ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਹੋਵੇ?
Published : Sep 10, 2018, 11:29 am IST
Updated : Sep 10, 2018, 11:29 am IST
SHARE ARTICLE
Sri guru granth sahib
Sri guru granth sahib

ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਅੰਤਿਮ ਸਮੇਂ ਸਿੱਖ ਕੌਮ ਦੀ ਭਵਿਖੀ ਅਗਵਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿਤੀ।

ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਅੰਤਿਮ ਸਮੇਂ ਸਿੱਖ ਕੌਮ ਦੀ ਭਵਿਖੀ ਅਗਵਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿਤੀ। ''ਸੱਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ'' ਦਾ ਸਪੱਸ਼ਟ ਆਦੇਸ਼ ਕਰ ਕੇ ਭਵਿੱਖ ਵਿਚ ਗੁਰਤਾਗੱਦੀ ਲਈ ਹੋਣ ਵਾਲੇ ਕਿਸੇ ਵੀ ਵਿਵਾਦ ਨੂੰ ਸਦਾ ਲਈ ਮਿਟਾ ਦਿਤਾ। ਇਸ ਅਦੁਤੀ ਘਟਨਾ ਨੇ ਸਿੱਖਾਂ ਨੂੰ ਕੇਵਲ ਗੁਰੂ ਗਿਆਨ ਨਾਲ ਹੀ ਨਹੀਂ ਜੋੜਿਆ, ਸਗੋਂ ਸਮੇਂ-ਸਮੇਂ ਤੇ ਸੰਸਾਰ ਉਤੇ ਆਏ ਉਨ੍ਹਾਂ ਭਗਤਾਂ ਵਲੋਂ ਦਿਤਾ ਗਿਆਨ ਵੀ ਪ੍ਰਦਾਨ ਕੀਤਾ, ਜਿਨ੍ਹਾਂ ਨੂੰ ਜਾਤ ਅਭਿਮਾਨੀਆਂ ਨੇ ਮਨੁੱਖ ਹੋਣਾ ਵੀ ਪ੍ਰਵਾਨ ਨਹੀਂ ਸੀ ਕੀਤਾ।

ਅਸਲ ਵਿਚ ਜਾਤ ਅਭਿਮਾਨੀਆਂ ਦਾ ਵੈਰ ਤਾਂ ਸਿੱਖਾਂ ਨਾਲ ਗੁਰੂ ਅਰਜਨ ਸਾਹਿਬ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਨ (1604) ਤੋਂ ਹੀ ਪੈਦਾ ਹੋ ਗਿਆ ਸੀ। ਪੰਜਵੇਂ ਗੁਰੂ ਸਾਹਿਬ ਨੇ ਤਾਂ ਪਲੰਘ ਤੇ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰ ਕੇ ਆਪ ਜ਼ਮੀਨ ਤੇ ਸੌਂ ਕੇ ਇਨ੍ਹਾਂ ਸੱਭ ਭਗਤਾਂ ਦੇ ਗਿਆਨ ਨੂੰ ਸੱਚੀ ਸ਼ਰਧਾ ਭੇਟ ਕੀਤੀ ਸੀ। ਦਸ਼ਮੇਸ਼ ਪਿਤਾ ਦੇ ਪ੍ਰਲੋਕ ਗਮਨ ਤੋਂ ਬਾਅਦ ਸਿੰਘਾਂ ਨੇ ਗੁਰੂ ਗ੍ਰੰਥ  ਸਾਹਿਬ ਨੂੰ ਗੁਰੂ ਮੰਨ ਕੇ ਸਤਿਕਾਰ ਕੀਤਾ ਬਲਕਿ ਕਈ ਵਾਰ ਇਸ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਅਪਣੇ ਜੀਵਨ ਦੀ ਆਹੂਤੀ ਵੀ ਦਿਤੀ।

ਸੰਸਾਰ ਵਿਚ ਗੁਰੂ ਗ੍ਰੰਥ ਹੀ ਅਜਿਹਾ ਗ੍ਰੰਥ ਹੈ ਜਿਸ ਦੇ ਸਤਿਕਾਰ ਦੀ ਰਾਖੀ ਕਰਨ ਲਈ ਬਕਾਇਦਾ ਬਹੁਤ ਸਾਰੀਆਂ ਸੰਸਥਾਵਾਂ (ਸਤਿਕਾਰ ਕਮੇਟੀਆਂ) ਬਣੀਆਂ ਹੋਈਆਂ ਹਨ। ਇਹ ਸੰਸਥਾਵਾਂ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ, ਪਰ ਕਿਤੇ ਕਿਤੇ ਇਸ ਸਤਿਕਾਰ ਦੇ ਪਿਛੇ ਅੰਧ ਵਿਸ਼ਵਾਸ ਦੀ ਝਲਕ ਵੀ ਪੈਂਦੀ ਹੈ। ਇਹ ਧਿਆਨ ਹਮੇਸ਼ਾ ਰਖਣਾ ਚਾਹੀਦਾ ਹੈ ਕਿ ਕਿਤੇ ਇਹ ਸਤਿਕਾਰ ਸਿੱਖ ਕੌਮ ਨੂੰ ਮਿਲੇ ਇਸ ਗਿਆਨ ਦੇ ਭੰਡਾਰ ਤੋਂ ਦੂਰ ਹੀ ਨਾ ਕਰ ਦੇਵੇ। ਇਸ ਗੱਲ ਵਿਚ ਵੀ ਕੋਈ ਦੋ ਰਾਏ ਨਹੀਂ ਕਿ ਸੰਸਾਰ ਦੀ ਹਰ ਕਿਤਾਬ ਗਿਆਨ ਦਾ ਸੋਮਾ ਹੈ ਪਰ ਗੁਰੂ ਨਹੀਂ ਅਖਵਾ ਸਕਦੀ।

ਇਹ ਸਿੱਖਾਂ ਲਈ ਇਕ ਫਿਕਰ ਵਾਲੀ ਗੱਲ ਹੈ ਕਿ ਅੱਜ ਦਿਨ-ਬ-ਦਿਨ ਅਸੀ ਵਿਖਾਵੇ ਦੇ ਸਤਿਕਾਰ ਵਲ ਵੱਧ ਰਹੇ ਹਾਂ। ਸਾਡੇ ਕਥਾ ਵਾਚਕ, ਬੁਲਾਰੇ ਆਦਿ ਸਨਾਤਨੀ ਪੁਜਾਰੀਆਂ ਦੇ ਪਾਖੰਡ ਤੇ ਅੰਧ ਵਿਸ਼ਵਾਸ ਦੀਆਂ ਬਹੁਤ ਸਾਖੀਆਂ ਸੁਣਾਉਂਦੇ ਹਨ। ਪਰ ਇਹ ਵੀ ਕੌੜਾ ਸੱਚ ਹੈ ਕਿ ਗੁਰੂ ਸਾਹਿਬ ਦਾ ਵਿਖਾਵੇ ਵਾਲਾ ਸਤਿਕਾਰ ਬਹਾਲ ਕਰਨ ਲਈ ਗ਼ਰੀਬ ਸਿੱਖਾਂ ਦੀ ਕੁੱਟਮਾਰ ਕੀਤੀ ਜਾਂਦੀ ਰਹੇਗੀ ਤਾਂ ਸਿਖੀ ਘਟੇਗੀ ਹੀ। ਪਰ ਪੁਜਾਰੀ ਵਰਗ ਹਮੇਸ਼ਾਂ ਸੇਵਕਾਂ ਨੂੰ ਗਿਆਨਹੀਣ ਹੀ ਰਖਣਾ ਚਾਹੁੰਦੇ ਹਨ। ਅੱਜ ਇਸ ਲੇਖ ਰਾਹੀਂ ਵਿਚਾਰ ਕਰਾਂਗੇ ਕਿ ਅੱਜ ਦਾ ਸਤਿਕਾਰ ਗੁਰੂ ਸਾਹਿਬਾਨ ਪ੍ਰਵਾਨ ਵੀ ਕਰਦੇ ਹਨ ਜਾਂ ਨਹੀਂ? 


1. ਪ੍ਰਕਾਸ਼ ਤੇ ਸੁੱਖ ਆਸਣ : ਅੱਜ ਹਰ ਗੁਰੂ ਘਰ ਵਿਚ ਇਹ ਮਰਯਾਦਾ ਚਲ ਰਹੀ ਹੈ, ਸਵੇਰੇ ਅਰਦਾਸ ਕਰਦੇ ਹਾਂ ਕਿ ਸਿੰਘਾਸਨ ਤੇ ਬਿਰਾਜਮਾਨ ਹੋਵੋ ਤੇ 'ਸੋਹਲੇ' ਦੇ ਪਾਠ ਤੋਂ ਬਾਅਦ ਸ਼ਾਮ ਨੂੰ ਅਰਦਾਸ ਹੁੰਦੀ ਹੈ ਕਿ ਸੁਖ ਆਸਣ ਤੇ ਅਰਾਮ ਕਰੋ। ਭਾਵੇਂ ਇਸ ਗੱਲ ਦਾ ਮੁੱਢ ਉਸ ਦਿਨ ਬੱਝ ਗਿਆ ਸੀ ਜਦੋਂ ਸਿੱਖਾਂ ਨੇ ਸਵੇਰੇ ਤੇ ਸ਼ਾਮ ਦੀਆਂ ਬਾਣੀਆਂ ਨਿਸ਼ਚਿਤ ਕਰ ਕੇ ਇਸ ਤਰ੍ਹਾਂ ਨਾਲ ਸਨਾਤਨੀ ਰੀਤ (ਮੰਦਰਾਂ ਵਾਲੀ) ਦੀ ਸ਼ੁਰੂਆਤ ਕੀਤੀ ਸੀ। 'ਸਤਿਗੁਰੁ ਜਾਗਤਾ ਹੈ ਦੇਉ£੧£' ਸੌਣ ਜਾਗਣ ਦੀ ਲੋੜ ਸ੍ਰੀਰ ਨੂੰ ਹੈ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ। ਚਾਹੀਦਾ ਤਾਂ ਇਹ ਹੈ ਕਿ ਬਾਣੀ ਦਾ ਅਸਲ ਸਤਿਕਾਰ ਹੋਵੇ। ਜਦੋਂ ਸਮਾਂ ਮਿਲੇ ਉਦੋਂ ਪੜ੍ਹ ਕੇ ਸਮਝ ਕੇ ਜੀਵਨ ਸੁਧਾਰੀਏ।


2. ਮੌਸਮ ਅਨੁਕੂਲ ਰਮਾਲੇ : ਲੱਖਾਂ ਦੀ ਗਿਣਤੀ ਵਿਚ ਹਰ ਰੋਜ਼ ਵੱਖ-ਵੱਖ ਰੰਗਾਂ ਦੇ ਰੁਮਾਲੇ ਗੁਰੂ ਸਾਹਿਬ ਨੂੰ ਭੇਟ ਹੋ ਰਹੇ ਹਨ। ਗ੍ਰੰਥ ਸਾਹਿਬ ਨੂੰ ਮੌਸਮੀ ਪ੍ਰਭਾਵ ਤੋਂ ਬਚਾਉਣ ਲਈ ਰੁਮਾਲੇ ਦੀ ਜ਼ਰੂਰਤ ਵੀ ਹੈ। ਪਰ ਸਰਦੀ ਵਿਚ ਰਜ਼ਾਈ ਅਤੇ ਗਰਮੀ ਵਿਚ ਏ.ਸੀ. ਜਾਂ ਪੱਖਾ ਚਲਾ ਕੇ ਜੋ ਸਤਿਕਾਰ ਕੀਤਾ ਜਾਂਦਾ ਹੈ, ਉਹ ਕਈ ਵਾਰ ਸ਼ਾਰਟ ਸਰਕਟ ਕਾਰਨ ਅੱਗ ਵੀ ਲਾਉਂਦਾ ਹੈ ਜੋ ਗੁਰੂ ਸਾਹਿਬ ਦੀ ਬੇਅਦਬੀ ਦਾ ਕਾਰਨ ਬਣ ਜਾਂਦਾ ਹੈ। ਅਜਿਹੀਆਂ ਘਟਨਾਵਾਂ ਰੋਜ਼ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਹਨ। ਗੁਰੂ ਉਪਦੇਸ਼ ਕੁੱਝ ਇਸ ਤਰ੍ਹਾਂ ਹੁਕਮ ਕਰਦਾ ਹੈ :

ਗੁਰ ਕਾ ਬਚਨੁ ਬਸੈ ਜੀਅ ਨਾਲੇ£
ਜਲਿ ਨਹੀ ਡੂਬੈ, ਤਸਕਰੁ ਨਹੀਂ ਲੇਵੈ ਭਾਹਿ ਨਾ ਸਾਕੈ ਜਾਲੇ£੧£ 
3. ਨੰਗੇ ਪੈਰੀਂ ਚਲਣਾ : ਗੁਰੂਘਰ ਨੰਗੇ ਪੈਰੀਂ ਚਲ ਕੇ ਜਾਣਾ ਵੀ ਸਤਿਕਾਰ ਵਿਚ ਸ਼ਾਮਲ ਹੈ। ਨੰਗੇ ਪੈਰੀਂ ਜਾਣਾ ਜਾਂ ਕਿਸੇ ਦਾ ਹੁਕਮ ਸੁਣ ਕੇ (ਸਨੇਹੀ ਦਾ ਸਨੇਹਾ ਸੁਣ ਕੇ) ਪੈਰ ਜੁਤੀ ਵੀ ਨਾ ਪਾਉਣੀ ਪੰਜਾਬ ਦੀ ਪੁਰਾਤਨ ਰੀਤ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਮਾਣਿਤ ਰਹਿਤ ਮਰਯਾਦਾ ਤਾਂ ਜੁੱਤੀ ਪਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਉਤੇ ਚੁਕਣ ਨੂੰ ਜਾਇਜ਼ ਮੰਨਦੀ ਹੈ ਪਰ ਜੇ ਕੋਈ ਅਜਿਹਾ ਕਰ ਬੈਠੇ ਤਾਂ ਸਤਿਕਾਰ ਕਮੇਟੀਆਂ ਉਸ ਦਾ ਅਜਿਹਾ ਹਸ਼ਰ ਕਰ ਦੇਣਗੀਆਂ ਕਿ ਉਹ ਮੁੜ ਗੁਰੂਘਰ ਵਲ ਮੂੰਹ ਨਹੀਂ ਕਰ ਸਕੇਗਾ। ਸ਼ਾਇਦ ਅਜਿਹਾ ਹੁਕਮ ਵੀ ਆ ਜਾਵੇ ਕਿ 'ਗੁਰੂ ਸਾਹਿਬ ਦਾ ਸਰੂਪ ਗੱਡੀ ਵਿਚ ਲੈ ਕੇ ਜਾਣ ਤੋਂ ਪਹਿਲਾਂ ਟਾਇਰ ਉਤਾਰੇ  ਜਾਣ'' ਪਰ ਗੁਰੂ ਮਿਹਰ ਕਰੇ ਅਜਿਹਾ ਨਾ ਹੀ ਹੋਵੇ ਤਾਂ ਠੀਕ ਹੈ। 
ਭੋਗ ਲਗਾਉਣਾ : ਬਹੁਤ ਸਾਰੇ ਸਿੱਖ ਪ੍ਰਵਾਰਾਂ ਵਿਚ ਰੋਜ਼ਾਨਾ ਭੋਜਨ ਤਿਆਰ ਕਰ ਕੇ ਗੁਰੂਆਂ ਦੀਆਂ ਫ਼ੋਟੋਆਂ ਅੱਗੇ ਰੱਖ ਕੇ ਭੋਗ ਲਗਵਾਇਆ ਜਾਂਦਾ ਹੈ।

ਅਸਲ ਮਰਯਾਦਾ ਅਰਦਾਸ ਕਰ ਕੇ ਭੋਜਨ ਵਰਤਾਉਣ (ਛਕਣ) ਦੀ ਪ੍ਰਵਾਨਗੀ ਲੈਣੀ ਤਾਂ ਠੀਕ ਹੈ। ਪਰ ਉਹ ਵੀ ਅਕਾਲ ਪੁਰਖ ਤੋਂ, ਗੁਰੂ ਸਾਹਿਬਾਨਾਂ ਦੀਆਂ ਫ਼ੋਟੋਆਂ ਤੋਂ ਨਹੀਂ। ਅਸਲ ਵਿਚ ਸਿੱਖ ਦੀ ਅਰਦਾਸ ਅਕਾਲ ਪੁਰਖ ਅੱਗੇ ਹੋਣੀ ਚਾਹੀਦੀ ਹੈ। ਪਰ ਕੁੱਝ ਸਮੇਂ ਤੋਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵੀ ਅਰਦਾਸ ਸ੍ਰੀ ਗੁਰੂ ਰਾਮ ਦਾਸ ਜੀ ਨੂੰ ਹੀ ਸੰਬੋਧਿਤ ਹੁੰਦਿਆਂ ਕੀਤੀ ਜਾਂਦੀ ਹੈ ਜੋ ਵਿਚਾਰਨਯੋਗ ਗੱਲ ਹੈ। 

ਸ੍ਰੀ ਅਖੰਡ ਪਾਠ ਸਾਹਿਬ : ਇਸ ਪਾਸੇ ਲਿਖਣ ਤੋਂ ਪਹਿਲਾਂ ਮੇਰੇ ਸਾਹਮਣੇ ਹਜ਼ਾਰਾਂ ਗ੍ਰੰਥੀ ਸਿੰਘਾਂ ਦੇ ਪ੍ਰਵਾਰਾਂ ਦੀ ਰੋਜ਼ੀ ਰੋਟੀ ਦਾ ਧਿਆਨ ਆ ਜਾਂਦਾ ਹੈ। ਜੇ ਨਾ ਲਿਖਾਂ ਤਾਂ ਲੇਖ ਅਧੂਰਾ ਜਾਪੇਗਾ। ਸੰਗਤ ਦੀ ਗ਼ੈਰ ਹਾਜ਼ਰੀ ਵਿਚ ਬਿਨਾਂ ਅਰਥ ਸਮਝੇ ਕੀਤਾ ਕੋਈ ਵੀ ਪਾਠ ਗੁਰੂ ਉਦੇਸ਼ ਦੀ ਕਸਵੱਟੀ ਉਤੇ ਪੂਰਾ ਨਹੀਂ ਉਤਰ ਸਕਦਾ। ਇਸ ਤੋਂ ਅਲੱਗ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਮਰਯਾਦਾ ਵਿਚ ਵਰਜਿਤ ਕੀਤੀਆਂ ਕੁੰਭ, ਜੋਤ, ਨਾਰੀਅਲ ਆਦਿ ਵੀ ਜ਼ਰੂਰ ਰਖਿਆ ਜਾਂਦਾ ਹੈ।

ਦਿਨ-ਬ-ਦਿਨ ਸਿੱਖ ਗੁਰੂ ਉਪਦੇਸ਼ ਤੋਂ ਦੂਰ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਪੂਜਾਰੀ ਵਰਗ ਦਾ ਜੀਵਨ ਗੁਰਬਾਣੀ ਦੀ ਕਸਵੱਟੀ ਅਨੁਸਾਰ ਨਾ ਹੋ ਕੇ ਸਨਾਤਨੀ ਭਰਾਵਾਂ ਦੇ ਪ੍ਰਭਾਵ ਵਿਚ ਰੰਗਿਆ ਦਿਸਦਾ ਹੈ। 

ਸਿੱਖ ਦੇ ਘਰ ਵਿਚ ਗੁਰੂ ਸਾਹਿਬ ਲਈ ਵਖਰਾ ਕਮਰਾ : ਅੱਜ ਹਰ ਦਿਨ ਅਖ਼ਬਾਰ ਦੀ ਸੁਰਖੀ ਹੁੰਦੀ ਹੈ ਕਿ ਸਿੱਖ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲਿਆ, ਸਤਿਕਾਰ ਕਮੇਟੀ ਨੇ ਗੁਰੂ ਘਰ ਪੰਹੁਚਾਇਆ। ਪੂਰੀ ਖ਼ਬਰ ਪੜ੍ਹ ਕੇ ਪਤਾ ਚਲਦਾ ਹੈ ਕਿ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਟਰੰਕ ਜਾਂ ਪੇਟੀ ਵਿਚ ਬੰਦ ਕਰ ਕੇ ਰਖਿਆ ਹੋਇਆ ਸੀ ਤੇ ਰੋਜ਼ਾਨਾ ਪ੍ਰਕਾਸ਼ ਨਹੀਂ ਸੀ ਕੀਤਾ ਜਾਂਦਾ। ਸਤਿਕਾਰ ਕਮੇਟੀਆਂ ਵਾਲੇ ਅਣਥਕ ਯੋਧਿਉ ਜ਼ਰਾ ਧਿਆਨ ਮਾਰੋ ਕਿ ਜਿਸ ਸਿੱਖ ਦੇ ਘਰ ਕੇਵਲ ਇਕ ਕਮਰਾ ਹੈ, ਪ੍ਰਵਾਰ ਦੀ ਦੋ ਵਕਤ ਦੀ ਰੋਟੀ ਦਾ ਜੁਗਾੜ ਵੀ ਮੁਸ਼ਕਿਲ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਲਈ ਵਖਰਾ ਕਮਰਾ ਕਿਥੋਂ ਬਣਾਵੇ।

ਇਸ ਤਰ੍ਹਾਂ ਤਾਂ ਭਾਈ ਲਾਲੋ ਦੇ ਕਿਰਤੀ ਸਿੱਖ ਤਾਂ ਗੁਰ ੁਗਿਆਨ ਅਤੇ ਗੁਰੂ ਬਖ਼ਸ਼ਿਸ਼ ਤੋਂ ਵਾਂਝੇ ਹੀ ਰਹਿ ਜਾਣਗੇ ਜਿਸ ਕੌਮ ਦੇ ਕਰੋੜਾਂ ਸਿਕਲੀਗਰ ਵੀਰ ਪਹਿਲਾਂ ਹੀ ਗ਼ਰੀਬੀ ਵਿਚ ਵਕਤ ਕਟੀ ਕਰ ਰਹੇ ਹਨ, ਉਹ ਗੁਰੂ ਜੀ ਲਈ ਵਖਰਾ ਕਮਰਾ ਕਿਵੇਂ ਬਣਾਉਣ। ਗੁਰੂ ਤਾਂ ਵਸੀਅਤ ਕਰ ਕੇ ਗਏ ਕਿ ਨੀਚਾਂ ਵਿਚੋਂ ਵੀ ਨੀਚ (ਗ਼ਰੀਬਾਂ) ਵਿਚ ਹੀ ਮੈਂ ਵਾਸ ਕਰਦਾ ਹਾਂ। ਗ਼ਰੀਬ ਕਿਰਤੀ ਕੋਲ ਵਖਰਾ ਕਮਰਾ ਨਾ ਹੋਣ ਕਾਰਨ ਸਤਿਕਾਰ ਕਮੇਟੀਆਂ ਵਾਲੇ ਗੁਰੂ ਸਾਹਿਬ ਨੂੰ ਨਹੀਂ ਜਾਣ ਦਿੰਦੇ। ਅਮੀਰਾਂ, ਰਿਸ਼ਵਤ ਖੋਰਾਂ ਤੇ ਹੇਰਾ ਫੇਰੀਆਂ ਕਰਨ ਵਾਲੇ ਲੋਕਾਂ ਕੋਲ ਕਮਰਾ ਵੀ ਹੈ ਅਤੇ ਏ.ਸੀ. ਭੀ ਪਰ ਉਥੇ ਗੁਰੂ ਸਾਹਿਬ ਖ਼ੁਦ ਜਾਣਾ ਨਹੀਂ ਚਾਹੁੰਦੇ।

ਇਸ ਸਥਿਤੀ ਵਿਚ ਸਿੱਖੀ ਦਾ ਬੋਲ-ਬਾਲਾ ਕਿਵੇਂ ਹੋ ਸਕੇਗਾ? ਸਤਿਕਾਰਯੋਗ ਮਰਯਾਦਾ ਦੇ ਮਾਹਰ ਵੀਰੋ ਕੀ 18ਵੀਂ ਸਦੀ ਵਿਚ ਗੁਰੂ, ਸਿੱਖਾਂ ਤੋਂ ਨਰਾਜ਼ ਹੋਇਆ ਸੀ? (À) ''ਜਦੋਂ ਸਿੰਘਾਂ ਦਾ ਘਰ ਘੋੜੇ ਦੀ ਕਾਠੀ ਅਤੇ ਜੰਗਲ ਵਾਸਾ ਹੁੰਦਾ ਸੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਸੁੱਖ ਆਸਣ ਦਾ ਕੀ ਪ੍ਰਬੰਧ ਹੋਵੇਗਾ?'' (ਅ) ਅੱਜ ਵੀ ਭਾਰਤੀ ਸਿੱਖ ਫ਼ੌਜਾਂ ਵਲੋਂ ਗੁਰੂ ਸਾਹਿਬ ਦੇ ਸਰੂਪਾਂ ਨੂੰ ਟਰੰਕ ਵਿਚ ਪਾ ਕੇ ਲਿਜਾਣਾ ਪੈਂਦਾ ਹੈ। ਆਰਜ਼ੀ ਤੰਬੂ ਜਾਂ ਮੋਰਚੇ ਵਿਚ ਵੀ ਪ੍ਰਕਾਸ਼ ਕਰ ਲਿਆ ਜਾਂਦਾ ਹੈ। ਸਿੱਖ ਬਟਾਲੀਅਨ ਦੇ ਜਾਣ ਤੇ ਕੇਸਰੀ ਦੀ ਥਾਂ ਲਾਲ ਝੰਡਾ ਝੂਲਣ ਲੱਗ ਪੈਂਦਾ ਹੈ। ਜੇਕਰ ਉਹ ਨਰਾਜ਼ ਹੁੰਦੇ ਤਾਂ ਭਾਰਤ 4 ਜੰਗਾਂ ਨਹੀਂ ਜਿੱਤ ਸਕਦਾ ਸੀ।

 (Â) ਮੇਰੇ ਅਪਣੇ ਪਿੰਡ ਦੇ ਕੱਚੇ ਕੋਠੇ ਵਾਲੇ ਗੁਰੂ ਘਰ ਵਿਚ 40 ਸਾਲ ਤਕ ਗੁਰੂ ਗ੍ਰੰਥ ਸਾਹਿਬ ਨੂੰ ਅਲਮਾਰੀ ਵਿਚੋਂ ਕੱਢ ਕੇ ਹੀ ਪ੍ਰਕਾਸ਼ ਕੀਤਾ ਜਾਦਾ ਸੀ। ਸਹਿਜ ਪਾਠ ਲਈ ਸਿੱਖ ਘਰਾਂ ਵਿਚ ਜੋ ਸਰੂਪ ਜਾਂਦੇ ਸਨ ਉਹ ਲੋਹੇ ਦੀ ਪੇਟੀ ਵਿਚ ਹੀ ਰੱਖੇ ਜਾਂਦੇ ਸਨ। ਗੁਰੂ ਉਸ ਸਮੇਂ ਖ਼ੁਸ਼ ਸੀ, ਮੇਰੇ ਪਿੰਡ ਵਿਚ ਕੇਵਲ ਤਿੰਨ ਸਿੱਖ ਹੀ ਪਤਿਤ ਸਨ। ਅੱਜ ਗੁਰਦਵਾਰਾ ਸਾਹਿਬ ਸੰਗਮਰਮਰੀ ਹੈ, ਸੁਖਆਸਨ ਵਾਲੇ ਸਚਖੰਡ ਵਿਚ ਏ.ਸੀ. ਅਤੇ ਰੂਮ ਹੀਟਰ ਦਾ ਪ੍ਰਬੰਧ ਹੈ। ਪਰ 18 ਤੋਂ 35 ਤਕ ਦੀ ਉਮਰ ਦੇ ਅੱਧੇ ਤੋਂ ਵੱਧ ਨੌਜੁਆਨ ਪਤਿਤ ਹੋ ਚੁੱਕੇ ਹਨ। ਸ਼ਾਇਦ ਹੁਣ ਗੁਰੂ ਨਰਾਜ਼ ਹੋਵੇ।

ਅਸਲ ਵਿਚ ਗੁਰੂ ਦੀ ਖ਼ੁਸ਼ੀ ਉਥੇ ਰਹਿਣ ਵਿਚ ਹੈ ਜਿਥੇ ਕਿਰਤ ਨਾਲ ਜੀਵਨ ਨਿਰਬਾਹ ਕਰਨ ਵਾਲੇ ਵਸਦੇ ਹਨ, ਭਾਵੇਂ ਉਹ ਝੌਪੜੀ ਹੀ ਕਿਉਂ ਨਾ ਹੋਵੇ। ਲੋਕਾਂ ਦੀ ਕਮਾਈ ਨੂੰ ਲੁੱਟ ਕੇ ਧਨਾਢ ਬਣੇ ਲੋਕਾਂ ਦੇ ਮਹਿਲ ਵੀ ਮਹੱਤਵ ਨਹੀਂ ਰਖਦੇ। ਗੁਰੂ ਘਰਾਂ ਵਿਚ ਸੋਨੇ ਦੀ ਵਰਤੋਂ : ਮਹਾਰਾਜਾ ਰਣਜੀਤ ਸਿੰਘ ਨੇ ਬਨਾਰਸ ਦੇ ਮੰਦਰਾਂ ਨੂੰ 'ਮਣਾਂ' ਦੇ ਹਿਸਾਬ ਨਾਲ ਸੋਨਾ ਦਾਨ ਦਿਤਾ। ਸਿੱਖਾਂ ਦੀ ਨਰਾਜ਼ਗੀ ਤੋਂ ਬਚਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਵੀ ਕੁੱਝ ਸੋਨਾ ਲਗਾਇਆ ਗਿਆ। ਪਰ ਇਹ ਕੰਮ ਸਿੱਖਾਂ ਲਈ ਇਕ ਰੀਤ ਬਣ ਗਈ। ਅੱਜ ਹਰ ਗੁਰੂ ਘਰ ਸੋਨੇ ਦੇ ਕਲਸ਼ ਲਿਸ਼ਕਾਂ ਮਾਰਦੇ ਹਨ।

'84 ਦੀ ਨਸਲਕੁਸ਼ੀ ਵਿਚ ਕੇਵਲ ਦਿੱਲੀ ਦੇ 800 ਪ੍ਰਵਾਰ (ਵਿਧਵਾਵਾਂ) ਅੱਜ ਭੀ ਗ਼ਰੀਬੀ ਭੋਗ ਰਹੇ ਹਨ। ਉਨ੍ਹਾਂ ਦੀ ਪ੍ਰਵਾਹ ਨਾ ਕਰ ਕੇ 300 ਕਰੋੜ ਦਾ ਸੋਨਾ ਦਿੱਲੀ ਦੇ ਗੁਰੂ ਘਰਾਂ ਵਿਚ ਲੱਗ ਰਿਹਾ ਹੈ। ਇਹ ਸੋਨਾ ਸਮਾਂ ਪਾ ਕੇ ਇਨ੍ਹਾਂ ਗੁਰੂ ਘਰਾਂ ਦੀ ਬੇਅਦਬੀ ਦਾ ਕਾਰਨ ਬਣੇਗਾ। ਇਸ ਸੋਨੇ ਕਾਰਨ ਹੀ ਠੱਗ ਗੁਰੂ ਘਰਾਂ ਉਤੇ ਹਮਲਾ ਕਰਨਗੇ। ਪਰ ''ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ£'' ਦੀ ਪ੍ਰੀਭਾਸ਼ਾ ਸਿੱਖ ਨਾ ਪੜ੍ਹਦੇ ਨੇ ਤੇ ਨਾ ਹੀ ਸੁਣਦੇ ਹਨ।

ਇਸ ਪੈਸੇ ਨਾਲ ਅਜਿਹਾ ਪ੍ਰਬੰਧ ਸਹਿਜੇ ਹੀ ਹੋ ਸਕਦਾ ਸੀ ਜਿਸ ਨਾਲ ਇਨ੍ਹਾਂ ਵਿਧਵਾ ਭੈਣਾਂ ਦੇ ਬੱਚੇ ਉੱਚੀ ਸਿਖਿਆ ਲੈ ਕੇ ਸਫ਼ਲ ਹੋ ਜਾਂਦੇ। ਸਰਬ ਲੋਹ ਦੀ ਤਸਦੀਕ ਕਰਨ ਵਾਲਾ ਦਸ਼ਮੇਸ਼ ਪਿਤਾ ਸੋਨੇ ਨਾਲ ਖ਼ੁਸ਼ ਨਹੀਂ ਹੋ ਸਕੇਗਾ।


ਦੇਸੀ ਘਿਉ ਦੀ ਵਰਤੋਂ : ਮਰਯਾਦਾ ਅਨੁਸਾਰ ਗੁਰੂਘਰ ਵਿਚ ਦੇਸੀ ਘਿਉ ਦੀ ਦੇਗ ਪ੍ਰਵਾਨ ਹੈ। ਜੇ ਗ਼ਰੀਬ ਦੇਸੀ ਘਿਉ ਦਾ ਪ੍ਰਬੰਧ ਨਾ ਕਰ ਸਕੇ ਤਾਂ ਗੁਰੂ ਦੀਆਂ ਖ਼ੁਸ਼ੀਆਂ ਤੋਂ ਵਾਂਝਾ ਰਹਿ ਜਾਵੇਗਾ। ਗੁਰੂ ਸਾਹਿਬਾਨ ਦੇ ਸ੍ਰੀਰਕ ਜੀਵਨ ਸਮੇਂ ਬਨਸਪਤੀ ਘਿਉ ਨਹੀਂ ਹੋਣਾ। ਪਰ ਉਦੋਂ ਤਾਂ ਚਾਹ ਵੀ ਨਹੀਂ ਸੀ। ਦੋਵੇਂ ਚੀਜ਼ਾਂ ਪੌਦੇ ਤੋਂ ਪੈਦਾ ਹੋਈਆਂ ਹਨ। ਚਾਹ ਵਿਚ ਨਸ਼ਾ ਵੀ ਹੁੰਦਾ ਹੈ ਪਰ ਚਾਹ ਗੁਰੂ ਕੇ ਲੰਗਰਾਂ ਵਿਚ ਬਕਾਇਦਾ ਅਰਦਾਸ ਕਰ ਕੇ ਵਰਤਾਈ ਵੀ ਜਾਂਦੀ ਹੈ। ਬਨਸਪਤੀ ਘਿਉ ਵਿਚ ਬਣੀਆਂ ਜਲੇਬੀਆਂ ਦੇ ਲੰਗਰ ਦੀ ਅਰਦਾਸ ਵੀ ਗ੍ਰੰਥੀ ਸਿੰਘ ਖ਼ੁਸ਼ੀ ਨਾਲ ਕਰਦੇ ਹਨ ਤੇ ਸਿੱਖ ਪਿਆਰ ਨਾਲ ਛਕਦੇ ਵੀ ਹਨ।

ਜੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ ਦੇਸੀ ਘਿਉ ਪਸ਼ੂ ਦੀ ਚਰਬੀ ਤੋਂ ਹੀ ਬਣਦਾ ਹੈ। (ਕੁਦਰਤੀ ਤਰੀਕੇ ਨਾਲ) ਜਦੋਂ ਕਿ ਬਨਸਪਤੀ ਘਿਉ ਸ਼ੁੱਧ ਸ਼ਾਕਾਹਾਰੀ ਹੈ। ਸਿੱਖ ਵਿਦਵਾਨਾਂ ਨੂੰ ਬੇਨਤੀ ਹੈ ਕਿ ਜੇ ਚਾਹ ਦੀ ਪ੍ਰਵਾਨਗੀ ਹੋ ਰਹੀ ਹੈ ਤਾਂ ਬਨਸਪਤੀ ਘਿਉ ਦੀ ਵੀ ਹੋਣੀ ਚਾਹੀਦੀ ਹੈ। 


ਮਾਸ (ਝਟਕਾ) ਸਬੰਧੀ ਅਸਪਸ਼ਟਤਾ : ਸਿੱਖਾਂ ਦੇ ਹੋਰ ਬਹੁਤ ਸਾਰੇ ਮਸਲੇ ਹਨ ਜੋ ਸਿੱਖਾਂ ਦੀ ਕਿਰਤ ਕਮਾਈ ਵਿਚੋਂ ਤਨਖ਼ਾਹਾਂ ਭਤੇ ਲੈਣ ਵਾਲਿਆਂ ਨੇ ਹੱਲ ਨਹੀਂ ਕੀਤੇ ਨਿਸ਼ਕਾਮ ਵਿਦਵਾਨਾਂ (ਕਾਲਾ ਅਫ਼ਗਾਨਾ ਜੀ ਵਰਗੇ) ਦੀ ਗੱਲ ਇਹ ਸੁਣਦੇ ਨਹੀਂ। ਪੰਥ ਬਹੁਤ ਵੱਡੀ ਉਲਝਣ ਵਿਚ ਫਸਿਆ ਹੋਇਆ ਹੈ। ਪਰ ਸੱਭ ਤੋਂ ਵੱਧ ਬਹਿਸ ਮਾਸ ਖਾਣ ਜਾਂ ਨਾ ਖਾਣ ਬਾਰੇ ਹੀ ਛਿੜਦੀ ਹੈ। ਭਾਵੇਂ 1289 ਪੰਨੇ ਉਤੇ ਗੁਰੂ ਸਾਹਿਬ ਨੇ ਵੀ ਇਸ ਸਬੰਧੀ ਸਪੱਸ਼ਟ ਕਰ ਦਿਤਾ ਹੈ ਪਰ 'ਆਪਣੇ ਭਾਣੇ' ਚੱਲਣ ਵਾਲਿਆਂ ਨੇ ਗੁਰੂ ਦੀ ਗੱਲ ਮੰਨਣੀ ਵੀ ਠੀਕ ਨਾ ਸਮਝੀ। ਅੱਜ ਜੇਕਰ ਕੋਈ ਅੰਮ੍ਰਿਤਧਾਰੀ ਸਿੰਘ ਝਟਕਾ (ਮਾਸ) ਛਕਦਾ ਨਜ਼ਰ ਆਵੇ ਤਾਂ ਲੋਕ ਘ੍ਰਿਣਾ ਕਰਦੇ ਹਨ।

ਪਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾ ਤਾਂ ਕਦੇ ਨਿਹੰਗ ਸਿੰਘਾਂ ਨੂੰ ਮਾਸ ਖਾਣ ਕਰ ਕੇ ਤਲਬ ਕੀਤਾ ਤੇ ਨਾ ਹੀ ਕਿਸੇ ਸਿੱਖ ਫ਼ੌਜੀ ਨੂੰ। ਕਿਉਂ ਕਿ ਸਿੱਖ ਫ਼ੌਜਾਂ ਵਿਚ ਵੀ ਮਾਸ ਮਿਲਦਾ ਹੈ। ਅਜਿਹਾ ਸਮਾਂ ਵੀ ਦੂਰ ਨਹੀਂ ਜਦੋਂ ਮਾਸਾਹਾਰੀ ਸਿੱਖਾਂ ਦੀ ਸ਼ਾਕਾਹਾਰੀ ਸਿੱਖਾਂ ਨਾਲ ਰੋਟੀ ਬੋਟੀ ਦੀ ਸਾਂਝ ਵੀ ਟੁੱਟ ਜਾਵੇਗੀ। ਅੱਜ ਸਮਾਂ ਹੈ ਕਿ ਵਿਗਿਆਨਕ ਤਕਨੀਕ ਤੇ ਦ੍ਰਿਸ਼ਟੀਕੋਣ ਅਪਣਾਇਆ ਜਾਵੇ। 21ਵੀਂ ਸਦੀ ਦੀ ਜਵਾਨੀ ਕਥਾ ਕਹਾਣੀਆਂ ਨਹੀਂ ਬਲਕਿ ਸਾਡਾ ਕਿਰਦਾਰ ਵੇਖਦੀ ਹੈ। ਛੋਟੀ-ਛੋਟੀ ਗੱਲ ਉਤੇ ਜਦੋਂ ਜਥੇਦਾਰਾਂ ਦੀ ਮਜਬੂਰੀ ਵੇਖਦੀ ਹੈ ਤਾਂ ਉਹ ਸਿੱਖ ਜਵਾਨੀ ਅਕਾਲ ਤਖ਼ਤ ਜੀ ਨੂੰ ਸਰਬਉੱਚ ਕਿਵੇਂ ਪ੍ਰਵਾਨ ਕਰੇਗੀ। ਗੁਰੂ ਦੀ ਆਗਿਆ ਮੰਨਣੀ ਹੀ ਗੁਰੂ ਨੂੰ ਮੰਨਣਾ ਹੈ।       

ਸੰਪਰਕ : 98724-53156

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement