ਗਏ, ਉਹ ਦਿਨ ਬਚਪਨ ਦੇ...
Published : Jun 11, 2018, 4:36 pm IST
Updated : Jun 14, 2018, 3:52 pm IST
SHARE ARTICLE
Childhood days went
Childhood days went

ਹੁਣ ਜਦ ਵੀ ਸਵੇਰੇ ਬੱਚਿਆਂ ਨੂੰ ਭਾਰੇ ਬੈਗ ਚੁੱਕ ਕੇ ਤਿਆਰ ਹੋਇਆਂ ਨੂੰ ਸਕੂਲ ਜਾਂਦੇ ਵੇਖਦਾ ਹਾਂ ਤਾਂ ਅਪਣੇ ਬਚਪਨ ਦੀ ਯਾਦ ਆ ਜਾਂਦੀ ਹੈ।

ਹੁਣ ਜਦ ਵੀ ਸਵੇਰੇ ਬੱਚਿਆਂ ਨੂੰ ਭਾਰੇ ਬੈਗ ਚੁੱਕ ਕੇ ਤਿਆਰ ਹੋਇਆਂ ਨੂੰ ਸਕੂਲ ਜਾਂਦੇ ਵੇਖਦਾ ਹਾਂ ਤਾਂ ਅਪਣੇ ਬਚਪਨ ਦੀ ਯਾਦ ਆ ਜਾਂਦੀ ਹੈ। ਹੁਣ ਦੀ ਭੱਜ ਦੌੜ ਵਾਲੀ ਜ਼ਿੰਦਗੀ ਦਾ ਅਤੇ  ਬਚਪਨ ਵਾਲੀ ਜ਼ਿੰਦਗੀ ਵਿਚ ਬੜਾ ਫ਼ਰਕ ਹੁੰਦਾ ਸੀ। ਉਦੋਂ ਕੋਈ ਜਾਤ, ਪਾਤ, ਧਰਮ ਦਾ, ਕੋਈ ਪਾਰਟੀਬਾਜ਼ੀ ਜਾਂ ਵੋਟਾਂ ਦਾ ਪਤਾ ਨਹੀਂ ਹੁੰਦਾ ਸੀ।

ਸਾਰਾ ਦਿਨ ਮੌਜ-ਮਸਤੀ ਕਰਨੀ, ਰਲ-ਮਿਲ ਕੇ ਖੇਡਣਾ, ਕਦੇ ਬਾਂਦਰ ਕਿੱਲਾ, ਕਦੇ ਚੋਰ-ਸਿਪਾਹੀ, ਸੱਭ ਦੇਸੀ ਖੇਡਾਂ ਹੀ ਹੁੰਦੀਆਂ ਸਨ। ਉਸ ਵੇਲੇ ਮੋਬਾਈਲ ਦਾ ਕੋਈ ਪੰਗਾ ਨਹੀਂ ਸੀ, ਨਾ ਇੰਟਰਨੈੱਟ, ਨਾ ਕੋਈ ਗੂਗਲ ਹੁੰਦੀ ਸੀ। ਮੇਰੇ ਵਰਗਿਆਂ ਲਈ ਗੂਗਲ 'ਦਾਦੀ ਮਾਂ' ਹੀ ਹੁੰਦੀ ਸੀ, ਜਿਸ ਨੂੰ ਹਰ ਤਰ੍ਹਾਂ ਦੀ ਸਾਰੀ ਜਾਣਕਾਰੀ ਹੁੰਦੀ ਸੀ। ਧਰਮ ਅਤੇ ਪਰੀ ਕਹਾਣੀਆਂ ਬਾਰੇ ਵੀ ਉਸ ਨੂੰ ਸੱਭ ਪਤਾ ਹੁੰਦਾ ਸੀ। ਸਾਰੇ ਪਿੰਡ ਦੀਆਂ ਰਿਸ਼ਤੇਦਾਰੀਆਂ ਅਤੇ ਸਾਰੇ ਰੀਤੀ-ਰਿਵਾਜਾਂ ਬਾਰੇ ਉਸ ਨੂੰ ਪੂਰਾ ਗਿਆਨ ਹੁੰਦਾ ਸੀ।

ਟੈਲੀਵਿਜ਼ਨ ਵੀ ਉਦੋਂ ਹੁਣ ਵਾਂਗ 24 ਘੰਟੇ ਨਹੀਂ ਚਲਦਾ ਹੁੰਦਾ ਸੀ। ਹਫ਼ਤੇ ਵਿਚੋਂ ਕੁੱਝ ਕੁ ਦਿਨ ਹੀ ਟੈਲੀਵਿਜ਼ਨ ਤੇ ਪ੍ਰੋਗਰਾਮ ਆਉਂਦੇ ਸੀ। ਟੀ.ਵੀ. ਉਦੋਂ ਕਿਸੇ-ਕਿਸੇ ਦੇ ਘਰ ਹੁੰਦਾ ਸੀ, ਵਿਹੜੇ ਦੇ ਸੱਭ ਜੁਆਕਾਂ ਨੇ ਇਕੱਠੇ ਹੋ ਕੇ ਕਿਸੇ ਇਕ ਦੇ ਘਰ ਟੀ.ਵੀ. ਵੇਖਣਾ। ਐਤਵਾਰ ਨੂੰ ਸਵੇਰੇ 'ਰੰਗੋਲੀ' ਵੇਖ ਕੇ ਦਿਨ ਦੀ ਸ਼ੁਰੂਆਤ ਹੁੰਦੀ ਸੀ। ਮਾਂ ਨੇ ਸਵੇਰੇ ਸਿਰ ਨਹਾ ਕੇ ਤਿਆਰ ਕਰ ਦੇਣਾ। ਫਿਰ 'ਮੋਗਲੀ' ਵਾਲੇ ਕਾਰਟੂਨ ਆ ਜਾਣੇ। ਸ਼ਾਮ ਨੂੰ ਫ਼ਿਲਮ ਵੇਖ ਕੇ ਧਰਮਿੰਦਰ ਵਾਲੀ ਫ਼ੀਲਿੰਗ ਲੈ ਲੈਣੀ। ਫਿਰ ਸਾਰਾ ਹਫ਼ਤਾ 'ਡਿਸ਼ੂ ਡਿਸ਼ੂ' ਕਰਦਿਆਂ ਨੇ ਫਿਰੀ ਜਾਣਾ।

ਅਧਿਆਪਕਾਂ ਦਾ ਵੀ ਪੰਜਾਬ ਪੁਲਿਸ ਵਾਂਗ ਪੂਰਾ ਰੋਹਬ ਹੁੰਦਾ ਸੀ। ਉਨ੍ਹਾਂ ਦਾ ਹਰ ਹੁਕਮ ਮੰਨਣਾ ਪੈਂਦਾ ਸੀ, ਨਹੀਂ ਤਾਂ ਕੁੱਟ ਜਾਂ ਮੁਰਗਾ ਤਕ ਬਣਨਾ ਪੈ ਜਾਂਦਾ ਸੀ। ਉਦੋਂ ਸਕੂਲਾਂ ਵਿਚ ਚਪੜਾਸੀ ਵਗੈਰਾ ਘੱਟ ਹੀ ਹੁੰਦੇ ਸਨ। ਸਾਡੇ ਵਰਗਿਆਂ ਦੀ ਸਕੂਲ ਦੀ ਸਾਫ਼-ਸਫਾਈ ਕਰਨ ਦੀ ਡਿਊਟੀ ਲਾ ਦਿਤੀ ਜਾਂਦੀ ਸੀ, ਜੋ ਕਿ ਤਨ-ਮਨ ਨਾਲ ਨਿਭਾਉਣੀ ਵੀ ਪੈਂਦੀ ਸੀ। ਅ ਤੋਂ ਲੈ ਕੇ ਪਹਾੜੇ ਸੱਭ ਮੂੰਹ-ਜ਼ੁਬਾਨੀ ਯਾਦ ਕਰਨੇ ਪੈਂਦੇ ਸਨ, ਜੋ ਕਿ ਸਵੇਰ ਦੀ ਪ੍ਰਰਾਥਨਾ ਸਭਾ ਵਿਚ ਉੱਚੀ ਉੱਚੀ ਬੋਲ ਕੇ ਸੁਣਾਉਣੇ ਵੀ ਹੁੰਦੇ ਸਨ।

ਸਕੂਲ ਜਾਣ ਲਈ ਥੈਲੇ ਜਾਂ ਕਪੜੇ ਦਾ ਬੈਗ ਹੀ ਹੁੰਦਾ ਸੀ, ਜੋ ਅਜਕਲ ਦੇ ਜੁਆਕਾਂ ਵਾਂਗ ਬਹੁਤਾ ਭਾਰੀ ਨਹੀਂ ਹੁੰਦਾ ਸੀ। ਉਸ ਵਿਚੋਂ ਬਸ ਦੋ ਕੁ ਕਿਤਾਬਾਂ, ਸਿਆਹੀ ਵਾਲੀ ਦਵਾਤ ਹੀ ਹੁੰਦੀ ਸੀ। ਕਾਪੀ ਅਤੇ ਪੈੱਨ ਦੀ ਥਾਂ ਫੱਟੀ ਅਤੇ ਇਕ ਕਾਨਿਆਂ ਦੀ ਬਣੀ ਲਿਖਣ ਵਾਲੀ ਕਲਮ ਹੁੰਦੀ ਸੀ। ਫੱਟੀ ਜੋ ਕਿ 'À ਅ Â' ਲਿਖਣ ਲਈ ਅਤੇ ਛੁੱਟੀ ਦੇ ਸਮੇਂ ਤੇ 'ਸ੍ਰੀ ਰਾਮ ਚੰਦਰ ਕੀ ਜੈ' ਅਤੇ 'ਆਕਰਮਣ' ਕਹਿ ਕੇ ਕਿਰਪਾਨ ਵਾਂਗ ਲਹਿਰਾ ਕੇ ਸਕੂਲ ਵਿਚੋਂ ਭੱਜਣ ਦੇ ਕੰਮ ਜ਼ਿਆਦਾ ਆਉਂਦੀ ਹੁੰਦੀ ਸੀ।

ਸਵੇਰੇ ਸਕੂਲ ਜਾ ਕੇ ਗਾਚਣੀ ਨਾਲ ਫੱਟੀ ਪੋਚਣੀ ਅਤੇ ਫਿਰ ਸੂਰਜ ਸਾਹਮਣੇ ਰੱਖ ਦੇਣੀ ਤੇ ਕਹਿਣਾ 'ਸੂਰਜਾ ਸੂਰਜਾ ਫੱਟੀ ਸੁਕਾ'। ਸਕੂਲ ਦੇ ਕਮਰੇ ਵੀ ਘੱਟ ਹੁੰਦੇ ਸੀ, ਜ਼ਿਆਦਾ ਜਮਾਤਾਂ ਦਰੱਖ਼ਤਾਂ ਹੇਠ ਟਾਟਾਂ ਜਾਂ ਹੇਠ ਬੈਠ ਕੇ ਲਗਦੀਆਂ ਹੁੰਦੀਆਂ ਸੀ। ਜਦ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹੁੰਦੀਆਂ ਤਾਂ ਮੇਰੇ ਵਰਗਿਆਂ ਨੂੰ ਰਾਤਾਂ ਨੂੰ ਵੀ ਨਾਨਕੇ ਘਰ ਜਾਣ ਦੇ ਸੁਪਨੇ ਆਉਣੇ ਸ਼ੁਰੂ ਹੋ ਜਾਣੇ। ਉਸ ਸਮੇਂ ਅੱਜ ਵਾਂਗ ਹਿਲ ਸਟੇਸ਼ਨ ਉਤੇ ਜਾਣ ਦਾ ਰਿਵਾਜ ਨਹੀਂ ਸੀ। ਸਾਨੂੰ ਤਾਂ ਨਾਨਕਾ ਘਰ ਹੀ ਸ਼ਿਮਲੇ ਨਾਲੋਂ ਜ਼ਿਆਦਾ ਪਿਆਰਾ ਹੁੰਦਾ ਸੀ।

ਛੁੱਟੀਆਂ ਹੁੰਦੇ ਸਾਰ ਨਾਨਕੇ ਚਲੇ ਜਾਣਾ, ਉਥੇ ਸਾਰੇ ਪਿੰਡ ਵਿਚ ਸਾਡੀ ਪੂਰੀ ਟੌਹਰ ਹੁੰਦੀ ਸੀ। ਲਾਲੇ ਦੀ ਦੁਕਾਨ ਤੋਂ ਕੁੱਝ ਵੀ ਲੈ ਕੇ ਖਾ ਸਕਦੇ ਸੀ, ਉਸ ਨੇ ਵਿਚਾਰੇ ਨੇ ਕਦੇ ਪੈਸੇ ਬਾਰੇ ਨਾ ਕਹਿਣਾ। ਸਾਰਾ ਦਿਨ ਮਾਮੇ ਹੋਰਾਂ ਦੇ ਜੁਆਕਾਂ ਨਾਲ ਖੇਡੀ ਜਾਣਾ, ਮੋਟਰ ਉਤੇ ਨਹਾਉਣਾ, ਕਿਸੇ ਦੇ ਵੀ ਘਰ ਬਗ਼ੈਰ ਝਿਜਕ ਦੇ ਰੋਟੀ ਖਾ ਲੈਣੀ। ਸਾਰਾ ਪਿੰਡ ਹੀ ਨਾਨਕਾ ਘਰ ਹੁੰਦਾ ਸੀ। ਰਾਤ ਨੂੰ ਬਾਹਰ ਵਿਹੜੇ ਵਿਚੋਂ ਮੰਜੇ ਡਾਹ ਲੈਣੇ, ਤਾਰਿਆਂ ਨੂੰ ਵੇਖੀ ਜਾਣਾ, ਨਾਨੀ ਨੇ ਕਹਾਣੀਆਂ ਸੁਣਾਈ ਜਾਣੀਆਂ, ਕਦੋਂ ਨੀਂਦ ਆ ਜਾਣੀ, ਪਤਾ ਹੀ ਨਹੀਂ ਚਲਣਾ।

ਮਾਂ ਨੇ ਵੀ ਸਾਰੀ ਸਾਰੀ ਰਾਤ ਨਾਨੀ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰੀ ਜਾਣੀਆਂ। ਸਵੇਰੇ ਉਠਦੇ ਨੂੰ ਮਾਮੀ ਨੇ ਅੰਬ ਦੇ ਅਚਾਰ ਨਾਲ ਪਰੌਂਠੇ ਅਤੇ ਚਾਹ ਦਾ ਗਲਾਸ ਭਰ ਕੇ ਦੇ ਦੇਣਾ। ਬੜਾ ਸਵਾਦ ਆਉਣਾ ਖਾ ਕੇ। ਅੱਜ ਦੇ ਪੀਜ਼ੇ-ਬਰਗਰ ਮਾਮੀ ਦੇ ਉਨ੍ਹਾਂ ਪਰੌਂਠਿਆਂ ਦੀ ਕਦੇ ਰੀਸ ਨਹੀਂ ਕਰ ਸਕਦੇ। ਜਦ ਮੀਂਹ ਆਉਣਾ ਸਿਰ ਉਤੇ ਲਿਫ਼ਾਫੇ ਬੰਨ੍ਹ ਕੇ ਦੋਸਤਾਂ ਨਾਲ ਗਲੀਆਂ ਵਿਚ ਨਹਾਉਣਾ, ਚਿੱਕੜ ਵਿਚ ਲਿਟਣਾ, ਕਦੇ ਕਿਸੇ ਕਿਟਾਣੂ ਦਾ ਡਰ ਨਹੀਂ ਸੀ ਹੁੰਦਾ। ਮੀਂਹ ਵਿਚ ਨਹਾ ਕੇ ਸਵਾਦ ਲੈਣਾ। ਬੱਸ ਏਦਾਂ ਹੀ ਬੀਤ ਜਾਣੀਆਂ ਸਾਰੀਆਂ ਛੁੱਟੀਆਂ, ਫਿਰ ਹੌਲ ਜਿਹਾ ਪੈਣਾ ਕਿ ਫਿਰ ਸਕੂਲ ਜਾਣਾ ਪੈਣੈ।

ਉਦੋਂ ਲਾਈਟ ਦੇ ਕੱਟ ਵੀ ਬਹੁਤ ਲਗਦੇ ਸਨ, ਪਰ ਹੁਣ ਜਿੰਨੀ ਗਰਮੀ ਨਹੀਂ ਮਹਿਸੂਸ ਹੁੰਦੀ ਸੀ। ਰਾਤ ਨੂੰ ਨਿੰਮ ਹੇਠ ਮੱਛਰਦਾਨੀ ਲਾ ਕੇ ਸੌਂ ਜਾਣਾ, ਲਾਈਟ ਤਾਂ ਰਾਤ ਨੂੰ ਘੱਟ ਵੱਧ ਹੀ ਆਉਂਦੀ ਸੀ। ਵਿਚਾਰੀ ਮਾਂ ਨੇ ਸਾਨੂੰ ਸਾਰੀ ਰਾਤ ਪੱਖੀ ਝੱਲੀ ਜਾਣਾ। ਉਨ੍ਹਾਂ ਦਰੱਖ਼ਤਾਂ ਦੀ ਠੰਢੀ ਛਾਂ ਦੀ ਅੱਜ ਵਾਲੀ ਏ.ਸੀ. ਦੀ ਠੰਢੀ ਹਵਾ ਕਦੇ ਰੀਸ ਨਹੀਂ ਕਰ ਸਕਦੀ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਸ ਨੇ ਪਿੰਡ ਵਿਚ ਜਨਮ ਦੇ ਕੇ ਕੁਦਰਤ ਅਤੇ ਬਚਪਨ ਨੂੰ ਨੇੜੇ ਹੋ ਕੇ ਤੱਕਣ ਦਾ ਮੌਕਾ ਦਿਤਾ ਸੀ। ਹੁਣ ਤਾਂ ਬਹੁਤ ਫ਼ਰਕ ਹੈ। ਉਦੋਂ ਭਲਾ ਵੇਲਾ ਸੀ, ਬੱਚੇ ਸੱਭ ਦੇ ਸਾਂਝੇ ਹੁੰਦੇ ਸਨ ਅਤੇ ਸਾਰੇ ਅਪਣੇ ਹੁੰਦੇ ਸੀ। ਅੱਜਕਲ ਤਾਂ ਬੱਚੇ ਅਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਨ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement