ਚਿੜੀ ਵਿਚਾਰੀ ਕੀ ਕਰੇ?
Published : Jun 6, 2018, 4:02 am IST
Updated : Jun 6, 2018, 6:02 pm IST
SHARE ARTICLE
Sparrow
Sparrow

ਸ ਵੇਰੇ ਸੁਵਖ਼ਤੇ ਉਠੀਏ ਤਾਂ ਨੇੜੇ-ਤੇੜੇ ਦੇ ਰੁੱਖਾਂ ਤੋਂ ਪੰਛੀਆਂ ਦੀਆਂ ਬੜੀਆਂ ਹੀ ਸੁਰੀਲੀਆਂ ਅਤੇ ਮਨਮੋਹਕ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ।ਉਹ ਸਾਨੂੰ ਉਠਣ ਦਾ ਸੁਨੇਹਾ...

ਸਵੇਰੇ ਸੁਵਖ਼ਤੇ ਉਠੀਏ ਤਾਂ ਨੇੜੇ-ਤੇੜੇ ਦੇ ਰੁੱਖਾਂ ਤੋਂ ਪੰਛੀਆਂ ਦੀਆਂ ਬੜੀਆਂ ਹੀ ਸੁਰੀਲੀਆਂ ਅਤੇ ਮਨਮੋਹਕ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਹਨ। ਉਹ ਸਾਨੂੰ ਉਠਣ ਦਾ ਸੁਨੇਹਾ ਦਿੰਦੀਆਂ ਹਨ। ਇਕ ਟਹਿਣੀ ਤੋਂ ਦੂਜੀ ਟਹਿਣੀ ਤੇ ਉਡ-ਉਡ ਕੇ ਕਲੋਲਾਂ ਕਰਦੇ ਬੜੇ ਹੀ ਪਿਆਰੇ ਲਗਦੇ ਹਨ। ਅਸਮਾਨ ਵਿਚ ਅਪਣੇ ਦੋਵੇਂ ਖੰਭ ਖਿਲਾਰ ਕੇ ਤੈਰਦੇ ਕਿੰਨੇ ਵਧੀਆ ਲਗਦੇ ਹਨ। ਇਨ੍ਹਾਂ ਨੂੰ ਉਡਦੇ ਵੇਖ ਕੇ ਹੀ ਸ਼ਾਇਦ ਮਨੁੱਖ ਦੇ ਮਨ ਵਿਚ ਰਾਕੇਟ ਬਣਾਉਣ ਦਾ ਵਿਚਾਰ ਆਇਆ ਹੋਵੇਗਾ। ਇਨ੍ਹਾਂ ਵਿਚੋਂ ਬਹੁਤੇ ਪੰਛੀ ਸਾਡੀਆਂ ਛੱਤਾਂ ਜਾਂ ਵਿਹੜਿਆਂ ਵਿਚ ਖਿਲਾਰੇ ਦਾਣੇ ਖਾਣ ਲਈ ਉਤਰਦੇ ਹਨ।

ਇਹ ਗੁਟਾਰਾਂ, ਘੁੱਗੀਆਂ, ਕਬੂਤਰ, ਚਿੜੀਆਂ, ਕਾਂ ਅਤੇ ਤੋਤੇ ਹੁੰਦੇ ਹਨ। ਪਰ ਭੂਰੇ ਰੰਗ ਦੀ ਭੋਲੀ ਚਿੜੀ ਕਦੇ-ਕਦਾਈਂ ਨਜ਼ਰੀਂ ਪੈਂਦੀ ਹੈ। ਪਹਿਲਾਂ ਵਾਂਗ ਚਿੜੀਆਂ ਦੇ ਝੁੰਡ ਵਿਖਾਈ ਨਹੀਂ ਦਿੰਦੇ, ਜਦੋਂ ਇਹ ਖੂਹਾਂ ਤੇ ਨਲਕਿਆਂ ਨੇੜੇ ਪਏ ਟੋਇਆਂ ਤੇ ਪਾਣੀ ਵਿਚ ਨਹਾਉਂਦੀਆਂ ਰਹਿੰਦੀਆਂ ਸਨ। ਹੁਣ ਪਤਾ ਨਹੀਂ ਰੁੱਸ ਕੇ ਕਿਧਰ ਨੂੰ ਉਡਾਰੀ ਮਾਰ ਗਈਆਂ ਹਨ।

ਗੱਲ ਚਿੜੀ ਦੀ ਕਰਦੇ ਹਾਂ। ਛੋਟੇ ਹੁੰਦਿਆਂ ਇਸ ਦੀਆਂ ਕਈ ਕਹਾਣੀਆਂ ਮਾਂ ਤੋਂ ਸੁਣਦੇ। ਇਕ ਕਹਾਣੀ ਵਿਚ ਕਾਂ-ਚਿੜੀ ਨੇ ਰਲ ਕੇ ਖਿਚੜੀ ਬਣਾਈ ਅਤੇ ਸਾਰੀ ਖਿਚੜੀ ਚਿੜੀ ਖਾ ਗਈ। ਇਕ ਕਹਾਣੀ ਵਿਚ ਚਿੜੀ ਨੇ ਦਾਣਾ ਬੀਜਿਆ। ਸਾਰਾ ਕੰਮ ਚਿੜੀ ਨੇ ਕੀਤਾ। ਦਾਣੇ ਵੰਡਣ ਵੇਲੇ ਕਾਂ ਨੇ ਸਾਰੇ ਦਾਣੇ ਮੰਗੇ ਤਾਂ ਕੁਦਰਤ ਨੇ ਬਿਗਾਨਾ ਹੱਕ ਖਾਣ ਵਾਲੇ ਨੂੰ ਸਜ਼ਾ ਦਿਤੀ ਅਤੇ ਕਾਂ ਮੀਂਹ ਵਿਚ ਮਾਰਿਆ ਗਿਆ। ਸੋ ਅਜਿਹੀਆਂ ਕਹਾਣੀਆਂ ਤੋਂ ਪੰਛੀਆਂ ਪ੍ਰਤੀ ਪ੍ਰੇਮ ਜਾਗਦਾ ਅਤੇ ਕੁੱਝ ਨਾ ਕੁੱਝ ਸਿਖਿਆ ਵੀ ਮਿਲਦੀ।

ਸਾਡੇ ਗੀਤਾਂ ਵਿਚ ਵੀ ਚਿੜੀ ਦਾ ਜ਼ਿਕਰ ਹੈ ਜਿਵੇਂ 'ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ', 'ਉਡ ਉਡ ਚਿੜੀਏ ਨੀ ਉਡ ਬਹਿ ਜਾ ਖਿੜਕੀ ਮੇਰੀ, ਅੰਮੜੀ ਬਾਝੋਂ ਨੀ ਮੈਂ ਸੱਭ ਨੇ ਝਿੜਕੀ'। ਕੁੜੀਆਂ ਨੂੰ ਚਿੜੀਆਂ ਨਾਲ ਮੇਲਿਆ ਜਾਂਦਾ ਹੈ ਕਿਉਂਕਿ ਕੁੜੀਆਂ ਨੇ ਵੀ ਬਾਬਲ ਦੇ ਘਰੋਂ ਉਡਾਰੀ ਮਾਰਨੀ ਹੈ। ਇਕ ਕਵੀ ਨੇ ਵੀ ਅਪਣੀ ਕਵਿਤਾ ਵਿਚ ਲਿਖਿਆ ਹੈ ਕਿ 'ਚਿੜੀ ਚੂਕਦੀ ਨਾਲ ਜਾ ਟੁਰੇ ਪਾਂਧੀ ਪਾਈਆਂ ਚਾਟੀ ਵਿਚ ਮਧਾਣੀਆਂ ਨੇ।' ਪਹਿਲਾਂ ਲੋਕ ਜਦੋਂ ਪੈਦਲ ਤੁਰਦੇ ਤਾਂ ਸੁਵਖਤੇ ਜਾਂਦੇ, ਔਰਤਾਂ ਸੁਵਖਤੇ ਉਠ ਕੇ ਦੁੱਧ ਰਿੜਕਦੀਆਂ ਚੁੱਲ੍ਹੇ-ਚੌਕੇ ਦਾ ਆਹਰ ਕਰਦੀਆਂ ਸਨ। ਕੰਮ ਕਰਦੇ ਛੋਟੇ ਬੱਚੇ ਨੂੰ ਪਰਚਾਉਣ ਲਈ ਆਟੇ ਦੀ ਚਿੜੀ ਬਣਾ ਕੇ ਡੱਕੇ ਤੇ ਟੰਗ ਕੇ ਬੱਚੇ ਨੂੰ ਦਿੰਦੀਆਂ, ਚਿੜੀ ਵੇਖ ਕੇ ਬੱਚਾ ਰੋਂਦਾ-ਰੋਂਦਾ ਹੱਸ ਪੈਂਦਾ।

ਭਾਵੇਂ ਪੰਛੀਆਂ ਨਾਲ ਸਾਡੀ ਭਾਸ਼ਾ ਦੀ ਸਾਂਝ ਨਹੀਂ ਪਰ ਫਿਰ ਵੀ ਉਹ ਸਾਡੇ ਪਿਆਰ ਦੇ ਅਹਿਸਾਸ ਨੂੰ ਸਮਝਦੇ ਹਨ ਅਤੇ ਸਾਡੇ ਨੇੜੇ ਤੇੜੇ ਹੀ ਰਹਿੰਦੇ ਹਨ। ਰੱਬ ਦੀ ਰਜ਼ਾ ਵਿਚ ਰਹਿਣ ਵਾਲੇ ਇਹ ਪੰਛੀ ਅਪਣੀ ਹੀ ਮਸਤੀ ਵਿਚ ਰਹਿੰਦੇ ਹਨ। ਇਹ ਸਾਡੇ ਅੰਬਰ ਦਾ ਸ਼ਿੰਗਾਰ ਹਨ। ਸੋ ਅੱਜ ਦੇ ਆਧੁਨੀਕੀਕਰਨ ਨਾਲ ਮਨੁੱਖ ਨੇ ਅਪਣੇ ਘਰ ਵਾਲੀਆਂ ਛੱਤਾਂ ਪੱਥਰ-ਕੰਕਰੀਟ ਦੀਆਂ ਬਣਾ ਲਈਆਂ ਹਨ। ਦੂਜੇ ਦਰਵਾਜ਼ੇ ਲਾ ਕੇ ਵਿਹੜੇ ਛੱਤ ਲਏ ਹਨ। ਜਾਲੀਆਂ ਵਾਲੇ ਦਰਵਾਜ਼ਿਆਂ ਨਾਲ ਪੰਛੀਆਂ ਲਈ ਅੰਦਰ ਆਉਣ ਦਾ ਤਾਂ ਕੋਈ ਰਾਹ ਹੀ ਨਹੀਂ ਛਡਿਆ। ਉਹ ਅਪਣੇ ਬਸੇਰੇ ਕਿੱਥੇ ਕਰਨ?

ਰੁੱਖ ਕੱਟੇ ਜਾ ਰਹੇ ਹਨ, ਸੜਕਾਂ ਜੁ ਚੌੜੀਆਂ ਕਰਨੀਆਂ ਹਨ। ਉੱਚੇ ਟਾਵਰਾਂ ਵਿਚੋਂ ਨਿਕਲਦੀਆਂ ਖ਼ਤਰਨਾਕ ਕਿਰਨਾਂ ਇਨ੍ਹਾਂ ਪੰਛੀਆਂ ਦੇ ਖ਼ਾਤਮੇ ਲਈ ਜ਼ਿੰਮੇਵਾਰ ਹਨ। ਕਿਸਾਨ ਖੇਤਾਂ ਵਿਚੋਂ ਵੱਧ ਝਾੜ ਪ੍ਰਾਪਤ ਕਰਨ ਲਈ ਵੱਧ ਕੀਟਨਾਸ਼ਕ ਪਾ ਰਿਹਾ ਹੈ। ਇਹ ਵੀ ਚਿੜੀਆਂ ਦੇ ਵਾਧੇ ਨੂੰ ਰੋਕਣ ਦਾ ਕਾਰਨ ਹੈ। ਫਿਰ ਹੁਣ ਚਿੜੀ ਵਿਚਾਰੀ ਕੀ ਕਰੇ?

ਪਰ ਹੁਣ ਕੁੱਝ ਥਾਵਾਂ ਤੇ ਬਾਹਰਵਾਰ ਚਿੜੀਆਂ ਦੇ ਝੁੰਡ ਵਿਖਾਈ ਦਿਤੇ ਹਨ। ਉਨ੍ਹਾਂ ਦੀ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਲਈ ਪਾਣੀ, ਚੋਗਾ ਅਤੇ ਬਨਾਉਟੀ ਆਲ੍ਹਣੇ ਟੰਗੇ ਗਏ ਹਨ ਤਾਕਿ ਇਨ੍ਹਾਂ ਦਾ ਵਾਧਾ ਹੋ ਸਕੇ ਅਤੇ ਨਸਲ ਬਚਾਈ ਜਾ ਸਕੇ। ਸਾਡੇ ਬਜ਼ੁਰਗ ਬੀਜ ਬੀਜਦੇ ਸਮੇਂ ਪਹਿਲਾ ਛੱਟਾ ਇਨ੍ਹਾਂ ਜਨੌਰਾਂ ਦੇ ਨਾਂ ਦਾ ਸੁਟਦੇ ਅਤੇ ਪ੍ਰਮਾਤਮਾ ਦਾ ਕਰਜ਼ ਉਤਾਰਦੇ। ਸਾਡੀ ਮਾਂ, ਦਾਦੀ, ਨਾਨੀ ਵੀ ਪਹਿਲੀ ਰੋਟੀ ਪੰਛੀਆਂ ਲਈ ਉਤਾਰਦੀ ਅਤੇ ਭੋਰ-ਭੋਰ ਵਿਹੜੇ ਵਿਚ ਖਿਲਾਰਦੀ।

ਅੱਜ ਦੀ ਨੱਠ-ਭੱਜ ਵਾਲੀ ਜ਼ਿੰਦਗੀ ਵਿਚ ਵੀ ਕੁੱਝ ਲੋਕ ਪੰਛੀ ਪ੍ਰੇਮੀ ਹਨ। ਉਨ੍ਹਾਂ ਦੇ ਉਦਮਾਂ ਸਦਕਾ ਆਸ ਬੱਝੀ ਹੈ ਕਿ ਸ਼ਾਲਾ ਇਹ ਚਿੜੀਆਂ ਮੁੜ ਸਾਡੇ ਵਿਹੜਿਆਂ ਤੇ ਬਨੇਰਿਆਂ ਦਾ ਸ਼ਿੰਗਾਰ ਬਣ ਜਾਣ। ਖੁੱਲ੍ਹੇ ਅਕਾਸ਼ ਵਿਚ ਤਾਰੀਆਂ ਲਾਉਂਦੇ ਇਹ ਪੰਛੀ ਪੌਣਾਂ ਵਿਚ ਥਿਰਕਣ ਪੈਦਾ ਕਰਦੇ ਰਹਿਣ। ਜ਼ਰਾ ਸੋਚੋ ਕਿ ਜੇ ਆਕਾਸ਼ ਵਿਚ ਇਹ ਪੰਛੀ ਨਾ ਹੋਣ ਤਾਂ ਮਾਤਮ ਜਿਹਾ ਨਾ ਛਾ ਜਾਏ? ਕਾਸ਼ ਅਜਿਹਾ ਨਾ ਹੀ ਵਾਪਰੇ।
ਸੰਪਰਕ : 82840-20628

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement