
ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਪੰਜ ਸਾਲ ਦੀ ਉਮਰ ਵਿਚ ਹੀ ਗੁਰਿਆਈ ਮਿਲੀ
ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਸੱਤਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ 1656 ਈਸਵੀਂ ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏ ਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ।
Guru Harkrishan Sahibji
ਹਰਕ੍ਰਿਸ਼ਨ ਜੀ ਨੂੰ ਪੰਜ ਸਾਲ ਦੀ ਉਮਰ ਵਿਚ ਹੀ ਗੁਰਿਆਈ ਮਿਲੀ ਸੀ ਅਤੇ ਅੱਠ ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾ ਗਏ ਸਨ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਸੀ ਤੇ ਉਹਨਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿਚ ਕੋਈ ਬਾਧਾ ਨਹੀਂ ਹੈ।
Kiratpur Sahib
ਆਪ ਜੀ ਦੇ ਵੱਡੇ ਭਰਾ ਦਾ ਨਾਂ ਰਾਮਰਾਏ ਸੀ। ਜਦੋਂ ਔਰੰਗਜੇਬ ਨੇ ਗੁਰੂ ਹਰ ਰਾਇ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮ ਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸਾਹ ਔਰੰਗਜੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿਚ ਕਰਾਮਾਤਾਂ ਦਿਖਾਈਆਂ। ਬਾਅਦ ਵਿਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜੇਬ ਨੇ ਰਾਮਰਾਏ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ।
Gurudwara Bangla Sahib
ਬਾਦਸ਼ਾਹ ‘ਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸਨੰਦੀ ਪ੍ਰਾਪਤ ਕਰਨ ਲਈ ਰਾਮਰਾਏ ਨੇ ਕਿਹਾ ਕਿ ਅਸਲ ਸਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਇਸ ਘੋਰ ਅਵੱਗਿਆ ਕਾਰਨ ਗੁਰੂ ਹਰਿਰਾਏ ਜੀ ਨੇ ਉਸ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ। ਇਸ ਪ੍ਰਕਾਰ ਰਾਮ ਰਾਏ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।
ਕੀਰਤਪੁਰ ਸਾਹਿਬ ਵਿਖੇ ਆਪ ਪਹਿਲਾਂ ਗੁਰੂਆਂ ਵਾਂਗ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ਼ ਦਿੰਦੇ। ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਇਸ ਪਰ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ।
Gurudwara Bangla Sahib
ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਦੀਵਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜੇਬ ਵਰਗੇ ਬਾਦਸਾਹ ਦਾ ਮੂੰਹ ਨਹੀਂ ਵੇਖਣਗੇ। ਅੰਤ ਵਿਚ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫ਼ੈਸਲਾ ਕੀਤਾ।
ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਦੀ ਭਾਰੀ ਭੀੜ ਕੀਰਤਪੁਰ ਆ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਦਿਲਾਸਾ ਦਿੱਤਾ ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ। ਅੰਬਾਲੇ ਜ਼ਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉਘੇ ਸਿੱਖਾਂ ਤੋਂ ਬਿਨਾ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ। ਉੱਥੇ ਆਪ ਜੀ ਦੀ ਮੁਲਾਕਾਤ ਇਕ ਹੰਕਾਰੀ ਪੰਡਿਤ ਲਾਲਚੰਦ ਨਾਲ ਹੋਈ।
Kiratpur sahib
ਉਸ ਨੇ ਆਪ ਜੀ ਨੂੰ ਕਿਹਾ ਕਿ ਸਿੱਖ ਤੁਹਾਨੂੰ ਗੁਰੂ ਹਰਕ੍ਰਿਸ਼ਨ ਕਹਿੰਦੇ ਹਨ। ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਨੇ ਗੀਤਾ ਰਚੀ ਸੀ। ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਉਸ ਦੇ ਅਰਥ ਕਰੋ। ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ। ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇ ਤੂੰ ਕਲਾ ਦੇਖਣੀ ਹੈ ਤਾਂ ਅਪਣੇ ਨਗਰ ਵਿਚੋਂ ਕੋਈ ਬੰਦਾ ਲੈ ਆ। ਪੰਡਿਤ ਦੇ ਕਹਿਣ 'ਤੇ ਨਗਰ ਗਿਆ ਅਤੇ ਉੱਥੋਂ ਇਕ ਛੱਜੂ ਨਾਮੀ ਅਨਪੜ੍ਹ ਝਿਉਰ ਨੂੰ ਲੈ ਆਇਆ।
ਗੁਰੂ ਸਾਹਿਬ ਨੇ ਉਸ ਨੂੰ ਕਿਹਾ ਕਿ ਉਹ ਪੰਡਿਤ ਦੀ ਨਿਸਾ ਕਰਵਾਏ। ਗੁਰੂ ਜੀ ਨੇ ਉਸ ਦੇ ਸਿਰ 'ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿਚ ਨੇਤਰ ਪਾਏ। ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛੇ, ਜਿਹਨਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ। ਇਸ ਪ੍ਰਕਾਰ ਉਹ ਪੰਡਿਤ ਵੀ ਹੈਰਾਨ ਰਹਿ ਗਿਆ ਤੇ ਗੁਰੂ ਸਾਹਿਬ ਦੇ ਚਰਨੀ ਡਿੱਗ ਗਿਆ। ਇਸ ਤੋਂ ਬਾਅਦ ਉਹ ਸਿੱਖ ਬਣ ਗਿਆ।
Photo
ਹਰ ਸਿੱਖ ਜਦੋਂ ਵੀ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ ਤਾਂ ਇਹਨਾਂ ਸ਼ਬਦਾਂ ਦਾ ਉਚਾਰਣ ਕਰਦਾ ਹੋਇਆ ਬੜੇ ਪਿਆਰ, ਸ਼ਰਧਾ ਅਤੇ ਸਤਿਕਾਰ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆਪਣੀ ਅਸਲੀਅਤ ਪੇਸ਼ ਕਰਦਾ ਹੈ। ਗੁਰੂ ਸਾਹਿਬ ਦੀ ਵਡਿਆਈ ਦੇ ਇਹ ਸ਼ਬਦ ਏਦਾਂ ਦੇ ਹੁੰਦੇ ਹਨ ਜੋ ਸਾਨੂੰ ਪ੍ਰੇਰਣਾ ਦਿੰਦੇ ਹਨ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ, ਉਹਨਾਂ ਦਾ ਧਿਆਨ ਕਰਨਾ ਚਾਹੀਦਾ ਹੈ ਕਿਉਂ ਕਿ ਉਹਨਾਂ ਦੇ ਦਰਸ਼ਨਾਂ ਨਾਲ ਹੀ ਸਾਰੀ ਮਨੁੱਖਤਾ ਦੇ ਹਰ ਪ੍ਰਕਾਰ ਦੇ ਦੁਖ ਦੂਰ ਹੋ ਜਾਂਦੇ ਹਨ।