Special article : ਨਵੀਂ ਰਾਸ਼ਟਰੀ ਖੇਡ - ‘ਬਲਾਤਕਾਰ’

By : BALJINDERK

Published : Sep 14, 2024, 11:21 am IST
Updated : Sep 14, 2024, 11:21 am IST
SHARE ARTICLE
file photo
file photo

Special article : ਇਸ ਨੂੰ ਖੇਡ ਦਾ ਨਾਂ ਇਸ ਲਈ ਦਿਤਾ ਗਿਐ ਕਿਉਂਕਿ ਮਾਰੇ ਜਾਣ ਤੋਂ ਬਾਅਦ ਵੀ ਕਿਸੇ ਨੂੰ ਕੋਈ ਸਜ਼ਾ ਨਹੀਂ ਦਿਤੀ ਜਾਂਦੀ  

Special article : ਭਾਰਤ ਵਿਚ ਖੇਡੀਆਂ ਜਾ ਰਹੀਆਂ ਖੇਡਾਂ ਵਿਚ ਇਕ ਨਵੀਂ ਖੇਡ ਸ਼ਾਮਲ ਕਰ ਦਿਤੀ ਗਈ ਹੈ, ਜਿਸ ਦੀ ਚਰਚਾ ਰਾਸ਼ਟਰੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਉੱਤੇ ਹੋ ਰਹੀ ਹੈ। ਇਸ ਖੇਡ ਦਾ ਨਾਂ ਹੈ ‘ਬਲਾਤਕਾਰ’! ਖੇਡ ਇਸ ਲਈ ਕਿਹਾ ਹੈ ਕਿਉਂਕਿ ਇਸ ਖੇਡ ਨੂੰ ਹੁਣ ਟੀਮਾਂ ਬਣਾ ਕੇ ਖੇਡਿਆ ਜਾਣ ਲੱਗ ਪਿਆ ਹੈ! ਇਸ ਖੇਡ ਦੇ ਰੂਲ ਵੀ ਅਜੀਬ ਹਨ। ਇਕ ਪਾਸੇ ਕਮਜ਼ੋਰ ਨਿਹੱਥੀ ਬਾਲੜੀ ਤੇ ਦੂਜੇ ਪਾਸੇ ਛੇ ਤੋਂ ਵੀਹ ਜਣੇ ਪੂਰੇ ਹਥਿਆਰਾਂ ਨਾਲ ਲੈਸ!!! ਜਿੰਨੀ ਵੱਧ ਦਰਿੰਦਗੀ, ਓਨੀ ਹੀ ਉਹ ਖੇਡ ਵਧੀਆ ਮੰਨੀ ਜਾਂਦੀ ਹੈ। ਜਿਸ ਖੇਡ ਦੇ ਫ਼ਾਈਨਲ ਮੈਚ ਵਿਚ ਪੂਰੀ ਵੀਡੀਉਗ੍ਰਾਫ਼ੀ ਨਾਲ ਬਾਲੜੀ ਨੂੰ ਮੌਤ ਦੇ ਘਾਟ ਉਤਾਰ ਦਿਤਾ ਜਾਵੇ, ਉਹ ਅੰਤਰਰਾਸ਼ਟਰੀ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਤੇ ਭਾਰੀ ਜਿੱਤ ਦਾ ਐਲਾਨ ਕੀਤਾ ਜਾਂਦਾ ਹੈ। ਇਸ ਖੇਡ ਦੇ ਮੂਕ ਦਰਸ਼ਕਾਂ ਵਿਚ ਚੋਟੀ ਦੇ ਸਿਆਸਤਦਾਨ, ਪੁਲਿਸ-ਕਰਮੀ, ਮੀਡੀਆ-ਕਰਮੀ, ਡਾਕਟਰ, ਇੰਜੀਨੀਅਰ, ਵਕੀਲ, ਜੱਜ, ਪ੍ਰਿੰਸੀਪਲ, ਅਧਿਆਪਕ, ਬੱਸ ਤੇ ਟਰੱਕ ਡਰਾਈਵਰ, ਟੈਕਸੀ-ਚਾਲਕ ਤੇ ਹੋਰ ਵੀ ਅਣਗਿਣਤ ਲੋਕ ਸ਼ਾਮਲ ਹਨ। ਗੱਲ ਕੀ ਹਰ ਪੇਸ਼ੇ ਦੇ ਲੋਕਾਂ ਨੂੰ ਇਹ ਖੇਡ ਖੇਡਣ ਦੀ ਖੁਲ੍ਹ ਦਿਤੀ ਗਈ ਹੈ। ਜਿਹੜੇ ਇਹ ਖੇਡ ਨਹੀਂ ਖੇਡਦੇ, ਕੀ ਉਨ੍ਹਾਂ ਨੂੰ ਕਦੇ ਅਖ਼ਬਾਰਾਂ ਦੀ ਸੁਰਖ਼ੀ ਮਿਲਦੀ ਵੇਖੀ ਹੈ? 

ਸ਼ਿਕਾਰ ਖੇਡੀ ਜਾਣ ਵਾਲੀ ਬਾਲੜੀ ਦੋ ਮਹੀਨਿਆਂ ਦੀ ਵੀ ਹੋ ਸਕਦੀ ਹੈ ਤੇ 90 ਵਰਿ੍ਹਆਂ ਦੀ ਔਰਤ ਵੀ! ਪੁੱਤਰ ਹੋਵੇ ਤੇ ਭਾਵੇਂ ਪਿਉ, ਚਾਚਾ, ਤਾਇਆ, ਕੋਈ ਵੀ ਇਸ ਖੇਡ ਨੂੰ ਖੇਡਣ ਤੋਂ ਪਰ੍ਹਾਂ ਰਹਿ ਨਹੀਂ ਸਕਿਆ। ਇਸ ਨੂੰ ਖੇਡ ਦਾ ਨਾਂ ਇਸ ਲਈ ਵੀ ਦਿਤਾ ਗਿਆ ਹੈ ਕਿ ਮਾਰੇ ਜਾਣ ਤੋਂ ਬਾਅਦ ਵੀ ਕਿਸੇ ਨੂੰ ਸਜ਼ਾ ਨਹੀਂ ਦਿਤੀ ਜਾਂਦੀ। ਅਜਿਹੇ ਖਿਡਾਰੀ ਧੌਣ ਅਕੜਾ ਕੇ ਸਮਾਜ ਵਿਚ ਅਪਣੀ ਛਾਤੀ ਉੱਤੇ ਜਿੱਤ ਦਾ ਬਿੱਲਾ ਲਾ ਕੇ ਘੁੰਮਦੇ ਹਨ। ਵਿਕੇ ਹੋਏ ਮੀਡੀਆ ਦੇ ਅੰਸ਼ ਇਸ ਨੂੰ ਹੋਰ ਉਘਾੜਦੇ ਹਨ ਤੇ ਵਿਰੋਧ ਕਰਨ ਵਾਲਿਆਂ ਨੂੰ ਮਾਰ ਮੁਕਾ ਦਿਤਾ ਜਾਂਦਾ ਹੈ।

ਪਹਿਲੇ ਸਮਿਆਂ ਵਿਚ ਜੰਗਲ ’ਚ ਸ਼ਿਕਾਰ ਕਰਨ ਲਈ ਅਜਿਹਾ ਹੀ ਢੰਗ ਵਰਤਿਆ ਜਾਂਦਾ ਸੀ ਜਿੱਥੇ ਸ਼ਿਕਾਰ ਕੀਤੇ ਜਾਣ ਵਾਲੇ ਜਾਨਵਰ ਨੂੰ ਚੁਫ਼ੇਰਿਉਂ ਘੇਰ ਕੇ ਮਾਰ ਮੁਕਾਇਆ ਜਾਂਦਾ ਸੀ। ਫਿਰ ਪੂਰੇ ਦਬਦਬੇ ਨਾਲ ਉਸ ਲਾਸ਼ ਨੂੰ ਨੁਮਾਇਸ਼ ਕਰਦਿਆਂ ਘਰ ਲਿਆ ਕੇ ਖੱਲ ਵਿਚ ਭੂਸਾ ਭਰ ਕੇ ਕੰਧ ਉੱਤੇ ਟੰਗ ਦਿਤਾ ਜਾਂਦਾ ਸੀ।
ਹੁਣ ਅਸੂਲ ਕੁੱਝ ਵੱਖ ਹਨ। ਸ਼ਿਕਾਰ ਹੁਣ ਸ਼ਹਿਰੀ ਕੰਕਰੀਟ ਜੰਗਲਾਂ ਅੰਦਰ ਹੁੰਦਾ ਹੈ। ਸ਼ਿਕਾਰ ਕਰਨ ਲਈ ਲੋਹੇ ਦੀਆਂ ਰਾਡਾਂ, ਬਲੇਡ, ਸੋਟੀਆਂ, ਕੰਡੋਮ, ਤੇਜ਼ਾਬ, ਜੰਬੂਰ, ਕੰਡਿਆਲੀਆਂ ਤਾਰਾਂ ਆਦਿ ਵਰਤੀਆਂ ਜਾਣ ਲੱਗ ਪਈਆਂ ਹਨ। ਜਿਸਮ ਅੰਦਰ ਕੁੱਝ ਸਾਬਤ ਛਡਿਆ ਹੀ ਨਹੀਂ ਜਾਂਦਾ। ਬਾਹਰੀ ਖੱਲ ਵੀ ਇਸ ਬੇਹੂਦਗੀ ਨਾਲ ਚੀਰ ਦਿਤੀ ਜਾਂਦੀ ਹੈ ਕਿ ਭੂਸਾ ਭਰ ਕੇ ਰੱਖਣ ਯੋਗ ਨਹੀਂ ਰਹਿੰਦੀ। ਇਸੇ ਲਈ ਹੱਡੀਆਂ ਤੋੜ ਕੇ, ਅੰਨ੍ਹੇ ਕਰ ਕੇ, ਤੇਜ਼ਾਬ ਮੂੰਹ ਵਿਚ ਪਾ ਕੇ, ਸਰੀਰ ਉੱਤੇ ਦੰਦਾਂ ਨਾਲ ਚੱਕ ਮਾਰ ਕੇ, ਜੰਬੂਰਾਂ ਨਾਲ ਨਹੁੰ ਪੁੱਟ ਕੇ, ਬਲੇਡਾਂ ਨਾਲ ਚੀਰ ਕੇ, ਕਈ ਲਿਟਰ ਲਹੂ ਚੁਫ਼ੇਰੇ ਵਹਾ ਕੇ ਉੱਥੇ ਹੀ ਨਿਰਵਸਤਰ ਸੁੱਟ ਕੇ ਤਮਾਸ਼ਾ ਬਣਾਇਆ ਜਾਂਦਾ ਹੈ।

ਇਥੇ ਬਸ ਨਹੀਂ ਹੁੰਦੀ, ਫਿਰ ਇਸ ਸ਼ਿਕਾਰ ਦੀ ਵੀਡੀਉ ਬਣਾ ਕੇ, ਉਸ ਉਤੋਂ ਉਮਰ ਭਰ ਕਮਾਈ ਦਾ ਸਾਧਨ ਬਣਾ ਲਿਆ ਜਾਂਦਾ ਹੈ। ਸਾਲਾਂ ਸਾਲ ਤਰੀਕਾਂ ਪੈਂਦੀਆਂ ਹਨ। ਕੁੱਝ ਸਮੇਂ ਲਈ ਸੁਰਖ਼ੀਆਂ ਬਣਦੀਆਂ ਹਨ। ਫਿਰ ਹੋਰ ਨਵੀਂ ਸੁਰਖ਼ੀ ਆ ਜਾਂਦੀ ਹੈ। ਉਸ ਤੋਂ ਬਾਅਦ ਆਉਂਦੀਆਂ ਨੇ ਚੋਣਾਂ। ਇਹ ਖੇਡ ਖੇਡਣ ਵਾਲੇ ਸ਼ਿਕਾਰੀਆਂ ਦੀ ਲੋੜ ਪੈਂਦੀ ਹੈ। ਫਿਰ ਇਹ ਮੁੱਛਾਂ ਨੂੰ ਤਾਅ ਦੇ ਕੇ ਕੁੱਦ ਪੈਂਦੇ ਹਨ ਚੋਣ ਪਿੜ ਦੇ ਅੰਦਰ, ਲੋਕਾਂ ਨੂੰ ਅਪਣੀ ਤਾਕਤ ਅਤੇ ਸ਼ਿਕਾਰ ਕਰਨ ਦੇ ਢੰਗ ਬਾਰੇ ਚੇਤਾ ਕਰਵਾ ਕੇ ਵੋਟਾਂ ਹਥਿਆਉਣ ਲਈ। ਇਸ ਖੇਡ ਦਾ ਪ੍ਰਚਲਨ ਏਨਾ ਵੱਧ ਗਿਆ ਹੈ ਕਿ 365 ਦਿਨਾਂ ਵਿਚੋਂ ਇਕ ਵੀ ਦਿਨ ਖ਼ਾਲੀ ਨਹੀਂ ਲੰਘਦਾ। ਕਦੇ ਕਦੇ ਤਾਂ ਇਕੋ ਦਿਨ ’ਚ ਤਿੰਨ-ਚਾਰ ਸ਼ਿਕਾਰ ਵੀ ਕੀਤੇ ਜਾਂਦੇ ਹਨ।

ਹੁਣ ਤਾਂ ਇਹ ਵੀ ਭਾਰਤੀ ਰਿਕਾਰਡ ਬਣ ਚੁਕਿਆ ਹੈ ਜਿਥੇ ਇਕੋ ਦਿਨ ਅਤੇ ਉਹ ਵੀ ਵਿਸ਼ਵ ਮਹਿਲਾ ਦਿਵਸ ਵਾਲੇ ਦਿਨ ਤੇਰਾਂ ਔਰਤਾਂ ਤੇ ਬੱਚੀਆਂ ਦਾ ਸ਼ਿਕਾਰ ਕੀਤਾ ਗਿਆ। ਨਿੱਤ ਨਵੇਂ ਘੜੇ ਜਾਂਦੇ ਅਸੂਲਾਂ ਤਹਿਤ ਹੁਣ ਤਾਂ ਦੋ ਸਕੀਆਂ ਭੈਣਾਂ ਨੂੰ ਸ਼ਿਕਾਰ ਬਣਾਉਣ ਬਾਅਦ ਦਰੱਖ਼ਤ ਉੱਤੇ ਨਿਰਵਸਤਰ ਹਾਲਤ ਵਿਚ ਫਾਂਸੀ ਦੇ ਦਿਤੀ ਜਾਂਦੀ ਹੈ। ਅਜੇ ਇਥੇ ਵੀ ਬਸ ਨਹੀਂ। ਗਰਭਵਤੀ ਔਰਤ ਦਾ ਸ਼ਿਕਾਰ ਹੋਰ ਵੀ ਵੱਖ ਤਰ੍ਹਾਂ ਕੀਤਾ ਜਾਂਦਾ ਹੈ। ਢਿੱਡ ਪਾੜ ਕੇ ਢਿੱਡ ਅੰਦਰਲਾ ਬੱਚਾ ਵੀ ਨਾਲ ਹੀ ਸ਼ਿਕਾਰ ਕੀਤਾ ਜਾਂਦਾ ਹੈ।

ਪਹਿਲਾਂ ਦੇ ਅਤੇ ਹੁਣ ਦੇ ਸ਼ਿਕਾਰੀਆਂ ਵਿਚ ਇਕ ਹੋਰ ਅੰਤਰ ਵੀ ਸਪੱਸ਼ਟ ਨਜ਼ਰ ਆਉਂਦਾ ਹੈ। ਇਕ ਸ਼ਿਕਾਰੀ, ਲਛਮਨ ਦੇਵ ਗਰਭਵਤੀ ਹਿਰਨੀ ਦੇ ਸ਼ਿਕਾਰ ਬਾਅਦ ਮਾਧੋ ਦਾਸ ਤੇ ਫਿਰ ਬੰਦਾ ਸਿੰਘ ਬਹਾਦਰ ਵਜੋਂ ਦੁਨੀਆਂ ਭਰ ਵਿਚ ਅਪਣੀ ਬਹਾਦਰੀ ਦਾ ਸਿੱਕਾ ਜਮਾ ਗਿਆ।
ਅੱਜ ਦੇ ਦੌਰ ਦੀ ਖੇਡ ਜਾਨਵਰਾਂ ਦੀ ਥਾਂ ਔਰਤ ਜ਼ਾਤ ਨਾਲ ਖੇਡੀ ਜਾਂਦੀ ਹੈ। ਇਸੇ ਲਈ ਹੁਣ ਗਰਭਵਤੀ ਔਰਤ ਦੀ ਵੀ ਬੇਹੂਦਗੀ ਨਾਲ ਕੱਟ ਵੱਢ ਕਰ ਦਿਤੀ ਜਾਂਦੀ ਹੈ ਜੋ ਕਿਸੇ ਦੇ ਮਨ ਨੂੰ ਕਚੋਟਦੀ ਨਹੀਂ ਕਿਉਂਕਿ ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ। ਕੋਈ ਵਿਰਲਾ ਹੀ ਮੌਕਾ ਖੁੰਝਾਉਂਦਾ ਹੈ, ਵਰਨਾ ਬਹੁਗਿਣਤੀ ਬੇਹਯਾਈ ਦੀਆਂ ਹੱਦਾਂ ਪਾਰ ਕਰਨ ਵਿਚ ਰਤਾ ਵੀ ਸੋਚਣ ਵਾਸਤੇ ਸਮਾਂ ਜਾਇਆ ਨਹੀਂ ਕਰਦੇ। ਇਸ ਖੇਡ ਵਿਚ ਰੈਫ਼ਰੀ ਵੀ ਪਿਛਾਂਹ ਨਹੀਂ ਰਹਿੰਦਾ। ਉਹ ਆਪ ਵੀ ਖੇਡ ਦਾ ਹਿੱਸਾ ਬਣ ਜਾਂਦਾ ਹੈ। ਰੂਲ ਸਿਰਫ਼ ਇਕੋ-ਜਿੰਨੀ ਦਰਿੰਦਗੀ ਵੱਧ, ਓਨੀ ਮਸ਼ਹੂਰੀ ਵੱਧ!

ਬੇਹੂਦਗੀ ਦਾ ਮੰਜ਼ਰ ਇਹ ਹੈ ਕਿ ਛੇਵੀਂ ਜਮਾਤ ਦਾ ਬੱਚਾ ਵੀ ਤੀਜੀ ਜਮਾਤ ਦੀ ਬੱਚੀ ਨਾਲ ਛੇੜਖ਼ਾਨੀ ਕਰਦਾ ਫੜਿਆ ਜਾ ਚੁਕਿਆ ਹੈ।
ਲਾਵਾਰਸ ਔਰਤ ਦੀ ਲਾਸ਼ ਵੀ ਜਾਇਆ ਨਹੀਂ ਜਾਣ ਦਿਤੀ ਜਾਂਦੀ। ਉਸ ਨਾਲ ਵੀ ਕੁਕਰਮ ਕਰ ਕੇ ਵੀਡੀਉ ਬਣਾਉਣ ਬਾਅਦ ਫ਼ਿਲਮ ਵਿਚ ਕਿਸੇ ਜ਼ਿੰਦਾ ਕੁੜੀ ਦਾ ਚਿਹਰਾ ਲਾ ਦਿਤਾ ਜਾਂਦਾ ਹੈ ਤੇ ਫਿਰ ਉਸ ਵਿਚਾਰੀ ਜ਼ਿੰਦਾ ਕੁੜੀ ਨੂੰ ਜਬਰੀ ਇਸ ਖੇਡ ਵਿਚ ਖਿੱਚ ਲਿਆਇਆ ਜਾਂਦਾ ਹੈ!
ਰਿਸ਼ਤਿਆਂ ਦੀ ਪਵਿੱਤਰਤਾ ਤਾਂ ਤਾਰ-ਤਾਰ ਹੋ ਹੀ ਚੁਕੀ ਹੈ। ਹੁਣ ਬਸ ਇਕੋ ਹੀ ਹੋਕਾ ਬਚਿਆ ਹੈ- ਵੇਖਿਉ! ਕੋਈ ਧੀ, ਕੋਈ ਭੈਣ, ਕੋਈ ਮਾਂ, ਸਤਵੰਤੀ ਨਾ ਰਹਿ ਜਾਏ! ਲਾਹਨਤ ਹੈ ਇਸ ਦੋਗਲੇ ਸਮਾਜ ਉੱਤੇ! ਮੁਲਕ ਦਾ ਨਾਂ ਭਾਰਤ ‘‘ਮਾਤਾ’’ ਤੇ ਮਾਂ ਦੀ ਪੱਤ ਸੁਰੱਖਿਅਤ ਨਹੀਂ!
ਉੱਤੋਂ ਸਿਖ਼ਰ ਇਹ ਵੇਖੋ ਕਿ ਜਿੱਤ ਦਾ ਜਸ਼ਨ ਮਨਾਉਣ ਲਈ ਧਾਰਮਕ ਥਾਵਾਂ ਉੱਤੇ ‘ਮਾਤਾ’ ਦੇ ਨਾਂ ਦੀ ‘ਜੈ’ ਦੇ ਨਾਹਰੇ ਲਾਉਣ ਵਿਚ ਰਤਾ ਹਿਚਕਿਚਾਹਟ ਨਹੀਂ ਵਿਖਾਈ ਜਾਂਦੀ!

ਕੋਈ ਬਚਿਆ ਹੈ ਜ਼ਮੀਰ ਵਾਲਾ, ਜੋ ਆਵਾਜ਼ ਚੁਕਣੀ ਚਾਹੇਗਾ? ਅਜੇ ਵੀ ‘ਦੜ ਵੱਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ’ ਕਹਿ ਕੇ ‘ਮੈਨੂੰ ਕੀ’ ਕਹਿੰਦਿਆਂ ਅੱਖਾਂ ਬੰਦ ਕਰ ਕੇ ਉਦੋਂ ਤਕ ਬੈਠੇ ਰਹਿਣਾ ਹੈ ਜਦੋਂ ਤਕ ਇਹ ‘ਖਿਡਾਰੀ’ ਸਾਡੇ ਅਪਣੇ ਘਰ ਦੀ ਧੀ, ਭੈਣ, ਪਤਨੀ ਜਾਂ ਮਾਂ ਨਾਲ ਇਹ ਖੇਡ ਖੇਡਣ ਨਾ ਪਹੁੰਚ ਜਾਣ?
ਰੱਬ ਦਾ ਵਾਸਤਾ ਜੇ, ਚੁੱਪੀ ਤੋੜ ਦਿਉ! ਜੇ ਦੇਰ ਹੋ ਗਈ, ਫਿਰ ਵੇਲਾ ਹੱਥ ਨਹੀਂ ਆਉਣਾ! ਚੇਤੇ ਰਖਿਉ ਇਤਿਹਾਸ ਵੀ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਹੀ ਬਾਹਵਾਂ ਫੈਲਾ ਕੇ ਛਾਤੀ ਨਾਲ ਲਾ ਕੇ ਸਾਂਭਦਾ ਹੈ, ਹੈਵਾਨਾਂ ਜਾਂ ਬੁੱਚੜਾਂ ਨੂੰ ਨਹੀਂ!
‘ਭਾਰਤ ਮਾਤਾ ਦੀ ਜੈ’ ਬੋਲਣ ਵਾਲਿਉ, ਤੁਹਾਡੇ ਜਵਾਬ ਦੀ ਉਡੀਕ ਵਿਚ ਖੜੀ ਹਾਂ, ਦੱਸੋ ਤਾਂ ਸਹੀ ਤਲਵਾਰ ਚੁਕਣ ਦਾ ਸਹੀ ਸਮਾਂ ਕਦੋਂ ਆਵੇਗਾ!

ਡਾ. ਹਰਸ਼ਿੰਦਰ ਕੌਰ ਐਮ. ਡੀ .

- 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ
    ਫ਼ੋਨ ਨੰ : 0175-2216783

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM
Advertisement