
ਪਿੰਡ ਦੀ ਅਪਣੀ ਖ਼ੂਬਸੂਰਤੀ ਹੁੰਦੀ ਹੈ। ਹਾਲਾਂਕਿ ਪਿੰਡਾਂ ਦੀ ਜ਼ਿੰਦਗੀ, ਸ਼ਹਿਰ ਦੇ ਰਹਿਣ-ਸਹਿਣ ਦੇ ਮੁਕਾਬਲੇ ਵਿਚ ਨਹੀਂ ਟਿਕਦੀ ਕਿਉਂਕਿ ਉਥੇ ਸ਼ਹਿਰਾਂ ਵਰਗੀਆਂ
ਪਿੰਡ ਦੀ ਅਪਣੀ ਖ਼ੂਬਸੂਰਤੀ ਹੁੰਦੀ ਹੈ। ਹਾਲਾਂਕਿ ਪਿੰਡਾਂ ਦੀ ਜ਼ਿੰਦਗੀ, ਸ਼ਹਿਰ ਦੇ ਰਹਿਣ-ਸਹਿਣ ਦੇ ਮੁਕਾਬਲੇ ਵਿਚ ਨਹੀਂ ਟਿਕਦੀ ਕਿਉਂਕਿ ਉਥੇ ਸ਼ਹਿਰਾਂ ਵਰਗੀਆਂ ਸੁੱਖ-ਸਹੂਲਤਾਂ ਨਹੀਂ ਹੁੰਦੀਆਂ। ਇਸ ਲਈ ਲੋਕ ਪਿੰਡ ਛੱਡ ਕੇ ਸ਼ਹਿਰਾਂ ਵਲ ਭਜਦੇ ਹਨ। ਪਰ ਅੱਜ ਅਸੀ ਤੁਹਾਨੂੰ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਇਹੋ ਜਿਹੇ ਪਿੰਡ ਦੀ ਸੈਰ ਤੇ ਲੈ ਚੱਲਾਂਗੇ, ਜਿਹੜਾ ਧਰਤੀ ਦੀ ਸਤ੍ਹਾ ਤੋਂ ਤਿੰਨ ਹਜ਼ਾਰ ਫ਼ੁਟ ਹੇਠਾਂ ਆਬਾਦ ਹੈ।
ਅਮਰੀਕਾ ਦੀ ਮਸ਼ਹੂਰ ਗ੍ਰੈਂਡ ਕੇਨੀਅਨ ਵੇਖਣ ਲਈ ਦੁਨੀਆਂ ਭਰ ਦੇ ਕਰੀਬ 55 ਲੱਖ ਲੋਕ ਪੈਰੀਜ਼ੋਨਾ ਜਾਂਦੇ ਹਨ। ਇਸ 'ਚੋਂ ਇਕ ਖਾਈ 1ਹਵਾਸੂ ਕੇਨੀਅਨ ਕੋਲ ਸੁਪਾਈ ਨਾਂ ਦਾ ਇਕ ਬਹੁਤ ਪੁਰਾਣਾ ਪਿੰਡ ਵਸਿਆ ਹੈ। ਇਥੋਂ ਦੀ ਕੁਲ ਆਬਾਦੀ 208 ਹੈ। ਇਹ ਪਿੰਡ ਧਰਤੀ ਦੀ ਤਹਿ ਉਤੇ ਨਹੀਂ ਬਲਕਿ ਗਰੈਂਡ ਕੇਨੀਅਨ ਦੇ ਅੰਦਰ ਤਕਰੀਬਨ ਤਿੰਨ ਹਜ਼ਾਰ ਫ਼ੁਟ ਦੀ ਡੂੰਘਾਈ ਤੇ ਵਸਿਆ ਹੈ। ਪੂਰੇ ਅਮਰੀਕਾ ਵਿਚ ਇਹ ਇਕੋ-ਇਕ ਅਜਿਹਾ ਪਿੰਡ ਹੈ, ਜਿੱਥੇ ਅੱਜ ਵੀ ਚਿੱਠੀਆਂ ਨੂੰ ਲਿਆਉਣ ਅਤੇ ਲੈ ਕੇ ਜਾਣ ਵਿਚ ਲੰਮਾ ਸਮਾਂ ਲਗਦਾ ਹੈ।
ਮਿਰਜ਼ਾ ਗ਼ਾਲਿਬ ਦੇ ਦੌਰ ਵਾਂਗ ਅੱਜ ਵੀ ਲੋਕਾਂ ਦੀਆਂ ਚਿੱਠੀਆਂ ਖੱਚਰ ਉਤੇ ਲੱਦ ਕੇ ਪਿੰਡ ਤਕ ਲਿਆਂਦੀਆਂ ਅਤੇ ਲਿਜਾਈਆਂ ਜਾਂਦੀਆਂ ਹਨ। ਚਿੱਠੀਆਂ ਲੈ ਕੇ ਜਾਣ ਲਈ ਖੱਚਰ ਗੱਡੀ ਦਾ ਪ੍ਰਯੋਗ ਕਦੋਂ ਸ਼ੁਰੂ ਹੋਇਆ, ਯਕੀਨੀ ਤੌਰ ਤੇ ਕਹਿਣਾ ਮੁਸ਼ਕਲ ਹੈ। ਖੱਚਰ ਗੱਡੀ ਉਤੇ ਯੂਨਾਈਟਿਡ ਸਟੇਟ ਪੋਸਟਲ ਸਰਵਿਸ ਦੀ ਮੋਹਰ ਲੱਗੀ ਹੁੰਦੀ ਹੈ। ਸੁਪਾਈ ਪਿੰਡ ਦੇ ਤਾਰ ਅੱਜ ਤਕ ਸ਼ਹਿਰ ਦੀਆਂ ਸੜਕਾਂ ਨਾਲ ਨਹੀਂ ਜੁੜ ਸਕੇ। ਇਥੋਂ ਤਕ ਪਹੁੰਚਣ ਦਾ ਰਾਹ ਬੜਾ ਉੱਚਾ-ਨੀਵਾਂ ਹੈ। ਪਿੰਡ ਦੀ ਸੱਭ ਤੋਂ ਨਜ਼ਦੀਕੀ ਸੜਕ ਵੀ ਕਰੀਬ ਅੱਠ ਮੀਲ ਦੂਰ ਹੈ। ਇਥੋਂ ਤਕ ਪਹੁੰਚਣ ਲਈ ਜਾਂ ਤਾਂ ਹੈਲੀਕਾਪਟਰ ਦੀ ਮਦਦ ਲਈ ਜਾਂਦੀ ਹੈ ਜਾਂ ਫਿਰ ਖੱਚਰ ਦੀ।
ਜੇਕਰ ਹਿੰਮਤ ਹੋਵੇ ਤਾਂ ਪੈਦਲ ਤੁਰ ਕੇ ਵੀ ਇਥੇ ਪਹੁੰਚਿਆ ਜਾ ਸਕਦਾ ਹੈ। ਸੁਪਾਈ ਪਿੰਡ ਵਿਚ ਗਰੈਂਡ ਕੇਨੀਅਨ ਦੇ ਡੂੰਘੇ ਭੇਤ ਲੁਕੇ ਹਨ। ਇਹ ਪਿੰਡ ਚਹੁੰ ਪਾਸਿਆਂ ਤੋਂ ਵੱਡੀਆਂ ਅਤੇ ਉੱਚੀਆਂ ਚੋਟੀਆਂ ਨਾਲ ਘਿਰਿਆ ਹੈ। ਕਰੀਬ ਪੰਜ ਝਰਨੇ ਪਿੰਡ ਦੀ ਖ਼ੂਬਸੂਰਤੀ ਵਿਚ ਚਾਰ ਚੰਨ ਲਾਉਂਦੇ ਹਨ। ਡੂੰਘੀ ਖਾਈ ਵਿਚ ਲੁਕਿਆ ਇਹ ਪਿੰਡ ਕਰੀਬ ਇਕ ਹਜ਼ਾਰ ਸਾਲ ਤੋਂ ਆਬਾਦ ਹੈ। ਇਥੇ ਅਮਰੀਕਾ ਦੇ ਮੂਲ ਨਿਵਾਸੀ ਰੈੱਡ ਇੰਡੀਅਨ ਰਹਿੰਦੇ ਹਨ।
ਪਿੰਡ ਵਿਚ ਰਹਿਣ ਵਾਲੀ ਜਨਜਾਤੀ ਦਾ ਨਾਂ ਪਿੰਡ ਦੀ ਖ਼ੂਬਸੂਰਤੀ ਦੀ ਬੁਨਿਆਦ ਤੇ ਪਿਆ ਹੈ। ਹਵਾਸ਼ਪਾਈ ਦਾ ਅਰਥ ਹੈ ਨੀਲੇ ਅਤੇ ਹਰੇ ਪਾਣੀ ਵਾਲੇ ਲੋਕ। ਇਥੋਂ ਦੇ ਲੋਕ ਪਿੰਡ ਦੇ ਪਾਣੀ ਨੂੰ ਪਵਿੱਤਰ ਮੰਨਦੇ ਹਨ। ਮਾਨਤਾ ਇਹ ਹੈ ਕਿ ਇਥੋਂ ਨਿਕਲਣ ਵਾਲੇ ਫ਼ਿਰੋਜ਼ੀ ਪਾਣੀ ਤੋਂ ਹੀ ਇਸ ਜਨਜਾਤੀ ਦਾ ਜਨਮ ਹੋਇਆ ਹੈ। ਪਿੰਡ ਤਕ ਪਹੁੰਚਣ ਲਈ ਧਾਰਦਾਰ ਝਾੜੀਆਂ ਦੇ ਵਿਚਕਾਰੋਂ, ਜੰਤਰ-ਮੰਤਰ ਵਰਗੀਆਂ ਖਾਈਆਂ 'ਚੋਂ ਹੋ ਕੇ ਲੰਘਣਾ ਪੈਂਦਾ ਹੈ। ਇਹੋ ਜਿਹੇ ਉੱਚੇ-ਨੀਵੇਂ ਰਾਹਾਂ 'ਚੋਂ ਲੰਘਦੇ ਹੋਏ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਅੱਗੇ ਸਵਰਗ ਜਿਹੀ ਥਾਂ ਦਾ ਦੀਦਾਰ ਹੋਣ ਵਾਲਾ ਹੈ।
ਸਾਹਮਣੇ ਹੀ ਤੁਹਾਨੂੰ ਇਕ ਵੱਡਾ ਸਾਰਾ ਬੋਰਡ ਦਿਸੇਗਾ ਜਿਸ ਉਤੇ ਲਿਖਿਆ ਹੋਵੇਗਾ ਸੁਪਾਈ ਵਿਚ ਤੁਹਾਡਾ ਸਵਾਗਤ ਹੈ।ਪਿੰਡ ਆਵਾਜਾਈ ਦੇ ਸ਼ੋਰ ਤੋਂ ਪੂਰੀ ਤਰ੍ਹਾਂ ਮੁਕਤ ਹੈ। ਖੱਚਰ ਅਤੇ ਘੋੜੇ ਪਿੰਡ ਦੀਆਂ ਗਲੀਆਂ ਅਤੇ ਡੰਡੀਆਂ ਉਤੇ ਨਜ਼ਰ ਆ ਜਾਣਗੇ। ਇਸ ਪਿੰਡ ਵਿਚ ਭਾਵੇਂ ਸ਼ਹਿਰਾਂ ਵਰਗੀਆਂ ਸਹੂਲਤਾਂ ਨਹੀਂ ਹਨ ਪਰ ਇਕ ਤਸੱਲੀਬਖਸ਼ ਜ਼ਿੰਦਗੀ ਲੰਘਾਉਣ ਵਾਲੀਆਂ ਸਾਰੀਆਂ ਸਹੂਲਤਾਂ ਹਨ। ਇੱਥੇ ਡਾਕਖ਼ਾਨਾ ਹੈ, ਕੈਫ਼ੇ ਹਨ, ਦੋ ਚਰਚ ਹਨ, ਪ੍ਰਾਇਮਰੀ ਸਕੂਲ ਹਨ, ਕਰਿਆਨੇ ਦੀਆਂ ਦੁਕਾਨਾਂ ਵੀ ਹਨ।
ਇਥੋਂ ਦੇ ਲੋਕ ਅੱਜ ਵੀ ਹਵਾਸੁਪਾਈ ਭਾਸ਼ਾ ਬੋਲਦੇ ਹਨ, ਸੇਮ ਦੀ ਫਲੀ ਅਤੇ ਮੱਕੀ ਦੀ ਖੇਤੀ ਕਰਦੇ ਹਨ। ਰੁਜ਼ਗਾਰ ਲਈ ਲੱਛੇਦਾਰ ਟੋਕਰੀਆਂ ਬੁਣਦੇ ਹਨ ਅਤੇ ਸ਼ਹਿਰਾਂ ਵਿਚ ਵੇਚਦੇ ਹਨ। ਟੋਕਰੀਆਂ ਬਣਾਉਣਾ ਇੱਥੋਂ ਦਾ ਜੱਦੀ ਪੇਸ਼ਾ ਹੈ। ਪਿੰਡ ਨਾਲ ਸ਼ਹਿਰ ਨੂੰ ਜੋੜਨ ਦਾ ਕੰਮ ਖੱਚਰ ਗੱਡੀਆਂ ਨਾਲ ਹੁੰਦਾ ਹੈ। ਪਿੰਡ ਵਾਲਿਆਂ ਦੀ ਜ਼ਰੂਰਤ ਦਾ ਸਮਾਨ ਇਨ੍ਹਾਂ ਖੱਚਰ ਗੱਡੀਆਂ ਉਤੇ ਲੱਦ ਕੇ ਇੱਥੇ ਲਿਆਇਆ ਜਾਂਦਾ ਹੈ। ਕਈ ਸਦੀਆਂ ਤੋਂ ਲੋਕ ਇਸ ਅਜੀਬੋ-ਗ਼ਰੀਬ ਪਿੰਡ ਨੂੰ ਵੇਖਣ ਆਉਂਦੇ ਰਹੇ ਹਨ।
ਵੀਹਵੀਂ ਸਦੀ ਤਕ ਇਸ ਪਿੰਡ ਦੇ ਲੋਕਾਂ ਨੇ ਬਾਹਰ ਦੇ ਲੋਕਾਂ ਦੇ ਆਉਣ ਤੇ ਰੋਕ ਲਾ ਰੱਖੀ ਸੀ। ਪਰ ਆਮਦਨੀ ਵਧਾਉਣ ਲਈ ਉਨ੍ਹਾਂ ਨੇ ਕਰੀਬ ਸੌ ਸਾਲ ਪਹਿਲਾਂ ਅਪਣੇ ਪਿੰਡ ਦੇ ਦਰਵਾਜ਼ੇ ਬਾਹਰਲੀ ਦੁਨੀਆਂ ਲਈ ਖੋਲ੍ਹ ਦਿਤੇ। ਹਰ ਸਾਲ ਪਿੰਡ ਵਿਚ ਲਗਭਗ ਵੀਹ ਹਜ਼ਾਰ ਲੋਕ ਇਥੋਂ ਦੀ ਕੁਦਰਤੀ ਖ਼ੂਬਸੂਰਤੀ ਅਤੇ ਇਥੋਂ ਦੀ ਜ਼ਿੰਦਗੀ ਵੇਖਣ ਲਈ ਆਉਂਦੇ ਹਨ, ਪਰ ਇਥੋਂ ਤਕ ਪਹੁੰਚਣ ਲਈ ਸਾਰੇ ਸੈਲਾਨੀਆਂ ਨੂੰ ਹਵਾਸ਼ਪਾਈ ਦੀ ਟ੍ਰਾਈਬਲ ਕੌਂਸਲ ਦੀ ਇਜਾਜ਼ਤ ਲੈਣੀ ਪੈਂਦੀ ਹੈ। ਫ਼ਰਵਰੀ ਮਹੀਨੇ ਤੋਂ ਨਵੰਬਰ ਤਕ ਯਾਤਰੀ ਇਥੋਂ ਦੇ ਲੋਕਾਂ ਨਾਲ ਘਰਾਂ ਵਿਚ ਰਹਿ ਸਕਦੇ ਹਨ।
ਚਾਨਣੀ ਰਾਤ ਵਿਚ ਝਰਨਿਆਂ ਤੋਂ ਡਿਗਦੇ ਪਾਣੀ ਦੀ ਆਵਾਜ਼ ਨਾਲ ਪਿੰਡ ਦੀ ਖ਼ੂਬਸੂਰਤੀ ਦਾ ਮਜ਼ਾ ਲੈ ਸਕਦੇ ਹਨ। ਏਰੀਜ਼ੋਨਾ ਸੁੱਕਾ ਰਾਜ ਹੈ। ਇਥੋਂ ਦੀ ਗਰੈਂਡ ਕੇਨੀਅਨ ਵਿਚ ਬਹੁਤ ਘੱਟ ਮੀਂਹ ਪੈਂਦਾ ਹੈ। ਸਾਲਾਨਾ ਮੀਂਹ ਨੌਂ ਇੰਚ ਨਾਲੋਂ ਵੀ ਘੱਟ ਰੀਕਾਰਡ ਕੀਤਾ ਜਾਂਦਾ ਹੈ ਪਰ ਇਥੋਂ ਦੇ ਤੀਹ ਹਜ਼ਾਰ ਸਾਲ ਪੁਰਾਣੇ ਪਾਣੀ ਦੇ ਚਸ਼ਮੇ ਕਦੀ ਪਾਣੀ ਦੀ ਕਿੱਲਤ ਨਹੀਂ ਹੋਣ ਦਿੰਦੇ। ਵਿਗਿਆਨਕ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਰੇਗਿਸਤਾਨੀ ਇਲਾਕੇ ਵਿਚ ਫ਼ਿਰੋਜ਼ੀ ਪਾਣੀ ਦੇ ਝਰਨੇ ਏਨੇ ਸਾਲਾਂ ਤੋਂ ਕਿਵੇਂ ਵਗ ਰਹੇ ਹਨ ਅਤੇ ਪਾਣੀ ਵਿਚ ਫ਼ਿਰੋਜ਼ੀ ਰੰਗ ਆਉਂਦਾ ਕਿਥੋਂ ਹੈ?
ਦਰਅਸਲ ਇਥੋਂ ਦੀਆਂ ਚੱਟਾਨਾਂ ਅਤੇ ਜ਼ਮੀਨ ਵਿਚ ਚੂਨਾ ਪੱਥਰ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ। ਪੱਥਰ ਉਤੇ ਪਾਣੀ ਡਿੱਗਣ ਨਾਲ ਜਦ ਹਵਾ ਮਿਲਦੀ ਹੈ ਤਾਂ ਇਕ ਤਰ੍ਹਾਂ ਦੀ ਰਸਾਇਣਕ ਪ੍ਰਤੀਕਿਰਿਆ ਹੁੰਦੀ ਹੈ ਅਤੇ ਕੈਲਸ਼ੀਅਮ ਕਾਰਬੋਰੇਟ ਬਣਨ ਲਗਦਾ ਹੈ। ਸੂਰਜ ਦੀ ਰੌਸ਼ਨੀ ਪੈਣ ਤੇ ਇਹੀ ਪਾਣੀ ਫ਼ਿਰੋਜ਼ੀ ਰੰਗ ਦਾ ਦਿਸਦਾ ਹੈ। ਯੂਰਪੀ ਲੋਕਾਂ ਦੇ ਅਮਰੀਕਾ ਆ ਕੇ ਵਸਣ ਤੋਂ ਪਹਿਲਾਂ ਹਵਾਸ਼ਪਾਈ ਦਾ ਰਕਬਾ ਲਗਭਗ 16 ਲੱਖ ਏਕੜ ਸੀ ਪਰ ਇਸ ਇਲਾਕੇ ਦੇ ਕੁਦਰਤੀ ਜ਼ਖ਼ੀਰੇ ਤੇ ਜਦ ਸਰਕਾਰ ਅਤੇ ਸਰਹੱਦੀ ਲੋਕਾਂ ਦੀ ਨਜ਼ਰ ਪਈ ਤਾਂ ਉਨ੍ਹਾਂ ਨੇ ਇਥੇ ਕਬਜ਼ਾ ਕਰਨਾ ਸ਼ੁਰੂ ਕਰ ਦਿਤਾ।
ਵਪਾਰੀਆਂ ਨੇ ਇੱਥੇ ਰਹਿਣ ਵਾਲੀਆਂ ਬਹੁਤ ਸਾਰੀਆਂ ਜਨਜਾਤੀਆਂ ਨੂੰ ਜ਼ਬਰਦਸਤੀ ਉਖਾੜ ਸੁਟਿਆ। ਇਨ੍ਹਾਂ ਦੇ ਹੱਕਾਂ ਲਈ ਹਵਾਸ਼ਪਾਈ ਦੇ ਆਦਿਵਾਸੀਆਂ ਨੇ ਲੰਮੀ ਲੜਾਈ ਲੜੀ ਹੈ। 1919 ਵਿਚ ਅਮਰੀਕਾ ਦੇ ਰਾਸ਼ਟਰਪਤੀ ਥਿਓਡੋਰ ਰੂਜ਼ਵੇਲਟ ਨੇ ਗਰੈਂਡ ਕੇਨੀਅਨ ਨੂੰ ਨੈਸ਼ਨਲ ਪਾਰਕ ਸਰਵਿਸ ਦਾ ਹਿੱਸਾ ਬਣਾਇਆ। ਸਰਕਾਰੀ ਯੋਜਨਾ ਦੇ ਤਹਿਤ ਇੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਪਰ ਇਸ ਦੇ ਬਾਵਜੂਦ ਅਪਣੀ ਜ਼ਮੀਨ ਲਈ ਇਨ੍ਹਾਂ ਦੀ ਲੜਾਈ ਜਾਰੀ ਰਹੀ।
1975 ਵਿਚ ਰਾਸ਼ਟਰਪਤੀ ਜੋਰਾਲਡ ਫ਼ੋਰਡ ਨੇ ਕਰਾਰ ਦੇ ਤਹਿਤ 1,85,000 ਏਕੜ ਜ਼ਮੀਨ ਦਾ ਕੰਟਰੋਲ ਹਵਾਸ਼ਪਾਈ ਦੇ ਲੋਕਾਂ ਨੂੰ ਦੇ ਦਿਤਾ।
ਅੱਜ ਇਥੋਂ ਦੇ ਲੋਕ ਸਿਰਫ਼ ਕੇਨੀਅਨ ਤਕ ਹੀ ਸੀਮਤ ਨਹੀਂ ਬਲਕਿ ਇਥੋਂ ਦੇ ਜੰਗਲਾਂ ਵਿਚ ਸ਼ਿਕਾਰ ਕਰਨ ਦਾ ਹੱਕ ਵੀ ਇਨ੍ਹਾਂ ਨੂੰ ਮਿਲ ਗਿਆ ਹੈ। ਅੱਜ ਹਵਾਸ਼ਪਾਈ ਦੀ ਪਛਾਣ ਇਕ ਖ਼ੁਦਮੁਖਤਿਆਰ ਸੂਬੇ ਵਜੋਂ ਹੈ। ਇਥੋਂ ਦੇ ਲੋਕ ਅਪਣੀ ਸਰਕਾਰ ਖ਼ੁਦ ਚਲਾਉਂਦੇ ਹਨ। ਟ੍ਰਾਈਬਲ ਕੌਂਸਲ ਦੀ ਚੋਣ ਪਿੰਡ ਦੇ ਲੋਕ ਕਰਦੇ ਹਨ ਅਤੇ ਅਪਣੇ ਕਾਨੂੰਨ ਖ਼ੁਦ ਬਣਾਉਂਦੇ ਹਨ। ਪਿਛਲੇ ਸਾਲਾਂ ਵਿਚ ਹਵਾਸ਼ਪਾਈ ਉਤੇ ਸੱਭ ਤੋਂ ਵੱਡਾ ਖ਼ਤਰਾ ਹੜ੍ਹਾਂ ਦਾ ਮੰਡਰਾ ਰਿਹਾ ਹੈ। 2008 ਅਤੇ 2010 ਵਿਚ ਇੱਥੇ ਜ਼ਬਰਦਸਤ ਮੀਂਹ ਪਿਆ ਸੀ ਜਿਸ ਵਿਚ ਬਹੁਤ ਸਾਰੇ ਯਾਤਰੀ ਫੱਸ ਗਏ ਸਨ।
ਸੁਪਾਈ ਨੂੰ ਬਾਹਰਲੇ ਇਲਾਕੇ ਨਾਲ ਜੋੜਨ ਵਾਲੀ ਪਗਡੰਡੀ ਵੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ। 2011 ਵਿਚ ਇਥੋਂ ਦੇ ਲੋਕਾਂ ਨੇ ਪੈਰੀਜ਼ੋਨਾ ਦੇ ਗਵਰਨਰ ਨਾਲ ਅਮਰੀਕੀ ਸਰਕਾਰ ਤੋਂ ਆਰਥਕ ਮਦਦ ਮੰਗੀ। ਸਰਕਾਰ ਨੇ ਇਨ੍ਹਾਂ ਨੂੰ ਕਰੀਬ 16 ਲੱਖ ਡਾਲਰ ਦੀ ਆਰਥਕ ਮਦਦ ਦਿਤੀ। ਹਜ਼ਾਰ ਸਾਲ ਤੋਂ ਇੱਥੇ ਹੜ੍ਹ ਅਤੇ ਸਰਹੱਦ ਤੇ ਰਹਿਣ ਵਾਲੇ ਲੋਕ ਆਉਂਦੇ ਰਹੇ, ਜਾਂਦੇ ਰਹੇ। ਪਰ ਹਵਾਸ਼ਪਾਈ ਦੇ ਲੋਕ ਇੱਥੇ ਸਬਰ ਦੇ ਨਾਲ ਰਹਿੰਦੇ ਰਹੇ। ਇਥੋਂ ਦੇ ਲੋਕ ਮੰਨਦੇ ਹਨ ਕਿ ਉਹ ਅਪਣੇ ਵਡੇਰਿਆਂ ਦੇ ਘਰ ਵਿਚ ਰਹਿੰਦੇ ਹਨ। ਇਥੋਂ ਦੇ ਝਰਨਿਆਂ ਅਤੇ ਜ਼ਮੀਨ ਵਿਚ ਉਨ੍ਹਾਂ ਦੇ ਬਜ਼ੁਰਗ ਰਹਿੰਦੇ ਹਨ। ਲਿਹਾਜ਼ਾ ਉਹ ਇੱਥੇ ਹੀ ਰਹਿਣਗੇ।
ਮੂਲ : ਰੁਬੇਨ ਹਰਨੇਨਡੇਜ਼ਜ ਅਤੇ ਇਲੀਅਨ ਸਟੇਨ
-ਅਨੁਵਾਦ : ਨਿਰਮਲ ਪ੍ਰੇਮੀ
ਸੰਪਰਕ : 94631-61691