ਜਨਮਦਿਨ 'ਤੇ ਵਿਸ਼ੇਸ਼ : ਮੌਲਿਕ ਚਿੰਤਤ ਭਗਤ ਰਵਿਦਾਸ ਜੀ 
Published : Feb 16, 2022, 9:27 am IST
Updated : Feb 16, 2022, 9:53 am IST
SHARE ARTICLE
Bhagat Ravidas Ji
Bhagat Ravidas Ji

ਭਾਰਤ ਦੇ ਵਿਕਾਸ ਦਾ  ਚੱਕਾ ਘੁਮਾਉਣ ’ਚ ਇਸ ਵਰਗ ਦਾ ਵੱਡਾ ਯੋਗਦਾਨ ਹੈ। ਦਲਿਤ, ਆਦਿਵਾਸੀ ਅਤੇ ਕਬਾਇਲੀ ਭਾਈਚਾਰਾ ਹੀ ਅਸਲੀ ਭਾਰਤ ਦੇ ਮੂਲ ਨਿਵਾਸੀ ਅਤੇ ਵਾਰਸ ਸਨ।

ਭਾਰਤ ਦੇ ਵਿਕਾਸ ਦਾ  ਚੱਕਾ ਘੁਮਾਉਣ ’ਚ ਇਸ ਵਰਗ ਦਾ ਵੱਡਾ ਯੋਗਦਾਨ ਹੈ। ਦਲਿਤ, ਆਦਿਵਾਸੀ ਅਤੇ ਕਬਾਇਲੀ ਭਾਈਚਾਰਾ ਹੀ ਅਸਲੀ ਭਾਰਤ ਦੇ ਮੂਲ ਨਿਵਾਸੀ ਅਤੇ ਵਾਰਸ ਸਨ। ਸਿੰਧੂ ਘਾਟੀ ਸੱਭਿਅਤਾ ਦੇ ਖ਼ਾਤਮੇ ਤੋਂ ਬਾਅਦ ਭਾਰਤ ਅੰਦਰ ਦਾਖ਼ਲ ਹੋਏ ਮੱਧ-ਏਸ਼ੀਆ ਦੇ ਕਬੀਲੇ ਅਤੇ ਬਾਹਰਲੇ ਹਮਲਾਵਰਾਂ ਜਿਨ੍ਹਾਂ ਨੂੰ ਹੁਣ ਆਰੀਅਨ-ਲੋਕ ਕਿਹਾ ਜਾਂਦਾ ਹੈ, ਕਈ ਸਦੀਆਂ ਪਹਿਲਾਂ ਉਤਰ-ਪੱਛਮ ਅਤੇ ਅੱਗੋਂ ਬਾਕੀ ਭਾਰਤ ਅੰਦਰ ਕਾਬਜ਼ ਹੋ ਕੇ ਸਥਾਪਤ ਹੁੰਦੇ ਗਏ। ਇਥੋਂ ਦੇ ਮੂਲ ਵਾਸੀ, ਭੀਲ, ਕੋਲ, ਸੰਥਾਲ, ਮੁੰਡਾ, ਆਦਿਵਾਸੀ ਕਬੀਲੇ ਜਿਨ੍ਹਾਂ ਨੂੰ ਪ੍ਰਵਾਸੀ ਜਰਵਾਣਿਆਂ ਜਾਂ ਤਾਂ ਮਾਰ ਦਿਤਾ ਜਾਂ ਫਿਰ ਗ਼ੁਲਾਮ ਬਣਾ ਲਿਆ ਅਤੇ ਬਾਕੀ ਜੰਗਲਾਂ ਦੀ ਸ਼ਰਣ ’ਚ ਚਲੇ ਗਏ। ਦੇਸ਼ ਦੇ ਕੁਦਰਤੀ ਸੋਮਿਆਂ ਜ਼ਮੀਨ, ਜੰਗਲ ਅਤੇ ਜਲ ਦੇ ਅਧਿਕਾਰਾਂ ਤੋਂ ਵਾਂਝੇ ਇਹ ਲੋਕ ਸਦੀਆਂ ਤੋਂ ਜਰਵਾਣੇ ਲੋਕਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਸਮੁੱਚੇ ਸੋਸ਼ਤ ਵਰਗ ਦੀ ਮੁਕਤੀ ਲਈ ਅੱਜ ਇਕੋ ਇਕ ਰਾਹ ਇਹ ਹੈ ਕਿ ਉਹ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਮੁੱਠ ਹੋਣ। ਇਸ ਲਈ ਸੋਸ਼ਤ ਸਮਾਜ ਦੀ ਸ਼ਕਤੀ ਭਾਰਤ ਅੰਦਰ ਕਿਰਤੀ-ਜਮਾਤ ਦੇ ਸੰਘਰਸ਼ਾਂ ਦੀ ਭਾਈਵਾਲੀ ਵਾਲੀ ਰਾਜਨੀਤੀ ਅੰਦਰ ਹੀ ਅੱਗੇ ਵੱਧ ਸਕਦੀ ਹੈ। ਸਮਾਜਕ-ਪ੍ਰੀਵਰਤਨ ਲਈ ਸਮੁੱਚੀ ਕਿਰਤੀ-ਜਮਾਤ ਹੀ ਸਰਬ-ਸਮਰੱਥ ਹੋ ਸਕਦੀ ਹੈ ਜੋ ਮਨੁੱਖ ਨੂੰ ਸਮਾਜਕ ਤੇ ਆਰਥਕ ਦੁੱਖਾਂ ਤੋਂ ਨਿਜਾਤ ਦਿਵਾ ਸਕਦੀ ਹੈ।

ਭਾਰਤੀ ਦਰਸ਼ਨ ਬਾਰੇ ਸਭ ਤੋਂ ਪਹਿਲਾ ਅਹਿਮ ਤੱਥ, ਜੇ ਬਹੁਤਾ ਨਹੀਂ ਤਾਂ ਪਿਛਲੇ ਪੱਚੀ ਕੁ ਸੌ ਸਾਲਾਂ ਤੋਂ ਫ਼ਲਸਫ਼ੇ ਦੇ ਖੇਤਰ ’ਚ ਲਗਾਤਾਰ ਜਾਰੀ ਰਹੀਆਂ ਸਰਗਰਮੀਆਂ ਦੇ ਸਿੱਟੇ ਵਜੋਂ, ਇਸ ਦੇ ਆਮ ਖ਼ਜ਼ਾਨੇ ’ਚ ਜਮ੍ਹਾਂ ਹੋਏ ਬੇਥਾਹ ਫ਼ਲਸਫ਼ਾਨਾਂ ਤੱਤਾਂ ਦਾ ਮੌਜੂਦ ਹੋਣਾ ਹੈ। ਇਸ ਸਰਗਰਮੀ ਦੀ ਉਘੜਵੀਂ ਸ਼ੁਰੂਆਤ ਦੀ ਪੈੜ ਉਪਨਿਸ਼ਦਾਂ ਦੇ ਵੇਲੇ ਤੋਂ ਲੱਭੀ ਜਾ ਸਕਦੀ ਹੈ। ਇਸ ਕਾਰਨ ਮਨੌਤ ਇਹੀ ਹੈ ਕਿ ਜਿਨ੍ਹਾਂ ਚਿੰਤਕਾਂ ਦੇ ਵਿਚਾਰ ਇਨ੍ਹਾਂ ਉਪਨਿਸ਼ਦਾਂ ’ਚ ਦਰਜ ਹਨ, ਉਹ ਇਸ ਤੋਂ ਵੀ ਪਹਿਲਾਂ ਦੇ ਸਮਿਆਂ ’ਚ ਹੋਏ ਹਨ। ਇਸ ਕਰ ਕੇ ਉਪਨਿਸ਼ਦਕ ਫ਼ਲਸਫ਼ੇ ਵਜੋਂ ਜਾਣੇ ਜਾਂਦੇ ਹਨ। ਵਿਚਾਰਾਂ ਦਾ ਅਪਣਾ ਇਕ ਆਦਿ ਇਤਿਹਾਸ ਹੈ।

ਇੰਜ ਅਸੀ ਦੇਖਾਂਗੇ ਕਿ ਭਾਰਤੀ ਫ਼ਲਸਫ਼ੇ ਬਾਰੇ ਸਮਝ ਬਣਾਉਣ ਲਈ ਇਸ ਤੱਥ ਦੀ ਮਹੱਤਤਾ ਨੂੰ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤੀ ਫ਼ਲਸਫ਼ੇ ਦੇ ਇਤਿਹਾਸਕਾਰ ਐਸ.ਐਨ. ਦਾਸ ਗੁਪਤਾ ਮੁਤਾਬਕ ਚਰਕ ਸੰਹਿਤਾ ਤੋਂ ਬਹੁਤ ਪਹਿਲਾਂ ਦੇ ਸਮਿਆਂ ਵਾਲੇ ਸਾਹਿਤ ’ਚ ਸਾਨੂੰ ਬਹਿਸ, ਭੇੜ, ਦਲੀਲ-ਬਾਜ਼ੀ ਜਾਂ ਵਿਚਾਰ ਚਰਚਾ ਦਾ ਜ਼ਿਕਰ ਮਿਲਦਾ ਹੈ।

ਇਸ ਕਰ ਕੇ ਪਹਿਲੀ ਵਾਰ ਇਸ ਦਾ ਜ਼ਿਕਰ, ਬਝਵੇ ਸਰੂਪ ’ਚ ਚਰਕ ਸੰਹਿਤਾ ’ਚ ਹੀ ਮਿਲਦਾ ਹੈ। ਰਵਾਇਤੀ ਭਾਰਤੀ ਚਿੰਤਨ ’ਚ ਜੋ ਕੁਝ ਵੀ ਉਸਾਰੂ ਹੈ, ਉਸ ਨੂੰ ਦੇਸ਼ ਦੇ ਕਿਰਤੀ ਲੋਕਾਂ (ਦਬੇ-ਕੁਚਲੇ) ਦੀ ਮੁਕਤੀ ਲਈ ਭਗਤੀ ਲਹਿਰ ਵੇਲੇ ਸੰਤ ਨਾਮਦੇਵ, ਸੰਤ ਕਬੀਰ ਜੀ, ਗੁਰੂ ਰਵਿਦਾਸ ਜੀ, ਗੁਰੂ ਨਾਨਕ ਦੇਵ ਜੀ ਆਦਿ ਚਿੰਤਕਾਂ ਨੇ ਲੋਕਾਂ ਅੰਦਰ ਇਕ ਧਾਰਮਕ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਮਨੁੱਖੀ ਰਿਸ਼ਤਿਆਂ ਸਮੇਤ ਕੁਦਰਤ ਨੂੰ ਸਮਝਣ ਤੇ ਇਸ ਉਪਰ ਮੁਹਾਰਤ ਹਾਸਲ ਕਰ ਕੇ ਉਠਾਇਆ ਹਰ ਕਦਮ ਕਿਰਤੀ ਲੋਕਾਂ ਲਈ ਕੀਮਤੀ ਸੀ। ਰਵਿਦਾਸ ਜੀ ਦੇ ਫ਼ਲਸਫ਼ੇ ਨੂੰ ਸਮਝਣ ਲਈ ਉਨ੍ਹਾਂ ਦੇ ਇਕ ਪਦ ਪ੍ਰਤੀ ਸਮਝ ਬਣਾ ਕੇ ਉਨ੍ਹਾਂ ਦੇ ਸਿਧਾਂਤਕ ਵਿਚਾਰਾਂ ਰਾਹੀਂ ਮਨੁੱਖਤਾ ਨੂੰ ਵੀ ਸਮਝ ਸਕਦੇ ਹਾਂ। ਜੋ ਅੱਗੇ ਸਮਾਜ ਅੰਦਰ ਦਲਿਤ ਚੇਤਨਾ ਲਈ ਹਲੂਣਾ ਦਿੰਦਾ ਹੈ।

ਰੇ ਚਿਤ ਚੇਤਿ ਅਚੇਤ॥ 
ਕਾਹੇ ਨ ਬਾਲਮੀਕਹਿ ਦੇਖ॥
ਕਿਸੁ ਜਾਤਿ ਤੇ ਕਿਹ ਪਦਹਿ ਆਮਰਿਓ 
ਰਾਮ ਭਗਤਿ ਬਿਸੇਖ॥

ਇਸ ਲਈ ਸਾਨੂੰ ਗੁਰੂ ਰਵਿਦਾਸ ਜੀ ਨੇ 13ਵੀਂ ਸਦੀ ਦੇ 7ਵੇਂ ਦਹਾਕੇ ਦੇ ਅੰਤ ’ਚ ਹੀ ਮਨੁੱਖੀ ਰਿਸ਼ਤਿਆਂ ਸਬੰਧੀ ਜਾਣੂ ਕਰਵਾ ਦਿਤਾ ਸੀ। ਇਸ ਲਈ ਅੱਜ ਸਾਨੂੰ ਦਲਿਤ ਚੇਤਨਾ ਨੂੰ ਸਮਾਜਕ ਚੇਤਨਾ ਦੇ ਸੰਦਰਭ ਅੰਦਰ ਦੇਖਣਾ ਪਏਗਾ ਤਾਕਿ ਇਸ ਲੋਟੂ ਸਮਾਜ ਅੰਦਰ ਅਖੌਤੀ ਸ਼ੂਦਰ ਸਮਾਜ ਅਪਣੇ ਮਨੁੱਖੀ ਹੱਕ ਦੀ ਪ੍ਰਾਪਤੀ ਲਈ ਕਿਰਤੀ ਸੰਘਰਸ਼ ਵਜੋਂ ਜਾਗਰੂਕ ਹੋ ਕੇ ਉਸ ਨੂੰ ਮੁਕਤੀ ਕਿਵੇਂ ਮਿਲ ਸਕਦੀ ਹੈ?

ਮੱਧਕਾਲ ਅੰਦਰ ਸ਼ੁਰੂ ਹੋਈ ਭਗਤੀ ਲਹਿਰ ਦੇ ਭਾਰਤੀ ਫ਼ਲਸਫ਼ੇ ਦੇ ਪ੍ਰਭਾਵਾਂ ਅੰਦਰ ਭਗਤ ਰਵਿਦਾਸ ਜੀ ਪਹਿਲੇ ਅਜਿਹੇ ਸਮਾਜਕ ਚਿੰਤਕ ਸਨ ਜਿਨ੍ਹਾਂ ਨੇ ਸਮਾਜ ਅੰਦਰ ਪਸਰੀਆਂ ਸਮਾਜਕ, ਆਰਥਕ ਅਤੇ ਸਭਿਆਚਾਰਕ ਖੇਤਰ ਅੰਦਰ ਬੇਨੇਮੀਆਂ, ਜਾਤ-ਪਾਤ, ਛੂਆ-ਛਾਤ, ਅਨਿਆਏ ਅਤੇ ਲੁੱਟ-ਖਸੁੱਟ ਵਿਰੁਧ ਅਪਣੀ ਬਹਿਸ, ਦਲੀਲਬਾਜ਼ੀ ਤੇ ਵਿਚਾਰ-ਚਰਚਾ ਰਾਹੀਂ ਭਾਰਤੀ ਦਰਸ਼ਨ ਅੰਦਰ ਅਪਣੀ ਵਿਚਾਰਧਾਰਾ ਨੂੰ ਪੇਸ਼ ਕੀਤਾ। ਭਾਵੇਂ ਭਾਰਤ ਅੰਦਰ ਪਛਮੀ ਤਰਜ਼ ਦੀ ਗ਼ੁਲਾਮਦਾਰੀ ਪ੍ਰਥਾ ਤਾਂ ਨਹੀਂ ਸੀ, ਪਰ ਇਸ ਦਾ ਰੂਪ ਦਾਸ-ਪ੍ਰਥਾ ਜੋ ਜਾਤ-ਪਾਤ ਅਤੇ ਛੂਆ-ਛਾਤ ਦੇ ਰੂਪ ’ਚ ਸੀ, ‘ਜਿਸ ਅੰਦਰ ਕਿਰਤ ਨੂੰ ਅਪਣੇ ਹੱਥੀ ਕਰਨ ਦੀ ਥਾਂ ਦਾਸਾਂ ਰਾਹੀਂ (ਦੂਜਿਆਂ ਤੋਂ) ਕਰਵਾਇਆ ਜਾਂਦਾ ਸੀ। ਇਸ ਪਰਜੀਵੀਪੁਣੇ ਦੇ ਤਰਕ ਦੀ ਸਥਾਪਤੀ ਵਿਰੁਧ ਭਗਤ ਰਵਿਦਾਸ ਜੀ ਨੇ ਸਮਾਜਕ ਬਰਾਬਰੀ ਲਈ ਵਿਲੱਖਣ ਜੋਤ ਅਪਣੇ ਹੱਥਾਂ ’ਚ ਫੜ ਕੇ ਉਚੇਰੇ ਸਮਾਜ ਵਲੋਂ ਜੋ ਅਖੌਤੀ ਨੀਵੇਂ ਸਮਾਜ ਪ੍ਰਤੀ ਜੁਗਾਂ-ਜੁਗਾਂਤਰਾਂ ਤੋਂ ਫੈਲਾਏ ਘਿਰਣਾ, ਸ਼ੋਸ਼ਣ, ਲੁੱਟ-ਖਸੁੱਟ ਅਤੇ ਮਨੂੰਵਾਦੀ ਵਰਣ ਸੀ, ਵਿਰੁਧ ਅਲਖ ਜਗਾਈ।

ਬ੍ਰਹਮਨ ਬੈਸ ਸੂਦ ਅਰੁ ਖਤ੍ਰੀ, 
ਡੋਮ ਚੰਡਾਰ, ਮਲੇਛ ਮਨ ਸੋਇ॥
ਹੋਇ ਪੁਨੀਤ ਭਗਵੰਤ ਭਜਨ ਤੇ, 
ਆਪ ਤਾਰਿ ਤਾਰੇ ਕੁਲ ਦੋਇ॥
(ਗੁਰੂ ਗ੍ਰੰਥ ਸਾਹਿਬ ਪੰਨਾ 585)

ਭਾਰਤੀ ਰਾਜ-ਸੱਤਾ ਅੰਦਰ ਮੁੱਢ-ਕਦੀਮ ਤੋਂ ਹਾਕਮ ਜਮਾਤਾਂ ਅਪਣੀ ਖ਼ੁਸ਼ਹਾਲੀ ਅਤੇ ਸੁਰੱਖਿਆ ਲਈ ਦਮਨਕਾਰੀ ਰੂਪ ’ਚ ਲਾਜ਼ਮੀ ਵਿਚਰਦੀਆਂ ਰਹੀਆਂ ਹਨ। ਚਾਣਕੀਆ ਕਹਿੰਦਾ ਹੈ ਕਿ ‘‘ਅਰਥ-ਸ਼ਾਸਤਰ ਅਤੇ ਧਰਮ-ਸ਼ਾਸਤਰ ਦੀ ਤਰ੍ਹਾਂ ਹੀ ਤਰਕ ਸੰਗਤ ਫ਼ਲਸਫ਼ੇ ਨੂੰ ਵੀ ਸ਼ਾਸਨ-ਕਲਾ ਵਾਂਗ ਹੀ ਭਾਵ ਡੰਡੇ ਲਈ ਜ਼ਰੂਰੀ ਹੈ।’’ ਰਾਜਸੀ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਉਹ ਅੰਧ-ਵਿਸ਼ਵਾਸ ਦੀ ਖੁਲ੍ਹੇਆਮ ਵਰਤੋਂ ਨੂੰ ਲਾਜ਼ਮੀ ਕਰਾਰ ਦਿੰਦਾ ਹੈ।

ਅੰਧ-ਵਿਸ਼ਵਾਸ਼ ਦੀ ਕਾਰਗਰ ਢੰਗ ਨਾਲ ਵਰਤੋਂ ਕਰਨ ਲਈ ਹਾਕਮਾਂ ਦਾ ਖ਼ੁਦ ਇਸ ਅੰਧ-ਵਿਸ਼ਵਾਸਾਂ ’ਚ ਗਾਲਤਾਨ ਹੋਣਾ ਵੀ ਜ਼ਰੂਰੀ ਹੈ। ਇਨ੍ਹਾਂ ਰਸਤਿਆਂ ਰਾਹੀਂ ਹੀ ਭਾਰਤ ਅੰਦਰ ਅੱਜ ਤਕ ਹਾਕਮ ਜਮਾਤਾਂ ਕਿਰਤੀ ਲੋਕਾਂ ਨੂੰ ਵਰਣ-ਆਸ਼ਰਮ, ਜਾਤ-ਪਾਤ ਅਤੇ ਛੂਆ-ਛਾਤ ਦੇ ਮੱਕੜ-ਜਾਲਾਂ ’ਚ ਫਸਾ ਕੇ ਹਜ਼ਾਰਾਂ ਸਾਲਾਂ ਤੋਂ ਕਿਰਤੀਆਂ ਅਤੇ ਸ਼ੂਦਰਾਂ ਨੂੰ ਲੁਟਦੇ ਆ ਰਹੇ ਹਨ। ਮਨੁੱਖਤਾ-ਵਾਦੀ ਭਗਤ ਰਵਿਦਾਸ ਜੀ ਨੇ ਉਸ ਵੇਲੇ ਦੇ ਭਾਰਤੀ ਸਮਾਜ ਨੂੰ ਜੋ ਹਿੱਸਿਆਂ ’ਚ ਵੰਡਿਆ ਹੋਇਆ ਸੀ, ਨੂੰ ਬੜੀ ਬਰੀਕੀ ਨਾਲ ਦੇਖਿਆ ਤੇ ਪਛਾਣਿਆ। 

ਇਹ ਸਮਾਜ ਜੋ ਹਾਕਮਾਂ ਵਲੋਂ ਦੋ ਧੜਿਆਂ ’ਚ ਇਕ ਉੱਚੇ-ਸਵਰਨ, ਕੁਲੀਨ  ਤੇ ਸ਼ੋਸ਼ਨ-ਵਰਗ ਦਾ ਅਤੇ ਦੂਜਾ ਨੀਵਾਂ-ਤ੍ਰਿਸਕਾਰਿਆ, ਲਤਾੜਿਆ ਤੇ ਸ਼ੋਸ਼ਿਤ ਵਰਗ ਦਾ ਸੀ ਜੋ ਇਹ ਕੋਈ ਰੱਬੀ ਜਾਂ ਖ਼ੁਦਾਈ ਫ਼ੁਰਮਾਨ ਕਰ ਕੇ ਵੀ ਨਹੀਂ ਸੀ ਸਗੋਂ ਇਸ ਨੂੰ ਕਾਣੀ ਵੰਡ ਦਾ ਕਾਰਨ ਦਸਿਆ। ਇਸ ਸਮਾਜਕ ਤੇ ਆਰਥਕ ਅਨਿਆਏ ਵਿਰੁਧ ਭਗਤ ਜੀ ਨੇ ਹਾਅ ਦਾ ਨਾਹਰਾ ਲਾਇਆ।

ਬੇਗਮਪੁਰਾ ਸਹਰ ਕੋ ਨਾਉ ॥ 
ਦੁਖ ਅੰਦੋਹ ਨਹੀਂ ਤਿਹਿ ਠਾਉ॥

ਗੁਰੂ ਰਵਿਦਾਸ ਜੀ ਭਗਤੀ ਲਹਿਰ ਵੇਲੇ ਪਹਿਲੇ ਸਮਾਜਕ ਚਿੰਤਕ ਸਨ ਜਿਨ੍ਹਾਂ ਨੇ ਗਿਆਰਵੀਂ ਸਦੀ ਸਮੇਂ ਭਾਰਤ ਅੰਦਰ ਜੋ ਇਸਲਾਮ ਦੇ ਪ੍ਰਵੇਸ਼ ਕਾਰਨ ਹਿੰਦੂ ਧਰਮ ਨੂੰ ਪੈਦਾ ਹੋਏ ਖ਼ਤਰੇ ਨੇ ਹਿੰਦੂ-ਮੁਸਲਮਾਨਾਂ ਦੋਹਾਂ ਧਰਮਾਂ ਅੰਦਰ ਆਪਸੀ ਵਿਸ਼ਵਾਸ਼ ਅੰਦਰ ਕੁੜੱਤਣ ਪੈਦਾ ਹੋ ਗਈ ਸੀ,  ਨੂੰ ਬਹਾਲ  ਕਰਨ ਲਈ ਪਹਿਲ ਕਦਮੀ ਕੀਤੀ। ਪਰ ਭਗਤੀ ਲਹਿਰ ਜਿੱਥੇ ਇਸਲਾਮ ਦੇ ਖ਼ਤਰੇ ਨੂੰ ਘਟਾਅ ਰਹੀ ਸੀ ਉਥੇ ਬ੍ਰਾਹਮਣਾਂ ਦੇ ਜ਼ੁਲਮ ਤੇ ਜਾਤ-ਪਾਤ ਵਿਰੁੱਧ ਵੀ ਲੋਕਾਂ ਅੰਦਰ ਸਮਾਨਤਾ ਦੇ ਅਸੂਲਾਂ ਦਾ ਉਪਦੇਸ਼ ਦਿਤਾ ਜਾ ਰਿਹਾ ਸੀ ਤਾਕਿ ਹਿੰਦੂ ਧਰਮ ਨੂੰ ਉਸ ਦੇ ਔਗੁਣਾਂ ਤੋਂ  ਪਾਕਿ ਕੀਤਾ ਜਾਵੇ ਕਿ ਉਸ ਨੂੰ ਇਸਲਾਮਕ ਅਤਿਆਚਾਰ ਸਹਿਣ ਦੇ ਯੋਗ ਬਣਾਇਆ ਜਾ ਸਕੇ।

ਭਗਤ ਰਵਿਦਾਸ ਜੀ ਅਤੇ ਉਨ੍ਹਾਂ ਦੇ ਸਮਕਾਲੀ ਸਾਥੀ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਸੈਨ ਜੀ, ਭਗਤ ਸਧਨਾ ਜੀ, ਭਗਤ ਧੰਨਾ ਭਗਤ, ਭਗਤ ਦਾਦੂ ਦਿਆਲ ਤੇ ਗੁਰੂ ਨਾਨਕ ਸਾਹਿਬ ਜੀ ਆਦਿ ਵਲੋਂ ਮਿਲ ਕੇ ਪਹਿਲੀ ਵਾਰੀ ਭਾਰਤੀ ਸਮਾਜ ਅੰਦਰ ਲਿਤਾੜੇ ਗਏ ਸ਼ੋਸ਼ਿਤ ਤੇ ਦਲਿਤ ਜਨ-ਸਮੂਹ ਜਿਸ ਨੂੰ ਮਨੂੰਵਾਦੀ ਸਮਾਜ ਮਨੁੱਖ ਵਜੋਂ ਵੀ ਅਧਿਕਾਰ ਨਹੀਂ ਸੀ ਦਿੰਦਾ, ਉਸ ਵਰਗ ਨੂੰ ਸਵੈ-ਸਤਿਕਾਰ, ਸਵੈ-ਭਰੋਸਾ, ਆਤਮ ਵਿਸ਼ਵਾਸ਼ ਤੇ ਇਕ ਮਨੁੱਖ ਵਜੋਂ ਆਤਮ-ਨਿਰਭਰਤਾ ਤੇ ਬਰਾਬਰਤਾ ਦਾ ਸਬਕ ਪੜ੍ਹਾਇਆ।

ਦੁਨੀਆਂ ਅੰਦਰ ਭਾਰਤ ਹੀ ਇਕ ਅਜਿਹਾ ਦੇਸ਼ ਹੈ, ਜਿੱਥੇ ਵਰਣ-ਵੰਡ ਹੈ। ਅੱਜ ਵੀ ਸਮਾਜ ਅੰਦਰ ਜਾਤ-ਪਾਤ, ਛੂਆ-ਛਾਤ ਕਾਇਮ ਹੀ ਨਹੀਂ ਸਗੋਂ ਰਾਜ ਕਰਦੀਆਂ ਹਾਕਮ ਜਮਾਤਾਂ ਇਸ ਵਰਣ-ਵੰਡ ਨੁੂੰ ਕਾਇਮ ਹੀ  ਨਹੀਂ ਰੱਖ ਰਹੀਆਂ ਸਗੋਂ ਇਸ ਨੂੰ ਪੱਠੇ ਪਾ ਰਹੀਆਂ ਹਨ। ਅਜਿਹੇ ਸਮਾਜ ਅੰਦਰ ਜਿੱਥੇ ਵਰਣ-ਵੰਡ ਦਾ ਸ਼ਿਕਾਰ ਦਲਿਤ-ਵਰਗ ਹੋਵੇ, ਉਸ ਨੂੰ ਕਿਵੇਂ ਇਨਸਾਫ਼ ਮਿਲ ਸਕੇਗਾ?

ਜਾਤਾਂ ਦੇ ਭਾਈਚਾਰਿਆਂ ਦੇ ਇਨ੍ਹਾਂ ਵਰਗਾਂ ਦਾ ਸੰਦਰਭ ਸਮਾਜਕ ਸੰਸਥਾ ਦੇ ਉਸ ਅਮਲ ਨਾਲ ਜੁੜਦਾ ਹੈ, ਜੋ ਭਾਰਤੀ ਸਮਾਜ ਬਾਰੇ ਸਮਝ ਦੀ ਬੁਨਿਆਦ ਹਨ। ਜਾਤ ਜਾਂ ਵਰਣ-ਵੰਡ ਅੱਜ-ਕੱਲ ਇਕ ਅਜਿਹੇ ਕਰਮ-ਕਾਂਡੀ ਰੁਤਬੇ ਵਜੋਂ ਅਨੁਵਾਦਿਆ ਗਿਆ ਸ਼ਬਦ ਹੈ, ਜਿਸ ਰਾਹੀਂ ਭਾਰਤੀ ਸਮਾਜ ’ਚ ਸਭ ਤੋਂ ਉੱਤਮ ਤੇ ਸ਼ੁੱਧ ਐਲਾਨਿਆ ਜਾਂਦਾ ਬ੍ਰਾਹਮਣ-ਸਮਾਜ ਹੈ। ਇਨ੍ਹਾਂ ਵਰਣਾਂ ਸਬੰਧੀ ਯੂਨਾਨੀ ਮੈਗਸਨੀਜ਼ ਨੇ ਚੌਥੀ ਸਦੀ ਬੀ.ਸੀ. ਦੌਰਾਨ ਵੀ ਜ਼ਿਕਰ ਕੀਤਾ ਹੈ।

ਵੈਦਿਕ ਲਿਖਤਾਂ ਇਸ ਦੀ ਗਵਾਹੀ ਭਰਦੀਆਂ ਹਨ ਕਿ ਵਰਣ ਸੂਤਰਬੱਧ ਜੋ ਕਰਜ਼ਾ ਬੱਧ ਹੈ, ਸਮਾਜ ਨੂੰ ਪ੍ਰਕਰਮ ’ਚ ਮਿੱਥੇ ਚਾਰ ਸਮੂਹਾਂ- ਬ੍ਰਾਹਮਣ, ਪੁਜਾਰੀ, ਕੁਸ਼ੱਤਰੀ, ਵੈਸ਼ਯ (ਕਾਸ਼ਤਕਾਰ) ਵਪਾਰੀ ਤੇ ਸ਼ੂਦਰ (ਪੰਜਵਾਂ ਅਛੂਤ ਜੋ ਉਪ੍ਰੋਕਤ ਦਾਇਰੇ ’ਚ ਬਾਹਰ ਸੀ) ਦੀ ਵੰਡ ਕਰਦਾ ਹੈ। ਜੋ ਅੰਤ ’ਚ ਸਮਾਜ ਅੰਦਰ ਇਕ ਕਨੂੰਨ ਬਣ ਗਿਆ। ਇਸ ਸਰਵ-ਉੱਚ  ਬ੍ਰਾਹਮਣੀ ਸਮਾਜ ਨੇ ਹੀ ਭਾਰਤ ਨੂੰ ਸਮਾਜਕ, ਆਰਥਕ ਤੇ ਸਭਿਆਚਾਰ ਵਜੋਂ ਵਿਗਿਆਨਕ ਪੱਖ ਤੋਂ ਵਧਣ-ਫੁਲਣ ਹੀ ਨਹੀਂ ਦਿਤਾ, ਸਗੋਂ ਮਨੂੰਵਾਦੀ ਵਿਚਾਰਧਾਰਾ ਨੇ ਦੇਸ਼ ਦੀ 80 ਫ਼ੀ ਸਦੀ ਆਬਾਦੀ ਜੋ ਸ਼ੂਦਰ, ਅਛੂਤ ਤੇ ਵੈਸ਼ ਸੀ, ਜਿਹੜੀ ਪਹਿਲਾਂ ਤੇ ਅੱਜ ਵੀ ਦੇਸ਼ ਦੀ ਕਿਰਤੀ ਸ਼ਕਤੀ ਦਾ ਵੱਡਾ ਰੂਪ ਹੈ, ਉਨ੍ਹਾਂ ਨੂੰ ਹਰ ਤਰ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰਖਿਆ ਗਿਆ।

ਇਸੇ ਤਰ੍ਹਾਂ ਇਸਤਰੀ ਜਾਤੀ ਤੇ ਸ਼ੂਦਰ ਭਾਈਚਾਰੇ ਨੂੰ ਧਾਰਮਕ ਤੇ ਸਮਾਜਕ ਅਧਿਕਾਰਾਂ ਤੋਂ ਵੀ ਵਾਂਝੇ ਰਖਿਆ। ਬ੍ਰਾਹਮਣੀ-ਸਮਾਜ ਨੇ ਹੀ ਦੇਸ਼ ਦੀ ਕਿਰਤ ਸ਼ਕਤੀ ਨੂੰ ਨਿਰਬਲ ਤੇ ਗ਼ੁਲਾਮ ਰੱਖਣ ਕਾਰਨ ਹੀ ਭਾਰਤ ਨੂੰ ਕਈ ਸਦੀਆਂ ਵਿਦੇਸ਼ੀ ਹਾਕਮਾਂ ਦਾ ਗ਼ੁਲਾਮ ਰਹਿਣਾ ਪਿਆ। ਵਿਗਿਆਨਕ ਧਾਰਨਾਵਾਂ ਪਿੱਛੇ ਪੈ ਗਈਆਂ। ਇਤਿਹਾਸਕ ਤੌਰ ਤੇ ਭਗਤ ਰਵਿਦਾਸ ਜੀ ਨੇ ‘ਨਵਧਾ ਭਗਤੀ’ ‘ਹਥਕਾਰ ਵਲ’ ਅਤੇ ‘ਦਿਲ ਯਾਰ ਵਲ’ ਦੀ ਪ੍ਰਪੱਕਤਾ ਰਾਹੀਂ ਅਧਿਆਤਮਕ-ਮੌਲਿਕ ਵਿਚਾਰਧਾਰਾ ਨੂੰ ਧਾਰਮਕ ਤੇ ਸਮਾਜਕ ਕ੍ਰਾਂਤੀ ਨੂੰ ਇਕ ਉਦੇਸ਼ ਵਜੋਂ ਅਪਣਾਇਆ। ਉਨ੍ਹਾਂ ਨੇ ਮਨੂੰ-ਸਿਮਰਤੀ, ਜਿਸ ਅਨੁਸਾਰ ਕੋਈ ਅਛੂਤ ਵੇਦ-ਪਾਠ ਸੁਣਨ ਦਾ ਹੀਆ ਨਹੀਂ ਕਰ ਸਕਦਾ ਸੀ।

ਵੇਦ ਜੋ ਸੰਸਕ੍ਰਿਤੀ ਭਾਸ਼ਾ ਵਿਚ ਸਨ ਜਿਸ ਨੁੂੰ ਦੇਵ ਭਾਸ਼ਾ ਮੰਨਿਆ ਜਾਂਦਾ ਸੀ, ਜਿਥੇ ਮੰਦਰ ਅੰਦਰ ਮਨਾਹੀ ਸੀ ਤਾਂ ਭਗਤ ਰਵਿਦਾਸ ਜੀ ਨੇ ਪੂਰਵ ਪ੍ਰਚਲਤ ਧਰਮ ਵਿਚਾਰਧਾਰਾ ਨੂੰ ਅਪਣੀ ਵਿਚਾਰਧਾਰਾ ਦਾ ਅਧਾਰ ਬਣਾਉਣ ਦੀ ਥਾਂ ਸਿੱਧਾ ਰੱਬ ਨਾਲ ਪਿਆਰ ਪਾਉਣ ਦਾ ਉਪਦੇਸ਼ ਦਿਤਾ। ਉਨ੍ਹਾਂ ਨੇ ਅਪਣੀ ਕਿਰਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਪ੍ਰਭੂ ਭਗਤੀ ਦਾ ਲੋਕ ਭਾਸ਼ਾ ’ਚ ਉਪਦੇਸ਼ ਦਿਤਾ। ਭਾਵ ਭਾਰਤੀ ਫ਼ਲਸਫ਼ੇ ਅੰਦਰ ਪ੍ਰਚਲਤ ਧਾਰਮਕ ਵਿਸ਼ਵਾਸਾਂ ਨੂੰ ਰੱਦ ਕੀਤਾ ਜੋ ਮੰਨੂਵਾਦ ਵਿਰੁਧ ਇਕ ਰਾਹ ਸੀ :

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥ 
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥
(ਗੁਰੂ ਗ੍ਰੰਥ ਸਾਹਿਬ ਪੰਨਾ 658)

ਉਨ੍ਹਾਂ ਦੇ ਮਨ ਵਿਚ ਅਪਣੀ ਜੁੱਤੀਆਂ ਗੰਢਣ ਦੀ ਕਿਰਤ ਨੇ ਕੋਈ ਹੀਣਤਾ ਭਾਵ ਨਹੀਂ ਲਿਆਂਦੀ ਤੇ ਨਾ ਹੀ ਊਚ-ਨੀਚ ਜਾਂ ਘ੍ਰਿਣਿਤ ਜਾਤ ਵਜੋਂ ਗੁਰਬਾਣੀ ਅੰਦਰ ਚਮਾਰ ਲਿਖਣ ਤੋਂ ਅਪਣੀ ਕਿਰਤ ਅੰਦਰ ਕੋਈ ਸੰਕੋਚ ਹੀ ਕੀਤਾ। 
‘ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ॥
 (ਗੁਰੂ ਗ੍ਰੰਥ ਸਾਹਿਬ, ਪੰਨਾ 346) 

ਭਾਰਤ ਦੇ ਇਤਿਹਾਸ ਅੰਦਰ ਰਵਾਇਤੀ ਚਿੰਤਨ ਵਿਚ ਜੋ ਕੁਝ ਵੀ ਉਸਾਰੂ ਹੈ, ਉਸ ਨੂੰ ਮੁਲਕ ਦੀ ਕਿਰਤੀ-ਜਮਾਤ ਵਲੋਂ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਅਪਣਾਉਂਦੇ ਹੋਏ ਇਸ ਚਿੰਤਨ ਦੇ ਭਟਕਾਉੂ ਅੰਸ਼ਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਇਹ ਅਸਲ ’ਚ ਮੁਲਕ ਦੀ ਹੋਣੀ ਅੰਦਰ ਤਬਦੀਲੀ ਲਿਆਉਣ ਨਾਲ ਸਬੰਧਤ ਉਨ੍ਹਾਂ ਦੇ ਮਹਾਨ ਇਤਿਹਾਸਕ ਮਿਸ਼ਨ ਦਾ ਹੀ ਹਿੱਸਾ ਹੋਵੇਗਾ।

ਇਸ ਮਕਸਦ ਦੀ ਪੂਰਤੀ ਲਈ ਸੱਚ ਖ਼ਾਤਰ ਲੜਨਾ ਪੈਣਾ ਹੈ ਜਿਸ ਲਈ ਬਹੁਤ ਜੋਸ਼ ਅਤੇ ਨਿਡਰਤਾ ਦੀ ਲੋੜ ਹੈ। ਅਜਿਹੀ ਨਿਡਰਤਾ ਅਤੇ ਜੋਸ਼ ਕਿਰਤੀ-ਜਮਾਤ ਦੀ ਲਹਿਰ ਤੋਂ ਇਲਾਵਾ ਕਿਤੇ ਹੋਰ ਨਹੀਂ ਮਿਲ ਸਕਦੀ ਹੈ। ਗੁਰੁੂ ਰਵਿਦਾਸ ਜੀ ਨੇ ਅਧਿਆਤਮਕ-ਮੌਲਿਕ ਵਿਚਾਰਧਾਰਾ ਰਾਹੀਂ ਧਾਰਮਕ ਤੇ ਸਮਾਜਕ ਤਬਦੀਲੀ ਦਾ ਅਰੰਭ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਮਨੁੱਖ ਜਨਮ ਤੋਂ ਹੀ ਦੁਰਲਭ ਹੈ ਤੇ ਪ੍ਰਭੂ ਪ੍ਰਾਪਤੀ ਲਈ ਹੀ ਇਹ ਜਨਮ ਮਿਲਿਆ ਹੈ। ਇਸੇ ਮਨੋਰਥ ਦੀ ਪ੍ਰਾਪਤੀ ਲਈ ਸਮਰਪਤ ਹੋ ਜਾਣਾ ਚਾਹੀਦਾ ਹੈ। 

ਬਹੁਤ ਜਨਮ ਬਿਛੁਰੇ ਥੇ ਮਾਧਉ 
ਇਹੁ ਜਨਮੁ ਤੁਮਾਰੇ ਲੇਖੇ॥
 ਗੁਰੂ ਗ੍ਰੰਥ ਸਾਹਿਬ ਪੰਨਾ 694)।

ਕਰਮ ਕਾਂਡਾ ’ਚ ਜੀਵਨ ਵਿਅਰਥ ਨਹੀਂ ਗਵਾਣਾ ਚਾਹੀਦਾ ਹੈ। ਫਿਰ ਪ੍ਰਭੂ ਨੂੰ ਲੱਭਣ ਦੀ ਲੋੜ ਨਹੀਂ। ਉਹ ਹਰ ਜਗ੍ਹਾ ਘਟ-ਘਟ ਵਿਚ ਮੌਜੂਦ ਹੈ। ਕੀ ਬ੍ਰਾਹਮਣ ਤੇ ਕੀ ਅਛੂਤ ‘
‘ਸਰਬੇ ਏਕ ਅਨੇਕੈ ਸੁਆਮੀ 
ਸਭ ਘਟ ਭੁੋਗਵੇ ਸੋਈ॥’’ 
(ਗੁਰੂ ਗ੍ਰੰਥ ਸਾਹਿਬ, ਪੰਨਾ 657) 

ਭਗਤ ਰਵਿਦਾਸ ਜੀ ਨੇ ਨਿਰਭੈ ਹੋ ਕੇ ਭਾਰਤੀ ਧਰਮ ਦਰਸ਼ਨ ਦੇ ਅੰਦਰਲੇ ਸੱਚ ਨੂੰ ਸਮਾਜ ਦੇ ਸਨਮੁੱਖ ਪੇਸ਼ ਕੀਤਾ। ਪੁ੍ਰੋਹਿਤ ਵਰਗ ਵਲੋਂ ਸਵੈ-ਸੁਆਰਥ ਹਿਤ ਹਨੇੇਰੇ ’ਚ ਰੱਖੀ ਜਨਤਾ ਦੇ ਮਨਾਂ ਦੇ ਕਪਾਟ ਖੋਲ੍ਹ ਦਿਤੇ। ਉਨ੍ਹਾਂ ਨੇ ਇਕ ਆਦਰਸ਼ ਸਮਾਜ ਦੀ ਸਰਜਣਾ ਕਰਨ ਲਈ ਇਕ ਦ੍ਰਿੜ ਸੰਕਲਪ ਵੀ ਪੇਸ਼ ਕੀਤਾ।
ਮਾਧੋ ਅਬਿਧਿਆ ਹਿਤ  ਕੀਨ ॥ 
ਬਿਬੇਕ ਦੀਪ ਮਲੀਨ॥ ਰਹਾਉ॥

ਮਨੁੱਖੀ ਜੀਵਨ ਅੰਦਰ ਸੱਚ-ਅਧਾਰਤ ਤੱਥ ਵੀ ਇਹੋ ਹੈ ਕਿ ‘ਸਗਲੀ ਚਿੰਤ ਮਿਟਾਉਣ ਵਾਲਾ ਭਗਤ ਰਵਿਦਾਸ ਦਾ ਜੀਵਨ ਫ਼ਲਸਫ਼ਾ ਹੀ ਮਨੁੱਖੀ ਜੀਵਨ ਦੀ ਕਿਰਤ ਹੈ। ਉਨ੍ਹਾਂ ਦਾ ਇਕ ਸ਼ਬਦ ਮਨੁੱਖ ਨੂੰ ਇਸ ਸੰਸਾਰ ਅੰਦਰ ਬਦੀ ਨਾਲੋਂ ਤੋੜ ਕੇ ਨੇਕੀ ਨਾਲ ਜੋੜਨਾ ਸੀ। ਪਰ ਇਸ ਦਰਸ਼ਨ ਨੂੰ ਸਮਾਜ ਅੰਦਰ ਸਮਝਣਾ ਮੁਸ਼ਕਲ ਸੀ। ਮਨੁੱਖ ਕਈ ਵਰਗਾਂ ’ਚ ਵੰਡਿਆ ਹੋਣ ਕਰ ਕੇ ਉਸ ਨੂੰ ਸਮਝਣ ਅਤੇ ਸਮਝਾਉਣ ’ਚ ਮਾਨਸਕ ਤੌਰ ‘ਤੇ ਬਹੁਤ ਮੁਸ਼ਕਲਾਂ ਦੁਰਪੇਸ਼ ਸਨ। ਸਮਾਜ ਚੇਤਨਾ ਦਾ ਵਜੂਦ ਜਥੇਬੰਦਕ ਨਹੀਂ ਸੀ।

ਫਿਰ ਵੀ ਅਧਿਆਤਮਵਾਦ ਅੰਦਰ ਅਸੀਂ ਮਨੁੱਖ ਨੂੰ ਵਸਤੂ-ਸੰਸਾਰ (ਪਦਾਰਥਕ ਸੰਸਾਰ) ਦੇ ਨਾਲ-ਨਾਲ ਪ੍ਰਸੰਗਿਕਤਾਵਾਦੀ ਬਣਨ ਲਈ ਚੰਗੇ ਕਰਮ ਕਰਨ ਲਈ ਇਕ ਵਧੀਆ ਇਨਸਾਨ ਬਣਨਾ ਲੋਚਦੇ ਹਾਂ। ਜੀਵਨ ਭੌਤਿਕ ਜਾਂ ਅਧਿਆਤਮਕ ਉਲਾਰ ਦੀ ਜੀਵਨ ਨੂੰ ਹਰ ਖੇਤਰ ਵਿਚ ਸਹਿਜ ਤੇ ਸੰਤੁਲਨ ਵਾਲਾ ਉਸਾਰੂ ਬਣਾਉਣਾ ਚਾਹੀਦਾ ਹੈ। ਮਨ ਦਾ ਵਿਕਾਸ ਤਾਂ  ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਇਸ ਕਾਰਜ ਲਈ ਨਿਰਧਾਰਤ ਕੁਦਰਤੀ ਨਿਯਮਾਂ ਦੀ ਪਾਲਣਾ ਕਰੀਏ।
ਉਪਜਿਓ ਗਿਆਨ ਹੁਆ ਪਰਗਾਸ ॥

ਅੰਧ ਵਿਸ਼ਵਾਸਾਂ ਵਿਚ ਮੂਰਛਿਤ ਸੁੱਤੇ ਇਨਸਾਨਾਂ ਨੂੰ ਝੰਜੋੜ ਕੇ ਉਠਾਉਣਾ, ਉਨਾਂ ਨੂੰ ਗਿਆਨਵਾਨ ਬਣਾਉਣਾ ਜ਼ਰੂਰੀ ਹੈ। ਗਿਆਨਵਾਨ ਇਨਸਾਨ ਹੀ ਅਪਣੀ ਅਤੇ ਅਪਣੇ ਆਲੇ ਦੁਆਲੇ ਫੈਲੇ ਸਾਰੇ ਅੰਧਕਾਰ ਨੂੰ ਦੂਰ ਕਰ ਕੇ ਆਲਾ ਦੁਆਲਾ ਰੌਸ਼ਨਾ ਸਕਦਾ ਹੈ। ਇਹ ਹੀ ਇਕ ਰਸਤਾ ਹੈ ਉਜਾਲਾ ਲਿਆਉਣ ਦਾ। ‘‘ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤੁ ਮੁਖਹੁ ਅਲਾਈ।

ਵਰਤਿਆ ਪਾਪ ਸਭਸ ਜਗ ਮਾਹੀ’’ (ਭਾਈ ਗੁਰਦਾਸ ਜੀ) ਮੱਧ-ਕਾਲ ਤੋਂ ਜਦੋਂ ਰਾਜਾਸ਼ਾਹੀ (ਸਾਮੰਤਵਾਦ) ਸਿਖਰਾਂ ’ਤੇ ਸੀ, ਹਿੰਦੂਆਂ ਅਤੇ ਮੁਸਲਮਾਨਾਂ ਅੰਦਰ ਇਕ ਲੀਕ ਵੱਜੀ ਹੋਈ ਸੀ ਤਾਂ ਮਨੂੰਵਾਦੀ ਸਮਾਜ ਕਾਰਨ ਜਾਤ-ਪਾਤ ਅਤੇ ਛੂਆਛੂਤ ਦੇ ਅਡੰਬਰਾਂ  ਨੇ ਦਲਿਤ ਵਰਗ ਨੂੰ ਸਮਾਜ ਦੇ ਹਾਸ਼ੀਏ ਤੇ ਧੱਕਿਆ ਹੋਇਆ ਸੀ। ਇਸਲਾਮਕ ਰਾਜਨੀਤਕ ਦਬਾਅ ਵੱਧ ਰਿਹਾ ਸੀ। ਭਗਤ ਰਵਿਦਾਸ ਜੀ ਖੁਦ ਉਸ ਸਮੇਂ ਬ੍ਰਹਮਣਵਾਦ ਦੇ ਕ੍ਰੋਪ ਦਾ ਸ਼ਿਕਾਰ ਬਣੇ। ਪਰ ਉਹ ਬਰਾਬਰਤਾ ਦੇ ਹਾਮੀ ਸਨ। ਦਲਿਤ ਵਰਗ ਨਾਲੋਂ ਵੀ ਵੱਧ ਨਰਕ ਭੋਗ ਰਹੀ ਸੀ ਇਸਤਰੀ ਜਾਤੀ। ਭਗਤ ਰਵਿਦਾਸ ਜੀ  ਨੇ ਰਾਣੀ ਝਾਲੀ ਅਤੇ ਮੀਰਾਂ  ਨੂੰ ਨਾਮਦਾਨ ਦੇ ਕੇ ਭਗਤੀ ਸਾਧਨਾ ਵਿਚ ਲਿਆਂਦਾ।

ਉਨ੍ਹਾਂ ਦੀ ਬਾਣੀ ਵਿਚ ਨਾਰੀ ਦੇ ਸੁਹਾਗਣ ਪਤਨੀ ਦੇ ਰੂਪ ਵਿਚ ਬਹੁਤ ਹੀ ਸੁੰਦਰ ਢੰਗ ਨਾਲ ਨਾਰੀ ਪ੍ਰਤੀ ਆਦਰ ਪ੍ਰਗਟਾਇਆ ਗਿਆ ਹੈ। ਨਿਰਸੰਦੇਹ ਗੁਰੂ ਜੀ ਧਰਮ ਨਿਰਲੇਪਤਾ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਸਨ। ਉਨ੍ਹਾਂ ਨੇ ਭਾਰਤੀ ਸਮਾਜ ਅੰਦਰ ਫੈਲੀ ਸਮਾਜਕ-ਅਸਮਾਨਤਾ ’ਤੇ ਅਨਿਆਏ ਨੂੰ ਦੇਖਿਆ ਹੀ ਨਹੀਂ ਸਗੋਂ ਖ਼ੁਦ ਹੰਡਾਇਆ। ਇਸ ਦੇ ਕਾਰਨ ਲੋਕ ਗ਼ਰੀਬੀ-ਗ਼ੁਰਬਤ ਭੋਗ ਰਹੇ ਹਨ, ਇਸ ਵਿਰੁਧ ਬਰਾਬਰੀ, ਸਮਾਨਤਾ ਅਤੇ ਮਾਨਵੀ ਏਕਤਾ ਲਈ ਅਪਣੇ ਉਪਦੇਸ਼ਾਂ ਰਾਹੀਂ ਲੋਕਾਈ ਨੂੰ ਅਪਣਾ ਸੰਦੇਸ਼ ਦਿਤਾ। ਲੋਕਾਂ ਅੰਦਰ ਬਰਾਬਰਤਾ ਪੱਖੀ ਵਿਚਾਰਾਂ ਨੂੰ ਸਮਾਜਵਾਦੀ, ਕ੍ਰਾਂਤੀਕਾਰੀ ਅਤੇ ਨਿਵੇਕਲੇ ਅਧਿਆਤਮਕਵਾਦੀ ਸਿਧਾਂਤ ਰਾਹੀਂ ਇਕ ਅਨੂਠੇ ਸਮਾਜ ਦੀ ਕਲਪਨਾ ਵੀ ਕੀਤੀ। ਇਕ ਸੰਪੂਰਨ ਤੇ ਮਨੁੱਖਤਾਵਾਦੀ ਸਮਾਜ ਦੀ ਮੰਗ ਵੀ ਉਠਾਈ।

ਬੇਗਮਪੁਰੇ ਸਹਰ ਕੋ ਨਾਉਂ ॥ ਦੂਖੁ ਅੰਦਹੁ ਨਹੀਂ ਤਿਹਿ ਠਾਉ॥
ਕਹਿ ਰਵਿਦਾਸ ਖਲਾਸ ਚਮਾਰਾ॥ 
ਹੋ ਹਮ ਸਹਰੀ ਸੁ ਮੀਤ ਹਮਾਰਾ॥
(ਗੁਰੂ ਗ੍ਰੰਥ ਸਾਹਿਬ-ਪੰਨਾ 345)

ਗੁਰੂ ਰਵਿਦਾਸ ਜੀ ਨੇ ਮੱਧ-ਕਾਲ ਵੇਲੇ ਜਦੋਂ ਭਗਤੀ ਲਹਿਰ ਦੇਸ਼ ਅੰਦਰ ਪਸਰ ਰਹੀ ਸੀ,  ਦੁੱਖਾਂ ਨਾਲ ਪੀੜਤ ਨਿਮਨ-ਵਰਗ ਦੇ ਦੁੱਖ ਦੇਖ ਕੇ ਦੱਬੇ ਕੁਚਲੇ ਲੋਕਾਂ ਅੰਦਰ ਇਕ ਸਮਾਨਤਾ ਦੀ ਲਹਿਰ ਚਲਾਉਣ ਲਈ ਅਗਾਜ਼ ਕੀਤਾ। ‘‘ਦਾਰਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ॥’’ (ਗੁਰੂ ਗ੍ਰੰਥ ਸਾਹਿਬ ਪੰਨਾ 858) ਉਹ ਇਕ ਮੌਲਿਕ ਚਿੰਤਕ ਸਨ। ਇਹੀ ਕਾਰਨ ਹੈ ਕਿ ਸਿੱਖ ਧਰਮ ਦੇ ਪਵਿਤਰ ਗੁਰੂ ਗ੍ਰੰਥ ਸਾਹਿਬ ਅੰਦਰ ਉਨ੍ਹਾਂ ਦੀ ਰਚਨਾ ਅੰਕਿਤ ਹੈ। ਉਨ੍ਹਾਂ ਦੀ ਬਾਣੀ ਦੇ 40 ਪਦ (ਸ਼ਬਦ) ਅਤੇ ਇਕ ਦੋਹਾ (ਸਾਖੀ) ਜਾਂ ਸਲੋਕ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਸਾਰੇ ਸ਼ਬਦ ਸੋਲਾਂ ਰਾਗਾਂ ਵਿਚ ਅੰਕਿਤ ਹਨ।

ਜੋ ਸਿਰੀ, ਗਾਉੜੀ, ਆਸਾ, ਗੁਜਰੀ, ਸੋਰਠਿ, ਧਨਾਸਰੀ, ਜੈਤਸਰੀ, ਸੂਹੀ, ਬਿਲਾਵਲ, ਗੌਡ, ਰਾਮਕਲੀ, ਮਾਰੂ, ਕੇਦਾਰਾ, ਭੈਰਓ, ਬਸੰਤ ਅਤੇ ਮਲਾਰ ਅੰਦਰ ਕਾਵਿ ਗੁਣਾਂ ਨਾਲ ਭਰਪੂਰ ਅਤੇ ਅਧਿਆਤਮ-ਪੱਖੀ ਰਚਨਾਵਾਂ ਹਨ। ਉਹ ਰੱਬ ਨੂੰ ਸਰਬ-ਉੱਚ ਮੰਨਦੇ ਸਨ ਤੇ ਮਨੁੱਖੀ ਦੇਹ ਨੂੰ ਇਕ ਕੀਮਤੀ ਦਾਤ ਦਾ ਦਰਜਾ ਦਿੰਦੇ ਸਨ। ਗੁਰੂ ਰਵਿਦਾਸ ਜੀ ਦਾ ਜਨਮ 1376 ਈ: ਵਿਚ ਮਾਤਾ ਕਰਮਾ ਦੇਵੀ ਅਤੇ ਪਿਤਾ ਰਘੁਰਾਇ ਦੇ ਘਰ ਬਨਾਰਸ ਦੇ ਆਸ-ਪਾਸ ਹੋਇਆ (ਇਤਿਹਾਸਕ ਤੇ ਸ਼ੋਧ ਪੂਰਨ ਹਵਾਲਿਆਂ ਅਨੁਸਾਰ ਜਨਮ ਮਿਤੀ: 25-ਜਨਵਰੀ), 1376-77 ਈ:  ਦਿਨ ਐਤਵਾਰ ਡਾ: ਹਰਨੇਕ ਸਿਘ ਕਲੇਰ ਸ਼ੋਧ ਪ੍ਰਬੰਧ)। ਭਗਤ ਰਵਿਦਾਸ ਜੀ ਨੂੰ ਭਗਤ ਰਾਮਾਨੰਦ ਜੀ ਦਾ ਪ੍ਰਮੁੱਖ ਚੇਲਾ ਮੰਨਿਆ ਦੱਸਿਆ ਗਿਆ ਹੈ। ਭਗਤ ਜੀ ਨੇ ਮੌਲਿਕ ਅਧਿਆਤਮਕ ਪ੍ਰਾਪਤੀਆਂ ਕਰ ਕੇ ਅਦੁਤੀ ਵਡਿਆਈ ਪ੍ਰਾਪਤ ਕੀਤੀ। ਬ੍ਰਾਹਮਣਵਾਦੀ ਜੋ ਵਰਣ-ਵੰਡ ਦੇ ਹਾਮੀ ਸਨ, ਰਵਿਦਾਸ ਜੀ ਦੇ ਕੱਟੜ ਵਿਰੋਧੀ ਸਨ।

ਭਗਤ ਰਵਿਦਾਸ ਜੀ ਨੇ ਇਤਿਹਾਸਕ ਪ੍ਰੀਪੇਖ ਅੰਦਰ ਸਮਾਜਕ ਚੇਤਨਾ ਵਜੋਂ ਮਾਨਵ ਜੀਵਨ ਜੁਗਤ ਦਾ ਦਰਸ਼ਨ ਪੇਸ਼ ਕੀਤਾ । ਉਹ ਇਕ ਮੌਲਿਕ ਚਿੰਤਕ ਸਨ ਜਿਨ੍ਹਾਂ ਨੇ ਭਗਤੀ ਲਹਿਰ ਵੇਲੇ ਦੇਸ਼ ਦੇ ਦੱਬੇ-ਕੁਚਲੇ ਅਤੇ ਜਾਤ-ਪਾਤ ਅੰਦਰ ਲਤਾੜੇ ਇਕ ਬਹੁਤ ਵੱਡੇ ਸੋਸ਼ਤ ਸਮਾਜ ਨੂੰ ਵੀ ਬਰਾਬਰਤਾ ਦਾ ਹੱਕ ਦੇਣ ਲਈ ਅਵਾਜ਼ ਬੁਲੰਦ ਕੀਤੀ। ‘‘ਨੀਚਹੁ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੇ।’’ (ਗੁਰੂ ਗ੍ਰੰਥ ਸਾਹਿਬ ਪੰਨਾ 1106) ਪਰ ਭਾਰਤ ਦੀ ਰਾਜਸੱਤਾ ਅੰਦਰ ਸਦੀਆਂ ਤੋਂ ਦੱਬੇ-ਕੁਚਲੇ ਦਲਿਤ, ਘੱਟ ਗਿਣਤੀਆਂ ਅਤੇ ਇਸਤਰੀ ਵਰਗ ਦੀ ਦਾਸਤਾਨ, ਅੱਜ ਦੇ ਭਾਰਤੀ ਸਮਾਜ ਦੀ ਮਾਨਸਿਕਤਾ ਕਾਲ ਦੇ ‘‘ਵਰਗੀ-ਸੰਘਰਸ਼ਾਂ ਅੰਦਰ ਅਤੀਤ, ਵਰਤਮਾਨ ਅਤੇ ਭਵਿੱਖ ਵਲ ਢਲਦੇ ਪ੍ਰਛਾਇਆਂ ਕਾਰਨ ਹਾਕਮਾਂ ਦੇ ਕਹਿਰਾਂ ਤੋਂ ਬਚ ਨਹੀਂ ਸਕੀ। ਉਨ੍ਹਾਂ ਦੀ ਹੋਣੀ ਸਦੀਆਂ ਤੋਂ ਜੰਮਣ ਅਤੇ ਮਰਨ ਤੱਕ ਹਰ ਤਰ੍ਹਾਂ ਦੇ ਸ਼ੋਸ਼ਣ ਅਤੇ ਅਸਮਾਨਤਾ ਕਾਰਨ ਬੇ-ਪਛਾਣ ਹੋ ਗਈ ਜੋ ਅੱਜ ਅਪਣੇ ਯਥਾਰਥ ਨੂੰ ਵੀ ਭੁੱਲ ਗਈ ਲਗਦੀ ਹੈ।

ਫਿਰ ਉਸ ਨੂੰ ਕਿਸੇ ਜਥੇਬੰਦਕ ਢਾਂਚੇ ਦੀ ਹੋਂਦ ਤੋਂ ਬਿਨਾਂ ਇਸ ਵਰਗੀ-ਸੰਸਾਰ ਅੰਦਰ ਇਨਸਾਫ਼ ਕਿਥੋਂ ਮਿਲੇਗਾ? ਦੇਸ਼ ਦਾ ਇਹ ਇਕ ਵੱਡਾ ਸ਼ੋਸ਼ਿਤ ਸਮਾਜ ਸਦੀਆਂ ਤੋੋਂ ਸਮਾਜਕ, ਆਰਥਕ, ਰਾਜਨੀਤਕ, ਧਾਰਮਕ ਅਤੇ ਸੱਭਿਆਚਾਰਕ ਖੇਤਰ ਅੰਦਰ ਲੁੱਟ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਭਾਵੇਂ ਇਸ ਸਮਾਜ ਨੇ ਦੇਸ਼ ਦੇ ਵਿਕਾਸ ਅੰਦਰ ਪੂਰੀ ਨਿਸ਼ਠਾ, ਦੇਸ਼ ਭਗਤੀ ਅਤੇ ਮਾਂ-ਭੂਮੀ ਲਈ ਅਥਾਹ ਕੁਰਬਾਨੀਆਂ ਕੀਤੀਆਂ ਹਨ। ਪਰ ਇਹ ਵਰਗ ਹਾਕਮਾਂ ਵਲੋਂ ਸਦਾ ਹੀ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਭਾਰਤ ਦੇ ਵਿਕਾਸ ਦਾ  ਚੱਕਾ ਘੁਮਾਉਣ ’ਚ ਇਸ ਵਰਗ ਦਾ ਵੱਡਾ ਯੋਗਦਾਨ ਹੈ। ਦਲਿਤ, ਆਦਿਵਾਸੀ ਅਤੇ ਕਬਾਇਲੀ ਭਾਈਚਾਰਾ ਹੀ ਅਸਲੀ ਭਾਰਤ ਦੇ ਮੂਲ ਨਿਵਾਸੀ ਅਤੇ ਵਾਰਸ ਸਨ।

ਸਿੰਧੂ ਘਾਟੀ ਸੱਭਿਅਤਾ ਦੇ ਖ਼ਾਤਮੇ ਤੋਂ ਬਾਅਦ ਭਾਰਤ ਅੰਦਰ ਦਾਖ਼ਲ ਹੋਏ ਮੱਧ-ਏਸ਼ੀਆ ਦੇ ਕਬੀਲੇ ਅਤੇ ਬਾਹਰਲੇ ਹਮਲਾਵਰਾਂ ਜਿਨ੍ਹਾਂ ਨੂੰ ਹੁਣ ਆਰੀਅਨ-ਲੋਕ ਕਿਹਾ ਜਾਂਦਾ ਹੈ, ਕਈ ਸਦੀਆਂ ਪਹਿਲਾਂ ਉਤਰ-ਪੱਛਮ ਅਤੇ ਅੱਗੋਂ ਬਾਕੀ ਭਾਰਤ ਅੰਦਰ ਕਾਬਜ਼ ਹੋ ਕੇ ਸਥਾਪਤ ਹੁੰਦੇ ਗਏ। ਇਥੋਂ ਦੇ ਮੂਲ ਵਾਸੀ, ਭੀਲ, ਕੋਲ, ਸੰਥਾਲ, ਮੁੰਡਾ, ਆਦਿਵਾਸੀ ਕਬੀਲੇ ਜਿਨ੍ਹਾਂ ਨੂੰ ਪ੍ਰਵਾਸੀ ਜਰਵਾਣਿਆਂ ਜਾਂ ਤਾਂ ਮਾਰ ਦਿਤਾ ਜਾਂ ਫਿਰ ਗ਼ੁਲਾਮ ਬਣਾ ਲਿਆ ਅਤੇ ਬਾਕੀ ਜੰਗਲਾਂ ਦੀ ਸ਼ਰਣ ’ਚ ਚਲੇ ਗਏ। ਦੇਸ਼ ਦੇ ਕੁਦਰਤੀ ਸੋਮਿਆਂ ਜ਼ਮੀਨ, ਜੰਗਲ ਅਤੇ ਜਲ ਦੇ ਅਧਿਕਾਰਾਂ ਤੋਂ ਵਾਂਝੇ ਇਹ ਲੋਕ ਸਦੀਆਂ ਤੋਂ ਜਰਵਾਣੇ ਲੋਕਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਹਨ।

ਸਮੁੱਚੇ ਸ਼ੋਸ਼ਿਤ ਵਰਗ ਦੀ ਮੁਕਤੀ ਲਈ ਅੱਜ ਇਕੋ ਇਕ ਰਾਹ ਇਹ ਹੈ ਕਿ ਉਹ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਮੁੱਠ ਹੋਣ। ਇਸ ਲਈ ਸੋਸ਼ਿਤ ਸਮਾਜ ਦੀ ਸ਼ਕਤੀ ਭਾਰਤ ਅੰਦਰ ਕਿਰਤੀ-ਜਮਾਤ ਦੇ ਸੰਘਰਸ਼ਾਂ ਦੀ ਭਾਈਵਾਲੀ ਵਾਲੀ ਰਾਜਨੀਤੀ ਅੰਦਰ ਹੀ ਅੱਗੇ ਵੱਧ ਸਕਦੀ ਹੈ। ਸਮਾਜਕ-ਪ੍ਰੀਵਰਤਨ ਲਈ ਸਮੁੱਚੀ ਕਿਰਤੀ-ਜਮਾਤ ਹੀ ਸਰਬ-ਸਮਰੱਥ ਹੋ ਸਕਦੀ ਹੈ ਜੋ ਮਨੁੱਖ ਨੂੰ ਸਮਾਜਕ ਤੇ ਆਰਥਕ ਦੁੱਖਾਂ ਤੋਂ ਨਿਜਾਤ ਦਿਵਾ ਸਕਦੀ ਹੈ।
ਗੁਰੂ ਰਵਿਦਾਸ ਜੀ ਨੇ ਵੀ ਇਸ ਲਈ ਅਨੂਠਾ ਅਤੇ ਚਿੰਤਕ ਮਾਨਵਵਾਦੀ ਤੇ  ਸਮਾਜਵਾਦੀ ਨਾਹਰਾ ਦਿਤਾ ਸੀ। 
ਬੇਗਮਪੁਰਾ ਸਹਰ ਕੋ ਨਾਉਂ॥ 

ਦੂਖੁ ਅੰਦੋਹੁ ਨਹੀਂ ਤਿਹਿ ਠਾਉ॥ 
        (ਗੁਰੂ ਗ੍ਰੰਥ ਸਾਹਿਬ ਜੀ)

ਮੋਬਾਈਲ : 91-9217997445

ਜਗਦੀਸ਼ ਸਿੰਘ ਚੋਹਕਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement