
ਹਰ ਦੇਸ਼ ਦੂਜੇ ਦੇਸ਼ ਤੋਂ ਅੱਗੇ ਜਾਣ ਲਈ ਅਤੇ ਇਕ ਦੂਜੇ ਤੋਂ ਮਜ਼ਬੂਤ ਬਣਨ ਦੀ ਹੋੜ ਵਿਚ ਲੱਗਾ ਹੋਇਆ ਹੈ।
ਹਰ ਦੇਸ਼ ਦੂਜੇ ਦੇਸ਼ ਤੋਂ ਅੱਗੇ ਜਾਣ ਲਈ ਅਤੇ ਇਕ ਦੂਜੇ ਤੋਂ ਮਜ਼ਬੂਤ ਬਣਨ ਦੀ ਹੋੜ ਵਿਚ ਲੱਗਾ ਹੋਇਆ ਹੈ। ਰੱਬ ਦੁਆਰਾ ਬਣਾਈ ਗਈ ਇਸ ਸੋਹਣੀ ਕੁਦਰਤ ਵਿਚ ਮੌਜੂਦ ਜੀਵ-ਜੰਤੂਆਂ, ਬਨਸਪਤੀ ਉਤੇ ਵਿਗਿਆਨੀ ਵੱਖ-ਵੱਖ ਤਰ੍ਹਾਂ ਦੀਆਂ ਖੋਜਾਂ ਕਰ ਕੇ ਕੁਦਰਤੀ ਜ਼ਿੰਦਗੀਆਂ ਦਾ ਘਾਣ ਕਰਦਾ ਜਾ ਰਿਹਾ ਹੈ।
ਸਿੱਟੇ ਵਜੋਂ ਮਨੁੱਖ ਦੁਆਰਾ ਕੀਤੀਆਂ ਵੱਖ-ਵੱਖ ਈਜਾਦਾਂ ਨਾਲ ਹੌਲੀ-ਹੌਲੀ ਜੀਵ ਜੰਤੂਆਂ ਦੀਆਂ ਨਸਲਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਕੁਦਰਤੀ ਰੁੱਤਾਂ ਉਤੇ ਵੀ ਇਸ ਦਾ ਅਸਰ ਲਗਾਤਾਰ ਵੱਧ ਰਿਹੈ। ਹੜ੍ਹ, ਸੋਕਾ, ਬੇ-ਮੌਸਮੀ ਬਰਸਾਤਾਂ ਆਦਿ ਕੁਦਰਤੀ ਆਫ਼ਤਾਂ।
ਕੁਦਰਤ ਨਾਲ ਵਿਗਾੜ ਸਦਕਾ ਹੀ ਹੁਣ ਇਹ ਖ਼ਤਰਾ ਮਨੁੱਖੀ ਜ਼ਿੰਦਗੀ ਉਤੇ ਵੀ ਮੰਡਰਾ ਰਿਹਾ ਹੈ। ਮਨੁੱਖ ਅਪਣੇ ਨਿਜੀ ਹਿਤਾਂ ਤੇ ਵਿਕਾਸ ਲਈ ਕੁਦਰਤੀ ਸਰੋਤਾਂ ਦੀ ਵੱਡੇ ਪੱਧਰ ਉਤੇ ਦੁਰਵਰਤੋਂ ਕਰ ਕੇ ਅਜਿਹੀਆਂ ਖੋਜਾਂ ਦੀ ਈਜਾਦ ਕਰ ਰਿਹਾ ਹੈ, ਜੋ ਕੁਦਰਤ ਨੂੰ ਹੌਲੀ-ਹੌਲੀ ਵਿਨਾਸ਼ ਵਲ ਲੈ ਕੇ ਜਾ ਰਹੀਆਂ ਹਨ। ਰੁੱਖਾਂ ਦੀ ਲਗਾਤਾਰ ਕਟਾਈ ਹੋ ਰਹੀ ਹੈ, ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ, ਵਾਹਨਾਂ ਤੇ ਉਦਯੋਗਾਂ ਦੇ ਨਿਰਮਾਣ ਨਾਲ ਮਨੁੱਖ ਤੇ ਕੁਦਰਤੀ ਜੀਵ ਸਾਹ ਵਰਗੀਆਂ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ।
ਫ਼ਸਲਾਂ ਵਿਚ ਵੱਧ ਤੋਂ ਵੱਧ ਰਸਾਇਣਕ ਖਾਦਾਂ ਦੀ ਵਰਤੋਂ ਕਰ ਕੇ ਮਨੁੱਖ ਕੁਦਰਤ ਵਿਚ ਜ਼ਹਿਰ ਘੋਲ ਰਿਹਾ ਹੈ। ਆਧੁਨਿਕਤਾ ਦੀ ਦੌੜ ਤੇ ਮਸ਼ੀਨੀ ਯੁਗ ਨੇ ਬੇਸ਼ਕ ਮਨੁੱਖੀ ਜ਼ਿੰਦਗੀ ਨੂੰ ਸ੍ਰੀਰਕ ਮਿਹਨਤ ਤੋਂ ਰਾਹਤ ਤਾਂ ਜ਼ਰੂਰ ਦੇ ਦਿਤੀ ਹੈ ਪਰ ਇਸ ਮਸ਼ਨੀਰੀ ਕਰ ਕੇ ਅਸੀ ਅਪਣੀ ਜ਼ਿੰਦਗੀ ਸੀਮਤ ਬਣਾ ਲਈ ਹੈ, ਮਨੁੱਖ ਦੀ ਉਮਰ ਦਰ 60-65 ਸਾਲ ਦੇ ਕਰੀਬ ਰਹਿ ਗਈ ਹੈ, ਉਸ ਨੂੰ ਵੱਖ-ਵੱਖ ਮਾਨਸਿਕ ਪ੍ਰੇਸ਼ਾਨੀਆਂ ਨੇ ਘੇਰਾ ਪਾ ਲਿਆ ਹੈ ਜਿਸ ਸਦਕਾ ਦਿਲ ਦਾ ਦੌਰਾ, ਦਿਮਾਗ਼ ਦੀ ਨਾੜੀ ਦਾ ਫਟਣਾ ਆਦਿ ਵਰਗੇ ਕੇਸ ਲਗਾਤਾਰ ਵਧਦੇ ਹੀ ਜਾ ਰਹੇ ਹਨ।
ਨਤੀਜੇ ਵਜੋਂ ਮਨੁੱਖ ਵੱਖ-ਵੱਖ ਈਜਾਦਾਂ ਨਾਲ ਇਕ ਨਵੀਂ ਬੀਮਾਰੀ ਦੀ ਵੀ ਈਜਾਦ ਕਰਦਾ ਆ ਰਿਹਾ ਹੈ ਜਿਵੇਂ ਕੈਂਸਰ, ਟੀ.ਬੀ., ਏਡਜ਼, ਡੇਂਗੂ, ਨਿਪਾਹ, ਸਵਾਈਨ ਫ਼ਲੂ, ਬਰਡ ਫ਼ਲੂ। ਇਹ ਭਿਆਨਕ ਬੀਮਾਰੀਆਂ ਕੁਦਰਤ ਨਾਲ ਛੇੜਛਾੜ ਦਾ ਸਿੱਟਾ ਹੀ ਹਨ। ਇਸੇ ਤਰ੍ਹਾਂ ਤਰੱਕੀ ਕਰਦੇ-ਕਰਦੇ ਅਸੀ ਇਕ ਹੋਰ ਨਵੀਂ ਬੀਮਾਰੀ ਦੀ ਈਜਾਦ ਕੀਤੀ ਹੈ ਕੋਵਿਡ-19 (ਕੋਰੋਨਾ ਵਾਇਰਸ) ਜਿਸ ਨਾਲ ਅਸੀ ਇਸ ਸਮੇਂ ਵੱਡੇ ਪੱਧਰ ਤੇ ਜੂਝ ਰਹੇ ਹਾਂ। ਇਸ ਵਾਇਰਸ ਦੇ ਫੈਲਣ ਦਾ ਮੁੱਖ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਸ ਵਾਇਰਸ ਦੇ ਪੈਦਾ ਹੋਣ ਦਾ ਇਕ ਕਾਰਨ ਕਿਤੇ ਨਾ ਕਿਤੇ ਕੁਦਰਤ ਨਾਲ ਹੋ ਰਹੀ ਛੇੜਛਾੜ ਹੀ ਹੈ।
ਕੁਦਰਤ ਨਾਲ ਖਿਲਵਾੜ ਦਾ ਖ਼ਮਿਆਜ਼ਾ ਸਾਰੀ ਮਨੁੱਖ ਜਾਤੀ ਤੇ ਜੀਵ ਵਿਭਿੰਨਤਾ ਨੂੰ ਭੁਗਤਣਾ ਪੈਂਦਾ ਹੈ। ਭੁੱਖਮਰੀ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਜੇਕਰ ਅੱਜ ਵੀ ਅਸੀ ਅਪਣੀ ਸੋਚ ਨਾ ਬਦਲੀ ਤੇ ਇਸ ਨਰਾਜ਼ ਹੋਈ ਕੁਦਰਤ ਪ੍ਰਤੀ ਅਪਣਾ ਦ੍ਰਿਸ਼ਟੀਕੋਣ ਨਾ ਸੁਧਾਰਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਕੋਵਿਡ-19 ਮਹਾਂਮਾਰੀ ਤੋਂ ਵੀ ਘਾਤਕ ਵਾਇਰਸ ਪੈਦਾ ਹੋਣਗੇ ਜਿਸ ਨਾਲ ਇਸ ਮਨੁੱਖੀ ਜਾਤੀ ਦਾ ਇਸ ਧਰਤੀ ਤੋਂ ਨਾਮੋ-ਨਿਸ਼ਾਨ ਹੀ ਖ਼ਤਮ ਹੋ ਜਾਵੇਗਾ।
-ਗੁਰਸੇਵਕ ਰੰਧਾਵਾ,
ਸੰਪਰਕ : 94636-80877