ਕੋਰੋਨਾ ਮਹਾਂਮਾਰੀ ਦੇ ਫ਼ਾਇਦੇ!
Published : Dec 11, 2020, 11:56 am IST
Updated : Dec 11, 2020, 11:56 am IST
SHARE ARTICLE
corona
corona

ਮਾਸਕ ਹੀ ਇਸ ਰੋਗ ਦੀ ਵੈਕਸ਼ੀਨੇਸਨ ਹੈ।

ਨਵੀਂ ਦਿੱਲੀ: ਉਂਜ ਤਾਂ ਕੋਰੋਨਾ ਕਰ ਕੇ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ, ਹਰ ਕੋਈ ਇਸ ਤੋਂ ਬਚਣ ਲਈ  ਸੰਜੀਵਨੀ ਬੂਟੀ ਭਾਲ ਰਿਹਾ ਹੈ ਤਾਕਿ ਸਾਹਾਂ ਦੀ ਡੋਰ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਜਾਂ ਫਿਰ ਕਈਆਂ ਨੂੰ ਅਮਰ ਹੋਣ ਦਾ ਵੀ ਸ਼ੌਕ ਹੈ। ਅਸੀ ਸਾਰੇ ਹੀ ਜਾਣਦੇ ਹਾਂ ਕਿ ਇਸ ਦਾ ਇਲਾਜ ਕੇਵਲ ਮਾਸਕ ਤੇ ਪ੍ਰਹੇਜ਼ ਹੈ। ਸ਼ਾਇਦ ਇਸ ਲਈ ਮੌਜੂਦਾ ਸਰਕਾਰਾਂ ਕਹਿ ਰਹੀਆਂ ਹਨ ਕਿ ਮਾਸਕ ਹੀ ਇਸ ਰੋਗ ਦੀ ਵੈਕਸ਼ੀਨੇਸਨ ਹੈ।

coronacorona

ਪਰ ਸਾਡੀ ਲਾਹਪ੍ਰਵਾਹੀ ਤਾਂ ਵੇਖੋ ਕਿ ਅਸੀ ਬਿਨਾਂ ਮਾਸਕ ਤੋਂ ਬਜ਼ਾਰਾਂ ਵਿਚ ਪਹਿਲਵਾਨ ਵਾਂਗ ਘੁੰਮ ਰਹੇ ਹਾਂ। ਪਰ ਜੇਕਰ ਤੁਸੀ ਲੇਖਕ ਦੀ ਨਜ਼ਰ ਨਾਲ ਵੇਖੋਗੇ ਤਾਂ ਇਹ ਵਾਇਰਸ  ਤੁਹਾਨੂੰ ਕੁੱਝ ਸਮਝਾਉਣ ਆਇਆ ਹੈ, ਜੋ ਤੁਹਾਨੂੰ ਪਹਿਲਾਂ ਵੀ ਪਤਾ ਸੀ ਪਰ ਤੁਸੀ ਇਹ ਸੱਭ ਕੁੱਝ ਅਣਗੌਂਲਿਆ ਕੀਤਾ ਹੋਇਆ ਸੀ। ਪਰ ਫਿਰ ਵੀ ਏਨੀਆਂ ਦੁਸ਼ਵਾਰੀਆਂ ਸਹਿਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਦੇ ਫ਼ਾਈਦਿਆਂ ਨੂੰ ਅੱਖੌ-ਪਰੋਖੇ ਨਹੀਂ ਕੀਤਾ ਜਾ ਸਕਦਾ ਹੈ ਜਿਸ ਵਾਇਰਸ ਨੇ ਪੂਰੇ ਦੇਸ਼ ਦੀ ਅਰਥਵਿਵਸਥਾ ਡਾਵਾਂਡੋਲ ਕਰ ਦਿਤੀ ਹੋਵੇ, ਲੋਕਾਂ ਦਾ ਰੋਜ਼ਗਾਰ ਖੋਹ ਲਿਆ ਹੋਵੇ। ਹੋਰ ਤਾਂ ਹੋਰ ਲੋਕ ਦੋ ਵਕਤ ਦੀ ਰੋਟੀ ਤੋਂ ਮੋਹਤਾਜ ਹੋ ਗਏ।

coronacorona

ਇਥੇ ਹੀ ਬਸ ਨਹੀਂ ਕਈਆਂ ਨੇ ਘੱਟ ਕਮਾਈ ਨਾਲ ਸਮਝੌਤਾ ਨਾ ਕਰਦੇ ਹੋਏ ਆਤਮ ਹਤਿਆ ਤਕ ਕਰ ਲਈ। ਅਜਿਹੇ ਦੁਖਦਾਈ ਸਮੇਂ ਵਿਚ ਕੋਰੋਨਾ ਵਾਇਰਸ ਦੀਆਂ ਸਿਫ਼ਤਾਂ ਕਰਨਾ ਸਚਮੁਚ ਦੋ ਧਾਰੀ ਤਲਵਾਰ ਤੇ ਚੱਲਣ ਵਾਲੀ ਗੱਲ ਹੈ। ਚਲੋ ਫਿਰ ਵੀ ਜੇਕਰ ਮੇਰੇ ਦਿਮਾਗ਼ ਵਿਚ ਕੋਈ ਹਾਂ-ਪੱਖੀ ਗੱਲ ਆਈ ਹੈ ਤਾਂ ਉਸ ਨੂੰ ਸਾਂਝਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਦਿਲ ਤੁਹਾਡੇ ਕੋਲ ਨਾ ਫਰੋਲਿਆ ਤਾਂ ਫਿਰ ਡਾਕਟਰਾਂ ਨੇ ਫ਼ਰੋਲ ਲੈਣਾ ਹੈ, ਇਸ ਲਈ ਆਉ ਕੋਰੋਨਾ ਦੇ ਫ਼ਾਇਦਿਆਂ ਨੂੰ ਸੋਚ ਕੇ ਅਪਣਾ ਆਉਣ ਵਾਲਾ ਸਮਾਂ ਖ਼ੁਸ਼ਹਾਲ ਬਣਾ ਲਈਏ-

coronacorona

1. ਭਾਵੇਂ ਇਸ ਵਾਇਰਸ ਦਾ ਤਾਲੁਕ ਮਾਸ ਨਾਲ ਨਹੀਂ ਹੈ ਪਰ ਲੋਕਾਂ ਨੂੰ ਸਮਝ ਆ ਗਿਆ ਹੈ ਕਿ  ਸਾਡਾ ਸ੍ਰੀਰ ਮਾਸ ਖਾਣ ਲਈ ਬਣਿਆ ਹੀ ਨਹੀਂ, ਇਸ ਲਈ ਲੋਕ ਮਾਸ਼ਾਹਾਰੀ ਤੋਂ ਸ਼ਾਕਾਹਾਰੀ ਹੋ ਗਏ ਹਨ। ਸੱਭ ਤੋਂ ਫ਼ਾਇਦੇ ਵਾਲੀ ਗੱਲ ਇਹ ਹੈ ਕਿ ਲੋਕ ਘਰ ਦੇ ਬਣੇ ਹੋਏ ਭੋਜਨ ਨੂੰ ਪਹਿਲ ਦੇਣ ਲੱਗ ਪਏ ਹਨ ਜਿਸ ਨਾਲ ਘਰਵਾਲੀਆਂ ਦੀ ਰਸੋਈ ਵਿਚ ਸਰਦਾਰੀ ਵਧੀ ਹੈ।2. ਲੋਕਾਂ ਨੂੰ ਚੰਗੀ ਤਰ੍ਹਾਂ ਹੱਥ ਧੋਣ ਦੀ ਅਹਿਮੀਅਤ ਬਾਰੇ ਪਤਾ ਲੱਗ ਚੁੱਕਾ ਹੈ ਕਿਉਂਕਿ ਹੱਥਾਂ ਨੂੰ ਵਾਰ-ਵਾਰ ਧੋਣ ਨਾਲ ਕੋਰੋਨਾ ਹੀ ਨਹੀਂ ਸਗੋਂ ਹੋਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

coronacorona

 3. ਦਾਰਾ ਸਿੰਘ ਵਰਗੇ ਤਕੜੇ ਸ੍ਰੀਰ ਵਾਲੇ ਬੰਦੇ ਨੂੰ ਵੀ ਸਮਝ ਆ ਚੁੱਕੀ ਹੈ ਕਿ ਕੋਈ ਵੀ ਬਿਮਾਰੀ ਕਿਸੇ ਦੀ ਹਮਦਰਦ ਨਹੀਂ ਹੁੰਦੀ, ਇਸ ਲਈ ਸਮਾਂ ਰਹਿੰਦੇ ਸ੍ਰੀਰ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ।4. ਕਈਆਂ ਨੂੰ ਲੱਗ ਰਿਹਾ ਸੀ ਕਿ ਕੋਰੋਨਾ ਇਕ ਵਹਿਮ ਹੈ ਬਿਮਾਰੀ ਨਹੀਂ, ਸਗੋ ਇਹ ਇਕ  ਚੁਟਕਲਾ ਹੈ ਜਿਸ ਦੀ ਆੜ ਵਿਚ ਲੋਕਾਂ ਦੇ ਅੰਗ ਕੱਢ ਲਏ ਜਾਂਦੇ ਹਨ, ਨਾਲੇ ਸਰਕਾਰ ਕੋਰੋਨਾ ਪੀੜਤਾਂ ਤੋਂ ਪੈਸੇ ਖਾਂਦੀ ਹੈ। ਇਥੇ ਹੀ ਬਸ ਨਹੀਂ ਕਈ ਥਾਵਾਂ ਤੇ ਲਾਸ਼ਾਂ ਬਦਲਣ ਦੀਆਂ ਖ਼ਬਰਾਂ ਵੀ ਸੁਰਖ਼ੀਆਂ ਵਿਚ ਆਈਆਂ ਸਨ। ਪਰ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਹੋਇਆ ਹੈ, ਉਹ ਜਾਣਦੇ ਹਨ ਕਿ ਇਹ ਸੱਭ ਟੈਸਟ ਨਾ ਕਰਵਾਉਣ ਦੇ ਬਹਾਨੇ ਹਨ ਜਿਸ ਤੋਂ ਲੋਕ ਬਚਣਾ ਚਾਹੁੰਦੇ ਹਨ।

5. ਇਹ ਵਾਇਰਸ ਫੈਲਣ ਕਰ ਕੇ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਤਾਕਤ ਦਾ ਪਤਾ ਲੱਗ ਗਿਆ ਹੈ, ਹੁਣ ਸਾਰੇ ਕੰਮ ਆਨ ਲਾਈਨ ਹੋਣ ਦੀ ਚਰਚਾ ਹੋਣ ਲੱਗ ਪਈ ਹੈ। ਕਾਗ਼ਜ਼ ਕਰੰਸੀ ਦੀ ਘੱਟ ਵਰਤੋਂ ਦੀਆਂ ਹਦਾਇਤਾਂ ਪਹਿਲਾਂ ਹੀ ਦਿਤੀਆਂ ਜਾ ਚੁਕੀਆਂ ਹਨ।6. ਆਲਸੀ ਲੋਕਾਂ ਦੀਆਂ ਬੰਦ ਅੱਖਾਂ ਵੀ ਖੁੱਲ੍ਹ ਗਈਆਂ ਹਨ। ਉਨ੍ਹਾਂ ਨੇ ਵੀ ਯੋਗ, ਸੈਰ, ਐਰੋਬਿਕਸ, ਸਾਈਕਲਿੰਗ ਤੇ ਮੈਡੀਟੇਸ਼ਨ ਨੂੰ ਪਹਿਲ ਦੇਣੀ ਸ਼ੁਰੂ ਕਰ ਦਿਤੀ ਹੈ। ਲਾਕਡਾਊਨ ਖੁੱਲ੍ਹਣ ਤੋਂ ਬਾਅਦ ਲੋਕ ਅਪਣੀ ਸਿਹਤ ਠੀਕ ਰੱਖਣ ਲਈ ਪਾਰਕਾਂ ਵਿਚ ਭੱਜਦੇ ਨਜ਼ਰ ਆ ਰਹੇ ਹਨ।7. ਫ਼ਰਜ਼ੀ ਇਮਿਊਨਟੀ ਵਧਾਉਣ ਵਾਲੀਆਂ ਦਵਾਈਆਂ ਦੀ ਖਪਤ ਵਧੀ ਹੈ। ਵਿਟਾਮਿਨ ਸੀ, ਈਵਾਨ ਕੈਪਸੂਲ, ਡਿਟੋਲ, ਗਲੋਅ ਦੀਆਂ ਗੋਲੀਆਂ ਮਾਰਕੀਟ ਵਿਚ ਟਮਾਟਰਾਂ ਵਾਂਗ ਵਿਕੀਆਂ ਹਨ। ਕਈ ਡਾਕਟਰਾਂ ਨੇ ਇਮਿਊਨਟੀ ਦੇ ਨਾਂ ਤੇ ਡਰਾ ਕੇ ਵਗਦੀ ਗੰਗਾ ਵਿਚ ਹੱਥ ਧੋਏ ਹਨ। 8. ਕੋਰੋਨਾ ਮਹਾਂਮਾਰੀ ਦੌਰਾਨ ਕਾਲਾਬਜ਼ਾਰੀ ਵਧੀ ਹੈ, ਲੋਕਾਂ ਨੂੰ ਆਮ ਵਰਤੋਂ ਦੀਆਂ ਚੀਜ਼ਾਂ ਮਹਿੰਗੇ ਭਾਅ ਮਿਲ ਰਹੀਆਂ ਹਨ। ਪਰ ਸਰਕਾਰ ਅੱਖਾਂ ਬੰਦ ਕਰ ਕੇ ਸੱਭ ਕੁੱਝ ਵੇਖਦੀ ਰਹੀ ਹੈ ਪਰ ਕਾਰਵਾਈ ਕਿਸੇ ਨੇ ਨਾ ਕੀਤੀ। ਇਸ ਮਹਾਂਮਾਰੀ ਦੀ ਆੜ ਵਿਚ ਸੱਭ ਨੇ ਲੁੱਟਿਆ ਹੈ, ਚਾਹੇ ਉਹ ਛੋਟਾ ਦੁਕਾਨਦਾਰ ਹੋਵੇ ਜਾਂ ਫਿਰ ਕੋਈ ਹੋਰ ਵੱਡੀ ਮੱਛੀ।

9. ਇਸ ਮਹਾਂਮਾਰੀ ਦੌਰਾਨ ਸ਼ਰਾਬੀ ਨੂੰ ਲੋਕਾਂ ਨੇ ਚੰਗੀ ਨਜ਼ਰ ਨਾਲ ਵੇਖਣਾ ਸ਼ੁਰੂ ਕਰ ਦਿਤਾ  ਕਿਉਂਕਿ ਇਨ੍ਹਾਂ ਨੇ ਸਰਕਾਰ ਕੋਲੋਂ ਸ਼ਰਾਬ ਖ਼ਰੀਦ ਕੇ ਦੇਸ਼ ਦੀ ਅਰਥਵਿਵਸਥਾ ਵਿਚ ਅਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਤੁਕ ਹੈ ਕਿ ਕੋਰੋਨਾ ਦਾ ਇਲਾਜ ਸ਼ਰਾਬ ਹੈ। ਇਸ ਬਹਾਨੇ ਨਾਲ ਉਹ ਕਈ ਬੋਤਲਾਂ ਸ਼ਰਾਬ ਦੀਆਂ ਡਕਾਰ ਗਏ ਹਨ।10. ਤਮਾਕੂ, ਸਿਗਰੇਟਾਂ ਤੇ ਸੁਪਾਰੀ ਵੇਚਣ ਵਾਲਿਆਂ ਨੂੰ ਅਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੈ। ਇਸ ਲਈ ਉਨ੍ਹਾਂ ਨੇ ਨਸ਼ੀਲੇ ਮਸਾਲੇ ਛੱਡ ਕੇ ਸਬਜ਼ੀਆਂ ਦੀਆਂ ਰੇਹੜੀਆਂ ਲਗਾ ਲਈਆਂ ਹਨ।11. ਗੰਦੀਆਂ ਬਸਤੀਆਂ ਤੇ ਕਸਬਿਆਂ ਵਿਚ ਬੈਠੇ ਹੋਏ ਡਾਕਟਰ ਚਾਂਦੀ ਕੁੱਟ ਰਹੇ ਹਨ ਕਿਉਂਕਿ ਕੋਰੋਨਾ ਦੇ ਚੈਕਅਪ ਤੋਂ ਡਰਦੇ ਲੋਕ ਛੋਟੇ ਡਾਕਟਰਾਂ ਕੋਲ ਇਲਾਜ ਲਈ ਆ ਰਹੇ ਹਨ। 12. ਅਮਰੀਕਾ, ਕੈਨੇਡਾ, ਲੰਡਨ ਤੇ ਚੀਨ ਨੇ ਅਪਣੀ ਵੁੱਕਤ ਘਟਾਈ ਹੈ। ਚੀਨ ਤਾਂ ਪਹਿਲਾਂ ਹੀ ਵਾਇਰਸ ਫ਼ੈਲਾਉਣ ਤੇ ਟਿੱਡੀਆਂ ਖਾਣ  ਨੂੰ ਲੈ ਕੇ ਬਦਨਾਮ ਹੈ। ਪਰ ਜਿਹੜੇ ਲੋਕ ਬਾਹਰਲੇ ਦੇਸ਼ਾਂ ਤੋਂ ਆਉਣ ਦੀ ਹੈਂਕੜ ਮਾਰਦੇ ਸਨ, ਉਹ ਲੁੱਕ ਛਿਪ ਕੇ ਅਪਣੀ ਟ੍ਰੈਵਲ ਹਿਸਟਰੀ ਲੁਕਾਉਣ ਲੱਗ ਪਏ ਸਨ।

13. ਕਰਮ ਕਾਡਾਂ ਵਿਚੋਂ ਕੱਢਣ ਵਾਲੇ ਤਰਕਸ਼ੀਲ ਕਾਮੇ ਇਸ ਦੁੱਖ ਦੀ ਘੜੀ ਵਿਚ ਕਿਤੇ ਨਜ਼ਰ ਨਾ ਆਏ।14. ਲਾਕਡਾਊਨ ਦੌਰਾਨ ਪਸ਼ੂ ਪੰਛੀ ਤੇ ਕੁੱਤੇ ਮਨੁੱਖਾਂ ਨੂੰ ਇਹ ਸੋਚ ਕੇ ਚਿੜਾਅ ਰਹੇ ਸਨ ਕਿ ਅਸੀ ਆਜ਼ਾਦ ਹਾਂ ਤੇ ਤੁਸੀ ਕੈਦ (ਮਨੁੱਖ) ਹੋ ਗਏ।15. ਲਾਕਡਾਊਨ ਦੌਰਾਨ ਮਾਪੇ ਵਧੇਰੇ ਖ਼ੁਸ਼ ਨਜ਼ਰ ਆਏ ਹਨ ਕਿਉਂਕਿ ਉਨ੍ਹਾਂ ਦੇ ਦੂਰ ਦਰਾਡੇ ਗਏ ਬੱਚੇ ਘਰਾਂ ਵਿਚ ਵਾਪਸ ਆ ਗਏ ਹਨ ਜਿਸ ਨਾਲ ਪੀ.ਜੀ ਦੇ ਮਾਲਕਾਂ ਦੇ ਨਖ਼ਰੇ ਪਹਿਲਾਂ ਨਾਲੋਂ ਘਟੇ ਹਨ।16. ਇਸ ਵਾਇਰਸ ਕਰ ਕੇ ਘਰ ਦੇ ਮੈਂਬਰਾਂ ਵਿਚ ਪਿਆਰ ਵਧਿਆ ਹੈ, ਸੱਭ ਇਕ ਦੂਜੇ ਦਾ ਖਿਆਲ ਰੱਖ ਰਹੇ ਹਨ ਕਿਉਂਕਿ ਇਕ ਬਿਮਾਰ ਵਿਅਕਤੀ ਸਾਰੇ ਟੀਨ ਟੱਬਰ ਨੂੰ ਚਿੰਤਾ ਵਿਚ ਪਾ ਦਿੰਦਾ ਹੈ।17. ਜਿਥੇ ਸਵੱਛ ਭਾਰਤ ਮਿਸ਼ਨ ਫ਼ੇਲ ਹੋ ਗਿਆ ਹੈ ਪਰ ਉਥੇ ਦੂਜੇ ਪਾਸੇ ਕੋਰੋਨਾ ਨੇ ਲੋਕਾਂ ਨੂੰ ਸਫ਼ਾਈ ਕਰਨ ਦੀ ਆਦਤ ਪਾਈ

ਹੈ।18. ਖੰਘ, ਜ਼ੁਕਾਮ ਤੇ ਸਾਹ ਵਾਲੇ ਮਰੀਜ਼ ਘਟੇ ਹਨ ਕਿਉਂਕਿ ਲੋਕ ਜ਼ਹਿਰੀਲੇ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਦੀ ਵਰਤੋ ਕਰ ਰਹੇ ਹਨ।
19. ਧਾਰਮਕ ਵਿਚਾਰਾਂ ਵਾਲੇ ਲੋਕ ਇਹ ਸੋਚ ਕੇ ਅਰਦਾਸਾਂ ਕਰ ਰਹੇ ਹਨ ਕਿ ਇਸ ਨਾਲੋਂ ਤਾਂ ਮਲੇਰੀਆ, ਟਾਈਫਾਈਡ, ਡੇਂਗੂ ਤੇ ਚਿਕਨਗੁਨੀਆਂ ਹੀ ਵਾਪਸ ਆ ਜਾਏ ਕਿਉਂਕਿ ਇਹ ਸੱਭ ਛੂਤ ਛਾਤ ਦੀਆਂ ਬਿਮਾਰੀਆਂ ਨਹੀਂ ਹਨ।20. ਹੁਣ ਲਗਦਾ ਹੈ ਕਿ ਆਉਣ ਵਾਲੀ ਪੀੜ੍ਹੀ ਕੋਵਿਡ-19 ਦੀ ਮਹਾਂਮਾਰੀ ਫ਼ੈਲਣ ਦੀਆਂ ਖ਼ਬਰਾਂ ਕਿਤਾਬਾਂ ਵਿਚ ਪੜ੍ਹੇਗੀ। ਲਾਕਡਾਊਨ, ਸੋਸ਼ਲ ਡਿਸਟੈਸਿੰਗ, ਏਕਾਂਤਵਾਸ, ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋ, ਪੀ.ਪੀ.ਈ ਕਿੱਟਾਂ ਦੀਆਂ ਗੱਲਾਂ ਇਕ ਸਦੀ ਤਕ ਯਾਦ ਆਉਂਦੀਆਂ ਰਹਿਣਗੀਆਂ।21. ਜਦ ਇਹ ਮਹਾਂਮਾਰੀ ਖ਼ਤਮ ਹੋ ਗਈ ਤਾਂ ਲੋਕਾਂ ਵਲੋਂ ਮਰੀਜ਼ਾਂ ਦੇ ਗੁਰਦੇ ਕੱਢਣ ਵਾਲੀਆਂ ਅਟਕਲਾਂ ਬਾਰੇ ਸੋਚ ਕੇ ਡਾਕਟਰ ਜ਼ਰੂਰ ਹਸਣਗੇ। 22. ਕੋਰੋਨਾ ਦੇ ਸ਼ੱਕੀ ਮਰੀਜ਼ ਇਸ ਗੱਲ ਤੋਂ ਖ਼ੁਸ਼ ਨਜ਼ਰ ਆ ਰਹੇ ਹਨ ਕਿ  ਕੋਵਿਡ-19 ਵਰਗਾ ਪ੍ਰਸਿੱਧ ਟੈਸਟ ਮੁਫ਼ਤ ਹੋ ਰਿਹਾ ਹੈ। ਇਨ੍ਹਾਂ ਸ਼ੱਕੀ ਮਰੀਜ਼ਾਂ ਨੇ ਠੀਕ ਹੋਣ ਤੇ ਡਾਕਟਰਾਂ ਨਾਲ ਭੰਗੜੇ ਵੀ ਪਾਏ ਹਨ।

23. ਕੋਰੋਨਾ ਵਾਇਰਸ ਕਰ ਕੇ ਰੂੜੀ ਦੇ ਦਿਨ ਫਿਰੇ ਹਨ। ਮੰਦੀ ਦਾ ਰੌਲਾ ਪਾਉਣ ਵਾਲੇ ਦੁਕਾਨਦਾਰਾਂ ਦੇ ਅੱਛੇ ਦਿਨ ਆਏ ਹਨ ਕਿਉਂਕਿ ਉਨ੍ਹਾਂ ਦੇ ਕੰਮਾਂ ਨੂੰ ਕੋਰੋਨਾ ਰੂਪੀ ਰੇੜੂ ਲੱਗ ਗਏ ਹਨ।24. ਇਸ ਮਹਾਂਮਾਰੀ ਦੌਰਾਨ ਕਈਆਂ ਨੂੰ ਰੁਜ਼ਗਾਰ ਵੀ ਮਿਲਿਆ ਹੈ ਤੇ ਕਈਆ ਦੇ ਰੁਕੇ ਹੋਏ ਕੰਮ ਚੱਲ ਪਏ ਹਨ। ਪਰ ਦਰਜ਼ੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ  ਬਚੇ ਹੋਏ ਕਪੜੇ ਵਿਚੋਂ ਮਾਸਕ ਬਣਾਉਣਾ ਜ਼ਰੂਰੀ ਹੋ ਗਿਆ ਹੈ।25. ਮੋਟੀ ਗੋਗੜ ਵਾਲਿਆਂ ਨੂੰ ਇਹ ਸਮਝ ਆ ਗਈ ਹੈ ਕਿ ਘੱਟ ਪੈਸਿਆਂ ਵਿਚ ਵੀ ਗੁਜ਼ਾਰਾ ਕੀਤਾ ਜਾ ਸਕਦਾ ਹੈ 26. ਲਾਕਡਾਊਨ ਦੌਰਾਨ  ਕਈਆਂ ਦੀ ਦਬੀ ਹੋਈ ਇੱਛਾ ਪੂਰੀ ਹੋਈ ਹੈ, ਉਹ ਯੂ-ਟਿਯੂਬ ਤੇ ਮੌਜ ਵਰਗੀਆਂ ਐਪ ਤੇ ਕੋਰੋਨਾ ਦਾ ਮਜ਼ਾਕ ਉਡਾ ਕੇ ਸਟਾਰ ਬਣੇ ਹਨ।27. ਗੋ-ਕੋਰੋਨਾ, ਗੋ-ਕੋਰੋਨਾ ਦੇ ਨਾਅਰੇ ਲਾਉਣ ਵਾਲੇ, ਮੋਮਬੱਤੀਆਂ ਤੇ ਥਾਲੀਆਂ ਦੀ ਗੂੰਜ ਕਿਸੇ ਕੰਮ ਨਾ ਆਈ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਅੰਧ ਵਿਸ਼ਵਾਸੀ  ਹੈ।28. ਕੋਰੋਨਾ ਮਹਾਂਮਾਂਰੀ ਦੌਰ ਦੇ ਸ਼ੁਰੂਆਤੀ ਦਿਨਾਂ ਵਿਚ ਕੋਰੋਨਾ ਯੋਧੇ ਵੀ ਪਸਤ ਹੁੰਦੇ ਨਜ਼ਰ ਆਏ ਸਨ। ਖ਼ਾਸ ਕਰ ਕੇ ਪ੍ਰਾਈਵੇਟ ਡਾਕਟਰ ਅਪਣੇ ਕਲੀਨਿਕਾਂ ਨੂੰ ਤਾਲੇ ਲਗਾ ਕੇ ਘਰਾਂ ਵਿਚ ਦੁਬਕ ਕੇ ਬੈਠ ਗਏ ਸਨ। 29. ਕੋਰੋਨਾ ਦੌਰਾਨ ਆਨ ਲਾਈਨ ਪੜ੍ਹਨ ਵਾਲੇ ਬੱਚਿਆਂ ਦੀ ਚਾਂਦੀ ਹੈ। ਉਹ ਪੀ.ਜੀ. ਨੂੰ ਛੱਡ ਕੇ ਘਰ ਦੀਆਂ ਬਣੀਆਂ ਹੋਈਆਂ ਮਾਂ ਦੀਆਂ ਰੋਟੀਆਂ ਖਾ ਰਹੇ ਹਨ।
ਹੁਣ ਤੁਹਾਨੂੰ ਮੇਰੀਆਂ ਗੱਲਾਂ ਤੋਂ ਪਤਾ ਲੱਗ ਹੀ ਗਿਆ ਹੋਣੈ ਕਿ ਕੋਰੋਨਾ ਨੇ ਤੁਹਾਨੂੰ  ਮੁਸ਼ਕਲ ਹਾਲਾਤ ਵਿਚ ਜਿਊਣਾ ਸਿਖਾਇਆ ਤਾਂ ਫਿਰ ਇਸ ਵਾਇਰਸ ਨਾਲ ਕਾਹਦਾ ਗਿਲਾ ਸ਼ਿਕਵਾ ਹੈ?
                                                                               ਡਾ.ਅਨਿਲ ਕੁਮਾਰ ਬੱਗਾ,   ਸੰਪਰਕ : 97798-84393

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement