
ਜੇਕਰ ਦੀਵਾਲੀ ਦੇ ਤਿਉਹਾਰ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾ ਕੇ ਮਨਾਈਏ ਤਾਂ ਇਸ ਨਾਲ ਸਾਡੇ ਜੀਵਨ ਵਿਚ ਬਹੁਤ ਲਾਭ ਹੋਵੇਗਾ
ਦੀਵਾਲੀ ਦਾ ਤਿਉਹਾਰ ਭਾਰਤਵਾਸੀਆਂ ਵਲੋਂ ਦੇਸ਼ ਵਿਦੇਸ਼ ਵਿਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਤੋਂ ਭਾਵ ਦੀਵਿਆਂ ਵਾਲੀ ਰਾਤ ਤੋਂ ਲਿਆ ਜਾਂਦਾ ਹੈ। ਆਧੁਨਿਕ ਸਮਾਂ ਹੋਣ ਕਰ ਕੇ ਅੱਜਕਲ ਦੀਵਿਆਂ ਦੀ ਥਾਂ ’ਤੇ ਜ਼ਿਆਦਾਤਰ ਰੰਗ ਬਰੰਗੀਆਂ ਰੌਸ਼ਨੀਆਂ ਬਿਖੇਰਦੀਆਂ ਬਿਜਲਈ ਲੜੀਆਂ ਦੀ ਵਰਤੋਂ ਹੋਣ ਲੱਗ ਪਈ ਹੈ।
ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਹਿੰਦੂ ਧਰਮ ਦੇ ਭਗਵਾਨ ਸ੍ਰੀ ਰਾਮ ਚੰਦਰ ਜੀ ਅਪਣੀ ਪਤਨੀ ਮਾਤਾ ਸੀਤਾ ਜੀ ਤੇ ਭਰਾ ਸ੍ਰੀ ਲਛਮਣ ਜੀ ਨਾਲ 14 ਸਾਲਾਂ ਦੇ ਬਨਵਾਸ ਮਗਰੋਂ ਅਯੁਧਿਆ ਪਹੁੰਚੇ ਸਨ। ਉਨ੍ਹਾਂ ਦੇ ਵਾਪਸ ਆਉਣ ਦੀ ਖ਼ੁਸ਼ੀ ਵਿਚ ਅਯੁੱਧਿਆ ਵਾਸੀਆਂ ਨੇ ਦੇਸੀ ਘਿਉ ਦੇ ਦੀਵੇ ਬਾਲ ਕੇ ਖ਼ੁਸ਼ੀ ਪ੍ਰਗਟਾਈ ਸੀ। ਸਿੱਖ ਧਰਮ ਵਿਚ ਇਸ ਦਿਨ ਨੂੰ ਬੰਦੀਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਵਿਚੋਂ ਆਜ਼ਾਦ ਕਰਵਾ ਕੇ ਲਿਆਏ ਸਨ। ਹਰ ਧਰਮ ਦੇ ਲੋਕਾਂ ਵਿਚ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਕੱੁਝ ਲੋਕ ਅਪਣੇ ਘਰਾਂ ਵਿਚ ਰੰਗ ਰੋਗਨ ਕਰਵਾ ਕੇ ਸਫ਼ਾਈ ਕਰਵਾਉਂਦੇ ਹਨ। ਨਵੇਂ ਕਪੜਿਆਂ, ਭਾਂਡਿਆਂ ਆਦਿ ਦੀ ਖ਼ਰੀਦਦਾਰੀ ਕਰਦੇ ਹਨ।
ਕੁੱਝ ਲੋਕ ਇਕ ਦੂਜੇ ਨੂੰ ਤੋਹਫ਼ੇ ਦਿੰਦੇ ਹਨ। ਕੰਪਨੀਆਂ, ਕਾਰਖ਼ਾਨਿਆਂ ਦੇ ਮਾਲਕ ਅਤੇ ਹਰ ਕੋਈ ਅਪਣੇ ਕਰਮਚਾਰੀਆਂ ਨੂੰ ਇਸ ਦਿਨ ਤੋਹਫ਼ੇ ਤੇ ਬੋਨਸ ਦਿੰਦੇ ਹਨ। ਘਰਾਂ ਵਿਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਅਤੇ ਮਠਿਆਈਆਂ ਬਣਾਏ ਜਾਂਦੇ ਹਨ ਜਿਸ ਨੂੰ ਸਾਰਾ ਪ੍ਰਵਾਰ ਇਕੱਠੇ ਹੋ ਕੇ ਬੜੇ ਚਾਅ ਨਾਲ ਛਕਦਾ ਹੈ। ਸ਼ਾਮ ਨੂੰ ਲੋਕ ਮੰਦਰਾਂ, ਗੁਰਦੁਆਰਿਆਂ ਵਿਚ ਜਾ ਕੇ ਮੱਥਾ ਟੇਕਦੇ ਹਨ ਤੇ ਉੱਥੇ ਦੀਵੇ ਬਾਲ ਕੇ ਆਉਂਦੇ ਹਨ। ਹਰ ਕੋਈ ਅਪਣੇ ਢੰਗ ਤਰੀਕੇ ਨਾਲ ਦੀਵਾਲੀ ਦਾ ਤਿਉਹਾਰ ਮਨਾਉਂਦਾ ਹੈ।
ਚੀਨੀ ਵਪਾਰੀਆਂ ਨੇ ਬੜੀ ਚਲਾਕੀ ਨਾਲ ਦੀਵਾਲੀ ਮੌਕੇ ਪਟਾਕੇ ਵੇਚ ਕੇ ਆਪ ਤਾਂ ਬਹੁਤ ਮੁਨਾਫ਼ਾ ਖਟਿਆ ਹੈ ਪਰ ਦੀਵਾਲੀ ਜਹੇ ਸ਼ਾਂਤਮਈ ਤੇ ਪਵਿਤਰ ਤਿਉਹਾਰ ਨੂੰ ਪ੍ਰਦੂਸ਼ਣ ਦਾ ਇਕ ਸਰੋਤ ਬਣਾ ਦਿਤਾ ਹੈ। ਅਜੋਕੀ ਦੀਵਾਲੀ ਨੂੰ ਬਿਨਾਂ ਪਟਾਕਿਆਂ ਦੇ ਕੋਈ ਮਨਾਉਂਦਾ ਹੀ ਨਹੀਂ, ਪਰ ਪਹਿਲਾਂ ਅਜਿਹਾ ਨਹੀਂ ਹੁੰਦਾ ਸੀ। ਲੋਕ ਸ਼ਾਂਤਮਈ ਢੰਗ ਨਾਲ ਅਪਣੇ ਅਪਣੇ ਧਰਮ ਦੀ ਬਾਣੀ, ਪ੍ਰਾਥਨਾ ਕਰ ਕੇ ਦੀਵਾਲੀ ਦਾ ਤਿਉਹਾਰ ਮਨਾਉਂਦੇ ਸਨ।
ਪਰ ਅੱਜਕਲ ਵਪਾਰੀ ਲੋਕਾਂ ਦੇ ਮੱਕੜਜਾਲ ਵਿਚ ਫਸੇ ਲੋਕ ਲੱਖਾਂ ਕਰੋੜਾਂ ਰੁਪਏ ਦੇ ਪਟਾਕੇ ਇਕ ਰਾਤ ਵਿਚ ਫੂਕ ਕੇ ਕੁਝ ਸਮੇਂ ਦੀ ਖ਼ੁਸ਼ੀ ਹਾਸਲ ਕਰਨ ਲਈ ਸਿਰਫ਼ ਵਾਤਾਵਰਣ ਹੀ ਪਲੀਤ ਕਰ ਰਹੇ ਹਨ ਜਿਸ ਦੇ ਨਤੀਜੇ ਵਜੋਂ ਸਾਹ ਲੈਣ ਵਾਲੀ ਹਵਾ ਜ਼ਹਿਰੀਲੀ ਹੋ ਜਾਣ ਕਰ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਇਨ੍ਹਾਂ ਪਟਾਕਿਆਂ ਨੂੰ ਬਣਾਉਣ ਲਈ ਛੋਟੇ-ਛੋਟੇ ਬੱਚਿਆਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਹੈ। ਜੇਕਰ ਲੋਕ ਪਟਾਕਿਆਂ ਉਤੇ ਰੁਪਿਆ ਪੈਸਾ ਖ਼ਰਚਣ ਨਾਲੋਂ ਉਸੇ ਰਕਮ ਨਾਲ ਲੋੜਵੰਦਾਂ ਦੀ ਮਦਦ ਕਰਨ, ਕਿਸੇ ਹੁਸ਼ਿਆਰ ਵਿਦਿਆਰਥੀ ਨੂੰ ਉਸ ਦੀ ਪੜ੍ਹਾਈ, ਕੋਰਸ ਕਰਨ ਵਿਚ ਮਦਦ ਕਰਨ, ਅਪਣੇ ਪਿੰਡ ਸ਼ਹਿਰ ਦੀ ਸਾਫ਼-ਸਫ਼ਾਈ ਰੱਖਣ, ਬੂਟੇ ਲਗਾਉਣ ਤੇ ਰੁੱਖਾਂ ਦੀ ਸੰਭਾਲ ਕਰਨ ਤਾਂ ਇਸ ਦਾ ਲਾਭ ਸਾਨੂੰ ਸਾਰਿਆਂ ਨੂੰ ਹੋਣਾ ਹੈ। ਕਿਸੇ ਲੋੜਵੰਦ ਨੂੰ ਰੋਜ਼ਗਾਰ ਸ਼ੁਰੂ ਕਰਨ ਵਿਚ ਮਦਦ ਕਰਨ ਨਾਲ ਬਹੁਤ ਸਾਰੀਆਂ ਅਲਾਮਤਾਂ ਜਿਵੇਂ ਚੋਰੀ, ਨਸ਼ਾਖੋਰੀ, ਵਿਹਲੜਪੁਣੇ ਤੋਂ ਨਿਜਾਤ ਮਿਲਦੀ ਹੈ, ਜਿਸ ਨਾਲ ਸਮਾਜ ਤੇ ਦੇਸ਼ ਦਾ ਭਲਾ ਹੁੰਦਾ ਹੈ।
ਜੇਕਰ ਦੀਵਾਲੀ ਦੇ ਤਿਉਹਾਰ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾ ਕੇ ਮਨਾਈਏ ਤਾਂ ਇਸ ਨਾਲ ਸਾਡੇ ਜੀਵਨ ਵਿਚ ਬਹੁਤ ਲਾਭ ਹੋਵੇਗਾ। ਜਿਵੇਂ ਦਿਨ ਵਿਚ ਸੂਰਜ ਦੀ ਰੌਸ਼ਨੀ ਵਿਚ ਬਿਨਾਂ ਕਿਸੇ ਡਰ ਦੇ ਅਸੀਂ ਘਰਾਂ ’ਚੋਂ ਨਿਕਲ ਕੇ ਅਪਣੇ ਕੰਮ ਕਾਜ ਸਵਾਰਦੇ ਹਾਂ ਪਰ ਜਿਉਂ ਹੀ ਰਾਤ ਹੁੰਦੀ ਹੈ, ਹਨੇਰਾ ਹੋਣ ਲਗਦਾ ਹੈ ਤੇ ਸਾਡੇ ਅੰਦਰਲਾ ਡਰ ਸਾਨੂੰ ਛੇਤੀ ਘਰ ਅੰਦਰ ਜਾਣ ਲਈ ਮਜਬੂਰ ਕਰਦਾ ਹੈ। ਅਸੀਂ ਹਨੇਰੇ ਨੂੰ ਦੂਰ ਕਰਨ ਲਈ ਦੀਵੇ ਬਾਲ ਕੇ ਜਾਂ ਬਿਜਲੀ ਦੇ ਬਲਬ ਜਗਾ ਕੇ ਰੌਸ਼ਨੀ ਕਰ ਕੇ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ।
ਠੀਕ ਉਸੇ ਤਰ੍ਹਾਂ ਨਾਲ ਹੀ ਚੰਗੀਆਂ ਕਿਤਾਬਾਂ ਵੀ ਸਾਡੇ ਮਨ ਅੰਦਰ ਛਾਏ ਅਗਿਆਨਤਾ, ਅੰਧ ਵਿਸ਼ਵਾਸ ਦੇ ਕਾਲੇ ਹਨੇਰੇ ਨੂੰ ਖ਼ਤਮ ਕਰਦੀਆਂ ਹਨ। ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ, ਉਨ੍ਹਾਂ ਵਿਚ ਲਿਖੀਆਂ ਗੱਲਾਂ ਨੂੰ ਸਮਝਣ ਲਗਦੇ ਹਾਂ ਤਾਂ ਸਾਡੇ ਅੰਦਰ ਮਾਨਸਕ, ਬੌਧਕ, ਮਨੋਵਿਗਿਆਨਕ ਤੇ ਤਰਕ ਪਖੋਂ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ।
ਸਾਡੇ ਅੰਦਰ ਹਰ ਚੀਜ਼, ਘਟਨਾ ਦੇ ਕਾਰਨਾਂ, ਨਤੀਜਿਆਂ ਬਾਰੇ ਜਾਣਕਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਨੂੰ ਹਰ ਇਕ ਘਟਨਾ, ਚੀਜ਼ ਦੇ ਚੰਗੇ ਤੇ ਮਾੜੇ ਪੱਖਾਂ ਬਾਰੇ ਜਾਣਕਾਰੀ ਹੋ ਜਾਂਦੀ ਹੈ। ਸਾਡੀ ਸੋਚ ਤਰਕਮਈ ਤੇ ਵਿਗਿਆਨਕ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਅਸੀ ਕਿਸੇ ਅਖੌਤੀ ਤੇ ਪਾਖੰਡੀ ਬਾਬਿਆਂ ਤੇ ਡੇਰੇ ਵਾਲਿਆਂ ਦੇ ਮੱਕੜਜਾਲ ਤੋਂ ਬੱਚ ਜਾਂਦੇ ਹਾਂ।
ਚੰਗੀਆਂ ਕਿਤਾਬਾਂ ਨਾ ਪੜ੍ਹਨ ਵਾਲੇ ਅਤੇ ਕਿਤਾਬਾਂ ਵਿਚ ਲਿਖੀਆਂ ਗੱਲਾਂ ਉੱਤੇ ਅਮਲ ਨਾ ਕਰਨ ਵਾਲੇ ਹੀ ਜ਼ਿਆਦਾਤਰ ਲੋਕ ਪਾਖੰਡੀ ਬਾਬਿਆਂ ਦੇ ਚੱਕਰਾਂ ਵਿਚ ਪੈ ਕੇ ਅਪਣੇ ਘਰ ਪ੍ਰਵਾਰ ਦਾ ਸੁੱਖ ਚੈਨ ਖ਼ਰਾਬ ਕਰ ਲੈਂਦੇ ਹਨ। ਇਨ੍ਹਾਂ ਪਾਖੰਡੀ ਬਾਬਿਆਂ ਬਾਰੇ ਤੁਸੀ ਜਾਣਦੇ ਹੀ ਹੋਵੋਗੇ, ਜਿਨ੍ਹਾਂ ਵਿਚੋਂ ਕੁੱਝ ਬਾਬੇ ਜੇਲ ਵਿਚ ਸਜਾ ਭੁਗਤ ਰਹੇ ਹਨ। ਪਰ ਜ਼ਿਆਦਾਤਰ ਪਾਖੰਡੀ ਬਾਬੇ ਅਪਣੇ ਮਾਨਸਕ ਲੁੱਟਖੋਹ ਦੇ ਧੰਦੇ ਨੂੰ ਚਲਾਉਣ ਵਿਚ ਲੱਗੇ ਹੋਏ ਹਨ।
ਜਿਸ ਨਾਲ ਲੋਕ ਮਿਹਨਤ ਨਾਲ ਕੰਮ ਕਾਜ ਕਰਨ ਨਾਲੋਂ ਜਾਦੂ ਟੂਣਿਆਂ ਵਿਚ ਪੈ ਜਾਂਦੇ ਹਨ, ਫਿਰ ਜਲਦੀ ਅਮੀਰ ਹੋਣ ਦੇ ਚੱਕਰ ਵਿਚ ਗ਼ੈਰ ਕਾਨੂੰਨੀ ਕੰਮ ਕਰਦਿਆਂ ਨਸ਼ੇਖੋਰੀ ਤੇ ਚੋਰੀ ਚਕਾਰੀ ਵਿਚ ਫਸ ਕੇ ਅਪਣਾ ਜੀਵਨ ਤਬਾਹ ਕਰ ਲੈਂਦੇ ਹਨ। ਇਸ ਸਭ ਨੂੰ ਰੋਕਣ ਦਾ ਬੜਾ ਸੌਖਾ ਤਰੀਕਾ ਹੈ ਕਿ ਕਿਤਾਬਾਂ ਨੂੰ ਅਪਣਾ ਦੋਸਤ ਬਣਾਈਏ। ਅਪਣੇ ਬੱਚਿਆਂ ਨੂੰ ਰੋਜ਼ਾਨਾ ਸਕੂਲ ਭੇਜ ਕੇ ਪੜ੍ਹਾਈਏ ਲਿਖਾਈਏ ਤੇ ਸਮੇਂ ਦੇ ਹਾਣੀ ਬਣਾਈਏ। ਆਉ ਗਿਆਨ ਦੇ ਦੀਵੇ ਬਾਲ ਕੇ ਅਪਣਾ ਮਨ ਰੁਸ਼ਨਾਈਏ। ਜੇਕਰ ਕਿਸੇ ਨੂੰ ਤੋਹਫ਼ਾ ਦੇਣਾ ਹੈ ਤਾਂ ਤੋਹਫ਼ੇ ਵਿਚ ਇਕ-ਦੂਜੇ ਨੂੰ ਮਠਿਆਈਆਂ ਜਾਂ ਕੋਈ ਹੋਰ ਵਸਤੂ ਦੇਣ ਨਾਲੋਂ ਕਿਤਾਬਾਂ ਦੇਣ ਦੀ ਰੀਤ ਪਾਈਏ ਜਿਸ ਨਾਲ ਉਸ ਦੀ ਸਿਹਤ ਉੱਤੇ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ ਸਗੋਂ ਉਹ ਕਿਤਾਬ ਪੜ੍ਹ ਕੇ ਅਪਣੀ ਜਾਣਕਾਰੀ ਵਧਾ ਕੇ ਜਾਗਰੂਕ ਨਾਗਰਿਕ ਬਣ ਸਕੇਗਾ।
ਅਮਰਪ੍ਰੀਤ ਸਿੰਘ ਝੀਤਾ, ਮੈਥ ਮਾਸਟਰ,
ਨੰਗਲ ਅੰਬੀਆ, ਜਲੰਧਰ
ਮੋ. 9779191447