ਸੱਭ ਤੋਂ ਪਹਿਲਾਂ ਇਹ ਲੇਖ ਲਿਖਣ ਲੱਗੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਮੈਡੀਕਲ ਕਿੱਤੇ ਨਾਲ ਸਬੰਧਤ ਮਾਹਰ ਨਹੀਂ ਹਾਂ
ਸੱਭ ਤੋਂ ਪਹਿਲਾਂ ਇਹ ਲੇਖ ਲਿਖਣ ਲੱਗੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੋਈ ਮੈਡੀਕਲ ਕਿੱਤੇ ਨਾਲ ਸਬੰਧਤ ਮਾਹਰ ਨਹੀਂ ਹਾਂ, ਪਰ ਪਿਛਲੇ ਤਿੰਨ ਮਹੀਨਿਆਂ ਤੋਂ ਮੈਡੀਕਲ ਮਾਹਰਾਂ ਦੀਆਂ ਇੰਟਰਵਿਊਜ਼ ਸੁਣ ਕੇ ਤੇ ਕੁੱਝ ਲੇਖ ਪੜ੍ਹ ਕੇ ਕੋਰੋਨਾ ਵਾਇਰਸ ਨਾਲ ਸਬੰਧਤ ਤੱਥ ਆਪ ਜੀ ਦੇ ਸਨਮੁੱਖ ਕਰ ਰਿਹਾ ਹਾਂ ਤਾਕਿ ਕੋਰੋਨਾ ਸਬੰਧੀ ਕੁੱਝ ਵਹਿਮ ਭਰਮ ਤੇ ਡਰ ਦੀ ਭਾਵਨਾ ਵਿਚੋਂ ਆਮ ਜਨਤਾ ਨੂੰ ਬਾਹਰ ਕਢਿਆ ਜਾ ਸਕੇ।
ਪਿਛਲੇ ਕੁੱਝ ਸਮੇਂ ਤੋਂ ਅਜਿਹੀਆਂ ਖ਼ਬਰਾਂ ਵੀ ਪੜ੍ਹਨ ਨੂੰ ਮਿਲੀਆਂ ਹਨ ਕਿ ਕੁੱਝ ਵਿਅਕਤੀਆਂ ਨੇ ਸਿਰਫ਼ ਇਸ ਲਈ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਨੂੰ ਇਹ ਵਹਿਮ ਹੋ ਗਿਆ ਸੀ ਕਿ ਉਹ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਕੁੱਝ ਥਾਵਾਂ ਤੇ ਕੋਰੋਨਾ ਨਾਲ ਮਾਮੂਲੀ ਰੂਪ ਵਿਚ ਪ੍ਰਭਾਵਤ ਵਿਅਕਤੀਆਂ ਦੇ ਪ੍ਰਵਾਰਾਂ ਦਾ ਸਮਾਜਕ ਬਾਈਕਾਟ ਵੀ ਕਰ ਦਿਤਾ ਗਿਆ।
ਇਥੋਂ ਤਕ ਕਿ ਅਜਿਹੇ ਪ੍ਰਭਾਵਤ ਪ੍ਰਵਾਰਾਂ ਨੂੰ ਦੁਧ, ਪਾਣੀ ਅਤੇ ਸਬਜ਼ੀਆਂ ਦੇਣ ਵਾਲਿਆਂ ਨੇ ਵੀ ਮੂੰਹ ਮੋੜ ਲਿਆ। ਇਕ ਜਗ੍ਹਾ ਤਾਂ ਲੜਾਈ ਝਗੜੇ ਵਿਚ ਕੋਰੋਨਾ ਤੋਂ ਪ੍ਰਭਾਵਤ ਇਕ ਵਿਅਕਤੀ ਦਾ ਸਿਰਫ਼ ਇਸ ਕਰ ਕੇ ਕਤਲ ਕਰ ਦਿਤਾ ਗਿਆ ਕਿ ਕਿਤੇ ਉਹ ਪੂਰੇ ਪਿੰਡ ਵਿਚ ਹੀ ਕੋਰੋਨਾ ਨਾ ਫੈਲਾ ਦੇਵੇ। ਮੈਡੀਕਲ ਮਾਹਰਾਂ ਅਨੁਸਾਰ ਕੋਰੋਨਾਂ ਵਾਇਰਸ ਪਿਛਲੇ ਹਜ਼ਾਰਾਂ ਸਾਲਾਂ ਤੋਂ ਸਾਡੇ ਨਾਲ ਹੀ ਰਹਿ ਰਿਹਾ ਹੈ
ਪਰ ਮੌਜੂਦਾ ਕੋਵਿਡ-19 ਵਾਇਰਸ ਨੇ ਅਪਣੇ ਵਿਚ ਕੁੱਝ ਤਬਦੀਲੀਆਂ ਕਰ ਕੇ ਮਨੁੱਖ ਜਾਤੀ ਤੇ ਘਾਤਕ ਹਮਲਾ ਕੀਤਾ ਹੈ। ਇਹ ਵਾਇਰਸ ਮਨੁੱਖ ਦੀ ਸਾਹ ਨਲੀ ਵਿਚ ਜਾ ਕੇ ਉਸ ਵਿਚ ਸੋਜ਼ਿਸ਼ ਪੈਦਾ ਕਰ ਦਿੰਦਾ ਹੈ ਜਿਸ ਕਾਰਨ ਪ੍ਰਭਾਵਤ ਵਿਅਕਤੀ ਨੂੰ ਸਾਹ ਲੈਣ ਵਿਚ ਦਿੱਕਤ ਹੋ ਸਕਦੀ ਹੈ ਅਤੇ ਸਮੱਸਿਆ ਦੇ ਜ਼ਿਆਦਾ ਵਧਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਗੰਭੀਰ ਮਰੀਜ਼ ਨੂੰ ਵੈਂਟੀਲੇਟਰ ਤੇ ਰੱਖ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ।
ਚਲੋ ਆਉ ਇਸ ਸਬੰਧੀ ਕੁੱਝ ਹੋਰ ਤੱਥ ਜਾਣੀਏ। ਕੋਰੋਨਾ ਨਾਲ ਪ੍ਰਭਾਵਤ ਹੋਣ ਤੇ 100 ਵਿਚੋਂ 80 ਮਰੀਜ਼ ਸ੍ਰੀਰ ਵਿਚਲੀ ਰੋਗ ਪ੍ਰਤਿਰੋਧਕ ਸਮਰੱਥਾ ਕਾਰਨ ਅਪਣੇ ਆਪ ਠੀਕ ਹੋ ਜਾਂਦੇ ਹਨ। 15 ਮਰੀਜ਼ ਥੋੜਾ ਬਹੁਤ ਡਾਕਟਰੀ ਇਲਾਜ ਨਾਲ ਠੀਕ ਹੋ ਜਾਂਦੇ ਹਨ। ਸਿਰਫ਼ 5 ਫ਼ੀ ਸਦੀ ਮਰੀਜ਼ ਜੋ ਕਿ ਪਹਿਲਾਂ ਹੀ ਕੁੱਝ ਹੋਰ ਬੀਮਾਰੀਆਂ ਤੋਂ ਪ੍ਰਭਾਵਤ ਹਨ, ਇਸ ਦੀ ਮਾਰ ਹੇਠ ਆ ਜਾਂਦੇ ਹਨ। ਇਸੇ ਕਰ ਕੇ ਅਜਿਹੇ ਮਰੀਜ਼ਾਂ ਨੂੰ ਘਰ ਵਿਚ ਰਹਿਣ ਦੀ ਹੀ ਸਲਾਹ ਦਿਤੀ ਜਾਂਦੀ ਹੈ।
ਜ਼ਿਆਦਾਤਰ ਮਰੀਜ਼ਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਉਨ੍ਹਾਂ ਨੂੰ ਕੋਰੋਨਾ ਹੈ ਪਰ ਉਹ ਅਪਣੇ ਆਪ ਹੀ ਕੁੱਝ ਦਿਨਾਂ ਬਾਅਦ ਠੀਕ ਹੋ ਜਾਂਦੇ ਹਨ। ਭਾਰਤ ਵਿਚ ਕੋਰੋਨਾ ਕਾਰਨ ਮੌਤ ਦਰ 2 ਤੋਂ 3 ਫ਼ੀ ਸਦੀ ਹੈ ਪਰ ਆਲਮੀ ਪੱਧਰ ਤੇ ਸਿਹਤ ਸਹੂਲਤਾਂ ਘੱਟ ਹੋਣ ਕਾਰਨ ਜਾਂ ਅਮਰੀਕਾ ਤੇ ਬ੍ਰਾਜ਼ੀਲ ਜਹੇ ਦੇਸ਼ਾਂ ਵਿਚ ਜਿੱਥੇ ਹਾਲੇ ਵੀ ਬਹੁਤ ਅਣਗਹਿਲੀ ਵਰਤੀ ਜਾਂਦੀ ਹੈ, ਉਥੇ ਮੌਤ ਦਰ 5 ਤੋਂ 7 ਫ਼ੀ ਸਦੀ ਦੇ ਕਰੀਬ ਹੈ।
ਕੁੱਝ ਵਿਅਕਤੀਆਂ ਦੀ ਸਿਰਫ਼ ਡਰ ਕਾਰਨ ਦਿਲ ਦਾ ਦੌਰਾ ਪੈਣ ਨਾਲ ਹੀ ਮੌਤ ਹੋ ਜਾਂਦੀ ਹੈ। ਜਵਾਨ ਜਾਂ ਚੰਗੀ ਰੋਗ ਪ੍ਰਤੀਰੋਧਕ ਸ਼ਕਤੀ ਰੱਖਣ ਵਾਲੇ ਵਿਅਕਤੀ, ਬਿਨਾਂ ਕਿਸੇ ਡਾਕਟਰੀ ਉਪਚਾਰ ਦੇ ਹੀ ਠੀਕ ਹੋ ਜਾਂਦੇ ਹਨ। ਸੋ ਆਉ ਅਸੀ ਸਾਰੇ ਰਲ ਕੇ ਸਿਹਤ ਵਿਭਾਗ ਤੇ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ ਜਿਵੇਂ ਸਮਾਜਕ ਦੂਰੀ ਬਣਾ ਕੇ ਰੱਖਣ, ਬਾਹਰ ਜਾਣ ਵੇਲੇ ਮਾਸਕ ਦੀ ਵਰਤੋਂ ਤੇ ਸਮੇਂ-ਸਮੇਂ ਸਿਰ 20 ਸੈਕੰਡ ਲਈ ਹੱਥ ਧੋਂਦੇ ਰਹਿਣ, ਫ਼ਾਸਟ ਫ਼ੂਡ ਤੋਂ ਪ੍ਰਹੇਜ਼ ਵਰਗੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਰਹੀਏ। -ਅਰਵਿੰਦਰ ਸਿੰਘ, ਸੰਪਰਕ : 94179-85058