
ਦੋ-ਤਿੰਨ ਦਹਾਕੇ ਪਹਿਲਾਂ ਜਦੋਂ ਵਾਢੀ ਦਾ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ ਤਾਂ ਜ਼ਿਮੀਂਦਾਰ ਨੂੰ ਚੜ੍ਹਦੇ ਚੇਤ ਹੀ ਹਾੜੀ ਦੀ ਫ਼ਸਲ ਨਾਲ ਸਬੰਧਤ ਕੰਮਾਂ ਦਾ ਜ਼ੋਰ ਪੈ ਜਾਂਦਾ
ਚੇਤ ਦਾ ਮਹੀਨਾ ਸ਼ੁਰੂ ਹੁੰਦੇ ਹੀ ਠੰਢ ਉਡਾਰੀ ਮਾਰ ਜਾਂਦੀ ਹੈ। ਮੌਸਮ ਦੇ ਤੇਵਰ ਬਦਲ ਜਾਂਦੇ ਹਨ। ਚੇਤ ਮਹੀਨੇ ਦੀ ਤੇਜ਼ ਧੁੱਪ ਅਤੇ ਚੱਲਣ ਵਾਲੀ ਤੇਜ਼ ਰੁੱਖੀ ਹਵਾ ਨਾਲ ਕਣਕਾਂ ਦਾ ਰੰਗ ਸੁਨਿਹਰੀ ਹੋਣ ਲੱਗ ਜਾਂਦਾ ਹੈ। ਕਣਕ ਦੇ ਪੱਕਣ ਅਤੇ ਵੱਢਣ ਦਾ ਸਮਾਂ ਨੇੜੇ ਆ ਜਾਂਦਾ ਹੈ। ਕਣਕ ਦੇ ਨਿੱਤ ਬਦਲਦੇ ਰੰਗ ਨੂੰ ਵੇਖ ਕੇ ਅਤੇ ਨਵੀਂ ਜਿਣਸ ਦੀ ਘਰ ਆਮਦ ਨੂੰ ਲੈ ਕੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ ਪਰਤ ਆਉਂਦੀਆਂ ਹਨ। ਅੱਜ ਤੋਂ ਦੋ-ਤਿੰਨ ਦਹਾਕੇ ਪਹਿਲਾਂ ਜਦੋਂ ਵਾਢੀ ਦਾ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ ਤਾਂ ਜ਼ਿਮੀਂਦਾਰ ਨੂੰ ਚੜ੍ਹਦੇ ਚੇਤ ਹੀ ਹਾੜੀ ਦੀ ਫ਼ਸਲ ਨਾਲ ਸਬੰਧਤ ਕੰਮਾਂ ਦਾ ਜ਼ੋਰ ਪੈ ਜਾਂਦਾ।
ਬਟੇਰ, ਕਾਹੀਂ, ਪਰਾਲੀ ਦੇ ਸੁੱਬ ਜਾਂ ਬੇੜਾਂ ਵਟਣੀਆਂ, ਦਾਤੀਆਂ ਦੇ ਦੰਦੇ ਕਢਵਾਉਣੇ, ਤਰੰਗਲੀ, ਦੁਸਾਂਗਾ, ਸੰਲਘ, ਸੱਬਰਗੱਤਾ ਜਾਂ ਇਹੋ ਜਹੇ ਹੋਰ ਸੰਦਾਂ ਦੀ ਮੁਰੰਮਤ ਕਰਵਾਉਣੀ ਜਾਂ ਨਵੇਂ ਲਿਆਉਣੇ, ਛੱਜਲੀ ਨੂੰ ਗੁੱਠਾਂ ਮੜ੍ਹਾਉਣੀਆਂ, ਬਲਦ ਗੱਡਾ, ਰੇਹੜੀ (ਗੱਡੀ) ਦੇ ਪਹੀਆਂ ਨੂੰ ਗਰੀਸ ਕਰਨਾ ਜਾਂ ਗੱਡੇ ਦਾ ਜੂਲਾ ਬੰਨ੍ਹਣਾ ਅਤੇ ਟੁੱਟ-ਭੱਜ ਦੀ ਮੁਰੰਮਤ ਕਰਨੀ ਹੁੰਦੀ। ਜਿਉਂ ਜਿਉਂ ਵਿਸਾਖੀ ਮੇਲਾ ਨੇੜੇ ਆਉਂਦਾ, ਕਿਸਾਨਾਂ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੂੰ ਇਸ ਦਾ ਚਾਅ ਹੁੰਦਾ। ਧਨੀ ਰਾਮ ਚਾਤ੍ਰਿਕ ਦੀਆਂ ਇਹ ਸਤਰਾਂ 'ਮਾਰਦਾ ਦਮਾਮੇ ਜੱਟ ਮੇਲੇ ਆ ਗਿਆ' ਇਸ ਗੱਲ ਦੀ ਸ਼ਾਹਦੀ ਭਰਦੀਆਂ ਹਨ। ਲੋਕ ਬੜੀ ਸ਼ਾਨੋ-ਸ਼ੌਕਤ ਨਾਲ ਸੱਜ-ਧੱਜ ਕੇ ਮੇਲਾ ਵੇਖਣ ਜਾਂਦੇ। ਵਿਸਾਖੀ, ਵਾਲੇ ਦਿਨ ਤੋਂ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ। ਇਹ ਆਮ ਕਹਾਵਤ ਵੀ ਹੈ 'ਆਈ ਵਿਸਾਖੀ ਖੇਤਾਂ ਦੀ ਮੁਕ ਗਈ ਰਾਖੀ' ਜਾਂ 'ਲੱਗ ਗਈ ਮੇਖ ਜੱਟਾ ਕੱਚੀ ਪੱਕੀ ਨਾ ਵੇਖ।' ਉਸ ਸਮੇਂ ਕਣਕ ਦੀ ਵਾਢੀ ਦਾ ਮੌਸਮ ਵੱਢਣ ਤੋਂ ਲੈ ਕੇ ਕੱਢਣ ਤਕ ਕਾਫ਼ੀ ਲੰਮਾ ਹੁੰਦਾ ਸੀ। ਖੇਤੀ ਕਰਨ ਵਾਲੇ ਜ਼ਿਮੀਂਦਾਰ ਤੋਂ ਇਲਾਵਾ ਹਰ ਵਰਗ ਦੇ ਮਿਹਨਤ-ਮਜ਼ਦੂਰੀ ਕਰਨ ਵਾਲੇ ਪ੍ਰਵਾਰਾਂ ਨੂੰ ਵੀ ਪੂਰਾ ਕੰਮ ਮਿਲਦਾ ਸੀ। ਮਿਹਨਤ ਕਰ ਕੇ ਹਰ ਪ੍ਰਵਾਰ ਸਾਲ ਭਰ ਦੀ ਖਾਣ ਗੋਚਰੀ ਕਣਕ ਕਮਾ ਲੈਂਦਾ ਸੀ। ਮਾਲ-ਡੰਗਰਾਂ ਵਾਸਤੇ ਤੂੜੀ ਹੋ ਜਾਂਦੀ ਸੀ। ਯੂ.ਪੀ. ਦੇ ਭਈਏ, ਬਿਹਾਰੀਏ ਵੀ ਆ ਕੇ ਅਪਣੇ ਪ੍ਰਵਾਰ ਦੀ ਰੋਟੀ ਕਮਾ ਲੈਂਦੇ। ਬਾਜ਼ੀਗਰ ਕਣਕ ਵਢਦਿਆਂ ਕੋਲ ਆ ਕੇ ਨੱਥਾਂ, ਸੋਟੀਆਂ, ਰਿਊੜੀਆਂ, ਮਿੱਠੀਆਂ ਗੋਲੀਆਂ ਦੇ ਜਾਂਦੇ ਅਤੇ ਬਦਲੇ ਵਿਚ ਕਿਸਾਨ ਲਾਂਗੀ ਦਾ ਰੁੱਗ ਦੇ ਦਿੰਦੇ। ਰੁੱਗ ਰੁੱਗ ਨਾਲ ਇਨ੍ਹਾਂ ਦੀ ਦਿਹਾੜੀ ਬਣ ਜਾਂਦੀ। ਗ਼ਰੀਬ ਪ੍ਰਵਾਰਾਂ ਦੀਆਂ ਔਰਤਾਂ ਸਿਲਾ ਯਾਨੀ ਕਿ ਕਣਕ ਦੀਆਂ ਭਰੀਆਂ ਇਕੱਠੀਆਂ ਕਰਦੀਆਂ ਰਹਿੰਦੀਆਂ। ਇਸ ਤਰ੍ਹਾਂ ਹਰ ਵਰਗ ਦੇ ਲੋਕਾਂ ਨੂੰ ਇਸ ਮੌਸਮ ਤੇ ਆਸਾਂ ਹੁੰਦੀਆਂ। ਸੂਰਜ ਚੜ੍ਹਨ ਤੋਂ ਲੈ ਕੇ ਟਿੱਕੀ ਛਿਪਣ ਤਕ ਕਣਕ ਵਢਦਿਆਂ ਦੇ ਲਲਕਾਰੇ ਪੈਂਦੇ, ਖੇਤਾਂ ਵਿਚ ਖ਼ੂਬ ਰੌਣਕਾਂ ਹੁੰਦੀਆਂ। ਇਕ-ਦੂਜੇ ਨਾਲ ਰਲ ਕੇ ਬਿੜ੍ਹੀ ਕਰ ਕੇ ਕਣਕਾਂ ਵਢਦੇ। ਜ਼ਿਆਦਾ ਕੰਮ ਹੋਣ ਤੇ ਵੱਢਣ ਲਈ ਆਵਤਾਂ (ਮੰਗਾਂ) ਵੀ ਪਾਈਆਂ ਜਾਂਦੀਆਂ। ਮੰਗ ਵਿਚ ਵੱਢਣ ਆਇਆਂ ਦੀ ਖ਼ੂਬ ਸੇਵਾ ਕੀਤੀ ਜਾਂਦੀ। ਫਲ੍ਹਿਆਂ ਤੋਂ ਬਾਅਦ ਖੁੱਲ੍ਹੀਆਂ, ਮੰਡਲੀਆਂ ਜਾਂ ਪਾਲੀਆਂ (ਇਲਾਕੇ ਦੀ ਬੋਲੀ ਮੁਤਾਬਕ) ਲਾਉਣ ਦਾ ਦੌਰ ਚਲਿਆ।
ਸਾਰੀ ਵਾਢੀ ਹੱਥੀਂ ਵੱਢ ਕੇ ਉਸ ਨੂੰ ਖਲੀਆਂ ਵਿਚ ਵਾਹਣ ਦੇ ਵਿਚਾਲੇ ਇਕੱਠੀ ਕਰਦੇ। ਸਾਰੇ ਖੇਤ ਦਾ ਲਾਗਾ ਇਕ ਥਾਂ ਇਕੱਠਾ ਕਰ ਕੇ ਡਰੰਮੀ, ਥਰੈਸ਼ਰ ਨਾਲ ਦਾਣੇ ਕੱਢੇ ਜਾਂਦੇ। ਫਿਰ ਦਾਣਿਆਂ ਨੂੰ ਅਤੇ ਤੂੜੀ ਨੂੰ ਗੱਡੇ ਜਾਂ ਰੇਹੜੀ ਨਾਲ ਘਰ ਤਕ ਢੋਹਣਾ ਜਾਂ ਤੂੜੀ ਦੇ ਕੁੱਪ ਲਾਉਣੇ। ਇਸ ਤਰ੍ਹਾਂ ਸਾਰਾ ਕੰਮ ਕਈ ਦਿਨਾਂ ਵਿਚ ਨਿਬੜਦਾ। ਹੌਲੀ-ਹੌਲੀ ਮੰਡਲੀਆਂ ਦੀ ਥਾਂ ਸੁੰਬਾਂ ਵਿਚ ਭਰ੍ਹੇ ਬੰਨ੍ਹਣ ਨੇ ਲੈ ਲਈ, ਥਰੈਸ਼ਰ ਦੀ ਥਾਂ ਹੜੰਬੇ ਨੇ ਲੈ ਲਈ ਅਤੇ ਕੰਮ ਸੌਖਾ ਹੋ ਗਿਆ। ਸੀਜ਼ਨ ਵੀ ਘਟਦਾ ਗਿਆ।
ਹੁਣ ਸਮੇਂ ਦੇ ਬਦਲਾਅ ਨਾਲ ਵਿਗਿਆਨ ਦੀ ਵੱਧ ਰਹੀ ਤੇਜ਼ੀ ਨਾਲ ਵੱਡੀਆਂ ਕੰਬਾਈਨਾਂ ਤੇ ਰੀਪਰ ਆ ਗਏ, ਜਿਨ੍ਹਾਂ ਨਾਲ ਮਹੀਨਿਆਂ ਦੇ ਕੰਮ ਦਿਨਾਂ ਵਿਚ ਹੋਣ ਲੱਗ ਪਏ। ਹੁਣ ਕੰਬਾਈਨਾਂ ਨਾਲ ਕਣਕ ਵੱਢ ਕੇ ਰੀਪਰ ਨਾਲ ਤੂੜੀ ਬਣਾ ਲਈ ਜਾਂਦੀ ਹੈ। ਤੂੜੀ ਢੋਣ ਵਾਸਤੇ ਵੀ ਜਾਲੀਦਾਰ ਟਰਾਲੀਆਂ ਹੁੰਦੀਆਂ ਹਨ। ਭਾਵੇਂ ਮਸ਼ੀਨਰੀ ਨੇ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਸਾਨ ਦਾ ਕੰਮ ਸੁਖਾਲਾ ਕਰ ਦਿਤਾ ਹੈ ਪਰ ਕਣਕ ਦੀ ਵਾਢੀ ਹੱਥੀਂ ਮਿਹਨਤ ਕਰਨ ਦੀ ਬਜਾਏ ਪੈਸੇ ਦੀ ਖੇਡ ਬਣ ਗਈ ਹੈ। ਹੱਥੀਂ ਕੀਤੀ ਮਿਹਨਤ ਨਾਲ ਹੀ ਅਸਲ ਵਿਚ ਬੱਚਤ ਹੈ। ਇਸ ਨਾਲ ਥੋੜੀ ਜ਼ਮੀਨ ਵਾਲੇ ਕਿਸਾਨ ਅਤੇ ਖੇਤੀ ਕਿੱਤੇ ਨਾਲ ਜੁੜੇ ਮਜ਼ਦੂਰ ਨਿਘਾਰ ਵਲ ਚਲੇ ਗਏ ਹਨ ਕਿਉਂਕਿ ਰੀਪਰ ਨਾਲ ਬਣਾਈ ਤੂੜੀ ਦੀ ਹੱਥੀਂ ਵੱਢੀ ਕਣਕ ਦੀ ਤੂੜੀ ਮੁਕਾਬਲੇ ਪੈਦਾਵਾਰ ਘੱਟ ਹੁੰਦੀ ਹੈ। ਮਾਲ ਡੰਗਰਾਂ ਵਾਸਤੇ ਸਾਲ ਭਰ ਦੇ ਚਾਰੇ ਲਈ ਤੂੜੀ ਦਾ ਭੰਡਾਰ ਪੂਰਾ ਨਹੀਂ ਹੁੰਦਾ।
ਬੇਸ਼ੱਕ ਮਸ਼ੀਨਰੀ ਨੇ ਇਹ ਕੰਮ ਸੁਖਾਲਾ ਕਰ ਦਿਤਾ ਹੈ। ਕੰਮ ਉਂਗਲਾਂ ਨਾਲ ਹੋਣ ਲੱਗ ਪਿਆ ਹੈ ਪਰ ਇਸ ਨੇ ਅੱਜ ਦੇ ਨੌਜਵਾਨ ਨੂੰ ਵਿਹਲਾ ਅਤੇ ਸੋਹਲ ਬਣਾ ਦਿਤਾ ਹੈ। ਕੁੱਝ ਕੁ ਨੂੰ ਛੱਡ ਕੇ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਕਣਕ ਵਢਣੀ ਤਾਂ ਦੂਰ ਡੰਗਰਾਂ ਵਾਸਤੇ ਹਰਾ ਚਾਰਾ ਵੀ ਵਢਣਾ ਔਖਾ ਲਗਦਾ ਹੈ। ਮਜ਼ਦੂਰਾਂ ਦੇ ਮੁੰਡੇ ਵੀ ਸੋਹਲ ਹੋ ਗਏ ਹਨ। ਮੁੰਡੇ ਖੇਤ ਗੇੜਾ ਮਾਰਨ ਵੀ ਮੋਟਰਸਾਈਕਲ ਤੇ ਜਾਂਦੇ ਹਨ। ਅੱਜ ਦੇ ਗੱਭਰੂ ਚੰਗਾ ਮੋਟਰਸਾਈਕਲ, ਮੋਬਾਈਲ ਅਤੇ ਚਿੱਟੇ ਕਪੜੇ ਪਾ ਕੇ ਟਹਿਲਣ ਨੂੰ ਵੱਧ ਤਰਜੀਹ ਦੇਂਦੇ ਹਨ।
ਬਹੁਤ ਸਾਰੇ ਮੁੰਡੇ ਵਿਹਲੜ ਹੋਣ ਕਰ ਕੇ ਨਸ਼ੇ ਵਰਗੀਆਂ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਗਏ ਹਨ। ਸਮੇਂ ਦੇ ਬਦਲਾਅ ਕਾਰਨ ਇਨ੍ਹਾਂ ਦਿਨਾਂ ਵਿਚ ਦਸ-ਵੀਹ ਬੰਦਿਆਂ ਦੀਆਂ ਟੋਲੀਆਂ ਕਣਕ ਵਢਦੀਆਂ ਸਬੱਬ ਨਾਲ ਹੀ ਦਿਸਦੀਆਂ ਹਨ। ਵਾਢੀ ਦੀ ਰੁੱਤ ਵਾਲੀ ਰੌਣਕ ਖੇਤਾਂ ਵਿਚੋਂ ਹਲੋਪ ਹੋ ਗਈ ਹੈ। ਹਾਈਬ੍ਰਿਡ ਬੀਜ ਆਉਣ ਕਰ ਕੇ ਕਣਕ ਵੱਢਣ ਦਾ ਕੰਮ ਵੀ ਵਿਸਾਖੀ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਤਾਹੀਉਂ ਅੱਜ ਦਾ ਜੱਟ ਦਮਾਮੇ ਮਾਰਦਾ ਵਿਸਾਖੀ ਮੇਲੇ ਜਾਂਦਾ ਵਿਖਾਈ ਨਹੀਂ ਦਿੰਦਾ। ਪਰ ਨੌਜਵਾਨਾਂ ਨੂੰ ਖੇਤੀ ਦੇ ਧੰਦੇ ਨਾਲ ਜੁੜੀ ਵਿਰਾਸਤ ਬਜ਼ੁਰਗਾਂ ਦੀ ਦੇਣ ਨੂੰ ਯਾਦ ਰਖਦਿਆਂ ਅਤੇ ਅਪਣੀ ਸਿਹਤ ਦਾ ਖ਼ਿਆਲ ਰਖਦਿਆਂ ਹੱਥੀਂ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ, ਜੋ ਸਮੇਂ ਦੀ ਮੁੱਖ ਲੋੜ ਹੈ।
ਸਰੂਪ ਚੰਦ ਹਰੀਗੜ੍ਹ ਸੰਪਰਕ : 99143-85202