
ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ।
ਚੌਥੇ ਗੁਰੂ ਰਾਮਾ ਦਾਸ ਜੀ ਦਾ ਜਨਮ 24 ਸਤੰਬਰ 1534 ਨੂੰ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਹਰੀਦਾਸ ਤੇ ਮਾਤਾ ਜੀ ਦਾ ਨਾਮ ਦਇਆ ਸੀ। ਆਪ ਦਾ ਜਨਮ ਚੂਨਾ ਮੰਡੀ ਲਾਹੌਰ ਵਿਚ ਹੋਇਆ। ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ‘ਜੇਠਾ’ ਸੀ ਅਤੇ ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ’ਤੇ ਮਾਤਾ ਦਾ ਸਾਇਆ ਨਾ ਰਿਹਾ ਤੇ ਛੇਤੀ ਹੀ ਪਿਤਾ ਜੀ ਵੀ ਚੜਾਈ ਕਰ ਗਏ। ਸੰਬੰਧੀਆਂ ਨੇ ਮੂੰਹ ਫੇਰ ਲਿਆ ਅਤੇ ਲਹੌਰ ਵਿੱਚੋਂ ਕਿਸੇ ਨੇ ਵੀ ਆਪ ਜੀ ਦੀ ਮਦਦ ਨਾ ਕੀਤੀ
Gurdwara
ਪਰ ਆਪ ਜੀ ਦੀ ਨਾਨੀ ਆਪ ਜੀ ਨੂੰ ਬਾਸਰਕੇ ਲੈ ਆਈ। ਨਾਨੀ ਆਰਥਿਕ ਪੱਖੋਂ ਗ਼ਰੀਬ ਸੀ ਜਿਸ ਕਰਕੇ ਆਪ ਜੀ ਦੇ ਸਿਰ ’ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣ- ਪੋਸਣ ਦਾ ਭਾਰ ਵੀ ਪੈ ਗਿਆ। ਆਪ ਚੜ੍ਹਦੀ ਕਲਾ ਦੀ ਮੂਰਤ ਸਨ ਅਤੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ ਅਤੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ। 1541 ਵਿਚ ਜੇਠਾ ਜੀ ਬਾਸਰਕੇ ਆਏ ਸਨ ਅਤੇ ਕੋਈ 1546 ਵਿੱਚ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਪ੍ਰੇਰਣਾ ਦਿੱਤੀ।
ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ। ਆਪ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ ਅਤੇ ਕੋਈ 40 ਕੁ ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਚੌਥੇ ਗੁਰੂ ਰੂਪ ਵਿਚ ਬਿਰਾਜਮਾਨ ਹੋਏ। ਇਤਿਹਾਸ ਐਸਾ ਦਸਦਾ ਹੈ
Gurdwara
ਕਿ ਇਕ ਦਿਨ ਗੁਰੂ ਅਮਰਦਾਸ ਜੀ ਘਰ ਵਿਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ‘ਜੇਠਾ’ ਜੀ ਜੋ ਉਸ ਵੇਲੇ ਮਿੱਟੀ-ਇੱਟਾਂ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ ਨੂੰ ਵੇਖ ਕੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਭਾਨੀ ਲਈ ਐਡਾ ਅਤੇ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਅਤੇ ਆਪਣੀ ਪੁੱਤਰੀ ਭਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ।
ਗੁਰੂ ਸਾਹਿਬ ਆਪਣੀ ਪੁਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ-ਪਤਨੀ ਦੇ ਰੂਪ ਵਿਚ ਸੇਵਾ ਵਿਚ ਮਗਨ ਅਤੇ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ। ਇਨ੍ਹਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬਾਉਲੀ ਦੀ ਕਾਰ-ਸੇਵਾ ਹੋ ਰਹੀ ਸੀ ਜਿਸ ਵਿਚ ਇਹਨਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਆਪ ਜੀ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਜਿਸ ਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਪ੍ਰੀਖਿਆ ਵੇਲੇ ਮਿਲਦਾ ਹੈ।
Gurdwara
ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਨਾਉਣ ਵਾਸਤੇ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੇਠਾ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ। ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਬਾਰ-ਬਾਰ ਥੜ੍ਹਾ ਢਾਉਣ ’ਤੇ ਗੁੱਸਾ ਮਨਾਇਆ ਪਰ ਜੇਠਾ ਜੀ ਨੇ ਦੋ ਵਾਰ ਥੜ੍ਹਾ ਢਾਏ ਜਾਣ ’ਤੇ ਵੀ ਬੜੀ ਨਿਮ੍ਰਤਾ ਨਾਲ ਆਖਿਆ ‘‘ਮੈਂ ਤਾਂ ਅਣਜਾਨ ਤੇ ਭੁਲਣਹਾਰ ਹਾਂ ਪਰ ਤੁਸੀਂ ਤਾਂ ਕ੍ਰਿਪਾਲੂ ਹੋ। ਬਾਰ ਬਾਰ ਭੁੱਲਾਂ ਬਖ਼ਸ਼ਦੇ ਹੋ।’’
ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ, ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ। ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇਤਨਾ ਲੰਬਾ ਦਾੜ੍ਹਾ ਕਿਉਂ ਰੱਖਿਆ ਹੋਇਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਨ ਝਾੜਨ ਲਈ ਹੈ। ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾਂ ਪਹਿਲੇ ਹੀ ਬਹੁਤ ਸੁਣੀ ਸੀ ਹੁਣ ਪਰਤੱਖ ਵੇਖ ਵੀ ਲਈ ਹੈ।
Gurdwara
ਗੁਰੂ ਰਾਮਦਾਸ ਜੀ ਦ੍ਰਿੜ੍ਹਤਾ ਦੇ ਪੁੰਜ ਸਨ। ਗੁਰਗੱਦੀ ’ਤੇ ਬੈਠਣ ਤੋਂ ਪਹਿਲਾਂ ਆਪ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਮਤਿ ਦਾ ਪੱਖ ਪੇਸ਼ ਕਰਨ ਲਈ ਲਹੌਰ ਅਕਬਰ ਦੇ ਦਰਬਾਰ ਵਿੱਚ ਭੇਜਿਆ ਸੀ ਕਿਉਂਕਿ ਜਾਤ ਅਭਿਮਾਨੀਆਂ, ਕਰਮਕਾਂਡੀਆਂ ਅਤੇ ਗੁਰਮਤਿ ਵਿਚਾਰਧਾਰਾ ਦੇ ਵਿਰੋਧੀਆਂ ਨੇ ਗੁਰੂ ਅਮਰਦਾਸ ਜੀ ’ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਿੱਖ ਧਰਮ ਦੇ ਪ੍ਰਚਾਰ ਵਿਰੁਧ, ਰਾਜ ਦਰਬਾਰ ਵਿੱਚ ਇਕ ਲੰਮੀ ਚੌੜੀ ਸ਼ਿਕਾਇਤ ਦਰਜ ਕਰਵਾਈ ਸੀ।
(ਗੁਰੂ) ਰਾਮਦਾਸ ਜੀ ਨੇ ਸਾਰੇ ਇਤਰਾਜਾਂ ਦਾ ਬੜੇ ਵਿਸਥਾਰ, ਧੀਰਜ ਤੇ ਨਿਡਰਤਾ ਨਾਲ ਉੱਤਰ ਦਿੱਤਾ। ਇਸ ਤਰ੍ਹਾਂ ਵਿਰੋਧੀਆਂ ਨੂੰ ਹਾਰ ਦਾ ਮੂੰਹ ਵੇਖਣਾ ਪਇਆ ਅਤੇ ਅਕਬਰ ਦੇ ਦਿਲ ਵਿੱਚ ਸਿੱਖ ਸਤਿਗੁਰਾਂ ਅਤੇ ਗੁਰਮਤਿ ਸਿਧਾਂਤਾਂ ਪ੍ਰਤੀ ਪਿਆਰ ਅਤੇ ਸਤਿਕਾਰ ਪੈਦਾ ਹੋਇਆ। ਆਪਣੀ ਬਾਣੀ ਵਿੱਚ ਆਪ ਨੇ ਮਨਮਤੀਆਂ, ਭਰਮੀਆਂ, ਦੋਖੀਆਂ, ਗੁਰ ਨਿੰਦਕਾਂ ਅਤੇ ਖ਼ੁਦਗਰਜ਼ਾਂ ਨੂੰ ਖ਼ੂਬ ਸੁਣਾਈਆਂ ਹਨ ਇੱਥੋਂ ਤੱਕ ਕਿ ਆਪਣੇ ਪੁੱਤਰ ਪ੍ਰਿਥੀਏ ਨੂੰ ਵੀ ਖਰੀਆਂ ਖਰੀਆਂ ਆਖ ਦਿੱਤੀਆਂ।
Gurdwara
ਇਕ ਅਨਾਥ ਬਾਲਕ ਦਾ ਕਰੋੜਾਂ ਸਿੱਖ-ਸ਼ਰਧਾਲੂਆਂ ਨੂੰ ਅਗਵਾਈ ਦੇਣ ਦੇ ਯੋਗ ਬਣਨਾ ਆਪਣੇ ਆਪ ਵਿੱਚ ਇੱਕ ਕਰਾਮਾਤ ਹੈ। ਗੁਰੂ ਰਾਮਦਾਸ ਜੀ ਦੀ ਵਡਿਆਈ ਅਕੱਥ ਹੈ। ਇੱਕ ਮਨੁੱਖ ਇਸ ਦਾ ਸੰਪੂਰਨ ਥਾਹ ਨਹੀਂ ਪਾ ਸਕਦਾ। ਹਾਂ, ਅਸੀਂ ਭੱਟ ਕੀਰਤ ਜੀ ਦੀ ਤਰ੍ਹਾਂ ਸਤਿਗੁਰ ਸਾਹਿਬ ਜੀ ਦੇ ਅੱਗੇ ਇੰਝ ਅਰਦਾਸ ਜ਼ਰੂਰ ਕਰ ਸਕਦੇ ਹਾਂ : ‘‘ਹਮ ਅਵਗੁਣਿ ਭਰੇ, ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ, ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ; ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ ! ਰਾਖਹੁ ਸਰਣਾਈ ॥’’ (ਭਟ ਕੀਰਤ/੧੪੦੬)
ਆਪ ਜੀ ਨੇ ਗੁਰ ਗੱਦੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਪੀ ਅਤੇ ਸਤੰਬਰ ੧੫੮੧ ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਪਰ ਆਪ ਜੀ ਦੀ ਵਡਿਆਈ ਦਾ ਨਾਦ ਅੱਜ ਤੱਕ ਸੁਣਾਈ ਦੇਂਦਾ ਹੈ : ‘‘ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ ਧਾਰਿਆ॥ ਸਿਖੀ ਅਤੈ ਸੰਗਤੀ, ਪਾਰਬ੍ਰਹਮੁ ਕਰਿ ਨਮਸਕਾਰਿਆ ॥ ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਨ ਪਾਰਾਵਾਰਿਆ ॥ ਜਿਨ੍ਹੀ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ ॥’’ (ਬਲਵੰਡ ਸਤਾ/੯੬੮)