ਕਾਲਾ ਧਨ ਬਨਾਮ ਹਵਾਲਾ
Published : May 9, 2018, 1:01 pm IST
Updated : May 9, 2018, 1:01 pm IST
SHARE ARTICLE
Black Money
Black Money

ਬੁਧੀਜੀਵੀਆਂ ਵਲੋਂ ਅਖ਼ਬਾਰਾਂ ਵਿਚ ਅਤੇ ਟੀ.ਵੀ. ਚੈਨਲਾਂ ਉਪਰ ਕਾਲੇ ਧਨ ਨਾਲ ਹਵਾਲੇ ਦਾ ਜ਼ਿਕਰ ਵੀ ਆਉਂਦਾ ਹੈ। ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਹਵਾਲਾ ਕਿਸ ...

ਬੁਧੀਜੀਵੀਆਂ ਵਲੋਂ ਅਖ਼ਬਾਰਾਂ ਵਿਚ ਅਤੇ ਟੀ.ਵੀ. ਚੈਨਲਾਂ ਉਪਰ ਕਾਲੇ ਧਨ ਨਾਲ ਹਵਾਲੇ ਦਾ ਜ਼ਿਕਰ ਵੀ ਆਉਂਦਾ ਹੈ। ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਹਵਾਲਾ ਕਿਸ ਬਲਾ ਦਾ ਨਾਂ ਹੈ? ਲੱਖਾਂ ਭਾਰਤੀ ਲੋਕਾਂ ਨੇ ਦੂਸਰੇ ਮੁਲਕਾਂ ਵਿਚ ਜਾ ਕੇ ਅਪਣੀ ਰੋਟੀ ਰੋਜ਼ੀ ਦਾ ਪ੍ਰਬੰਧ ਕੀਤਾ ਹੋਇਆ ਹੈ। ਬਾਹਰ ਗਏ ਬਹੁਤ ਹੀ ਘੱਟ ਲੋਕ ਹੋਣਗੇ ਜਿਨ੍ਹਾਂ ਦਾ ਭਾਰਤ ਵਿਚ ਹੁਣ ਕੋਈ ਸਬੰਧੀ ਨਹੀਂ ਹੈ ਅਤੇ ਕਦੇ ਵੀ ਭਾਰਤ ਗੇੜਾ ਨਹੀਂ ਮਾਰਦੇ। ਕੁੱਝ ਲੋਕ ਅਜਿਹੇ ਵੀ ਹਨ ਜੋ ਸਾਲ ਦੋ ਸਾਲ ਪਿਛੋਂ ਭਾਰਤ ਗੇੜਾ ਮਾਰਦੇ ਹਨ ਅਤੇ ਅਪਣੇ ਰਿਸ਼ਤੇਦਾਰਾਂ ਦੀ ਮਦਦ ਲਈ ਪੈਸੇ ਭੇਜਦੇ ਰਹਿੰਦੇ ਹਨ। ਉਨ੍ਹਾਂ ਸਾਰੇ ਖ਼ਾਸ ਕਰ ਕੇ ਅਰਬ ਮੁਲਕਾਂ ਵਿਚ ਕੰਮ ਕਰਦੇ ਭਾਰਤੀਆਂ ਵਿਚੋਂ 90% ਕਾਰੀਗਰ, ਮਜ਼ਦੂਰ, ਇੰਜੀਨੀਅਰ ਅਤੇ ਡਾਕਟਰ ਉਥੇ ਪੱਕੇ ਤੌਰ ਤੇ ਨਹੀਂ ਰਹਿ ਰਹੇ ਜਿਸ ਕਰ ਕੇ ਉਨ੍ਹਾਂ ਦੀ ਸਾਰੀ ਇਕਾਗਰਤਾ ਭਾਰਤ ਵਿਚ ਹੀ ਹੈ। ਉਹ 5-7, 10 ਜਾਂ ਉਸ ਤੋਂ ਵੀ ਵੱਧ ਸਾਲ ਉਥੇ ਕੰਮ ਕਰਨਗੇ ਅਤੇ ਫਿਰ ਭਾਰਤ ਪਰਤ ਆਉਣਗੇ। ਇਸ ਲਈ ਜੋ ਉਹ ਕਮਾਈ ਕਰਦੇ ਹਨ, ਉਸ ਵਿਚੋਂ ਬਹੁਤ ਹੀ ਘੱਟ ਖ਼ਰਚ ਕਰਦੇ ਹਨ। ਬਾਕੀ ਦਾ ਸਾਰਾ ਪੈਸਾ ਅਪਣੇ ਘਰ ਭੇਜਦੇ ਹਨ। 
ਮੈਂ 1985 ਦੌਰਾਨ ਅਰਬ ਦੇਸ਼ਾਂ ਵਿਚ ਕੰਮ ਕਰਨ ਲਈ ਗਿਆ ਸੀ। ਇਕ ਅੰਦਾਜ਼ੇ ਅਨੁਸਾਰ ਸਾਰੇ ਅਰਬ ਮੁਲਕਾਂ ਵਿਚ ਉਸ ਸਮੇਂ ਦਸ ਲੱਖ ਲੋਕ ਕੰਮ ਕਰਦੇ ਸਨ। ਜੇਕਰ ਇਨ੍ਹਾਂ ਸਾਰਿਆਂ ਦੀ ਕਮਾਈ ਦੀ ਔਸਤ ਲਾਈ ਜਾਵੇ ਤਾਂ 25,000/- ਰੁਪਏ ਬਣਦੀ ਹੈ। ਖ਼ਰਚਾ ਕੱਢ ਕੇ 20,000/- ਰੁਪਏ ਬਾਕੀ ਰਹਿਣਗੇ। ਇਸ ਤਰ੍ਹਾਂ ਜੇਕਰ ਸਾਰੇ ਅਰਬ ਮੁਲਕਾਂ ਵਿਚ ਕੰਮ ਕਰਦੇ ਦਸ ਲੱਖ ਭਾਰਤੀਆਂ ਦੀ ਮਹੀਨੇ ਦੀ ਕੁੱਲ ਕਮਾਈ 25 ਸੌ ਕਰੋੜ ਅਤੇ ਸਾਲ ਵਿਚ 30 ਹਜ਼ਾਰ ਕਰੋੜ ਰੁਪਏ ਹੋਈ। ਇਸ ਵਿਚੋਂ ਕਰੀਬ ਅੱਧੇ ਪੈਸੇ ਬੈਂਕਾਂ ਰਾਹੀਂ ਅਤੇ ਅੱਧੇ ਹਵਾਲੇ ਰਾਹੀਂ ਪੁਜਦੇ ਸਨ। ਹਵਾਲੇ ਵਾਲੇ ਬੈਂਕ ਰੇਟ ਤੋਂ ਬਹੁਤ ਹੀ ਘੱਟ, ਕਰੀਬ 20% ਰੇਟ ਤੇ ਪੈਸੇ ਭਾਰਤ ਭੇਜ ਦਿੰਦੇ ਸਨ।ਇਸ ਕਰ ਕੇ ਭਾਰਤੀ ਕਾਮੇ ਲਾਲਚ ਵਸ ਹੋ ਕੇ ਹਵਾਲੇ ਰਾਹੀਂ ਪੈਸੇ ਭੇਜਦੇ ਸਨ। ਦੂਸਰੀ ਸਹੂਲਤ ਹਵਾਲੇ ਵਾਲੇ ਇਹ ਦਿੰਦੇ ਸਨ ਕਿ ਪੈਸੇ ਅਗਲੇ ਦੇ ਘਰ ਦੋ-ਚਾਰ ਦਿਨਾਂ ਦੇ ਥੋੜ੍ਹੇ ਅਰਸੇ ਵਿਚ ਪੁੱਜ ਜਾਂਦੇ ਸਨ। ਬੈਂਕ ਰਾਹੀਂ ਭੇਜਣ ਵੇਲੇ ਡਰਾਫ਼ਟ ਬਣਾਉ, ਫ਼ਿਰ ਡਰਾਫ਼ਟ ਨੂੰ ਡਾਕਖਾਨੇ ਰਜਿਸਟਰੀ ਕਰੋ, ਹਫ਼ਤਾ ਰਜਿਸਟਰੀ ਘਰ ਪੁੱਜਣ ਨੂੰ ਲਗਦਾ ਸੀ, ਉਸ ਪਿਛੋਂ ਭਾਰਤ ਵਿਚ ਬੈਂਕਾਂ ਡਰਾਫ਼ਟ ਕੈਸ਼ ਕਰਨ ਨੂੰ 15 ਦਿਨ ਲਾ ਦਿੰਦੀਆਂ ਸਨ। ਇਸ ਲਾਲਚ ਵੱਸ ਕਾਮੇ ਅਪਣੇ ਪੈਸੇ ਹਵਾਲਾ ਰਾਹੀਂ ਭੇਜਦੇ ਸਨ। ਮੈਨੂੰ ਇਕ ਵਾਰ ਦਲਾਲ ਨੇ ਉਸ ਰਾਹੀਂ ਪੈਸੇ ਭੇਜਣ ਨੂੰ ਕਿਹਾ ਸੀ। ਪਰ ਮੈਂ ਉਸ ਨੂੰ ਜਵਾਬ ਦਿਤਾ ਸੀ ਕਿ 'ਮੈਂ ਭਾਰਤ ਵਿਚ ਰਹਿੰਦੇ ਹੋਏ ਕਦੇ ਗ਼ੈਰ-ਸਰਕਾਰੀ ਬੱਸ ਵਿਚ ਸਫ਼ਰ ਨਹੀਂ ਕੀਤਾ, ਹਮੇਸ਼ਾ ਸਰਕਾਰੀ ਬੱਸ ਵਿਚ ਹੀ ਸਫ਼ਰ ਕਰਦਾ ਰਿਹਾ ਹਾਂ। ਹੁਣ ਅਪਣੀ ਕਮਾਈ ਤੇਰੇ ਗ਼ੈਰ-ਸਰਕਾਰੀ, ਗ਼ੈਰ-ਕਾਨੂੰਨੀ ਹਵਾਲੇ ਰਾਹੀਂ ਕਿਵੇਂ ਭੇਜ ਦੇਵਾਂ?' ਸੋ ਇਸ ਤਰ੍ਹਾਂ ਹਵਾਲਾ ਰਾਹੀਂ ਉਸ ਸਮੇਂ ਤਕਰੀਬਨ 15 ਹਜ਼ਾਰ ਕਰੋੜ ਰੁਪਏ ਹਰ ਸਾਲ ਭਾਰਤ ਪੁਜਦੇ ਸਨ। ਇਹ ਅੰਕੜਾ ਸਿਰਫ਼ ਤੇ ਸਿਰਫ਼ ਅਰਬ ਮੁਲਕਾਂ ਦਾ ਹੀ ਹੈ।
ਵਿਦੇਸ਼ਾਂ ਵਿਚ ਇਸ ਧੰਦੇ ਦੀਆਂ ਦੋ ਤਿੰਨ ਪਰਤਾਂ ਹਨ। ਛੋਟਾ ਦਲਾਲ, ਉਸ ਤੋਂ ਵੱਡੇ ਦਲਾਲ ਅਤੇ ਉਸ ਤੋਂ ਵੀ ਵੱਡੇ ਇਸ ਧੰਦੇ ਦੇ ਸਰਗਣੇ। ਛੋਟੇ ਦਲਾਲ ਇਕ ਸ਼ਹਿਰ ਵਿਚ ਦਰਜਨਾਂ ਸਨ ਜੋ ਕੰਪਨੀਆਂ ਵਿਚ ਜਾ ਕੇ ਕਾਮਿਆਂ ਨਾਲ ਸਿੱਧਾ ਸੰਪਰਕ ਕਰ ਕੇ ਉਨ੍ਹਾਂ ਤੋਂ ਉਸ ਮੁਲਕ ਦੀ ਕਰੰਸੀ ਲੈ ਲੈਂਦੇ ਸਨ। ਜਿਸ ਬੰਦੇ ਨੂੰ ਭਾਰਤ ਵਿਚ ਪੈਸੇ ਭੇਜਣੇ ਹੁੰਦੇ ਸਨ ਉਸ ਦਾ ਨਾਂ ਪਤਾ, ਟੈਲੀਫ਼ੋਨ ਜੇਕਰ ਕੋਈ ਹੋਵੇ ਲਿਖ ਕੇ ਲੈ ਜਾਂਦੇ। ਇਹ ਸੱਭ ਅਪਣੇ ਤੋਂ ਵੱਡੇ ਦਲਾਲ ਪਾਸ ਪੁਜਦਾ ਕਰ ਦਿੰਦੇ ਸਨ, ਜੋ ਇਕ ਸ਼ਹਿਰ ਵਿਚ ਇਕ ਹੁੰਦਾ ਸੀ। ਇਸੇ ਤਰ੍ਹਾਂ ਸਾਰੇ ਸ਼ਹਿਰਾਂ ਸਟੇਟਾਂ ਵਿਚੋਂ ਇਕੱਠਾ ਕੀਤਾ ਉਹ ਪੈਸਾ ਤੇ ਸਾਰਿਆਂ ਦੇ ਨਾਂ ਪਤੇ ਉਸ ਮੁਲਕ ਵਿਚ ਬੈਠੇ ਸੱਭ ਤੋਂ ਵੱਡੇ ਦਲਾਲ ਭਾਵ ਸਰਗਣੇ ਪਾਸ ਪੁੱਜ ਜਾਂਦੇ। ਸਾਰੇ ਦਲਾਲ ਅਪਣੀ-ਅਪਣੀ ਤੈਅ ਕੀਤੀ ਦਲਾਲੀ ਪਹਿਲਾਂ ਹੀ ਅਪਣੇ ਪਾਸ ਰੱਖ ਲੈਂਦੇ। ਸਰਗਣਾ ਵੀ ਅਪਣੀ ਦਲਾਲੀ ਰੱਖ ਕੇ ਬਾਕੀ ਦਾ ਪੈਸਾ ਭਾਰਤ ਵਿਚ ਬੈਠੇ ਕਾਲੇ ਚੋਰ ਵਲੋਂ ਬਾਹਰਲੇ ਕਿਸੇ ਬੈਂਕ ਦੇ ਚਾਲੂ ਖਾਤੇ ਵਿਚ ਉਸ ਦੇ ਨਾਂ ਜਮ੍ਹਾਂ ਕਰਵਾ ਦਿੰਦਾ ਸੀ ਅਤੇ ਜਿਨ੍ਹਾਂ ਲੋਕਾਂ ਪਾਸ ਪੈਸੇ ਭੇਜਣੇ ਹੁੰਦੇ ਸਨ ਉਨ੍ਹਾਂ ਦੇ ਨਾਂ, ਪਤੇ ਅਤੇ ਪੈਸੇ ਕਿੰਨੇ ਹਨ, ਇਹ ਸੱਭ ਦਾ ਹਵਾਲਾ ਭਾਰਤ ਵਿਚ ਬੈਠੇ ਕਾਲੇ ਚੋਰ ਪਾਸ ਪਹੁੰਚਾ ਦਿਤਾ ਜਾਂਦਾ। ਉਥੋਂ ਉਹ ਸਾਰੇ ਭਾਰਤ ਵਿਚ ਵਿਛਾਏ ਦਲਾਲਾਂ ਦੇ ਜਾਲ ਰਾਹੀਂ ਅਪਣੀ ਜਗ੍ਹਾ ਪਹੁੰਚਾ ਦਿਤੇ ਜਾਂਦੇ। ਇਸ ਤਰ੍ਹਾਂ ਹਵਾਲੇ ਰਾਹੀਂ ਦਿਤੇ ਪੈਸੇ ਭੇਜਣ ਦਾ ਨਾਂ ਹਵਾਲਾ ਪੈ ਗਿਆ ਹੈ। ਮੈਨੂੰ ਇਸ ਸੱਭ ਕੁੱਝ ਦਾ ਪਤਾ ਇਸ ਲਈ ਲੱਗ ਸਕਿਆ ਕਿ ਕੇਰਲ ਦਾ ਇਕ ਛੋਟਾ ਹਵਾਲਾ ਦਲਾਲ ਕੋਚੀਨ ਸ਼ਹਿਰ ਨਾਲ ਸਬੰਧਤ ਸਾਡੇ ਇਕ ਦੋਸਤ ਦਾ ਜਾਣੂ ਸੀ। ਉਸ ਨੇ ਇਸ ਧੰਦੇ ਦੀਆਂ ਸਾਰੀਆਂ ਕਾਰੀਗਰੀਆਂ ਦੀ ਜਾਣਕਾਰੀ ਦਿਤੀ ਸੀ। ਉਹ ਸਾਡੀ ਕੰਪਨੀ ਵਿਚ ਹਰ ਮਹੀਨੇ ਆਉਂਦਾ ਅਤੇ ਅਪਣੀ ਬੁਕਿੰਗ ਕਰ ਕੇ ਲੈ ਜਾਂਦਾ। ਹੁਣ ਵੀ ਹਵਾਲੇ ਦਾ ਧੰਦਾ ਥੋੜ੍ਹੇ ਬਹੁਤੇ ਫ਼ਰਕ ਨਾਲ ਉਸੇ ਤਰ੍ਹਾਂ ਚਲ ਰਿਹਾ ਹੋਵੇਗਾ।
ਪੰਦਰਾਂ ਹਜ਼ਾਰ ਕਰੋੜ ਰੁਪਏ ਹਰ ਸਾਲ ਕਾਲਾ ਧਨ ਇਕੱਲੇ ਅਰਬ ਮੁਲਕਾਂ ਰਾਹੀਂ ਵਿਦੇਸ਼ੀ ਬੈਂਕਾਂ ਵਿਚ ਤਬਦੀਲ ਹੋ ਜਾਂਦਾ ਸੀ। ਬਾਕੀ ਦੁਨੀਆਂ ਦੇ ਮੁਲਕਾਂ ਰਾਹੀਂ ਵਿਦੇਸ਼ੀ ਬੈਕਾਂ ਵਿਚ ਤਬਦੀਲ ਹੋਏ ਕਾਲੇ ਧਨ ਦਾ ਜੇਕਰ ਅੰਦਾਜ਼ਾ ਲਾਇਆ ਜਾਵੇ ਤਾਂ ਹਜ਼ਾਰਾਂ ਲੱਖ ਕਰੋੜ ਰੁਪਏ ਡਾਲਰਾਂ, ਪੌਂਡਾਂ, ਯੂਰੋ ਅਤੇ ਹੋਰ ਵਿਦੇਸ਼ੀ ਕਰੰਸੀ ਵਿਚ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਹੋਇਆ ਹੋਵੇਗਾ। ਇਸ ਤਰ੍ਹਾਂ ਮੁਲਕ ਤੋਂ ਬਾਹਰ ਗਏ ਕਾਲੇ ਧਨ ਨਾਲ ਭਾਰਤ ਦੀ ਆਰਥਕਤਾ ਨੂੰ ਬਹੁਤ ਭਾਰੀ ਸੱਟ ਵੱਜੀ ਹੈ। ਅਸਲ ਵਿਚ ਉਹ ਸਾਰਾ ਧਨ ਟੈਕਸ ਦੀ ਚੋਰੀ ਕਰ ਕੇ ਹੀ ਬਾਹਰ ਭੇਜਿਆ ਹੈ। ਜੇਕਰ ਉਹ ਸਾਰਾ ਧਨ ਭਾਰਤ ਵਾਪਸ ਲਿਆਂਦਾ ਜਾਵੇ ਤਾਂ ਸਾਡਾ ਦੇਸ਼ ਸਾਰੀ ਦੁਨੀਆਂ ਤੋਂ ਅੱਗੇ ਨਿਕਲ ਜਾਵੇਗਾ।
ਪਰ ਲਗਦਾ ਨਹੀਂ ਕਿ ਅਜਿਹਾ ਕਦੇ ਹੋਵੇਗਾ ਵੀ ਕਿਉਂਕਿ ਕਥਿਤ ਤੌਰ ਤੇ ਉਹ ਧਨ ਰਾਜ ਕਰ ਰਹੀਆਂ ਪਾਰਟੀਆਂ ਦੇ ਆਗੂਆਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ, ਉਨ੍ਹਾਂ ਦੇ ਗੁਰੂ ਘੰਟਾਲਾਂ ਅਤੇ ਹਜ਼ਾਰਾਂ ਕਰੋੜ ਰੁਪਏ ਚੋਣ ਫੰਡ ਦੇਣ ਵਾਲਿਆਂ ਦਾ ਹੈ। ਆਉਂਦੇ ਸਮੇਂ ਵਿਚ ਰਾਜਭਾਗ ਸੰਭਾਲਣ ਦੀ ਸੰਭਾਵਨਾ ਵਾਲੀਆਂ ਪਾਰਟੀਆਂ ਦੇ ਆਗੂਆਂ ਦਾ ਹੈ ਜੋ ਉਪਰੋਕਤ ਸਾਰਿਆਂ ਨੂੰ ਦਲਾਲੀਆਂ ਦੇ ਰੂਪ ਵਿਚ ਭਾਰਤ ਦੇ ਕਾਲੇ ਚੋਰਾਂ ਨੇ ਇਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰ ਕੇ ਇਨ੍ਹਾਂ ਨੂੰ ਅਪਣੇ ਹਾਣੀ ਬਣਾ ਲਿਆ ਹੈ ਤਾਕਿ ਉਨ੍ਹਾਂ ਵਿਰੁਧ ਕੋਈ ਵੀ ਕਾਰਵਾਈ ਨਾ ਕਰ ਸਕਣ। ਦੂਸਰੇ ਸ਼ਬਦਾਂ ਵਿਚ ਜੋ ਕਾਲਖ ਉਨ੍ਹਾਂ ਕਾਲੇ ਚੋਰਾਂ ਦੇ ਮੂੰਹਾਂ ਉਪਰ ਲੱਗੀ ਹੋਈ ਹੈ। ਉਹੀ ਇਨ੍ਹਾਂ ਰਾਜ ਨੇਤਾਵਾਂ ਦੇ ਮੂੰਹਾਂ ਉਪਰ ਵੀ ਲਗਾ ਦਿਤੀ ਹੈ ਤਾਕਿ ਉਨ੍ਹਾਂ ਚੋਰਾਂ ਦੀ ਪਛਾਣ ਕਰਨ ਵਿਚ ਮੁਸ਼ਕਲ ਪੇਸ਼ ਆਵੇ। 
ਖ਼ੁਫ਼ੀਆ ਵਿਭਾਗ ਜੇਕਰ ਚਾਹੁਣ, ਪੂਰੀ ਚੌਕਸੀ ਨਾਲ ਕੰਮ ਕਰਨ ਅਤੇ ਮਾਨਸਿਕ ਤੌਰ ਤੇ ਤਿਆਰ ਹੋਣ ਤਾਂ ਹਵਾਲਾ ਦੀਆਂ ਸਾਰੀਆਂ ਤੰਦਾਂ ਨੂੰ ਕੱਟ ਕੇ ਸਾਰੇ ਸਿਸਟਮ ਨੂੰ ਤਹਿਸ-ਨਹਿਸ ਕਰ ਸਕਦੇ ਹਨ। ਇਹ ਕੰਮ ਮੁਸ਼ਕਲ ਜ਼ਰੂਰ ਲਗਦਾ ਹੈ ਪਰ ਅਸੰਭਵ ਨਹੀਂ। ਜਿਸ ਤਰ੍ਹਾਂ ਝੋਟੇ ਦੇ ਮਰਨ ਨਾਲ ਸਾਰੀਆਂ ਜੂੰਆਂ, ਚਿੱਚੜੀਆਂ ਅਤੇ ਉਸ ਦੇ ਸਰੀਰ ਨੂੰ ਚਿੰਬੜੇ ਸਾਰੇ ਜੀਵ ਜੰਤੂ ਮਰ ਜਾਂਦੇ ਹਨ, ਇਸ ਤਰ੍ਹਾਂ ਹਵਾਲਾ ਰੂਪੀ ਝੋਟਾ ਮਰਨ ਨਾਲ ਹਵਾਲਾ ਰਾਹੀਂ ਬਾਹਰ ਜਾਂਦਾ ਕਾਲਾ ਧਨ ਬੰਦ ਹੋ ਜਾਵੇਗਾ। ਪਰ ਲਗਦਾ ਨਹੀਂ ਕਿ ਅਜਿਹਾ ਹੋ ਸਕੇਗਾ ਕਿਉਂਕਿ ਉਹ ਧਨ ਹੀ ਉਨ੍ਹਾਂ ਦਾ ਹੈ, ਜਿਨ੍ਹਾਂ ਨੇ ਬੰਦ ਕਰਨਾ ਹੈ। ਮੇਰੇ ਦੇਸ਼ਵਾਸੀਆਂ ਨੂੰ ਇਹ ਵੰਗਾਰ ਕਿ 'ਹੈ ਕੋਈ ਜੋ ਬਾਹਰਲੇ ਮੁਲਕਾਂ ਵਿਚ ਪਿਆ ਕਾਲਾ ਧਨ ਵਾਪਸ ਲਿਆਵੇ ਅਤੇ ਹਵਾਲਾ ਰੂਪੀ ਝੋਟੇ ਨੂੰ ਮਾਰ ਸਕੇ। ਮੋਦੀ ਤਾਂ ਵਾਅਦਾ ਕਰ ਕੇ ਮੁਕਰ ਗਿਆ ਹੈ।'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement