ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨਾਲ 2018 ’ਚ
Every leader of Akali Dal wants that all the power should always change in this party with time: ਸਵਾਲ: ਤੁਸੀਂ ਪੰਜਾਬ ਲਈ ਅਪਣਾ ਪੂਰਾ ਜੀਵਨ ਕੁਰਬਾਨ ਕਰ ਦਿਤਾ। ਤੁਸੀਂ ਪੰਜਾਬ ਦੀ ਆਵਾਜ਼ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹੋ। ਕੀ ਤੁਹਾਨੂੰ ਲਗਦਾ ਹੈ ਕਿ ਪੰਜਾਬ ਨੂੰ ਉਹ ਆਵਾਜ਼ ਮਿਲ ਗਈ ਹੈ?
ਜਵਾਬ : ਪੰਜਾਬ ਨੂੰ ਆਵਾਜ਼ ਮਿਲਣ ਦਾ ਕੋਈ ਕਾਰਨ ਹੀ ਨਹੀਂ ਕਿਉਂਕਿ 1947 ਦੀ ਲੀਡਰਸ਼ਿਪ ਹੁਣ ਨਾਲੋਂ ਵਧੀਆ ਸੀ। ਪਰ ਉਸ ਦੇ ਹੱਥ ਬੰਨ੍ਹੇ ਹੋਏ ਸਨ। ਉਹ ਇਹ ਚਾਹੁੰਦੇ ਸਨ ਕਿ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ। ਉਹ 3-4 ਸਾਲ ਇਸੇ ਗੱਲ ’ਤੇ ਜ਼ੋਰ ਦਿੰਦੇ ਰਹੇ ਕਿ ਵਾਅਦੇ ਪੂਰੇ ਕਰੋ। ਕੇਂਦਰ ਤੋਂ ਜਵਾਬ ਮਿਲਣ ਤੋਂ ਬਾਅਦ ਉਨ੍ਹਾਂ ਨੇ 4 ਸਾਲ ਬਾਅਦ 1951 ’ਚ ਇਕ ਰਣਨੀਤੀ ਬਣਾਈ ਕਿ ਸਾਰੇ ਹਿੰਦੁਸਤਾਨ ਨੂੰ ਭਾਸ਼ਾਈ ਸੂਬਿਆਂ ’ਚ ਵੰਡਿਆ ਜਾ ਰਿਹਾ ਹੈ, ਅਸੀਂ ਵੀ ਇਕ ਪੰਜਾਬੀ ਸੂਬਾ ਲੈ ਲਈਏ ਤਾਂ ਜੋ ਸਿੱਖਾਂ ਦੀ ਆਬਾਦੀ ਵਧਾ ਕੇ ਅਪਣੀਆਂ ਮੰਗਾਂ ਮੰਨਵਾ ਲਈਏ। ਪੰਜਾਬ ਦੀਆਂ ਮੰਗਾਂ ਇਸ ਗੱਲ ’ਤੇ ਨਿਰਭਰ ਕਰਦੀਆਂ ਸਨ ਕਿ ਜਿਹੜੇ ਸਿੱਖਾਂ ਵਲੋਂ ਲੀਡਰਸ਼ਿਪ ਬਣਾਈ ਗਈ ਹੈ, ਉਹ ਅਪਣੇ ਅਸੂਲਾਂ ਉਤੇ ਕਿੰਨੀ ਕੁ ਕਾਇਮ ਰਹਿੰਦੀ ਹੈ।
ਬਦਕਿਸਮਤੀ ਨਾਲ 1951 ’ਚ ਵੀ ਬਹੁਤ ਸਾਰੇ ਸਿੱਖ ਅਕਾਲੀ ਲੀਡਰ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਇਕ ਸਮਾਂ ਅਜਿਹਾ ਆ ਗਿਆ ਸੀ ਜਦੋਂ ਅਕਾਲੀ ਦਲ ਦਾ ਪ੍ਰਧਾਨ ਇਕੱਲਾ ਰਹਿ ਗਿਆ ਤੇ ਉਸ ਦੇ ਸਾਰੇ ਸਾਥੀ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹ ਆਮ ਸਿੱਖ ਨੂੰ ਇਹ ਸਮਝਾ ਸਕੇ ਕਿ ਸਾਡਾ ਲੜਨਾ ਤੇ ਅਪਣੀਆਂ ਮੰਗਾਂ ਲਈ ਡਟੇ ਰਹਿਣਾ ਜ਼ਰੂਰੀ ਹੈ। 1966 ਵਿਚ ਉਨ੍ਹਾਂ ਨੇ ਪੰਜਾਬੀ ਸੂਬਾ ਲੈ ਲਿਆ। 1966 ਤੋਂ ਲੈ ਕੇ ਅੱਜ ਤਕ ਅਸੀਂ ਪੰਜਾਬ ਦੀ ਰਾਜਧਾਨੀ ਨਹੀਂ ਲੈ ਸਕੇ। ਜਿਸ ਪੰਜਾਬ ਨੂੰ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਨੇ 15 ਸਾਲਾਂ ਵਿਚ ਲੈ ਲਿਆ ਸੀ, ਉਸ ਪੰਜਾਬ ਦੀ ਲੀਡਰਸ਼ਿਪ ਅੱਜ ਤਕ ਉਸ ਦੀ ਰਾਜਧਾਨੀ ਵੀ ਨਹੀਂ ਲੈ ਸਕੀ।
ਸਵਾਲ: ਉਸ ਸਮੇਂ ਤੇ ਹੁਣ ਦੀ ਲੀਡਰਸ਼ਿਪ ’ਚ ਬਹੁਤ ਅੰਤਰ ਆ ਗਿਆ ਹੈ। ਅੱਜ ਅਕਾਲੀ ਦਲ ਵਿਚ ਜਿਹੜਾ ਉਭਾਰ ਆ ਰਿਹਾ ਹੈ ਕਿ ਪੁਰਾਣੇ ਲੀਡਰ ਵਾਪਸ ਆ ਰਹੇ ਹਨ। ਤੁਹਾਨੂੰ ਕੀ ਲਗਦਾ ਹੈ ਕਿ ਉਹ ਲੀਡਰ ਪੰਜਾਬ ਨੂੰ ਉਸ ਸ਼ਾਨ ਤਕ ਲੈ ਕੇ ਜਾ ਸਕਦੇ ਹਨ?
ਜਵਾਬ: ਪੰਜਾਬ ਨੂੰ ਉਚਾਈਆਂ ’ਤੇ ਇਹ ਲੀਡਰ ਵੀ ਲਿਜਾ ਸਕਦੇ ਹਨ। ਪ੍ਰੰਤੂ ਜਿਨ੍ਹਾਂ ਹਾਕਮਾਂ ’ਚ ਇਹ ਰੁਚੀ ਆ ਜਾਂਦੀ ਹੈ ਕਿ ਜੋ ਵੀ ਫ਼ਾਇਦਾ ਲੈਣਾ ਹੈ, ਮੈਂ ਅਪਣੇ ਲਈ ਹੀ ਲੈਣਾ ਹੈ। ਫਿਰ ਕੌਮ ਤੇ ਪੰਜਾਬ ਲਈ ਤਾਂ ਨੰਬਰ ਦੋ-ਤਿੰਨ ’ਤੇ ਗੱਲ ਪਹੁੰਚ ਜਾਂਦੀ ਹੈ। ਹੁਣ ਤਾਂ ਦੋ-ਤਿੰਨ ਨੰਬਰ ਵੀ ਨਹੀਂ ਰਹੇ, ਸਾਰੇ ਦਾ ਸਾਰਾ ਫ਼ਾਇਦਾ ਹੁਣ ਉਹ ਹਾਕਮ ਅਪਣੇ ਲਈ ਲੈ ਰਹੇ ਹਨ। ਇਹ ਨਹੀਂ ਕਿ ਚੰਗੇ ਜਿਹੜੇ ਸੀ ਉਹ ਮਰ ਗਏ ਤੇ ਹੁਣ ਅੱਗੇ ਨੂੰ ਕੋਈ ਚੰਗਾ ਆਗੂ ਨਹੀਂ ਆਵੇਗਾ। ਨਹੀਂ, ਅੱਗੇ ਇਨ੍ਹਾਂ ਨਾਲੋਂ ਵੀ ਵਧੀਆ ਲੀਡਰ ਆ ਸਕਦੇ ਹਨ ਪਰ ਉਨ੍ਹਾਂ ਨੂੰ ਅਪਣੀਆਂ ਨਿੱਜੀ ਖ਼ਵਾਹਿਸ਼ਾਂ ਖ਼ਤਮ ਕਰਨੀਆਂ ਪੈਣਗੀਆਂ।
ਸਵਾਲ : ਜੇ ਸਿਰਫ਼ ਬਾਦਲ ਪ੍ਰਵਾਰ ਦੀ ਗੱਲ ਕਰੀਏ ਤਾਂ ਕੀ ਬਾਦਲ ਪ੍ਰਵਾਰ ਅਕਾਲੀ ਦਲ ਲਈ ਇਕ ਬਿਮਾਰੀ ਹੈ ਜਾਂ ਉਸ ਦੇ ਕੋਈ ਲੱਛਣ ਹਨ?
ਜਵਾਬ : ਇਹ ਬਿਮਾਰੀ ਬਿਲਕੁਲ ਨਹੀਂ ਹਨ। ਇਹ ਰਾਜਸੱਤਾ ਜੋ ਉਨ੍ਹਾਂ ਨੂੰ ਦਿਤੀ ਗਈ ਸੀ ਕਿ ਕੇਂਦਰ ਵਾਲੇ 1947 ਤੋਂ ਬਾਅਦ ਅਪਣੇ ਲੋਕਾਂ ਦੀਆਂ ਗੱਲਾਂ ਭੁੱਲ ਜਾਣ। ਮਦਰਾਸ ’ਚ ਵੀ ਡੀ.ਐਮ.ਕੇ. ਪਾਰਟੀ ਹਿੰਦੁਸਤਾਨ ਤੋਂ ਵੱਖ ਹੋਣਾ ਚਾਹੁੰਦੀ ਸੀ। ਉਹ ਮੰਨਦੇ ਨਹੀਂ ਸੀ। ਉਹ ਹਰ ਗੱਲ ਉੱਤੇ ਅੜ ਜਾਂਦੇ ਸਨ। ਕੇਂਦਰ ਵਾਲਿਆਂ ਨੇ ਸਿਆਣਪ ਵਰਤੀ ਤੇ ਕਿਹਾ ਕਿ ਤੁਸੀਂ ਸੱਤਾ ਲੈ ਲਉ। ਉਨ੍ਹਾਂ ਨੂੰ ਸੱਤਾ ਦੇ ਕੇ, ਉਨ੍ਹਾਂ ਦੀ ਪਾਲਿਸੀ ਖ਼ਤਮ ਕਰ ਦਿਤੀ। ਇਹੀ ਕੁੱਝ ਪੰਜਾਬ ’ਚ ਕੀਤਾ ਗਿਆ। ਇਨ੍ਹਾਂ ਨੂੰ ਸੱਤਾ ਦੇ ਦਿਤੀ ਕਿ ਤੁਸੀਂ ਜੋ ਮਰਜ਼ੀ ਭ੍ਰਿਸ਼ਟਾਚਾਰ ਕਰੋ, ਸੱਭ ਕੁੱਝ ਇਕੱਠਾ ਕਰ ਲਵੋ ਤੇ ਅਸੀਂ ਤੁਹਾਨੂੰ ਕੁੱਝ ਨਹੀਂ ਕਹਾਂਗੇ।
ਉਸ ਤੋਂ ਬਾਅਦ ਇਹ ਸਿੱਖਾਂ, ਪੰਜਾਬ ਤੇ ਪੰਜਾਬੀਅਤ ਬਾਰੇ ਸੋਚਣੋਂ ਹਟ ਗਏ। ਜਿਸ ਪੰਜਾਬੀ ਲਈ, ਪੰਜਾਬੀ ਸੂਬਾ ਲਿਆ ਗਿਆ ਸੀ ਉਸ ਦੀ ਜੋ ਮਾੜੀ ਹਾਲਤ 1966 ਤੋਂ ਬਾਅਦ ਹੋਈ ਹੈ, ਉਹੋ ਜਹੀ ਹਾਲਤ ਪਹਿਲਾਂ ਕਦੇ ਵੀ ਨਹੀਂ ਸੀ ਹੋਈ। ਮੈਂ ਪੰਜਾਬੀ ਪੜਿ੍ਹਆ ਵੀ ਹਾਂ ਪਰ ਅੱਜ ਪਾਕਿਸਤਾਨ ’ਚ ਸਾਡੇ ਤੋਂ ਵਧੀਆ ਪੰਜਾਬੀ ਦੀ ਹਾਲਤ ਹੈ। ਪਰ ਸਾਡੇ ਇਨ੍ਹਾਂ ਲੀਡਰਾਂ ਨੇ ਪੰਜਾਬੀ ਨੂੰ ਹੀ ਭੁਲਾ ਦਿਤਾ।
ਸਵਾਲ : ਬਾਦਲ ਪ੍ਰਵਾਰ ਜਾਂ ਕੋਈ ਹੋਰ ਪ੍ਰਵਾਰ ਹੋਵੇ ਅੱਜ ਜੋ ਹਾਲਤ ਹੈ, ਉਹੀ ਹੋਣੀ ਸੀ। ਇਸ ਨੂੰ ਕਿਵੇਂ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ?
ਜਵਾਬ : 1920 ’ਚ ਅਕਾਲ ਤਖ਼ਤ ਸਾਹਿਬ ’ਤੇ ਬੈਠ ਕੇ ਜਿਹੜਾ ਫ਼ੈਸਲਾ ਲਿਆ ਗਿਆ ਸੀ ਕਿ ਇਕ ਪਾਰਟੀ ਅਜਿਹੀ ਹੋਣੀ ਚਾਹੀਦੀ ਹੈ ਜੋ ਪਰਮਾਨੈਂਟ ਹੋਵੇ। ਕਿਉਂਕਿ ਅੱਜ ਲੋਕਤੰਤਰ ਹੈ ਤੇ ਇਥੇ ਧਰਮ ਨਿਰਪੱਖਤਾ ਚਾਹੀਦੀ ਵੀ ਹੈ। ਪ੍ਰੰਤੂ ਇਸ ਲਈ ਭਾਰਤ ਦਾ ਵਾਤਾਵਰਣ ਜਾਂ ਮਾਹੌਲ ਤਿਆਰ ਨਹੀਂ ਹੈ ਜਿਵੇਂ ਅਮਰੀਕਾ, ਇੰਗਲੈਂਡ ਜਾਂ ਕੈਨੇਡਾ ਵਿਚ ਹੈ। ਇੱਥੇ ਜਾਤ-ਪਾਤ ਤੋਂ ਹੀ ਗੱਲ ਸ਼ੁਰੂ ਕੀਤੀ ਜਾਂਦੀ ਹੈ। ਜਿਵੇਂ ਇਹ ਯਾਦਵਾਂ ਦਾ ਏਰੀਆ ਹੈ, ਇਥੋਂ ਯਾਦਵ ਉਮੀਦਵਾਰ ਹੋਵੇਗਾ, ਇਹ ਸੰਧੂਆਂ ਦਾ ਏਰੀਆ ਹੈ, ਇਹ ਗਿੱਲਾਂ ਦਾ ਏਰੀਆਂ। ਸੋ ਇਥੇ ਜਾਤ-ਪਾਤ ਤਾਂ ਪਹਿਲੀ ਗੱਲ ਹੁੰਦੀ ਹੈ ਫਿਰ ਫ਼ਿਰਕਾਵਾਦ ਆ ਜਾਂਦਾ ਹੈ।
ਸਵਾਲ : ਕੀ ਤੁਹਾਡੇ ਸਮੇਂ ’ਚ ਇਹ ਭਾਪਾ ਹੈ, ਇਹ ਜੱਟ ਹੈ, ਵਰਗੀਆਂ ਗੱਲਾਂ ਨਹੀਂ ਸਨ ਹੁੰਦੀਆਂ?
ਜਵਾਬ : ਮੈਂ ਤਾਂ ਲਾਅ ਕਾਲਜ ’ਚ ਆ ਕੇ ਪਹਿਲੀ ਵਾਰ ਇਹ ਗੱਲਾਂ ਸੁਣੀਆਂ ਸਨ। ਅਸੀਂ ਸੱਤ ਦੋਸਤ ਸਨ, ਉਨ੍ਹਾਂ ਵਿਚ ਦੋ ਹਿੰਦੂ ਤੇ ਪੰਜ ਸਰਦਾਰ ਸਨ। ਇਕ ਦਿਨ ਮੈਨੂੰ ਇਕ ਦੋਸਤ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਭਾਪਾ ਹੈਂ ਕਿ ਜੱਟ ਏਂ। ਮੈਨੂੰ ਇਸ ਚੀਜ਼ ਦਾ ਫ਼ਰਕ ਪਤਾ ਨਹੀਂ ਸੀ ਕਿਉਂਕਿ ਅਸੀਂ ਸਿਰਫ਼ ਉਸ ਸਮੇਂ ਹਿੰਦੂ ਤੇ ਸਿੱਖ ਬਾਰੇ ਜਾਣਦੇ ਸੀ।
ਸਵਾਲ : ਇਹ ਗਿਰਾਵਟ ਸਮਾਜ ’ਚੋਂ ਰਾਜਨੀਤੀ ਵਿਚ ਆਈ ਜਾਂ ਰਾਜਨੀਤੀ ਤੋਂ ਸਮਾਜ ਵਿਚ ਆਈ?
ਜਵਾਬ : ਇਹ ਰਾਜਨੀਤੀ ’ਚੋਂ ਆਈ ਹੈ। ਜਦੋਂ ਉਨ੍ਹਾਂ (ਕੇਂਦਰ) ਨੇ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਚੈਲੰਜ ਕਰਨਾ ਸੀ ਤਾਂ ਭਾਪਿਆਂ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਰਾਜਸੱਤਾ ਨੂੰ ਵਰਤਿਆ ਗਿਆ। ਪ੍ਰਤਾਪ ਸਿੰਘ ਦੀ ਰਣਨੀਤੀ ਸੀ ਕਿ ਮਾ. ਤਾਰਾ ਸਿੰਘ ਦੀ ਸਿਆਸੀ ਹੋਂਦ ਨੂੰ ਖ਼ਤਮ ਕੀਤਾ ਜਾਵੇ ਕਿਉਂਕਿ ਉਹ ਜਵਾਹਰ ਲਾਲ ਨਹਿਰੂ ਨੂੰ ਪਸੰਦ ਨਹੀਂ ਸੀ ਕਰਦਾ। ਸੋ ਇਹ ਉਦੋਂ ਦੀ ਚਲਾਈ ਹੋਈ ਰੀਤ ਹੈ ਜਿਸ ਨੂੰ ਅਸੀਂ ਠੀਕ ਨਾ ਕਰ ਸਕੇ। ਅਸੀਂ ਫਿਰ ਤੋਂ ਉਹ ਵਾਤਾਵਰਣ ਨਹੀਂ ਬਣਾ ਸਕੇ ਕਿ ਅਸੀਂ ਸਾਰੇ ਸਿੱਖ ਹਾਂ। ਉਹ ਜੋ ਪ੍ਰਤਾਪ ਸਿੰਘ ਵਲੋਂ ਯੋਜਨਾ ਬਣਾਈ ਗਈ ਸੀ, ਉਹ ਅੱਜ ਤਕ ਕਾਇਮ ਹੈ।
ਸਵਾਲ : ਇਸ ਜਾਤ-ਪਾਤ ਦਾ ਕੀ ਅੱਜ ਦੀ ਅਕਾਲੀ ਦਲ ਦੀ ਸਥਿਤੀ ’ਤੇ ਕੋਈ ਫ਼ਰਕ ਪੈਂਦਾ ਹੈ?
ਜਵਾਬ: ਅੱਜ ਦਾ ਅਕਾਲੀ ਦਲ ਜਾਤੀਗਰਦਾਂ ’ਚ ਇੰਨਾ ਫਸ ਚੁਕਾ ਹੈ ਕਿ ਉਸ ਵਿਚ ਕਿਸੇ ਹੋਰ ਨੂੰ ਕੁੱਝ ਕਰਨ ਦੀ ਲੋੜ ਹੀ ਨਹੀਂ ਪਈ। ਹੁਣ ਦੇ ਅਕਾਲੀ ਦਲ ਦਾ ਜੋ ਵੀ ਲੀਡਰ ਹੋਵੇ, ਉਹ ਇਹੀ ਚਾਹੁੰਦਾ ਹੈ ਕਿ ਸਾਰੀ ਤਾਕਤ ਮੇਰੇ ਹੀ ਹੱਥਾਂ ਵਿਚ ਹੋਵੇ। ਉਹ ਹਰ ਗੱਲ ’ਚ ਤਾਨਾਸ਼ਾਹ ਬਣਨਾ ਚਾਹੁੰਦਾ ਹੈ। ਅਸਲ ’ਚ ਉਨ੍ਹਾਂ ਨੂੰ ਇਹੀ ਨਸ਼ਾ ਚੜਿ੍ਹਆ ਹੋਇਆ ਹੈ ਕਿ ਇਕ ਬੰਦਾ ਹੀ ਫ਼ੈਸਲਾ ਕਰੇਗਾ ਕਿ ਕਿਸ ਨੂੰ ਪੰਥ ’ਚੋਂ ਛੇਕਣਾ ਹੈ ਤੇ ਕਿਸ ਨੂੰ ਸਿੱਖ ਕਹਿਣਾ ਹੈ ਤੇ ਕਿਸ ਨੂੰ ਨਹੀਂ ਕਹਿਣਾ ਅਤੇ ਕਿਸ ਨੂੰ ਐਮ.ਪੀ. ਬਣਾਉਣਾ ਹੈ।
ਸਵਾਲ : ਅੱਜ ਜੋ ਪੰਥਕ ਆਗੂ ਹਨ ਜੋ ਬਾਦਲ ਪ੍ਰਵਾਰ ਨਾਲ ਬਗ਼ਾਵਤ ਕਰ ਰਹੇ ਹਨ। ਸੁਖਬੀਰ ਬਾਦਲ ਨੇ ਇਹ ਬਿਆਨ ਦਿਤਾ ਕਿ ਮੈਂ ਪਾਰਟੀ ਛੱਡ ਦੇਵਾਂ। ਉਨ੍ਹਾਂ ਦੇ ਛੱਡਣ ਨਾਲ ਕੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਜਾਂ ਕੋਈ ਹੋਰ ਪ੍ਰਵਾਰ ਹਾਵੀ ਹੋ ਜਾਵੇਗਾ?
ਜਵਾਬ : ਰਾਜਨੀਤੀ ਦਾ ਇਕੋ ਇਕ ਫ਼ਾਰਮੂਲਾ ਹੈ ਕਿ ਉਸ ਵਿਚ ਤਬਦੀਲੀ ਲਿਆਉਂਦੇ ਰਹੋ। ਉਸ ’ਚ ਕੁੱਝ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਨੇ ਤੇ ਕੁੱਝ ਮਾੜੀਆਂ ਚੀਜ਼ਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਪਰ ਤਬਦੀਲੀ ਨੂੰ ਕਿਸੇ ਵੀ ਹਾਲਤ ਵਿਚ ਰੋਕੋ ਨਾ। ਇਹ ਜਿਹੜੇ ਆ ਰਹੇ ਹਨ ਇਨ੍ਹਾਂ ਦੀਆਂ ਸ਼ਾਇਦ ਕੋਈ ਜਾਤੀ ਮੁਸ਼ਕਲਾਂ ਹੋਣ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਹੁਣ ਸਮਾਂ ਆ ਗਿਆ ਹੈ ਤੇ ਇਹ (ਅਕਾਲੀ ਦਲ) ਤਬਦੀਲੀ ਮੰਗ ਰਿਹਾ ਹੈ। ਕਿਉਂਕਿ ਅੱਜ ਦਾ ਅਕਾਲੀ ਦਲ ਕੋਈ ਵੀ ਧਾਰਮਕ ਮੰਗ ਨਹੀਂ ਮੰਨਵਾ ਸਕਿਆ। ਹਾਲਾਂਕਿ ਉਹ ਕੇਂਦਰ ਦੀ ਸੱਤਾ ਵਿਚ ਵੀ ਹਨ ਤੇ ਪੰਜਾਬ ਵਿਚ ਵੀ। ਫਿਰ ਕਿਹੜੀ ਸੱਤਾ ਹੋਈ ਕਿ ਤੁਸੀਂ ਕੋਈ ਮੰਗ ਨਹੀਂ ਮੰਨਵਾ ਸਕੇ। ਪੰਜਾਬ ਦੀ ਰਾਜਧਾਨੀ ਤੁਸੀਂ ਨਹੀਂ ਲੈ ਸਕੇ ਤੇ ਪਾਣੀ ਦਾ ਕੋਈ ਮਸਲਾ ਹੱਲ ਨਹੀਂ ਕਰ ਸਕੇ। ਸਿੱਖ ਫ਼ੌਜੀਆਂ ਦੀ ਗਿਣਤੀ ਘਟਾ ਦਿਤੀ ਗਈ, ਉਸ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕ ਸਕੇ। ਕੋਈ ਗੁਰਦੁਆਰਾ ਐਕਟ ਨਹੀਂ ਬਣਾ ਸਕੇ।
ਸਵਾਲ : ਭਾਜਪਾ ਤੇ ਅਕਾਲੀ ਦਲ ਦਾ ਰਿਸ਼ਤਾ ਹੈ। ਮੰਨ ਲਉ ਜੇ ਅੱਜ ਬ੍ਰਹਮਪੁਰਾ ਜਾਂ ਅਜਨਾਲਾ ਅੱਗੇ ਆਉਂਦੇ ਹਨ, ਜੋ 10-12 ਸਾਲ ਚੁੱਪ ਰਹੇ। ਪਰ ਕੀ ਜੋ ਚੁੱਪ ਰਹਿੰਦਾ ਹੈ, ਉਸ ਦੀ ਵੀ ਤਾਂ ਗ਼ਲਤੀ ਹੈ?
ਜਵਾਬ- ਬਿਲਕੁਲ ਗ਼ਲਤੀ ਹੈ।
ਸਵਾਲ : ਫਿਰ ਅਸੀਂ ਉਨ੍ਹਾਂ ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਾਂ ਕਿ ਇਹ ਅਕਾਲੀ ਦਲ ਨੂੰ ਸੰਭਾਲ ਸਕਣਗੇ?
ਜਵਾਬ : ਰਾਜਨੀਤੀ ਵਿਚ ਮੇਰੇ ਵਰਗੀਆਂ ਦੇ ਬੱਚੇ ਤਾਂ ਨਹੀਂ ਆਉਣਗੇ, ਇਸ ’ਚ ਉਹੀ ਆਉਣਗੇ ਜੋ ਰਾਜਨੀਤੀ ’ਚ ਹਨ। ਇਸ ਕਰ ਕੇ ਉਨ੍ਹਾਂ ਦੀਆਂ ਕੁੱਝ ਗ਼ਲਤੀਆਂ ਮੁਆਫ਼ ਕਰਨੀਆਂ ਪੈਂਦੀਆਂ ਸਨ ਕਿ ਉਸ ਸਮੇਂ ਉਹ ਇਸ ਕਰ ਕੇ ਨਹੀਂ ਬੋਲ ਸਕੇ ਕਿਉਂਕਿ ਉਨ੍ਹਾਂ ਕੋਲ ਤਾਕਤ ਨਹੀਂ ਸੀ।
(ਚਲਦਾ)