
ਜੇਲਾਂ ਨੂੰ ਸੁਧਾਰ ਘਰ ਕਿਵੇਂ ਬਣਾਇਆ ਜਾਵੇ?
ਕੱਲ ਤੋਂ ਅੱਗੇ)
ਮੁਹਾਲੀ: ਕੈਦ ਵਿਚ ਔਰਤਾਂ ਦੀ ਮਾਨਸਕ ਦਸ਼ਾ ਬਾਰੇ ਖ਼ਾਸ ਖ਼ਿਆਲ ਨਹੀਂ ਰਖਿਆ ਜਾਂਦਾ। ਕੈਦ ਵਿਚੋਂ ਛੁੱਟ ਜਾਣ ਬਾਅਦ ਬਹੁਤੇ ਟੱਬਰ ਅਜਿਹੀਆਂ ਔਰਤਾਂ ਨੂੰ ਵਾਪਸ ਨਹੀਂ ਅਪਣਾਉਂਦੇ। ਕੈਦ ਵਿਚ ਮਾਵਾਂ ਨੂੰ ਆਮ ਤੌਰ ਉਤੇ ਘਰ ਵਾਲਿਆਂ ਵਲੋਂ ਬੱਚਿਆਂ ਨਾਲ ਮੁਲਾਕਾਤ ਨਹੀਂ ਕਰਨ ਦਿਤੀ ਜਾਂਦੀ, ਜੋ ਕੈਦੀ ਮਾਵਾਂ ਦੇ ਮਨਾਂ ਉਤੇ ਹੋਰ ਡੂੰਘਾ ਅਸਰ ਕਰਦੀ ਹੈ। ਕੁੱਲ ਮਿਲਾ ਕੇ ਨਿਚੋੜ ਇਹ ਕਢਿਆ ਗਿਆ ਕਿ ਜੇਲ ਵਿਚ ਕੈਦ ਔਰਤਾਂ ਨਾਲ ਵਿਹਾਰ ਵਿਚ ਹਮਦਰਦੀ ਤੇ ਇੱਜ਼ਤ ਦੀ ਬਹੁਤ ਘਾਟ ਹੈ। ਜੇਕਰ ਦੁਨੀਆਂ ਭਰ ਦੀਆਂ ਜੇਲਾਂ ਅੰਦਰ ਖ਼ੁਦਕੁਸ਼ੀਆਂ ਦੀ ਗੱਲ ਕਰੀਏ ਤਾਂ ਇਕ ਗੱਲ ਬੜੀ ਉਭਰ ਕੇ ਸਾਹਮਣੇ ਆਉਂਦੀ ਹੈ। ਲਗਭਗ 26 ਫ਼ੀ ਸਦੀ ਖ਼ੁਦਕੁਸ਼ੀਆਂ ਪਹਿਲੇ ਤਿੰਨ ਦਿਨ ਦੀ ਕੈਦ ਵਿਚ ਹੀ ਹੁੰਦੀਆਂ ਹਨ। ਅੰਕੜਿਆਂ ਮੁਤਾਬਕ 41 ਫ਼ੀ ਸਦੀ ਖ਼ੁਦਕੁਸ਼ੀਆਂ ਜਾਂ ਕੁਦਰਤੀ ਮੌਤਾਂ ਕੈਦ ਹੋਣ ਤੋਂ ਇਕ ਹਫ਼ਤੇ ਅੰਦਰ ਹੁੰਦੀਆਂ ਹਨ। ਸੰਨ 2011 ਤੋਂ 2014 ਤਕ 24 ਮੁਲਕਾਂ ਦੀਆਂ ਜੇਲਾਂ ਵਿਚਲੀ ਰੀਪੋਰਟ ਦਸਦੀ ਹੈ ਕਿ 3906 ਕੈਦੀਆਂ ਨੇ ਖ਼ੁਦਕੁਸ਼ੀ ਕੀਤੀ। ਇਨ੍ਹਾਂ ਵਿਚੋਂ 93 ਫ਼ੀ ਸਦੀ ਬੰਦੇ ਸਨ ਤੇ 7 ਫ਼ੀ ਸਦੀ ਔਰਤਾਂ।
suicide
ਨੌਰਵੇ ਤੇ ਸਵੀਡਨ ਵਿਚਲੀਆਂ ਜੇਲਾਂ ਵਿਚ ਸੱਭ ਤੋਂ ਵੱਧ ਖ਼ੁਦਕੁਸ਼ੀਆਂ ਰਿਕਾਰਡ ਕੀਤੀਆਂ ਗਈਆਂ ਜਿਨ੍ਹਾਂ ਵਿਚ ਇਕ ਲੱਖ ਕੈਦੀਆਂ ਵਿਚੋਂ 100 ਜਣੇ ਖ਼ੁਦਕੁਸ਼ੀ ਕਰਦੇ ਪਾਏ ਗਏ। ਡੈਨਮਾਰਕ ਵਿਚ 91, ਬੈਲਜੀਅਮ ਤੇ ਫ਼ਰਾਂਸ ਵਿਚ ਵੀ ਲਗਭਗ 100, ਅਮਰੀਕਾ ਤੇ ਅਸਟ੍ਰੇਲੀਆ ਵਿਚ 23 ਤੋਂ 180 ਤਕ। ਇਨ੍ਹਾਂ ਸਾਰੀਆਂ ਥਾਵਾਂ ਉਤੇ ਕਾਰਨ ਇਹੋ ਲਭਿਆ ਗਿਆ ਕਿ ਜੇਲ ਦੀ ਚਾਰ-ਦੀਵਾਰੀ ਵਿਚ ਮਾਨਸਕ ਸਿਹਤ ਦਾ ਬਿਲਕੁਲ ਖ਼ਿਆਲ ਨਹੀਂ ਰਖਿਆ ਜਾਂਦਾ। ਦਰਅਸਲ ਜਿਹੜਾ ਨੁਕਤਾ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਉਹ ਇਹ ਹੈ ਕਿ ਸਜ਼ਾਯਾਫ਼ਤਾ ਔਰਤਾਂ ਪਹਿਲਾਂ ਜ਼ੁਲਮ ਜਾਂ ਤਸ਼ੱਦਦ ਦਾ ਸ਼ਿਕਾਰ ਹੋਣ ਸਦਕਾ ਹੀ ਜੁਰਮ ਵਲ ਧਕੀਆਂ ਜਾਂਦੀਆਂ ਹਨ। ਜੇਲ ਵਿਚ ਉੱਕਾ ਹੀ ਨਕਾਰਿਆ ਜਾਣਾ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ। ਇਸੇ ਲਈ ਖ਼ੁਦਕੁਸ਼ੀ ਕਰ ਲੈਂਦੀਆਂ ਹਨ ਜਾਂ ਮਾਨਸਿਕ ਰੋਗੀ ਬਣ ਕੇ ਸਿਰਫ਼ ਤਿਰਸਕਾਰ ਦਾ ਪਾਤਰ ਹੀ ਬਣ ਜਾਂਦੀਆਂ ਹਨ ਤੇ ਮਰ ਖੱਪ ਜਾਂਦੀਆਂ ਹਨ। ਉਨ੍ਹਾਂ ਦੀਆਂ ਸ੍ਰੀਰਕ ਲੋੜਾਂ, ਜੋ ਬੰਦਿਆਂ ਤੋਂ ਵੱਖ ਹਨ, ਵੀ ਧਿਆਨ ਵਿਚ ਨਹੀਂ ਰੱਖੀਆਂ ਜਾਂਦੀਆਂ।
suicide
ਜੇਕਰ ਭਾਰਤ ਦੀ ਗੱਲ ਕਰੀਏ ਤਾਂ 31 ਦਸੰਬਰ 2018 ਨੂੰ ਜਾਰੀ ਰੀਪੋਰਟ ਅਨੁਸਾਰ 1401 ਜੇਲਾਂ ਹਨ ਜਿਨ੍ਹਾਂ ਵਿਚ 3,96,223 ਕੈਦੀ ਹਨ। ਕਾਲੇ ਪਾਣੀ ਦੀ ਸੈਲੂਲਰ ਜੇਲ 1857 ਵਿਚ 4000 ਕ੍ਰਾਂਤੀਕਾਰੀਆਂ ਨਾਲ ਤੁੰਨ ਦਿਤੀ ਗਈ ਸੀ। ਅੰਡੇਮਾਨ ਨਿਕੋਬਾਰ ਵਿਚ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਭੁੱਖੇ ਭਾਣੇ ਜੇਲ ਦੀ ਉਸਾਰੀ ਵਾਸਤੇ ਪਹਾੜੀ ਉੱਪਰ ਦਰੱਖ਼ਤ ਤਕ ਪਿੱਠ ਉਤੇ ਬੰਨ੍ਹ ਕੇ ਲਿਜਾਉਣ ਲਈ ਮਜਬੂਰ ਕੀਤਾ ਗਿਆ ਤੇ ਮਰ ਜਾਣ ਵਾਲਿਆਂ ਦੀਆਂ ਲਾਸ਼ਾਂ ਸਮੁੰਦਰ ਵਿਚ ਸੁੱਟ ਦਿਤੀਆਂ ਗਈਆਂ। ਉਥੇ ਸਿਰਫ਼ ਮੌਤ ਹੀ ਇਸ ਕਿਸਮ ਦੇ ਨਰਕ ਤੋਂ ਨਿਜਾਤ ਪਾਉਣ ਦਾ ਰਾਹ ਸੀ। ਲਗਭਗ 6 ਮਹੀਨੇ ਇਕੱਲੇ ਬੰਦ ਕਮਰੇ ਵਿਚ ਡੱਕ ਕੇ ਡੇਢ ਕਿੱਲੋ ਦੇ ਕਰੀਬ ਰੋਜ਼ ਨਾਰੀਅਲ ਦਾ ਨਲੇਰ (ਬਾਹਰੀ ਫ਼ਾਈਬਰ) ਹੱਥਾਂ ਨਾਲ ਛਿੱਲਣ ਦਾ ਕੰਮ ਦਿਤਾ ਜਾਂਦਾ ਸੀ। ਜਿਹੜੇ ਸ਼ਿਕਾਇਤ ਕਰਦੇ, ਉਨ੍ਹਾਂ ਨੂੰ ਨਾਗਕਣੀ (ਕੈਕਟਸ) ਛਿੱਲਣ ਲਗਾ ਦਿਤਾ ਜਾਂਦਾ ਸੀ। ਫਿਰ ਚੇਨਾਂ ਵਿਚ ਬੰਨ੍ਹ ਕੇ ਤੇਲ ਕੱਢਣ ਲਗਾ ਦਿਤਾ ਜਾਂਦਾ।
Prison
ਕਿਸੇ ਵਲੋਂ 'ਸੀ' ਕਰ ਜਾਣ ਉਤੇ 7 ਦਿਨ ਤਕ ਕੰਧ ਨਾਲ ਖਲੋ ਕੇ ਚੇਨ ਨਾਲ ਹੱਥ ਬੰਨ੍ਹ ਦਿਤੇ ਜਾਂਦੇ। ਅਣਗਿਣਤ ਲੋਕ ਸੱਪ ਤੇ ਠੂੰਹੇਂ ਦੇ ਵੱਢੇ ਜਾਣ ਨਾਲ ਮਰ ਗਏ। ਤਿਹਾੜ ਜੇਲ (ਦਿੱਲੀ) ਅਪਣੇ ਵਿਚ ਬਥੇਰੀਆਂ ਦਰਦਨਾਕ ਕਹਾਣੀਆਂ ਲੁਕਾਈ ਬੈਠੀ ਹੈ ਜਿਸ ਵਿਚ 14 ਹਜ਼ਾਰ ਤੋਂ ਵੱਧ ਕੈਦੀ, ਵੀ.ਆਈ.ਪੀ., ਵਪਾਰੀ ਤੇ ਸਿਆਸਤਦਾਨਾਂ ਦੇ ਨਾਲ ਢੇਰ ਸਾਰੇ ਸਿੱਖ ਵੀ ਨਜ਼ਰਬੰਦ ਹਨ। ਯੇਰਵੜਾ ਜੇਲ (ਪੂਨਾ) 512 ਏਕੜ ਵਿਚ ਬਣੀ ਹੈ ਤੇ ਇਸ ਵਿਚ 3000 ਕੈਦੀ ਹਨ। ਇਸ ਵਿਚ ਪਹਿਲਾਂ ਮਹਾਤਮਾ ਗਾਂਧੀ ਵੀ ਕੈਦ ਰਹੇ ਤੇ ਪਿੱਛੇ ਜਹੇ ਅਜਮਲ ਕਸਾਬ ਨੂੰ ਮੁੰਬਈ ਉਤੇ ਹਮਲੇ ਲਈ ਫਾਂਸੀ ਦਿਤੀ ਗਈ। ਇਸ ਵਿਚ ਸੰਜੇ ਦੱਤ ਐਕਟਰ ਵੀ ਕੈਦ ਰਿਹਾ ਸੀ।
ਪੰਜਾਬ ਦੀ ਗੱਲ ਕਰੀਏ ਤਾਂ ਤਾਜ਼ਾ ਰੀਪੋਰਟ ਅਨੁਸਾਰ ਕੁੱਲ 25 ਜੇਲਾਂ ਵਿਚ 16,826 ਮਰਦ ਅਤੇ 955 ਔਰਤਾਂ ਕੈਦ ਹਨ। ਇਨ੍ਹਾਂ ਵਿਚੋਂ ਐਨ.ਡੀ.ਪੀ.ਐਸ. ਐਕਟ ਅਧੀਨ 7195 ਬੰਦੇ ਤੇ 351 ਔਰਤਾਂ ਕੈਦ ਹਨ। ਵਤਨੋਂ ਪਾਰ ਦੇ ਕੈਦੀ 165 ਬੰਦੇ ਤੇ 29 ਔਰਤਾਂ ਹਨ। ਜੇਲ ਕਰਮਚਾਰੀਆਂ ਦੀਆਂ ਤਨਖ਼ਾਹਾਂ ਲਈ 168 ਕਰੋੜ ਰੁਪਏ ਖ਼ਰਚ ਕੀਤੇ ਜਾਂਦੇ ਹਨ। ਸਤੰਬਰ 2020 ਦੀ ਰੀਪੋਰਟ ਅਨੁਸਾਰ ਜੇਲਾਂ ਅੰਦਰ ਡੀ-ਐਡਿਕਸ਼ਨ ਤਹਿਤ 75,193 ਕੈਦੀ ਇਲਾਜ ਲੈ ਚੁੱਕੇ ਹਨ ਤੇ 161 ਹੁਣ ਵੀ ਲੈ ਰਹੇ ਹਨ। ਇਨ੍ਹਾਂ ਵਿਚੋਂ 138 ਨਸ਼ਾ ਛੱਡ ਚੁੱਕੇ ਹਨ ਤੇ 5190 ਜੇਲਾਂ ਵਿਚਲੇ ਓਟ ਸੈਂਟਰ ਤੋਂ ਦਵਾਈਆਂ ਖਾ ਰਹੇ ਹਨ। ਪੰਜਾਬ ਵਿਚਲੀਆਂ ਜੇਲਾਂ ਵਿਚ ਡੱਕੇ ਵੱਡੇ-ਵੱਡੇ ਗੈਂਗਸਟਰ 262 ਹਨ, (8 ਸਤੰਬਰ 2020 ਦੀ ਰੀਪੋਰਟ ਅਨੁਸਾਰ)।
ਹਿਟਲਰ ਵੇਲੇ ਦੀਆਂ ਜੇਲਾਂ ਵਿਚਲੇ ਤਸ਼ੱਦਦ ਕਿਸੇ ਤੋਂ ਲੁਕੇ ਨਹੀਂ। ਉਥੇ ਲੱਤਾਂ ਸਿੱਧੀਆਂ ਕਰਨ ਦੀ ਵੀ ਥਾਂ ਨਹੀਂ ਦਿਤੀ ਜਾਂਦੀ ਸੀ। ਮਾਰ-ਕੁਟਾਈ, ਭੁੱਖੇ ਰਖਣਾ, ਅਣਮਨੁੱਖੀ ਤਸ਼ੱਦਦ, ਅੰਗ ਵਢਣੇ, ਬਰਫ਼ ਵਿਚ ਲਗਾਉਣਾ, ਉਬਾਲਣਾ, ਲੋੜੋਂ ਵੱਧ ਕੰਮ ਕਰਵਾਉਣਾ, ਦੋ ਸਾਲ ਦੇ ਬੱਚੇ ਤਕ ਨੂੰ ਤੜਫ਼ਾਉਣਾ, ਗੈਸ ਚੈਂਬਰਾਂ ਵਿਚ ਮਾਰਨਾ, ਚੂਹੇ ਖਾਣ ਲਈ ਮਜਬੂਰ ਕਰਨਾ, ਪਾਣੀ ਵਿਚ ਜਾਂ ਰੇਤ ਵਿਚ ਦੱਬ ਕੇ ਮਾਰਨਾ, ਪੁੱਠਾ ਟੰਗ ਕੇ ਸਿਰ ਨੂੰ ਗਰੀਸ ਵਿਚ ਡੁਬੋ ਦੇਣਾ, ਗੁਪਤ ਅੰਗ ਵਢਣੇ, ਸਿਗਰਟਾਂ ਨਾਲ ਬੱਚਿਆਂ ਨੂੰ ਸਾੜਨਾ ਆਦਿ ਬੇਅੰਤ ਜ਼ੁਲਮ ਢਾਹੇ ਜਾਂਦੇ ਸਨ। ਨਿੱਕੇ ਬਾਲਾਂ ਨੂੰ ਬਰਫ਼ ਵਿਚ ਜਮਾ ਕੇ ਠੁੱਡੇ ਮਾਰ-ਮਾਰ ਕੇ ਤੜਫ਼ਾਉਣਾ ਵੀ ਆਮ ਹੀ ਗੱਲ ਬਣ ਗਈ ਸੀ।
ਜੇਲਾਂ ਨੂੰ ਸੁਧਾਰ ਘਰ ਕਿਵੇਂ ਬਣਾਇਆ ਜਾਵੇ? : ਜੇਲਾਂ ਅੰਦਰ ਤਾੜ ਕੇ, ਤਸ਼ੱਦਦ ਢਾਹੁੰਦਿਆਂ ਮਾਨਸਿਕ ਰੋਗੀ ਬਣਾ ਕੇ ਕੈਦੀਆਂ ਨੂੰ ਬਾਹਰ ਕਢਣਾ ਜਾਂ ਪਹਿਲਾਂ ਤੋਂ ਵੀ ਕੱਟੜ ਗੈਂਗਸਟਰ ਬਣਾ ਕੇ ਬਾਹਰ ਕਢਣਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਇਸੇ ਲਈ ਕਈ ਸੁਧਾਰਾਂ ਦਾ ਜ਼ਿਕਰ ਕਰਦਾ ਹੈ ਜਿਸ ਨਾਲ ਸਮਾਜ ਵਿਚ ਚੰਗੇ ਲੋਕਾਂ ਦੀ ਭਰਮਾਰ ਹੋ ਸਕੇ ਤੇ ਜੁਰਮ ਘੱਟ ਸਕੇ।
1. ਜੇਲਾਂ ਵਿਚ ਪੱਕੇ ਮੁਜਰਮਾਂ ਤੇ ਨਿਆਂ ਦੀ ਉਡੀਕ ਅਧੀਨ ਡੱਕੇ ਬੇਦੋਸ਼ੇ ਕੈਦੀਆਂ ਨੂੰ ਵੱਖੋ-ਵੱਖ ਰੱਖਣ ਦੀ ਲੋੜ ਹੈ।
2. ਅਪਰਾਧਕ ਕਾਨੂੰਨ ਪ੍ਰਣਾਲੀ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ।
3. ਕੈਦੀਆਂ ਨੂੰ ਕਮਾਈ ਦੇ ਨਵੇਂ ਵਸੀਲਿਆਂ ਬਾਰੇ ਜਾਣਕਾਰੀ ਦੇਣੀ ਤਾਕਿ ਕੈਦ ਵਿਚੋਂ ਬਾਹਰ ਨਿਕਲ ਕੇ ਕਿਰਤ ਕਰਨ ਵਲ ਉਨ੍ਹਾਂ ਦਾ ਝੁਕਾਅ ਹੋਵੇ।
4. ਕਸਰਤ, ਯੋਗ ਆਦਿ ਵਲ ਰੁਝਾਨ ਬਣਾਉਣਾ ਤਾਕਿ ਨਸ਼ਿਆਂ ਤੋਂ ਛੁਟਕਾਰਾ ਹੋ ਸਕੇ।
5. ਮਾਨਸਕ ਸਿਹਤ ਠੀਕ ਰੱਖਣ ਲਈ ਰੈਗੂਲਰ ਮਾਨਸਕ ਚੈੱਕਅੱਪ, ਮੈਡੀਟੇਸ਼ਨ, ਕਿਤਾਬਾਂ ਪੜ੍ਹਨ, ਉਸਾਰੂ ਲੇਖਣੀ ਆਦਿ ਵਲ ਧਿਆਨ ਕੀਤਾ ਜਾਵੇ।
6. ਜੇਲ ਅੰਦਰ ਲਾਇਬ੍ਰੇਰੀਆਂ ਵਿਚ ਬੈਠਣਾ ਲਾਜ਼ਮੀ ਹੋਵੇ। ਅੱਗੋਂ ਹੋਰ ਪੜ੍ਹਨ ਵਲ ਪ੍ਰੇਰਿਤ ਕੀਤਾ ਜਾਵੇ।
7. ਵਪਾਰ ਚਲਾਉਣ ਦੇ ਢੰਗ ਸਿਖਾਉਣੇ ਤਾਕਿ ਜੇਲ ਵਿਚੋਂ ਬਾਹਰ ਜਾ ਕੇ ਸੌਖਿਆਂ ਕਮਾਈ ਸ਼ੁਰੂ ਕੀਤੀ ਜਾ ਸਕੇ। ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਊਣਾ ਸਿਖਾਇਆ ਜਾਵੇ।
8. ਪ੍ਰੇਰਣਾਦਾਇਕ ਫ਼ਿਲਮਾਂ, ਦੇਸ਼ ਭਗਤੀ ਵਾਲੇ ਕਿਰਦਾਰਾਂ ਤੇ ਸ਼ਹੀਦਾਂ ਦੀਆਂ ਜ਼ਿੰਦਗੀਆਂ ਵਿਚ ਝਾਤ ਮਰਵਾਈ ਜਾਵੇ।
9. ਸਭਿਆਚਾਰਕ ਪ੍ਰੋਗਰਾਮ ਰੈਗੂਲਰ ਤੌਰ ਤੇ ਹੋਣ।
10. ਕਾਰੀਗਰੀ ਤੇ ਹਸਤਕਲਾ ਸਿਖਾਈ ਜਾਵੇ।
ਇਤਿਹਾਸ :- ਈਸਾ ਮਸੀਹ ਤੋਂ 1750 ਸਾਲ ਪਹਿਲਾਂ ਜੇਲਾਂ ਵਰਗੇ ਸੈੱਲਰਾਂ ਦਾ ਜ਼ਿਕਰ ਮਿਲਦਾ ਹੈ ਜਿਥੇ ਕਾਨੂੰਨ ਤੋੜਨ ਵਾਲੇ ਵਲੋਂ 'ਫ਼ਾਈਨ' ਦੀ ਰਕਮ ਨਾ ਭਰਨ ਪਿੱਛੇ ਡੱਕ ਦਿਤਾ ਜਾਂਦਾ ਸੀ। ਕਈ ਵਾਰ ਚੇਨ ਨਾਲ ਬੰਨ੍ਹ ਦਿਤਾ ਜਾਂਦਾ ਸੀ। ਰੋਮ ਵਿਚ ਪਹਿਲੀ ਵਾਰ ਅਜਿਹੀਆਂ ਸਜ਼ਾਵਾਂ ਦਾ ਜ਼ਿਕਰ ਮਿਲਦਾ ਹੈ। ਈਸਾ ਮਸੀਹ ਤੋਂ 640 ਸਾਲ ਪਹਿਲਾਂ ਦੀਆਂ ਕੁੱਝ ਜੇਲਾਂ, ਖ਼ਾਸ ਕਰ 'ਮੈਮਰਟੀਨ ਜੇਲ' ਸੀਵਰੇਜ ਵਾਲੇ ਗੰਦ ਵਿਚ ਬਣਾਈ ਗਈ ਸੀ। ਜੇਲ੍ਹ ਭਰ ਜਾਣ ਬਾਅਦ ਵਾਲੇ ਕੈਦੀਆਂ ਨੂੰ ਬੰਧੂਆ ਮਜ਼ਦੂਰੀ ਵਲ ਧੱਕ ਦਿਤਾ ਜਾਂਦਾ ਸੀ।
ਸਾਰ : ਪਹਿਲੇ ਸਮਿਆਂ ਵਿਚ ਜੁਰਮ ਕਰਨ ਉਤੇ ਸਜ਼ਾਵਾਂ ਦਿਤੀਆਂ ਜਾਂਦੀਆਂ ਸਨ। ਫਿਰ ਹੌਲੀ-ਹੌਲੀ ਤਗੜੇ ਨੇ ਮਾੜੇ ਦੇ ਹੱਕ ਦੱਬਣ ਪਿੱਛੇ ਉਨ੍ਹਾਂ ਨੂੰ ਜੇਲਾਂ ਵਿਚ ਤੁੰਨਣਾ ਸ਼ੁਰੂ ਕਰ ਦਿਤਾ। ਅੱਗੋਂ ਮਨੁੱਖੀ ਹੈਂਕੜ ਨੇ ਬਥੇਰੇ ਬੇਕਸੂਰਾਂ ਨੂੰ ਜੇਲਾਂ ਦੇ ਬਹਾਨੇ ਝੂਠੇ ਕੇਸਾਂ ਤਹਿਤ ਮਾਰ ਮੁਕਾਇਆ। ਗੱਲ ਤਾਂ ਇਥੇ ਮੁੱਕਦੀ ਹੈ ਕਿ ਈਸਾ ਮਸੀਹ ਦੇ ਪਹਿਲਾਂ ਤੋਂ ਲੈ ਕੇ ਹੁਣ ਤਕ ਨਾ ਤਾਂ ਸਮਾਜ ਔਰਤਾਂ ਤੇ ਗ਼ਰੀਬਾਂ ਨੂੰ ਬਰਾਬਰ ਦੇ ਹੱਕ ਦੇ ਸਕਿਆ ਹੈ ਤੇ ਨਾ ਹੀ ਉਨ੍ਹਾਂ ਦੇ ਹੱਕਾਂ ਦੀ ਮੰਗ ਨੂੰ ਜਰ ਸਕਿਆ ਹੈ।
ਡਾ.ਹਰਸ਼ਿੰਦਰ ਕੌਰ ,ਸੰਪਰਕ : 0175-2216783