ਗ਼ਰੀਬ ਦੇ ਘਰ ਵਿਚ ਕਦੋਂ ਆਏਗੀ ਆਜ਼ਾਦੀਏ?
Published : Aug 15, 2023, 7:15 am IST
Updated : Aug 15, 2023, 7:15 am IST
SHARE ARTICLE
Image: For representation purpose only.
Image: For representation purpose only.

‘‘ਕਦੋਂ ਨਫ਼ਰਤਾਂ ਦੇ ਕੋਹੜ ਨੂੰ ਮਿਟਾਏਂਗੀ ਆਜ਼ਾਦੀਏ, ਗ਼ਰੀਬ ਦੇ ਘਰ ਕਦੋਂ ਆਏਂਗੀ ਆਜ਼ਾਦੀਏ’’

 

 

ਬਾਬਾ ਫ਼ਰੀਦ ਜੀ ਦੇ ਪਵਿੱਤਰ ਬੋਲ ਹਨ -
‘‘ਫਰੀਦਾ ਬਾਰਿ ਪਰਾਏ ਬੈਸਣਾ ਸਾਂਈ ਮੁਝੈ ਨਾ ਦੇਹਿ॥ ਜੇ ਤੂੰ ਏਵੈਂ ਰਖਸੀ ਜੀਉ ਸਰੀਰਹੁ ਲੇਹਿ॥’’
ਬਿਲਕੁਲ ਅਟੱਲ ਸੱਚਾਈ ਹੈ ਇਨ੍ਹਾਂ ਪਵਿੱਤਰ ਬੋਲਾਂ ਵਿਚ ਕਿਉਂਕਿ ਅਪਣਾ ਘਰ-ਬਾਰ ਨਾ ਹੋਣਾ ਅਤੇ ਪਰਾਏ ਬੂਹੇ ਦੇ ਸਹਾਰੇ ਹੀ ਜਿਉਣਾ, ਅਪਣੀ ਮਰਜ਼ੀ ਅਨੁਸਾਰ ਜੁਬਾਨ ਤੋਂ ਕੁੱਝ ਕਹਿ ਨਾ ਸਕਣਾ, ਅਜਿਹੀ ਗ਼ੁਲਾਮੀ ਤਾਂ ਮੌਤ ਦੇ ਬਰਾਬਰ ਹੈ। ਅਜਿਹੀ ਗ਼ੁਲਾਮੀ ਹੰਢਾਉਣ ਵਾਲੇ ਲੋਕ ਤਾਂ ਜਿਉਂਦੀਆਂ ਲਾਸ਼ਾਂ ਹੁੰਦੇ ਹਨ। ਇਕ ਕਵੀ ਦੇ ਵੀ ਅਜਿਹੇ ਲਫ਼ਜ਼ ਹਨ :
‘‘ਕਿ ਗ਼ੁਲਾਮੀ ਦੇ ਬੂਟੇ ਦੀ ਕੋਈ ਛਾਂ ਨਹੀਂ ਹੁੰਦੀ,
ਗ਼ੁਲਾਮਾਂ ਦੀ ਅਪਣੀ ਕੋਈ ਥਾਂ ਨਹੀਂ ਹੁੰਦੀ,
ਜ਼ੁਬਾਂ ਹੁੰਦਿਆਂ ਹੋਇਆਂ ਵੀ ਜ਼ੁਬਾਂ ਨਹੀਂ ਹੁੰਦੀ,
ਜ਼ੁਬਾਂ ਹੁੰਦਿਆਂ ਹੋਇਆ ਵੀ ....’’

 

ਬੇਸ਼ੱਕ ਸਾਡੇ ਮਹਾਨ ਦੇਸ਼ ਭਗਤਾਂ, ਗ਼ਦਰੀ ਬਾਬਿਆਂ ਵਲੋਂ ਕੱਟੀਆਂ ਕਾਲੇ ਪਾਣੀ ਦੀਆਂ ਜੇਲ੍ਹਾਂ, ਸਾਡੇ ਮਹਾਨ ਆਜ਼ਾਦੀ ਪ੍ਰਵਾਨਿਆਂ ਵਲੋਂ ਫਾਂਸੀ ਦੇ ਤਖ਼ਤਿਆਂ ਉਤੇ ਦਿਤੀਆਂ ਸ਼ਹਾਦਤਾਂ ਕਾਰਨ ਹੀ ਅਸੀਂ ਭਾਰਤ ਵਾਸੀ ਅੰਗਰੇਜ਼ ਸਾਮਰਾਜ ਦੇ ਬੇਗਾਨੇ ਬੂਹੇ ਦੀ ਗ਼ੁਲਾਮੀ ਵਿਚੋਂ ਮੁਕਤ ਹੋ ਕੇ 15 ਅਗੱਸਤ 1947 ਨੂੰ ਆਜ਼ਾਦ ਭਾਰਤ ਦੇ ਨਾਗਰਿਕ ਤਾਂ ਬਣ ਗਏ ਪ੍ਰੰਤੂ ਆਜ਼ਾਦ ਭਾਰਤ ਦੀਆਂ ਕੁਰਸੀਆਂ ਉੱਤੇ ਬੈਠੇ ਸਾਡੇ ਸਿਆਸੀ ਹੁਕਮਰਾਨ ਸਾਨੂੰ ਉਹ ਸੱਚੀ ਆਜ਼ਾਦੀ ਨਹੀਂ ਦੇ ਸਕੇ ਜੋ ਸਾਡੇ ਮਹਾਨ ਸ਼ਹੀਦ ਚਾਹੁੰਦੇ ਸਨ ਕਿ ਇਥੇ ਹਰ ਗ਼ਰੀਬ ਨੂੰ ਕੁੱਲੀ, ਗੁੱਲੀ, ਜੁੱਲੀ ਹਰ ਵਰਗ ਦੇ ਮਨੁੱਖ ਨੂੰ ਵਿਦਿਅਕ, ਧਾਰਮਕ, ਆਰਥਕ ਆਜ਼ਾਦੀ ਅਤੇ ਹੋਰ ਲੋੜੀਂਦੇ ਹੱਕ ਹਕੂਕ ਮਿਲਣ। ਪਰ ਇਹ ਨੇਤਾ ਇਸ ਦੀ ਬਜਾਏ ਡਰਾਮੇਬਾਜ਼ੀ ਤੇ ਫੋਕੀ ਬਿਆਨਬਾਜ਼ੀ ਵਧੇਰੇ ਕਰਦੇ ਹਨ।

74th Independence Day74th Independence Day

ਇਸ ਦੀ ਤਾਜ਼ਾ ਮਿਸਾਲ ਹੈ ਕਿ ਭਾਜਪਾ ਦੇ ਸੱਤਾਧਾਰੀ ਸਿਆਸਤਦਾਨ ਇਹ ਪ੍ਰਚਾਰ ਕਰਦੇ ਹਨ ਕਿ ‘‘ਹਰ ਘਰ ਤਿੰਰਗਾ’’ ਦਾ ਅਭਿਆਨ ਚਲਾ ਕੇ ਹਰ ਘਰ ਤੇ ਤਿਰੰਗਾ ਲਹਿਰਾ ਕੇ ਦੇਸ਼ ਭਗਤੀ ਦੀ ਭਾਵਨਾ ਹਰ ਨਾਗਰਿਕ ਵਿਚ ਪੈਦਾ ਕੀਤੀ ਜਾਵੇਗੀ। ਪਰ ਅਫ਼ਸੋਸ ਇਹ ਕਿ ਇਹ ਘਰ-ਘਰ ਤਿਰੰਗੇ ਦੀ ਗੱਲ ਤਾਂ ਕਰਦੇ ਹਨ ਪਰ ਘਰ ਘਰ ਰੁਜ਼ਗਾਰ, ਘਰ ਘਰ ਵਿੱਦਿਆ, ਘਰ ਘਰ ਇਲਾਜ, ਘਰ ਘਰ ਅਧਿਕਾਰ ਅਤੇ ਹੋਰ ਮੁੱਢਲੀਆਂ ਲੋੜਾਂ ਦੀ ਗੱਲ ਕਿਉਂ ਨਹੀਂ ਕਰਦੇ? ਸ਼ਾਇਦ ਇਨ੍ਹਾਂ ਦੇ ਮਨਾਂ ਵਿਚ ਇਹ ਬੇਈਮਾਨੀ ਹੈ ਕਿ ਜੇ ਸਾਡੇ ਲੋਕ ਪੜ੍ਹ ਲਿਖ ਗਏ, ਆਤਮ ਨਿਰਭਰ, ਜਾਗਰੂਕ ਹੋ ਗਏ ਤਾਂ ਸਾਨੂੰ ਵੋਟ ਸੋਚ ਸਮਝ ਕੇ ਪਾਉਣਗੇ, ਸਾਡੇ ਬੰਧੂਆ ਵੋਟਰ ਨਹੀਂ ਬਣਨਗੇ। ਇਹ ਘਰ ਘਰ ਤਿੰਰਗਾ ਵਾਲੀ ਡਰਾਮੇਬਾਜ਼ੀ ਪਿਛਲੇ ਸਾਲ ਦੇ ਆਜ਼ਾਦੀ ਦਿਹਾੜੇ ਵੇਲੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਸੀ ਅਤੇ ਤਿਰੰਗਾ ਝੰਡਾ ਸਭ ਨੂੰ ਡਾਕਖਾਨੇ ਵਿਚੋਂ 20 ਰੁਪਏ ਦੇ ਕੇ ਵੀ ਮਿਲਿਆ ਸੀ।

ਇਹ ਵੀ ਖ਼ਬਰਾਂ ਪੜ੍ਹੀਆਂ ਗਈਆਂ ਕਿ ਚੰਡੀਗੜ੍ਹ ਵਿਚ 25 ਰੁਪਏ ਦਾ ਝੰਡਾ ਦਿਤਾ ਗਿਆ ਸੀ ਤੇ ਹੋਰ ਥਾਵਾਂ ਤੇ ਲੰਘਣ ਵਾਲੇ ਲੋਕਾਂ ਨੂੰ ਝੰਡੇ ਵੇਚੇ ਗਏ ਸਨ। ਇਸ ਸਬੰਧੀ ਉਦੋਂ ਇਕ ਵੀਡਿਓ ਵੀ ਨਸ਼ਰ ਹੋਈ ਸੀ ਜਿਸ ਵਿਚੋਂ ਇਕ ਮਜ਼ਦੂਰ ਦੀ ਲਾਚਾਰੀ ਝਲਕ ਰਹੀ ਸੀ ਕਿ ਫ਼ੈਕਟਰੀ ਵਿਚੋਂ ਕੁਝ ਮਜ਼ਦੂਰ ਕੰਮ ਕਰ ਕੇ ਬਾਹਰ ਆ ਰਹੇ ਸਨ ਤਾਂ ਉਨ੍ਹਾਂ ਨੂੰ ਮਜ਼ਦੂਰੀ ਦੇ ਪੈਸੇ ਦੇਣ ਵਾਲਾ ਠੇਕੇਦਾਰ ਦਾ ਆਦਮੀ ਤਿਰੰਗੇ ਝੰਡੇ 20 ਰੁਪਏ ਪ੍ਰਤੀ ਝੰਡਾ ਲੈ ਕੇ ਧੱਕੇ ਨਾਲ ਇਹ ਕਹਿ ਕੇ ਫੜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ 15 ਅਗੱਸਤ ਆਜ਼ਾਦੀ ਦਿਹਾੜੇ ਨੂੰ ਇਹ ਝੰਡੇ ਘਰਾਂ ਉੱਤੇ ਲਹਿਰਾਉਣ ਨੂੰ ਕਿਹਾ ਹੈ, ਦੇਸ਼ ਭਗਤੀ ਦੀ ਭਾਵਨਾ ਵਜੋਂ। ਇਕ ਮਜ਼ਦੂਰ ਉਸ ਨੂੰ ਅੱਗੋਂ ਕਹਿ ਰਿਹਾ ਸੀ, ‘‘ਅਰੇ ਸਾਹਬ ਹਮੇਂ 300 ਰੁਪਏ ਤੋ ਮਜ਼ਦੂਰੀ ਮਿਲੇਗੀ, ਅਭੀ ਘਰ ਮੇਂ ਬੱਚੋਂ ਕੇ ਲੀਏ ਰਾਸ਼ਨ ਔਰ ਦੂੁੱਧ ਆਦਿ ਭੀ ਲੇ ਕਰ ਜਾਨਾ ਹੈ। ਮੈਂਨੇ ਛੋਟੇ ਬਿਮਾਰ ਬੱਚੇ ਕੇ ਲੀਏ ਦਵਾਈ ਲੇਕਰ ਭੀ ਜਾਨੀ ਹੈ, ਯੇ 300 ਰੁਪਏ ਤੋ ਫਿਰ ਭੀ ਕਮ ਪੜਤੇ ਹੈਂ ਔਰ ਉੂਪਰ ਸੇ ਆਪ 20 ਰੁਪਏ ਝੰਡੇ ਕੇ ਕਾਟ ਲੋਗੇ ਤੋ ਮੇਰੇ ਘਰ ਔਰ ਬੱਚੋਂ ਕਾ ਕਿਆ ਹੋਗਾ?’’

ਅਜਿਹੀ ਡਰਾਮੇਬਾਜ਼ੀ ਰਾਹੀਂ ਮੋਦੀ ਜੀ ਨੇ ਕਰੋਨਾ ਕਾਲ ਵੇਲੇ ਵੀ ਥਾਲੀਆਂ ਖੜਕਾ ਕੇ ਕਰੋਨਾ ਭਜਾਉਣ ਲਈ ਕਿਹਾ ਸੀ। ਇਹ ਵੀ ਸੁਣਿਆ ਗਿਆ ਕਿ ਇਹ ਝੰਡੇ ਬਣਾਉਣ ਦਾ ਠੇਕਾ ਵੀ ਸਰਕਾਰ ਨੇ ਕਿਸੇ ਧਨਾਢ ਕੰਪਨੀ ਨੂੰ ਦਿਤਾ ਸੀ। ਪ੍ਰੰਤੂ ਇਥੇ ਸੋਚਣ ਦਾ ਵਿਸ਼ਾ ਇਹ ਹੈ ਕਿ ਸਾਡੇ ਗਰੀਬਾਂ ਦੇ ਦਿਲਾਂ ਵਿਚ ਦੇਸ਼ ਭਗਤੀ ਉਨ੍ਹਾਂ ਨੂੰ ਜ਼ਬਰਦਸਤੀ ਝੰਡੇ ਫੜਾ ਕੇ ਹੋਵੇਗੀ ਕਿ ਉਨ੍ਹਾਂ ਦੇ ਭੁੱਖੇ ਬੱਚਿਆਂ ਲਈ ਪੇਟ ਭਰ ਰਾਸ਼ਨ, ਇਲਾਜ ਲਈ ਦਵਾਈ, ਸਿਰ ਢੱਕਣ ਲਈ ਛੱਤ, ਤਨ ਢੱਕਣ ਲਈ ਕਪੜਾ, ਅਨਪੜ੍ਹਤਾ ਦੂਰ ਕਰਨ ਲਈ ਵਿਦਿਆ ਅਤੇ ਹੋਰ ਮੁਢਲੀਆਂ ਲੋੜਾਂ ਪੂਰੀਆਂ ਮਿਲਣ ਉਪਰੰਤ ਦੇਸ਼ ਭਗਤੀ ਪੈਦਾ ਹੋਵੇਗੀ ਕਿ ਜਾਂ ਅਜਿਹੀ ਡਰਾਮੇਬਾਜ਼ੀ ਨਾਲ ਹੋਵੇਗੀ?

ਗੰਭੀਰਤਾ ਨਾਲ ਵਿਚਾਰੀਏ ਤਾਂ ਉਪਰੋਕਤ ਕੁਰੀਤੀਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਹੀ ਸਾਡੇ ਦੇਸ਼ ਭਗਤ ਆਜ਼ਾਦੀ ਪ੍ਰਵਾਨਿਆਂ ਸ. ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖ਼ਰ ਆਜ਼ਾਦ, ਸ਼ੁਭਾਸ ਚੰਦਰ ਬੋਸ ਅਤੇ ਅਨੇਕਾਂ ਹੀ ਗਦਰੀ ਦੇਸ਼ ਭਗਤਾਂ ਨੇ ਅਪਣੀਆਂ ਜ਼ਿੰਦਗੀਆਂ ਜੇਲ੍ਹਾਂ ਤੇ ਫਾਂਸੀਆਂ ਦੇ ਲੇਖੇ ਲਾ ਦਿਤੀਆਂ ਸਨ। ਸਾਡੇ ਹਜ਼ਾਰਾਂ ਹੀ ਬੇਦੋਸ਼ੇ ਦੇਸ਼ ਵਾਸੀ ਵੀ ਇਸੇ ਕਾਰਨ ਜਲ੍ਹਿਆਂ ਵਾਲੇ ਬਾਗ ਵਿਚ 13 ਅਪ੍ਰੈਲ 1919 ਨੂੰ ਅੰਗਰੇਜ਼ ਹਾਕਮ ਜਰਨਲ ਡਾਇਰ ਦੀਆਂ ਗੋਲੀਆਂ ਨਾਲ ਸ਼ਹੀਦ ਕੀਤੇ ਗਏ ਸਨ। ਖ਼ੈਰ ਭਗਤ ਸਿੰਘ ਨੂੰ ਤਾਂ ਸਾਡੇ ਭਾਰਤੀ ਸਿਆਸਦਾਨਾਂ ਦੀ ਨੀਅਤ ਪ੍ਰਤੀ ਪਹਿਲਾਂ ਹੀ ਸ਼ੰਕਾ ਸੀ, ਇਸੇ ਕਰ ਕੇ ਹੀ ਜੇਲ੍ਹ ਵਿਚੋਂ ਲਿਖੇ ਪੱਤਰਾਂ ਵਿਚ ਉਸ ਨੇ ਅਪਣੀ ਮਾਂ ਨੂੰ ਲਿਖਿਆ ਸੀ - ‘‘ਮਾਂ ਮੈਨੂੰ ਪਤਾ ਹੈ ਕਿ ਸਾਡਾ ਦੇਸ਼ ਜ਼ਰੂਰ ਆਜ਼ਾਦ ਹੋਵੇਗਾ ਪਰ ਉਦੋਂ ਅਸੀ ਨਹੀਂ ਹੋਂਵਾਂਗੇ। ਗੋਰੇ ਸਾਹਿਬਾਂ ਵਲੋਂ ਖ਼ਾਲੀ ਕੀਤੀਆਂ ਕੁਰਸੀਆਂ ਉੱਤੇ ਸਾਡੇ ਕਾਲੇ ਸਾਹਿਬ ਕਾਬਜ਼ ਹੋ ਜਾਣਗੇ ਜੋ ਲੋਕਾਂ ਨੂੰ ਸੱਚੀ ਆਜ਼ਾਦੀ ਨਹੀਂ ਦੇ ਸਕਣਗੇ।’’

ਵੇਖਿਆ ਜਾਵੇ ਤਾਂ ਬਿਲਕੁੱਲ ਇੰਜ ਹੀ ਹੋਇਆ ਹੈ। ਅੱਜ ਸਾਡੇ ਦੇਸ਼ ਦੇ ਕੁੱਲ ਧਨ ਅਤੇ ਸਹੂਲਤਾਂ ਉੱਤੇ ਸਿਰਫ 20% ਧਨਾਢਾਂ ਨੇ ਹੀ ਕਬਜ਼ਾ ਕਰ ਕੇ ਆਜ਼ਾਦੀ ਨੂੰ ਅਪਣੀ ਰਖੇਲ ਬਣਾ ਰਖਿਆ ਹੈ ਕਿਉਂਕਿ ਬਾਕੀ 80% ਲੋਕਾਂ ਵਿਚੋਂ ਬਹੁ ਗਿਣਤੀ ਦੀਆਂ ਤਾਂ ਮੁਢਲੀਆਂ ਅਤਿ ਜ਼ਰੂਰੀ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ। ਕਈ ਧਨਾਢ ਸਿਆਸੀ ਮਿਲੀ ਭੁਗਤ ਨਾਲ ਦੇਸ਼ ਦੇ ਬੈਂਕਾਂ ਦੇ ਕਰੋੜਾਂ, ਅਰਬਾਂ ਰੁਪਏ ਲੈ ਕੇ ਵਿਦੇਸ਼ੀਂ ਜਾ ਬੈਠੇ ਹਨ ਅਤੇ ਕਈ ਅਜਿਹੇ ਬੈਂਕ ਡਿਫਾਲਟਰਾਂ ਦੇ ਕਰਜ਼ੇ ਵੀ ਕਿਸੇ ਸਰਕਾਰੀ ਮਿਲੀ ਭੁਗਤ ਵਾਲੀ ਸਕੀਮ ਨਾਲ ਮਾਫ਼ ਕੀਤੇ ਗਏ ਹਨ ਜਦ ਕਿ ਕਿਸੇ ਗ਼ਰੀਬ ਲਈ ਸਰਕਾਰੀ ਨਿਯਮ ਬਿਲਕੁੱਲ ਵਖਰੇ ਅਤੇ ਕਠਿਨ ਹਨ ਜਿਸ ਕਾਰਨ ਹੀ ਗ਼ਰੀਬ ਦੀ ਹਾਲਤ ਦਿਨੋਂ ਦਿਨ ਹਰ ਪੱਖੋਂ ਅਤਿ ਭੈੜੀ ਹੋ ਰਹੀ ਹੈ। ਜੋ ਗ਼ਦਾਰ ਲੋਕ ਕਾਲੇ ਪਾਣੀ ਦੀਆਂ ਜੇਲ੍ਹਾਂ ਵਿਚੋਂ ਮਾਫ਼ੀਆਂ ਲਿਖ ਕੇ ਘਰਾਂ ਨੂੰ ਆ ਗਏ ਸਨ ਉਨ੍ਹਾਂ ਨੂੰ ਤਾਂ ਇਹ ਨੇਤਾ ਸ਼ਹੀਦ ਕਹਿ ਕੇ ਸਤਿਕਾਰਦੇ ਹਨ ਪਰ ਅਸਲ ਦੇਸ਼ ਭਗਤ ਸ਼ਹੀਦਾਂ ਪ੍ਰਤੀ ਗੰਭੀਰ ਨਹੀਂ ਹਨ।

 

ਇਨ੍ਹਾਂ ਦੇਸ਼ ਭਗਤ ਪ੍ਰਵਾਰਾਂ ਦੇ ਵਡੇਰੇ ਆਜ਼ਾਦੀ ਲਈ ਕੁਰਬਾਨ ਹੋਏ, ਜਿਨ੍ਹਾਂ ਮਜ਼ਦੂਰਾਂ ਨੇ ਆਜ਼ਾਦੀ ਉਪਰੰਤ ਦੇਸ਼ ਦੇ ਵਿਕਾਸ ਲਈ ਸੜਕਾਂ, ਨਹਿਰਾਂ, ਫ਼ੈਕਟਰੀਆਂ ਆਦਿ ਬਣਾਉਣ ਅਤੇ ਦੇਸ਼ ਦੇ ਅੰਨ ਭੰਡਾਰ ਭਰਨ ਵਿਚ ਅਪਣਾ ਖ਼ੂਨ ਪਸੀਨਾ ਵਹਾ ਕੇ ਮਿਹਨਤ ਕੀਤੀ ਉਨ੍ਹਾਂ ਵਿਚੋਂ ਬਹੁ ਗਿਣਤੀ ਢਿਡੋਂ ਭੁੱਖੇ ਅਤੇ ਬਗ਼ੈਰ ਇਲਾਜ ਤੋਂ ਮਰ ਜਾਂਦੇ ਹਨ। ਅਜਿਹੇ ਕੁੱਝ ਗ਼ਦਾਰਾਂ ਦੀਆਂ ਨਿਸ਼ਾਨੀਆਂ ਅੱਜ ਆਜ਼ਾਦ ਭਾਰਤ ਵਿਚ ਤਾਕਤਵਰ ਬਣੇ ਸਿਆਸੀ ਲੀਡਰਾਂ ਦੇ ਰੂਪ ਵਿਚ ਸੱਤਾ ਦੇ ਸੁੱਖ ਮਾਣਦੀਆਂ ਵੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿਚੋਂ ਕੁੱਝ ਖ਼ਾਨਦਾਨ ਉਹ ਵੀ ਹਨ ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ਼ ਦੀ ਕਤਲੋਗਾਰਤ ਦੇ ਦੋਸ਼ੀ ਮਾਈਕਲ ਓਡਵਾਇਰ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ ਸੀ। ਇਹ ਅਜ਼ਾਦੀ ਸਾਨੂੰ ਪਹਿਲਾਂ ਹੀ ਮਿਲ ਜਾਣੀ ਸੀ ਜੇ ਇਹ ਗ਼ਦਾਰ ਲੋਕ ਨਵਾਬੀਆਂ, ਸਫ਼ੈਦ ਪੋਸ਼ੀਆਂ ਅਤੇ ਹੋਰ ਲਾਲਚਾਂ ਲਈ ਸ਼ਹੀਦਾਂ ਦੀਆਂ ਮੁਖਬਰੀਆਂ ਨਾ ਕਰਦੇ।

ਬੇਸ਼ੱਕ ਅੱਜ ਅਸੀਂ 15 ਅਗੱਸਤ ਨੂੰ ਸਾਡਾ ਆਜ਼ਾਦੀ ਦਿਹਾੜਾ ਬੜੇ ਜਸ਼ਨਾਂ ਨਾਲ ਮਨਾਉਂਦੇ ਹਾਂ ਪ੍ਰੰਤੂ ਇਹ ਵੀ ਸੱਚ ਹੈ ਕਿ ਸਾਨੂੰ ਇਸ ਆਜ਼ਾਦੀ ਲਈ ਬੜਾ ਮਹਿੰਗਾ ਮੁੱਲ ਤਾਰਨਾ ਪਿਆ ਸੀ ਜਦੋਂ ਕਿ ਆਜ਼ਾਦੀ ਉਪਰੰਤ ਦੇਸ਼ ਦਾ ਬਟਵਾਰਾ ਹੋ ਗਿਆ ਤੇ ਫਿਰਕੂ ਦੰਗੇ ਫ਼ਸਾਦ ਸ਼ੁਰੂ ਹੋ ਗਏ ਜਿਨ੍ਹਾਂ ਵਿਚ ਕਰੀਬ 10 ਲੱਖ ਲੋਕ ਮਾਰੇ ਗਏ ਅਤੇ ਕਰੀਬ 1 ਕਰੋੜ ਘਰੋਂ ਬੇਘਰ ਹੋ ਗਏ। ਸਰਹੱਦਾਂ ਦੇ ਆਰ-ਪਾਰ ਲੁੱਟੇ ਪੁੱਟੇ ਗਏ ਪ੍ਰਵਾਰਾਂ, ਬੇਰਹਿਮ ਕਤਲਾਂ ਤੇ ਧੀਆਂ ਭੈਣਾਂ ਦੀਆਂ ਬੇਪਤੀਆਂ ਦੀ ਦਾਸਤਾਨ ਸੁਣਨ ਵੇਲੇ ਅੱਖਾਂ ਵਿਚ ਹੰਝੂ ਆ ਜਾਂਦੇ ਹਨ ਕਿ ਉਦੋਂ ਲੋਕਾਂ ਦਾ ਖ਼ੂਨ ਕਿਵੇਂ ਚਿੱਟਾ ਹੋ ਗਿਆ ਸੀ ਪਰ ਫਿਰ ਵੀ ਕੁੱਝ ਹਿੰਦੂ, ਸਿੱਖ, ਮੁਸਲਮਾਨ ਪ੍ਰਵਾਰ ਜੋ ਅਣਵੰਡੇ ਭਾਰਤ ਵਿਚ ਭਰਾਵਾਂ ਦੀ ਤਰ੍ਹਾਂ ਪਿਆਰ ਨਾਲ ਰਹਿੰਦੇ ਸਨ, ਉਨ੍ਹਾਂ ਨੇ ਇਕ ਦੂਜੇ ਦੀ ਮਦਦ ਕਰ ਕੇ ਸਰਹੱਦਾਂ ਪਾਰ ਕਰਵਾਉਣ ਦੀ ਪੂਰੀ ਵਾਹ ਲਾਈ।

ਦਰਅਸਲ ਆਮ ਲੋਕ ਅਜਿਹੀ ਵੰਡ ਨਹੀਂ ਚਾਹੁੰਦੇ ਸਨ, ਇਹ ਤਾਂ ਸਾਡੇ ਧਾਰਮਕ ਸਿਆਸੀ ਨੇਤਾਵਾਂ ਨੇ ਜੋ ਵੰਡੇ ਹੋਏ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣਨ ਲਈ ਉਤਾਵਲੇ ਸਨ ਨੇ ਅਜਿਹਾ ਧਾਰਮਕ ਦੰਗੇ ਫ਼ਸਾਦਾਂ ਵਾਲਾ ਮਾਹੌਲ ਸਾਜ਼ਸ਼ਾਂ ਨਾਲ ਪੈਦਾ ਕਰ ਦਿਤਾ ਕਿ ਭਾਰਤ ਧਰਮਾਂ ਦੇ ਆਧਾਰ ਤੇ ਵੰਡਿਆ ਜਾਵੇ ਜਿਸ ਦਾ ਜ਼ਿਕਰ ਗਿਆਨੀ ਸੋਹਣ ਸਿੰਘ ਸੀਤਲ ਅਪਣੇ ਇਕ ਨਾਵਲ ਵਿਚ ਕਰਦੇ ਹਨ ਕਿ ਸਿਆਸੀ ਏਜੰਟਾਂ ਨੇ ਮੰਦਰਾਂ ਵਿਚ ਗਊ ਦੀਆਂ ਪੂਛਾਂ ਵੱਢ ਕੇ ਸੁੱਟੀਆਂ, ਮਸਜਿਦਾਂ ਵਿਚ ਸੂਰ ਦੇ ਸਿਰ ਵੱਢ ਕੇ ਸੁੱਟੇ ਅਤੇ ਗੁਰਦੁਆਰਿਆਂ ਵਿਚ ਬੀੜੀਆਂ ਸਿਗਰਟਾਂ ਸੁੱਟ ਦਿਤੀਆਂ ਜਿਸ ਨਾਲ ਆਪਸ ਵਿਚ ਧਾਰਮਕ ਦੰਗੇ ਸ਼ੁਰੂ ਹੋਏ ਜਿਸ ਦੇ ਸਿੱਟੇ ਵਜੋਂ ਹਿੰਦੁਸਤਾਨ ਅਤੇ ਪਾਕਿਸਤਾਨ ਬਣੇ। ਇੰਨੇ ਮਹਿੰਗੇ ਮੁੱਲ ਮਿਲੀ ਅਜ਼ਾਦੀ ਵਾਲੇ ਭਾਰਤ/ਹਿੰਦੂਸਤਾਨ ਦੇ ਨੇਤਾ ਸ਼ਹੀਦਾਂ ਦੇ ਸੁਪਨਿਆਂ ਪ੍ਰਤੀ ਵਫ਼ਾਦਾਰ ਨਾ ਹੋਏ ਅਤੇ ਅੱਜ ਵੀ ਦੇਸ਼ ਵਿਚ ਗ਼ਰੀਬੀ ਅਮੀਰੀ ਦਾ ਪਾੜਾ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਬੇਇਨਸਾਫ਼ੀ ਤੇ ਭੁੱਖਮਰੀ ਅਮਰਵੇਲ ਦੀ ਤਰ੍ਹਾਂ ਵੱਧੇ ਹਨ ਉਥੇ ਨਸ਼ਾ ਤਸੱਕਰੀ ਤੇ ਨਸ਼ਾ, ਔਰਤਾਂ ਦੇ ਬਲਾਤਕਾਰ ਅਤੇ ਅਗਵਾ ਕਾਂਡ, ਗੈਂਗਵਾਰਾਂ, ਕਤਲੋਗਾਰਤਾਂ, ਸਿਆਸੀ ਵੰਸ਼ਵਾਦ ਤੇ ਹੋਰ ਅਨੇਕਾਂ ਜੁਰਮ ਵੀ ਕੰਟਰੋਲ ਤੋਂ ਬਾਹਰ ਹਨ।

 

ਅੱਜ ਧਾਰਮਕ ਤੇ ਫ਼ਿਰਕੂ ਕੱਟੜਤਾ ਦੇ ਨਾਂ ਤੇ ਵੱਡੀਆਂ ਵੱਡੀਆਂ ਦਿਸ਼ਾਹੀਣ ਭੀੜਾਂ ਤੇ ਜਲੂਸ ਮੰਨੂਵਾਦੀ ਸੱਤਾਧਾਰੀਆਂ ਵਲੋਂ ਕੱਢੇ ਜਾਂਦੇ ਹਨ ਜਿਥੇ ਜਾਤੀਵਾਦ, ਗਊ ਰਖਿਆ ਤੇ ਗਊ ਨੂੰ ਮਾਤਾ ਕਹਿਣ ਦਾ ਵਿਸ਼ਾ ਅਤੇ ਜੈ ਸ੍ਰੀ ਰਾਮ ਆਖਣ ਦਾ ਮੁੱਦਾ ਆਮਤੌਰ ਤੇ ਢਾਲ ਬਣਾਏ ਜਾਂਦੇ ਹਨ ਅਤੇ ਇਕ ਦੂਜੇ ਉੱਤੇ ਹਮਲੇ ਕਰਵਾ ਕੇ ਗ਼ਰੀਬਾਂ, ਦਲਿਤਾਂ ਅਤੇ ਘੱਟ ਗਿਣਤੀਆਂ ਉੱਤੇ ਵਿਸ਼ੇਸ਼ ਕਰ ਜ਼ੁਲਮ ਕੀਤੇ ਜਾਂਦੇ ਹਨ।  ਇਨ੍ਹਾਂ ਦੀਆਂ ਗ਼ਰੀਬ ਔਰਤਾਂ ਨਾਲ ਬਲਾਤਕਾਰ ਵੀ ਧਨਾਢ ਲੋਕ ਹੀ ਕਰਦੇ ਹਨ, ਕੋਈ ਇਨਸਾਫ਼ ਨਹੀਂ ਮਿਲਦਾ ਜਿਸ ਦੀਆਂ ਕਈ ਪ੍ਰਤੱਖ ਮਿਸਾਲਾਂ ਅੱਜ ਤੱਥਾਂ ਸਹਿਤ ਮੋਜੂਦ ਹਨ ਜਿਵੇਂ ਕਿ ਸਤੰਬਰ 2020 ਨੂੰ ਯੂ.ਪੀ. ਦੇ ਹਾਥਰਸ ਵਿਖੇ 19 ਸਾਲ ਦੀ ਇਕ ਦਲਿਤ ਲੜਕੀ ਨਾਲ ਵਾਪਰੇ ਸਮੂਹਕ ਜਬਰ-ਜਿਨਾਹ ਕਾਂਡ ਵਿਚ ਮੌਕੇ ਦੀ ਪੁਲਿਸ ਨੇ ਪੀੜਤ ਪ੍ਰਵਾਰ ਨੂੰ ਦੱਸੇ ਬਗੈਰ ਹੀ ਇਸ ਮਿ੍ਰਤਕ ਲੜਕੀ ਦਾ ਸੰਸਕਾਰ ਕਰ ਦਿਤਾ ਸੀ, ਸਬੂਤ ਮਿਟਾਉਣ ਅਤੇ ਦੋਸ਼ੀ ਧਨਾਢਾਂ ਦੀ ਮਦਦ ਲਈ। ਪੀੜਤ ਪ੍ਰਵਾਰ ਤੇ ਵੀ ਬੜੇ ਜ਼ੁਲਮ ਕੀਤੇ ਗਏ ਪਰ ਦਲਿਤ ਸੰਗਠਨਾਂ ਵਲੋਂ ਰੋਸ ਪ੍ਰਦਰਸ਼ਨ ਕਰ ਕੇ ਇਨਸਾਫ ਮੰਗਣ ਮਗਰੋਂ 4 ਦੋਸ਼ੀ ਫੜੇ ਗਏ ਸਨ ਜੋ ਹੁਣ ਤਿੰਨ ਸਾਲਾਂ ਬਾਅਦ ਜ਼ਿਲ੍ਹਾ ਅਦਾਲਤ ਨੇ ਇਹ ਕਹਿ ਕੇ ਬਰੀ ਕਰ ਦਿਤੇ ਹਨ ਕਿ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਕੋਈ ਪੁਖਤਾ ਸਬੂਤ ਨਹੀਂ ਮਿਲੇ। ਦਰਅਸਲ  ਸਬੂਤ ਕੀ ਮਿਲਣੇ ਸੀ ਕਿਉਂਕਿ ਇੰਨੀ ਢਿੱਲੀ ਤੇ ਲੰਮੀ ਅਦਾਲਤੀ ਪ੍ਰਕਿਰਿਆ ਦੋਰਾਨ ਹੀ ਧਨਾਢ ਦੋਸ਼ੀਆਂ ਵਲੋਂ ਪੈਸੇ, ਸਿਆਸੀ ਰਸੂਖ ਦੇ ਜ਼ੋਰ ਨਾਲ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਸਬੂਤ ਮਿਟਾ ਦਿਤੇ ਜਾਂਦੇ ਹਨ।

BJP BJP

ਇਸ ਜ਼ੁਲਮ ਦੇ ਜ਼ਖ਼ਮ ਤਾਂ ਅਜੇ ਅੱਲੇ ਹੀ ਸਨ ਕਿ ਅਜਿਹੀ ਦਰਿੰਦਗੀ ਭਰੀ ਇਕ ਹੋਰ ਘਟਨਾ ਇਸੇ ਮਈ-ਜੂਨ ਨੂੰ ਮਨੀਪੁਰ ਵਿਖੇ ਵਾਪਰੀ। ਦਰਅਸਲ ਇਥੇ ਦੋ ਫ਼ਿਰਕਿਆਂ ਵਿਚ ਜਿਵੇਂ ਕਿ ਕੁਕੀ ਜੋ ਈਸਾਈ ਮਤ ਹੈ ਅਤੇ ਜੰਗਲਾਂ ਦਾ ਆਦਿਵਾਸੀ ਹੈ ਅਤੇ ਦੂਜਾ ਮੇਤੈਈ ਫ਼ਿਰਕਾ ਹੈ ਜੋ ਹਿੰਦੂ ਵਰਗ ਹੈ। ਇੰਨ੍ਹਾਂ ਦੋਹਾਂ ਵਿਚ ਫ਼ਿਰਕੂ ਝਗੜੇ ਤਾਂ ਪਹਿਲਾਂ ਹੀ ਹੋ ਰਹੇ ਸਨ। ਇਸੇ ਦੌਰਾਨ 4 ਮਈ ਨੂੰ ਕੁਕੀ ਫ਼ਿਰਕੇ ਦੀਆਂ ਦੋ ਔਰਤਾਂ ਨੂੰ ਅਲਫ਼ ਨੰਗਾ ਕਰ ਕੇ ਪਰੇਡ ਕਰਵਾਈ ਗਈ ਅਤੇ ਇੱਕਠੀ ਹੋਈ ਸ਼ਰਾਰਤੀ ਤੇ ਤਮਾਸ਼ਬੀਨ ਭੀੜ ਵਲੋਂ ਔਰਤਾਂ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰ ਕੇ ਜ਼ਬਰ ਜਨਾਹ ਵਰਗਾ ਕਾਰਾ ਕੀਤਾ ਜਾ ਰਿਹਾ ਸੀ ਅਤੇ ਭੀੜ ਵਲੋਂ ਹਾਸਾ ਮਚਾਇਆ ਜਾ ਰਿਹਾ ਸੀ ਪਰ ਅਫ਼ਸੋਸ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਫਿਰ ਵੀ ਚੁੱਪ ਰਹੇ। ਦੋਸ਼ੀਆਂ ਨੇ ਇਹ ਸਾਰੀ ਵੀਡਿਓ ਬਣਾਈ ਸੀ ਜੋ ਇਸੇ 10 ਜੂਨ ਨੂੰ ਸਾਹਮਣੇ ਆਈ ਤਾਂ ਫਿਰ ਜਨਤਾ ਵਿਚ ਰੋਲਾ ਪਿਆ ਤੇ ਇਨਸਾਫ਼ ਦੀ ਮੰਗ ਦੇ ਪ੍ਰਦਰਸ਼ਨ ਹੋਏ। ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਸਖ਼ਤ ਨਿਰਦੇਸ਼ ਦਿਤੇ ਤਾਂ ਜਾ ਕੇ ਕਿਤੇ ਦੋਸ਼ੀ ਫੜ ਤਾਂ ਲਏ ਪਰ ਦੰਗੇ ਫ਼ਸਾਦ ਤੇ ਮਾਰ ਧਾੜ ਅਜੇ ਵੀ ਜਾਰੀ ਹੈ ਜਿਥੇ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ ਪਰ ਇਸ ਬਾਰੇ ਸਰਕਾਰ ਗੰਭੀਰ ਨਹੀਂ ਜਾਪਦੀ ਅਤੇ ਸਾਡੇ ਪ੍ਰਧਾਨ ਮੰਤਰੀ ਜੀ ਵੀ ਚੁੱਪ ਹਨ।

ਇਸ ਜ਼ੁਲਮ ਦੇ ਪੀੜਤ ਲੋਕ ਇਹ ਤਾਂ ਜ਼ਰੂਰ ਸੋਚਦੇ ਹੋਣਗੇ ਕਿ ਕੀ ਅਸੀਂ ਆਜ਼ਾਦ ਭਾਰਤ ਵਿਚ ਰਹਿ ਰਹੇ ਹਾਂ? ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਹੈ ਕਿ ਬੇਸ਼ੱਕ ਸਾਡੇ ਦੇਸ਼ ਵਲੋਂ ਅੱਜ ਚੰਦਰ ਯਾਨ ਛੱਡਣ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ ਪਰ ਇਹ ਸਭ ਤਾਂ ਹੀ ਚੰਗਾ ਲੱਗੇਗਾ ਜੇ ਇਸ ਆਜ਼ਾਦੀ ਦਿਹਾੜੇ ਤੇ ਸਾਡੇ ਮਹਾਨ ਆਜ਼ਾਦੀ ਪਰਵਾਨਿਆਂ ਨੂੰ ਸੱਚਾ ਸਤਿਕਾਰ ਦਿੰਦੇ ਹੋਏ ਇਨ੍ਹਾਂ ਦਿਸ਼ਾਹੀਣ ਭੀੜਾਂ ਨਾਲ ਹੁੰਦੇ ਅਜਿਹੇ ਫ਼ਿਰਕੂ ਫ਼ਸਾਦਾਂ ਅਤੇ ਜੋ ਫ਼ਿਰਕੂ ਲੋਕ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਹਨ ਇਸ ਸਭ ਨੂੰ ਸਖ਼ਤੀ ਅਤੇ ਇਮਾਨਦਾਰੀ ਨਾਲ ਰੋਕਿਆ ਜਾਵੇ ਤਾਕਿ ਸਾਡੇ ਹਰ ਵਰਗ ਦੇ ਲੋਕ ਸਾਡੇ ਆਜ਼ਾਦ ਭਾਰਤ ਵਿਚ ਅਮਨ ਅਤੇ ਸ਼ਾਂਤੀ ਨਾਲ ਰਹਿ ਸਕਣ।

ਸ. ਦਲਬੀਰ ਸਿੰਘ ਧਾਲੀਵਾਲ, ਪਟਿਆਲਾ
ਮੋ. 86993-22704

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Cyber Crime : ਬੰਦੇ ਨਾਲ 51 Lakh ਦੀ ਹੋਈ ਠੱਗੀ, 24 ਦਿਨ ਵੀਡੀਓ Call ਨਾਲ ਲਗਾਤਾਰ ਬੰਨ੍ਹ ਕੇ ਰੱਖਿਆ!

04 Nov 2024 1:12 PM

ਕਿਸਾਨਾਂ ਨੂੰ ਤੱਤੀਆਂ ਸੁਣਾਉਣ ਵਾਲੇ Harjit Grewal ਨੇ ਮੰਨੀ ਗਲਤੀ ਅਤੇ ਕਿਸਾਨਾਂ ਦੇ ਹੱਕ ’ਚ ਡਟਣ ਦਾ ਕਰਤਾ ਐਲਾਨ!

04 Nov 2024 1:11 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Nov 2024 11:24 AM

Amritsar ਸਭ ਤੋਂ ਪ੍ਰਦੂਸ਼ਿਤ ! Diwali ਮਗਰੋਂ ਹੋ ਗਿਆ ਬੁਰਾ ਹਾਲ, ਅਸਮਾਨ 'ਚ ਨਜ਼ਰ ਆ ਰਿਹਾ ਧੂੰਆਂ ਹੀ ਧੂੰਆਂ

03 Nov 2024 11:17 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ |

02 Nov 2024 1:17 PM
Advertisement