ਹੋਲੀ ਦਾ ਸੰਵਰਿਆ ਰੂਪ ਹੋਲਾ ਮਹੱਲਾ
Published : Mar 8, 2023, 9:11 am IST
Updated : Mar 8, 2023, 9:11 am IST
SHARE ARTICLE
Hola Mohalla
Hola Mohalla

ਦਸਮੇਸ਼ ਪਿਤਾ ਨੇ 1757 ਬਿ. ਵਿਚ ਕਿਲ੍ਹਾ ਹੋਲਗੜ੍ਹ ਦੀ ਸਥਾਪਨਾ ਕੀਤੀ

 

ਬਸੰਤ ਦੀ ਰੁਤ ਸ਼ੁਰੂ ਹੋਣ ਨਾਲ ਸਰਦੀ ਦਾ ਪ੍ਰਭਾਵ ਘਟਣ ਲਗਦਾ ਹੈ। ਝੜ ਚੁੱਕੇ ਦਰੱਖ਼ਤ ਮੁੜ ਹਰੇ ਹੋਣੇ ਸ਼ੁਰੂ ਹੋ ਜਾਂਦੇ ਹਨ। ਰੰਗ ਬਿਰੰਗੇ ਪਤੰਗ ਅਸਮਾਨ ਵਿਚ ਉਡਦੇ ਵਿਖਾਈ ਦਿੰਦੇ ਹਨ। ਧੁੰਦ ਦੀ ਲਪੇਟ ਵਿਚ ਆਇਆ ਸੂਰਜ ਵੀ ਚਮਕਾਂ ਮਾਰਨ ਲਗਦਾ ਹੈ, ਖੇਤਾਂ ਵਿਚ ਖੜੀ ਸਰ੍ਹੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸ ਖਿੜੀ ਹੋਈ ਰੁੱਤ ਵਿਚ ਆਉਂਦਾ ਹੈ ਰੰਗਾਂ ਦਾ ਤਿਉਹਾਰ ਹੋਲੀ। ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਅਪਣੀ ਭੈਣ ਹੋਲਿਕਾ ਦੀ ਗੋਦੀ ਵਿਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿਚ ਨਹੀਂ ਸੜਦੀ ਪਰ ਹੋਲਿਕਾ ਸੜ ਗਈ ਤੇ ਪ੍ਰਹਿਲਾਦ ਬਚ ਗਿਆ।

ਪ੍ਰਮਾਤਮਾ ਦੇ ਭਗਤ ਦੀ ਲਾਜ ਰੱਖਣ ਸਬੰਧੀ ਜ਼ਿਕਰ ਗੁਰਬਾਣੀ ਵਿਚ ਵੀ ਆਉਂਦਾ ਹੈ :-
ਹਰਿ ਜੁਗੁ ਜੁਗੁ ਭਗਤ ਉਪਾਇਆ
ਪੈਜ ਰਖਦਾ ਆਇਆ ਰਾਮ ਰਾਜੇ
ਹਰਣਾਖਸੁ ਦੁਸਟੁ ਹਰਿ ਮਾਰਿਆ
ਪ੍ਰਹਲਾਦੁ ਤਰਾਇਆ॥
ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ ’ਚ ਹਰ ਸਾਲ ਮਨਾਇਆ ਜਾਣ ਲੱਗਾ। ਹੌਲੀ-ਹੌਲੀ ਇਸ ਤਿਉਹਾਰ ਵਿਚ ਵਿਗਾੜ ਆਉਣਾ ਸ਼ੁਰੂ ਹੋ ਗਿਆ। ਬ੍ਰਾਹਮਣਾਂ ਵਲੋਂ ਤਿਉਹਾਰਾਂ ਦੀ ਵੰਡ, ਵਰਣਾਂ ਦੀ ਵੰਡ ਮੁਤਾਬਕ ਕਰ ਦਿਤੀ ਗਈ ਜਿਸ ਅਨੁਸਾਰ ਵਿਸਾਖੀ ਬ੍ਰਾਹਮਣਾਂ ਦੀ, ਦੁਸ਼ਹਿਰਾ ਕਸ਼ਤਰੀਆਂ ਦਾ, ਦਿਵਾਲੀ ਵੈਸ਼ਾਂ ਦੀ ਅਤੇ ਹੋਲੀ ਆਈ ਸ਼ੂਦਰਾਂ ਦੇ ਹਿੱਸੇ। ਹੋਲੀ ਦੇ ਤਿਉਹਾਰ ਦੌਰਾਨ ਗੰਦ ਸੁਟਣਾ, ਸ਼ਰਾਬ ਪੀਣਾ ਅਤੇ ਸ਼ੂਦਰਾਂ ਦੀ ਬੇਇਜ਼ਤੀ ਕਰਨੀ ਜਾਂ ਔਰਤਾਂ ਨੂੰ ਤੰਗ ਕਰਨਾ ਇਸ ਤਿਉਹਾਰ ਦਾ ਇਕ ਅੰਗ ਬਣ ਗਿਆ।

ਸਮਾਂ ਬਦਲਿਆ, ਇਸ ਗਿਰਾਵਟ ਨੂੰ ਦੂਰ ਕਰਨ ਲਈ ਅਤੇ ਲਿਤਾੜੇ ਜਾ ਰਹੇ ਲੋਕਾਂ ਹੱਥ ਕ੍ਰਿਪਾਨ ਫੜਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਨਾ ਸਿਰਫ਼ ਨਵੇਂ ਰੰਗਾਂ ਵਿਚ ਹੀ ਰੰਗਿਆ ਸਗੋਂ ਲੋਕਾਂ ਨੂੰ ਅਣਖ ਨਾਲ ਜਿਊਣ ਦੀ ਜਾਚ ਵੀ ਸਿਖਾਈ। ਜਿਹੜੇ ਲੋਕਾਂ ਨੂੰ ਆਸ ਨਹੀਂ ਸੀ ਕਿ ਉਨ੍ਹਾਂ ਦੇ ਹੱਥ ਵਿਚ ਕੱਚੇ ਭਾਂਡਿਆਂ ਦੀ ਥਾਂ ਤਲਵਾਰਾਂ ਹੋਣਗੀਆਂ, ਉਨ੍ਹਾਂ ਨੇ ਬੜੇ ਜੋਸ਼ ਨਾਲ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ। ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ ‘ਮਰਦਊਪੁਣੇ’ ਦੀ ਭਾਵਨਾ ਜਾਗ੍ਰਿਤ ਕਰਨ ਲਈ ਇਸ ਦਾ ਨਾਂ ਬਦਲ ਕੇ ‘ਹੋਲਾ’ ਰਖਿਆ ਜਿਸ ਤਰ੍ਹਾਂ ਪਹਿਲਾਂ ਕਈ ਚੀਜ਼ਾਂ ਦੇ ਮਰਦਾਵੇਂ ਨਾਂ ਰੱਖੇ ਸਨ। ਫਿਰ ਸ਼ਬਦ ‘ਮਹੱਲਾ’ ਨਾਲ ਲਾ ਕੇ ਇਸ ਨੂੰ ‘ਹੋਲੇ ਮਹੱਲੇ’ ਦਾ ਨਾਂ ਦਿਤਾ ਗਿਆ। ਹੋਲੇ ਦਾ ਅਰਥ ਹੈ ਹੱਲਾ, ਮਹੱਲਾ ਉਸ ਥਾਂ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਜਿੱਤ ਕੇ ਉਥੇ ਆਸਣ ਲਾਇਆ ਜਾਵੇ।

ਇਸ ਰੀਤ ਨੂੰ ਕਾਇਮ ਰੱਖਣ ਲਈ ਦਸਮੇਸ਼ ਪਿਤਾ ਨੇ 1757 ਬਿ. ਵਿਚ ਕਿਲ੍ਹਾ ਹੋਲਗੜ੍ਹ ਦੀ ਸਥਾਪਨਾ ਕੀਤੀ ਅਤੇ ਹੋਲੇ ਮਹੱਲੇ ਦੇ ਤਿਉਹਾਰ ਨੂੰ ਅਪਣੀ ਦੇਖ-ਰੇਖ ਹੇਠ ਮਨਾਉਣਾ ਸ਼ੁਰੂ ਕੀਤਾ। ਸਿੰਘਾਂ ਦੀਆਂ ਫ਼ੌਜਾਂ ਦੇ ਦੋ ਦਲ ਬਣਾ ਲਏ ਜਾਂਦੇ ਸਨ। ਇਕ ਦਲ ਨੇ ਕੇਸਰੀ ਬਸਤਰ ਪਹਿਨੇ ਹੁੰਦੇ ਸਨ ਅਤੇ ਦੂਸਰੇ ਦਲ ਨੇ ਚਿੱਟੇ। ਇਕ ਦਲ ਕਿਲ੍ਹਾ ਹੋਲਗੜ੍ਹ ਦੀ ਰਾਖੀ ਕਰਦਾ ਅਤੇ ਦੂਜਾ ਦਲ ਉਸ ਉਪਰ ਹਮਲਾ ਕਰਦਾ। ਜਿੱਤਣ ਵਾਲੇ ਦਲ ਨੂੰ ਗੁਰੂ ਗੋਬਿੰਦ ਸਿੰਘ ਜੀ ਅਪਣੇ ਹੱਥੀਂ ਇਨਾਮ ਦਿੰਦੇ। ਇਹ ਬਨਾਉਟੀ ਯੁਧ ਕਰਨੇ ਉਸ ਸਮੇਂ ਦੀ ਲੋੜ ਬਣ ਚੁੱਕੀ ਸੀ ਕਿਉਂਕਿ ਗੁਰੂ ਸਾਹਿਬ ਇਕ ਬਹੁਤ ਵੱਡੇ ਮਨੋਵਿਗਿਆਨੀ ਵੀ ਸਨ। ਉਹ ਜਾਣਦੇ ਸਨ ਕਿ ਜਿਹੜੇ ਲੋਕੀ ਇਸ ਬਨਾਉਟੀ ਜੰਗ ਵਿਚ ਭਾਗ ਲੈਣਗੇ ਜਾਂ ਇਸ ਜੰਗ ਨੂੰ ਵੇਖਣਗੇ, ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ। ਇਹ ਗੁਰੂ ਸਾਹਿਬ ਦੀ ਸੋਚ ਹੀ ਸੀ, ਜਿਨ੍ਹਾਂ ਨੇ ਬੜੇ ਸੁੰਦਰ ਤਰੀਕੇ ਨਾਲ ਲੋਕਾਂ ਨੂੰ ਜਿਊਣ ਦਾ ਢੰਗ ਸਿਖਾਇਆ ਜਿਹੜਾ ਸ਼ਾਇਦ ਕਿਸੇ ਹੋਰ ਕੋਲੋਂ ਨਹੀਂ ਸੀ ਹੋਣਾ।

ਅੱਜ ਵੀ ਹਰ ਸਾਲ ਹੋਲੇ ਮਹੱਲੇ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲਗਦਾ ਹੈ। ਤਿਆਰ-ਬਰ-ਤਿਆਰ ਹੋਏ ਨਿਹੰਗ ਸਿੰਘ ਕਿਲ੍ਹਾ ਆਨੰਦਗੜ੍ਹ ਦੇ ਸਾਹਮਣਿਉਂ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਤੋਂ ਇਕ ਨਗਰ ਕੀਰਤਨ ਆਰੰਭ ਕਰਦੇ ਹਨ। ਗਤਕਾ ਖੇਡਦੇ ਗੁਲਾਲ ਦੀ ਵਰਖਾ ਕਰਦੇ ਹੋਏ ਨਿਹੰਗ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਅਤੇ ਦੇਹੁਰਾ ਮਾਤਾ ਜੀਤੋ ਜੀ ਨੂੰ ਮੱਥਾ ਟੇਕਣ ਉਪ੍ਰੰਤ ‘ਚਰਨ ਗੰਗਾ’ ਦੇ ਸਥਾਨ ’ਤੇ ਖੁੱਲ੍ਹੀ ਜਗ੍ਹਾ ਵਿਚ ਅਪਣੀ ਕਲਾ ਦੇ ਜੌਹਰ ਵਿਖਾਉਂਦੇ ਹੋਏ ਮੇਲੇ ਦੀ ਸਮਾਪਤੀ ਕਰਦੇ ਹਨ। ਇਹ ਦ੍ਰਿਸ਼ ਬੜਾ ਮਨਮੋਹਕ ਹੁੰਦਾ ਹੈ।

ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਵੀ ਬੜੀ ਸ਼ਾਨੋ-ਸ਼ੌਕਤ ਨਾਲ ਹੋਲਾ-ਮਹੱਲਾ ਮਨਾਇਆ ਜਾਂਦਾ ਹੈ। ਉਂਜ ਤਾਂ ਹਰ ਤਿਉਹਾਰ ਦੀ ਅਪਣੀ ਵਿਸ਼ੇਸ਼ਤਾ ਹੈ। ਬਾਕੀ ਸਾਰੇ ਤਿਉਹਾਰਾਂ ਤੇ ਲੋਕ ਨਵੇਂ-ਨਵੇਂ ਸੋਹਣੇ ਕਪੜੇ ਪਾ ਕੇ ਮੇਲਾ ਵੇਖਣ ਜਾਂਦੇ ਹਨ ਪਰ ਸਿਰਫ਼ ਹੋਲੀ ਦਾ ਤਿਉਹਾਰ ਹੀ ਇਕ ਅਜਿਹਾ ਤਿਉਹਾਰ ਹੈ ਜਿਸ ਦਿਨ ਲੋਕੀਂ ਅਪਣੇ ਪੁਰਾਣੇ ਤੋਂ ਪੁਰਾਣੇ ਕਪੜੇ ਕਢ ਕੇ ਪਾਉਂਦੇ ਹਨ ਪਰ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਅਤੇ ਖ਼ੁਸ਼ੀ ਕਿਤੇ ਦੁਗਣੀ-ਚੌਗਣੀ ਝਲਕਦੀ ਹੁੰਦੀ ਹੈ। ਇਹ ਤਿਉਹਾਰ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਖ਼ੁਸ਼ ਰਹਿਣ ਲਈ ਕੇਵਲ ਭੌਤਿਕ ਵਸਤਾਂ ਜਾਂ ਗਹਿਣਿਆਂ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਅੰਦਰੂਨੀ ਖ਼ੁਸ਼ੀ ਦਾ ਹੋਣਾ ਬਹੁਤ ਜ਼ਰੂਰੀ ਹੈ।

ਜਿਥੇ ਇਹ ਰੰਗ ਅਪਣੀ ਮਹਿਕ ਨਾਲ ਲੋਕਾਂ ਦੇ ਚਿਹਰੇ ਨਸ਼ਿਆਉਂਦੇ ਹਨ, ਉਥੇ ਇਨ੍ਹਾਂ ਰੰਗਾਂ ਵਿਚ ਰੰਗੇ ਲੋਕ ਧਰਮਾਂ, ਜਾਤਾਂ, ਗੋਤਾਂ, ਮਜ਼੍ਹਬਾਂ ਅਤੇ ਗ਼ਰੀਬੀ-ਅਮੀਰੀ ਦੇ ਭੇਦ ਭੁਲਾ ਕੇ ਇਕ-ਦੂਜੇ ਨੂੰ ਗਲ ਨਾਲ ਲਾਉਂਦੇ ਹਨ। ਕਿੰਨਾ ਚੰਗਾ ਹੋਵੇ ਜੇ ਇਹ ਪਿਆਰ ਦੇ ਰੰਗ ਅਸੀ ਇਕ ਦੂਜੇ ਤੇ ਹਰ ਰੋਜ਼ ਛਿੜਕਦੇ ਰਹੀਏ ਅਤੇ ਨਫ਼ਰਤਾਂ ਦੀ ਚਲ ਰਹੀ ਹਨੇਰੀ ਨੂੰ ਠੱਲ੍ਹ ਪਾ ਸਕੀਏ, ਬਦੀ ਉਤੇ ਨੇਕੀ ਦੀ ਜਿੱਤ ਹੋਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਹੋਏ ਸੁਪਨੇ ਸਾਕਾਰ ਹੋਣ।

ਡਾ. ਅਮਨਦੀਪ ਸਿੰਘ ਟੱਲੇਵਾਲੀਆ
ਮੋਬਾ : 98146-99446

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM