
ਅੱਜ ਸਮਾਜ ਵਿਚ ਬਹੁਤ ਵੱਡਾ ਨਿਘਾਰ ਆ ਰਿਹਾ ਹੈ, ਅਸੀ ਅਪਣਾ ਸਭਿਆਚਾਰ, ਅਪਣੇ ਰੀਤੀ ਰਿਵਾਜ ਸੱਭ ਭੁੱਲ ਕੇ ਸੁਆਰਥੀ ਹੁੰਦੇ ਜਾ ਰਹੇ ਹਾਂ। ਪੈਸਾ ਤੇ ਜ਼ਮੀਨ ਜਾਇਦਾਦ ...
ਅੱਜ ਸਮਾਜ ਵਿਚ ਬਹੁਤ ਵੱਡਾ ਨਿਘਾਰ ਆ ਰਿਹਾ ਹੈ, ਅਸੀ ਅਪਣਾ ਸਭਿਆਚਾਰ, ਅਪਣੇ ਰੀਤੀ ਰਿਵਾਜ ਸੱਭ ਭੁੱਲ ਕੇ ਸੁਆਰਥੀ ਹੁੰਦੇ ਜਾ ਰਹੇ ਹਾਂ। ਪੈਸਾ ਤੇ ਜ਼ਮੀਨ ਜਾਇਦਾਦ ਰਿਸ਼ਤੇ, ਪਿਆਰ ਤੋਂ ਉੱਪਰ ਹੋ ਰਿਹਾ ਹੈ। ਸੁਹਿਰਦ ਇਨਸਾਨ ਏਨਾ ਸੋਚ ਵੀ ਨਹੀਂ ਸਕਦਾ ਜਿੰਨਾ ਅੱਜ ਦਾ ਇਨਸਾਨ ਡਿੱਗ ਰਿਹਾ ਹੈ ਕਿ ਖ਼ੂਨ ਦੇ ਰਿਸ਼ਤਿਆਂ ਨੂੰ ਲੀਰੋ ਲੀਰ ਕਰ ਕੇ ਸੁੱਟ ਰਿਹਾ ਹੈ। ਅਪਣੇ ਪਿੰਡ ਦਾ ਹੋਣਾ, ਗਲੀ ਗੁਆਂਢ ਦਾ ਹੋਣਾ ਜਾਂ ਕਿਸੇ ਰਿਸ਼ਤੇਦਾਰੀ ਵਿਚੋਂ ਹੋਣਾ ਤਾਂ ਦੂਰ ਦੀ ਗੱਲ ਹੈ। ਹੁਣ ਤਾਂ ਖ਼ੂਨ ਦੇ ਰਿਸ਼ਤੇ ਵੀ ਸ਼ਰਮਸਾਰ ਹੋ ਰਹੇ ਹਨ। ਬਾਪ-ਪੁੱਤਰ, ਭੈਣ-ਭਰਾ, ਭਰਾ-ਭਰਾ, ਮਾਂ-ਪੁੱਤਰ ਸੱਭ ਰਿਸ਼ਤਿਆਂ ਨੂੰ ਮਾਇਆ ਨਾਮ ਦੀ ਸਿਉਂਕ ਖਾ ਰਹੀ ਹੈ।
ਪ੍ਰਵਾਰਾਂ ਦੇ ਟੁੱਟਣ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਘਰਾਂ ਵਿਚ ਕੰਧਾਂ ਨਿਕਲ ਰਹੀਆਂ ਹਨ, ਕੋਈ ਇਕੱਠਾ ਰਹਿਣ ਲਈ ਤਿਆਰ ਹੀ ਨਹੀਂ।
ਅਜਕਲ ਅਜਿਹਾ ਦੌਰ ਚੱਲ ਰਿਹਾ ਹੈ ਕਿ ਜਿਥੇ ਕਿਤੇ ਪੈਸੇ ਦੀ ਗੱਲ ਆ ਗਈ, ਵਿਅਕਤੀ ਲਾਲਚ ਵਿਚ ਸਾਰੇ ਰਿਸ਼ਤੇ ਭੁੱਲ ਕੇ ਪੈਸੇ ਦੀ ਤਕੜੀ ਵਿਚ ਤੁਲ ਰਿਹਾ ਹੈ। ਮੰਨਦਾ ਹਾਂ ਕਿ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਾ ਜ਼ਰੂਰੀ ਹੈ ਪਰ ਇਹ ਵੀ ਸੱਚ ਹੈ, ਜੋ ਸਾਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਕਿ ਪੈਸਾ ਹੀ ਸੱਭ ਕੁੱਝ ਨਹੀਂ ਹੁੰਦਾ। ਪੈਸਾ ਬਹੁਤ ਕੰਮ ਆਉਂਦਾ ਹੈ ਪਰ ਹਰ ਕੰਮ ਲਈ ਪੈਸਾ ਹੀ ਕਾਫ਼ੀ ਨਹੀਂ ਹੁੰਦਾ।
ਬਹੁਤ ਕੰਮ ਅਜਿਹੇ ਵੀ ਹਨ ਜਿਥੇ ਪੈਸਾ ਵੀ ਕੰਮ ਨਹੀਂ ਆਉਂਦਾ, ਉੱਥੇ ਕੇਵਲ ਇਨਸਾਨ ਕੰਮ ਆਉਂਦੇ ਹਨ, ਉਥੇ ਕੇਵਲ ਰਿਸ਼ਤੇ ਹੀ ਕੰਮ ਆਉਂਦੇ ਹਨ। ਪਰ ਅਫ਼ਸੋਸ ਇਹ ਸਮਝ ਉਦੋਂ ਆਉਂਦੀ ਹੈ ਜਦੋਂ ਇਨਸਾਨ ਨਿੱਕੀ ਜਿਹੀ ਗੱਲ ਉਤੇ ਹੀ ਅਪਣਿਆਂ ਨੂੰ ਛੱਡ ਦੂਰ ਜਾ ਚੁਕਿਆ ਹੁੰਦਾ ਹੈ। ਲੀਰੋ ਲੀਰ ਹੋਏ ਰਿਸ਼ਤਿਆਂ ਦੀ ਸਿੱਲੀ ਦਾਸਤਾਨ ਬਾਰੇ ਕਈ ਬੁਧੀਜੀਵੀਆਂ ਨਾਲ ਹੋਈ ਆਪਸੀ ਵਾਰਤਾ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਸੱਚੀਆਂ ਘਟਨਾਵਾਂ, ਜਿਨ੍ਹਾਂ ਨੂੰ ਸੁਣ ਕੇ, ਜਿਨ੍ਹਾਂ ਦਾ ਦਰਦ ਮਹਿਸੂਸ ਕਰ ਕੇ ਆਪ ਮੁਹਾਰੇ ਅੱਖਾਂ ਸਿੱਲੀਆਂ ਹੋ ਗਈਆਂ, ਦਾ ਜ਼ਿਕਰ ਕਰਨਾ ਬਣਦਾ ਹੈ।
ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਹੇ ਇਕ ਮਿੱਤਰ ਨੇ ਦਸਿਆ ਕਿ ਉਹ ਅਪਣੀ ਡਿਊਟੀ ਦੌਰਾਨ ਜਦੋਂ ਧੂਰੀ ਰੇਲਵੇ ਸਟੇਸ਼ਨ ਉਤੇ ਡਿਊਟੀ ਕਰ ਰਹੇ ਸਨ ਤਾਂ ਉੱਥੇ ਇਕ ਬਜ਼ੁਰਗ ਔਰਤ ਲਵਾਰਸ ਹਾਲਤ ਦੇ ਵਿਚ ਪਈ ਸੀ। ਉਸ ਨੂੰ ਉਨ੍ਹਾਂ ਨੇ ਅਜਿਹੀ ਹਾਲਤ ਵਿਚ ਵੇਖਿਆ ਤਾਂ ਬਜ਼ੁਰਗ ਔਰਤ ਨੂੰ ਡਾਕਟਰੀ ਸੇਵਾਵਾਂ ਦਿਵਾ ਕੇ ਉਸ ਦੀ ਕਹਾਣੀ ਪੁੱਛੀ ਤਾਂ ਪਤਾ ਚਲਿਆ ਕਿ ਉਹ ਘਰ ਵਿਚ ਇਕੱਲੀ ਰਹਿੰਦੀ ਸੀ, ਉਸ ਦਾ ਪੁੱਤਰ ਵਿਦੇਸ਼ ਗਿਆ ਹੋਇਆ ਸੀ ਤੇ ਹੁਣ ਉਹ ਐਨ.ਆਰ.ਆਈ ਲੜਕੀ ਨਾਲ ਵਿਆਹ ਕਰਵਾ ਕੇ ਆ ਗਿਆ ਹੈ।
ਜਿਸ ਨੇ ਅਪਣੀ ਮਾਂ ਨੂੰ ਘਰੋਂ ਬਾਹਰ ਕੱਢ ਦਿਤਾ ਹੈ ਜਿਥੇ ਕਿਤੇ ਵੀ ਲਾਲਸਾ ਆਈ ਹੈ, ਉੱਥੇ ਇਨਸਾਨੀਅਤ ਅਤੇ ਰਿਸ਼ਤਿਆਂ ਦਾ ਹੀ ਘਾਣ ਹੋਇਆ ਹੈ। ਆਹ ਵਿਦੇਸ਼ ਜਾਣ ਦੀ ਲਾਲਸਾ ਨੇ ਤਾਂ ਰਿਸ਼ਤਿਆਂ ਦਾ ਅਜਿਹਾ ਰੱਜ ਕੇ ਬਲਾਤਕਾਰ ਕੀਤਾ ਹੈ ਕਿ ਸਾਰੀਆਂ ਹੱਦਾਂ ਹੀ ਪਾਰ ਕਰ ਦਿਤੀਆਂ ਹਨ। ਛੇਤੀ ਜਹਾਜ਼ ਚੜ੍ਹਨ ਦੇ ਲਾਲਚੀ ਅਜਿਹੇ ਲੋਕਾਂ ਨੇ ਦਾਦਾ-ਪੋਤੀ, ਭੈਣ-ਭਰਾ, ਪਿਤਾ-ਧੀ ਵਰਗੇ ਪਵਿੱਤਰ ਰਿਸ਼ਤੇ ਵੀ ਨਹੀਂ ਵੇਖੇ। ਅਪਣੀਆਂ ਹੀ ਧੀਆਂ ਨਾਲ ਫ਼ਰਜ਼ੀ ਵਿਆਹ ਰਚਾ ਲਏ ਗਏ। ਭਾਵੇਂ ਇਹ ਵਿਆਹ ਕਹਿਣ ਨੂੰ ਫ਼ਰਜ਼ੀ ਸਨ ਪਰ ਸਾਰੀਆਂ ਰਸਮਾਂ ਫ਼ਰਜ਼ੀ ਨਹੀਂ ਸਨ। ਸਾਰਾ ਕੁੱਝ ਪਤੀ-ਪਤਨੀ ਵਾਂਗ ਰਚਾ ਕੇ ਉਸ ਦੀ ਮੂਵੀ ਬਣਾ ਕੇ ਅੰਬੈਸੀ ਵਿਚ ਪੇਸ਼ ਕੀਤਾ ਜਾਂਦੀ ਹੈ। ਕੋਈ ਪੁੱਛੇ ਕਿਸ ਲਈ ਇਹ ਰਿਸ਼ਤਿਆਂ ਦਾ ਘਾਣ ਕੀਤਾ ਹੈ?
ਸਿਰਫ਼ ਵਿਦੇਸ਼ ਜਾ ਕੇ ਡਾਲਰ ਕਮਾਉਣ ਲਈ? ਬੱਸ! ਇਸੇ ਹੀ ਕਿਰਦਾਰ ਦੇ ਮਾਲਕ ਹਾਂ ਅਸੀ। ਅਪਣੀ ਅਣਖ਼ ਇੱਜ਼ਤ ਦੀ ਤਾਂ ਗੱਲ ਛੱਡੋ, ਅਸੀ ਪੰਜਾਬੀ ਤਾਂ ਦੂਜਿਆਂ ਦੀਆਂ ਧੀਆਂ-ਭੈਣਾਂ ਨੂੰ ਅਪਣੀਆਂ ਸਮਝ ਕੇ ਉਨ੍ਹਾਂ ਦੀ ਇੱਜ਼ਤ ਦੀ ਰਖਿਆ ਕਰਨ ਵਾਲੇ ਦੇਸ਼ ਭਗਤਾਂ ਦੇ ਵਾਰਸ ਹਾਂ। ਫਿਰ ਸਾਡੀ ਸਮਝ ਨੂੰ ਅੱਜ ਕੀ ਹੁੰਦਾ ਜਾ ਰਿਹਾ ਹੈ? ਅਸੀ ਪੈਸਿਆਂ ਦੇ ਲਾਲਚ ਵਿਚ ਅਪਣੀਆਂ ਹੀ ਧੀਆਂ-ਭੈਣਾਂ ਨਾਲ ਵਿਆਹ ਕਰੀ ਜਾਂਦੇ ਹਾਂ।
ਅੱਜ ਸਾਂਝੇ ਪ੍ਰਵਾਰਾਂ ਦਾ ਲਗਾਤਾਰ ਟੁਟਣਾ ਜਾਰੀ ਹੈ। ਜ਼ਿਆਦਾਤਰ ਨਵੀਂ ਪੀੜ੍ਹੀ ਇਕਲਿਆਂ ਰਹਿਣਾ ਪਸੰਦ ਕਰਨ ਲੱਗੀ ਹੈ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਅਲੱਗ ਰਹਿਣ ਦੀ ਰੀਤ ਵਧਦੀ ਜਾ ਰਹੀ ਹੈ। ਘਰ ਦੇ ਵੱਡੇ ਬਜ਼ੁਰਗਾਂ ਦੀਆਂ ਚੰਗੀਆਂ ਗੱਲਾਂ ਵੀ ਸਾਨੂੰ ਪਸੰਦ ਨਹੀਂ। ਉਹ ਸਾਨੂੰ ਮਾੜੇ ਪਾਸਿਉਂ ਵਰਜਣ ਤਾਂ ਵੀ ਅਸੀ ਬੁਰਾ ਸਮਝਦੇ ਹਾਂ, ਤਾਂ ਕਰ ਕੇ ਹੀ ਅਸੀ ਅਜਿਹੇ ਮਾਹੌਲ ਵਿਚ ਰਹਿਣਾ ਚਾਹੁੰਦੇ ਹਾਂ ਜਿਥੇ ਪਤੀ ਪਤਨੀ ਤੇ ਬੱਚੇ ਹੋਣ ਕੋਈ ਟੋਕੇ ਨਾ। ਪਰ ਬਹੁਤ ਸਾਰੇ ਪਤੀ-ਪਤਨੀ ਅਲੱਗ ਰਹਿ ਕੇ ਵੀ ਖ਼ੁਸ਼ ਨਹੀਂ ਰਹਿੰਦੇ।
ਅਜਿਹੇ ਮਾਮਲੇ ਵੀ ਦਿਨ-ਬ-ਦਿਨ ਵਧਦੇ ਜਾ ਰਹੇ ਹਨ, ਜਿਥੇ ਸਿਰਫ਼ ਪਤੀ-ਪਤਨੀ ਦਾ ਆਪਸੀ ਝਗੜਾ ਹੀ ਹੁੰਦਾ ਹੈ। ਇਹ ਝਗੜਾ ਛੋਟੀਆਂ-ਛੋਟੀਆਂ ਗੱਲਾਂ ਉਤੇ ਹੁੰਦਾ ਹੈ, ਜਿਹੜੀਆਂ ਘਰ ਵਿਚ ਥੋੜੀ ਸਹਿਣਸੀਲਤਾ ਤੇ ਸੰਜਮ ਤੋਂ ਕੰਮ ਲੈਂਦੇ ਹੋਏ ਆਪਸੀ ਤਾਲਮੇਲ ਨਾਲ ਹੱਲ ਹੋ ਸਕਦੇ ਹਨ। ਅਜਿਹੀਆਂ ਗੱਲਾਂ ਵੀ ਅਸੀ ਅਦਾਲਤ ਜਾਂ ਮਹਿਲਾ ਮੰਡਲਾਂ ਤਕ ਲੈ ਕੇ ਜਾ ਰਹੇ ਹਾਂ। ਅਜਿਹਾ ਸਾਡੇ ਸਮਾਜ ਖ਼ਾਸ ਕਰ ਕੇ ਪੰਜਾਬ ਵਰਗੇ ਸਭਿਆਚਾਰਕ ਤੇ ਚੰਗੇ ਰੀਤੀ ਰਿਵਾਜਾਂ ਨਾਲ ਭਰੇ ਸੂਬੇ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਇਥੇ ਪਤੀ ਤੇ ਪਤਨੀ ਦੋਹਾਂ ਨੂੰ ਅਪਣੀ ਸੋਚ ਬਦਲਣ ਦੀ ਲੋੜ ਹੈ। ਥੋੜਾ ਅਪਣੇ ਆਪ ਨੂੰ ਬਦਲਣ ਦੀ ਲੋੜ ਹੈ।
ਪੈਸਾ ਤੇ ਨਿਜਪਣ ਸਮਾਜ ਵਿਚ ਭਾਰੂ ਹੋ ਚੁਕਿਆ ਹੈ। ਅਜਿਹੇ ਕਿੰਨੇ ਹੀ ਬਜ਼ੁਰਗ ਹਨ, ਜਿਨ੍ਹਾਂ ਦੀਆਂ ਜ਼ਮੀਨਾਂ ਧੋਖੇ ਵਿਚ ਰੱਖ ਕੇ ਉਨ੍ਹਾਂ ਦੀਆਂ ਔਲਾਦਾਂ ਨੇ ਅਪਣੇ ਨਾਮ ਕਰਵਾ ਲਈਆਂ ਤੇ ਉਹ ਬਜ਼ੁਰਗ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਹੋਰ ਤਾਂ ਹੋਰ ਅਨੇਕਾਂ ਅਜਿਹੇ ਬਜ਼ੁਰਗ ਹਨ ਜਿਨ੍ਹਾਂ ਦੇ ਨਾਮ ਜਾਇਦਾਦ ਹੋਣ ਦਾ ਬਾਵਜੂਦ ਵੀ ਗੁਰਬਤ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਅਤੇ ਨਰਕ ਭਰੇ ਦਿਨ ਕੱਟ ਰਹੇ ਹਨ। ਇਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਵੱਡੇ-ਵੱਡੇ ਟੈਂਟ ਲਗਾ ਕੇ ਭੋਗ ਤੇ ਅੰਤਿਮ ਅਰਦਾਸ ਸਮਾਗਮ ਕੀਤੇ ਜਾਂਦੇ ਹਨ। ਵਿਆਹਾਂ ਨਾਲੋਂ ਵੱਧ ਕੇ ਖਾਣਾ ਤਿਆਰ ਕੀਤਾ ਜਾਂਦਾ ਹੈ।
ਸਮਝ ਨਹੀਂ ਆਉਂਦੀ ਕਿੱਧਰ ਨੂੰ ਜਾ ਰਹੇ ਹਾਂ ਅਸੀ? ਕੀ ਫ਼ਾਇਦਾ ਇਨ੍ਹਾਂ ਡਰਾਮੇਬਾਜ਼ੀਆਂ ਦਾ? ਅਦਾਲਤੀ ਫ਼ਾਈਲਾਂ ਦੇ ਪਿਛੇ ਲੁਕਿਆ ਸੱਚ ਵੇਖ ਲਉ। ਕਿੰਨੇ ਹੀ ਅਜਿਹੇ ਕੇਸ ਹਨ, ਜੋ ਜ਼ਮੀਨ ਜਾਇਦਾਦ ਹਥਿਆਉਣ ਲਈ ਖ਼ੂਨ ਦੇ ਰਿਸ਼ਤਿਆਂ ਵਿਚ ਚਲਾਏ ਜਾ ਰਹੇ ਹਨ। ਪ੍ਰਵਾਰਾਂ ਦੇ ਆਪਸੀ ਝਗੜੇ ਵੱਧ ਰਹੇ ਹਨ। ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ ਦੀ ਧਰਤੀ ਦੇ ਮੌਜੂਦਾ ਵਾਸੀ ਅਸੀ ਕਿਹੜੀ ਸੋਚ ਦੇ ਧਾਰਨੀ ਹੁੰਦੇ ਜਾ ਰਹੇ ਹਾਂ? ਇਕ ਮਿੱਤਰ ਨੇ ਦਸਿਆ ਕਿ ਉਸ ਦੇ ਨੇੜਲੇ ਪਿੰਡ ਵਿਚ ਸਕੇ ਭਰਾ ਨੇ ਹੀ ਭੈਣ ਨਾਲ ਲੱਖਾਂ ਦੀ ਠੱਗੀ ਮਾਰ ਲਈ।
ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਅਰਥ ਰਹਿ ਗਿਆ ਹੈ ਰਖੜੀ ਦੇ ਧਾਗੇ ਦਾ? ਇਥੇ ਤਾਂ ਪੈਸੇ ਦੀ ਅੱਗ ਵਿਚ ਉਸ ਨੂੰ ਵੀ ਸਾੜ ਦਿਤਾ!ਲਾਲਸਾ ਦੀ ਅੱਗ ਵਿਚ ਝੁਲਸਦੇ ਜਾ ਰਹੇ ਇਸ ਸਮਾਜ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਸਾਡਾ ਸਭਿਆਚਾਰ, ਸਾਡੇ ਰਿਸ਼ਤੇ ਨਾਤੇ, ਸਾਡੀ ਭਾਈਚਾਰਕ ਸਾਂਝ ਤੇ ਸਾਂਝੇ ਪ੍ਰਵਾਰਾਂ ਨੂੰ ਬਚਾਉਣ ਦੀ ਲੋੜ ਹੈ। ਪੈਸਾ ਪ੍ਰਾਪਤ ਕਰਨਾ, ਪੈਸਾ ਖੋਹਣਾ ਅਤੇ ਇਕੱਲੇਪਨ ਨੂੰ ਆਜ਼ਾਦੀ ਤੇ ਮਨਮਰਜ਼ੀ ਦਾ ਜੀਵਨ ਕਹਿਣ ਦੀ ਸੋਚ ਦਾ ਤਿਆਗ ਕੇ ਇਕੱਠੇ ਹੋ ਕੇ ਮਿਹਨਤ ਨਾਲ ਪੈਸਾ ਕਮਾਉਣ ਵਲ ਧਿਆਨ ਲਗਾਉਣਾ ਚਾਹੀਦਾ ਹੈ।
ਅਜਿਹੀ ਸੋਚ ਧਾਰਨੀ ਚਾਹੀਦੀ ਹੈ ਕਿ ਪੈਸਾ ਕਦੇ ਵੀ ਸਾਡੇ ਰਿਸ਼ਤਿਆਂ ਅਤੇ ਪਿਆਰ ਵਿਚਕਾਰ ਖੜਾ ਨਾ ਹੋਵੇ। ਅਜਿਹਾ ਇਰਾਦਾ ਹੋਣਾ ਚਾਹੀਦਾ ਹੈ ਕਿ ਅਸੀ ਅਪਣੇ ਹੱਕ ਲਈ ਦ੍ਰਿੜ ਹੋਈਏ ਤੇ ਕਿਸੇ ਦੇ ਹੱਕ ਵਲ ਕਦੇ ਵੇਖੀਏ ਵੀ ਨਾ। ਸਾਡੇ ਵਿਚ ਏਨਾ ਕੁ ਲਚਕਾਅ ਜ਼ਰੂਰ ਹੋਣਾ ਚਾਹੀਦਾ ਹੈ ਕਿ ਜੇਕਰ ਅਸੀ ਪੈਸੇ ਤੇ ਰਿਸ਼ਤੇ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇ ਤਾਂ ਅਸੀ ਰਿਸ਼ਤਿਆਂ ਦੀ ਡੋਰ ਤੇ ਪਹਿਰਾ ਦੇਈਏ ਤੇ ਅਪਣੇ ਪ੍ਰਵਾਰ ਨੂੰ ਪਹਿਲ ਦੇਈਏ। ਅਪਣਿਆਂ ਨਾਲੋਂ ਦੂਰ ਹੋਣ ਦਾ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਥੋੜਾ ਸਮਾਂ ਸੋਚੀਏ ਜ਼ਰੂਰ।
ਹੋਰ ਵੀ ਵਧੀਆ ਹੋਵੇ ਜੇਕਰ ਅਪਣੇ ਕੁੱਝ ਚੰਗੀ ਸੋਚ ਵਾਲੇ ਮਿੱਤਰਾਂ ਜਾਂ ਹਮਦਰਦਾਂ ਦੀ ਸਲਾਹ ਲੈ ਲਈਏ। ਤਿਆਗ ਦੇਈਏ ਇਨ੍ਹਾਂ ਫ਼ੋਕੀਆਂ ਵਿਖਾਵਾਕਾਰੀ ਗੱਲਾਂ ਨੂੰ ਤੇ ਜ਼ਿੰਦਗੀ ਦੀ ਅਸਲੀਅਤ ਦੇ ਨੇੜੇ ਹੋਈਏ। ਕਈ ਵਾਰ ਮਾਫ਼ੀ ਭਰੇ ਕਹੇ ਹੋਏ ਦੋ ਸ਼ਬਦ ਵੀ ਸਾਡੇ ਰਿਸ਼ਤਿਆਂ ਨੂੰ, ਸਾਡੇ ਪ੍ਰਵਾਰ ਨੂੰ ਹਮੇਸ਼ਾ ਲਈ ਬਚਾ ਕੇ ਰੱਖ ਲੈਂਦੇ ਹਨ ਤੇ ਕਈ ਵਾਰ ਬਿਨਾਂ ਸੋਚੇ ਕਹੇ ਸ਼ਬਦ ਹਸਦੇ ਵਸਦੇ ਪ੍ਰਵਾਰਾਂ ਵਿਚ ਵੀ ਕੰਧਾਂ ਕਢਵਾ ਦਿੰਦੇ ਹਨ। ਇਸ ਲਈ ਸਹਿਣਸ਼ਕਤੀ ਦੇ ਵਾਧੇ ਦੀ ਬਹੁਤ ਜ਼ਰੂਰਤ ਹੈ। ਟੁੱਟੇ ਰਿਸ਼ਤੇ ਜੁੜ ਸਕਦੇ ਹਨ, ਨਿਕਲੀਆਂ ਕੰਧਾਂ ਢਹਿ ਸਕਦੀਆਂ ਹਨ।
ਲੋੜ ਹੈ ਪਹਿਲ ਕਰਨ ਦੀ ਕਿਉਂਕਿ ਅਪਣੇ ਤਾਂ ਅਪਣੇ ਹੀ ਹੁੰਦੇ ਹਨ। ਵਡਿਆਂ ਤੇ ਬਜ਼ੁਰਗਾਂ ਦੀ ਕਹੀ ਹਰ ਗੱਲ ਨੂੰ ਵਜ਼ਨ ਦੇ ਕੇ ਸੋਚੀਏ ਕਿਉਂਕਿ ਉਨ੍ਹਾਂ ਕੋਲ ਤਜ਼ਰਬੇ ਦਾ ਉਹ ਖ਼ਜ਼ਾਨਾ ਹੁੰਦਾ ਹੈ, ਜੋ ਉਮਰਾਂ ਹੰਢਾ ਕੇ ਮਿਲਦਾ ਹੈ। ਇਹ ਜੀਵਨ ਬਹੁਤ ਛੋਟਾ ਹੈ, ਸਦਾ ਲਈ ਇਸ ਦੁਨੀਆਂ ਤੇ ਕਿਸੇ ਨਹੀਂ ਬਣੇ ਰਹਿਣਾ। ਜੇਕਰ ਇਥੇ ਰਹੇਗਾ ਤਾਂ ਉਹ ਸਾਡੇ ਕੀਤੇ ਚੰਗੇ ਕੰਮ ਅਤੇ ਸਾਡੀ ਸਮਾਜ ਨੂੰ ਦੇਣ, ਸਾਡਾ ਮਿਲਵਰਤਣ ਅਤੇ ਭਾਈਚਾਰਕ ਸਾਂਝ ਹੀ ਰਹੇਗੀ। ਇਸ ਲਈ ਸਮਾਜ ਲਈ ਆਉ ਮਿਸਾਲ ਬਣੀਏ ਤੇ ਹਮੇਸ਼ਾ ਇਕ ਹੋ ਕੇ ਰਹੀਏ ਜਿਸ ਨਾਲ ਸੱਭ ਦੀ ਹੀ ਤਾਕਤ ਵਧਦੀ ਹੈ।
ਸੰਪਰਕ : 93565-52000