ਸਾਡੇ ਦੇਸ਼ 'ਚ ਦੇਵੀ-ਦੇਵਤਿਆਂ ਅਤੇ ਬਾਬਿਆਂ ਦੀ ਭਰਮਾਰ ਹੈ। ਇਥੇ ਵੱਖ-ਵੱਖ ਧਰਮਾਂ ਦੇ ਲੋਕ ਹਨ। ਸੱਭ ਦੇ ਆਪੋ-ਅਪਣੇ ਦੇਵਤੇ ਜਾਂ ਇਸ਼ਟ ਹਨ। ਲੋਕ ਕੁੱਝ ਸਮੇਂ ...
ਸਾਡੇ ਦੇਸ਼ 'ਚ ਦੇਵੀ-ਦੇਵਤਿਆਂ ਅਤੇ ਬਾਬਿਆਂ ਦੀ ਭਰਮਾਰ ਹੈ। ਇਥੇ ਵੱਖ-ਵੱਖ ਧਰਮਾਂ ਦੇ ਲੋਕ ਹਨ। ਸੱਭ ਦੇ ਆਪੋ-ਅਪਣੇ ਦੇਵਤੇ ਜਾਂ ਇਸ਼ਟ ਹਨ। ਲੋਕ ਕੁੱਝ ਸਮੇਂ ਤਕ ਅਪਣੇ ਦੇਵਤੇ ਨੂੰ ਅਜ਼ਮਾਉਂਦੇ ਹਨ। ਜੇ ਫ਼ਿਟ ਨਹੀਂ ਬੈਠਦਾ ਜਾਂ ਉਨ੍ਹਾਂ ਦੀਆਂ ਆਸਾਂ ਉਤੇ ਪੂਰਾ ਨਹੀਂ ਉਤਰਦਾ ਤਾਂ ਕੋਈ ਹੋਰ ਦੇਵਤਾ ਲੱਭ ਲੈਂਦੇ ਹਨ। ਜਿਵੇਂ ਲੋਕ ਭਾਰੀ ਪਲੜਾ ਵੇਖ ਦੇ ਪਾਰਟੀ ਬਦਲ ਲੈਂਦੇ ਹਨ ਉਸੇ ਤਰ੍ਹਾਂ ਲੋਕ ਮਾਨਤਾ ਵੇਖ ਕੇ ਅਪਣਾ ਦੇਵਤਾ ਵੀ ਬਦਲ ਲੈਂਦੇ ਹਨ। ਸਾਡੇ ਅਪਣੇ ਘਰ 'ਚ ਤਾਂ ਮੰਦਰ ਜਾਣ ਦਾ ਸਬੱਬ ਸਾਲ 'ਚ ਇਕ-ਅੱਧ ਵਾਰ ਮਸਾਂ ਬਣਦਾ ਹੈ। ਮੇਰੇ ਬਾਪੂ ਜੀ ਪੁਲੀਸ 'ਚ ਸਨ। ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ ਸੀ। ਇਸ ਕਰ ਕੇ ਉਨ੍ਹਾਂ ਨੇ ਸਾਨੂੰ ਫ਼ਾਲਤੂ ਅਡੰਬਰਾਂ ਤੋਂ ਦੂਰ ਹੀ ਰਖਿਆ। ਉਨ੍ਹਾਂ ਦਾ ਮੰਨਣਾ ਸੀ ਕਿ ਤੁਸੀ ਮਿਹਨਤ, ਲਗਨ, ਈਮਾਨਦਾਰੀ ਅਤੇ ਸੱਚਾਈ ਨਾਲ ਅਪਣੇ ਹੱਥਾਂ ਦੀਆਂ ਲਕੀਰਾਂ ਤਕ ਬਦਲ ਸਕਦੇ ਹੋ। ਉਹ ਖ਼ੁਦ ਅਪਣੀ ਸਾਰੀ ਉਮਰ 'ਚ ਕਦੇ ਮੰਦਰ ਨਹੀਂ ਗਏ ਅਤੇ 99 ਸਾਲ ਦੀ ਉਮਰ ਭੋਗ ਕੇ ਪੂਰੇ ਹੋਏ। ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਸ਼ਰਧਾਲੂ ਹੁੰਦੀਆਂ ਹਨ। ਮੇਰੀ ਇਕ ਸਾਲੀ ਹੈ ਜੋ ਅਪਣੇ ਵਿਆਹ ਤੋਂ ਪਹਿਲਾਂ ਸ਼ਿਵਜੀ ਦੀ ਭਗਤ ਸੀ। ਕੁਆਰੀਆਂ ਕੁੜੀਆਂ ਆਮ ਤੌਰ 'ਤੇ ਸੋਮਵਾਰ ਦੇ ਵਰਤ ਰਖਦੀਆਂ ਹਨ। ਉਹ ਵੀ ਹਰ ਸੋਮਵਾਰ ਦੇ ਸੋਮਵਾਰ ਸ਼ਿਵਜੀ ਦੇ ਮੰਦਰ ਅਪਣੇ ਲਈ ਵਧੀਆ ਅਤੇ ਯੋਗ ਵਰ ਲੱਭਣ ਲਈ ਭਗਵਾਨ ਤੋਂ ਮਦਦ ਮੰਗਣ ਜਾਂਦੀ ਸੀ। ਕਈ ਵਾਰ ਵੇਖਿਆ ਹੈ ਕਿ ਕੁੜੀਆਂ ਚੌਕ 'ਚ ਤਾਲਾ ਰਖ ਕੇ ਆਉਂਦੀਆਂ ਹਨ ਤਾਕਿ ਜਦੋਂ ਵੀ ਕੋਈ ਇਸ ਨੂੰ ਖੋਲ੍ਹੇਗਾ ਉਦੋਂ ਹੀ ਉਸ ਦੀ ਕਿਸਮਤ ਦਾ ਤਾਲਾ ਵੀ ਖੁੱਲ੍ਹ ਜਾਵੇਗਾ ਅਤੇ ਜਲਦੀ ਵਰ ਲੱਭਣ ਦੀ ਸੰਭਾਵਨਾ ਬਣ ਜਾਂਦੀ ਹੈ। ਇਕ ਦਿਨ ਉਹ ਭਗਵਾਨ ਨਾਲ ਗਿਲਾ ਕਰ ਰਹੀ ਸੀ, ''ਹੇ ਭੋਲੇਨਾਥ, ਹੇ ਅੰਤਰਯਾਮੀ, ਹੇ ਪਸ਼ੂਪਤੀ ਨਾਥ, ਕੀ ਤੁਸੀ ਤਿੰਨ ਨੇਤਰਾਂ ਦੇ ਹੁੰਦਿਆਂ ਵੀ ਇਹ ਵੇਖ ਨਹੀਂ ਰਹੇ ਕਿ ਮੈਂ ਮੱਥਾ ਟੇਕ-ਟੇਕ ਕੇ ਆਪ ਜੀ ਦੇ ਮੰਦਰ ਦਾ ਪੱਥਰ ਘਸਾ ਦਿਤਾ ਹੈ। ਪਤਾ ਨਹੀਂ ਕਿੰਨਾ ਹੀ ਦੁੱਧ, ਅਗਰਬੱਤੀ, ਫ਼ੁਲ-ਫੱਲ ਅਤੇ ਚੰਦਨ ਆਪ ਜੀ ਨੂੰ ਅਰਪਿਤ ਕਰ ਚੁੱਕੀ ਹਾਂ। ਪਰ ਆਪ ਜੀ ਵਲੋਂ ਅਜੇ ਤਕ ਕੋਈ ਇਸ਼ਾਰਾ ਨਹੀਂ ਮਿਲਿਆ। ਹੋਰ ਨਹੀਂ ਤਾਂ ਅਪਣੇ ਨੰਦੀ ਬੈਲ ਦੀ ਘੰਟੀ ਹੀ ਖੜਕਾ ਦਿੰਦੇ, ਥੋੜ੍ਹਾ ਮਨ ਨੂੰ ਦਿਲਾਸਾ ਮਿਲ ਜਾਂਦਾ ਪਰ ਆਪ ਜੀ ਨੇ ਕੁੱਝ ਨਹੀਂ ਕੀਤਾ। ਮੈਂ ਤਾਂ ਸੁਣਿਆ ਸੀ ਤੁਸੀ ਬੜੇ ਭੋਲੇ ਹੋ, ਛੇਤੀ ਪਸੀਜ ਜਾਂਦੇ ਹੋ। ਆਮ ਕੁੜੀਆਂ ਸੋਲਾਂ ਸੋਮਵਾਰ ਕਰਦੀਆਂ ਹਨ ਪਰ ਮੈਂ ਬੱਤੀ ਸੋਮਵਾਰ ਆ ਚੁੱਕੀ ਹਾਂ। ਮੇਰੀ ਵਾਰ ਏਨੀ ਦੇਰ ਕਿਉਂ ਭੋਲੇਨਾਥ?''
ਮੈਂ ਉਸ ਨੂੰ ਕਿਹਾ, ''ਕੁੜੀਏ, ਤੂੰ ਤਾਂ ਭਗਵਾਨ ਹੀ ਬੜਾ ਮਸਰੂਫ਼ ਚੁਣਿਐ। ਇਨ੍ਹਾਂ ਕੋਲ ਸਮਾਂ ਕਿੱਥੇ ਹੈ? ਕਾਫ਼ੀ ਸਮਾਂ ਤਾਂ ਬ੍ਰਹਮਾ, ਵਿਸ਼ਨੂੰ ਅਤੇ ਇੰਦਰ ਦੀਆਂ ਸਮਸਿਆਵਾਂ ਸੁਲਝਾਉਣ 'ਚ ਬੀਤ ਜਾਂਦੇ ਨੇ ਅਤੇ ਬਾਕੀ ਸਮਾਂ ਪਾਰਵਤੀ ਦੀਆਂ ਫ਼ਾਰਮਾਇਸ਼ਾਂ ਅਤੇ ਫ਼ਰਿਆਦਾਂ ਪੂਰੀਆਂ ਕਰਨ 'ਚ ਲੰਘ ਜਾਂਦੈ। ਤੇਰੇ ਵਾਸਤੇ ਵਰ ਲੱਭਣ ਦਾ ਸਮਾਂ ਉਨ੍ਹਾਂ ਕੋਲ ਕਿੱਥੇ ਹੈ? ਤੂੰ ਐਵੇਂ ਪਾਗਲ ਹੋਈ ਫ਼ਿਰਦੀ ਐਂ।''
ਉਸ ਨੇ ਸ਼ਿਵਜੀ ਦਾ ਖਹਿੜਾ ਛੱਡ ਦਿਤਾ। ਹੁਣ ਉਸ ਨੇ ਸੋਮਵਾਰ ਦੀ ਥਾਂ ਮੰਗਲਵਾਰ ਮੰਦਰ ਜਾਣਾ ਸ਼ੁਰੂ ਕਰ ਦਿਤਾ। ਮੰਗਲਵਾਰ ਹਨੂਮਾਨ ਜੀ ਦਾ ਦਿਨ ਹੁੰਦਾ ਹੈ। ਹੁਣ ਉਸ ਨੇ ਅਪਣੇ ਮਨੋਰਥ ਨੂੰ ਪੂਰਾ ਕਰਨ ਲਈ ਹਨੂਮਾਨ ਜੀ ਦੀ ਪੂਜਾ ਸ਼ੁਰੂ ਕਰ ਦਿਤੀ। ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਉਸ ਨੂੰ ਬੁਲਾ ਕੇ ਕਿਹਾ, ''ਤੂੰ ਤਾਂ ਮਹਾਂਮੂਰਖ ਹੈਂ। ਹਨੂਮਾਨ ਜੀ ਤਾਂ ਬਲ ਦੇ ਦੇਵਤਾ ਨੇ ਅਤੇ ਤੈਨੂੰ ਵਰ ਚਾਹੀਦੈ। ਉਹ ਤਾਂ ਆਪ ਹੱਥ ਜੋੜ ਕੇ ਸ੍ਰੀ ਰਾਮ ਚੰਦਰ ਜੀ ਸਾਹਮਣੇ ਇਕੱਲੇ ਲੰਗੋਟ 'ਚ ਬੈਠੇ ਨੇ ਤੂੰ ਉਨ੍ਹਾਂ ਸਾਹਮਣੇ ਹੱਥ ਜੋੜੀ ਬੈਠੀ ਹੈਂ। ਉਹ ਖ਼ੁਦ ਜਤੀ ਸਤੀ ਨੇ। ਇਨ੍ਹਾਂ ਕੋਲ ਤਾਂ ਬਲ ਅਤੇ ਬੁੱਧੀ ਹੈ। ਪਹਿਲਵਾਨ ਇਨ੍ਹਾਂ ਦੀ ਪੂਜਾ ਕਰਦੇ ਹਨ। ਕੁਆਰੀਆਂ ਕੁੜੀਆਂ ਹਨੂਮਾਨ ਜੀ ਦੀ ਉਪਾਸਨਾ ਨਹੀਂ ਕਰਦੀਆਂ ਹੁੰਦੀਆਂ।'' ਖ਼ੈਰ ਉਹ ਸਮਝ ਗਈ। ਆਖ਼ਰ ਉਸ ਦਾ ਵਿਆਹ ਹੋ ਗਿਆ। ਉਹ ਤਾਂ ਹੋਣਾ ਹੀ ਸੀ। ਕੁੜੀਆਂ ਐਵੇਂ ਕਾਹਲੀਆਂ ਪੈ ਜਾਂਦੀਆਂ ਨੇ। ਬੜਾ ਚੰਗਾ ਸੋਹਣਾ ਮੁੰਡਾ ਮਿਲਿਆ ਉਸ ਨੂੰ। ਉਹ ਭੈਰੋਂ ਦਾ ਪੁਜਾਰੀ ਸੀ। ਜਿਸ ਤਰ੍ਹਾਂ ਕਈ ਡੰਗਰਾਂ ਨੂੰ ਰੱਸਾ ਚੱਬਣ ਦੀ ਆਦਤ ਪੈ ਜਾਂਦੀ ਹੈ, ਉਹ ਛੁਟਦੀ ਨਹੀਂ, ਉਸੇ ਤਰ੍ਹਾਂ ਮੇਰੀ ਸਾਲੀ ਵੀ ਮਜਬੂਰ ਸੀ। ਇਸ ਵਾਰ ਉਹ ਬਾਪੂ ਆਸਾ ਰਾਮ ਦੀ ਚੇਲੀ ਬਣ ਗਈ ਜਿਹੜਾ ਲੋਕਾਂ ਦੇ ਭਵਿੱਖ ਸੰਵਾਰਦਾ-ਸੰਵਾਰਦਾ ਅਪਣਾ ਵਰਤਮਾਨ ਜੇਲ 'ਚ ਕੱਟ ਰਿਹਾ ਹੈ। ਜਦੋਂ ਸਾਲੀ ਦੇ ਪਤੀ ਨੇ ਨਵੀਂ ਕਾਰ ਲਈ ਤਾਂ ਦੋਵੇਂ ਲੜ ਪਏ। ਪਤੀ ਕਹੇ ਮੈਂ ਕਾਰ ਦੇ ਸ਼ੀਸ਼ੇ ਉਤੇ ਭੈਰੋਂ ਦੀ ਤਸਵੀਰ ਲਾਉਣੀ ਹੈ ਅਤੇ ਪਤਨੀ ਕਹੇ ਮੈਂ ਆਸਾ ਰਾਮ ਦੀ ਤਸਵੀਰ ਲਾਉਣੀ ਹੈ। ਉਹ ਦੋਵੇਂ ਅਜੇ ਝਗੜਾ ਕਰ ਹੀ ਰਹੇ ਸਨ ਕਿ ਇਕ ਆਵਾਰਾ ਜਿਹੇ ਸਾਨ੍ਹ ਨੇ ਸ਼ੀਸ਼ੇ 'ਚ ਟੱਕਰ ਮਾਰ ਕੇ ਸ਼ੀਸ਼ਾ ਤੋੜ ਦਿਤਾ। ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਦੇਸ਼ ਦੇ ਲੋਕ ਆਸਥਾ 'ਚ ਕਿਉਂ ਐਨੇ ਪਾਗਲ ਹਨ? ਕਿਉਂ ਕਿਸੇ ਦੀ ਮਿਹਰਬਾਨੀ, ਕ੍ਰਿਪਾ ਅਤੇ ਸਹਾਰਾ ਮੰਗਦੇ ਹਨ? ਦੂਜੇ ਦਾ ਸਹਾਰਾ ਇਨਸਾਨ ਨੂੰ ਕਮਜ਼ੋਰ ਬਣਾ ਦਿੰਦਾ ਹੈ। ਹਰ ਧਰਮ ਕਹਿੰਦਾ ਹੈ ਕਿ ਚੋਰੀ ਨਾ ਕਰੋ, ਨਿੰਦਾ ਨਾ ਕਰੋ, ਚੁਗਲੀ ਨਾ ਕਰੋ, ਸੱਚੀ-ਸੁੱਚੀ ਕਿਰਤ ਕਰੋ ਅਤੇ ਅਪਣੇ ਕੰਮ ਨੂੰ ਹੀ ਪੂਜਾ ਸਮਝੋ। ਜੇ ਇਹ ਸਾਰੇ ਗੁਣ ਅਪਣਾ ਲਏ ਜਾਣ ਤਾਂ ਕਿਸੇ ਬਾਬੇ ਜਾਂ ਦੇਵਤੇ ਕੋਲ ਭੱਜਣ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ। ਤੁਹਾਡੇ ਅੱਗੇ ਕਦਮ ਖ਼ੁਦ ਹੀ ਰੌਸ਼ਨ ਹੁੰਦੇ ਜਾਣਗੇ।