ਤਾਜ਼ਾ ਖ਼ਬਰਾਂ

Advertisement

ਵੱਧ ਰਹੇ ਨਾਹਰਿਆਂ ਤੋਂ ਕੁੱਝ ਸਬਕ ਸਿਖਣ ਸਾਡੀਆਂ ਸਰਕਾਰਾਂ

ROZANA SPOKESMAN
Published Apr 14, 2018, 3:01 am IST
Updated Apr 14, 2018, 3:01 am IST
ਡਾ. ਭੀਮ ਰਾਉ ਅੰਬੇਡਕਰ ਜੀ ਦੇ ਦਿਹਾੜੇ ਵੇਲੇ ਵੱਡੇ ਵੱਡੇ ਭਾਸ਼ਨ ਤਾਂ ਦਿਤੇ ਜਾਂਦੇ ਹਨ ਪਰ ਉਨ੍ਹਾਂ ਦੀ ਕਾਰਜਸ਼ੈਲੀ ਅਤੇ ਵਿਚਾਰਾਂ ਉਪਰ ਅਮਲ ਬਿਲਕੁਲ ਨਹੀਂ ਕੀਤਾ ਜਾਂਦਾ
Dr. Ambedkar
 Dr. Ambedkar

ਬੇਸ਼ੱਕ ਸਾਡੇ ਆਜ਼ਾਦ ਭਾਰਤ ਦੀ ਸੱਤਾ ਉਪਰ ਕਾਬਜ਼ ਸਾਡੇ ਅਜੋਕੇ ਸਿਆਸੀ ਹੁਕਮਰਾਨਾਂ ਵਲੋਂ ਸਾਡੇ ਉਨ੍ਹਾਂ ਸਮਾਜਸੁਧਾਰਕ ਅਤੇ ਆਪਸੀ ਬਰਾਬਰੀ ਦੇ ਹਾਮੀ ਗੁਰੂਆਂ, ਪੀਰਾਂ, ਭਗਤਾਂ ਦੇ ਦਿਹਾੜੇ ਅਤੇ ਇਵੇਂ ਹੀ ਸਾਡੀ ਜੰਗੇ ਆਜ਼ਾਦੀ ਵਿਚ ਕੁਰਬਾਨ ਹੋਏ ਦੇਸ਼ਭਗਤਾਂ ਅਤੇ ਸ਼ਹੀਦਾਂ ਦੇ ਦਿਹਾੜੇ ਮਨਾਉਣ ਵੇਲੇ ਅਤੇ ਇਵੇਂ ਹੀ ਸੰਵਿਧਾਨ ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਜੀ ਦੇ ਦਿਹਾੜੇ ਵੇਲੇ ਵੱਡੇ ਵੱਡੇ ਭਾਸ਼ਨ ਤਾਂ ਦਿਤੇ ਜਾਂਦੇ ਹਨ ਪਰ ਉਨ੍ਹਾਂ ਦੀ ਕਾਰਜਸ਼ੈਲੀ ਅਤੇ ਵਿਚਾਰਾਂ ਉਪਰ ਅਮਲ ਬਿਲਕੁਲ ਨਹੀਂ ਕੀਤਾ ਜਾਂਦਾ, ਜੋ ਚਾਹੁੰਦੇ ਸਨ ਕਿ ਇਥੇ ਸੱਭ ਲੋਕ ਬਰਾਬਰ ਹੋਣ, ਕੋਈ ਕਾਣੀ ਵੰਡ ਨਾ ਹੋਵੇ, ਸੱਭ ਨੂੰ ਇਨਸਾਫ਼ ਮਿਲੇ, ਕਿਸੇ ਨੂੰ ਨੀਵਾਂ ਸਮਝ ਕੇ ਜ਼ੁਲਮ ਨਾ ਕੀਤਾ ਜਾਵੇ ਅਤੇ ਕੋਈ ਰੋਜ਼ੀ-ਰੋਟੀ ਤੋਂ ਭੁੱਖਾ ਨਾ ਰਹੇ।
ਸੱਭ ਤੋਂ ਵੱਧ ਦੁੱਖ ਦਾ ਵਿਸ਼ਾ ਇਹ ਹੈ ਕਿ ਅੱਜ ਅਜਿਹੀ ਮਨੂੰਵਾਦੀ ਸੋਚ ਵਾਲੇ ਸਿਆਸੀ ਆਗੂ ਸੱਤਾ ਦੀਆਂ ਕੁਰਸੀਆਂ ਉਪਰ ਬੈਠ ਗਏ ਹਨ ਜੋ ਅਪਣੀ ਉੱਚ ਜਾਤੀ ਵਾਲੀ ਹਊਮੈ ਨੂੰ ਛਡਣਾ ਨਹੀਂ ਚਾਹੁੰਦੇ। ਇਹੋ ਕਾਰਨ ਹੈ ਕਿ ਅੱਜ ਦਲਿਤ ਲੋਕਾਂ ਵਲੋਂ ਅਪਣਾ ਰੋਸ ਪ੍ਰਗਟ ਕਰਨ ਵਾਲੇ 'ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ' ਅਤੇ 'ਜੈ ਭੀਮ, ਜੈ ਭਾਰਤ' ਵਰਗੇ ਨਾਹਰੇ ਦਿਨੋਂ-ਦਿਨ ਵੱਧ ਰਹੇ ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੇ ਸਿਆਸੀ ਹੁਕਮਰਾਨ ਬਾਬਾ ਸਾਹਿਬ ਵਲੋਂ ਇਨ੍ਹਾਂ ਦੱਬੇ-ਕੁਚਲੇ ਲੋਕਾਂ ਨੂੰ ਦਿਵਾਏ ਸੰਵਿਧਾਨਕ ਹੱਕਾਂ ਵਾਲੇ ਸੁਰੱਖਿਆ ਕਵਚ ਨੂੰ ਤੋੜਨਾ ਚਾਹੁੰਦੇ ਹਨ। ਅਖ਼ਬਾਰਾਂ ਵਿਚ ਅਜਿਹੇ ਹੀ ਜੁਰਮਾਂ ਦੀਆਂ ਛਪਦੀਆਂ ਸੁਰਖ਼ੀਆਂ ਇਸ ਦਾ ਪ੍ਰਤੱਖ ਪ੍ਰਮਾਣ ਹਨ। ਮਿਸਾਲ ਵਜੋਂ ਕਈ ਸੂਬਿਆਂ ਵਿਚ ਜਾਤੀ ਵਿਤਕਰੇ ਕਾਰਨ ਉੱਚ ਜਾਤੀ ਲੋਕਾਂ ਵਲੋਂ ਗਊ ਰਖਿਆ ਦੇ ਬਹਾਨੇ ਸ਼ੂਦਰ ਲੋਕਾਂ ਦੇ ਘਰ ਸਾੜ ਦੇਣੇ, ਉਨ੍ਹਾਂ ਨੂੰ ਜਿਊਂਦੇ ਹੀ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦੇਣੀ, ਦਲਿਤ ਔਰਤਾਂ ਨਾਲ ਸ਼ਰੇਆਮ ਸਮੂਹਕ ਬਲਾਤਕਾਰ ਕਰਨ ਉਪਰੰਤ ਉਨ੍ਹਾਂ ਨੂੰ ਅਲਫ਼ ਨੰਗੇ ਕਰ ਕੇ ਘੁਮਾਉਣਾ, ਜੇ ਕੋਈ ਸ਼ੂਦਰ ਅਪਣੇ ਵਿਆਹ ਵਿਚ ਘੋੜੀ ਤੇ ਚੜ੍ਹ ਜਾਵੇ ਤਾਂ ਉਸ ਨੂੰ ਕੁਟਣਾ ਅਤੇ ਫਿਰ ਮਾਰ ਦੇਣਾ, ਜੇ ਕੋਈ ਸ਼ੂਦਰ ਮੁੱਛਾਂ ਰੱਖ ਲਵੇ ਤਾਂ ਵੀ ਉਸ ਨੂੰ ਕੁਟਣਾ, ਜੇ ਕੋਈ ਦਲਿਤ ਅਪਣਾ ਮਿਹਨਤਾਨਾ ਮੰਗੇ ਜਾਂ ਅਪਣੇ ਹੱਕਾਂ ਲਈ ਬੋਲੇ ਤਾਂ ਉਸ ਦਾ ਬਾਈਕਾਟ ਕਰ ਕੇ ਪਿੰਡ 'ਚੋਂ ਕੱਢ ਦੇਣਾ ਅਤੇ ਅਜਿਹੇ ਹੋਰ ਕਈ ਜ਼ੁਲਮ ਚਰਚਾ ਦਾ ਵਿਸ਼ਾ ਹਨ। ਜਾਪਦਾ ਇੰਜ ਹੈ ਕਿ ਅਜਿਹੇ ਜ਼ੁਲਮਾਂ ਨੂੰ ਹੱਲਾਸ਼ੇਰੀ ਦੇਣ ਪਿੱਛੇ ਮਨੂੰਵਾਦੀ ਸਰਕਾਰਾਂ ਦੀ ਸਹਿਮਤੀ ਕੁੱਝ ਨਾ ਕੁੱਝ ਜ਼ਰੂਰ ਹੈ। ਸਾਡੇ ਸਿਆਸੀ ਲੀਡਰਾਂ ਨੂੰ ਇਹ ਗਿਆਨ ਵੀ ਹੋਣਾ ਚਾਹੀਦਾ ਹੈ ਕਿ ਵਿਕਾਸ ਦੇ ਵੱਡੇ ਵੱਡੇ ਪ੍ਰਾਜੈਕਟ ਬਣਨ ਵੇਲੇ, ਲੀਡਰਾਂ ਅਤੇ ਧਨਾਢਾਂ ਦੀਆਂ ਵੱਡੀਆਂ ਵੱਡੀਆਂ ਕਾਰਾਂ, ਆਲੀਸ਼ਾਨ ਏ.ਸੀ. ਬੰਗਲੇ ਅਤੇ ਦਫ਼ਤਰਾਂ ਦੇ ਬਣਨ ਵੇਲੇ ਇਨ੍ਹਾਂ ਦਲਿਤ ਅਤੇ ਗ਼ਰੀਬ ਮਜ਼ਦੂਰਾਂ ਦਾ ਹੀ ਖ਼ੂਨ-ਪਸੀਨਾ ਡੁਲ੍ਹਦਾ ਹੈ। 
ਇਥੇ ਇਹ ਸਵਾਲ ਉਨ੍ਹਾਂ ਉੱਚ ਜਾਤੀ ਭਰਾਵਾਂ ਨੂੰ ਹੈ ਜੋ ਜਾਤੀਵਾਦ ਦੀਆਂ ਅਤੇ ਰਾਖਵਾਂਕਰਨ ਕਾਰਨ ਦਲਿਤਾਂ ਦੀ ਕਾਬਲੀਅਤ ਘਟਣ ਦੀਆਂ ਗੱਲਾਂ ਕਰਦੇ ਹਨ। ਉਹ ਯਾਦ ਕਰਨ ਕਿ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਤਾਂ ਸੱਭ ਜਾਤਾਂ ਅਤੇ ਫ਼ਿਰਕਿਆਂ ਨੇ ਰਲ ਕੇ ਹੀ ਲੜਿਆ ਸੀ ਜਿਸ ਵਿਚ ਦਲਿਤ ਲੋਕਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਸਨ। ਉਦੋਂ ਤਾਂ ਜਾਤੀਵਾਦ ਕਿਸੇ ਨੇ ਨਾ ਪਰਖਿਆ। ਇਵੇਂ ਹੀ ਭਾਰਤੀ ਸੰਵਿਧਾਨ ਲਿਖਣ ਵੇਲੇ ਕੋਈ ਸਵਾਲ ਖੜਾ ਨਾ ਹੋਇਆ ਕਿ ਡਾ. ਅੰਬੇਦਕਰ ਸ਼ੂਦਰ ਜਾਤੀ ਨਾਲ ਸਬੰਧਤ ਹਨ ਕਿਉਂਕਿ ਉਦੋਂ ਭਾਰਤ ਵਿਚ ਡਾ. ਅੰਬੇਡਕਰ ਤੋਂ ਬਿਨਾਂ ਕੋਈ ਹੋਰ ਅਜਿਹਾ ਵਿਦਵਾਨ ਭਾਰਤ ਕੋਲ ਇਸ ਕੰਮ ਲਈ ਨਹੀਂ ਸੀ। ਇਤਿਹਾਸ ਗਵਾਹ ਹੈ ਕਿ ਪੰਡਿਤ ਨਹਿਰੂ ਤਾਂ ਕਿਸੇ ਅੰਗਰੇਜ਼ ਵਿਦਵਾਨ ਨੂੰ ਇਸ ਕੰਮ ਲਈ ਬੁਲਾਉਣਾ ਚਾਹੁੰਦੇ ਸਨ ਪਰ ਫਿਰ ਗਾਂਧੀ ਨੇ ਬਾਬਾ ਸਾਹਿਬ ਬਾਰੇ ਯਾਦ ਕਰਵਾਇਆ ਸੀ। ਹੁਣ ਜੇ ਕਾਬਲੀਅਤ ਜਾਂ ਦੇਸ਼ ਸੰਭਾਲਣ ਦੀ ਜਾਂ ਦੇਸ਼ ਪ੍ਰਤੀ ਵਫ਼ਾਦਾਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਉੱਚ ਸ਼੍ਰ੍ਰੇਣੀ ਦੇ ਲੋਕ ਦੱਸਣ ਕਿ ਸਾਡੇ ਦੇਸ਼ ਵਿਚ ਜਿਹੜੇ ਵੱਡੇ ਵੱਡੇ ਘਪਲੇ ਹੋਏ ਹਨ ਅਤੇ ਜੋ ਵੱਡੇ ਵੱਡੇ ਘਪਲੇਬਾਜ਼ ਧਨਾਢ ਭਾਰਤੀ ਬੈਂਕਾਂ ਦੀਆਂ ਵੱਡੀਆਂ ਰਕਮਾਂ ਲੈ ਕੇ ਵਿਦੇਸ਼ਾਂ ਵਿਚ ਭੱਜ ਗਏ ਹਨ, ਉਨ੍ਹਾਂ ਵਿਚ ਦਲਿਤ ਲੋਕ ਕਿੰਨ੍ਹੇ ਕੁ ਹਨ? ਸ਼ਾਇਦ ਕੋਈ ਨਾ ਹੋਵੇ। ਫਿਰ ਦੇਸ਼ ਦੇ ਵਫ਼ਾਦਾਰ ਅਤੇ ਈਮਾਨਦਾਰ ਦਲਿਤ ਲੋਕ ਹਨ ਕਿ ਉੱਚ ਜਾਤੀ ਦੇ ਧਨਾਢ?
ਇਥੇ ਹੀ ਬੱਸ ਨਹੀਂ, ਸਰਕਾਰਾਂ ਦੇ ਕੰਨਾਂ ਉਪਰ ਜੂੰ ਨਾ ਸਰਕਣ ਕਾਰਨ ਹੁਣ ਜੋ ਹੋਰ ਤਾਜ਼ਾ ਘਟਨਾਕ੍ਰਮ ਵਾਪਰ ਰਹੇ ਹਨ, ਉਨ੍ਹਾਂ ਦਾ ਜ਼ਿਕਰ ਵੀ ਜ਼ਰੂਰੀ ਹੈ। ਅਲਾਹਾਬਾਦ ਹਾਈ ਕੋਰਟ ਵਿਚ ਕਾਸਗੰਜ ਜ਼ਿਲ੍ਹੇ ਦੇ ਨਿਜ਼ਾਮਪੁਰ ਪਿੰਡ ਵਾਸੀ ਇਕ ਦਲਿਤ ਸੰਜੇ ਕੁਮਾਰ ਨੇ ਅਰਜ਼ੀ ਲਾਈ ਹੈ ਕਿ ਉਸ ਦਾ 20 ਅਪ੍ਰੈਲ ਨੂੰ ਵਿਆਹ ਹੈ ਅਤੇ ਉਸ ਨੂੰ ਘੋੜੀ ਤੇ ਚੜ੍ਹਨ ਦੀ ਇਜਾਜ਼ਤ ਦਿਤੀ ਜਾਵੇ ਕਿਉਂਕਿ ਇਲਾਕੇ ਦੇ ਪ੍ਰਸ਼ਾਸਨ ਨੇ ਇਹ ਰੀਪੋਰਟ ਕੀਤੀ ਹੈ ਕਿ ਇਸ ਦਲਿਤ ਦੇ ਘੋੜੀ ਤੇ ਚੜ੍ਹਨ ਕਾਰਨ ਇਲਾਕੇ ਦੇ ਉੱਚ ਜਾਤੀ ਲੋਕਾਂ ਵਲੋਂ ਵਿਰੋਧ ਕਾਰਨ ਮਾਹੌਲ ਵਿਗੜ ਸਕਦਾ ਹੈ। ਹੈਰਾਨੀ ਅਤੇ ਦੁੱਖ ਤਾਂ ਇਹ ਹੋਇਆ ਕਿ ਹਾਈ ਕੋਰਟ ਨੇ ਵੀ ਇਹ ਕਹਿ ਕਿ ਉਸ ਦੀ ਅਰਜ਼ੀ ਖ਼ਾਰਜ ਕਰ ਦਿਤੀ ਕਿ ਉੱਚ ਜਾਤੀ ਲੋਕਾਂ ਦੇ ਗੁੱਸੇ ਦੀ ਜ਼ਿੰਮੇਵਾਰੀ ਅਦਾਲਤ ਨਹੀਂ ਲੈ ਸਕਦੀ। ਹੁਣ ਸਾਡੇ ਦੇਸ਼ ਦੇ ਇਨਸਾਫ਼ਪਸੰਦ ਅਤੇ ਸੱਚੇ ਧਾਰਮਕ ਸ਼ਰਧਾ ਵਾਲੇ ਲੋਕ, ਚਾਹੇ ਉਹ ਕਿਸੇ ਵੀ ਜਾਤੀ ਦੇ ਹੋਣ, ਜ਼ਰਾ ਸੋਚਣ ਕਿ ਕੀ ਅਜਿਹਾ ਸੱਭ ਕੁੱਝ ਵਾਪਰਨ ਦੇ ਬਾਵਜੂਦ ਵੀ ਅਸੀ ਕਹਿ ਸਕਦੇ ਹਾਂ ਕਿ ਦਲਿਤ ਲੋਕ ਸਾਡੇ ਆਜ਼ਾਦ ਭਾਰਤ ਵਿਚ ਅਜੇ ਤਕ ਵੀ ਗ਼ੁਲਾਮ ਨਹੀਂ ਹਨ? ਡਾ. ਅੰਬੇਡਕਰ ਜੀ ਨੇ ਵੀ ਇਹੋ ਟਿਪਣੀ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ 1930 ਨੂੰ ਲੰਡਨ ਵਿਖੇ ਹੋਈ ਗੋਲਮੇਜ਼ ਕਾਨਫ਼ਰੰਸ ਦੌਰਾਨ ਅੰਗਰੇਜ਼ ਸਾਮਰਾਜ ਕੋਲ ਰੱਖੀ ਸੀ ਕਿ ਜੇ ਭਾਰਤ ਨੂੰ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਤੋਂ ਆਜ਼ਾਦੀ ਮਿਲ ਵੀ ਜਾਵੇ ਤਾਂ ਦੇਸ਼ ਦਾ ਇਕ ਬਹੁਤ ਵੱਡਾ ਵਰਗ ਦਲਿਤ ਲੋਕ ਫਿਰ ਵੀ ਭਾਰਤ ਦੇ ਮਨੂੰਵਾਦੀ ਸਮਾਜਕ ਸਿਸਟਮ ਦੇ ਗ਼ੁਲਾਮ ਤਾਂ ਬਣੇ ਹੀ ਰਹਿਣਗੇ ਜੇ ਇਨ੍ਹਾਂ ਨੂੰ ਵਖਰੇ ਰਾਖਵੇਂ ਹੱਕ ਨਾ ਦਿਤੇ ਗਏ ਤਾਂ। ਇਸ ਦੇ ਸਿੱਟੇ ਵਜੋਂ ਹੀ ਰਾਖਵੇਂ ਕਾਨੂੰਨੀ ਹੱਕ ਇਨ੍ਹਾਂ ਲੋਕਾਂ ਨੂੰ ਭਾਰਤੀ ਸੰਵਿਧਾਨ ਵਿਚ ਦਿਤੇ ਗਏ ਸਨ ਜੋ ਕਾਨੂੰਨ ਬਣੇ ਹੋਏ ਹਨ। ਇਨ੍ਹਾਂ ਵਿਚੋਂ ਹੀ ਇਕ ਕਾਨੂੰਨੀ ਹੱਕ, ਜੋ ਦਲਿਤਾਂ ਉਪਰ ਜ਼ੁਲਮ ਕਰਨ ਵਾਲੇ ਉੱਚ ਜਾਤੀ ਜਰਵਾਣਿਆਂ ਵਿਚ ਸਜ਼ਾ ਦਾ ਡਰ ਪੈਦਾ ਕਰਨ ਲਈ ਬਣਾਇਆ ਗਿਆ ਸੀ, ਉਹ ਹੈ ਐਸ.ਸੀ./ ਐਸ.ਟੀ. ਐਟਰੋਸਿਟੀ ਐਕਟ 1989 ਜਿਸ ਪ੍ਰਤੀ ਮਨੂੰਵਾਦੀ ਸਰਕਾਰਾਂ ਵਲੋਂ ਬੇਈਮਾਨੀ ਸ਼ੁਰੂ ਹੋ ਗਈ ਹੈ। 

Advertisement
Loading...
Advertisement
Loading...
Advertisement
Loading...
Advertisement
Loading...