Punjab News : ਵੋਟ ਬੈਂਕ ਸਿਆਸਤ ਨੇ ਪੰਜਾਬ ਦੇ ਪਾਣੀਆਂ ਦੀ ਤਬਾਹੀ ਦਾ ਮੁੱਢ ਬੰਨਿ੍ਹਆ
Who is responsible for the waste of underground water in Punjab? : 28 ਜੁਲਾਈ ਐਤਵਾਰ ਨੂੰ ਸਪੋਕਸਮੈਨ ਦੇ ਮੁੱਖ ਪੰਨੇ ਉਪਰ ਇਕ ਖ਼ਬਰ ਛਪੀ ਸੀ ਜਿਸ ਵਿਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਧਰਤੀ ਹੇਠਲਾ ਪਾਣੀ ਮਾਰੂ ਹੋਣ ਬਾਰੇ ਚੇਤਾਵਨੀ ਦਿਤੀ ਗਈ ਸੀ। ਦਰਅਸਲ, ਇਹ ਮਸਲਾ ਪਾਰਲੀਮੈਂਟ ਵਿਚ ਕਾਂਗਰਸ ਦੇ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਕ ਸਵਾਲ ਦੇ ਰੂਪ ਵਿਚ ਉਠਾਇਆ ਸੀ। ਇਸ ਦੇ ਜਵਾਬ ’ਚ ਕੇਂਦਰੀ ਜਲ ਸ਼ਕਤੀ ਰਾਜਮੰਤਰੀ ਰਾਜ ਭੂਸ਼ਣ ਚੌਧਰੀ ਹੋਰਾਂ ਜੋ ਅੰਕੜੇ ਪੇਸ਼ ਕੀਤੇ, ਉਹ ਬਹੁਤ ਹੀ ਹੈਰਾਨਕੁਨ ਸਨ।
ਮੰਤਰੀ ਜੀ ਨੇ ਅੰਕੜੇ ਕੇਂਦਰੀ ਜਲ ਬੋਰਡ ਮਹਿਕਮੇ ਤੋਂ ਲੈ ਕੇ ਪੇਸ਼ ਕੀਤੇ ਸਨ। ਅੰਕੜੇ ਬਿਆਨ ਕਰਦੇ ਹਨ ਕਿ ਪੰਜਾਬ ਦੇ ਵਧੇਰੇ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਪ੍ਰਦੂਸ਼ਤ ਹੋ ਚੁਕਾ ਹੈ ਤੇ ਇਸ ਦੇ ਪੀਣ ਨਾਲ ਕੈਂਸਰ ਅਤੇ ਹੋਰ ਭਿਆਨਕ ਬੀਮਾਰੀਆਂ ਦੀ ਮਾਰ ਹੇਠ ਆਉਣ ਦੀ ਸੰਭਾਵਨਾ ਬਣ ਸਕਦੀ ਹੈ। ਇਸ ਖ਼ਬਰ ਦੇ ਅਖ਼ੀਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬ ’ਵਰਸਿਟੀ ਚੰਡੀਗੜ੍ਹ ਦੁਆਰਾ ਕੀਤੀ ਗਈ ਖੋਜ ਦਾ ਜ਼ਿਕਰ ਵੀ ਕੀਤਾ ਗਿਆ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਭੌਤਿਕ ਵਿਗਿਆਨ ਵਿਭਾਗ ਦਾ ਮੁਖੀ ਹੋਣ ਦੇ ਨਾਤੇ ਮੇਰੇ ਖੋਜੀਆਂ ਨੇ ਮਾਲਵੇ ਦੇ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਪਾਣੀ, ਮਿੱਟੀ ਅਤੇ ਹਵਾ ਦਾ ਸਰਵੇਖਣ ਕੀਤਾ। ਇਹ ਖੋਜ ਅਸੀਂ 1990 ਦੇ ਦਹਾਕੇ ਤੋਂ ਸ਼ੁਰੂ ਕਰ ਰੱਖੀ ਸੀ। ਅਸੀਂ ਪਾਣੀ ਅਤੇ ਮਿੱਟੀ ਵਿਚ ਯੂਰੇਨੀਅਮ ਦੀ ਮਾਤਰਾ ਤੇ ਇਸ ਤੋਂ ਪੈਦਾ ਹੋਣ ਵਾਲੀਆਂ ਰੇਡਾਨ ਅਤੇ ਥੋਰਾਨ ਗੈਸਾਂ ਦੀ ਮਾਤਰਾ ਵੀ ਮਾਪ ਰਹੇ ਸੀ। ਰੇਡਾਨ ਦੀ ਵਧੇਰੇ ਮਾਤਰਾ ਸਾਹ ਰਾਹੀਂ ਸਾਡੇ ਫ਼ੇਫ਼ੜਿਆਂ ’ਤੇ ਅਸਰ ਪਾਉਂਦੀ ਹੈ ਅਤੇ ਕੈਂਸਰ ਦੀ ਇਲਾਮਤ ਨੂੰ ਜਨਮ ਦਿੰਦੀ ਹੈ। ਯੂਰੇਨੀਅਮ ਦੀ ਰੇਡੀਏਸ਼ਨ ਤਾਂ ਬਹੁਤਾ ਪ੍ਰਭਾਵ ਨਹੀਂ ਪਾਉਂਦੀ ਪ੍ਰੰਤੂ ਇਸ ਦੇ ਸਰੀਰ ਅੰਦਰ ਰਸਾਇਣਕ ਪ੍ਰਭਾਵ ਹਾਨੀਕਾਰਕ ਹੁੰਦੇ ਹਨ।
ਸਾਡੀ ਖੋਜ ਤੋਂ ਸਿੱਟਾ ਨਿਕਲਿਆ ਕਿ ਜਿਹੜੇ ਪਿੰਡਾਂ ਵਿਚ ਯੂਰੇਨੀਅਮ ਅਤੇ ਰੇਡਾਨ ਦੀ ਮਾਤਰਾ ਵਧੇਰੇ ਹੈ, ਉਥੇ ਕੈਂਸਰ ਦੇ ਸ਼ਿਕਾਰ ਮਰੀਜ਼ਾਂ ਦੀ ਬਹੁਤਾਤ ਹੈ। ਇਨ੍ਹਾਂ ’ਚੋਂ ਬਹੁਤੇ ਪਿੰਡ ਤਲਵੰਡੀ ਸਾਬੋ ਹਲਕੇ (ਤਹਿਸੀਲ) ’ਚ ਮੌਜੂਦ ਹਨ। ਯੂਰੇਨੀਅਮ ਨੂੰ ਕੈਂਸਰ ਨਾਲ ਜੋੜਨਾ ਇਕ ਕਿਆਸਅਰਾਈ ਹੀ ਕਿਹਾ ਜਾ ਸਕਦੈ। ਇਸ ਕੰਮ ਲਈ ਵਿਸ਼ੇਸ਼ ਡਾਕਟਰ ਦੀ ਰਾਏ ਜ਼ਰੂਰੀ ਹੈ। ਭਾਭਾ ਐਟਮੀ ਊਰਜਾ ਕੇਂਦਰ ਦੇ ਵਿਗਿਆਨੀ ਇਸ ਧਾਰਨਾ ਦੇ ਉਲਟ ਹਨ। ਉਹ ਕਹਿੰਦੇ ਹਨ ਕਿ ਮਾਲਵੇ ਵਿਚ ਕੈਂਸਰ ਦਾ ਕਾਰਨ ਯੂਰੇਨੀਅਮ ਨਹੀਂ ਬਲਕਿ ਇਥੋਂ ਦੇ ਲੋਕਾਂ ਦਾ ਰਹਿਣ-ਸਹਿਣ ਦਾ ਤਰੀਕਾ ਹੈ। ਅਸੀ ਉਨ੍ਹਾਂ ਦੀ ਧਾਰਨਾ ਨਾਲ ਸਹਿਮਤ ਨਹੀਂ।
ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟ ਪਾਰਟੀ ਹਿਤਾਂ ਤੋਂ ਉਪਰ ਉੱਠ ਕੇ ਪੰਜਾਬ ਦੇ ਮਸਲਿਆਂ ਬਾਰੇ ਚਿੰਤਤ ਹਨ, ਜਿਨ੍ਹਾਂ ’ਚ ਪਾਣੀਆਂ ਦਾ ਮੁੱਦਾ ਸੱਭ ਤੋਂ ਅਹਿਮ ਹੈ। ਗੁਰੂ ਨਾਨਕ ਸਾਹਿਬ ਜਪੁਜੀ ਦੇ ਸਲੋਕ ਵਿਚ ਇਸ ਬਾਰੇ ਅਪਣੀ ਰਾਏ ਭਲੀ-ਭਾਂਤ ਪੇਸ਼ ਕਰਦੇ ਹਨ : ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’’ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਸੀ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਹੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਤਬਾਹ ਕਰਨ ਦੇ ਜ਼ਿੰਮੇਵਾਰ ਹਾਂ। ਇਸ ਬਾਰੇ ਵਿਆਖਿਆ ਕਰਨੀ ਬਣਦੀ ਹੈ।
1950ਵਿਆਂ ’ਚ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ 10 ਤੋਂ 25 ਫ਼ੁਟ ਤਕ ਸੀ। ਬਰਸਾਤ ਦੇ ਮੌਸਮ ’ਚ ਪਾਣੀ ਇਕ ਫ਼ੁਟ ਤਕ ਪਹੁੰਚ ਜਾਂਦਾ ਸੀ। ਮੇਰੇ ਪਿੰਡ ’ਚ ਕਈ ਡੰਗਰ ਧਰਤੀ ਵਿਚ ਧਸ ਜਾਂਦੇ ਸੀ। ਅਸੀ ਡੰਗਰ ਚਾਰਦੇ, ਖੁਰਪੇ ਨਾਲ ਧਰਤੀ ਪੁੱਟ ਕੇ ਪਾਣੀ ਬਾਹਰ ਕੱਢ ਲੈਂਦੇ ਸੀ। ਬਹੁਤੀ ਬਾਰਸ਼ ਹੋਣ ਕਾਰਨ ਧਰਤੀ ਹੇਠਲਾ ਪਾਣੀ ਸੇੇਮ ਨਾਲਿਆਂ ਦੀ ਸ਼ਕਲ ’ਚ ਵਹਿ ਤੁਰਦਾ ਸੀ। 1960ਵਿਆਂ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਹਰਾ-ਇਨਕਲਾਬ ਲੈ ਆਂਦਾ। ਇਸ ਨਾਲ ਖੇਤੀ ਪੈਦਾਵਾਰ ’ਚ ਚੋਖਾ ਵਾਧਾ ਹੋਇਆ ਤੇ ਭਾਰਤ ਦੀ ਭੁੱਖਮਰੀ ਦਾ ਹੱਲ ਲੱਭ ਲਿਆ। ਹੁਣ ਪੰਜਾਬ ਦਾ ਰਕਬਾ ਭਾਰਤ ਦੇ ਰਕਬੇ ਦਾ ਡੇਢ ਫ਼ੀ ਸਦੀ (1.5%) ਰਹਿ ਗਿਆ ਹੈ ਪ੍ਰੰਤੂ ਭਾਰਤ ਦੇ ਅੰਨ ਜ਼ਖ਼ੀਰੇ ’ਚ ਪੰਜਾਬ 47 ਫ਼ੀ ਸਦੀ ਕਣਕ ਅਤੇ 21 ਫ਼ੀ ਸਦੀ ਚੌਲ ਭੇਜ ਰਿਹਾ ਹੈ।
ਬਸ ਇਸੇ ਫ਼ਾਰਮੂਲੇ ’ਚ ਪੰਜਾਬ ਦੇ ਪਾਣੀਆਂ ਦੀ ਤਬਾਹੀ ਦਾ ਰਾਜ਼ ਛੁਪਿਆ ਹੋਇਆ ਹੈ। ਖੇਤੀਬਾੜੀ ਮਾਹਰਾਂ ਨੇ ਨਵੇਂ ਬੀਜ, ਨਵੇਂ ਮਕੈਨਕੀ ਢੰਗ ਤਰੀਕੇ ਤਾਂ ਈਜਾਦ ਕੀਤੇ ਪ੍ਰੰਤੂ ਧਰਤੀ ਦੀ ਸਿਹਤ ਵਲੋਂ ਅਣ-ਗਹਿਲੀ ਦਾ ਰੁਖ਼ ਅਖ਼ਤਿਆਰ ਕਰ ਲਿਆ। ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬੇਲੋੜੇ ਢੰਗ ਨਾਲ ਹੋਣ ਲੱਗੀ। ਨਹਿਰੀ ਪਾਣੀ ਦੀ ਘਾਟ ਕਾਰਨ ਟਿਊਬਵੈੱਲ ਲਗਾ ਕੇ ਸਿੰਜਾਈ ਹੋਣ ਲੱਗੀ। 1980ਵਿਆਂ ਤਕ ਧਰਤੀ ਹੇਠਲੇ ਪਾਣੀ ਦੀ ਵਰਤੋਂ ਘਾਤਕ ਹੱਦ ਤਕ ਪਹੁੰਚ ਗਈ। ਝੋਨੇ ਦੀ ਪੈਦਾਵਾਰ ਲਈ ਧਰਤੀ ਹੇਠਲਾ ਪਾਣੀ ਲੋੜ ਤੋਂ ਵੱਧ ਵਰਤਿਆ ਜਾਣ ਲੱਗਾ।
30 ਜੁਲਾਈ ਦੇ ਅੰਗਰੇਜ਼ੀ ਟ੍ਰਿਬਿਊਨ ’ਚ ਛਪੀ ਖ਼ਬਰ ਅਨੁਸਾਰ ਪੰਜਾਬ ਦੇ 18 ਜ਼ਿਲ੍ਹਿਆਂ ’ਚ ਪਾਣੀ ਦਾ ਪੱਧਰ 60 ਤੋਂ 70 ਮੀਟਰ ਤਕ ਡਿੱਗ ਚੁਕਾ ਹੈ ਜਦਕਿ ਬਾਕੀ ਸੂਬਿਆਂ ’ਚ (84.% ਖੇਤਰ) ਪਾਣੀ ਦਾ ਪਧਰ ਅਜੇ ਵੀ 10 ਮੀਟਰ ਤਕ ਹੈ। ਇਹ ਸੂਚਨਾ ਜਲ ਸ਼ਕਤੀ ਰਾਜ ਮੰਤਰੀ ਨੇ ਵਿਕਰਮਜੀਤ ਸਾਹਨੀ (ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ) ਦੇ ਪੁਛੇ ਗਏ ਸਵਾਲਾਂ ਦੇ ਉੱਤਰ ਵਿਚ ਦਿਤੀ ਗਈ ਹੈ। ਕੇਂਦਰੀ ਜਲ ਬੋਰਡ ਨੇ ਪੰਜਾਬ ਸਰਕਾਰ ਨੂੰ ਪਿਛਲੇ ਵੀਹ ਸਾਲਾਂ ਤੋਂ ਤਾੜਨਾ ਦੇਣੀ ਸ਼ੁਰੂ ਕੀਤੀ ਹੋਈ ਹੈ ਪਰ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ ’ਤੇ ਜੂੰਅ ਵੀ ਨਹੀਂ ਸਰਕਦੀ। ਵੋਟ ਬੈਂਕ ਸਿਆਸਤ ਨੇ ਪੰਜਾਬ ਦੇ ਪਾਣੀਆਂ ਦੀ ਤਬਾਹੀ ਦਾ ਮੁੱਢ ਬੰਨਿ੍ਹਆ। ਪਹਿਲਾਂ ਅਕਾਲੀਆਂ ਨੇ ਮੁਫ਼ਤ ਬਿਜਲੀ ਦੇ ਕੇ ਜ਼ਿਮੀਂਦਾਰਾਂ ਨੂੰ ਪੁੱਠੇ ਰਾਹ ਪਾਇਆ। ਹੁਣ ਆਮ ਆਦਮੀ ਪਾਰਟੀ ਨੇ ਇਸ ਨੂੰ ਹੋਰ ਅੱਗੇ ਵਧਾਇਆ ਹੈ। 300 ਯੂਨਿਟ ਮੁਫ਼ਤ ਬਿਜਲੀ ਨੇ ਪੰਜਾਬ ’ਤੇ ਵੀਹ ਹਜ਼ਾਰ ਕਰੋੜ ਦਾ ਵਿੱਤੀ ਬੋਝ ਪਾਇਆ ਹੈ। ਖੇਤੀਬਾੜੀ ਲਈ ਤਾਂ ਪਹਿਲਾਂ ਹੀ ਮੁਫ਼ਤ ਬਿਜਲੀ ਦੀ ਪ੍ਰੰਪਰਾ ਕਾਇਮ ਹੈ। ਇਕ ਸਰਵੇਖਣ ਅਨੁਸਾਰ ਇਸ ਦੇ ਲਾਭ-ਪਾਤਰੀ ਛੋਟੇ ਕਿਸਾਨ ਨਹੀਂ ਬਲਕਿ ਵੱਡੀ ਭੌਂਅ ਦੇ ਮਾਲਕ ਹਨ।
ਪੰਜਾਬ ਦੇ ਪਾਣੀਆਂ ’ਚ ਯੂਰੇਨੀਅਮ ਅਤੇ ਭਾਰੀ ਧਾਤਾਂ ਦਾ ਮੁੱਦਾ ਸੱਭ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ (ਕਾਂਗਰਸ ਮੈਂਬਰ ਰਾਜ ਸਭਾ) ਨੇ 2017 ਵਿਚ ਪੇਸ਼ ਕੀਤਾ ਸੀ। ਉਸ ਵੇਲੇ ਦੀ ਜਲ ਸ਼ਕਤੀ ਰਾਜ ਮੰਤਰੀ ਉਮਾ ਭਾਰਤੀ ਨੇ ਇਸ ਦਾ ਢੁਕਵਾਂ ਜਵਾਬ ਦਿਤਾ ਸੀ। ਮੇਰੇ ਕੋਲ ਉਸ ਸਵਾਲ-ਜਵਾਬ ਦੀ ਪਾਰਲੀਮੈਂਟ ਲਾਇ੍ਰਬੇਰੀ ਤੋਂ ਪ੍ਰਾਪਤ ਨਕਲ ਹੈ। ਇਸ ਜਵਾਬ ਦਾ ਆਧਾਰ ਕੇਂਦਰੀ ਜਲ ਬੋਰਡ ਦੇ ਅੰਕੜੇ ਨਹੀਂ ਹਨ, ਜਿਵੇਂ ਹੁਣ ਹੋ ਰਿਹਾ ਹੈ ਬਲਕਿ ਪੰਜਾਬ ਸਰਕਾਰ ਦੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੋਹਾਲੀ ਦੀ ਪ੍ਰਯੋਗਸ਼ਾਲਾ ਤੋਂ ਪ੍ਰਾਪਤ ਅੰਕੜੇ ਹਨ। ਇਥੇ ਦਸਣਯੋਗ ਹੈ ਕਿ ਕੇਂਦਰੀ ਜਲ ਬੋਰਡ ਦੇ ਅੰਕੜੇ ਮੇਰੀ ਖੋਜ ਨੇ ਝੁਠਲਾਏ ਹਨ। ਕੇਂਦਰੀ ਜਲ ਬੋਰਡ ਕੇਵਲ 924 ਸੈਂਪਲ ਟੈਸਟ ਕਰਦਾ ਹੈ ਜਦਕਿ ਪੰਜਾਬ ਸਰਕਾਰ ਦੀ ਪ੍ਰਯੋਗਸ਼ਾਲਾ ’ਚ ਸਾਰੇ ਪੰਜਾਬ ਦੇ ਪਿੰਡਾਂ ਦਾ ਪਾਣੀ ਪਰਖਿਆ ਜਾ ਚੁਕਾ ਹੈ।
2009 ਤੋਂ 2016 ਦੇ ਵਰਿ੍ਹਆਂ ਦੌਰਾਨ ਪੰਜਾਬ ਸਰਕਾਰ ਵਿਸ਼ਵ ਬੈਂਕ (World 2ank) ਦੇ ਪ੍ਰਾਜੈਕਟ ਅਧੀਨ ਪਾਣੀ ਦੀ ਕੁਆਲਿਟੀ ਟੈਸਟ ਕਰਨ ਲੱਗੀ। ਇਹ ਪ੍ਰਾਜੈਕਟ ਅਜੇ ਵੀ ਚੱਲ ਰਿਹਾ ਹੈ। 2016 ਤੋਂ ਲੈ ਕੇ 2024 ਤਕ ਮੇਰੇ ਦੋ ਦਰਜਨ ਤੋਂ ਵਧੀਕ ਖੋਜ ਪੱਤਰ ਛਪ ਚੁਕੇ ਹਨ। ਯੂਰੇਨੀਅਮ ਤੋਂ ਲੈ ਕੇ ਹਰ ਕਿਸਮ ਦੇ ਤੱਤ ਦੀ ਮਾਤਰਾ ਧਰਤੀ ਹੇਠਲੇ ਪਾਣੀ ’ਚ ਨਿਰਧਾਰਤ ਕੀਤੀ ਗਈ ਹੈ। ਸਾਡੀ ਖੋਜ ਅੰਤਰਰਾਸ਼ਟਰੀ ਅਦਾਰਿਆਂ ’ਚ ਪ੍ਰਵਾਨ ਚੜ੍ਹੀ ਹੈ। ਪਿਛਲੇ ਵੀਹ ਸਾਲਾਂ ’ਚ ਸਾਢੇ ਪੰਜ ਲੱਖ ਖੋਜੀਆਂ ਨੇ 150 ਦੇਸ਼ਾਂ ’ਚ ਇਸ ਦਾ ਅਧਿਐਨ ਕੀਤਾ ਹੈ। ਭਾਰਤ ’ਚ ਇਹ ਮਾਣ ਹੋਰ ਕਿਸੇ ਵਿਰਲੇ ਵਿਗਿਆਨੀਆਂ ਨੂੰ ਮਿਲਿਆ ਹੋਵੇ ਤਾਂ ਕੁੱਝ ਕਹਿ ਨਹੀਂ ਸਕਦਾ ਪ੍ਰੰਤੂ ਪੰਜਾਬ ’ਚ ਇਹ ਪ੍ਰਾਪਤੀ ਅਨਮੋਲ ਹੈ।
ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦਾ ਵਾਟਰ ਸਪਲਾਈ ਮਹਿਕਮਾ ਅਪਣੇ ਅੰਕੜੇ ਸਾਂਝੇ ਕਰਨ ਤੋਂ ਕੰਨੀ ਕਤਰਾਉਂਦਾ ਹੈ। ਕਿਸੇ ਐਨਜੀਓ ਨੇ ਪੰਜਾਬ-ਹਰਿਆਣਾ ਹਾਈ ਕੋਰਟ ’ਚ ਪੰਜਾਬ ਸਰਕਾਰ ਵਿਰੁਧ ਕੇਸ ਦਰਜ ਕਰਵਾ ਰਖਿਆ ਹੈ ਕਿ ਕੈਂਸਰ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾਣ। ਉਸ ਕੇਸ ’ਚ ਮੇਰੀ ਖੋਜ ਦੇ ਸਿੱਟਿਆਂ ਦਾ ਹਵਾਲਾ ਦਿਤਾ ਗਿਆ ਹੈ। ਉਂਜ ਵਿਸ਼ਵ ਬੈਂਕ ਦੇ ਪ੍ਰਾਜੈਕਟ ਦੀ ਸ਼ਰਤ ਅਨੁਸਾਰ ਪਾਣੀ ਦੇ ਅੰਕੜੇ ਸੱਭ ਦੀ ਜਾਣਕਾਰੀ ਲਈ ਹਨ ਅਰਥਾਤ ਪਬਲਿਕ ਦੀ ਵਰਤੋਂ ਲਈ। ਵਿਸਥਾਰ ’ਚ ਜਾਣ ਤੋਂ ਸੰਕੋਚ ਕਰਦਾ ਹੋਇਆ ਅਪਣੀ ਖੋਜ ਬਾਰੇ ਸੰਖੇਪ ਜਾਣਕਾਰੀ ਪੇਸ਼ ਕਰ ਰਿਹਾ ਹਾਂ :
(1) ਮਾਝੇ ਦੇ ਜ਼ਿਲ੍ਹਿਆਂ (ਅੰਮ੍ਰਿਤਸਰ, ਗੁਰਦਾਪਸੁਰ, ਤਰਨਤਾਰਨ) ਵਿਚ ਆਰਸੈਨਿਕ ਦੇ ਤੱਤ ਦੀ ਮਾਤਰਾ ਖ਼ਤਰਨਾਕ ਹੱਦ ਤਕ ਪਾਣੀ ਨੂੰ ਪ੍ਰਦੂਸ਼ਤ ਕਰ ਚੁਕੀ ਹੈ। ਆਰਸੈਨਿਕ ਬਹੁਤ ਹੀ ਜ਼ਹਿਰੀਲਾ ਤੱਤ ਹੈ ਜਿਸ ਨੂੰ ਆਮ ਭਾਸ਼ਾ ’ਚ ‘ਸੰਖੀਆ’ ਕਿਹਾ ਜਾਂਦਾ ਹੈ।
(2) ਦੋਆਬੇ ਦੇ ਜ਼ਿਲ੍ਹਿਆਂ (ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ) ਵਿਚ ਸੇਲੇਨੀਅਮ ਤੱਤ ਦੀ ਪਾਣੀ ਵਿਚ ਬਹੁਤਾਤ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕਰੋਮੀਅਮ ਤੱਤ ਦੀ ਵਧੇਰੇ ਮਾਤਰਾ ਪਾਣੀ ਨੂੰ ਪ੍ਰਦੂਸ਼ਤ ਕਰ ਰਹੀ ਹੈ।
(3) ਮਾਲਵੇ ਦੇ ਜ਼ਿਲ੍ਹਿਆਂ (ਮਾਨਸਾ, ਬਠਿੰਡਾ, ਮੋਗਾ, ਬਰਨਾਲਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸੰਗਰੂਰ ਅਤੇ ਪਟਿਆਲਾ) ਵਿਚ ਯੂਰੇਨੀਅਮ ਦੀ ਮਾਤਰਾ ਪਾਣੀ ਨੂੰ ਪ੍ਰਦੂਸ਼ਤ ਕਰ ਰਹੀ ਹੈ। ਇਸ ਦੀ ਵਿਗਿਆਨਕ ਪੜਚੋਲ ਅਸੀ ਅਪਣੀ ਖੋਜ ’ਚ ਕਰ ਚੁੱਕੇ ਹਾਂ। ਮੋਟੇ ਤੌਰ ’ਤੇ ਖਾਰੀ ਮਿੱਟੀ ਯੂਰੇਨੀਅਮ ਨੂੰ ਪਾਣੀ ’ਚ ਪ੍ਰਫੁੱਲਤ ਹੋਣ ਵਿਚ ਸਹਾਈ ਹੁੰਦੀ ਹੈ।
(4) ਪਟਿਆਲਾ ਜ਼ਿਲ੍ਹੇ ਨੂੰ ਮੇਰੀ ਖੋਜ ਨੇ ‘ਹੌਟ ਸਪੌਟ’ ਕੈਟਾਗਰੀ ’ਚ ਰਖਿਆ ਹੈ। ਇਸ ਦੀ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਤੋਂ ਇਲਾਵਾ ਫਲੁਰਾਈਨ ਨਾਈਟਰੇਟ ਸਲਫੇਟ ਕੈਡਮੀਅਮ ਅਤੇ ਨਿਕਲ ਦੀ ਮਾਤਰਾ ਸੇਫ਼ਟੀ ਸੀਮਾ ਤੋਂ ਕਈ ਗੁਣਾ ਵੱਧ ਪਾਈ ਗਈ ਹੈ। ਪੰਜਾਬ ਦੇ ਬਾਕੀ ਸੱਭ ਜ਼ਿਲ੍ਹਿਆਂ ਤੋਂ ਪਟਿਆਲੇ ਦਾ ਪਾਣੀ ਵਧੇਰੇ ਪ੍ਰਦੂਸ਼ਤ ਪਾਇਆ ਗਿਆ ਹੈ।
(5) ਜਲੰਧਰ ਜ਼ਿਲ੍ਹੇ ਦੇ ਪਾਣੀ ਵਿਚ ਸਿੱਕੇ ਦੀ ਮਾਤਰਾ ਸੇਫ਼ਟੀ ਲਿਮਿਟ ਤੋਂ ਵਧੇਰੇ ਮਿਲਦੀ ਹੈ। ਵੈਸੇ ਸਿੱਕੇ ਦੀ ਮਾਤਰਾ ਪੰਜਾਬ ਦੇ 710 ਪਿੰਡਾਂ ’ਚ ਖ਼ਤਰਨਾਕ ਹੱਦ ਤਕ ਪਹੁੰਚ ਗਈ ਹੈ।
(6) ਪਾਰੇ (Mercury) ਦੀ ਜ਼ਿਆਦਾ ਮਾਤਰਾ ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੇ ਪਾਣੀ ’ਚ ਮਿਲਦੀ ਹੈ।
(7) ਸਾਡੀ ਖੋਜ ਦੇ ਸਿੱਟੇ ਸਿੱਧ ਕਰਦੇ ਹਨ ਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ’ਚ ਜ਼ਹਿਰੀਲੇ ਰਸਾਇਣਕ ਤੱਤਾਂ ਦੀ ਮਾਤਰਾ ਭਾਰਤ ਦੇ ਬਾਕੀ ਸੂਬਿਆਂ ਦੇ ਪਾਣੀਆਂ ਨਾਲੋਂ ਕਿਤੇ ਵਧੇਰੇ ਹੈ। ਬੰਗਲਾ ਅਤੇ ਅਸਾਮ ’ਚ ਆਰਸੈਨਿਕ ਸੱਭ ਤੋਂ ਪਹਿਲਾਂ ਲੱਭੀ ਗਈ ਸੀ ਪ੍ਰੰਤੂ ਮਾਝੇ ਦੇ ਜ਼ਿਲ੍ਹਿਆਂ ’ਚ ਇਹ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਗਈ ਹੈ।
(8) ਪੰਜਾਬ ਸਰਕਾਰ ਨੇ ਅਕਾਲੀ ਰਾਜ ਵੇਲੇ ਕੇਂਦਰੀ ਸਰਕਾਰ ਦੀ ਮਦਦ ਨਾਲ ਮਾਲਵੇ ਦੇ ਪਿੰਡਾਂ ’ਚ ਆਰ.ਓ. ਪਲਾਂਟ ਪਾਣੀ ਦੀ ਸ਼ੁਧਤਾ ਲਈ ਲਗਾਏ ਸਨ ਪਰ ਲੋਕੀ ਮੁਫ਼ਤਖ਼ੋਰੇ ਹੋਣ ਕਰ ਕੇ ਇਹ ਪਲਾਂਟ ਨਕਾਰਾ ਹੋ ਗਏ ਹਨ।
ਮਾਝੇ ਦੇ ਪਿੰਡਾਂ ’ਚ ਆਰਸੈਨਿਕ ਤੋਂ ਖਹਿੜਾ ਝੁਡਾਉਣ ਲਈ ਨਹਿਰੀ ਪਾਣੀ ਦੀ ਵਰਤੋਂ ਹੋ ਰਹੀ ਹੈ। ਆਇਨ ਐਕਸਚੇਂਜ ਪਲਾਂਟ ਵੀ ਕੰਮ ਕਰ ਰਹੇ ਹਨ ਜਿਵੇਂ ਫ਼ੋਟੋ ’ਚ ਵਿਖਾਇਆ ਗਿਆ ਹੈ।
(9) ਦੂਸ਼ਿਤ ਪਾਣੀ ਦੇ ਮਸਲੇ ਦੇ ਹੱਲ ਲਈ ਸੱਭ ਤੋਂ ਸੌਖਾ ਤਰੀਕਾ ਨਹਿਰੀ ਪਾਣੀ ਦੀ ਵਰਤੋਂ ਹੈ। ਦੂਜਾ ਝੋਨੇ ਦੀ ਬਿਜਾਈ ’ਤੇ ਪਾਬੰਦੀ ਅਤੇ ਤੀਜਾ ਨਹਿਰੀ ਪਾਣੀ ਦੀ ਸਿੰਚਾਈ ਲਈ ਵਰਤੋ। ਮੁੱਖ ਮੰਤਰੀ ਭਗਵੰਤ ਮਾਨ ਮਾਲਵਾ ਨਹਿਰ ਦਾ ਉਦਘਾਟਨ ਕਰ ਚੁਕੇ ਹਨ ਜੋ ਇਕ ਸ਼ਲਾਘਾਯੋਗ ਕਦਮ ਹੈ।
ਪ੍ਰਦੂਸ਼ਤ ਪਾਣੀ ਦੇ ਖ਼ਤਰਿਆਂ ਤੋਂ ਸਾਵਧਾਨ ਕਰਨ ਲਈ ਅਗਲੇ ਕਿਸੇ ਲੇਖ ’ਚ ਜ਼ਿਕਰ ਕੀਤਾ ਜਾਵੇਗਾ।