨਕਸ਼ਾ ਸੀ, ਉਨ੍ਹਾਂ ਨੇ ਇਕੋ ਚੀਜ਼ ਬੋਲੀ ਸੀ ਕਿ ਜੇਕਰ ਭਦੌੜ ਦੇ ਲੋਕ ਕਹਿਣਗੇ ਕਿ ਲਾਭ ਸਿੰਘ ਉੱਗੋਕੇ ਨੂੰ ਟਿਕਟ ਦਿਉ ਤਾਂ ਅਸੀਂ ਦੇ ਦੇਵਾਂਗੇ।

ਸਵਾਲ : ਮੈਂ ਕਿਤੇ ਪੜ੍ਹ ਰਿਹਾ ਸੀ ਕਿ ਤੁਹਾਡਾ ਮੋਬਾਈਲ ਦੀ ਦੁਕਾਨ ਨੂੰ ਲੈ ਕੇ ਪੁਲਿਸ ਨਾਲ ਵਾਹ ਪਿਆ ਸੀ?
ਜਵਾਬ : ਉਹ ਵੀ ਸਾਡੇ ’ਤੇ ਜਾਅਲੀ ਪਰਚਾ ਕਰਵਾਇਆ ਗਿਆ। ਉਸ ਤੋਂ ਪਹਿਲਾਂ ਵੀ ਮੇਰੇ ਉੱਤੇ ਪਰਚਾ ਕਰਵਾਇਆ ਗਿਆ ਸੀ। ਅਕਸਰ ਜਦੋਂ ਪਿੰਡਾਂ ਵਿਚ ਲੜਾਈਆਂ ਹੁੰਦੀਆਂ ਤਾਂ ਇਹ ਹੁੰਦਾ ਕਿ ਇਕ-ਅੱਧੇ ਨੂੰ ਵੈਸੇ ਹੀ ਰਗੜ ਲਉ। ਸਾਡੇ ਉੱਤੇ 20 ਤਰੀਕ ਨੂੰ ਹਮਲਾ ਹੋਇਆ ਪਰ ਅਸੀਂ ਇਨ੍ਹਾਂ ਚੀਜ਼ਾਂ ਲਈ ਨਹੀਂ ਆਏ। ਅਸੀਂ ਬਦਲਾਅ ਲਈ ਆਏ ਨਾ ਕਿ ਬਦਲਾਖੋਰੀ ਲਈ। ਹਮਲੇ ਤੋਂ ਬਾਅਦ ਜਦੋਂ ਸਾਰਾ ਕੁੱਝ ਸਾਡੇ ਹੱਕ ਵਿਚ ਹੋ ਗਿਆ ਤਾਂ ਪ੍ਰਸ਼ਾਸਨ ਨੇ ਕਿਹਾ ਕਿ ਦੱਸੋ ਕੀ ਕਰਨਾ ਤਾਂ ਮੈਂ ਕਿਹਾ ਕਿ ਅਸੀਂ ਕੁਝ ਨਹੀਂ ਕਰਨਾ, ਅਸੀਂ ਇਸ ਕੰਮ ਲਈ ਨਹੀਂ ਆਏ।

CM Bhagwant Mann and MLA Labh Singh UgokeCM Bhagwant Mann and MLA Labh Singh Ugoke

ਸਵਾਲ : ਤੁਸੀਂ ਮਾਰਕੀਟਿੰਗ ਦਾ ਕੰਮ ਵੀ ਕਰਦੇ ਰਹੇ ਹੋ, ਕੋਈ ਕੰਪਨੀ ਜੁਆਇਨ ਕੀਤੀ ਸੀ?
ਜਵਾਬ : ਮੈਂ ਬਹੁਤ ਕੁੱਝ ਕੀਤਾ। ਮੈਂ ਇਥੇ ਤਕ ਮਾਰਕੀਟਿੰਗ ਕੰਪਨੀ ਕਰ ਕੇ ਹੀ ਪਹੁੰਚਿਆ ਹਾਂ। ਜਦੋਂ ਮੈਂ 6ਵੀਂ ਕਲਾਸ ਵਿਚ ਪੜ੍ਹਦਾ ਸੀ ਤਾਂ ਅਸੀਂ ਟੂਣਿਆਂ ਦੇ ਵਿਰੁਧ ਇਕ ਨਾਟਕ ਕੀਤਾ ਸੀ, ਅੱਜ ਹੀ ਸਾਡੇ ਉਸ ਸਕੂਲ ਦੇ ਮਾਸਟਰ ਕਿਸੇ ਮਸਲੇ ਨੂੰ ਲੈ ਕੇ 21 ਸਾਲ ਬਾਅਦ ਮੈਨੂੰ ਮਿਲੇ। ਉਸ ਨਾਟਕ ਵਿਚ ਮੈਂ ਇਕ ਕੋਨੇ ਤੋਂ ਚੱਲ ਕੇ ਦੂਜੇ ਕੋਨੇ ਜਾਣਾ ਸੀ ਅਤੇ ਮੇਰਾ ਇਕ ਸਾਥੀ ਮੇਰੀ ਮਾਂ ਬਣਿਆ ਸੀ। ਮੈਂ ਉਸ ਦੀ ਉਂਗਲੀ ਫੜ ਕੇ ਜਾਣਾ ਸੀ ਪਰ ਮੈਂ ਐਨਾ ਜ਼ਿਆਦਾ ਡਰਿਆ ਹੋਇਆ ਸੀ ਕਿ ਮੈਨੂੰ ਮਾਸਟਰਾਂ ਨੇ ਕੱਢ ਦਿਤਾ ਸੀ। ਉਸ ਤੋਂ ਬਾਅਦ ਮੈਂ ਕਦੇ ਸਟੇਜ ਉਤੇ ਗਿਆ ਹੀ ਨਹੀਂ। ਜਦੋਂ ਮੈਂ ਮਾਰਕੀਟਿੰਗ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੇਰੀ ਝਿਜਕ ਖ਼ਤਮ ਹੋ ਗਈ। ਜਦੋਂ ਮੈਂ ਪਾਰਟੀ ਵਿਚ ਆਇਆ ਤਾਂ ਮੈਨੂੰ ਸਟੇਜ ਅਤੇ ਮਾਈਕ ਮਿਲ ਗਿਆ, ਮੈਂ ਲੋਕਾਂ ਦੇ ਸਾਹਮਣੇ ਅਪਣੇ ਜਜ਼ਬਾਤ ਰੱਖਣ ਲੱਗ ਗਿਆ, ਜੋ ਮੈਂ ਹੰਢਾਇਆ, ਉਹ ਮੈਂ ਲੋਕਾਂ ਸਾਹਮਣੇ ਰੱਖਿਆ।
ਮੈਨੂੰ ਅਕਸਰ ਹੀ ਮੀਡੀਆ ਵਾਲੇ ਪੁੱਛਦੇ ਹਨ ਕਿ ਇਹ ਗੱਲਾਂ ਕਿਥੋਂ ਆਉਂਦੀਆਂ ਹਨ ਜਾਂ ਤੁਸੀਂ ਕਿਸ ਨੂੰ ਪੜ੍ਹਦੇ ਹੋ। ਮੈਂ ਕਹਿੰਦਾ ਹਾਂ ਕਿ ਮੈਂ ਮੁਸ਼ਕਲਾਂ ਵਿਚੋਂ ਨਿਕਲ ਕੇ ਆਇਆ ਹਾਂ ਅਤੇ ਮੈਂ ਲੋਕਾਂ ਦੀ ਜ਼ਿੰਦਗੀ ਨੂੰ ਪੜਿ੍ਹਆ ਹੈ। ਸਾਡੇ ਲੋਕਾਂ ਨੂੰ ਐਨੀਆਂ ਜ਼ਿਆਦਾ ਮੁਸ਼ਕਲਾਂ ਹਨ ਕਿ ਉਹ ਜ਼ਿੰਦਗੀ ਕੱਟ ਰਹੇ ਹਨ। ਰਵਾਇਤੀ ਪਾਰਟੀਆਂ ਨੇ ਅਪਣੇ ਘਰ ਭਰ ਲਏ, ਮਹਿਲ ਬਣਾ ਲਏ ਅਤੇ ਕਰੋੜਾਂ ਦੀਆਂ ਗੱਡੀਆਂ ਬਣਾ ਲਈਆਂ ਪਰ ਸਾਡੇ ਲੋਕਾਂ ਨੂੰ ਸਾਈਕਲ ਵੀ ਨਹੀਂ ਜੁੜਦਾ।
ਮੇਰਾ ਸੁਪਨਾ ਸੀ ਕਿ ਮੈਂ ਅਪਣੇ ਬਾਪੂ ਨੂੰ ਨਵਾਂ ਸਾਈਕਲ ਲੈ ਕੇ ਦੇਵਾਂ। ਹੁਣ ਰੁਝੇਵੇਂ ਐਨੇ ਜ਼ਿਆਦਾ ਵਧ ਗਏ ਕਿ ਕਈ ਵਾਰ ਮੇਰਾ ਪਿਉ ਮੈਨੂੰ ਗਾਲ੍ਹਾਂ ਕਢਦਾ ਕਿ ਸਾਡਾ ਫ਼ੋਨ ਨਹੀਂ ਚੁਕਦਾ। ਹੁਣ ਮੇਰਾ ਪ੍ਰਵਾਰ ਬਹੁਤ ਵਧ ਗਿਆ। ਜੇਕਰ ਕੋਈ ਮੈਨੂੰ ਮਿਲਣ ਲਈ ਆਇਆ ਹੈ ਅਤੇ ਮੈਂ ਉਸ ਦੇ ਸਾਹਮਣੇ ਫ਼ੋਨ ਸੁਣਦਾ ਹਾਂ ਤਾਂ ਇਹ ਸਾਹਮਣੇ ਵਾਲੇ ਦੀ ਤੌਹੀਨ ਹੈ।
ਕੁੱਝ ਕੁ ਦਿਨਾਂ ਤੋਂ ਲੋਕਾਂ ਦੇ ਫੋਨ ਨਹੀਂ ਚੁੱਕੇ ਜਾਂਦੇ ਸੀ ਤਾਂ ਕਈਆਂ ਦੇ ਸ਼ਿਕਵੇ ਵੀ ਹਨ। ਮੈਂ ਲੋਕਾਂ ਨੂੰ ਇਹੀ ਕਹਿੰਦਾ ਹਾਂ ਕਿ ਤੁਸੀਂ ਬਣਾਇਆ ਤੇ ਤੁਹਾਡੇ ਕੋਲੋਂ ਕਦੀ ਦੂਰ ਨਹੀਂ ਹੋਵਾਂਗੇ। ਅਜੇ ਤਾਂ ਸਿਰਫ਼ ਚੱਲੇ ਹਾਂ ਜੋ ਕਿਹਾ ਸੀ ਉਹਨਾਂ ਨੂੰ ਇੰਨ-ਬਿੰਨ ਲਾਗੂ ਕਰਾਂਗੇ।

ਸਵਾਲ : ਹਰ ਵਿਅਕਤੀ ਦੀ ਇਕ ਰੀਝ ਹੁੰਦੀ ਹੈ। ਤੁਹਾਡੀਆਂ ਕੀ ਰੀਝਾਂ ਨੇ?
ਜਵਾਬ : ਇਨਸਾਨ ਦੀਆਂ ਇੱਛਾਵਾਂ ਕਦੀ ਖ਼ਤਮ ਨਹੀਂ ਹੁੰਦੀਆਂ ਪਰ ਜੇ ਅਸੀਂ ਸੰਜਮ ਨਾਲ ਅਪਣਾ ਦਾਇਰਾ ਬਣਾ ਕੇ ਚੱਲਾਂਗੇ ਤਾਂ ਉਹ ਸਾਡੇ ਲਈ ਵੀ ਚੰਗਾ ਅਤੇ ਸਾਡੇ ਹਲਕੇ ਲਈ ਵੀ ਚੰਗਾ। ਇੱਛਾਵਾਂ ਦੀ ਪੂਰਤੀ ਬੰਦੇ ਨੇ ਕਦੀ ਨਹੀਂ ਕਰੀ। ਜਿਨ੍ਹਾਂ ਨੇ 4 ਤੋਂ 450 ਬੱਸਾਂ ਬਣਾ ਲਈਆਂ। ਇਕ ਕਿੱਲੇ ਤੋਂ ਹਜ਼ਾਰਾ ਏਕੜ ਬਣਾ ਲਏ, ਇੱਛਾਵਾਂ ਦੀ ਪੂਰਤੀ ਤਾਂ ਉਹਨਾਂ ਦੀ ਵੀ ਨਹੀਂ ਹੋਈ।
ਅਸੀਂ ਬਹੁਤ ਕੁਝ ਹੰਢਾਇਆ, ਬਾਪੂ ਦੀ ਪੈਲੀ ਚਲੀ ਗਈ, 6-7 ਸਾਲ ਉਹ ਮੰਜੇ ’ਤੇ ਰਹੇ। ਮੈਂ ਅਤੇ ਮੇਰੇ ਬਾਪੂ ਲੰਬਾ ਸਮਾਂ ਕਿਸਾਨ ਅੰਦੋਲਨ ਵਿਚ ਰਹਿ ਕੇ ਆਏ ਹਾਂ। ਅਸੀਂ ਕਿਸਾਨ ਅੰਦੋਲਨ ਦਾ ਡਟਵਾਂ ਸਾਥ ਦਿੱਤਾ ਕਿਉਂਕਿ ਪੈਲੀ ਜਾਣ ਦਾ ਦਰਦ ਮੈਨੂੰ ਵਾਕਈ ਪਤਾ ਹੈ। ਜਦੋਂ ਮੈਂ ਅੱਜ ਅਪਣੀ ਵਿਕੀ ਹੋਈ ਜ਼ਮੀਨ ਕੋਲੋਂ ਲੰਘਦਾ ਹਾਂ ਤਾਂ ਮੇਰਾ ਮਨ ਅੱਜ ਵੀ ਦੁਖੀ ਹੁੰਦਾ। ਬਸ ਮਿਹਨਤ ਕਰ ਰਹੇ ਹਾਂ ਜੇਕਰ ਪਰਮਾਤਮਾ ਨੇ ਚਾਹਿਆ ਤਾਂ ਉਹ ਸਕਦਾ ਉਹ ਚੀਜ਼ਾਂ ਦੁਬਾਰਾ ਸਹੀ ਹੋਣ। ਮੈਂ ਦੇਖਣਾ ਚਾਹੁੰਦਾ ਹਾਂ ਕਿ ਮੇਰਾ ਬਾਪੂ ਅਪਣੀ ਜ਼ਮੀਨ ਉੱਤੇ ਟਰੈਕਟਰ ਚਲਾਉਂਦੇ ਹੋਵੇ। ਅਸੀਂ ਬਹੁਤ ਦੁਖ ਦੇਖੇ, ਇਸੇ ਲਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵਿਅਕਤੀ ਦੁਖੀ ਨਾ ਰਹੇ।
ਰੀਝਾਂ ਤਾਂ ਹਰ ਇਕ ਦੀਆਂ ਹੁੰਦੀਆਂ ਹਨ ਪਰ ਮੇਰੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਜੇਕਰ ਮੈਂ ਅਪਣੀਆਂ ਰੀਝਾਂ ਪੂਰੀਆਂ ਕਰਨ ਲੱਗ ਗਿਆ ਤਾਂ ਮੇਰੇ ਹਲਕੇ ਦੇ ਲੋਕਾਂ ਨੂੰ ਕੌਣ ਦੇਖੇਗਾ। ਮੇਰੀ ਰੀਝ ਇਹੀ ਹੈ ਕਿ ਪੰਜਾਬ ਦੇ ਕਿਸੇ ਮੁੰਡੇ-ਕੁੜੀ ਦੀ ਪੈਸਿਆਂ ਦੀ ਕਮੀ ਕਰਕੇ ਪੜ੍ਹਾਈ ਨਾ ਛੁੱਟੇ ਕਿਉਂਕਿ ਮੈਂ 12ਵੀਂ ਤੋਂ ਬਾਅਦ ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹਨਾ ਚਾਹੁੰਦਾ ਸੀ ਪਰ ਸਰੋਤ ਨਾ ਹੋਣ ਕਾਰਨ ਪ੍ਰਵਾਰ ਨੇ ਮਨਜ਼ੂਰੀ ਨਹੀਂ ਦਿਤੀ। ਮੈਂ ਕੁਝ ਦਿਨ ਰਣਬੀਰ ਕਾਲਜ ਜਾਂਦਾ ਰਿਹਾ ਪਰ ਕੁਝ ਬਾਅਦ ਮੈਨੂੰ ਪੈਸਿਆਂ ਦੀ ਕਮੀ ਕਰ ਕੇ ਪੜ੍ਹਾਈ ਛੱਡਣੀ ਪਈ।

ਸਵਾਲ : ਤੁਸੀਂ ਮਜ਼ਦੂਰੀ ਕਰਦੇ ਰਹੇ ਹੋ, ਕਦੀ ਤੁਹਾਡੀ ਦਿਹਾੜੀ ਮਰੀ ਹੈ?
ਜਵਾਬ : ਮੈਂ ਸ਼ਾਇਦ 8ਵੀਂ ਜਮਾਤ ਵਿਚ ਸੀ, ਇਕ ਹੋਟਲ ਬਣ ਰਿਹਾ ਸੀ, ਉਥੇ ਮੈਂ 7 ਦਿਨ ਲਗਾਏ। ਮੈਨੂੰ ਲਗਦਾ ਉਨ੍ਹਾਂ ਨੇ ਮੇਰੇ 2 ਦਿਨ ਦੇ ਪੈਸੇ ਨਹੀਂ ਦਿਤੇ। ਉਮਰ ਛੋਟੀ ਹੋਣ ਕਰ ਕੇ ਉਹ ਪਹਿਲਾਂ ਹੀ ਮੈਨੂੰ ਪੈਸੇ ਘੱਟ ਦਿੰਦੇ ਸੀ। ਉਦੋਂ ਮੇਰੀ ਉਮਰ 15-16 ਸਾਲ ਸੀ।
ਜਿਸ ਭਾਈਚਾਰੇ ਵਿਚੋਂ ਮੈਂ ਆਉਂਦਾ ਹਾਂ, ਉਥੇ ਲੋਕਾਂ ਦੀ ਜ਼ਿੰਦਗੀ ਬਹੁਤ ਔਖੀ ਹੈ। ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਉਨ੍ਹਾਂ ਦਾ ਪੁੱਤ ਮਜ਼ਦੂਰੀ ਕਰੇ। ਉਨ੍ਹਾਂ ਨੇ ਮੇਰੇ ਦੋ ਦਿਨਾਂ ਦੇ ਪੈਸੇ ਨਹੀਂ ਦਿਤੇ, ਉਹ ਅਜੇ ਤਕ ਵੀ ਮੈਨੂੰ ਖਟਕਦਾ ਹੈ।

ਸਵਾਲ : ਇਹ ਬਹੁਤ ਵੱਡੀ ਗੱਲ ਹੈ ਕਿ ਸਾਊਥ ਤਕ ਲਾਭ ਸਿੰਘ ਉੱਗੋਕੇ ਦੇ ਚਰਚੇ ਨੇ?
ਜਵਾਬ : ਇਹ ਮੇਰੇ ਲੋਕਾਂ ਕਰ ਕੇ ਹੈ।

ਸਵਾਲ : ਉੱਗੋਕੇ ਨੂੰ ਪ੍ਰਮਾਤਮਾ ਉਤੇ ਯਕੀਨ ਹੈ?
ਜਵਾਬ : ਬਹੁਤ ਜ਼ਿਆਦਾ ਯਕੀਨ ਹੈ। ਮੈ ਪ੍ਰਮਾਤਮਾ ਨੂੰ ਦੇਖਿਆ ਨਹੀਂ, ਮੈਂ ਸਿਰਫ਼ ਦਿਲੋਂ ਮਹਿਸੂਸ ਕਰ ਸਕਦਾ ਹਾਂ। ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਮੇਰੇ ਲੋਕਾਂ ਨਾਲ ਸਭ ਸਹੀ ਹੋਵੇ।

ਸਵਾਲ: ਤੁਹਾਡੇ ਸ਼ੌਕ ਕੀ ਨੇ?
ਜਵਾਬ: ਮੇਰਾ ਮਨ ਕਰਦਾ ਹੈ ਕਿ ਮੈਂ ਆਮ ਦੀ ਤਰ੍ਹਾਂ ਅਪਣੇ ਪਿੰਡ ਦੀ ਗਲੀ ਵਿਚ ਜਾਵਾਂ, ਜਿਵੇਂ ਪਹਿਲਾਂ ਹੁੰਦਾ ਸੀ। 7 ਕੁ ਦਿਨ ਪਹਿਲਾਂ ਮੈਂ ਅਪਣੇ ਪਿੰਡ ਤੋਂ ਮੋਟਰਸਾਈਕਲ ਉੱਤੇ ਖੇਤ ਵਿਚ ਗਿਆ। ਲੋਕ ਮੈਨੂੰ ਦੇਖ ਕੇ ਹੈਰਾਨ ਸਨ।

Aam Aadmi Party Punjab Aam Aadmi Party Punjab

ਸਵਾਲ : ਵਿਧਾਨ ਸਭਾ ਇਜਲਾਸ ਖ਼ਤਮ ਹੋਇਆ, ਕਿਵੇਂ ਦਾ ਤਜ਼ਰਬਾ ਰਿਹਾ? ਪਹਿਲਾਂ ਤੁਸੀਂ ਅਖ਼ਬਾਰਾਂ ਵਿਚ ਪੜਿ੍ਹਆ ਹੋਣਾ ਜਾਂ ਟੀਵੀ ਉਤੇ ਵੇਖਿਆ ਹੋਣਾ ਕਿ ਵਿਧਾਇਕ ਕਿਵੇਂ ਲੜਦੇ ਨੇ ਪਹਿਲੀ ਵਾਰ ਲਾਈਵ ਦੇਖ ਕੇ ਕਿਵੇਂ ਲੱਗਾ?
ਜਵਾਬ : ਮੈਂ ਛੇਵੀਂ ਕਲਾਸ ਵਿਚ ਵੀ ਵਿਧਾਨ ਸਭਾ ਗਿਆ ਸੀ, ਉਦੋਂ ਸਕੂਲ ਦਾ ਟੂਰ ਗਿਆ ਸੀ। ਉਨ੍ਹਾਂ ਨੇ ਮੇਰੇ ਕੋਲੋਂ ਪੈਸੇ ਨਹੀਂ ਲਏ ਸੀ ਕਿ ਇਹ ਸਫ਼ਾਈ ਕਰਮਚਾਰੀ ਦਾ ਬੇਟਾ ਹੈ, ਇਸ ਕੋਲੋਂ ਕੀ ਪੈਸੇ ਲੈਣੇ ਨੇ। ਮੈਨੂੰ ਥੋੜ੍ਹਾ ਬਹੁਤ ਯਾਦ ਸੀ ਕਿ ਇਕ ਵੱਡੀ ਜਿਹੀ ਇਮਾਰਤ ਹੈ, ਜਿਸ ਵਿਚ ਨੇਤਾ ਬੈਠਦੇ ਹਨ। ਹੁਣ ਜਦੋਂ ਮੈਂ ਗਿਆ ਤਾਂ ਮੇਰੀਆਂ ਯਾਦਾਂ ਤਾਜ਼ਾ ਹੋ ਗਈਆਂ। ਜਿਥੋਂ ਤਕ ਲੜਾਈ ਦੀ ਗੱਲ ਹੈ ਤਾਂ ਜਦੋਂ ਮਾਨ ਸਾਬ੍ਹ ਸੰਬੋਧਨ ਕਰ ਰਹੇ ਸੀ ਤਾਂ ਰਾਣਾ ਗੁਰਜੀਤ ਸਿੰਘ ਦਾ ਲੜਕਾ ਰਾਣਾ ਇੰਦਰ ਪ੍ਰਤਾਪ ਬਿਨ੍ਹਾਂ ਸਿਰ-ਪੈਰ ਤੋਂ ਬੋਲ ਰਿਹਾ ਸੀ। ਸਪੀਕਰ ਸਾਬ੍ਹ ਨੇ ਕਿਹਾ ਸੀ ਕਿ ਵਿਸ਼ੇਸ਼ ਇਜਲਾਸ ਹੈ ਅਤੇ ਅਸੀਂ ਕੇਂਦਰ ਦੀ ਕਾਰਵਾਈ ਨੂੰ ਲੈ ਕੇ ਹੀ ਬੋਲਣਾ ਹੈ। ਮੈਨੂੰ ਉਸ ਵਿਅਕਤੀ ਦਾ ਰਵੱਈਆ ਬਹੁਤ ਬਦਤਮੀਜ਼ੀ ਵਾਲਾ ਲੱਗਿਆ। ਮੈਂ ਸੋਚਿਆ ਕਿ ਲੋਕ ਬੇਅਕਲ ਲੋਕਾਂ ਨੂੰ ਵੀ ਚੁਣ ਲੈਂਦੇ ਹਨ। ਜੇਕਰ ਲੋਕਾਂ ਨੇ ਜਿਤਾਇਆ ਹੈ ਤਾਂ ਸਾਨੂੰ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ। ਜੇਕਰ ਅਸੀਂ ਇਜਲਾਸ ਵਿਚ ਰੁਕਾਵਟ ਪਾਵਾਂਗੇ ਲੋਕਾਂ ਦੀ ਗੱਲ ਕਿਵੇਂ ਹੋਵੇਗੀ। ਜਦੋਂ ਉਹ ਨਹੀਂ ਹਟੇ ਤਾਂ ਉਹਨਾਂ ਨੂੰ ਬਾਹਰ ਕਰਨ ਲਈ ਕਿਹਾ ਗਿਆ ਤੇ ਫਿਰ ਉਹ ਕਹਿੰਦੇ ਮੈਂ ਆਪ ਹੀ ਚਲਾ ਜਾਵਾਂਗਾ।

ਸਵਾਲ : ਕੇਜਰੀਵਾਲ ਜੀ ਗੁਜਰਾਤ ਵਿਚ ਕਹਿੰਦੇ 15 ਦਿਨਾਂ ਵਿਚ ਅਤੇ ਹਿਮਾਚਲ ਵਿਚ ਕਹਿੰਦੇ ਕਿ 20 ਦਿਨਾਂ ਵਿਚ ਭਿ੍ਰਸ਼ਟਾਚਾਰ ਖ਼ਤਮ ਹੋ ਗਿਆ। ਤੁਹਾਨੂੰ ਕੀ ਲਗਦਾ?
ਜਵਾਬ : ਪੰਜਾਬ ਦੇ ਲੋਕ ਜਾ ਕੇ ਦੱਸਦੇ ਨਹੀਂ। ਖ਼ਬਰਾਂ ਵੀ ਲੱਗੀਆਂ ਹਨ ਕਿ ਜਿਨ੍ਹਾਂ ਦੇ 15-15 ਸਾਲ ਤੋਂ ਕੰਮ ਰੁਕੇ ਹੋਏ ਸੀ, ਉਹ ਅਧਿਕਾਰੀ ਬਿਨ੍ਹਾਂ ਪੈਸਿਆਂ ਤੋਂ ਕਰ ਰਹੇ ਹਨ। ਇਹ ਅਸੀਂ ਪੁੱਛਿਆ ਨਹੀਂ, ਲੋਕ ਖ਼ੁਦ ਦੱਸ ਰਹੇ।

ਸਵਾਲ: ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਅਪੀਲ ਕੀਤੀ ਅਤੇ ਉਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਦਖ਼ਲ ਨਾ ਦੇਵੇ।
ਜਵਾਬ: ਮਾਨ ਸਾਬ੍ਹ ਨੇ ਇਕ ਗੱਲ ਕਹੀ ਹੈ ਕਿ ਐਸਜੀਪੀਸੀ ਲੋਕਾਂ ਲਈ ਜੋ ਕੰਮ ਕਰਦੀ ਹੈ ਵਧੀਆ ਤਰੀਕੇ ਨਾਲ ਕਰੇ। ਐਸਜੀਪੀਸੀ ਵਧੀਆ ਕਾਲਜ, ਚੰਗੇ ਹਸਪਤਾਲ ਆਦਿ ਖੋਲ੍ਹ ਸਕਦੀ ਹੈ। ਧਾਰਮਕ ਸੰਸਥਾਵਾਂ ਕਿਸੇ ਨਿਜੀ ਵਿਅਕਤੀ ਦੀ ਜਾਗੀਰ ਨਹੀਂ ਹੁੰਦੀਆਂ, ਉਹ ਲੋਕਾਂ ਦਾ ਪੈਸਾ ਹੁੰਦਾ ਹੈ। ਜੇਕਰ ਲੋਕਾਂ ਦਾ ਪੈਸਾ ਲੋਕਾਂ ਉੱਤੇ ਹੀ ਲੱਗੇਗਾ ਤਾਂ ਇਸ ਤੋਂ ਚੰਗਾ ਕੋਈ ਕੰਮ ਨਹੀਂ ਹੁੰਦਾ।
ਐਸਜੀਪੀਸੀ ਦਾ ਸਾਰਾ ਪ੍ਰਬੰਧਨ ਪੁਰਾਣੀਆਂ ਸਰਕਾਰਾਂ ਨੇ ਹੀ ਵਿਗਾੜਿਆ ਹੈ। ਕਿਸ ਦੇ ਗੀਝਿਆਂ ਜਾਂ ਲਿਫਾਫਿਆਂ ਵਿਚੋਂ ਪ੍ਰਧਾਨ ਨਿਕਲਦੇ ਰਹੇ, ਲੋਕ ਜਾਣਦੇ ਨੇ। ਮਾਨ ਸਾਬ੍ਹ ਨੇ ਸਿਰਫ਼ ਅਪੀਲ ਕੀਤੀ ਹੈ, ਜੇਕਰ ਮੁੱਖ ਮੰਤਰੀ ਬੇਨਤੀ ਕਰਦਾ ਹੈ ਤਾਂ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਥੋੜ੍ਹਾ ਸਮਝਣ ਦੀ ਲੋੜ ਹੈ। ਇਹ ਕੋਈ ਦੂਜਿਆਂ ਵਾਂਗ ਕਬਜ਼ੇ ਕਰਨ ਦੀ ਗੱਲ ਨਹੀਂ ਹੈ। ਹੁਣ ਪੰਜਾਬ ਦੇ ਲੋਕ ਕਬਜ਼ੇ ਛੁਡਾਉਣ ਵੱਲ ਹੋ ਗਏ ਨੇ, ਉਹਨਾਂ ਨੇ ਸੱਤਾ ਤੋਂ ਕਬਜ਼ਾ ਛੁਡਾਇਆ ਹੈ, ਇਹ ਵੀ ਛੁਡਾ ਲੈਣਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement