ਬਾਬਾ ਬੰਦਾ ਸਿੰਘ ਬਹਾਦਰ ਜੀ
Published : Oct 14, 2020, 7:39 am IST
Updated : Jun 25, 2021, 8:55 am IST
SHARE ARTICLE
baba banda singh bahadur
baba banda singh bahadur

ਉਨ੍ਹਾਂ ਦੇ ਨਾਲ 200-300 ਘੁੜਸਵਾਰ ਸਨ।

ਕਰਾਮਾਤ ਉਸ ਸਤਿਗੁਰ ਮਾਹੀ, ਭੇਜਣ ਵਾਰੋ ਲਾਜ ਰਖਾਹੀ,
ਸਭ ਦੇਖੀਅਨ ਜਦ ਮਾਰ ਗਵਾਊਂ, ਤੋ ਸਤਿਗੁਰ ਕਾ ਬੰਦਾ ਸਦਾਊਂ।
ਮੁਹਾਲੀ: ਇਕ ਬੈਰਾਗੀ ਤੋਂ ਬਣਿਆ ਸਿੱਖ ਪੰਥ ਦਾ ਕਮਾਂਡਰ, ਕੰਬਾ ਕੇ ਰੱਖ ਦਿਤੀ ਸਾਰੀ ਮੁਗ਼ਲ ਸਲਤਨਤ। ਸਿੱਖ ਧਰਮ ਨੂੰ ਬਚਾਉਣ ਲਈ ਜਿਨ੍ਹਾਂ ਗੁਰੂ ਸਿੱਖ ਪਿਆਰਿਆਂ ਨੇ ਅਪਣੀਆਂ ਸ਼ਹਾਦਤਾਂ ਦਿਤੀਆਂ, ਪ੍ਰਵਾਰ ਵਾਰੇ, ਉਨ੍ਹਾਂ ਵਿਚੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਇਕ ਸਿਰ ਕੱਢ ਯੋਧੇ ਸਨ, ਜਿਨ੍ਹਾਂ ਦੀ ਦਿਤੀ ਕੁਰਬਾਨੀ ਤੋਂ ਸਿਰਫ਼ ਸਿੱਖ ਹੀ ਨਹੀਂ ਸਗੋਂ ਸੰਸਾਰ ਦੇ ਹਰ ਕੋਨੇ ਵਿਚ ਲੋਕ ਜਾਣੂ ਹਨ।ਬੰਦਾ ਸਿੰਘ ਬਹਾਦਰ ਜੀ ਦਾ ਜਨਮ 16 ਅਕਤੂਬਰ 1670 ਈ. ਜੰਮੂ ਦੇ ਜ਼ਿਲ੍ਹਾ ਪੁਣਛ ਦੇ ਰਾਜੌਰੀ ਕਸਬੇ ਵਿਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਸ੍ਰੀ ਰਾਮ ਦੇਵ ਸੀ ਜੋ ਭਾਰਦਵਾਜ ਰਾਜਪੂਤ ਸੀ। ਮਾਤਾ-ਪਿਤਾ ਨੇ ਇਨ੍ਹਾਂ ਦਾ ਨਾਂ ਲਛਮਣ ਦਾਸ ਰਖਿਆ। ਲਛਮਣ ਦਾਸ ਨੂੰ ਬਚਪਨ ਤੋਂ ਹੀ ਸ਼ਸਤਰ ਵਿਦਿਆ ਵਿਚ ਬਹੁਤ ਰੁਚੀ ਸੀ। ਇਕ ਵਾਰ ਸ਼ਿਕਾਰ ਖੇਡਦਿਆਂ ਤੀਰ ਨਾਲ ਇਕ ਗਰਭਵਤੀ ਹਿਰਨੀ ਤੇ ਉਸ ਦੋ ਬੱਚੇ ਮਰ ਗਏ। ਇਸ ਘਟਨਾ ਤੋਂ ਲਛਮਣ ਦਾਸ ਨੂੰ ਅਜਿਹਾ ਬੈਰਾਗ ਉਪਜਿਆ ਕਿ ਇਹ ਇਕ ਵੈਰਾਗੀ ਸਾਧ ਜਾਨਕੀ ਦਾਸ ਦੇ ਡੇਰੇ ਲਾਹੌਰ ਆ ਗਿਆ।

baba banda singh bahadurbaba banda singh bahadur

ਫਿਰ ਇਹ ਨਾਸਕ (ਮਹਾਰਾਸ਼ਟਰ) ਨੇੜੇ ਪੰਚਵਟੀ ਡੇਰੇ ਚਲੇ ਗਏ। ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਇਸ ਡੇਰੇ ਵਿਚ ਬਿਰਧ ਬੈਰਾਗੀ ਨੇ ਮਾਧੋ ਦਾਸ ਨੂੰ ਤੰਤ੍ਰ ਵਿਦਿਆ ਸਿਖਾਈ। ਔਘੜ ਨਾਥ ਦੇ ਦੇਹਾਂਤ ਤੋਂ ਬਾਅਦ ਮਾਧੋ ਦਾਸ ਹੀ ਇਸ ਡੇਰੇ ਵਿਚ ਗੱਦੀ ਤੇ ਬਿਰਾਜਮਾਨ ਹੋਏ। ਇਸ ਬੈਰਾਗੀ ਟੋਲੀ ਨੂੰ ਨਾਲ ਲੈ ਕੇ ਤੁਰਦਾ ਮਾਧੋ ਦਾਸ ਨੰਦੇੜ ਪਹੁੰਚ ਗਿਆ। ਦੂਰੋਂ-ਦੂਰੋਂ ਸ਼ਰਧਾਲੂ ਆਉਣ ਲੱਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਜਫ਼ਰਨਾਮਾ ਲਿਖਿਆ ਸੀ (1706 ਈ:) ਦਿਆ ਸਿੰਘ ਤੇ ਧਰਮ ਸਿੰਘ ਉਸ ਦਾ ਜਵਾਬ ਲੈ ਕੇ ਤਲਵੰਡੀ ਸਾਬੋ ਗੁਰੂ ਸਾਹਿਬ ਜੀ ਦੇ ਸਨਮੁਖ ਹਾਜ਼ਰ ਹੋਏ। ਉਸ ਵਿਚ ਲਿਖਿਆ ਸੀ ਕਿ ਜੇਕਰ ਗੁਰੂ ਜੀ ਨੇ ਮਿਲਣਾ ਹੋਵੇ ਤਾਂ ਉਹ ਦੱਖਣ ਅਹਿਮਦ ਨਗਰ (ਮਹਾਰਾਸ਼ਟਰ) ਪਹੁੰਚ ਕੇ ਮਿਲ ਸਕਦੇ ਹਨ। ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਮਿਲਣ ਵਾਸਤੇ ਤਲਵੰਡੀ ਸਾਬੋ ਤੋਂ ਦੱਖਣ ਵਲ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ 200-300 ਘੁੜਸਵਾਰ ਸਨ। ਗੁਰੂ ਜੀ ਨੰਦੇੜ ਪਹੁੰਚ ਕੇ 15 ਕੁ ਦਿਨ ਰੁਕੇ। ਇਕ ਦਿਨ ਕੁੱਝ ਸਿੰਘਾਂ ਨਾਲ ਸ਼ਿਕਾਰ ਖੇਡਣ ਗਏ ਤਾਂ ਰਸਤੇ ਵਿਚ ਗੋਦਾਵਰੀ ਦੇ ਕੰਢੇ ਮਾਧੋ ਦਾਸ ਬੈਰਾਗੀ ਦਾ ਡੇਰਾ ਨਜ਼ਰ ਆਇਆ ਤਾਂ ਉਹ ਉਸ ਅੰਦਰ ਚਲੇ ਗਏ। ਉਸ ਜਗ੍ਹਾ ਮਾਧੋ ਦਾਸ ਨੇ ਸੱਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ। ਇਥੇ ਹੀ ਮਾਧੋ ਦਾਸ, ਅਹੰਕਾਰ ਤਿਆਗ ਕੇ ਗੁਰੂ ਜੀ ਦੇ ਚਰਨੀਂ ਪਏ।

baba banda singh bahadurbaba banda singh bahadur

ਹੁਣ ਇਸ ਜਗ੍ਹਾ ਗੁਰਦਵਾਰਾ ਬੰਦਾ ਘਾਟ ਨੰਦੇੜ ਵਿਖੇ ਸੁਸ਼ੋਭਿਤ ਹੈ। ਇਥੇ ਹੀ ਮਾਧੋ ਦਾਸ ਬੈਰਾਗੀ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰਖਿਆ ਗਿਆ। ਪੰਜ ਅਕਤੂਬਰ 1708 ਈ. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵਿਚ ਜ਼ਾਲਮਾਂ ਨੂੰ ਸੋਧਣ ਲਈ ਤੋਰਨ ਦੀ ਤਿਆਰੀ ਕੀਤੀ। ਬੰਦਾ ਸਿੰਘ ਬਹਾਦਰ ਸੱਭ ਮਿਲਣ ਵਾਲਿਆਂ ਨੂੰ ਸਿੰਘ ਸਾਹਬ ਸੱਦ ਕੇ ਤੇ ਆਪ ਵੀ 'ਸਿੰਘ ਸਾਹਬ' ਅਖਵਾ ਕੇ ਖ਼ੁਸ਼ ਹੁੰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਭੱਥੇ ਵਿਚੋਂ ਪੰਜ ਤੀਰ ਬੰਦਾ ਸਿੰਘ ਨੂੰ ਬਖ਼ਸ਼ੇ। ਬੰਦਾ ਬਹਾਦਰ ਦੇ ਨਾਲ ਗੁਰੂ ਜੀ ਨੇ ਅਪਣੇ ਪੰਜ ਸਿੰਘ ਨਾਲ ਤੋਰੇ ਤਾਕਿ ਲੋੜ ਪੈਣ ਤੇ ਉਨ੍ਹਾਂ ਨੂੰ ਸਲਾਹ ਦੇ ਸਕਣ। ਤੁਰਨ ਵੇਲੇ ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਹਦਾਇਤਾਂ ਦਿਤੀਆਂ ਕਿ ਨੀਅਤ ਸਾਫ਼ ਰੱਖੋ, ਪਰਾਈ ਔਰਤ ਨੂੰ ਨਾ ਛੂਹੋ, ਪੰਥ ਨੂੰ ਅਪਣਾ ਗੁਰੂ, ਆਪ ਉਸ ਦਾ ਦਾਸ ਸਮਝੋ, ਅਰਦਾਸ ਨਾਲ ਹੀ ਅਪਣਾ ਹਰ ਮਹੱਤਵਪੂਰਨ ਕੰਮ ਆਰੰਭੋ, ਨਾਲ ਚਲੇ ਪੰਜ ਪਿਆਰਿਆਂ ਦੀ ਸਲਾਹ ਤੇ ਚਲੋ, ਅਪਣੇ ਆਪ ਨੂੰ ਗੁਰੂ ਨਾ ਅਖਵਾਇਉ (ਪੰਜਾਬ ਦਾ ਉਚੇਚਾ ਇਤਿਹਾਸ)

baba banda singh bahadurbaba banda singh bahadur

ਪੰਜਾਬ ਦੇ ਸਿੱਖਾਂ ਨੂੰ ਗੁਰੂ ਮਹਾਰਾਜ ਨੇ ਹੁਕਮਨਾਮੇ ਲਿਖੇ ਕਿ ਉਹ ਬੰਦਾ ਸਿੰਘ ਨੂੰ ਉਨ੍ਹਾਂ (ਗੁਰੂ ਸਾਹਿਬ) ਦਾ ਰੂਪ ਸਮਝ ਕੇ ਸਾਥ ਦੇਣ। ਪੰਜ ਅਕਤੂਬਰ 1708 ਨੂੰ ਬੰਦਾ ਸਿੰਘ ਬਹਾਦਰ ਤੇ ਗੁਰੂ ਸਾਹਿਬ ਜੀ ਦੇ ਥਾਪੜੇ ਦੇ ਸਹਾਰੇ ਮੁਗ਼ਲ ਰਾਜ ਦਾ ਪੰਜਾਬ ਵਿਚ ਸਫ਼ਾਇਆ ਕਰਨ ਚਲ ਪਏ। ਉਨ੍ਹਾਂ ਕੋਲ ਨਾ ਕੋਈ ਰਾਜ, ਨਾ ਕੋਈ ਤਾਜ, ਨਾ ਕੋਈ ਤੋਪ ਅਤੇ ਨਾ ਹੀ ਖ਼ਜ਼ਾਨਾ ਸੀ। 7 ਅਕਤੂਬਰ 1708 ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਅ ਗਏ। ਬੰਦਾ ਸਿੰਘ ਬਹਾਦਰ ਨੰਦੇੜ ਤੋਂ ਮੰਦਸੌਰ, ਅਜਮੇਰ, ਫੁਲੇਗ, ਸੀਕਰ, ਸਰਦਲਪੁਰ ਤੇ ਹਿਸਾਰ ਦਾ 1600 ਕਿਲੋਮੀਟਰ ਦਾ ਸਫ਼ਰ 365 ਦਿਨਾਂ ਵਿਚ ਕਰ ਲਿਆ। ਸੋਨੀਪਤ ਪਹੁੰਚਣ ਤਕ ਬੰਦਾ ਸਿੰਘ ਬਹਾਦਰ ਨਾਲ 500 ਸਿੱਖਾਂ ਦਾ ਜਥਾ ਬਣ ਗਿਆ। ਮਾਲਵੇ ਦੇ ਸਿਦਕੀ ਸਿੰਘ ਘੋੜੇ, ਹਥਿਆਰ ਤੇ ਖ਼ਰਚਾ ਪਾਣੀ ਲੈ ਕੇ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਆ ਰਲੇ ਸਨ। ਬੰਦਾ ਬਹਾਦਰ ਨੇ ਲੋਕਾਂ ਨੂੰ ਲੁੱਟਣ ਆਏ ਟੋਲਿਆਂ ਨਾਲ ਮੁਕਾਬਲਾ ਕਰ ਕੇ ਉਨ੍ਹਾਂ ਨੂੰ ਭਜਾ ਦਿਤਾ ਤੇ ਲੋਕਾਂ ਦਾ ਸਮਾਨ ਵਾਪਸ ਕਰ ਦਿਤਾ।

SikhSikh

ਲੋਕਾਂ ਨੂੰ ਕਿਹਾ ਕਿ ਸਰਕਾਰ ਉਨ੍ਹਾਂ ਦੀ ਰਖਿਆ ਨਹੀਂ ਕਰਦੀ, ਇਸ ਲਈ ਸਰਕਾਰ ਨੂੰ ਮਾਮਲਾ (ਟੈਕਸ) ਨਾ ਦਿਉ। ਬੰਦਾ ਸਿੰਘ ਬਹਾਦਰ ਜੀ ਕੋਲ ਜਨਤਾ ਹੁਮ-ਹੁਮਾ ਕੇ ਆਉਣ ਲੱਗੀ ਤੇ ਉਨ੍ਹਾਂ ਨੇ ਸਰਕਾਰ ਨੂੰ ਟੈਕਸ ਦੇਣਾ ਬੰਦ ਕਰ ਦਿਤਾ। ਜਦੋਂ ਮਾਮਲਾ ਬੰਦ ਹੋ ਗਿਆ ਤਾਂ ਚੌਧਰੀ ਇਕੱਠੇ ਹੋ ਕੇ ਕੈਥਲ ਦੇ ਫ਼ੌਜਦਾਰ ਕੋਲ ਗਏ। ਫ਼ੌਜ ਅਪਣੇ ਆਦਮੀ ਨਾਲ ਲੈ ਕੇ ਬੰਦਾ ਸਿੰਘ ਜੀ ਕੋਲ ਗਿਆ ਤੇ ਬੰਦਾ ਸਿੰਘ ਨੂੰ ਕੁਰੱਖ਼ਤ ਬੋਲਿਆ। ਸਿੱਖਾਂ ਨੇ ਫ਼ੌਜਦਾਰ ਨੂੰ ਫੜ ਲਿਆ ਤੇ ਕੁਟਾਪਾ ਚਾੜ੍ਹ ਕੇ ਭਜਾ ਦਿਤਾ। ਬੰਦਾ ਸਿੰਘ ਦੀ ਫ਼ੌਜ ਹੁਣ ਤਿੰਨ ਪ੍ਰਕਾਰ ਦੀ ਸੀ: 1. ਗੁਰੂ ਸਾਹਿਬ ਦੇ ਅੰਮ੍ਰਿਤਧਾਰੀ ਸਿੱਖ- ਇਹ ਕੇਵਲ ਧਰਮ ਲਈ, ਗੁਰੂ ਸਾਹਿਬ ਦੇ ਦੋਖੀਆਂ ਵਿਰੁਧ ਜੂਝਣ ਆਏ ਸਨ। 2. ਤਨਖ਼ਾਹ ਲੈਣ ਵਾਲੇ-ਇਹ ਲੋਕ ਤਨਖ਼ਾਹਾਂ ਤਾਂ ਫੂਲਵੰਸ਼ ਦੇ ਰਾਮ ਸਿੰਘ, ਤਰਲੋਕ ਸਿੰਘ ਤੋਂ ਲੈਂਦੇ ਪਰ ਲੜਦੇ ਬੰਦਾ ਸਿੰਘ ਦੇ ਸਾਥੀ ਬਣ ਕੇ ਸਨ। 3. ਲੁਟੇਰੇ- (ਮੁਲਖਈਏ) ਇਹ ਲੋਕ ਕੇਵਲ ਲੁੱਟਮਾਰ ਕਰਨ ਲਈ ਹੀ ਆਏ ਸਨ।

SikhSikh

26 ਨਵੰਬਰ 1709 ਈ. ਸਵੇਰੇ ਬੰਦਾ ਸਿੰਘ ਬਹਾਦਰ ਜੀ ਨੇ ਸਮਾਣੇ ਤੇ ਹਮਲਾ ਕਰ ਦਿਤਾ। ਇਸ ਸ਼ਹਿਰ ਵਿਚ ਅਮੀਰ ਲੋਕ ਵਸਦੇ ਸਨ। ਤਿੰਨ ਦਿਨ ਤਕ ਜੰਗ ਚਲਦੀ ਰਹੀ। ਬੰਦਾ ਸਿੰਘ ਨੇ ਇਹ ਸ਼ਹਿਰ ਬਿਲਕੁਲ ਉਜਾੜ ਦਿਤਾ। ਹੁਣ ਬੰਦਾ ਸਿੰਘ ਦੀ ਫ਼ੌਜ ਹੋਰ ਵੱਧ ਰਹੀ ਸੀ। ਹੁਣ ਅਗਲੇ ਨਿਸ਼ਾਨੇ ਤੇ ਨਗਰ ਸੀ ਸਢੌਰਾ (ਸਢੌਰੇ ਦਾ ਪਹਿਲਾ ਨਾਂ ਸਾਧੂ ਵਾੜਾ ਸੀ)। ਉਸ ਤੋਂ ਉਪਰੰਤ ਹੌਲੀ-ਹੌਲੀ ਬੰਦਾ ਬਹਾਦਰ ਅੱਗੇ ਹੀ ਅੱਗੇ ਵਧਦੇ ਰਹੇ ਤੇ ਮੁਗ਼ਲਾਂ ਦਾ ਸਫ਼ਾਇਆ ਕਰਦੇ ਗਏ ਤੇ ਅਖ਼ੀਰ ਸਰਹਿੰਦ ਫ਼ਤਿਹ ਕਰ ਲਿਆ। ਹੁਣ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਸਤਲੁਜ ਤੋਂ ਯਮੁਨਾ ਤਕ ਫੈਲ ਗਿਆ। ਸਿੰਘਾਂ ਦੇ ਹੌਸਲੇ ਬੁਲੰਦ ਸਨ ਤੇ ਕੋਈ ਵੀ ਸੂਬਾ ਇਨ੍ਹਾਂ ਨਾਲ ਟੱਕਰ ਲੈਣ ਨੂੰ ਤਿਆਰ ਨਹੀਂ ਸੀ। ਕੁੱਝ ਸਮੇਂ ਬਾਅਦ ਬੰਦਾ ਸਿੰਘ ਬਹਾਦਰ ਮੁਖਲਸਗੜ੍ਹ ਕਿਲ੍ਹੇ ਵਿਖੇ ਰਹਿਣ ਲੱਗੇ, ਇਸ ਦਾ ਨਾਂ ਲੋਹਗੜ੍ਹ ਰਖਿਆ ਤੇ ਇਸ ਨੂੰ ਸਿੱਖਾਂ ਦੀ ਪਹਿਲੀ ਰਾਜਧਾਨੀ ਥਾਪਿਆ ਗਿਆ। ਲੋਕ ਬੰਦਾ ਸਿੰਘ ਬਹਾਦਰ ਜੀ ਨੂੰ 'ਸੱਚਾ ਪਾਤਸ਼ਾਹ' ਕਹਿੰਦੇ ਸਨ (ਸੱਚੀ ਪਾਤਸ਼ਾਹੀ ਗੁਰੂ ਜੀ ਦੀ ਬਖ਼ਸ਼ਿਸ ਸੀ)। ਲੋਹਗੜ੍ਹ ਦੇ ਕਿਲ੍ਹੇ ਤੋਂ ਰਾਜਸੀ ਮੋਹਰ ਤੇ ਸਿੱਖ ਰਾਜ ਦਾ ਸਿੱਕਾ ਚਲਾਇਆ (ਸਿੱਖਾਂ ਨੂੰ ਪਹਿਲੀ ਵਾਰ ਦੇਸ਼, ਰਾਜਧਾਨੀ, ਝੰਡਾ, ਫ਼ੌਜ, ਸਿੱਕਾ ਤੇ ਮੋਹਰ ਮਿਲੀ- ਡਾ. ਆਤਮ ਹਮਰਾਹੀ)।
'ਦੇਗ ਤੇਗ ਫਤਿਹ ਨੁਸਰਤ ਬੇਦਰਗ,
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।'
(ਫ਼ਾਰਸੀ ਵਿਚ ਮੋਹਰ ਤੇ ਉਕਰਿਆ)

ਬੰਦਾ ਸਿੰਘ ਬਹਾਦਰ ਜੀ ਦੀਆਂ ਜਿੱਤਾਂ ਸੁਣ ਕੇ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਸੁਣ ਕੇ ਕੁੱਝ ਕੁ ਮੁਸਲਮਾਨਾਂ ਨੇ ਅਤੇ ਕਾਫ਼ੀ ਹਿੰਦੂਆਂ ਨੇ ਸਿੱਖੀ ਅਪਣਾ ਲਈ। ਇਕ ਵੱਡੇ ਮੁਸਲਮਾਨ ਅਫ਼ਸਰ ਦੀਨਦਾਰ ਖ਼ਾਂ ਨੇ ਸਿੱਖੀ ਅਪਨਾਈ ਤੇ ਦੀਨਦਾਰ ਸਿੰਘ ਬਣ ਗਿਆ। ਇਨ੍ਹਾਂ ਸੱਭ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਦੀਆਂ ਕਸਮਾਂ ਖਾਧੀਆਂ। ਹਰ ਪਾਸੇ ਬੰਦਾ ਸਿੰਘ ਬਹਾਦਰ ਸੱਭ ਦੇ ਪਿਆਰੇ ਬਣ ਗਏ। ਇਕ ਵਾਰ ਲੋਹਗੜ੍ਹ  ਵਿਖੇ ਸਢੌਰੇ ਦੇ ਲਾਗੇ ਦੇ ਪਿੰਡਾਂ ਤੋਂ ਕਿਸਾਨ ਇਕੱਠੇ ਹੋ ਕੇ ਆਏ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਜਗੀਰਦਾਰ ਉਨ੍ਹਾਂ ਉਤੇ ਬੜੇ ਜ਼ੁਲਮ ਕਰ ਰਹੇ ਹਨ। ਬੰਦਾ ਸਿੰਘ ਬਹਾਦਰ ਨੇ ਉਨ੍ਹਾਂ ਨੂੰ ਇਕ ਕਤਾਰ ਵਿਚ ਖੜੇ ਹੋਣ ਲਈ ਕਿਹਾ, ਉਹ ਕਤਾਰ ਬਣਾ ਕੇ ਖੜ ਗਏ।

ਫਿਰ ਬਾਜ ਸਿੰਘ ਨੂੰ ਹੁਕਮ ਦਿਤਾ ਕਿ ਉਹ ਇਨ੍ਹਾਂ ਸਾਰਿਆਂ ਨੂੰ ਗੋਲੀਆਂ ਨਾਲ ਉਡਾ ਦੇਵੇ। ਕਾਰਨ ਇਹ ਕਿ ਉਹ ਏਨੇ ਜਣੇ ਗਿਣਤੀ ਦੇ ਜਗੀਰਦਾਰਾਂ ਨੂੰ ਸੋਧ ਨਹੀਂ ਸਕਦੇ। ਕਿਸਾਨਾਂ ਨੇ ਖਿਮਾਂ ਮੰਗੀ ਤੇ ਜਗੀਰਦਾਰਾਂ ਨੂੰ ਆਪ ਹੀ ਮਾਰ ਭਜਾ ਕੇ ਅਪਣੀ ਦਲੇਰੀ ਦਾ ਸਬੂਤ ਦਿਤਾ। 12 ਅਕਤੂਬਰ 1713 ਨੂੰ ਫਰੁਖਸੀਅਰ ਨੂੰ ਸੂਹ ਮਿਲੀ ਕਿ ਬੰਦਾ ਸਿੰਘ ਲੋਹਗੜ੍ਹ ਕਿਲ੍ਹੇ ਵਿਚ ਹੈ। ਨਵੰਬਰ ਦੇ ਦੂਜੇ ਹਫ਼ਤੇ ਅਬਦੁਸ ਸਮਦ ਖ਼ਾਨ ਨੇ ਇਕ ਵੱਡੀ ਫ਼ੌਜ ਨਾਲ ਲੋਹਗੜ੍ਹ ਨੂੰ ਘੇਰਾ ਪਾ ਕੇ ਤੋਪਾਂ ਨਾਲ ਹਮਲਾ ਕੀਤਾ। ਬੰਦਾ ਬਹਾਦਰ ਸਿੱਖਾਂ ਨਾਲ ਨਿਕਲ ਗਏ। ਲੜਾਈ ਵਿਚ 900 ਸਿੱਖ ਸ਼ਹੀਦ ਹੋਏ। ਲੋਹਗੜ੍ਹ ਤੇ ਫਿਰ ਮੁਗ਼ਲਾਂ ਦਾ ਕਬਜ਼ਾ ਹੋ ਗਿਆ। ਫ਼ੌਜਦਾਰ ਸਰਹਿੰਦ ਸਿੰਘਾਂ ਦੇ ਸਿਰ ਲੈ ਕੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੋਇਆ। ਇਸ ਫ਼ੌਜਦਾਰ ਨੂੰ ਕਲਗੀ, ਜ਼ਮੀਨ ਤੇ ਨਿਸ਼ਾਨ ਨਾਲ ਸਨਮਾਨਤ ਕੀਤਾ ਗਿਆ। ਅਬਦੁਸ ਸਮਦ ਖਾਂ ਨੂੰ ਵੀ ਵੰਡਾ ਸਨਮਾਨ ਦਿਤਾ ਗਿਆ। ਤੁਰਕਾਂ ਨੇ ਲੋਹਗੜ੍ਹ ਕਿਲ੍ਹੇ ਨੂੰ ਢਾਹ ਦਿਤਾ ਤਾਕਿ ਬੰਦਾ ਬਹਾਦਰ ਫਿਰ ਤੋਂ ਇਥੇ ਕਬਜ਼ਾ ਨਾ ਕਰ ਲਏ।
(ਬਾਕੀ ਅਗਲੇ ਹਫ਼ਤੇ) ਅੰਦਲੀਬ ਕੌਰ,ਸੰਪਰਕ : kaurandleeb0gmail.com

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement