
ਪਾਰਟੀ ਨੂੰ ਵੀ ਕਿਰਪਾਲ ਸਿੰਘ ਦੀ ਨਕਲੋ-ਹਰਕਤ ’ਤੇ ਸ਼ੱਕ ਜਿਹਾ ਹੋ ਗਿਆ।
ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਗ਼ਦਰ ਲਈ ਕਾਫ਼ੀ ਤਿਆਰੀ ਹੋ ਜਾਣ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਿਚ ਇਕ ਖਾਸ ਮੀਟਿੰਗ ਹੋਈ। ਇਸ ਮੀਟਿੰਗ ਵਿਚ ਗ਼ਦਰ ਲਈ ਚਿਰਾਂ ਤੋਂ ਉਡੀਕੀ ਜਾ ਰਹੀ ਤਰੀਕ ਤੈਅ ਕੀਤੀ ਗਈ ਜੋ 15 ਨਵੰਬਰ, 1914 ਸੀ। ਗ਼ਦਰ ਨੂੰ ਸਫ਼ਲ ਬਣਾਉਣ ਲਈ ਇਕ ਵਿਸ਼ੇਸ਼ ਕਮੇਟੀ ਬਣਾਈ ਗਈ। ਕਰਤਾਰ ਸਿੰਘ ਸਰਾਭਾ, ਪੰਡਤ ਜਗਤ ਰਾਮ, ਨਿਧਾਨ ਸਿੰਘ ਚੁੱਘਾ ਤੇ ਗੁੱਜਰ ਸਿੰਘ ਭਕਨਾ ਇਸ ਦੇ ਮੈਂਬਰ ਸਨ। ਇਸ ਕਮੇਟੀ ਨੇ ਹੀ ਪੂਰੇ ਅੰਦੋਲਨ ਨੂੰ ਹੁਣ ਅਗਵਾਈ ਦੇਣੀ ਸੀ। ਪਰ ਕੁੱਝ ਕੁ ਸਮੇਂ ਬਾਅਦ ਹੀ ਕਮੇਟੀ ਨੂੰ ਮਹਿਸੂਸ ਹੋਇਆ ਕਿ ਗ਼ਦਰ ਲਈ ਅਜੇ ਉਨ੍ਹਾਂ ਕੋਲ ਲੋੜੀਂਦੇ ਹਥਿਆਰ ਨਹੀਂ ਹਨ, ਇਸ ਲਈ ਇਹ ਤਰੀਕ ਮੁਲਤਵੀ ਕਰਨੀ ਪਈ। ਹਥਿਆਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਛਾਉਣੀਆਂ ਦੇ ਅਸਲਾ-ਖ਼ਾਨੇ ਲੁੱਟਣ ਦਾ ਵੱਡਾ ਫ਼ੈਸਲਾ ਕੀਤਾ ਗਿਆ। ਯੋਜਨਾ ਅਨੁਸਾਰ 25 ਨਵੰਬਰ ਨੂੰ ਮੀਆਂਪੁਰ ਛਾਉਣੀ ਤੇ 30 ਨਵੰਬਰ ਨੂੰ ਫ਼ਿਰੋਜ਼ਪੁਰ ਛਾਉਣੀ ਦਾ ਅਸਲਾ-ਖ਼ਾਨਾ ਲੁੱਟਣ ਦੀ ਯੋਜਨਾ ਬਣਾਈ ਗਈ। ਪਰ ਵੱਖ-ਵੱਖ ਕਾਰਨਾਂ ਕਰ ਕੇ ਦੋਵੇਂ ਯੋਜਨਾਵਾਂ ਅਸਫ਼ਲ ਹੋ ਗਈਆਂ। ਉਲਟਾ ਕੁੱਝ ਕ੍ਰਾਂਤੀਕਾਰੀ ਮਾਰੇ ਗਏ, ਕੁੱਝ ਫੜੇ ਗਏ ਤੇ ਵਾਅਦਾ-ਮੁਆਫ਼ ਗਵਾਹ ਬਣ ਕੇ ਸਮੱਸਿਆ ਵਧਾਉਣ ਦਾ ਕਾਰਨ ਬਣੇ। ਪੁਲਿਸ ਪਹਿਲਾਂ ਨਾਲੋਂ ਵੀ ਚੁਕੰਨੀ ਹੋ ਗਈ। ਪੈਂਡਾ ਹੋਰ ਵੀ ਔਖਾ ਹੋ ਗਿਆ ਸੀ ਪਰ ਕਰਤਾਰ ਸਿੰਘ ਸਰਾਭਾ ਦੇ ਇਰਾਦੇ ਅਜੇ ਵੀ ਦ੍ਰਿੜ ਤੇ ਅਡੋਲ ਸਨ। ਇਕ ਰਸਤਾ ਬੰਦ ਹੁੰਦਾ, ਉਹ ਦੂਜੇ ਦੀ ਭਾਲ ਵਿਚ ਜੁਟ ਜਾਂਦਾ।
Kartar Singh Sarabha
ਦੂਜੇ ਪਾਸੇ ਪਾਰਟੀ ਨੂੰ ਇਕ ਤੋਂ ਬਾਅਦ ਇਕ ਮਿਲ ਰਹੀਆਂ ਅਸਫ਼ਲਤਾਵਾਂ ਨੇ ਜੋ ਵੱਡਾ ਸਬਕ ਦਿਤਾ, ਉਹ ਸੀ ‘ਯੋਗ ਲੀਡਰਸ਼ਿਪ ਤੇ ਯੋਜਨਾਬੰਦੀ’ ਦੀ ਘਾਟ। ਹੁਣ ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਪ੍ਰਪੱਕ ਅਗਵਾਈ ਤੋਂ ਬਿਨਾਂ ਇਹ ਕੰਮ ਹਨੇਰੇ ਵਿਚ ਤੀਰ ਦੇ ਬਰਾਬਰ ਹੈ, ਜਿਸ ਤੋਂ ਫ਼ਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋ ਚੁੱਕਾ ਸੀ। ਉਸ ਸਮੇਂ ਬੰਗਾਲੀ ਕ੍ਰਾਂਤੀਕਾਰੀ ਲੀਡਰ ਰਾਸ ਬਿਹਾਰੀ ਬੋਸ ਤੋਂ ਵਧ ਕੇ ਕੋਈ ਯੋਗ ਲੀਡਰ ਨਹੀਂ ਸੀ ਹੋ ਸਕਦਾ। ਖ਼ੁਸ਼ਕਿਸਮਤੀ ਇਹ ਰਹੀ ਕਿ ਬੋਸ ਨੇ ਵੀ ਉਨ੍ਹਾਂ ਨੂੰ ਨਿਰਾਸ ਨਾ ਕੀਤਾ ਤੇ ਗ਼ਦਰ ਪਾਰਟੀ ਦੀ ਅਗਵਾਈ ਕਰਨ ਦੀ ਹਾਮੀ ਭਰ ਦਿਤੀ। ਇਸ ਦੇ ਨਾਲ ਹੀ ਗ਼ਦਰ ਲਈ ਬੰਬ ਅਤੇ ਬੰਬ ਬਣਾਉਣ ਦੀ ਤਕਨੀਕ ਦਾ ਮਿਲਣਾ ਵੀ ਪੱਕਾ ਹੋ ਗਿਆ। ਬੰਗਾਲੀਆਂ ਦੀ ਬੰਬ ਬਣਾਉਣ ਦੀ ਮੁਹਾਰਤ ਤੋਂ ਉਸ ਸਮੇਂ ਦਾ ਪੰਜਾਬ ਦਾ ਗਵਰਨਰ ਮਾਈਕਲ ਉਡਵਾਇਰ ਵੀ ਜਾਣੂ ਸੀ ਪਰ ਪੰਜਾਬੀਆਂ ਕੋਲ ਉਹ ਗੱਲ ਨਹੀਂ ਸੀ। ਹਰਨਾਮ ਸਿੰਘ ਟੁੰਡੀਲਾਟ ਬੰਬ ਬਣਾਉਣ ਦੇ ਤਜਰਬੇ ਵਿਚ ਹੀ ਅਪਣੀ ਇਕ ਬਾਂਹ ਗੁਆ ਚੁਕਾ ਸੀ।
Kartar Singh Sarabha
1915 ਦੇ ਸ਼ੁਰੂ ਵਿਚ ਰਾਸ ਬਿਹਾਰੀ ਬੋਸ ਨੇ ਪਾਰਟੀ ਦੀ ਕਮਾਨ ਸੰਭਾਲਦਿਆਂ ਹੀ ਸਰਾਭੇ ਨੂੰ ਹਦਾਇਤ ਕੀਤੀ ਕਿ ਗ਼ਦਰ ਲਈ ਜਲਦੀ ਤੋਂ ਜਲਦੀ ਤੇ ਜਿੰਨਾ ਹੋ ਸਕੇ, ਅਸਲੇ ਦਾ ਪ੍ਰਬੰਧ ਕੀਤਾ ਜਾਵੇ। ਇਸ ਖ਼ਾਤਰ ਜਲਦੀ ਹੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਝਾਬੇਵਾਲ ਵਿਚ ਗੁਪਤ ਰੂਪ ਵਿਚ ਇਕ ਹਥਿਆਰ ਬਣਾਉਣ ਦਾ ਕਾਰਖ਼ਾਨਾ ਸਥਾਪਤ ਕੀਤਾ ਗਿਆ, ਜਿਸ ਨੂੰ ਬਾਅਦ ਵਿਚ ਨਾਭਾ ਰਿਆਸਤ ਦੇ ਪਿੰਡ ਲੋਹਟਬੱਦੀ ਵਿਚ ਤਬਦੀਲ ਕਰ ਦਿਤਾ ਗਿਆ। ਪਰ ਇਸ ਕੰਮ ਵਿਚ ਪੈਸੇ ਦੀ ਕਮੀ ਆੜੇ ਆਉਣ ਲੱਗੀ। ਜਦੋਂ ਕੋਈ ਚਾਰਾ ਨਾ ਰਿਹਾ ਤਾਂ ਮਜਬੂਰੀਵਸ ਲੁੱਟਾਂ-ਖੋਹਾਂ ਦਾ ਸਹਾਰਾ ਲੈਣ ਦਾ ਫ਼ੈਸਲਾ ਕੀਤਾ ਗਿਆ। ਕਈ ਪਿੰਡਾਂ ਦੇ ਸ਼ਾਹੂਕਾਰਾਂ ਤੋਂ ਧਨ ਲੁੱਟਣ ਲਈ ਉਨ੍ਹਾਂ ਦੇ ਘਰ ਡਾਕੇ ਮਾਰੇ ਗਏ, ਜਿਸ ਨਾਲ ਕਾਫ਼ੀ ਧਨ ਜੁਟਾਉਣ ਵਿਚ ਸਫ਼ਲਤਾ ਮਿਲ ਗਈ ਸੀ। ਪਰ ਇਨ੍ਹਾਂ ਦਾ ਨਾਂਹ-ਪੱਖੀ ਪੱਖ ਇਹ ਰਿਹਾ ਕਿ ਇਨ੍ਹਾਂ ਡਾਕਿਆਂ ਦੌਰਾਨ ਕੁੱਝ ਸ਼ਾਹੂਕਾਰਾਂ ਦੀ ਜਾਨ ਚਲੀ ਗਈ ਅਤੇ ਇਕ ਕ੍ਰਾਂਤੀਕਾਰੀ ਵੀ ਪੁਲਿਸ ਦੇ ਹੱਥ ਲੱਗ ਜਾਣ ਕਾਰਨ ਗ਼ਦਰ ਦੀ ਨਵੀਂ ਯੋਜਨਾ ਬਾਰੇ ਕੁੱਝ ਭੇਤ ਖੁੱਲ੍ਹ ਗਿਆ। ਪਰ ਫਿਰ ਵੀ ਪੈਸੇ ਦੀ ਕਮੀ ਦੂਰ ਹੋਣ ਨਾਲ ਹਥਿਆਰਾਂ ਦਾ ਪ੍ਰਬੰਧ ਕੁੱਝ ਅਸਾਨ ਹੋ ਗਿਆ। ਉਧਰ ਕਰਤਾਰ ਸਿੰਘ ਸਰਾਭਾ ਤੇ ਹੋਰਨਾਂ ਵਲੋਂ ਫ਼ੌਜੀ ਛਾਉਣੀਆਂ ਵਿਚ ਬੀਜੇ ਬਗ਼ਾਵਤ ਦੇ ਬੀਜ ਫੁੱਟਣ ਲਈ ਉਤਾਵਲੇ ਸਨ। ਬੇਸ਼ੱਕ ਬੋਸ ਅਜੇ ਕੁੱਝ ਹਿਚਕਚਾਹਟ ਵਿਚ ਸਨ ਪਰ ਗ਼ਦਰ ਲਈ ਤਿਆਰ ਧਰਾਤਲ ਨੇ ਉਨ੍ਹਾਂ ਨੂੰ ਪਿਛੇ ਨਾ ਮੁੜਨ ਦਿਤਾ। ਉੱਧਰ ਸਿੰਗਾਪੁਰ ਦੀ ਛਾਉਣੀ ਵਿਚ ਵੀ ਬਗ਼ਾਵਤ ਦੇ ਪੂਰੇ ਅਸਾਰ ਬਣ ਗਏ ਸਨ।
Kartar Singh Sarabha
ਸਾਰਾ ਕੁੱਝ ਸੋਚ-ਵਿਚਾਰ ਕੇ ਆਖ਼ਰ ਗ਼ਦਰ ਦਾ ਬਿਗਲ ਵਜਾ ਦਿਤਾ ਗਿਆ; ਤਰੀਕ 21 ਫ਼ਰਵਰੀ। ਗ਼ਦਰ ਲਈ ਜੋ ਚਾਹੀਦਾ ਸੀ, ਉਹ ਲਗਭਗ ਸੱਭ ਕੁੱਝ ਇਸ ਸਮੇਂ ਮੌਜੂਦ ਸੀ; ਕ੍ਰਾਂਤੀਕਾਰੀਆਂ ਦੀ ਲੋੜੀਂਦੀ ਗਿਣਤੀ, ਲੋੜੀਂਦਾ ਅਸਲਾ ਤੇ ਸੱਭ ਤੋਂ ਮਹੱਤਵਪੂਰਨ ਗ਼ਦਰ ਲਈ ਠਾਠਾਂ ਮਾਰਦਾ ਉਤਸ਼ਾਹ ਤੇ ਜਜ਼ਬਾ। ਡਾ. ਮਥੁਰਾ ਸਿੰਘ ਨੇ ਬੰਬ ਬਣਾਉਣੇ ਵੀ ਸਿਖ ਲਏ ਸਨ। ਬੇਸ਼ੱਕ ਇਹ ਗੁਣਵੱਤਾ ਪੱਖੋਂ ਉੱਤਮ ਤਾਂ ਨਹੀਂ ਕਹੇ ਜਾ ਸਕਦੇ ਸਨ ਪਰ ਫਿਰ ਵੀ ਬਗ਼ਾਵਤ ਸਮੇਂ ਵਧੀਆ ਕੰਮ ਦੇ ਸਕਦੇ ਸਨ। ਉਧਰ ਪੰਜਾਬ ਦਾ ਗਵਰਨਰ ਮਾਈਕਲ ਉਡਵਾਇਰ ਗ਼ਦਰ ਪਾਰਟੀ ਦੀ ਪੈੜ ਨੱਪਣ ਦੇ ਸਿਰਤੋੜ ਯਤਨ ਕਰਨ ਦੇ ਬਾਵਜੂਦ ਅਜੇ ਤਕ ਨਾਕਾਮ ਹੀ ਸੀ। ਆਖਰ ਪੁਲਿਸ ਕਿਸੇ ਨਾ ਕਿਸੇ ਤਰ੍ਹਾਂ ਇਕ ਕਾਂਤੀਕਾਰੀ ਬਲਦੇਵ ਸਿੰਘ ਦੇ ਸਾਲੇ ਕਿਰਪਾਲ ਸਿੰਘ ਨੂੰ ਮੁਖ਼ਬਰ ਬਣਾ ਕੇ ਪਾਰਟੀ ’ਚ ਸ਼ਾਮਲ ਕਰਨ ਵਿਚ ਕਾਮਯਾਬ ਹੋ ਗਈ। ਇਹ ਮਾਮਲਾ ਪਾਰਟੀ ਲਈ ਭਾਰੀ ਪੈਣ ਵਾਲਾ ਸੀ। ਉਸ ਨੇ ਬੜੀ ਸਾਫ਼ਗੋਈ ਨਾਲ ਪਾਰਟੀ ’ਚ ਰਹਿ ਕੇ ਕਾਫ਼ੀ ਜਾਣਕਾਰੀ ਹਾਸਲ ਕਰ ਲਈ, ਇਥੋਂ ਤਕ ਕਿ ਗ਼ਦਰ ਦੀ ਅਸਲ ਤਰੀਕ ਵੀ। ਗ਼ਦਰ ਪਾਰਟੀ ਦੇ ਮਨਸੂਬਿਆਂ ਦਾ ਪਤਾ ਲੱਗਣ ’ਤੇ ਅੰਗਰੇਜ਼ ਹਕੂਮਤ ਦੰਗ ਰਹਿ ਗਈ। ਕਿਰਪਾਲ ਸਿੰਘ ਨੂੰ ਸ਼ਾਬਾਸ਼ ਦਿੰਦਿਆਂ ਉਸ ਨੂੰ ਇਸੇ ਤਰ੍ਹਾਂ ਪਾਰਟੀ ’ਚ ਰਹਿ ਕੇ ਗ਼ਦਰ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਕਿਹਾ ਗਿਆ।
ਇਧਰ ਪਾਰਟੀ ਨੂੰ ਵੀ ਕਿਰਪਾਲ ਸਿੰਘ ਦੀ ਨਕਲੋ-ਹਰਕਤ ’ਤੇ ਸ਼ੱਕ ਜਿਹਾ ਹੋ ਗਿਆ। ਪਹਿਲਾਂ ਉਸ ਨੂੰ ਇਸ ਦੀ ਸਜ਼ਾ (ਮੌਤ ਦੀ ਸਜ਼ਾ) ਦੇਣ ਦਾ ਫ਼ੈਸਲਾ ਹੋਇਆ ਪਰ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਇਸ ਨੂੰ ਟਾਲ ਦਿਤਾ ਗਿਆ। ਉਸ ਦੀ ਮੁਖ਼ਬਰੀ ਬਾਰੇ ਯਕੀਨ ਹੋ ਜਾਣ ’ਤੇ ਗ਼ਦਰ ਦੀ ਤਰੀਕ ਇਕ ਵਾਰ ਫਿਰ ਬਦਲ ਦੇਣੀ ਪਈ। ਹੁਣ ਗ਼ਦਰ 21 ਦੀ ਬਜਾਏ ਦੋ ਦਿਨ ਪਹਿਲਾਂ ਭਾਵ 19 ਫ਼ਰਵਰੀ ਨੂੰ ਕਰਨ ਦਾ ਫ਼ੈਸਲਾ ਹੋਇਆ। ਯੋਜਨਾ ਅਨੁਸਾਰ ਕ੍ਰਾਂਤੀਕਾਰੀਆਂ ਦੀਆਂ ਟੋਲੀਆਂ ਬਣਾ ਕੇ ਵੱਖ-ਵੱਖ ਛਾਉਣੀਆਂ ’ਤੇ ਲਗਾ ਦਿਤੀਆਂ ਗਈਆਂ। ਸਰਾਭੇ ਦੀ ਡਿਊਟੀ ਫ਼ਿਰੋਜ਼ਪੁਰ ਛਾਉਣੀ ’ਤੇ ਲੱਗੀ। ਅੱਗੋਂ ਛਾਉਣੀਆਂ ਦੇ ਫ਼ੌਜੀ ਬਗ਼ਾਵਤ ਲਈ ਉਤਾਵਲੇ ਸਨ। ਬੇਸ਼ੱਕ ਉਹ ਜਾਣਦੇ ਸਨ ਕਿ ਜੇਕਰ ਗ਼ਦਰ ਯੋਜਨਾ ਅਨੁਸਾਰ ਸਫ਼ਲ ਨਾ ਹੋ ਸਕਿਆ ਤਾਂ ਅੰਗਰੇਜ਼ ਹਕੂਮਤ ਉਨ੍ਹਾਂ ਨੂੰ ਬਗ਼ਾਵਤ ਕਰਨ ਦੇ ਦੋਸ਼ ਵਿਚ ਨਹੀਂ ਬਖਸ਼ੇਗੀ। ਪਰ ਅਜੇ ਤਕ ਸਾਰਾ ਕੁੱਝ ਯੋਜਨਾ ਦੇ ਅਨੁਸਾਰ ਹੋ ਰਿਹਾ ਸੀ। ਲਗਦਾ ਸੀ ਅੰਗਰੇਜ਼ ਹੁਣ ਘੜੀ-ਪਲ ਦੇ ਹੀ ਮਹਿਮਾਨ ਹਨ।
ਪਰ ਉਹ ਨਹੀਂ ਸਨ ਜਾਣਦੇ ਕਿ ਗ਼ੱਦਾਰ ਕਿਰਪਾਲ ਸਿੰਘ ਉਨ੍ਹਾਂ ਦੀ ਬੇੜੀ ’ਚ ਵੱਟੇ ਪਹਿਲਾਂ ਹੀ ਪਾ ਚੁਕਾ ਸੀ। ਇਹ ਨਵੀਂ ਤਰੀਕ ਵੀ ਉਹ ਪੁਲਿਸ ਨੂੰ ਦਸ ਚੁਕਾ ਸੀ। ਗ਼ਦਰੀ ਇਸ ਗੱਲੋਂ ਪੂਰੀ ਤਰ੍ਹਾਂ ਅਣਜਾਣ ਸਨ ਕਿ ਪੁਲਿਸ ਸਾਰਾ ਕੁੱਝ ਜਾਣਦੀ ਹੋਈ ਵੀ ਇਸ ਯੋਜਨਾ ਤਹਿਤ ਚੁੱਪ ਸੀ ਕਿ ਇਸ ਵਾਰ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਕੁਚਲਣ ਦੇ ਨਾਲ-ਨਾਲ ਸਾਰੇ ਦੇ ਸਾਰੇ ਬਾਗ਼ੀਆਂ ਨੂੰ ਵੀ ਦਬੋਚ ਲਿਆ ਜਾਵੇ।
ਪਰ ਚੰਗੀ ਗੱਲ ਇਹ ਰਹੀ ਕਿ ਕ੍ਰਾਂਤੀਕਾਰੀਆਂ ਨੂੰ ਵੇਲੇ ਸਿਰ ਇਸ ਗੱਲ ਦੀ ਭਿਣਕ ਲਗ ਗਈ। ਇਸ ਅਚਾਨਕ ਤੇ ਅਣਕਿਆਸੇ ਢੰਗ ਨਾਲ ਵਾਪਰੇ ਘਟਨਾਕ੍ਰਮ ਕਾਰਨ ਸਾਰੇ ਕ੍ਰਾਂਤੀਕਾਰੀਆਂ ਵਿਚ ਅਫ਼ਰਾ-ਤਫ਼ਰੀ ਜਿਹੀ ਫੈਲ ਗਈ ਤੇ ਅਚਾਨਕ ਪਲਾਂ ਵਿਚ ਹੀ ਸਾਰੀ ਬਾਜ਼ੀ ਪੁੱਠੀ ਪੈ ਗਈ। ਹੁਣ ਪੁਲਿਸ ਤੋਂ ਬਚਣਾ ਸੱਭ ਲਈ ਪਹਿਲਾਂ ਤੇ ਜ਼ਰੂਰੀ ਸੀ। ਹਰ ਕੋਈ ਅਪਣੇ ਬਚਾਅ ਲਈ ਇਧਰ-ਉਧਰ ਹੋ ਗਿਆ। ਪੁਲਿਸ ਉਨ੍ਹਾਂ ਦੀ ਪੈੜ ਨਪਦੀ ਹੋਈ ਹਰਲ-ਹਰਲ ਕਰਦੀ ਘੁੰਮਣ ਲਗੀ। ਕਈ ਕ੍ਰਾਂਤੀਕਾਰੀ ਫੜ ਲਏ ਗਏ, ਕੁੱਝ ਗੋਲੀਆਂ ਦਾ ਨਿਸ਼ਾਨਾ ਬਣ ਗਏ ਤੇ ਕਈਆਂ ਨੂੰ ਹਕੂਮਤ ਦੇ ਝੋਲੀ-ਚੁਕਾਂ ਨੇ ਗ੍ਰਿਫ਼ਤਾਰ ਕਰਵਾ ਦਿਤਾ। ਅੰਗਰੇਜ਼ੀ ਹਕੂਮਤ ਦੀ ਦਹਿਸ਼ਤ ਕਾਰਨ ਕੋਈ ਕਿਸੇ ਕ੍ਰਾਂਤੀਕਾਰੀ ਨੂੰ ਪਨਾਹ ਦੇਣ ਲਈ ਤਿਆਰ ਨਹੀਂ ਸੀ ਅਤੇ ਕੁੱਝ ਹੀ ਘੰਟਿਆਂ ਵਿਚ ਸਾਰੀ ਖੇਡ ਵਿਗੜ ਗਈ। ਕਰਤਾਰ ਸਿੰਘ ਸਰਾਭਾ ਇਸ ਵਾਰ ਵੀ ਪੁਲਿਸ ਤੋਂ ਬਚ ਕੇ ਫ਼ਿਰੋਜ਼ਪੁਰ ਛਾਉਣੀ ਤੋਂ ਗੱਡੀ ਚੜ੍ਹ ਕੇ ਲਾਹੌਰ ਜਾ ਅਪੜਿਆ। ਉਹ ਆਪ ਤਾਂ ਬੇਸ਼ੱਕ ਬਚਣ ’ਚ ਕਾਮਯਾਬ ਹੋ ਗਿਆ ਸੀ ਪਰ ਉਸ ਨੂੰ ਇਸ ਗੱਲ ਦੀ ਡਾਢੀ ਚਿੰਤਾ ਸਤਾ ਰਹੀ ਸੀ ਕਿ ਕਿਧਰੇ ਪੁਲਿਸ ਰਾਸ ਬਿਹਾਰੀ ਬੋਸ ਤਕ ਨਾ ਅੱਪੜ ਜਾਵੇ। ਪਰ ਅਪਣੇ ਗੁਪਤ ਟਿਕਾਣੇ ’ਤੇ ਬੋਸ ਨੂੰ ਠੀਕ-ਠਾਕ ਦੇਖ ਕੇ ਉਸ ਦੇ ਸਾਹ ਵਿਚ ਸਾਹ ਆ ਗਏ। ਬਹੁਤੀ ਗੱਲ ਕਰਨ ਦਾ ਸਮਾਂ ਨਹੀਂ ਸੀ। ਬੋਸ ਦੇ ਕਹਿਣ ’ਤੇ ਸਰਾਭਾ ਬੋਸ ਨੂੰ ਪੰਜਾਬੀ ਪਹਿਰਾਵੇ ਵਿਚ ਬਨਾਰਸ ਜਾਣ ਵਾਲੀ ਗੱਡੀ ਚੜ੍ਹਾ ਆਇਆ। ਹੋਰਨਾਂ ਵਾਂਗ ਸਰਾਭਾ ਵੀ ਗ਼ਦਰ ਦੇ ਅਸਫ਼ਲ ਹੋ ਜਾਣ ਤੋਂ ਅਤਿਅੰਤ ਦੁਖੀ ਤੇ ਨਿਰਾਸ਼ ਹੋ ਗਿਆ ਸੀ।
ਉਧਰ, ਜਿਵੇਂ ਕਿ ਉਮੀਦ ਸੀ, ਬਾਗ਼ੀਆਂ ਦੀ ਹਮਾਇਤ ਕਰਨ ਵਾਲੇ ਫ਼ੌਜੀਆਂ ’ਤੇ ਹਕੂਮਤੀ ਸਖ਼ਤੀ ਸ਼ੁਰੂ ਹੋ ਗਈ। ਵਡੇਰਾ ਰੋਲ ਅਦਾ ਕਰਨ ਵਾਲਿਆਂ ਨੂੰ ਮੌਤ ਜਾਂ ਉਮਰ ਕੈਦ ਦੀਆਂ ਸਜ਼ਾਵਾਂ ਦਿਤੀਆਂ ਗਈਆਂ। ਕਈ ਪੂਰੀਆਂ ਦੀਆਂ ਪੂਰੀਆਂ ਪਲਟਨਾਂ ਨੂੰ ਹੀ ਡਿਸਮਿਸ ਕਰ ਦਿਤਾ ਗਿਆ। ਬਹੁਤ ਸਾਰਿਆਂ ਨੂੰ ਸਜ਼ਾ ਦੇ ਤੌਰ ’ਤੇ ਤੁਰਤ ਲੜਾਈ ਵਿਚ ਭੇਜ ਦਿਤਾ ਗਿਆ। ਰਾਸ ਬਿਹਾਰੀ ਬੋਸ ਨੇ ਜਾਂਦੇ ਸਮੇਂ ਸਰਾਭੇ ਨੂੰ ਸਲਾਹ ਦਿਤੀ ਸੀ ਕਿ ਮੌਜੂਦਾ ਹਾਲਾਤ ਵਿਚ ਉਨ੍ਹਾਂ ਦਾ ਪੁਲਿਸ ਤੋਂ ਬਚਣਾ ਸੱਭ ਤੋਂ ਜ਼ਰੂਰੀ ਹੈ। ਇਸ ਲਈ ਉਹ ਵੀ , ਜਿੰਨੀ ਜਲਦੀ ਹੋ ਸਕੇ, ਫ਼ਿਲਹਾਲ ਪੰਜਾਬ ’ਚੋਂ ਨਿਕਲ ਜਾਵੇ। ਇਹੀ ਸਲਾਹ ਉਸ ਦੇ ਪੁਲਿਸ ਤੋਂ ਬਚੇ ਸਾਥੀਆਂ ਹਰਨਾਮ ਸਿੰਘ ਟੁੰੰਡੀਲਾਟ ਤੇ ਜਗਤ ਸਿੰਘ ਨੇ ਦਿਤੀ ਕਿ ਜਿੰਨਾ ਚਿਰ ਪੁਲਿਸ ਦਾ ਫੜੋ-ਫੜੀ ਦਾ ਮਹੌਲ ਸ਼ਾਂਤ ਨਹੀਂ ਹੋ ਜਾਂਦਾ ਉਦੋਂ ਤਕ ਉਨ੍ਹਾਂ ਨੂੰ ਕਾਬਲ ’ਚ ਡੇਰੇ ਲਾ ਲੈਣੇ ਚਾਹੀਦੇ ਹਨ। ਹਰਨਾਮ ਸਿੰਘ ਟੁੰਡੀਲਾਟ ਨੂੰ ਪਸ਼ਤੋ ਬੋਲੀ ਬੋਲਣੀ ਆਉਂਦੀ ਸੀ ਤੇ ਉਹ ਪਿਸ਼ੌਰ ਸ਼ਹਿਰ ਦੇ ਨੇੜੇ ਦੇ ਇਕ ਕਾਰੋਬਾਰੀ ਭਾਈ ਧੰਨਾ ਸਿੰਘ ਨੂੰ ਜਾਣਦਾ ਸੀ, ਜੋ ਉਨ੍ਹਾਂ ਨੂੰ ਸਰਹੱਦ ਪਾਰ ਕਰਵਾਉਣ ਵਿਚ ਮਦਦ ਕਰ ਸਕਦਾ ਸੀ। ਪੁਲਿਸ ਤੋਂ ਬਚਣ ਲਈ ਮੁਸਲਮਾਨੀ ਭੇਸ ਬਣਾ ਕੇ ਇਹ ਤਿੰਨੋਂ ਜਣੇ ਇਕ ਹਫ਼ਤੇ ਦਾ ਬੇਹੱਦ ਔਕੜਾਂ ਭਰਿਆ ਪੰਧ ਕਰ ਕੇ ਥਕ-ਟੁਟ ਕੇ ਆਖਰ ਭਾਈ ਧੰਨਾ ਸਿੰਘ ਕੋਲ ਜਾ ਪੁੱਜੇ। ਧੰਨਾ ਸਿੰਘ ਨੇ ਸੁਰਖਿਆ ਪੱਖ ਤੋਂ ਉਨ੍ਹਾਂ ਨੂੰ ਸਲਾਹ ਦਿਤੀ ਕਿ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਦੀ ਬਜਾਏ, ਅੱਗੇ ਰੂਸ ਵਿਚ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਅਫ਼ਗਾਨਿਸਤਾਨ ਵਿਚ ਉਨ੍ਹਾਂ ਦੇ ਫੜੇ ਜਾਣ ’ਤੇ ਅੰਗਰੇਜ਼ੀ ਹਕੂਮਤ ਦੇ ਹਵਾਲੇ ਕੀਤੇ ਜਾਣ ਦਾ ਡਰ ਸੀ।
ਬੇਸ਼ੱਕ ਉਸ ਸਮੇਂ ਉਨ੍ਹਾਂ ਦਾ ਦੇਸ਼ ਤੇ ਗ਼ਦਰ ਪਾਰਟੀ ਲਈ ਪੁਲਿਸ ਤੋਂ ਬਚਣਾ ਬਹੁਤ ਜ਼ਰੂਰੀ ਸੀ ਪਰ ਸਰਾਭੇ ਨੂੰ ਇਸ ਤਰ੍ਹਾਂ ਲੁਕਦੇ ਫਿਰਨ ਵਿਚ ਨਿਰੀ ਕਾਇਰਤਾ ਨਜ਼ਰ ਆਉਣ ਲੱਗੀ। ਉਸ ਨੂੰ ਇਸ ਤਰ੍ਹਾਂ ਡਰ ਦੇ ਮਾਰੇ ਲੁਕਦੇ-ਛਿਪਦੇ ਫੜੇ ਜਾਣ ਨਾਲੋਂ ਦੇਸ਼ ਲਈ ਕੁੱਝ ਕਰਦੇ ਹੋਏ ਫੜੇ ਜਾਣਾ ਕਿਤੇ ਜ਼ਿਆਦਾ ਸਨਮਾਨਜਨਕ ਤੇ ਆਤਮਕ ਸੰਤੁਸ਼ਟੀ ਵਾਲਾ ਲਗਦਾ ਸੀ। ਉਸ ਨੂੰ ਇਹ ਝੋਰਾ ਤੇ ਦੁੱਖ ਵੀ ਵੱਢ-ਵੱਢ ਕੇ ਖਾ ਰਿਹਾ ਸੀ ਕਿ ਐਨੀ ਮੁਸ਼ੱਕਤ, ਸਿਰਤੋੜ ਯਤਨ ਤੇ ਭੱਜ-ਨੱਠ ਦੇ ਬਾਵਜੂਦ ਉਹ ਅਪਣੇ ਮਕਸਦ ਦਾ ਅਰੰਭ ਵੀ ਨਹੀਂ ਕਰ ਸਕੇ। ਉਂਝ ਵੀ ਬੇਸ਼ੱਕ ਗ਼ਦਰ ਵਾਲੀ ਸਾਰੀ ਖੇਡ ਲਗਭਗ ਬਿਖਰ ਚੁਕੀ ਸੀ ਪਰ ਸਰਾਭੇ ਨੇ ਅਜੇ ਵੀ ਹਿੰਮਤ ਨਹੀਂ ਸੀ ਹਾਰੀ ਤੇ ਉਹ ਅਜੇ ਵੀ ਆਸਵੰਦ ਸੀ। ਉਹ ਚਾਹੁੰਦਾ ਸੀ ਕਿ ਜੇਲ਼੍ਹੀਂ ਡੱਕੇ ਅਪਣੇ ਸਾਥੀਆਂ ਨੂੰ ਛੁਡਾਇਆ ਜਾਵੇ ਤੇ ਤਾਕਤ ਇਕੱਠੀ ਕਰ ਕੇ ਫਿਰ ਤੋਂ ਕੋਸ਼ਿਸ਼ ਕੀਤੀ ਜਾਵੇ। ਇਹੀ ਨਹੀਂ, ਉਸ ਨੂੰ ਉਨ੍ਹਾਂ ਗ਼ੱਦਾਰਾਂ ਤੇ ਸਰਕਾਰ ਦੇ ਝੋਲੀ-ਚੁਕਾਂ ’ਤੇ ਵੀ ਸਖ਼ਤ ਗੁੱਸਾ ਸੀ, ਜਿਨ੍ਹਾਂ ਕਾਰਨ ਉਨ੍ਹਾਂ ਦੀ ਸਾਰੀ ਮਿਹਨਤ ਮਿੱਟੀ ਹੋ ਗਈ ਸੀ। ਉਹ ਵਾਪਸ ਜਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਦਾ ਵੀ ਹਾਮੀ ਸੀ।
ਅਗਲੇ ਦਿਨ ਸਵੇਰੇ ਉਸ ਨੇ ਅਪਣੇ ਦੋਵਾਂ ਸਾਥੀਆਂ ਨੂੰ ਰਾਤੀਂ ਲਿਖੀ ਕਵਿਤਾ ‘ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ’ ਸੁਣਾਈ ਤੇ ਵਾਪਸ ਚਲਣ ਲਈ ਕਿਹਾ। ਟੁੰਡੀਲਾਟ ਤੇ ਜਗਤ ਸਿੰਘ ਨੂੰ ਸਰਾਭੇ ਦੀ ਇਸ ਗੱਲ ’ਚੋਂ ਝੱਲਪੁਣਾ ਨਜ਼ਰ ਆਇਆ। ਉਨ੍ਹਾਂ ਦਾ ਤਰਕ ਸੀ ਕਿ ਜੇ ਵਾਪਸ ਹੀ ਜਾਣਾ ਹੈ ਤਾਂ ਐਨੀਆਂ ਔਖਿਆਈਆਂ ਕੱਟ ਕੇ ਐਨੀ ਦੂਰ ਆਉਣ ਦੀ ਕੀ ਲੋੜ ਸੀ? ਪਰ ਸਰਾਭੇ ਦੁਆਰਾ ਬਾ-ਦਲੀਲ ਗੱਲ ਕਰਨ ’ਤੇ ਉਨ੍ਹਾਂ ਨੂੰ ਉਸ ਨਾਲ ਸਹਿਮਤ ਹੋਣਾ ਪਿਆ। ਬੇਸ਼ੱਕ ਉਹ ਜਾਣਦੇ ਸਨ ਕਿ ਗ਼ਦਰ ਪਾਰਟੀ ਵਿਚ ਜੇ ਸਾਹ-ਸਤ ਬਾਕੀ ਸਨ ਤਾਂ ਉਹ ਸਿਰਫ਼ ਸਰਾਭੇ ਕਾਰਨ ਸਨ। ਉਸ ਦਾ ਫੜਿਆ ਜਾਣਾ, ਮਤਲਬ ਪਾਰਟੀ ਦੇ ਕਫ਼ਨ ਵਿਚ ਆਖਰੀ ਕਿੱਲ ਠੁਕ ਜਾਣਾ। ਪਰ ਫਿਰ ਵੀ ਉਹ ਇਹ ਖ਼ਤਰਾ ਮੁੱਲ ਲੈਣ ਲਈ ਤਿਆਰ ਹੋ ਗਏ। ਹੁਣ ਉਨ੍ਹਾਂ ਨੇ ਸੱਭ ਤੋਂ ਪਹਿਲਾਂ ਸਰਹੱਦ ਪਾਰ ਕਰ ਕੇ ਕਾਬੁਲ ’ਚ ਛੁਪੇ ਅਪਣੇ ਇਕ ਕ੍ਰਾਂਤੀਕਾਰੀ ਸਾਥੀ ਡਾ. ਮਥੁਰਾ ਸਿੰਘ ਦੇ ਬਣਾਏ ਤੇ ਛੁਪਾਏ ਬੰਬਾਂ ਦਾ ਥਹੁ-ਪਤਾ ਕਢਣਾ ਸੀ। ਇਸ ਤੋਂ ਇਲਾਵਾ ਜਗਤ ਸਿੰਘ ਦੇ ਇਕ ਜਾਣੂ ਬੂੜ ਸਿੰਘ ਤੋਂ ਉਸ ਦੇ ਸੀਨੀਅਰ ਰਸਾਲਦਾਰ ਰਾਂਹੀਂ ਗ਼ਦਰ ਲਈ ਅਸਲਾ ਦੇਣ ਦਾ ਵਾਅਦਾ ਲਿਆ ਗਿਆ। ਇਸ ਕੰਮ ਵਿਚ ਉਹ ਵੀ ਮਦਦਗਾਰ ਹੋ ਸਕਦਾ ਸੀ ।2 ਮਾਰਚ 1915 ਨੂੰ ਤਿੰਨੋਂ ਜਣੇ ਬੂੜ ਸਿੰਘ ਨੂੰ ਜਾ ਮਿਲੇ ਤੇ ਅਸਲੇ ਦੀ ਲੋੜ ਬਾਰੇ ਦਸਿਆ। ਬੂੜ ਸਿੰਘ ਨੇ ਇਸ ਬਾਰੇ ਰਸਾਲਦਾਰ ਗੰਡਾ ਸਿੰਘ ਨਾਲ ਗੱਲ ਕੀਤੀ।
ਰਸਾਲਦਾਰ ਗੰਡਾ ਸਿੰਘ ਨੇ ਉਨ੍ਹਾਂ ਨੂੰ ਉਸੇ ਸ਼ਾਮ ਚਕ ਨੰਬਰ 5 ਦੇ ਸਰਕਾਰੀ ਗਰਾਸ ਫ਼ਾਰਮ ’ਤੇ ਮਿਲਣ ਅਤੇ ਲੋੜੀਂਦਾ ਅਸਲਾ ਲੈ ਜਾਣ ਲਈ ਕਿਹਾ।
ਹਥਿਆਰਾਂ ਦਾ ਐਨੀ ਅਸਾਨੀ ਨਾਲ ਪ੍ਰਬੰਧ ਹੋ ਜਾਣ ਦੀ ਉਨ੍ਹਾਂ ਨੂੰ ਕਾਫ਼ੀ ਤਸੱਲੀ ਸੀ ਪਰ ਨਾ ਤਾਂ ਕਰਤਾਰ ਸਿੰਘ ਸਰਾਭਾ, ਨਾ ਉਸ ਦੇ ਸਾਥੀ ਤੇ ਨਾ ਹੀ ਬੂੜ ਸਿੰਘ ਨੂੰ ਇਸ ਗੱਲ ਦਾ ਚਿਤ-ਚੇਤਾ ਸੀ ਕਿ ਉਹ ਬੜੀ ਅਸਾਨੀ ਨਾਲ ਰਸਾਲਦਾਰ ਗੰਡਾ ਸਿੰਘ ਦੇ ਜਾਲ ਵਿਚ ਫਸ ਚੁਕੇ ਸਨ। ਦਿਤੇ ਸਮੇਂ ਅਨੁਸਾਰ ਜਦੋਂ ਉਹ ਮਿਥੇ ਸਥਾਨ ’ਤੇ ਪੁੱਜੇ ਤਾਂ ਕੁੱਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਪੁਲਿਸ ਦਾ ਘੇਰਾ ਪੈ ਗਿਆ ਤੇ ਅਗਲੇ ਕੁੱਝ ਪਲਾਂ ਵਿਚ ਉਹ ਪੁਲਿਸ ਦੀ ਗ਼ਿ੍ਰਫ਼ਤ ਵਿਚ ਸਨ। ਐਨੀ ਅਸਾਨੀ ਨਾਲ ਉਹ ਪੁਲਿਸ ਦੇ ਹੱਥ ਆ ਜਾਣਗੇ, ਇਸ ਗੱਲ ਦਾ ਅੰਦਾਜ਼ਾ ਨਾ ਤਾਂ ਉਨ੍ਹਾਂ ਨੂੰ ਖ਼ੁਦ ਸੀ ਤੇ ਨਾ ਹੀ ਪੁਲਿਸ ਅਤੇ ਅੰਗਰੇਜ਼ ਹਕੂਮਤ ਨੂੰ।
ਕਰਤਾਰ ਸਿੰਘ ਸਰਾਭਾ ਦੀ ਗ਼ਿ੍ਰਫ਼ਤਾਰੀ ਨਾਲ ਗ਼ਦਰ ਪਾਰਟੀ ਤੇ ਗ਼ਦਰ ਦੀਆਂ ਸੰਭਾਵਨਾਵਾਂ ਦਾ ਵੀ ਇਕ ਤਰ੍ਹਾਂ ਨਾਲ ਅੰਤ ਹੋ ਗਿਆ। ਗੰਡਾ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਤਿੰਨ ਮੁਰੱਬੇ ਅਤੇ 5000 ਰੁਪਏ ਨਕਦ ਇਨਾਮ ਵਜੋਂ ਦਿਤੇ। ਲਗਭਗ ਸਾਢੇ ਸੱਤ ਮਹੀਨਿਆਂ ਦੇ ਅਦਾਲਤੀ-ਨਾਟਕ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਨੂੰ ‘ਲਾਹੌਰ ਕਾਂਸੀਪੇਰੇਸੀ ਕੇਸ’ ਅਧੀਨ 16 ਨਵੰਬਰ 1915 ਨੂੰ ਲਾਹੌਰ ਵਿਚ ਫਾਂਸੀ ਦੇ ਦਿਤੀ ਗਈ।
ਫਾਂਸੀ ਲੱਗਣ ਤੋਂ ਪਹਿਲਾਂ ਕਰਤਾਰ ਸਿੰਘ ਸਰਾਭਾ ਨੇ ਪ੍ਰੇਰਕ ਸੰਦੇਸ਼ ਵਜੋਂ ‘ਹਿੰਦ ਵਾਸੀਉ ਰਖਣਾ ਯਾਦ ਸਾਨੂੰ...’ ਕਵਿਤਾ ਲਿਖੀ। ਫ਼ਾਂਸੀ ਦੀ ਸਜ਼ਾ ਸੁਣਨ ਤੋਂ ਬਾਅਦ ਉਸ ਨੇ ਜੱਜ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਦੁਬਾਰਾ ਜਨਮ ਲੈ ਕੇ ਦੇਸ਼ ਲਈ ਉਹ ਕੰਮ ਕਰੇਗਾ ਜੋ ਉਹ ਇਸ ਜਨਮ ਵਿਚ ਨਹੀਂ ਕਰ ਸਕਿਆ।
ਵਿਦੇਸ਼ੀ ਧਰਤੀਆਂ ’ਤੇ ਪਨਪਿਆ ਤੇ ਜਵਾਨ ਹੋਇਆ ਇਹ ਵਿਸ਼ਾਲ ਮਿਸ਼ਨ ਤੇ ਸੰਘਰਸ਼ ਇਸ ਤਰ੍ਹਾਂ ਅਪਣਾ ਅੰਤ ਵੇਖੇਗਾ, ਇਹ ਉਮੀਦ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ।
- ਜਸਬੀਰ ਸਿੰਘ ਕੰਗਣਵਾਲ, ਪਟਿਆਲਾ,ਮੋਬਾਈਲ : 9465207626