Turban Saved Life: ਇਹ ਹਕੀਕੀ ਗੱਲ ਦੋਸਤੋ ਸੰਨ 85-86 ਦੀ ਹੈ ਜਦੋਂ ਪੰਜਾਬ ’ਚ ਕਾਲਾ ਦੌਰ ਪੂਰੇ ਜੋਬਨ ’ਤੇ ਸੀ ਤੇ ਘਰਾਂ ’ਚੋਂ ਨਿਕਲਣਾ ਆਸਾਨ ਨਹੀਂ ਸੀ
Turban Saved Life: ਇਹ ਹਕੀਕੀ ਗੱਲ ਦੋਸਤੋ ਸੰਨ 85-86 ਦੀ ਹੈ ਜਦੋਂ ਪੰਜਾਬ ’ਚ ਕਾਲਾ ਦੌਰ ਪੂਰੇ ਜੋਬਨ ’ਤੇ ਸੀ ਤੇ ਘਰਾਂ ’ਚੋਂ ਨਿਕਲਣਾ ਆਸਾਨ ਨਹੀਂ ਸੀ। ਦਾਸ ਦੀ ਡਰਾਇਵਰੀ ਲਾਈਨ ਹੋਣ ਕਰ ਕੇ ਕਰੀਬ ਇਕ ਦੋ ਦਿਨ ਛੱਡ ਕੇ ਪੱਕਾ ਕੈਂਟਰ ’ਤੇ ਚੰਡੀਗੜ੍ਹ ਪੇਪਰ ਲੈ ਕੇ ਜਾਣਾ ਪੈਂਦਾ ਸੀ ਅਤੇ ਉਧਰੋਂ ਵਾਪਸੀ ਤੇ ਜ਼ੀਰਕਪੁਰ ਤੋਂ ਬਜਰੀ ਲੈ ਕੇ ਆਉਣੀ ਕਿਉਂਕਿ ਪੇਪਰ ਮਿੱਲ ਵੱਡੀ ਯੂਨਿਟ ਹੋਣ ਕਰ ਕੇ, ਉਥੇ ਸਦਾ ਹੀ ਉਸਾਰੀ ਦਾ ਕੰਮ ਚਲਦਾ ਹੀ ਰਹਿੰਦਾ ਸੀ। ਬਜਰੀ ਮਿੱਲ ਵਿਚ ਲਾਹ ਦੇਣੀ ਤੇ ਫਿਰ ਪੇਪਰ ਲੋਡ ਕਰ ਲੈਣਾ, ਬਸ ਇਹੀ ਰੋਜ਼ਾਨਾ ਦੀ ਰੁਟੀਨ ਸੀ।
ਪੇਪਰ ਲਾਹ ਕੇ ਤੇ ਬਜਰੀ ਲੋਡ ਕਰ ਕੇ ਚੰਡੀਗੜ੍ਹ ਤੋਂ ਵਾਪਸ ਆਉਂਦਿਆਂ ਨੂੰ, ਰਾਤ ਦੇ ਕਰੀਬ ਗਿਆਰਾਂ ਬਾਰਾਂ ਵਜਣੇ ਸੁਭਾਵਕ ਸਨ। ਪਰ ਮਾਲਕਾਂ ਦਾ ਹੁਕਮ ਵੀ ਸੀ ਕਿ ਜਿਥੇ ਰਾਤ ਦੇ ਨੌਂ ਵੱਜ ਜਾਣ, ਤੁਸੀ ਉਥੇ ਹੀ ਰੁਕ ਜਾਣਾ ਕਿਉਂਕਿ ਹਾਲਾਤ ਬਹੁਤ ਖ਼ਰਾਬ ਸਨ। ਪਰ ਉਨ੍ਹਾਂ ਦਿਨਾਂ ’ਚ ਮੇਰੀ ਘਰ ਵਾਲੀ ਬੀਮਾਰ ਚੱਲ ਰਹੀ ਸੀ ਤੇ ਮਜਬੂਰੀ ਵੱਸ ਰਾਤ ਨੂੰ ਲਾਜ਼ਮੀ ਮੈਨੂੰ ਵਾਪਸ ਆਉਣਾ ਪੈਂਦਾ ਸੀ। ਠੰਢ ਦੇ ਦਿਨ ਸਨ ਤੇ ਇਕ ਰਾਤ ਜਦੋਂ ਅਸੀਂ ਸਮਾਲਸਰ ਪਹੁੰਚੇ ਤਾਂ ਅੱਗੇ ਪੰਜ ਖ਼ਾਲਸਿਆਂ ਨੇ ਬਾਹਵਾਂ ਚੌੜੀਆਂ ਕਰ ਕੇ ਸਾਨੂੰ ਰੋਕ ਲਿਆ ਜਿਨ੍ਹਾਂ ਨੂੰ ਉਨ੍ਹਾਂ ਦਿਨਾਂ ’ਚ ਅਤਿਵਾਦੀ ਕਿਹਾ ਜਾਂਦਾ ਸੀ।
ਉਨ੍ਹਾਂ ਨੂੰ ਵੇਖ ਕੇ ਹੀ ਮੇਰਾ ਤੇ ਮੇਰੇ ਕਲੀਨਰ ਦਾ ਪਿਸ਼ਾਬ ਵਿਚੇ ਹੀ ਨਿਕਲ ਗਿਆ ਕਿਉਂਕਿ ਸਾਨੂੰ ਦੋਵਾਂ ਪਾਸਿਆਂ ਦਾ ਡਰ ਸੀ, ਇਕ ਇਨ੍ਹਾਂ ਬੰਦਿਆਂ ਦਾ ਤੇ ਦੂਜਾ ਕਾਨੂੰਨ ਦਾ ਕਿਉਂਕਿ ਮਾਲਕਾਂ ਦਾ ਹੁਕਮ ਸੀ ਕਿ ਰਾਤ ਨੂੰ ਸਫ਼ਰ ਨਹੀਂ ਕਰਨਾ ਤੇ ਅਸੀਂ ਫਿਰ ਵੀ ਕਰ ਰਹੇ ਸੀ।
ਬਸ ਫਿਰ ਕੀ ਸੀ ਉਨ੍ਹਾਂ ਨੇ ਅਪਣੀ ਭਾਸ਼ਾ ’ਚ ਕਿਹਾ ਕਿਥੋਂ ਆਏ ਹੋ? ਮੈਂ ਕੰਬਦੇ ਕੰਬਦੇ ਨੇ ਕਿਹਾ ਕਿ ਚੰਡੀਗੜ੍ਹ ਤੋਂ। ਫਿਰ ਉਨ੍ਹਾਂ ਦਾ ਅਗਲਾ ਸਵਾਲ ਸੀ ਕਿ ਇਸ ਗੱਡੀ ’ਚ ਕੀ ਹੈ? ਮੈਂ ਕਿਹਾ ਕਿ ਬਜਰੀ ਹੈ ਜੀ। ਕਹਿੰਦੇ ਇਹ ਤਾਂ ਸਾਨੂੰ ਵੀ ਦੀਂਹਦੀ ਏ ਪਰ ਇਸ ’ਚ ਕੀ ਦੱਬਿਆ ਹੋਇਆ ਹੈ? ਇਹ ਅਗਲਾ ਸਵਾਲ ਸੀ। ਮੈਂ ਕਿਹਾ ਵਿਚ ਕੁੱਝ ਵੀ ਨਹੀਂ ਹੈ ਜੀ। ਅੱਗੋਂ ਉਨ੍ਹਾਂ ਫਿਰ ਸਵਾਲ ਕੀਤਾ ਕਿ ਅਪਣਾ ਨਾਮ ਦੱਸੋ। ਮੈਂ ਕਿਹਾ, ‘ਜੀ ਮੈਂ ਜਸਵੀਰ ਲਾਲ।’ ਬਈ ਲਾਲ ਕਿਹੜੇ ਪਾਸਿਉਂ ਏਂ ਤੂੰ? ਮੈਂ ਕਿਹਾ ਜੀ ਪੰਡਿਤ ਹਾਂ, ਲਾਲ ਇਸ ਕਰ ਕੇ ਹਾਂ। ਵਾਹ ਵਾਹ ਕਹਿ ਕੇ ਇਕ ਨੇ ਮੈਨੂੰ ਜੱਫੀ ਪਾਈ ਤੇ ਉਸ ਦੇ ਕੰਬਲ ਹੇਠ ਜੋ ਅਸਲਾ ਸੀ, ਉਹ ਮੈਨੂੰ ਚੁਭਿਆ। ਫਿਰ ਵਾਰੀ ਆਈ ਮੇਰੇ ਕਲੀਨਰ ਦੀ ਜਦੋਂ ਉਸ ਦਾ ਨਾਮ ਪੁਛਿਆ ਗਿਆ ਤਾਂ ਉਸ ਨੇ ਮਲਕੀਤ ਸਿੰਘ ਦਸਿਆ।
ਅਗਲਾ ਸਵਾਲ ਉਸੇ ਨੂੰ ਸੀ ਕਿ ਕੌਣ ਹੁੰਦੇ ਹੋ ਤੁਸੀ। ਤਾਂ ਉਹ ਕਹਿੰਦਾ ਜੱਟ ਜ਼ਿਮੀਂਦਾਰ। ਅੱਗੋਂ ਜਵਾਬ ਆਇਆ ਕੋਈ ਸ਼ਰਮ ਹਯਾ ਹੈ ਤੈਨੂੰ? ਇਹ ਤੇਰਾ ਉਸਤਾਦ ਹੈ ਤੇ ਪੰਡਿਤ ਹੈ, ਇਸ ਦੇ ਗਿੱਠ ਗਿੱਠ ਦਾੜ੍ਹੀ ਹੈ ਤੇ ਤੂੰ ਜੱਟ ਹੋ ਕੇ ਘੋਨ ਮੋਨ? ਨਾਲ ਦੀ ਨਾਲ ਜਿਵੇਂ ਵਾਹਿਗੁਰੂ ਥੱਲੇ ਆ ਕੇ ਬਹੁੜਿਆ ਹੋਵੇ, ਜਦੋਂ ਉਨ੍ਹਾਂ ਕਿਹਾ ਜਾਉ ਅੱਜ ਜੇਕਰ ਤੁਸੀਂ ਬਚੇ ਹੋ ਤਾਂ ਸਿਰਫ਼ ਇਸ ਕਾਲੀ ਦਾੜ੍ਹੀ ਕਰ ਕੇ। ਇੰਜ ਖ਼ਾਲਸੇ ਸਜੋ ਤੇ ਬਾਣੇ ਅਤੇ ਬਾਣੀ ਦੇ ਧਾਰਨੀ ਬਣੋ, ਇਹੀ ਸਮੇਂ ਦੀ ਮੰਗ ਹੈ। ਦੋ ਮਿੰਟ ’ਚ ਪਤਾ ਨਹੀਂ ਉਹ ਕਿਧਰ ਨੂੰ ਚਲੇ ਗਏ, ਸਾਨੂੰ ਪਤਾ ਨਾ ਲੱਗਾ। ਦਾਸ ਨੇ ਤਿੰਨ ਵਾਰ ਧਰਤੀ ਨੂੰ ਛੋਹਿਆ, ਨਮਸਕਾਰ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਅੱਜ ਤਾਂ ਸੱਚੇ ਪਾਤਸ਼ਾਹ ਤੂੰ ਆਪ ਖ਼ੁਦ ਆ ਕੇ ਬਚਾਅ ਲਿਆ।
ਸੋ ਦੋਸਤੋ ਤੁਹਾਡੇ ਸੱਭ ਨਾਲ ਇਹ ਗੱਲ ਇਸ ਲਈ ਸਾਂਝੀ ਕੀਤੀ ਹੈ ਕਿ ਇਕ ਆਨਲਾਈਨ ਅਖ਼ਬਾਰ ਵਾਲਿਆਂ ਦਾ ਫ਼ੋਨ ਆਇਆ ਸੀ ਤੇ ਉਨ੍ਹਾਂ ਨੇ ਪੁਛਿਆ ਕਿ ਆਪ ਪੰਡਿਤ ਹੋ ਕੇ ਕੇਸ ਦਾੜ੍ਹੀ ਪੱਗ ਬੰਨ੍ਹਦੇ ਹੋ। ਕਿਥੋਂ ਦੇ ਹੋਂ ਤੇ ਕਿਥੇ ਰਹਿੰਦੇ ਹੋ। ਇਸ ਦਾ ਕੀ ਰਾਜ਼ ਹੈ। ਜਦੋਂ ਉਨ੍ਹਾਂ ਨੂੰ ਮੈਂ ਇਹ ਉਪ੍ਰੋਕਤ ਗੱਲ ਸੁਣਾਈ ਤਾਂ ਉਨ੍ਹਾਂ ਨੇ ਇਹ ਸਾਰੀ ਹਕੀਕੀ ਕਹਾਣੀ ਲਿਖਣ ਲਈ ਕਿਹਾ ਤੇ ਜਦੋਂ ਅਖ਼ਬਾਰ ਵਾਲੇ ਦੋਸਤ ਨੇ ਹੌਸਲਾ ਦਿਤਾ ਤਾਂ ਉਹ ਸਾਰਾ ਸੀਨ ਹੂ ਬ ਹੂ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ ਤੇ ਸੱਭ ਕੁੱਝ ਯਾਦ ਆ ਗਿਆ।
ਸੋ ਇਸ ਨੂੰ ਵਾਹਿਗੁਰੂ ਦੀ ਰਹਿਮਤ ਹੀ ਕਹਿ ਸਕਦੇ ਹਾਂ ਕਿ ਮੈਨੂੰ ਕੇਸ ਦਾੜ੍ਹੀ ਤੇ ਪੱਗ ਨਾਲ ਮੋਹ ਹੈ ਤੇ ਉਸ ਤੋਂ ਬਾਅਦ ਹੋਰ ਵੀ ਪਿਆਰ ਹੋ ਗਿਆ। ਵਾਹਿਗੁਰੂ ਇਹੋ ਜਿਹੀ ਮਿਹਰ ਸਭਨਾਂ ’ਤੇ ਕਰਨ। ਅਪਣੇ ਇਸ਼ਟ ਨੂੰ ਹਮੇਸ਼ਾਂ ਯਾਦ ਰੱਖੋ ਕਿਉਂਕਿ ਵਾਹਿਗੁਰੂ ਕਦੋਂ ਤੇ ਕਿਹੜੇ ਰੂਪ ’ਚ ਤੁਹਾਨੂੰ ਮਿਲ ਜਾਵੇ ਤੇ ਕਿਵੇਂ ਤੁਹਾਡੀ ਰਖਿਆ ਕਰ ਦੇਵੇ, ਇਹ ਸਿਰਫ਼ ਖ਼ੁਦ ਖ਼ੁਦਾ ਹੀ ਜਾਣਦੈ।
- ਜਸਵੀਰ ਸ਼ਰਮਾਂ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 95691-49556