Chitragupta and Dharmaraj: ਭਾਵੇਂ ਇਹ ਸੱਭ ਗੱਲਾਂ ਕਾਲਪਨਿਕ ਹਨ ਪਰ ਫਿਰ ਵੀ ਸਾਧਾਰਨ ਮਨੁੱਖ ਇਨ੍ਹਾਂ ਵਿਚ ਪੂਰਾ ਵਿਸ਼ਵਾਸ ਕਰ ਕੇ ਇਨ੍ਹਾਂ ਤੋਂ ਬਹੁਤ ਡਰਦਾ ਹੈ
Chitragupta and Dharmaraj: ਹਿੰਦੂ ਧਰਮ ਅਨੁਸਾਰ ਹਰ ਮਰਨ ਵਾਲੇ ਨੂੰ ਧਰਮਰਾਜ (ਮੌਤ ਦਾ ਦੇਵਤਾ, ਯਮਰਾਜ) ਦੀ ਕਚਹਿਰੀ ਵਿਚ ਹਾਜ਼ਰ ਹੋ ਕੇ ਅਪਣੇ ਜੀਵਨ ਦੌਰਾਨ ਕੀਤੇ ਕਰਮਾਂ ਦਾ ਲੇਖਾ ਜੋਖਾ ਦੇਣਾ ਪੈਂਦਾ ਹੈ। ਇਨਸਾਨ ਦੇ ਕੀਤੇ ਜਾਂਦੇ ਕਰਮਾਂ ਦਾ ਲੇਖਾ ਜੋਖਾ ਰੱਖਣ ਲਈ ਧਰਮਰਾਜ ਨੇ ਹਰ ਮਨੁੱਖ ਦੇ ਮੋਢਿਆਂ ’ਤੇ ਦੋ ਵਿਸ਼ੇਸ਼ ਨੁਮਾਇੰਦੇ ਨਿਯੁਕਤ ਕੀਤੇ ਹੁੰਦੇ ਹਨ, ਜਿਨ੍ਹਾਂ ਨੂੰ ਚਿੱਤਰਗੁਪਤਾਂ ਦਾ ਨਾਂ ਦਿਤਾ ਗਿਆ ਹੈ।
ਭਾਵੇਂ ਇਹ ਸੱਭ ਗੱਲਾਂ ਕਾਲਪਨਿਕ ਹਨ ਪਰ ਫਿਰ ਵੀ ਸਾਧਾਰਨ ਮਨੁੱਖ ਇਨ੍ਹਾਂ ਵਿਚ ਪੂਰਾ ਵਿਸ਼ਵਾਸ ਕਰ ਕੇ ਇਨ੍ਹਾਂ ਤੋਂ ਬਹੁਤ ਡਰਦਾ ਹੈ ਤੇ ਸ਼ੁਭ ਕਰਮ ਕਰਨ ਵਿਚ ਇਨ੍ਹਾਂ ਦਾ ਵੱਡਾ ਯੋਗਦਾਨ ਹੈ। ਕੋਈ ਵੀ ਬੁਰਾ ਕਰਮ ਕਰਨ ਸਮੇਂ ਉਹ ਅੰਦਰੋਂ ਡਰਦਾ ਵੀ ਹੈ ਪਰ ਫਿਰ ਵੀ ਲਾਲਚ ਵਿਚ ਆ ਕੇ ਜਾਂ ਫਿਰ ਕਿਸੇ ਮਜਬੂਰੀ ਕਾਰਨ ਉਹ ਕਰਮ ਨੂੰ ਕਰਦਾ ਹੈ ਪਰੰਤੂ ਉਸ ਦੇ ਮਨ ਵਿਚ ਸਿੱਧੇ ਜਾਂ ਅਸਿੱਧੇ ਤੌਰ ਉਤੇ ਇਹ ਗੱਲ ਘਰ ਕਰ ਜਾਂਦੀ ਹੈ ਕਿ ਉਸ ਨੇ ਅਜਿਹਾ ਕਰ ਕੇ ਇਕ ਵੱਡਾ ਪਾਪ ਕੀਤਾ ਹੈ ਜਿਸ ਦਾ ਫ਼ਲ ਉਸ ਨੂੰ ਭੁਗਤਣਾ ਹੀ ਪੈਣਾ ਹੈ।
ਜਦੋਂ ਪਾਪ ਕਰਨ ਸਮੇਂ ਕਿਸੇ ਪ੍ਰਾਣੀ ਨੂੰ ਕੋਈ ਵੀ ਨਾ ਵੇਖ ਰਿਹਾ ਹੋਵੇ ਤਾਂ ਵੀ ਉਸ ਦੇ ਮਨ ਵਿਚ ਇਹ ਡਰ ਜ਼ਰੂਰ ਸਮਾਇਆ ਰਹਿੰਦਾ ਹੈ ਕਿ ਜੇ ਉਸ ਨੂੰ ਅਜਿਹਾ ਕਰਮ ਕਰਦਿਆਂ ਕੋਈ ਇਨਸਾਨ ਨਹੀਂ ਵੇਖ ਰਿਹਾ ਤਾਂ ਵੀ ਪਰਮਾਤਮਾ ਜਾਂ ਫਿਰ ਧਰਮਰਾਜ ਵਲੋਂ ਨਿਯੁਕਤ ਚਿੱਤਰਗੁਪਤ ਤਾਂ ਵੇਖ ਹੀ ਰਹੇ ਹਨ। ਸੋ ਉਸ ਨੂੰ ਇਨ੍ਹਾਂ ਕਰਮਾਂ ਦਾ ਧਰਮਰਾਜ ਦੀ ਕਚਹਿਰੀ ਵਿਚ ਲੇਖਾ ਤਾਂ ਦੇਣਾ ਹੀ ਹੋਵੇਗਾ।
ਅਸੀ ਆਮ ਤੇ ਸਾਧਾਰਨ ਇਨਸਾਨਾਂ ਨੂੰ ਇਹ ਕਹਿੰਦੀਆਂ ਅਕਸਰ ਸੁਣਦੇ ਹਾਂ ਕਿ ਜੇਕਰ ਕੋਈ ਹੋਰ ਨਹੀਂ ਵੇਖਦਾ ਤਾਂ ਰੱਬ ਤਾਂ ਵੇਖਦਾ ਹੈ। ਇਸ ਪ੍ਰਕਾਰ ਸਾਧਾਰਨ ਇਨਸਾਨ ਅਪਣੇ ਬਣ ਗਏ ਸੰਸਕਾਰਾਂ ਅਨੁਸਾਰ ਧਰਮਰਾਜ ਤੇ ਉਸ ਦੇ ਕਰਮਾਂ ਦੀ ਧਰਮਰਾਜ ਕੋਲ ਰੀਪੋਰਟ ਕਰਨ ਵਾਲੇ ਅਖੌਤੀ ਚਿੱਤਰਗੁਪਤਾਂ ਤੋਂ ਬਹੁਤ ਡਰਦਾ ਹੈ।
ਪੁਰਾਤਨ ਕਾਲ ਵਿਚ ਜਦੋਂ ਮਨੁੱਖ ਅਪਣੇ ਮਾਨਸਕ ਵਾਧੇ ਦੀ ਪਹਿਲੀ ਸਟੇਜ ਵਿਚ ਹੀ ਸੀ ਉਸ ਦਾ ਜੀਵਨ ਲੱਗਭਗ ਪਸ਼ੂਆਂ ਸਮਾਨ ਹੀ ਸੀ। ਉਹ ਪਸ਼ੂਆਂ ਵਾਂਗ ਹੀ ਗੁਜ਼ਾਰਾ ਕਰਿਆ ਕਰਦਾ ਸੀ। ਅਪਣੇ ਢਿੱਡ ਦੀ ਭੁੱਖ ਮਿਟਾਉਣ ਲਈ ਤੇ ਅਪਣੀ ਕਾਮ ਵਾਸਨਾ ਪੂਰੀ ਕਰਨ ਲਈ ਉਹ ਕੁੱਝ ਵੀ ਕਰ ਸਕਦਾ ਸੀ। ਉਸ ਦਾ ਮਨੋਰਥ ਕੇਵਲ ਅਪਣੇ ਆਪ ਨੂੰ ਸੰਤੁਸ਼ਟ ਰੱਖਣਾ ਹੀ ਹੁੰਦਾ ਸੀ।
ਅਪਣੇ ਆਪ ਤੋਂ ਅਗਾਂਹ ਲੰਘ ਕੇ ਉਸ ਨੂੰ ਕੁੱਝ ਵੀ ਨਹੀਂ ਸੀ ਸੁੱਝਦਾ ਜਾਂ ਫਿਰ ਮਨੁੱਖ ਮਾਤਰ ਦੀਆਂ ਮਾਵਾਂ ਦੇ ਮਨਾਂ ਅੰਦਰ ਹੋਰ ਪਸ਼ੂਆਂ ਵਾਂਗ ਹੀ ਮਮਤਾ ਉਜਾਗਰ ਹੋ ਜਾਇਆ ਕਰਦੀ ਸੀ ਜਿਸ ਦੇ ਅਧੀਨ ਹੋ ਕੇ ਉਹ ਅਪਣੇ ਬੱਚਿਆਂ ਨੂੰ ਪਾਲਿਆ ਵੀ ਕਰਦੀ ਸੀ ਤੇ ਉਨ੍ਹਾਂ ਦੀ ਰਖਿਆ ਵੀ ਕਰਿਆ ਕਰਦੀ ਸੀ। ਮਰਦ ਜਾਤ ਇਸ ਕਿਸਮ ਦੀ ਭਾਵਨਾ ਤੋਂ ਊਣੀ ਹੋਣ ਕਾਰਨ ਮਾਦਾ ਨਾਲ ਮੇਲ ਕਰਨ ਲਈ ਉਸ ਦੇ ਦੂਜੇ ਮਰਦ ਤੋਂ ਪੈਦਾ ਬੱਚਿਆਂ ਤਕ ਨੂੰ ਮਾਰ ਦਿਆ ਕਰਦੇ ਸਨ।
ਇਸ ਲਈ ਮਾਦਾ ਉਨ੍ਹਾਂ ਤੋਂ ਇਨ੍ਹਾਂ ਬੱਚਿਆਂ ਦੀ ਪੂਰੀ ਰੱਖਿਆ ਕਰਿਆ ਕਰਦੀ ਸੀ। ਕਈ ਵਾਰੀ ਇਸ ਕਰਮ ਵਿਚ ਬੱਚਿਆਂ ਦੇ ਪਿਤਾ ਵੀ ਉਸ ਦੀ ਸਹਾਇਤਾ ਕਰਿਆ ਕਰਦੇ ਸਨ ਪਰੰਤੂ ਬੱਚਿਆਂ ਦੇ ਪਿਤਾ ਕਿਸੇ ਮਾਦਾ ਨਾਲ ਪੱਕੇ ਸਬੰਧ ਬਣਾ ਕੇ ਨਹੀਂ ਰੱਖਦੇ ਸਨ ਇਸ ਲਈ ਉਨ੍ਹਾਂ ਬਾਰੇ ਕੁੱਝ ਵੀ ਨਹੀਂ ਸੀ ਆਖਿਆ ਜਾ ਸਕਦਾ ਕਿ ਇਨ੍ਹਾਂ ਬੱਚਿਆਂ ਦਾ ਪਿਤਾ ਕੌਣ ਹੈ। ਇਸ ਗੱਲ ਨੂੰ ਕੇਵਲ ਮਾਦਾ ਹੀ ਜਾਣਿਆ ਕਰਦੀ ਸੀ ਪਰੰਤੂ ਕਈ ਵਾਰੀ ਉਹ ਵੀ ਸ਼ੱਕੀ ਹਾਲਤ ਵਿਚ ਹੋਇਆ ਕਰਦੀ ਸੀ ਕਿਉਂਕਿ ਉਸ ਦੇ ਸਬੰਧ ਕਈ ਮਰਦਾਂ ਨਾਲ ਬਣ ਜਾਇਆ ਕਰਦੇ ਸਨ।
ਸੋ ਸਾਰੀ ਸਥਿਤੀ ਨੂੰ ਭਾਂਪ ਕੇ ਕੁੱਝ ਅਜਿਹੇ ਸਮਾਜਕ ਨਿਯਮ ਘੜ ਲਏ ਗਏ ਜਿਨ੍ਹਾਂ ਦੁਆਰਾ ਸਮਾਜ ਵਿਚ ਸੁਖ ਸ਼ਾਂਤੀ ਰਹਿ ਸਕਦੀ ਸੀ ਤੇ ਇਨਸਾਨ ਨੂੰ ਅਜਿਹੇ ਘਿਨਾਉਣੇ ਕਰਮਾਂ ਤੋਂ ਰੋਕਿਆ ਜਾ ਸਕਦਾ ਸੀ, ਜਿਨ੍ਹਾਂ ਦੇ ਕੀਤਿਆਂ ਮਨੁੱਖੀ ਸਮਾਜ ਨੂੰ ਖੋਰਾ ਲਗਦਾ ਸੀ। ਸੋ ਉਨ੍ਹਾਂ ਦੁਆਰਾ ਸਾਧਾਰਨ ਮਨੁੱਖ ਨੂੰ ਗ਼ੈਰ ਸਮਾਜਕ ਕੰਮਾਂ ਤੋਂ ਰੋਕਣ ਲਈ ਕੁੱਝ ਅਜਿਹੇ ਨਿਯਮ ਘੜ ਲਏ ਗਏ ਜਿਨ੍ਹਾਂ ਦਾ ਸਬੰਧ ਅਗੰਮ (ਪਰਮੇਸ਼ਰ, ਅਪਹੁੰਦ, ਭਵਿੱਖ) ਨਾਲ ਸੀ। ਇਨਸਾਨ ਵਿਚ ਏਨੀ ਬੁੱਧੀ ਅਜੇ ਨਹੀਂ ਸੀ ਕਿ ਉਹ ਅਗੰਮ ਬਾਰੇ ਕਿੰਤੂ ਪ੍ਰੰਤੂ ਕਰ ਸਕਦਾ।
ਸੋ ਇਨ੍ਹਾਂ ਸਿਆਣਿਆਂ ਨੇ ਇਨ੍ਹਾਂ ਅਸੂਲਾਂ ਤੇ ਸੰਸਕਾਰਾਂ ਨੂੰ ਅਗੰਮ ਨਾਲ ਜੋੜ ਲਿਆ। ਇਹ ਪ੍ਰਚੱਲਤ ਕਰ ਦਿਤਾ ਕਿ ਪ੍ਰਮਾਤਮਾ ਨੇ ਹਰ ਜੀਵ ਲਈ ਤੇ ਵਿਸ਼ੇਸ਼ ਕਰ ਕੇ ਇਨਸਾਨਾਂ ਲਈ ਇਕ ਅਜਿਹੀ ਵਿਵਸਥਾ ਕਰ ਰੱਖੀ ਹੈ ਕਿ ਉਨ੍ਹਾਂ ਦੇ ਸੰਸਾਰਕ ਕਰਮਾਂ ਦਾ ਲੇਖਾ ਜੋਖਾ ਕੀਤਾ ਜਾ ਸਕੇ। ਪਰਮਾਤਮਾ ਨੇ ਸਵਰਗਾਂ ਵਿਚ ਇਸ ਕਿਸਮ ਦਾ ਹਿਸਾਬ ਕਿਤਾਬ ਰੱਖਣ ਲਈ ਧਰਮਰਾਜ ਦੀ ਨਿਯੁਕਤੀ ਕੀਤੀ ਹੋਈ ਹੈ ਜਿਹੜਾ ਹਰ ਮਨੁੱਖ ਦੇ ਸੰਸਾਰਕ ਕਰਮਾਂ ਦਾ ਲੇਖਾ ਜੋਖਾ ਰੱਖਣ ਲਈ ਦੋ ਚਿੱਤਰਗੁਪਤ ਨਿਯੁਕਤ ਕਰਦਾ ਹੈ ਜਿਹੜੇ ਹਰ ਮਨੁੱਖ ਦੇ ਮੋਢਿਆਂ ਉੱਤੇ ਸਵਾਰ ਰਹਿੰਦੇ ਹਨ ਤੇ ਮਨੁੱਖ ਵਲੋਂ ਕੀਤਾ ਹਰ ਕਰਮ ਨੋਟ ਕਰ ਕੇ ਉਸ ਦੀ ਰੀਪੋਰਟ ਧਰਮਰਾਜ ਤਕ ਪਹੁੰਚਾਉਂਦੇ ਰਹਿੰਦੇ ਹਨ।
ਇਨ੍ਹਾਂ ਕਰਮਾਂ ਦੇ ਆਧਾਰ ਉੱਤੇ ਹੀ ਧਰਮਰਾਜ ਫ਼ੈਸਲਾ ਕਰਦਾ ਹੈ ਕਿ ਕਿਹੜੇ ਪ੍ਰਾਣੀ ਨੂੰ ਨਰਕ ਵਿਚ ਘੱਲਿਆ ਜਾਵੇ ਤੇ ਕਿਹੜੇ ਨੂੰ ਸਵਰਗ ਵਿਚ। ਇਸ ਤੋਂ ਬਿਨਾਂ ਇਹ ਵੀ ਫ਼ੈਸਲਾ ਕੀਤਾ ਜਾਂਦਾ ਹੈ ਕਿ ਨਰਕ ਜਾਂ ਸਵਰਗ ਭੋਗਣ ਉਪਰੰਤ ਉਸ ਨੂੰ ਕਿਹੜੀ ਜੂਨ ਵਿਚ ਪਾਇਆ ਜਾਵੇ। ਚੰਗੇ ਕਰਮ ਕਰਨ ਵਾਲਿਆਂ ਨੂੰ ਜਾਂ ਤਾਂ ਸਵਰਗ ਵਿਚ ਪੱਕੀ ਜਗ੍ਹਾ ਮਿਲ ਜਾਂਦੀ ਹੈ ਜਾਂ ਫਿਰ ਦੁਬਾਰਾ ਕਿਸੇ ਚੰਗੀ ਥਾਂ ਪੈਦਾ ਕਰਨ ਦੀ ਵਿਵਸਥਾ ਕੀਤੀ ਜਾਂਦੀ ਹੈ। ਮਾੜੇ ਕਰਮ ਕਰਨ ਵਾਲਿਆਂ ਨੂੰ ਨਰਕ ਭੋਗਣਾ ਪੈਂਦਾ ਹੈ ਤੇ ਉਸ ਉਪਰੰਤ ਵੀ ਕਿਸੇ ਮਾੜੀ ਜੂਨ ਵਿਚ ਪਾਇਆ ਜਾਂਦਾ ਹੈ। ਇਸ ਪ੍ਰਕਾਰ ਇਨਸਾਨ ਅਪਣੇ ਕੀਤੇ ਕਰਮਾਂ ਦਾ ਫ਼ਲ ਭੋਗਦਾ ਹੈ।
ਇਸ ਕਿਸਮ ਦੇ ਵਿਚਾਰਾਂ ਨੂੰ ਫੈਲਾਉਣ ਲਈ ਇਨ੍ਹਾਂ ਦਾ ਪ੍ਰਚਾਰ ਕੀਤਾ ਗਿਆ। ਧਰਮ ਨਾਲ ਜੁੜੇ ਕੁੱਝ ਲੋਕਾਂ ਨੇ ਇਸ ਕੰਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਉਨ੍ਹਾਂ ਨੇ ਅਪਣੇ ਆਪ ਨੂੰ ਰੱਬ ਦੇ ਰੂਪ ਗਰਦਾਨਿਆ ਤਾਕਿ ਲੋਕੀ ਉਨ੍ਹਾਂ ਦੇ ਵਚਨਾਂ ’ਤੇ ਵਿਸ਼ਵਾਸ ਕਰਨ ਤੇ ਅਪਣੇ ਮੂੰਹ ਤੋਂ ਬੋਲੀ ਜਾਂਦੀ ਬਾਣੀ ਨੂੰ ਰੱਬੀ ਬਾਣੀ ਆਖਿਆ, ਜਿਸ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਮੂੰਹ ਤੋਂ ਆਖੇ ਜਾਂਦੇ ਸ਼ਬਦ ਮੇਰੇ ਨਹੀਂ ਹਨ ਸਗੋਂ ਉਸ ਕਰਤਾ ਦੇ ਹਨ ਜਿਸ ਨੇ ਇਹ ਦੁਨੀਆਂ ਸਾਜੀ ਹੈ, ਭਾਵ ਭਗਵਾਨ ਦੇ ਹਨ।
ਇਸ ਕਿਸਮ ਦੇ ਸ਼ਬਦਾਂ ਨੂੰ ਹਰ ਪ੍ਰਾਣੀ ਨੇ ਕਬੂਲਿਆ ਤੇ ਅਗੰਮ ਜਾਂ ਫਿਰ ਪਰਮ ਪਿਤਾ ਪਰਮਾਤਮਾ ਤੋਂ ਡਰ ਕੇ ਸਮਾਜ ਕਲਿਆਣ ਦੀਆਂ ਗੱਲਾਂ ਉੱਤੇ ਅਮਲ ਕਰਨ ਲੱਗੇ ਫਿਰ ਵੀ ਦੋ ਪ੍ਰਕਾਰ ਦੀਆਂ ਗੱਲਾਂ ਉਨ੍ਹਾਂ ਦੇ ਆੜੇ ਆਉਂਦੀਆਂ ਰਹੀਆਂ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਕੁੱਝ ਅਜਿਹੇ ਕਰਮ ਕਰਨ ਤੇ ਉਤਰਨਾ ਪਿਆ ਜਿਹੜੇ ਸਮਾਜ ਤੇ ਧਰਮ ਲਈ ਘਾਤਕ ਸਮਝੇ ਜਾਂਦੇ ਸਨ।
ਇਹ ਦੋ ਗੱਲਾਂ ਸਨ ਭੁੱਖ ਅਤੇ ਮਜ਼ਬੂਰੀ। ਇਨਸਾਨ ਸੱਭ ਤੋਂ ਪਹਿਲਾਂ ਅਪਣੀ ਜਾਨ ਦੀ ਰਾਖੀ ਲਈ ਅਪਣੀ ਭੁੱਖ ਮਿਟਾਉਣਾ ਚਾਹੁੰਦਾ ਹੈ। ਭੁੱਖ ਮਿਟਾਉਣ ਲਈ ਕੋਈ ਵੀ ਕੀਤਾ ਗਿਆ ਕੰਮ ਕਰਨ ਅਯੋਗ ਨਹੀਂ ਆਖਿਆ ਜਾ ਸਕਦਾ। ਮਰਦੇ ਮਨੁੱਖ ਨੂੰ ਮਾਸ ਖਾਣ ਦਾ ਵੀ ਦੋਸ਼ੀ ਨਹੀਂ ਮੰਨਿਆ ਗਿਆ। ਉਹ ਮਾਸ ਖਾ ਕੇ ਵੀ ਅਪਣੀ ਜਾਨ ਬਚਾ ਸਕਦਾ ਹੈ ਪਰੰਤੂ ਹਾਲਾਤ ਅਜਿਹੇ ਹੋਣੇ ਚਾਹੀਦੇ ਹਨ ਕਿ ਮਾਸ ਤੋਂ ਬਿਨਾ ਹੋਰ ਕੋਈ ਚੀਜ਼ ਉਪਲਬੱਧ ਨਾ ਹੋਵੇ ਜਿਹੜੀ ਕਿ ਖਾਣ ਯੋਗ ਹੋਵੇ। ਇਸੇ ਤਰ੍ਹਾਂ ਹੀ ਮਜਬੂਰ ਹੋ ਜਾਣ ’ਤੇ ਕੀਤਾ ਗਿਆ ਕੋਈ ਕਰਮ ਦੋਸ਼ ਰਹਿਤ ਹੁੰਦਾ ਹੈ।
ਮੰਨ ਲਉ ਕਿਸੇ ਗ੍ਰਹਿਣੀ ਜਾਂ ਫਿਰ ਪਿਤਾ ਦੇ ਬੱਚੇ ਭੁੱਖ ਨਾਲ ਤੜਫ਼ ਰਹੇ ਹਨ, ਉਨ੍ਹਾਂ ਦੀ ਜਾਨ ਜਾਣ ਦਾ ਖ਼ਤਰਾ ਹੈ। ਉਸ ਸਮੇਂ ਉਹ ਚੋਰੀ ਕਰ ਕੇ ਵੀ ਜੇਕਰ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕਰ ਲਵੇ ਤਾਂ ਉਸ ਨੂੰ ਚੋਰੀ ਕਰਨ ਦਾ ਦੋਸ਼ ਨਹੀਂ ਲਗਦਾ ਸ਼ਰਤ ਇਹ ਕਿ ਉਹ ਮਨ ਵਿਚ ਇਹ ਗੱਲ ਸੋਚ ਲਵੇ ਕਿ ਚੰਗੇ ਸਮੇਂ ਵਿਚ ਉਹ ਇਸ ਚੋਰੀ ਦੀ ਭਰਪਾਈ ਕਰ ਦੇਵੇਗਾ ਭਾਵ ਉਹ ਇਸ ਚੋਰੀ ਨੂੰ ਕਰਨ ਲਗਿਆਂ ਮਨ ਵਿਚੋਂ ਇਹੋ ਸੋਚੇ ਕਿ ਉਹ ਇਸ ਚੀਜ਼ ਨੂੰ ਉਸ ਮਾਲਕ ਪਾਸੋਂ ਉਧਾਰੀ ਸਮਝ ਕੇ ਲੈ ਰਿਹਾ ਹੈ ਜਿਸ ਦੀ ਇਹ ਚੀਜ਼ ਹੈ। ਇਸ ਤਰ੍ਹਾਂ ਕੀਤਿਆਂ ਉਸ ਨੂੰ ਪਾਪ ਲੱਗਣ ਦਾ ਡਰ ਨਹੀਂ ਰਹਿੰਦਾ।
ਇਸੇ ਪ੍ਰਕਾਰ ਸਮਾਜ ਵਿਚ ਸੁਖ ਸ਼ਾਂਤੀ ਰੱਖਣ ਲਈ ਹੋਰ ਕਈ ਕਿਸਮ ਦੇ ਨਿਯਮ ਬਣਾਏ ਗਏ ਜਿਨ੍ਹਾਂ ਅਨੁਸਾਰ ਕਈ ਕਰਮਾਂ ਨੂੰ ਪੁੰਨ ਕਰਮ ਤੇ ਕਈ ਕਰਮਾਂ ਨੂੰ ਪਾਪ ਕਰਮ ਸਮਝਿਆ ਗਿਆ। ਹਿੰਸਾ, ਝੂਠ, ਠੱਗੀ, ਚੋਰੀ, ਡਕੈਤੀ, ਦੁਰਵਿਵਹਾਰ, ਜ਼ਬਰ ਜਨਾਹ ਜਿਹੇ ਕਰਮਾਂ ਨੂੰ ਪਾਪ ਕਰਮ ਸਮਝਿਆ ਗਿਆ। ਧਰਮ, ਸੱਚਾਈ, ਨੇਕੀ, ਪਵਿੱਤਰਤਾ, ਅਹਿੰਸਾ, ਦਯਾ, ਸਹਾਇਤਾ, ਮੁਆਫ਼ ਕਰਨਾ ਆਦਿ ਕਰਮਾਂ ਨੂੰ ਪੁੰਨ ਕਰਮ ਦਾ ਨਾਂ ਦਿਤਾ ਗਿਆ। ਇਸ ਪ੍ਰਕਾਰ ਸਮਾਜ ਵਿਚ ਇਕ ਅਜਿਹਾ ਵਾਤਾਵਰਣ ਉਲੀਕਿਆ ਗਿਆ ਜਿਸ ਦੇ ਪਾਲਣ ਕੀਤਿਆਂ ਸੁਖ ਸ਼ਾਂਤੀ ਦੀ ਆਸ ਹੋ ਸਕਦੀ ਸੀ।
ਜਿਥੋਂ ਤਕ ਸਥਾਨਕ ਸਮਾਜ ਦਾ ਪ੍ਰਸ਼ਨ ਸੀ ਅਜਿਹੀ ਵਿਵਸਥਾ ਦੇ ਹੁੰਦਿਆਂ ਸਮਾਜ ਵਿਚ ਸੁਖ ਸ਼ਾਂਤੀ ਫ਼ੈਲ ਗਈ। ਕੁੱਝ ਇਕ ਬੇਸੁਰੇ ਲੋਕੀ ਜਿਹੜੇ ਇਨ੍ਹਾਂ ਸਮਾਜਕ ਨਿਯਮਾਂ ਦੀ ਪਾਲਣਾ ਨਾ ਕਰਦੇ ਆਪਹੁਦਰੀਆਂ ਕਰਦੇ ਸਨ ਤੇ ਸੁਆਰਥੀ ਹੋ ਕੇ ਕਰਮ ਕਰਦੇ ਸਨ, ਸਮਾਜ ਵਿਚ ਬਦਅਮਨੀ ਫੈਲਾਉਂਦੇ ਸਨ, ਉਨ੍ਹਾਂ ਨੂੰ ਅਸੁਰ ਜਾਂ ਰਾਖਸ਼ਸ ਆਖਿਆ ਜਾਣ ਲਗਿਆ ਜਦ ਕਿ ਪੂਰੀ ਤਰ੍ਹਾਂ ਵਿਵਸਥਿਤ ਲੋਕਾਂ ਨੂੰ ਦੇਵਤੇ ਆਖਿਆ ਗਿਆ।
ਸੋ ਧਰਮਰਾਜ, ਚਿੱਤਰਗੁਪਤ (ਪੁਰਾਣਾਂ ਅਨੁਸਾਰ: ਮਨੁੱਖਾਂ ਦੇ ਚੰਗੇ-ਮੰਦੇ ਕਰਮਾਂ ਦਾ ਲੇਖਾ ਰੱਖਣ ਵਾਲਾ ਧਰਮਰਾਜ ਦਾ ਇਕ ਮੁਣਸ਼ੀ) ਨਰਕ ਸਵਰਗ, ਆਵਾਗਵਣ (ਵਾਰ ਵਾਰ ਜਨਮ ਲੈਣ ਦਾ ਭਾਵ, ਆਉਣਾ ਜਾਣਾ), ਪੁਨਰ-ਜਨਮ ਆਦਿ ਧਾਰਨਾਵਾਂ ਨੇ ਸਮਾਜਕ ਸੁਖ ਸ਼ਾਂਤੀ ਬਰਕਰਾਰ ਰੱਖਣ ਵਿਚ ਅਹਿਮ ਯੋਗਦਾਨ ਪਾਇਆ ਪਰੰਤੂ ਜਦੋਂ ਕੁੱਝ ਬਾਹਰੀ ਲੋਕਾਂ ਦਾ ਭਾਰਤ ਵਿਚ ਦਾਖ਼ਲਾ ਹੋਇਆ ਤਾਂ ਉਹ ਅਪਣੀ ਕਿਸਮ ਦੇ ਸੰਸਕਾਰ ਤੇ ਅਪਣੀ ਕਿਸਮ ਦੀਆਂ ਸਮਾਜਕ ਧਾਰਨਾਵਾਂ ਨਾਲ ਲੈ ਕੇ ਆਏ। ਸਭਿਆਚਾਰ ਤੇ ਬੋਲੀ ਦੀ ਭਿੰਨਤਾ ਕਾਰਨ ਇਹ ਲੋਕ ਛੇਤੀ ਕੀਤੇ ਸਥਾਨਕ ਲੋਕਾਂ ਵਿਚ ਘੁਲ-ਮਿਲ ਨਾ ਸਕੇ ਤੇ ਨਾ ਹੀ ਇਨ੍ਹਾਂ ਨੂੰ ਇਥੋਂ ਦੇ ਨਿਯਮ ਕਾਇਦੇ ਕਿਸੇ ਤਰ੍ਹਾਂ ਪਸੰਦ ਹੀ ਸਨ।
ਇਹ ਤਾਂ ਸਿਰਫ਼ ਅਪਣੀਆਂ ਧਾਰਨਾਵਾਂ ਨੂੰ ਹੀ ਤਰਜੀਹ ਦਿੰਦੇ ਸਨ। ਇਹ ਲੋਕੀ ਅਪਣੇ ਤੋਂ ਭਿੰਨ ਸੰਸਕਾਰਾਂ ਵਾਲੇ ਲੋਕਾਂ ਨੂੰ ਕਾਫ਼ਰ ਜਾਂ ਫਿਰ ਰੱਬ ਤੋਂ ਦੂਰ ਸਮਝਦੇ ਸਨ ਤੇ ਅਜਿਹੇ ਕਾਫ਼ਰਾਂ ਨੂੰ ਇਹ ਭਾਰਤੀ ਰਾਖਸ਼ਸ਼ਾਂ ਜਾਂ ਅਸੁਰਾਂ ਵਾਂਗ ਹੀ ਦਰਜਾ ਦਿਆ ਕਰਦੇ ਸਨ ਜਿਨ੍ਹਾਂ ਨੂੰ ਮਾਰਨ ਦਾ ਕੋਈ ਦੋਸ਼ ਨਹੀਂ ਸੀ ਸਗੋਂ ਅਜਿਹੇ ਕਾਫ਼ਰਾਂ ਨੂੰ ਮਾਰ ਦੇਣ ਦਾ ਪੁੰਨ ਹੀ ਸੀ ਕਿਉਂਕਿ ਇਹ ਲੋਕ ਉਨ੍ਹਾਂ ਦੀ ਧਾਰਨਾ ਅਨੁਸਾਰ ਰੱਬ ਨੂੰ ਨਾ ਮੰਨ ਕੇ ਸਗੋਂ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਨੂੰ ਮਾਨਤਾ ਦਿੰਦੇ ਸਨ ਜਦਕਿ ਉਹ ਲੋਕ ਸਮਝਦੇ ਸਨ ਕਿ ਇਕ ਕਰਤਾ ਤੋਂ ਬਿਨਾ ਹੋਰ ਕੋਈ ਅਜਿਹੀ ਸ਼ਕਤੀ ਨਹੀਂ ਹੈ ਜਿਹੜੀ ਇਸ ਕਾਇਨਾਤ ਦੀ ਮਾਲਕ ਹੋਵੇ ਤੇ ਸ਼ਕਤੀਸ਼ਾਲੀ ਵੀ ਹੋਵੇ।
ਸੋ ਉਨ੍ਹਾਂ ਬਾਹਰੋਂ ਆਏ ਲੋਕਾਂ ਨੇ ਜਿਨ੍ਹਾਂ ਦਾ ਧਰਮ ਤੇ ਸੰਸਕਾਰ ਮੂਲ ਭਾਰਤੀਆਂ ਨਾਲੋਂ ਵੱਖਰੇ ਸਨ ਇਨ੍ਹਾਂ ਦੇ ਵਿਰੁਧ ਫ਼ਤਵਾ ਦਿਤਾ ਅਤੇ ਜ਼ਬਰਦਸੀ ਇਨ੍ਹਾਂ ਉੱਤੇ ਕਬਜ਼ਾ ਕਰ ਕੇ ਇਨ੍ਹਾਂ ਦਾ ਧਰਮ ਤਬਦੀਲ ਕਰਨਾ ਸ਼ੁਰੂ ਕਰ ਦਿਤਾ ਅਤੇ ਨਾ ਮੰਨਣ ਵਾਲਿਆਂ ਨੂੰ ਮਾਰਨ ਲੱਗੇ।
ਸੋ ਮਰਨ ਕਿਨਾਰੇ ਪਹੁੰਚਿਆ ਮਨੁੱਖ ਅਪਣੇ ਅਪਣੇ ਧਰਮ ਅਨੁਸਾਰ ਇਸ ਗੱਲ ਵਿਚ ਵਿਸ਼ਵਾਸ ਕਰਨ ਲਗਦਾ ਹੈ ਕਿ ਉਸ ਦੇ ਮੋਢਿਆਂ ’ਤੇ ਸਥਿਤ ਚਿੱਤਰਗੁਪਤ ਉਸ ਦੇ ਹਰ ਕਰਮ ਦੀ ਰੀਪੋਰਟ ਧਰਮਰਾਜ ਪਾਸ ਘੱਲਦੇ ਰਹੇ ਹਨ, ਇਸ ਲਈ ਧਰਮਰਾਜ ਤੋਂ ਕੋਈ ਵੀ ਚੀਜ਼ ਲੁਕੀ ਹੋਈ ਨਹੀਂ ਹੈ। ਇਸ ਲਈ ਉਹ ਜਦੋਂ ਧਰਮਰਾਜ ਕੋਲ ਪੇਸ਼ ਹੋਵੇਗਾ ਤਾਂ ਉਸ ਨੂੰ ਸੱਭ ਕੁੱਝ ਸਚੋ ਸੱਚ ਦਸਣਾ ਪਵੇਗਾ। ਉਸ ਦੇ ਕੀਤੇ ਕਰਮਾਂ ਦੇ ਆਧਾਰ ’ਤੇ ਹੀ ਉਸ ਦੀ ਸਜ਼ਾ ਜਾਂ ਫਿਰ ਉਸ ਦੇ ਇਨਾਮ ਦਾ ਫ਼ੈਸਲਾ ਹੋਵੇਗਾ।
ਹੁਣ ਉਸ ਨੂੰ ਅਪਣੇ ਪੁੰਨ ਕਰਮ ਤਾਂ ਬਹੁਤੇ ਚੇਤੇ ਨਹੀਂ ਆਉਂਦੇ ਪਰ ਉਸ ਦੇ ਕੀਤੇ ਪਾਪ ਕਰਮ ਵਾਰ ਵਾਰ ਚੇਤੇ ਆਉਂਦੇ ਹਨ ਤੇ ਉਹ ਉਨ੍ਹਾਂ ਪਾਪ ਕਰਮਾਂ ਦਾ ਚਿੰਤਨ ਕਰ ਕੇ ਡਰਿਆ ਜਿਹਾ ਮਹਿਸੂਸ ਕਰਦਾ ਹੈ।
ਉਸ ਨੂੰ ਯਾਦ ਆ ਜਾਂਦਾ ਹੈ ਕਿ ਕਿਹੜੇ ਕਿਹੜੇ ਸਮੇਂ ਉਸ ਨੇ ਕੀਹਦੇ ਕੀਹਦੇ ਨਾਲ ਧੋਖ਼ਾ ਕੀਤਾ, ਕਿਸ ਨੂੰ ਚਲਾਕੀ ਨਾਲ ਕੁਟਿਆ, ਕਦੋਂ ਚੋਰੀ ਕੀਤੀ ਤੇ ਕਦੋਂ ਕੀਹਨੂੰ ਫਸਾਉਣ ਲਈ ਝੂਠ ਬੋਲਿਆ, ਕਦੋਂ ਕਿਸੇ ਦਾ ਧਨ ਤੇ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ, ਕੀਹਦੇ ਨਾਲ ਬਦਫੈਲੀ ਕੀਤੀ ਤੇ ਕੀਹਨੂੰ ਕੀਹਨੂੰ ਕਤਲ ਕੀਤਾ ਜਾਂ ਫਿਰ ਹੋਰ ਨੁਕਸਾਨ ਪਹੁੰਚਾਇਆ, ਕੀਹਦੇ ਕੀਹਦੇ ਤੋਂ ਰਿਸ਼ਵਤ ਲਈ ਤੇ ਕੀਹਦਾ ਕੀਹਦਾ ਕੰਮ ਰੋਕਿਆ, ਹੁਣ ਉਸ ਨੂੰ ਸਾਰੀਆਂ ਗੱਲਾਂ ਯਾਦ ਆਉਣ ਲਗਦੀਆਂ ਹਨ ਤੇ ਉਹ ਡਰਿਆ ਡਰਿਆ ਮਹਿਸੂਸ ਕਰਦਾ ਹੈ।
ਹੁਣ ਕੁੱਝ ਹੋ ਵੀ ਨਹੀਂ ਸਕਦਾ, ਇਹ ਸਾਰੀਆਂ ਗੱਲਾਂ ਕਿਵੇਂ ਝੂਠ ਹੋਣ। ਸੋ ਮਰਨ ਕਿਨਾਰੇ ਪਹੁੰਚ ਗਏ ਮਨੁੱਖ ਨੂੰ ਜਦੋਂ ਇਨ੍ਹਾਂ ਗੱਲਾਂ ਦੀ ਸੋਝੀ ਆਉਂਦੀ ਹੈ ਤਾਂ ਉਹ ਪਛਤਾਵੇ ਦੀ ਅੱਗ ਵਿਚ ਸੜਨ ਲਗਦਾ ਹੈ।
ਮੂਲ ਲੇਖਕ: ਰਾਮਨਾਥ ਸ਼ੁਕਲ