
ਸੰਗੀਤ ਦੇ ਖੇਤਰ ਵਿਚ 'ਅਬਲਾ ਤਬਲਾ ਨਹੀਂ ਵਜਾ ਸਕਦੀ' ਕਹਾਵਤ ਹੁਣ ਪੁਰਾਣੀ ਹੋ ਚੁਕੀ ਹੈ।
ਸੰਗੀਤ ਦੇ ਖੇਤਰ ਵਿਚ 'ਅਬਲਾ ਤਬਲਾ ਨਹੀਂ ਵਜਾ ਸਕਦੀ' ਕਹਾਵਤ ਹੁਣ ਪੁਰਾਣੀ ਹੋ ਚੁਕੀ ਹੈ। ਅੱਜ ਹਰ ਖੇਤਰ ਵਿਚ ਔਰਤਾਂ, ਮਰਦ ਦੇ ਬਰਾਬਰ ਵੱਡੀਆਂ ਮੱਲਾਂ ਮਾਰ ਰਹੀਆਂ ਹਨ ਅਤੇ ਅਪਣੇ 'ਤੇ ਲੱਗੇ ਅਬਲਾ ਦੇ ਦੋਸ਼ ਨੂੰ ਨਕਾਰ ਚੁਕੀਆਂ ਹਨ। ਦੇਸ਼ ਹੀ ਨਹੀਂ ਬਲਕਿ ਦੁਨੀਆਂ ਪੱਧਰ 'ਤੇ ਇਥੋਂ ਤਕ ਕਿ ਪੁਲਾੜ ਵਿਚ ਵੀ ਔਰਤਾਂ ਅਪਣੀ ਸਫ਼ਲਤਾ ਦੇ ਝੰਡੇ ਗੱਡ ਚੁਕੀਆਂ ਹਨ ਅਤੇ ਹੋਰ ਵੀ ਅਹਿਮ ਪ੍ਰਾਪਤੀਆਂ ਕਰਨ ਲਈ ਯਤਨਸ਼ੀਲ ਹਨ।
ਇਹ ਵਿਚਾਰ ਅੱਜ ਵੀ ਕਾਇਮ ਹੈ ਕਿ ਤਬਲਾ, ਪੁਰਸ਼ਾਂ ਦਾ ਸਾਜ਼ ਹੈ, ਇਸ ਕਰ ਕੇ ਔਰਤਾਂ ਤਬਲਾ ਵਾਦਨ ਦੇ ਖੇਤਰ ਵਿਚ ਕਦਮ ਨਹੀਂ ਰਖਦੀਆਂ ਪਰ ਇਹ ਸੱਚ ਨਹੀਂ ਕਿਉਂਕਿ ਇਹ 'ਪੁਰਸ਼-ਵਾਦਯ ਹੈ' ਕਹਿ ਕੇ ਔਰਤਾਂ ਨੂੰ ਇਸ ਤਾਲ ਸਾਜ਼ ਤੋਂ ਦੂਰ ਕਰਨਾ ਮੂਲੋਂ ਹੀ ਗ਼ਲਤ ਹੈ। ਅੱਜ ਭਾਵੇਂ ਕਿ ਦੇਸ਼ ਭਰ ਵਿਚ ਚੱਲ ਰਹੇ ਸੰਗੀਤ ਵਿਦਿਆਲਿਆਂ, ਸੰਗੀਤ ਸੰਸਥਾਵਾਂ ਅੰਦਰ ਵੱਡੀ ਗਿਣਤੀ ਵਿਚ ਇਸਤਰੀਆਂ ਸੰਗੀਤ ਦੀ ਸਿਖਿਆ ਲੈ ਰਹੀਆਂ ਹਨ, ਗਾਇਨ ਖੇਤਰ ਵਿਚ ਇਸਤਰੀਆਂ ਦੀ ਪ੍ਰਾਪਤੀ ਕਿਸੇ ਤੋਂ ਲੁਕੀ ਹੋਈ ਨਹੀਂ।
Now women can also play the tabla
ਬਹੁਤ ਸਾਰੀਆਂ ਗਾਇਕਾਵਾਂ ਨੇ ਅਪਣੀ ਅਵਾਜ਼ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਹੈ ਅਤੇ ਕਰ ਰਹੀਆਂ ਹਨ। ਸਕੂਲਾਂ/ਕਾਲਜਾਂ ਵਿਚ ਸੰਗੀਤ ਜਦੋਂ ਤੋਂ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾ ਰਿਹਾ ਹੈ ਉਦੋਂ ਤੋਂ ਇਸਤਰੀਆਂ ਵਲੋਂ ਤਾਨਪੁਰਾ, ਦਿਲਰੁਬਾ, ਵੀਨਾ, ਸਿਤਾਰ, ਸਰੋਦ, ਵਾਇਲਨ, ਹਾਰਮੋਨੀਅਮ ਆਦਿ ਸਾਜ਼ਾਂ ਦੀ ਸਿਖਿਆ ਨਿਯਮਤ ਰੂਪ ਵਿਚ ਪ੍ਰਾਪਤ ਕੀਤੀ ਜਾ ਰਹੀ ਹੈ ਅਤੇ ਅਪਣਾ ਸਫ਼ਲ ਪ੍ਰਦਰਸ਼ਨ ਵੀ ਕਰ ਰਹੀਆਂ ਹਨ ਜਿਸ ਕਰ ਕੇ ਗਾਇਨ ਤੋਂ ਬਾਅਦ ਨ੍ਰਿਤ ਅਤੇ ਨ੍ਰਿਤ ਤੋਂ ਵਾਦਨ ਅਤੇ ਵਾਦਨ ਤੋਂ ਤਬਲਾ ਵਾਦਨ ਵਲ ਔਰਤਾਂ ਦਾ ਝੁਕਾਅ ਵੇਖਣ ਨੂੰ ਮਿਲ ਰਿਹਾ ਹੈ।
ਪ੍ਰਾਚੀਨ ਮੰਦਰਾਂ ਵਿਚ ਬਣੀਆਂ ਪੱਥਰਾਂ ਦੀਆਂ ਮੂਰਤੀਆਂ ਤੋਂ ਹੀ ਸਪੱਸ਼ਟ ਹੁੰਦਾ ਹੈ ਕਿ ਪ੍ਰਾਚੀਨ ਕਾਲ ਵਿਚ ਇਸਤਰੀਆਂ ਵਾਦਨ ਦੇ ਖੇਤਰ ਵਿਚ ਵੀ ਅਪਣੀ ਭੂਮਿਕਾ ਨਿਭਾਉਂਦੀਆਂ ਸਨ। ਇਸੇ ਤਰ੍ਹਾਂ ਤਬਲੇ ਪ੍ਰਤੀ ਵੀ ਔਰਤਾਂ ਦਾ ਰੁਝਾਨ ਹਮੇਸ਼ਾ ਰਿਹਾ ਹੈ। 1974 ਦੇ ਇਕ ਹਫ਼ਤਾਵਾਰੀ ਰਸਾਲੇ 'ਧਰਮਯੁੱਗ' ਵਿਚ ਛਪੇ ਲੇਖ ਦਾ ਹਵਾਲਾ ਦਿੰਦਿਆ ਗਿਰਿਸ਼ ਚੰਧਰੀ ਸ੍ਰੀਵਾਸਤਵ ਲਿਖਦੇ ਹਨ, 'ਪੰਡਿਤ ਸਾਮਤਾ ਪ੍ਰਸ਼ਾਦ ਜੀ ਦੇ ਚਿਰੰਜੀਵ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦੀ ਮੁੱਠੀ ਦੀ 'ਤਿਰਕਿਟ' ਉਨ੍ਹਾਂ ਦੀ ਮਾਤਾ ਜੀ ਨੇ ਸਿਖਾਈ ਸੀ। ਉਨ੍ਹਾਂ ਦੀ ਮਾਤਾ ਜੀ ਨੂੰ ਤਬਲੇ ਨਾਲ ਵਿਸ਼ੇਸ਼ ਮੋਹ ਸੀ ਅਤੇ ਉਨ੍ਹਾਂ ਦੀ ਪ੍ਰੇਰਣਾ ਨਾਲ ਹੀ, ਉਹ ਤਬਲਾ ਵਜਾਉਂਦੇ ਹਨ।
Now Women Can Also Play the Tabla
ਕੁਚੀਪੁੜੀ, ਭਾਰਤ ਨਾਟਯਮ ਅਤੇ ਉੜੀਸੀ ਨ੍ਰਿਤ ਦੀ ਇਕ ਤੋਂ ਇਕ ਮੁਦਰਾ ਦਾ ਪ੍ਰਦਰਸ਼ਰਨ ਅਤੇ ਧਰੁਪਦ, ਧਮਾਰ ਵਰਗੀਆਂ ਗਾਇਨ ਸ਼ੈਲੀਆਂ ਦਾ ਗਾਇਨ ਜੇਕਰ ਔਰਤਾਂ ਕਰ ਸਕਦੀਆਂ ਹਨ ਤਾਂ ਤਬਲਾ ਵਾਦਨ ਕਿਉਂ ਨਹੀਂ ਕਰ ਸਕਦੀਆਂ? ਇਥੇ ਇਹ ਦਸ ਦੇਣਾ ਜ਼ਰੂਰੀ ਹੋਵੇਗਾ ਕਿ ਤਾਲ ਸਾਜ਼ਾਂ ਦੇ ਖੇਤਰ ਵਿਚ ਔਰਤਾਂ ਅਰੰਭ ਤੋਂ ਹੀ ਅਹਿਮ ਭੂਮਿਕਾਵਾਂ ਨਿਭਾਅ ਚੁਕੀਆਂ ਹਨ। ਤਬਲੇ ਦੇ ਆਧਾਰ ਸਾਜ਼ 'ਪੁਸ਼ਕਤ੍ਰੀਯ' ਅਤੇ 'ਉਧਵਰਕ' ਵਜਾਉਂਦੇ ਹੋਏ ਮਹਿਲਾ ਵਾਦਕਾਂ ਦੇ ਕਈ ਸ਼ਿਲਪ ਭਾਜਾ ਗੁਫ਼ਾ, ਸਾਂਚੀ ਸਤੂਪ, ਔਰੰਗਾਬਾਦ ਅਜੰਤਾ, ਪਵਾਇਆ, ਬਾਸੇਤ (ਕੰਬੋਡੀਆ) ਅਤੇ ਫਾਂਗ ਲੇ (ਇੰਡੋਚਾਈਨਾ) ਆਦਿ ਤੋਂ ਪ੍ਰਾਪਤ ਹੋਏ ਹਨ,
ਜਿਨ੍ਹਾਂ ਦਾ ਕਾਲ ਈਸਾ ਦੀ 2 ਸ਼ਤਾਬਦੀ ਦੇ ਪਹਿਲਾਂ ਤੋਂ ਲੈ ਕੇ ਈਸਾ ਦੀ ਨੌਵੀਂ ਸ਼ਤਾਬਦੀ ਤਕ ਦਾ ਹੈ ਜਦਕਿ ਪੁਸ਼ਕਰ ਵਾਦਨ ਅੱਜ ਦੇ ਤਬਲਾ ਵਾਦਨ ਤੋਂ ਕਿਤੇ ਵੱਧ ਔਖਾ ਸੀ। ਸਮੇਂ ਦੇ ਬਦਲਾਵ ਨਾਲ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਕਿ ਔਰਤਾਂ ਤਬਲਾ ਵਾਦਨ ਖੇਤਰ ਵਿਚੋਂ ਪੱਛੜ ਗਈਆਂ ਸਨ, ਪਰ ਸਮੇਂ ਦੀ ਹੀ ਕਰਵਟ ਨਾਲ ਮੁੜ ਤੋਂ ਤਬਲਾ ਵਾਦਨ ਦੇ ਖੇਤਰ ਵਿਚ ਔਰਤਾਂ ਦੀ ਦਸਤਕ ਹੋਈ। ਸੰਨ 1947 ਵਿਚ ਦੇਸ਼ ਦੇ ਬਟਵਾਰੇ ਤੋਂ ਬਾਅਦ ਬਹੁਤ ਕੁੱਝ ਵੰਡਿਆ ਗਿਆ ਅਤੇ ਬਦਲ ਗਿਆ, ਪਰ ਸੰਗੀਤ ਹੀ ਇਕ ਮਾਧਿਅਮ ਸੀ
Now women can also play the tabla
ਜਿਸ ਨੇ ਦੋਹਾਂ ਦੇਸ਼ਾਂ ਦੇ ਕਲਾਕਾਰਾਂ ਅਤੇ ਸਰੋਤਿਆਂ ਨੂੰ ਕੁੱਝ ਹੱਦ ਤਕ ਆਪਸ ਵਿਚ ਜੋੜੀ ਰਖਿਆ ਅਤੇ ਸੰਗੀਤ ਦਾ ਇਕ ਨਵਾਂ ਸਫ਼ਰ ਸ਼ੁਰੂ ਹੋਇਆ। ਇਸ ਤੋਂ ਕੁੱਝ ਸਮਾਂ ਬਾਅਦ ਤਕ ਵੀ ਔਰਤਾਂ ਨੇ ਖੁੱਲ੍ਹ ਕੇ ਤਬਲਾ ਵਾਦਨ ਦੇ ਖੇਤਰ ਵਿਚ ਕਦਮ ਨਾ ਰਖਿਆ ਪਰ ਬਟਵਾਰੇ ਤੋਂ ਬਾਅਦ ਦੇਸ਼ ਅੰਦਰ ਬਹੁਤ ਸਾਰੇ ਸੰਗੀਤ ਕਾਲਜ, ਸੰਸਥਾਵਾਂ, ਯੂਨੀਵਰਸਿਟੀਆਂ ਸਥਾਪਤ ਹੋਈਆਂ ਤਾਂ ਹੋਰ ਸੰਗੀਤ ਦੇ ਸਾਜ਼ਾਂ ਨਾਲ ਨਾਲ ਔਰਤਾਂ ਨੇ ਅਰੰਭ ਵਿਚ ਤਬਲਾ ਸਾਜ਼ ਨਾਲ ਜੁੜ ਕੇ ਲਿਖਣ ਦੇ ਖੇਤਰ ਵਿਚ ਅਪਣਾ ਪਹਿਲਾ ਕਦਮ ਧਰਿਆ।
ਬਿਨਾਂ ਸ਼ੱਕ ਅੱਜ ਤਬਲਾ ਵਾਦਨ ਜਾਂ ਤਬਲੇ ਦੇ ਨਾਲ ਕਿਸੇ ਨਾ ਕਿਸੇ ਰੂਪ ਵਿਚ ਔਰਤਾਂ ਦਾ ਸਬੰਧ ਜੁੜ ਚੁਕਿਆ ਸੀ ਅਤੇ ਤਬਲੇ ਦੇ ਥਿਊਰੀ ਪੱਖ 'ਤੇ ਵੀ ਔਰਤਾਂ ਨੇ ਲਾ-ਮਿਸਾਲ ਕੰਮ ਕੀਤਾ ਪਰ ਕਿਉਂਕਿ ਤਬਲਾ ਸਾਜ਼ ਮੁੱਖ ਤੌਰ 'ਤੇ ਸੰਗਤੀ ਸਾਜ਼ ਦੇ ਰੂਪ ਵਿਚ ਹੀ ਜਾਣਿਆ ਜਾਂਦਾ ਸੀ, ਇਸ ਲਈ ਵੀ ਔਰਤਾਂ ਤਬਲੇ ਨਾਲ ਜੁੜ ਕੇ ਵੀ ਬੇ-ਪਹਿਚਾਣੀਆਂ ਹੀ ਰਹੀਆਂ।
Now women can also play the tabla
ਅੱਜ ਤਬਲਾ ਵਾਦਨ ਦੇ ਖੇਤਰ ਵਿਚ ਨਾਮ ਕਮਾ ਚੁਕੀਆਂ ਕੁੱਝ ਤਬਲਾ ਵਾਦਕ ਇਸਤਰੀਆਂ ਦਾ ਜ਼ਿਕਰ ਇਥੇ ਜ਼ਰੂਰ ਕਰਾਂਗੇ ਅਤੇ ਇਸ ਦੇ ਨਾਲ ਹੀ ਤਬਲਾ ਥਿਊਰੀ ਉਤੇ ਜ਼ਿਕਰਯੋਗ ਕੰਮ ਕਰਨ ਵਾਲੀਆਂ ਕੁੱਝ ਇਸਤਰੀਆਂ ਬਾਰੇ ਵੀ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਪਾਠਕ ਗ਼ੌਰ ਕਰਨ ਕਿ ਮੇਰੇ ਵਲੋਂ ਪੇਸ਼ ਕੀਤੀ ਜਾ ਰਹੀ ਔਰਤਾਂ ਦੀ ਇਹ ਸੂਚੀ ਮੁਕੰਮਲ ਨਹੀਂ ਹੈ।
ਜਿੰਨੇ ਕੁ ਸਾਧਨਾਂ ਰਾਹੀਂ ਮੈਂ ਪਤਾ ਕਰ ਸਕਿਆਂ ਹਾਂ, ਇਹ ਕੇਵਲ ਉਤਨਾ ਹੀ ਹੈ ਅਤੇ ਇਸ ਤੋਂ ਇਹ ਵੀ ਸਪੱਸ਼ਟ ਹੋਵੇਗਾ ਕਿ ਜੇਕਰ ਐਨੀਆਂ ਔਰਤਾਂ ਦਾ ਜ਼ਿਕਰ ਹੋਇਆ ਹੈ ਤਾਂ ਦੇਸ਼ ਵਿਚ ਹੋਰ ਕਿੰਨੀਆਂ ਅਜਿਹੀਆਂ ਇਸਤਰੀਆਂ ਹੋਣਗੀਆਂ, ਜਿਨ੍ਹਾਂ ਤਕ ਮੇਰੀ ਪਹੁੰਚ ਨਹੀਂ ਹੋ ਸਕੀ। ਡਾ. ਪੂਨਮ ਪਾਂਡੇ: ਡਾ. ਪੂਨਮ ਪਾਂਡੇ ਦਾ ਜਨਮ 5 ਦਸੰਬਰ 1950 ਨੂੰ ਮੇਰਠ ਵਿਚ ਹੋਇਆ ਸੀ।
Now Women Can Also Play the Tabla
ਆਪ ਜੀ ਦੇ ਪਿਤਾ ਦਾ ਨਾਮ ਸਵ. ਵੀਰੇਂਦਰ ਸਵਰੂਪ ਰਸਤੋਗੀ ਅਤੇ ਮਾਤਾ ਦਾ ਨਾਮ ਡਾ. ਸ਼ੈਲ ਰਸਤੋਗੀ ਹੈ। ਨ੍ਰਿਤ ਸੰਗੀਤ ਅਤੇ ਅਭਿਨੈ ਦੇ ਖੇਤਰ ਵਿਚ ਆਪ ਜੀ ਨੇ ਕਈ ਵਾਰ ਪ੍ਰਸੰਸਾ ਪੱਤਰ ਅਤੇ ਪੁਰਸਕਾਰ ਹਾਸਲ ਕੀਤੇ। ਆਪ ਦੇ ਸੰਗੀਤ ਸਬੰਧੀ ਕਈ ਲੇਖ ਵੱਖ-ਵੱਖ ਰਸਾਲਿਆਂ ਜਾਂ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ। ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ ਐੱਮ.ਏ. (ਸੰਸਕ੍ਰਿਤ), ਪ੍ਰਭਾਕਰ ਨ੍ਰਿਤ (ਪ੍ਰਯਾਗ ਸੰਗੀਤ ਸਮਿਤੀ), ਪ੍ਰਵੀਨ ਸੰਗੀਤ ਵਾਦਨ ਤਬਲਾ (ਪ੍ਰਯਾਗ ਸੰਗੀਤ ਸਮਿਤੀ), ਅਲੰਕਾਰ ਸੰਗੀਤਾ ਵਾਦਨ ਤਬਲਾ (ਗੰਧਰਬ ਮਹਾਂਵਿਦਿਆਲੇ) ਅਤੇ ਸੰਗੀਤ ਵਾਦਨ ਤਬਲਾ ਵਿਸ਼ੇ ਤੇ ਪੀ.ਐੱਚ.ਡੀ (ਮੇਰਠ ਵਿਸ਼ਵਵਿਦਿਆਲੇ) ਤੋਂ ਪ੍ਰਾਪਤ ਕੀਤੀ ਹੈ। ਇਨ੍ਹਾਂ ਦੀ ਪੁਸਤਕ 'ਪ੍ਰਮੁੱਖ ਵਾਦ ਤਬਲਾ' ਸਾਲ 2010 ਵਿਚ ਲੋਕਬਾਣੀ ਸੰਸਥਾਨ ਦਿੱਲੀ ਵਲੋਂ ਛਾਪੀ ਗਈ ਹੈ।
ਡਾ. ਇੰਦੂ ਸ਼ਰਮਾ ਸੌਰਭ : ਡਾ. ਇੰਦੂ ਸ਼ਰਮਾ ਦਾ ਜਨਮ 29 ਅਗੱਸਤ ਸੰਨ 1976 ਨੂੰ ਕਾਸਗੰਜ ਉੱਤਰ ਪ੍ਰਦੇਸ਼ ਦੇ ਇਕ ਸੰਗੀਤਕ ਪਰਵਾਰ ਵਿਚ ਹੋਇਆ। ਸੰਗੀਤ ਦੀ ਅਰੰਭਿਕ ਸਿਖਿਆ ਅਪਣੇ ਮਾਤਾ ਸ੍ਰੀ ਮਤੀ ਊਸ਼ਾ ਸ਼ਰਮਾ ਕੋਲੋਂ ਪ੍ਰਾਪਤ ਕੀਤੀ ਅਤੇ ਅਰੰਭਕ ਸਿਖਿਆ ਕਾਸਗੰਜ ਅਤੇ ਹਾਥਰਸ ਤੋਂ ਸੰਪੂਰਨ ਕੀਤੀ। ਸਾਲ 1995 ਵਿਚ ਸਨਾਤਕ ਆਨਰਸ (ਤਬਲਾ) ਦੀ ਉਪਾਧੀ ਅਤੇ ਸਾਲ 1997 ਵਿਚ ਸਨਾਤਕੋਤਰ (ਤਬਲਾ) ਦੀ ਉਪਾਧੀ ਸਰਵ-ਉੱਚ ਅੰਕ ਅਜ੍ਰਿਤਕਰ, ਨਿਦੇਸ਼ਕ ਮੈਡਲ ਸਹਿਤ, ਦਿਆਲਬਾਗ, ਸਿਖਿਆ ਸੰਸਥਾ ਆਗਰਾ ਤੋਂ ਪ੍ਰਾਪਤ ਕੀਤੀ।
Now Women Can Also Play the Tabla
ਸਾਲ 1997 ਵਿਚ ਹੀ ਯੂ.ਜੀ.ਸੀ ਵਲੋਂ ਕਰਵਾਈ ਜਾਂਦੀ ਪ੍ਰੀਖਿਆ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਸਾਲ 2004 ਵਿਚ ਡਾ. ਭੀਮ ਰਾਉ ਅੰਬੇਦਕਰ ਯੂਨੀਵਰਸਿਟੀ, ਆਗਰਾ ਦੇ ਅਧੀਨ ਸ੍ਰੀ ਟੀਕਾਰਾਮ ਕੰਨਿਆ ਸਨਾਤਕੋਤਰ, ਮਹਾਵਿਦਿਆਲਾ, ਅਲੀਗੜ੍ਹ ਨੇ ਇਨ੍ਹਾਂ ਨੂੰ ਐਮ-ਫ਼ਿਲ ਦੀ ਉਪਾਧੀ ਦਿਤੀ। ਤਾਲ ਸਾਜ਼ ਤਬਲਾ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਦੀ ਪੁਸਤਕ 'ਭਾਰਤੀ ਫ਼ਿਲਮ ਸੰਗੀਤ ਵਿਚ ਤਾਲ' ਸਾਲ 2006 ਵਿਚ ਕਨਿਸ਼ਕ ਪਬਲਿਸ਼ਰਸ਼, ਨਵੀਂ ਦਿੱਲੀ ਵਲੋਂ ਛਾਪੀ ਗਈ ਹੈ।
ਡਾ. ਵਸੁਧਾ ਸਕਸੈਨਾ : ਡਾ. ਵਸੁਧਾ ਸਕਸੈਨਾ ਦਾ ਜਨਮ ਸੰਨ 1970 ਵਿਚ ਬਰੇਲੀ (ਉੱਤਰ ਪ੍ਰਦੇਸ਼) ਵਿਚ ਹੋਇਆ। ਇਨ੍ਹਾਂ ਦੇ ਮਾਤਾ ਜੀ ਸੰਗੀਤ ਅਧਿਆਪਕ ਸਨ। ਛੇ ਸਾਲਾਂ ਦੀ ਛੋਟੀ ਉਮਰ ਵਿਚ ਹੀ ਡਾ. ਵਸੁਧਾ ਵਲੋਂ ਸੰਗੀਤ ਦੀ ਸਿਖਿਆ, ਲਖਨਊ ਅਤੇ ਫ਼ਾਰੂਖ਼ਾਬਾਦ ਘਰਾਣੇ ਦੇ ਪ੍ਰਸਿੱਧ ਉਸਤਾਦ ਸ਼ਬੀਰ ਅਹਿਮਦ ਖ਼ਾਨ ਪਾਸੋਂ ਅਰੰਭ ਕੀਤੀ ਅਤੇ ਸਕੂਲੀ ਪੜ੍ਹਾਈ ਵੀ ਨਾਲ ਜਾਰੀ ਰਖੀ। ਨੌਵੀਂ ਜਮਾਤ ਤਕ ਪੁਜਦੇ ਹੋਏ ਇਨ੍ਹਾਂ ਨੇ ਕੱਥਕ ਅਤੇ ਤਬਲੇ ਵਿਚ ਪ੍ਰਭਾਕਰ ਕਰ ਲਈ ਸੀ। ਡਾ. ਵਸੁਧਾ ਨੇ ਤਬਲਾ ਵਾਦਨ ਦੇ ਖੇਤਰ ਵਿਚ ਅਪਣੀ ਵਿਸ਼ੇਸ਼ ਥਾਂ ਬਣਾਈ।
Tabla
ਇਨ੍ਹਾਂ ਨੇ ਐੱਮ.ਏ (ਪ੍ਰਵੀਨ) ਸੰਗੀਤ ਵਾਦਨ ਤਬਲਾ, ਐੱਮ-ਏ. ਦਰਸ਼ਨ ਸ਼ਾਸਤਰ, ਯੂ.ਜੀ.ਸੀ. ਨੈੱਟ ਅਤੇ ਪੀ.ਐੱਚ.ਡੀ ਦੀ ਉਪਾਧੀ ਪ੍ਰਾਪਤ ਕੀਤੀ ਹੈ। ਡਾ. ਵਸੁਧਾ ਸ਼ਾਸਤਰੀ ਤਬਲਾ ਵਾਦਨ ਵਿਚ ਅਕਾਸ਼ਬਾਣੀ ਜੈਪੁਰ ਦੇ ਚੁਣੇ ਹੋਏ ਕਲਾਕਾਰਾਂ ਵਿਚੋਂ ਹਨ। ਤਬਲਾ ਵਾਦਨ ਨੂੰ ਉੱਨਤ ਕੀਤੇ ਜਾਣ ਲਈ ਇਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਮਾਨਵ ਵਿਕਾਸ ਕੇਂਦਰ ਵਲੋਂ ਸਨਮਾਨ ਪ੍ਰਾਪਤ ਕੀਤਾ ਅਤੇ ਸੰਗੀਤ ਨਾਟਕ ਅਕੈਡਮੀ ਲਖਨਊ ਤੋਂ ਤਬਲਾ ਵਾਦਨ ਵਿਚ ਪਹਿਲਾ ਸਥਾਨ ਹਾਸਲ ਕੀਤਾ।
ਸਾਲ 1993 ਵਿਚ ਕੌਮਾਂਤਰੀ ਪੱਧਰ 'ਤੇ ਬਰੇਲੀ ਵਿਖੇ ਹੋਏ ਸੈਮੀਨਾਰ ਵਿਚ ਡਾ. ਵਸੁਧਾ ਵਲੋਂ ਖੋਜ ਪੱਤਰ ਪੇਸ਼ ਕੀਤਾ ਗਿਆ ਸੀ। ਤਬਲਾ ਵਾਦਨ ਨਾਲ ਇਨ੍ਹਾਂ ਨੇ ਗਾਇਨ ਅਤੇ ਕੱਥਕ ਨ੍ਰਿਤ ਵਿਚ ਵੀ ਡਿਗਰੀ ਪ੍ਰਾਪਤ ਕੀਤੀ ਹੈ। ਡਾ. ਵਸੁਧਾ ਰਾਜਸਥਾਨ ਸੰਗੀਤ ਸੰਸਥਾ ਵਿਚ ਬਤੌਰ ਤਬਲਾ ਵਾਦਕ ਨਿਯੁਕਤ ਹਨ। ਇਨ੍ਹਾਂ ਦੀਆਂ ਸੰਗੀਤ ਸਬੰਧੀ ਰਚਨਾਵਾਂ ਅਕਸਰ ਹੀ ਅਖ਼ਬਾਰਾਂ/ਰਸਾਲਿਆਂ ਵਿਚ ਛਪਦੀਆਂ ਰਹਿੰਦੀਆਂ ਹਨ। ਇਨ੍ਹਾਂ ਦੀ ਕਿਤਾਬ 'ਤਾਲ ਕੇ ਲਕਸ਼-ਲੱਛਣ ਸਵਰੂਪ ਮੇਂ ਏਕਰੂਪਤਾ' ਸਾਲ 2006 ਵਿਚ ਕਨਿਸ਼ਕ ਪਬਲਿਸ਼ਰਜ਼ ਦਿੱਲੀ ਵਾਲੋਂ ਛਾਪੀ ਗਈ ਸੀ।
(ਬਾਕੀ ਅਗਲੇ ਅੰਕ ਵਿਚ)