
ਸੜਕ ’ਤੇ ਧੁੰਦ ਦੀ ਵਜ੍ਹਾ ਨਾਲ ਦੇਖਣਾ ਕਾਫ਼ੀ ਔਖਾ ਹੋ ਜਾਂਦਾ ਹੈ। ਇਸ ਸਥਿਤੀ ਵਿਚ ਸੜਕ ਤੇ ਬਣੀ ਸਫ਼ੇਦ ਪੱਟੀ ਦੇ ਨਾਲ ਹੀ ਵਾਹਨ ਨੂੰ ਚਲਾਉਣਾ ਚਾਹੀਦਾ ਹੈ।
ਉੱਤਰੀ ਭਾਰਤ ਅਤੇ ਪੰਜਾਬ ਵਿਚ ਠੰਢ ਵਧਦੀ ਹੀ ਜਾ ਰਹੀ ਹੈ। ਭਾਵ ਧੁੰਦ ਅਤੇ ਕੋਰੇ ਨੇ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿਤਾ ਹੈ ਅਤੇ ਸੰਘਣੀ ਧੁੰਦ ਨਾਲ ਮੌਸਮ ਖਰਾਬ ਹੋ ਜਾਣ ਕਾਰਨ ਕਈ ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਦਾ ਸਫ਼ਰ ਰੋਕ ਦਿਤਾ ਗਿਆ ਹੈ। ਠੰਢ ਅਤੇ ਧੁੰਦ ਪੈਣ ਕਾਰਨ ਮਨੁੱਖੀ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋ ਜਾਂਦਾ ਹੈ। ਅਸੀਂ ਆਮ ਤੌਰ ’ਤੇ ਅਪਣੇ ਰੋਜ਼ ਦੇ ਕੰਮ ਲਈ ਅਤੇ ਨੇੜੇ-ਤੇੜੇ ਜਾਣ ਲਈ ਸੜਕੀ ਸਾਧਨਾਂ ਦੀ ਹੀ ਜ਼ਿਆਦਾ ਵਰਤੋਂ ਕਰਦੇ ਹਾਂ।
ਸੰਘਣੀ ਧੁੰਦ ਪੈਣ ਕਾਰਨ ਸੜਕਾਂ ਉੱਤੇ ਅੱਗੇ-ਪਿੱਛੇ ਕੁੱਝ ਵਿਖਾਈ ਨਹੀਂ ਦਿੰਦਾ, ਇਸੇ ਕਰ ਕੇ ਹੀ ਪਿਛਲੇ ਸਾਲਾਂ ਵਿਚ ਕਈ ਭਿਆਨਕ ਸੜਕੀ ਹਾਦਸੇ ਹੋਏ ਹਨ। ਗੱਡੀ ਨੂੰ ਚਲਾਉਂਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ। ਸਾਡੀ ਕੁੱਝ ਮਿੰਟਾਂ ਦੀ ਕਾਹਲੀ ਅਤੇ ਡਰਾਈਵਰ ਦੀ ਲਾਪ੍ਰਵਾਹੀ ਦੁਖਦਾਈ ਘਟਨਾ ਨੂੰ ਅੰਜ਼ਾਮ ਦੇ ਸਕਦੀ ਹੈ। ਧੁੰਦ ਦੇ ਦਿਨਾਂ ਦੌਰਾਨ ਅਪਣੀ ਗੱਡੀ ਦੀ ਸਪੀਡ ਨੂੰ ਹੌਲੀ ਰੱਖੋ ਤਾਂ ਜੋ ਲੋੜ ਪੈਣ ’ਤੇ ਉਸ ਨੂੰ ਰੋਕਿਆ ਜਾ ਸਕੇ ਅਤੇ ਦੂਸਰੀਆਂ ਗੱਡੀਆਂ ਨੂੰ ਜੇ ਹੋ ਸਕੇ ਤਾਂ ਓਵਰਟੇਕ ਨਾ ਕਰੋ। ਜੇਕਰ ਤੁਹਾਡੀ ਗੱਡੀ ਅਤੇ ਟੂ ਵੀਲਰ ਦੀਆਂ ਲਾਈਟਾਂ ਖ਼ਰਾਬ ਹਨ ਤਾਂ ਉਨ੍ਹਾਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਅਤੇ ਟੂ ਵੀਲਰ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਜ਼ਰੂਰ ਕਰੋ। ਹੈੱਡ ਲਾਈਟ ਨੂੰ ਲੋ ਬੀਮ ’ਤੇ ਰਖਣਾ ਚਾਹੀਦਾ ਤਾਂ ਜੋ ਦੂਜੇ ਪਾਸੇ ਤੋਂ ਆ ਰਹੀ ਗੱਡੀ ਆਸਾਨੀ ਨਾਲ ਦੇਖ ਸਕੇ ਅਤੇ ਉਸ ਦੀ ਸਥਿਤੀ ਬਾਰੇ ਵੀ ਪਤਾ ਲੱਗ ਸਕੇ।
ਸੜਕ ’ਤੇ ਧੁੰਦ ਦੀ ਵਜ੍ਹਾ ਨਾਲ ਦੇਖਣਾ ਕਾਫ਼ੀ ਔਖਾ ਹੋ ਜਾਂਦਾ ਹੈ। ਇਸ ਸਥਿਤੀ ਵਿਚ ਸੜਕ ਤੇ ਬਣੀ ਸਫ਼ੇਦ ਪੱਟੀ ਦੇ ਨਾਲ ਹੀ ਵਾਹਨ ਨੂੰ ਚਲਾਉਣਾ ਚਾਹੀਦਾ ਹੈ। ਸੜਕ ਉੱਤੇ ਅਪਣੀ ਗੱਡੀ ਅਤੇ ਦੂਸਰੀ ਗੱਡੀ ਦੇ ਵਿਚਕਾਰ ਦੂਰੀ ਬਣਾ ਕੇ ਹੀ ਚਲਣਾ ਚਾਹੀਦਾ ਹੈ ਤਾਂ ਜੋ ਕਿਤੇ ਅਚਾਨਕ ਬਰੇਕ ਲਗਾਉਣੀ ਪੈ ਜਾਵੇ ਤਾਂ ਜਗ੍ਹਾ ਮਿਲ ਜਾਵੇ। ਨਹਿਰਾਂ, ਸੇਮ-ਨਾਲੇ ਅਤੇ ਛੱਪੜਾਂ ਆਦਿ ਕੋਲੋਂ ਦੀ ਲੰਘਦੇ ਸਮੇਂ ਵਾਹਨ ਦੀ ਰਫ਼ਤਾਰ ਘੱਟ ਰਖਣੀ ਚਾਹੀਦੀ ਹੈ ਕਿਉਂਕਿ ਇਸ ਜਗ੍ਹਾ ’ਤੇ ਪਾਣੀ ਹੋਣ ਕਰ ਕੇ ਧੁੰਦ ਹੋਰ ਵੀ ਸੰਘਣੀ ਹੋ ਜਾਂਦੀ ਹੈ ਜਿਸ ਨਾਲ ਦੁਰਘਟਨਾ ਹੋਣ ਦਾ ਜ਼ਿਆਦਾ ਡਰ ਰਹਿੰਦਾ ਹੈ। ਧੁੰਦ ਅਤੇ ਠੰਢ ਦੇ ਮੌਸਮ ਦੌਰਾਨ ਗੱਡੀ ਦੀ ਵਿੰਡਸ਼ੀਲਡ ਤੇ ਨਮੀ ਜਮ੍ਹਾਂ ਹੋ ਜਾਂਦੀ ਹੈ, ਇਸ ਸਥਿਤੀ ਵਿਚ ਡਰਾਈਵਰ ਅੱਗੇ ਦੇਖ ਨਹੀਂ ਸਕਦਾ। ਅਜਿਹੇ ਵਿਚ ਗੱਡੀ ਦਾ ਹੀਟਰ ਚਲਾ ਕੇ ਇਸ ਨਮੀ ਨੂੰ ਦੂਰ ਕੀਤਾ ਜਾ ਸਕਦਾ ਹੈ।
ਧੁੰਦ ਵਿਚ ਅਪਣੇ ਵਾਹਨ ਦੇ ਚਾਰੋਂ ਇੰਡੀਕੇਟਰ ਇਕੱਠੇ ਜਗਾ ਕੇ ਰੱਖੋ। ਰੈਫਲੈਕਟਰ ਤੇ ਰੇਡੀਅਮ ਟੇਪ ਗੱਡੀ ਦੇ ਅੱਗੇ-ਪਿੱਛੇ ਜ਼ਰੂਰ ਲਗਾਉ। ਗੱਡੀ ਨੂੰ ਹਮੇਸ਼ਾ ਅਪਣੀ ਲਾਈਨ ਵਿਚ ਹੀ ਚਲਾਉ ਅਤੇ ਜੇਕਰ ਗੱਡੀ ਨੂੰ ਸੜਕ ਤੇ ਰੋਕਣਾ ਹੋਵੇ ਤਾਂ ਉਸ ਨੂੰ ਸੜਕ ਤੋਂ ਥੱਲੇ ਉਤਾਰ ਕੇ ਰੋਕਣਾ ਚਾਹੀਦਾ ਹੈ ਅਤੇ ਗੱਡੀ ਦੇ ਡਿੱਪਰ ਲਾਈਟ ਨੂੰ ਚਲਦੀਆਂ ਰੱਖੋ। ਸੰਭਵ ਹੋ ਸਕੇ ਤਾਂ ਧੁੰਦ ਦੌਰਾਨ ਕਾਰ ਦੀ ਫਾਗ ਲਾਈਟ ਵੀ ਚਾਲੂ ਰਖਣੀ ਚਾਹੀਦੀ ਹੈ। ਸੜਕ ’ਤੇ ਗੱਡੀ ਮੋੜਦੇ ਸਮੇਂ ਚੰਗੀ ਤਰ੍ਹਾਂ ਇਧਰ -ਉਧਰ ਦੇਖ ਲਉ ਕਿ ਦੂਜੇ ਪਾਸੇ ਤੋਂ ਕੋਈ ਗੱਡੀ ਤਾਂ ਨਹੀਂ ਆ ਰਹੀ।
ਕਈ ਸੜਕਾਂ ਅਤੇ ਹਾਈਵੇ ਨਿਰਮਾਣ ਅਧੀਨ ਚੱਲ ਰਹੇ ਹਨ, ਉਨ੍ਹਾਂ ਉਪਰ ਕਈ ਜਗ੍ਹਾ ਓਵਰਬ੍ਰਿਜ ਜਾਂ ਕੋਈ ਹੋਰ ਕੰਮ ਚੱਲ ਰਿਹਾ ਹੈ, ਉਸ ਸੜਕ ’ਤੇ ਸਫ਼ਰ ਕਰਨ ਲੱਗਿਆਂ ਇਸ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ। ਤੁਹਾਡੇ ਦੁਆਰਾ ਵਰਤੀਆਂ ਗਈਆਂ ਸਾਵਧਾਨੀਆ ਤੁਹਾਨੂੰ ਹੀ ਨਹੀਂ ਸਗੋਂ ਦੂਸਰਿਆਂ ਨੂੰ ਵੀ ਦੁਰਘਟਨਾ ਤੋਂ ਬਚਾ ਸਕਦੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੀਆਂ ਸੜਕਾਂ ਖਰਾਬ ਹਨ, ਉਨ੍ਹਾਂ ਦੀ ਮੁਰੰਮਤ ਕਰਾਉਣ ਅਤੇ ਸੜਕਾਂ ਉੱਤੇ ਚਿੱਟੀ ਪੱਟੀ ਅਤੇ ਰਿਫਲੈਕਟਰ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਸਫ਼ਰ ਕਰਨ ’ਚ ਸਹੂਲਤ ਮਿਲ ਸਕੇ। ਆਮ ਤੌਰ ’ਤੇ ਸੜਕੀ ਹਾਦਸੇ ਅਪਣੀ ਅਣਗਹਿਲੀ ਕਾਰਨ ਹੁੰਦੇ ਹਨ ਜਿਸ ਕਰ ਕੇ ਸਾਨੂੰ ਅਪਣਾ ਵਾਹਨ ਸੁਚੇਤ ਹੋ ਕੇ ਚਲਾਉਣਾ ਚਾਹੀਦਾ ਹੈ। ਧੁੰਦ ਤੇ ਖਰਾਬ ਮੌਸਮ ਦੌਰਾਨ ਸਾਨੂੰ ਅਪਣੀ ਲੋੜ ਅਨੁਸਾਰ ਹੀ ਸੜਕ ਉੱਤੇ ਸਫ਼ਰ ਕਰਨਾ ਚਾਹੀਦਾ ਹੈ ਅਤੇ ਸੜਕੀ ਹਾਦਸਿਆਂ ਤੋਂ ਬਚਣ ਲਈ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
- ਗੁਰਪ੍ਰੀਤ ਸਿੰਘ ਗਿੱਲ, ਕੋਟਕਪੂਰਾ ਰੋਡ,
ਸ੍ਰੀ ਮੁਕਤਸਰ ਸਾਹਿਬ। ਮੋ: 94630-43649