
ਇਸ ਸਬੰਧੀ ਜੋ ਵੀਡੀਉ ਸਾਹਮਣੇ ਆਇਆ ਉਸ ਨੂੰ ਵੇਖ ਕੇ ਇਕ ਆਮ ਆਦਮੀ ਦਾ ਦਿਲ ਪਸੀਜ ਜਾਂਦਾ ਹੈ।
ਹਾਥਰਸ, ਬਲਰਾਮਪੁਰ, ਕਠੂਆ, ਉਨਾਓ ਤੇ ਹੈਦਰਾਬਾਦ ਵਾਲੀਆਂ ਬੱਚੀਆਂ ਨਾਲ ਜਿਸ ਦਰਿੰਦਗੀ ਨਾਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਉਪਰੰਤ ਜਿਸ ਵਹਿਸ਼ੀ ਪੁਣੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ, ਅਸਲੀਅਤ ਵਿਚ ਅਜਿਹੀਆਂ ਸੱਭ ਦਰਦਨਾਕ ਤ੍ਰਾਸਦੀਆਂ ਸਾਡੇ ਸਭਿਅਕ ਸਮਾਜ ਤੇ ਦੇਸ਼ ਦੇ ਮੱਥੇ ਤੇ ਲੱਗਾ ਇਕ ਬਦਨੁਮਾ ਦਾਗ਼ ਹਨ।
Rape
ਤਾਜ਼ਾ ਘਟਨਾ ਹਾਥਰਸ ਦੀ ਹੈ ਜਿਸ ਵਿਚ ਪਿਛਲੇ ਦਿਨੀਂ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਦਾਖ਼ਲ 19 ਸਾਲਾ ਦਲਿਤ ਲੜਕੀ ਨੇ ਦਮ ਤੋੜ ਦਿਤਾ। ਇਸ ਉਪਰੰਤ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਘਰ ਵਾਲਿਆਂ ਹਵਾਲੇ ਕਰਨ ਦੀ ਬਜਾਏ, ਬੀਤੀ 30 ਸਤੰਬਰ ਨੂੰ ਦੇਰ ਰਾਤ ਕਰੀਬ ਢਾਈ-ਤਿੰਨ ਵਜੇ ਉਸ ਦੇ ਪਿੰਡ ਬੂਲ ਗੜ੍ਹੀ ਵਿਖੇ ਹੀ ਉਸ ਦਾ ਅੰਤਮ ਸਸਕਾਰ ਕਰ ਦਿਤਾ।
Hathras case
ਇਸ ਸਬੰਧੀ ਜੋ ਵੀਡੀਉ ਸਾਹਮਣੇ ਆਇਆ ਉਸ ਨੂੰ ਵੇਖ ਕੇ ਇਕ ਆਮ ਆਦਮੀ ਦਾ ਦਿਲ ਪਸੀਜ ਜਾਂਦਾ ਹੈ। ਵੀਡੀਉ ਵਿਚ ਪੁਲਿਸ ਲਾਸ਼ ਨੂੰ ਅੰਤਿਮ ਸਸਕਾਰ ਲਈ ਲੈ ਕੇ ਜਾ ਰਹੀ ਹੈ, ਜਦੋਂ ਕਿ ਪ੍ਰਵਾਰ ਵਾਲਿਆਂ ਨੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਪ੍ਰਵਾਰ ਵਾਲਿਆਂ ਵਿਚੋਂ ਕੁੜੀ ਦੀ ਮਾਂ ਗੱਡੀ ਅੱਗੇ ਲੰਮੀ ਪੈ ਕੇ ਛਾਤੀ ਪਿਟਦੀ ਰਹੀ ਤੇ ਕੁੜੀ ਦਾ ਭਰਾ ਦੇ ਪਿਤਾ ਆਦਿ ਨੇ ਕਈ ਵਾਰ ਲਾਸ਼ ਦੇਣ ਦੀ ਮੰਗ ਕੀਤੀ। ਇਥੋਂ ਤਕ ਕਿ ਉਨ੍ਹਾਂ ਇਹ ਵੀ ਕਿਹਾ ਕਿ ਰਾਤ ਨੂੰ ਅੰਤਮ ਸਸਕਾਰ ਕਰਨ ਦੀ ਉਨ੍ਹਾਂ ਦੀ ਪ੍ਰੰਪਰਾ ਨਹੀਂ ਹੈ।
Hathras case
ਪਰ ਪੁਲਿਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਘਰਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਘਰ ਵਿਚ ਬੰਦ ਕਰ ਕੇ ਲਾਸ਼ ਦੁਆਲੇ ਡਾਢੀ ਸੁਰੱਖਿਆ ਬਣਾ ਕੇ ਉਸ ਦਾ ਅੰਤਿਮ ਸਸਕਾਰ ਕਰ ਦਿਤਾ। ਹਾਦਸੇ ਦਾ ਸ਼ਿਕਾਰ ਹੋਈ ਲੜਕੀ ਦੇ ਪਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਧੀ ਘਰ ਵਿਚ ਸੱਭ ਤੋਂ ਲਾਡਲੀ ਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਉਸ ਦਾ ਆਖ਼ਰੀ ਵਾਰ ਮੂੰਹ ਤਕ ਨਹੀਂ ਵੇਖਣ ਦਿਤਾ। ਅਸਲੀਅਤ ਵਿਚ ਇਹ ਸੱਭ ਕੁੱਝ ਵੇਖਦਿਆਂ ਰੂਹ ਕੰਬ ਜਾਂਦੀ ਹੈ ਤੇ ਦਿਲ ਵਲੂੰਧਰਿਆ ਜਾਂਦਾ ਹੈ।
Rape Case
ਇਥੇ ਜ਼ਿਕਰਯੋਗ ਹੈ ਕਿ ਦੇਸ਼ ਤੇ ਦੁਨੀਆਂ ਵਿਚ ਔਰਤਾਂ ਦੀ ਦੁਰਦਸ਼ਾ ਸਬੰਧੀ ਸਾਹਿਰ ਲੁਧਿਆਣਵੀ ਨੇ ਕਈ ਦਹਾਕੇ ਪਹਿਲਾਂ ਅਪਣੀਆਂ ਨਜ਼ਮਾਂ ਤੇ ਗੀਤਾਂ ਵਿਚ ਜੋ ਦਰਦਨਾਕ ਤਸਵੀਰਾਂ ਪੇਸ਼ ਕੀਤੀ ਸੀ, ਦੇਸ਼ ਵਿਚ ਔਰਤਾਂ ਦੇ ਹਾਲਾਤ ਅੱਜ ਬਿਲਕੁਲ ਉਹੀ ਹਨ। ਉਨ੍ਹਾਂ ਦੀ ਨਜ਼ਮ ਦੀਆਂ ਚੰਦ ਸਤਰਾਂ ਚੇਤੇ ਆ ਰਹੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਔਰਤ ਦੇ ਜੀਵਨ ਵਿਚਲੀ ਤ੍ਰਾਸਦੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ :
ਔਰਤ ਨੇ ਜਨਮ ਦੀਯਾ ਮਰਦੋਂ ਕੋ,
ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਜਬ ਜੀਅ ਚਾਹਾ ਮਸਲਾ ਕੁਚਲਾ,
ਜਬ ਜੀਅ ਚਾਹਾ ਧੁਤਕਾਰ ਦੀਯਾ।
Woman
ਇਥੇ ਜ਼ਿਕਰਯੋਗ ਹੈ ਕਿ ਹਰ ਸਾਲ ਦੁਨੀਆਂ ਭਰ ਵਿਚ 8 ਮਾਰਚ ਨੂੰ “ਵਿਸ਼ਵ ਔਰਤ ਦਿਵਸ” ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਔਰਤਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਔਰਤਾਂ ਨੂੰ ਅਧਿਕਾਰ ਦਿਵਾਉਣ ਦੀਆਂ ਵੱਡੀਆਂ-ਵੱਡੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ ਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਲੰਮੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਹਨ। ਪਰ ਜਦੋਂ ਅਸਲੀਅਤ ਵਿਚ ਔਰਤਾਂ ਦੇ ਜੀਵਨ ਦੀ ਜ਼ਮੀਨੀ ਹਕੀਕਤ ਵੇਖਦੇ ਹਾਂ ਤਾਂ ਸਥਿਤੀਆਂ ਬਿਲਕੁਲ ਉਲਟ ਨਜ਼ਰ ਆਉਂਦੀਆਂ ਹਨ।
Woman
ਜੇਕਰ ਅਸੀ ਅਪਣੇ ਦੇਸ਼ ਵਿਚਲੀਆਂ ਔਰਤਾਂ ਦੇ ਜੀਵਨ ਉਤੇ ਝਾਤ ਮਾਰੀਏ ਤਾਂ ਯਕੀਨਨ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇਸ਼ ਵਿਚ ਔਰਤ ਨੂੰ ਦੇਵੀ ਦਾ ਦਰਜਾ ਦਿਤਾ ਜਾਂਦਾ ਹੈ, ਕੰਜਕਾਂ ਵਜੋਂ ਪੂਜਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਸ ਔਰਤ ਦੀ ਕੁੱਖੋਂ ਦੁਨੀਆਂ ਦੇ ਮਹਾਨ ਮਹਾਂਪੁਰਸ਼ਾਂ ਅਤੇ ਵੱਡੇ-ਵੱਡੇ ਨਬੀਆਂ ਪੈਗ਼ੰਬਰਾਂ ਤੇ ਸੂਫ਼ੀ ਸੰਤਾਂ ਨੇ ਜਨਮ ਲਿਆ ਜਿਸ ਨੇ ਟੀਪੂ ਸੁਲਤਾਨ, ਭਗਤ ਸਿੰਘ, ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ ਤੇ ਕਦੇ ਰਾਮ ਪ੍ਰਸਾਦ ਬਿਸਮਿਲ ਤੇ ਕਰਤਾਰ ਸਿੰਘ ਸਰਾਭੇ ਵਰਗੇ ਸੂਰਬੀਰਾਂ ਨੂੰ ਜਨਮ ਦਿਤਾ, ਉਸ ਔਰਤ ਦੀ ਸਥਿਤੀ ਦਾ ਜਦੋਂ ਅਸੀ ਅਪਣੇ ਦੇਸ਼ ਦੇ ਪਰਿਪੇਖ ਵਿਚ ਅਧਿਐਨ ਕਰਦੇ ਹਾਂ ਤਾਂ ਯਕੀਨਨ ਬੇਹਦ ਦਰਦਨਾਕ ਮੰਜ਼ਰ ਸਾਹਮਣੇ ਆਉਂਦੇ ਹਨ।
Bhagat Singh, Sukhdev, Rajguru
ਧਾਰਮਕ ਨਜ਼ਰੀਏ ਤੋਂ ਜੇਕਰ ਔਰਤ ਨੂੰ ਵੇਖਿਆ ਜਾਵੇ ਤਾਂ ਔਰਤ ਨੂੰ ਲਗਭਗ ਹਰ ਧਰਮ ਵਿਚ ਇੱਜ਼ਤ ਤੇ ਦੇਵੀ ਦਾ ਦਰਜਾ ਦਿਤਾ ਗਿਆ ਹੈ। ਇਸਲਾਮ ਵਿਚ ਔਰਤ ਦੇ ਰੁਤਬੇ ਨੂੰ ਬਿਆਨ ਕਰਦਿਆਂ, ਸਵਰਗ ਨੂੰ ਮਾਂ ਦੇ ਕਦਮਾਂ ਹੇਠ ਦਸਿਆ ਗਿਆ ਹੈ ਜਦੋਂ ਕਿ ਬਾਬਾ ਨਾਨਕ ਜੀ ਨੇ ਔਰਤ ਜਾਤੀ ਦੀ ਵਡਿਆਈ ਕਰਦਿਆਂ ਆਖਿਆ ਹੈ ਕਿ :
ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।
ਅੱਜ ਸਮਾਜ ਵਿਚ ਔਰਤ ਦੀ ਜੋ ਦੂਰਦਸ਼ਾ ਤੇ ਬੇਕਦਰੀ ਹੋ ਰਹੀ ਹੈ, ਉਸ ਦੀ ਮਿਸਾਲ ਸ਼ਾਇਦ ਪੱਥਰ ਯੁੱਗ ਵਿਚੋਂ ਵੀ ਲੱਭ ਸਕਣਾ ਮੁਸ਼ਕਲ ਹੈ। ਪਿਛਲੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਲੜਕੀਆਂ ਨਾਲ ਇਕ ਤੋਂ ਬਾਅਦ ਇਕ ਬਲਾਤਕਾਰਾਂ ਦੀਆਂ ਘਟਨਾਵਾਂ ਘਟੀਆ ਹਨ ਜਿਸ ਤਰ੍ਹਾਂ ਪਿਛਲੇ ਦਿਨੀਂ ਵੱਖ-ਵੱਖ ਸ਼ੈਲਟਰ ਹਾਊਸਾਂ ਵਿੱਚ ਮੌਜੂਦ ਬੱਚੀਆਂ ਦਾ ਮਾਨਸਕ ਤੇ ਸ੍ਰੀਰਕ ਸ਼ੋਸ਼ਣ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਤੇ ਮੌਜੂਦਾ ਸਮੇਂ ਜਿਸ ਤਰ੍ਹਾਂ ਹਾਥਰਸ ਤੇ ਬਲਰਾਮਪੁਰ ਦੀਆਂ ਦੁੱਖਦਾਈ ਘਟਨਾਵਾਂ ਵਾਪਰੀਆਂ ਹਨ, ਉਸ ਨੇ ਯਕੀਨਨ ਸਮਾਜ ਵਿਚ ਵਿਚਰਣ ਵਾਲੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਤੱਖ ਰੂਪ ਵਿਚ ਪ੍ਰਗਟਾਵਾ ਕੀਤਾ ਹੈ ।
Protest
ਇਕ ਲੜਕੀ ਦੇ ਬਲਾਤਕਾਰ ਦਾ ਸ਼ਿਕਾਰ ਹੋ ਜਾਣ ਉਤੇ ਪੀੜਤਾ ਤੇ ਉਸ ਦੇ ਪ੍ਰਵਾਰਕ ਮੈਂਬਰਾਂ ਨੂੰ ਇਨਸਾਫ਼ ਲਈ ਜਿਸ ਤਰ੍ਹਾਂ ਦਰ ਬਦਰ ਜ਼ਲੀਲ ਤੇ ਖੱਜਲ ਖੁਆਰ ਹੋਣਾ ਪੈਂਦਾ ਹੈ, ਉਹ ਯਕੀਨਨ ਦੁਖਦਾਈ ਤੇ ਸ਼ਰਮਨਾਕ ਹੱਦ ਤਕ ਖ਼ਤਰਨਾਕ ਹੈ। ਜੇਕਰ ਕਠੂਆ, ਦਿੱਲੀ, ਉਨਾਓ ਤੇ ਅਜਿਹੀਆਂ ਦੂਜੀਆਂ ਬਲਾਤਕਾਰਾਂ ਦੀਆਂ ਦਰਦਨਾਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਮੇਂ ਸਿਰ ਸਖ਼ਤ ਸਜ਼ਾਵਾਂ ਦਿਤੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਹਾਥਰਸ ਅਤੇ ਬਲਰਾਮਪੁਰ ਵਾਲੀਆਂ ਘਟਨਾਵਾਂ ਨਾ ਵਾਪਰਦੀਆਂ।
Kathua Rape Case
ਪੀੜਤ ਲੜਕੀਆਂ ਨੂੰ ਸਮੇਂ ਸਿਰ ਇਨਸਾਫ਼ ਨਾ ਮਿਲਣਾ ਅਸਲੀਅਤ ਵਿਚ ਸਾਡੇ ਨਿਆਇਕ ਸਿਸਟਮ ਦੀ ਛਵੀ ਨੂੰ ਧੂਮਲ ਕਰਦਾ ਹੈ, ਉਥੇ ਹੀ ਇਨਸਾਫ਼ ਮਿਲਣ ਵਿਚ ਹੁੰਦੀ ਦੇਰੀ ਪੀੜਤਾ ਤੇ ਉਸ ਦੇ ਪ੍ਰਵਾਰਕ ਮੈਂਬਰਾਂ ਵਿਚ ਮਾਯੂਸੀ ਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਹੱਲਾਸ਼ੇਰੀ ਪ੍ਰਦਾਨ ਕਰਦੀ ਨਜ਼ਰ ਆਉਂਦੀ ਹੈ। ਬੇਸ਼ਕ ਸਰਕਾਰ ਵਲੋਂ 'ਬੇਟੀ ਬਚਾਉ, ਬੇਟੀ ਪੜ੍ਹਾਉ' ਨਾਅਰੇ ਲਗਾਏ ਜਾਂਦੇ ਹਨ ਪਰ ਸੱਭ ਨਾਹਰੇ ਉਸ ਸਮੇਂ ਲੱਫ਼ਾਜ਼ੀ ਨਜ਼ਰ ਆਉਂਦੇ ਹਨ ਜਦੋਂ ਹਾਥਰਸ ਜਹੀਆਂ ਘਟਨਾਵਾਂ ਵਿਚ ਪੁਲਿਸ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਵਿਚ ਢਿੱਲਮਠ ਵਾਲਾ ਰਵਈਆ ਅਪਣਾਉਂਦੀ ਹੈ ਤੇ ਫਿਰ ਪੀੜਤਾ ਦੀ ਮੌਤ ਤੋਂ ਬਾਅਦ ਉਸ ਨੂੰ ਉਸ ਦੇ ਘਰ ਦਿਆਂ ਰੋਕਣ ਦੇ ਬਾਵਜੂਦ ਅੱਧੀ ਰਾਤ ਨੂੰ ਅੰਤਿਮ ਸਸਕਾਰ ਕਰਨ ਦੀ ਕਾਹਲ ਵਿਖਾਉਂਦੀ ਹੈ।
Beti Bachao, Beti Padhao
ਇਥੇ ਜ਼ਿਕਰਯੋਗ ਹੈ ਕਿ ਕੁੱਝ ਵਿਦਿਅਕ ਸੰਸਥਾਵਾਂ ਵਿਚ ਵੀ ਜਿਸ ਤਰ੍ਹਾਂ ਲੜਕੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਉਸ ਨੂੰ ਵੇਖਦਿਆਂ ਇੰਜ ਲਗਦਾ ਹੈ ਕਿ ਜਿਵੇਂ 'ਬੇਟੀ ਬਚਾਉ, ਬੇਟੀ ਪੜ੍ਹਾਉ' ਵਰਗੇ ਨਾਅਰਿਆਂ ਨੂੰ ਅਜਿਹਾ ਰਵਈਆ ਦੰਦੀਆਂ ਚਿੜਾ ਰਹੇ ਹੋਵੇ। ਹਾਲੇ ਕੁੱਝ ਸਮਾਂ ਪਹਿਲਾਂ ਦੀ ਹੀ ਗੱਲ ਹੈ ਜਦੋਂ ਗੁਜਰਾਤ ਦੇ ਇਕ ਇੰਸਟੀਚਿਊਟ ਵਿਖੇ ਇਕ ਪ੍ਰਿੰਸੀਪਲ ਦੁਆਰਾ 68 ਵਿਦਿਆਰਥਣਾਂ ਦੇ ਕਪੜੇ ਸਿਰਫ਼ ਇਹ ਜਾਣਨ ਲਈ ਲੁਹਾਏ ਗਏ ਸਨ ਤਾਕਿ ਇਹ ਪਤਾ ਲਗਾਇਆ ਜਾ ਸਕੇ ਕਿ ਸੈਨੇਟਰੀ ਪੈਡ ਕਿਸ ਕੁੜੀ ਦੁਆਰਾ ਸੁਟਿਆ ਗਿਆ ਸੀ।
ਇਹ ਗੱਲ ਵੀ ਸਾਹਮਣੇ ਆਈ ਕਿ ਉਕਤ ਇੰਸਟੀਚਿਊਟ ਵਿਖੇ ਪੜ੍ਹ ਰਹੀਆਂ ਕੁੜੀਆਂ ਨੂੰ ਜਦੋਂ ਵੀ ਮਾਂਹਵਾਰੀ ਆਉਂਦੀ ਹੈ, ਤਾਂ ਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਵਾਸਤੇ ਕੁੱਝ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਕਿ ਮਾਂਹਵਾਰੀ ਦੌਰਾਨ ਲੜਕੀਆਂ ਨੂੰ ਹੋਸਟਲ ਦੀ ਥਾਂ ਬੇਸਮੈਂਟ ਵਿਚ ਰਹਿਣਾ ਪੈਂਦਾ ਸੀ। ਉਹ ਰਸੋਈ ਵਿਚ ਨਹੀਂ ਵੜ ਸਕਦੀਆਂ ਸਨ ਤੇ ਪੂਜਾ ਆਦਿ ਨਹੀਂ ਕਰ ਸਕਦੀਆਂ ਸਨ। ਮਾਂਹਵਾਰੀ ਵਾਲੀਆਂ ਕੁੜੀਆਂ ਨੂੰ ਕਲਾਸਾਂ ਵਿਚ ਵੀ ਪਿਛਲੇ ਬੈਂਚਾਂ ਉੱਤੇ ਬੈਠਣਾ ਪੈਂਦਾ ਸੀ।
Beti Bachao, Beti Padhao
ਜਿੱਥੋਂ ਤਕ ਕਾਲਜਾਂ ਤੇ ਯੂਨੀਵਰਸਟੀਆਂ ਹਨ, ਅੱਜ ਇਹ ਅਦਾਰੇ ਵੀ ਲੜਕੀਆਂ ਲਈ ਸੁਰੱਖਿਅਤ ਨਹੀਂ ਹਨ। ਪਿਛਲੇ ਦਿਨੀਂ ਅਜਿਹੀ ਹੀ ਇਕ ਨਿਊਜ਼ ਰੀਪੋਰਟ ਨੇ ਸਾਡੀ ਆਤਮਾ ਨੂੰ ਝੰਜੋੜ ਕੇ ਰੱਖ ਦਿਤਾ ਜਦੋਂ ਇਕ ਗਰਲਜ਼ ਹੋਸਟਲ ਵਿਖੇ ਗੁੰਡਾ ਅਨਸਰਾਂ ਦੁਆਰਾ ਲੜਕੀਆਂ ਦੀਆਂ ਛਾਤੀਆਂ ਨੂੰ ਮਧੋਲਿਆ ਗਿਆ ਤੇ ਉਨ੍ਹਾਂ ਲੜਕੀਆਂ ਦੇ ਕਪੜੇ ਤਕ ਪਾੜ ਦਿਤੇ ਗਏ। ਅਪਣੀ ਨਜ਼ਮ ਵਿਚ ਸਾਹਿਰ ਲੁਧਿਆਣਵੀ ਇਕ ਥਾਂ ਲਿਖਦੇ ਹਨ ਕਿ :
ਜਿਨ ਸੀਨੋਂ ਨੇ ਉਨਹੇ ਦੂਧ ਦੀਆਂ, ਉਨ ਸੀਨੋਂ ਕਾ ਬਿਓਪਾਰ ਕੀਯਾ।
ਜਿਸ ਕੋਖ ਮੇਂ ਉਨਕਾ ਜਿਸਮ ਢਲਾ, ਉਸ ਕੋਖ ਕਾ ਕਾਰੋਬਾਰ ਕੀਯਾ।
ਜਿਸ ਤਨ ਸੇ ਉਗੇ ਕੌਂਪਲ ਬਨ ਕਰ, ਉਸ ਤਨ ਕੋ ਜ਼ਲੀਲ ਓ ਖੁਆਰ ਕੀਯਾ।
ਔਰਤ ਨੇ ਜਨਮ ਦੀਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਅੰਤ ਵਿਚ ਸਾਹਿਰ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਮੈਂ ਅਪਣੀ ਗੱਲ ਨੂੰ ਵਿਰਾਮ ਦੇਵਾਂਗਾ ਕਿ :
ਔਰਤ ਸੰਸਾਰ ਕੀ ਕਿਸਮਤ ਹੈ ਫਿਰ ਭੀ ਤਕਦੀਰ ਕੀ ਬੇਟੀ ਹੈ,
ਅਵਤਾਰ ਪੈਗੰਬਰ ਜਨਤੀ ਹੈ ਫਿਰ ਭੀ ਸ਼ੈਤਾਨ ਕੀ ਬੇਟੀ ਹੈ।
ਯੇਹ ਵੋਹ ਬਦਕਿਸਮਤ ਮਾਂ ਹੈ ਜੋ ਬੇਟੋਂ ਕੀ ਸੇਜ ਪੇ ਲੇਟੀ ਹੈ,
ਔਰਤ ਨੇ ਜਨਮ ਦੀਯਾ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ।
ਸੰਪਰਕ : 98552-59650
ਮੁਹੰਮਦ ਅੱਬਾਸ ਧਾਲੀਵਾਲ