Importance of Baisakhi: ਆਰਥਕ ਤੇ ਸਭਿਆਚਾਰ ਨਾਲ ਜੁੜਿਆ ਤਿਉਹਾਰ ਹੈ ਵਿਸਾਖੀ
Published : Apr 13, 2024, 8:47 am IST
Updated : Apr 13, 2024, 8:47 am IST
SHARE ARTICLE
Image: For representation purpose only.
Image: For representation purpose only.

ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ।

Importance of Baisakhi: ਵਿਸਾਖੀ ਆਰਥਕ ਤੇ ਸਭਿਆਚਾਰ ਨਾਲ ਜੁੜਿਆ ਤਿਉਹਾਰ ਹੈ ਤੇ ਇਹ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੋਇਆ ਹੈ। ਵੈ ਦਾ ਅਰਥ ਹੈ ਵਿਸ਼ੇਸ਼ ਅਤੇ ਸਾਖ ਦਾ ਅਰਥ ਹੈ ਟਾਹਣੀ, ਫ਼ਸਲ, ਜਿਨਸ ਜਾਂ ਸੰਤਾਨ। ਕਈ ਰਾਜਾਂ ਵਿਚ ਇਹ ਬੈਸਾਖੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦਾ ਮੁੱਖ ਸਬੰਧ ਕਣਕ ਦੀ ਫ਼ਸਲ ਨਾਲ ਹੈ। ਇਸ ਦੇ ਪੱਕਣ ’ਤੇ ਘਰ ਵਿਚ ਆ ਜਾਣ ਦੀ ਖ਼ੁਸ਼ੀ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ।

ਇਹ ਵੀ ਮੰਨਿਆ ਜਾਂਦਾ ਹੈ ਕਿ ਵਿਸਾਖ ਮਹੀਨੇ ਦਾ ਨਾਮ ਵਿਸਾਖਾ ਨਛੱਤਰ ਤੋਂ ਰਖਿਆ ਗਿਆ ਹੈ। ਵਿਸਾਖਾ 27 ਨਛੱਤਰਾਂ ਵਿੱਚੋਂ ਸੋਲਵਾਂ ਨਛੱਤਰ ਹੈ। ਪੁਰਾਤਨ ਗ੍ਰੰਥਾਂ ਅਨੁਸਾਰ ਸਾਰੇ ਨਛੱਤਰਾਂ ਵਿਚੋਂ ਵਿਸਾਖਾ ਨਛੱਤਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਖ਼ੁਸ਼ੀ ਮਨਾਉਣ ਲਈ ਇਹੀ ਖ਼ਾਸ ਦਿਨ ਚੁਣਿਆ ਗਿਆ ਸੀ। ਇਸ ਦਿਨ ਬਿਕ੍ਰਮੀ ਸੰਮਤ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਵਪਾਰੀ ਲੋਕ ਇਸ ਦਿਨ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹੋਏ ਨਵੇਂ ਵਹੀ ਖਾਤੇ ਖੋਲ੍ਹਦੇ ਹਨ। ਇਹ ਵਿਸਾਖ ਮਹੀਨੇ ਦਾ ਪਹਿਲਾ ਦਿਨ ਸੰਗਰਾਂਦ ਦਾ ਦਿਹਾੜਾ ਹੁੰਦਾ ਹੈ। ਇਨ੍ਹਾਂ ਸਭ ਕਾਰਨਾਂ ਕਰ ਕੇ ਇਸ ਤਿਉਹਾਰ ਦੀ ਧਾਰਮਕ ਪੱਖੋਂ ਵਿਸ਼ੇਸ਼ਤਾ ਬਹੁਤ ਜ਼ਿਆਦਾ ਹੈ। ਮਾਘੀ ਵਾਂਗ ਇਸ ਦਿਨ ਵੀ ਪਵਿੱਤਰ ਸਰੋਵਰਾਂ ਤੇ ਇਸ਼ਨਾਨ ਦੀ ਖ਼ਾਸ ਮਹੱਤਤਾ ਹੈ।

ਦਾਣਿਆਂ ਨਾਲ ਭਰੀਆਂ, ਝੁਕੀਆਂ ਹੋਈਆਂ ਬੱਲੀਆਂ ਜਿਵੇਂ ਝੁਕ ਕੇ ਕਿਸਾਨ ਨੂੰ ਸਲਾਮ ਕਰ ਰਹੀਆਂ ਹੋਣ। ਸੋਨੇ ਰੰਗੀਆਂ ਫ਼ਸਲਾਂ ਵਿਸਾਖ ਮਹੀਨੇ ਵਿਚ ਖੇਤਾਂ ’ਚ ਲਹਿਰਾਉਂਦੀਆਂ ਜਿਵੇਂ  ਉਸ ਦੀ ਮਿਹਨਤ ਨੂੰ ਸਜਦਾ ਕਰਦੀਆਂ ਹੋਈਆਂ ਖ਼ੁਸ਼ੀ ਵਿਚ ਝੂਮ ਰਹੀਆਂ ਹੋਣ। ਖੇਤਾਂ ਦੇ ਕਿਨਾਰੇ ਖੜੇ ਹੋ ਕੇ ਨਜ਼ਰ ਮਾਰੀਏ ਤਾਂ ਇੰਝ ਲਗਦਾ ਹੈ ਜਿਵੇਂ ਧਰਤੀ ਤੇ ਸੋਨੇ ਦੀ ਚਾਦਰ ਵਿਛਾ ਦਿਤੀ ਹੋਵੇ। ਅੱਸੂ ਮਹੀਨੇ ਵਿਚ ਬੀਜੀ ਕਣਕ ਨੂੰ ਕਿਸਾਨ ਨੇ ਪੁੱਤਾਂ ਵਾਂਗ ਪਾਲਿਆ ਹੁੰਦਾ ਹੈ ਜਿਸ ਨੂੰ ਦੇਖ ਦੇਖ ਕੇ ਉਸ ਦਾ ਸੀਨਾ ਚੌੜਾ ਹੁੰਦਾ ਹੈ। ਇਹੀ ਸਮਾਂ ਹੁੰਦਾ ਹੈ ਜਦ ਉਸ ਨੇ ਸ਼ਾਹਾਂ ਤੋਂ ਲਏ ਕਰਜ਼ੇ ਮੋੜਨੇ ਹੁੰਦੇ ਹਨ, ਅਗਲੀ ਫ਼ਸਲ ਬੀਜਣ ਦਾ ਬਜਟ, ਘਰ ਦੇ ਸਾਰੇ ਕਾਰਜਾਂ ਲਈ ਭਵਿੱਖ ਦੀਆਂ ਯੋਜਨਾਵਾਂ ਤੇ ਹੋਰ ਪਤਾ ਨਹੀਂ ਕਿੰਨੀਆਂ ਆਸਾਂ ਦੇ ਦੀਪ ਮਨ ਵਿਚ ਜਗਾਏ ਹੁੰਦੇ ਹਨ।

 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪਾਹੁਲ ਖੰਡੇ ਵਾਲ਼ਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜ ਕੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਅਸਲ ਵਿਚ ਵਿਸਾਖੀ ਬਾਰੇ 30 ਮਾਰਚ ਅਤੇ 13 ਅਪ੍ਰੈਲ ਦੀਆਂ ਤਰੀਕਾਂ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਬਰਤਾਨੀਆ ਹਕੂਮਤ ਵਲੋਂ ਸਤੰਬਰ 1752 ਈ: (2 ਸਤੰਬਰ ਤੋਂ ਬਾਅਦ ਸਿੱਧਾ 13 ਸਤੰਬਰ ਤਰੀਕ ਮਿਥੀ ਗਈ) ਵਿਚ ਗ੍ਰੈਗੋਰੀਅਨ ਕਲੰਡਰ ਲਾਗੂ ਹੋਣ ਕਰ ਕੇ ਗਿਆਰਾਂ ਦਿਨ ਦਾ ਫ਼ਰਕ ਪਾ ਦਿਤਾ ਗਿਆ ਸੀ ਜਿਸ ਕਾਰਨ 1753 ਦੀ ਵਿਸਾਖੀ 9 ਅਪ੍ਰੈਲ ਅਤੇ ਉਸ ਤੋਂ ਬਾਅਦ ਦਿਨਾਂ ਦੇ ਅੰਤਰ ਹੋਣ ਕਰ ਕੇ 10 ਜਾਂ 11 ਅਪ੍ਰੈਲ ਨੂੰ ਮਨਾਈ ਜਾਂਦੀ ਰਹੀ ਸੀ। ਸਭ ਤੋਂ ਪਹਿਲਾਂ ਵਿਸਾਖੀ 13 ਅਪ੍ਰੈਲ ਨੂੰ  1919 ਵਿੱਚ ਮਨਾਈ ਗਈ ਸੀ।ਉਸ ਤੋਂ ਬਾਅਦ ਹੁਣ ਤੱਕ 13 ਜਾਂ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ।
ਵਿਸਾਖੀ ਦੇ ਪਵਿੱਤਰ ਦਿਹਾੜੇ ਤੇ 13 ਅਪ੍ਰੈਲ 1919 ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ਼ ਵਿਚ  ਇਕੱਠੇ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਇਸ ਅਤਿਆਚਾਰ ਦੇ ਸਿੱਟੇ ਵਜੋਂ ਸੈਂਕੜੇ ਬੱਚੇ, ਬੁੱਢੇ, ਔਰਤਾਂ ਅਤੇ ਜਵਾਨ ਸ਼ਹੀਦ ਹੋ ਗਏ। ਵਿਸਾਖੀ ਦੇ ਦਿਨ ਹਰ ਸਾਲ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।

ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਵਿਚ ਵੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿਚ ਮੇਲੇ ਲਗਦੇ ਹਨ ਅਤੇ ਅਤੇ ਲੋਕ ਖ਼ੁਸ਼ੀ-ਖ਼ੁਸ਼ੀ ਅਪਣੇ ਪ੍ਰਵਾਰ ਸਮੇਤ ਇਨ੍ਹਾਂ ਮੇਲਿਆਂ ਦਾ ਅਨੰਦ ਮਾਣਦੇ ਹਨ। ਇਸ ਦਿਨ ਪੰਜਾਬ ਦਾ ਪ੍ਰੰਪਰਾਗਤ ਨਾਚ ਭੰਗੜੇ ਪਾਉਂਦੇ ਲੋਕ ਪੂਰੇ ਜੋਸ਼ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ। ਇਸ ਦਿਨ ਲੋਕ ਗੁਰੂ ਘਰਾਂ ’ਚ ਮੱਥਾ ਟੇਕਦੇ ਹਨ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ਵਿਚ ਧਾਰਮਕ ਸਮਾਗਮ ਅਤੇ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖ਼ਾਸ ਦੀਵਾਨ ਸਜਾਏ ਜਾਂਦੇ ਹਨ ਜਿਸ ‘ਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਿਰਕਤ ਕਰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।
ਬਰਜਿੰਦਰ ਕੌਰ ਬਿਸਰਾਓ
ਮੋਬਾ: 99889-01324

(For more Punjabi news apart from Importance of Baisakhi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement