ਜੂਨ '84 ਤੋਂ ਬਾਦ ਸਿੱਖਾਂ ਉਤੇ ਸੀਆਰਪੀਐਫ਼ ਤੇ ਪੁਲਿਸ ਦੀਆਂ ਵਧੀਕੀਆਂ ਦੀ ਗਾਥਾ-1
Published : Oct 16, 2018, 11:30 am IST
Updated : Oct 16, 2018, 11:30 am IST
SHARE ARTICLE
1984
1984

ਸਿੱਖ ਕੌਮ ਤੇ ਪੰਜਾਬ ਦੀਆਂ ਹੱਕੀ ਮੰਗਾਂ ਤਾਂ ਕੇਂਦਰ ਸਰਕਾਰ ਨੇ ਕੀ ਮੰਨਣੀਆਂ ਸਨ, ਸਿੱਖ ਕੌਮ ਦੀ ਅਣਖ ਤੇ ਸਨਮਾਨ ਨੂੰ ਰੋਲਣ ਲਈ ਜੂਨ 84 ਵਿਚ ਦਰਬਾਰ ਸਾਹਿਬ ਸਮੂਹ

ਸਿੱਖ ਕੌਮ ਤੇ ਪੰਜਾਬ ਦੀਆਂ ਹੱਕੀ ਮੰਗਾਂ ਤਾਂ ਕੇਂਦਰ ਸਰਕਾਰ ਨੇ ਕੀ ਮੰਨਣੀਆਂ ਸਨ, ਸਿੱਖ ਕੌਮ ਦੀ ਅਣਖ ਤੇ ਸਨਮਾਨ ਨੂੰ ਰੋਲਣ ਲਈ ਜੂਨ 84 ਵਿਚ ਦਰਬਾਰ ਸਾਹਿਬ ਸਮੂਹ ਉਤੇ ਹਿੰਦੁਸਤਾਨੀ ਫ਼ੌਜਾਂ ਵਲੋਂ ਮਸ਼ੀਨਗਨਾਂ, ਟੈਂਕਾਂ, ਅਗਨੀ ਬੰਬਾਂ ਤੇ ਮੋਰਟਰਾਂ ਨਾਲ ਹਮਲਾ ਕਰ ਦਿਤਾ ਗਿਆ। ਹਜ਼ਾਰਾਂ ਸਿੱਖ ਵੀਰ, ਭੈਣਾਂ ਤੇ ਬੱਚੇ ਮਾਰ ਦਿਤੇ ਗਏ। ਉਸ ਸਮੇਂ ਦੀ ਕੇਂਦਰ ਸਰਕਾਰ ਦੇਸ਼ ਦੀ ਹਿੰਦੂ ਬਹੁਗਿਣਤੀ ਨੂੰ ਅਪਣੇ ਨਾਲ ਜੋੜਨ ਲਈ ਘੱਟ-ਗਿਣਤੀ ਵਾਲੀ ਸਿੱਖ ਕੌਮ ਨੂੰ ਜ਼ਲੀਲ ਕਰਨ ਲਈ ਇਸ ਦੇ ਸਵੈਮਾਨ ਨੂੰ ਸੱਟ ਮਾਰ ਰਹੀ ਸੀ।

ਪੰਜਾਬ ਵਿਚ ਜੂਨ '84 ਦੇ ਦੁਖਦਾਈ ਸਾਕੇ ਤੋਂ ਬਾਦ ਵੀ ਫ਼ੌਜ ਵਲੋਂ ਕੀਤੀਆਂ ਵਧੀਕੀਆਂ, ਸਿੱਖ ਪ੍ਰਵਾਰਾਂ ਨੇ ਅਪਣੇ ਪਿੰਡੇ ਤੇ ਝਲੀਆਂ। ਸਿੱਖ ਨੌਜੁਆਨ ਨੇ ਇਹ ਸਾਰਾ ਕੁੱਝ ਹੁੰਦਾ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਨਤੀਜਾ ਇਹ ਨਿਕਲਿਆ ਕਿ ਸਿੱਖ ਨੌਜੁਆਨ ਕਈਆਂ ਥਾਵਾਂ ਤੋਂ ਘਰੋਂ ਨਿਕਲ ਕੇ ਰੂਪੋਸ਼ ਹੋਣ ਲਈ ਮਜਬੂਰ ਹੋ ਕੇ ਤੇ ਖਾੜਕੂ ਜਥੇਬੰਦੀਆਂ ਨਾਲ ਸਬੰਧਤ ਹੋ ਗਏ।

ਸਰਕਾਰੀ ਏਜੰਸੀਆਂ ਜਿਵੇਂ ਪੁਲਿਸ, ਸੈਂਟਰਲ ਰਿਜ਼ਰਵ ਪੁਲਿਸ ਫੋਰਸ ਤੇ ਸਰਕਾਰੀ ਮਿਲਟਰੀ ਗੁਟਬੰਦੀਆਂ ਵਲੋਂ ਚਲਦੇ ਦਮਨ ਚੱਕਰ ਕਰ ਕੇ ਸਿੱਖ ਨੌਜੁਆਨ ਇਹ ਮਹਿਸੂਸ ਕਰਨ ਲੱਗਾ ਕਿ ਘਰੋਂ ਨਿਕਲ ਕੇ ਬਾਹਰ ਹਥਿਆਰ ਚੁਕਣੇ ਸ਼ਾਇਦ ਉਨ੍ਹਾਂ ਲਈ ਇਕੋ ਰਾਹ ਰਹਿ ਗਿਆ ਹੈ। ਬਦਕਿਸਮਤੀ ਇਹ ਕਿ ਸਰਕਾਰ ਨੇ ਸਿੱਖ ਮਾਨਸਿਕਤਾ ਤੇ ਮਲਹਮ ਲਾਉਣ ਦਾ ਕੰਮ ਨਾ ਕੀਤਾ। ਦੂਜੇ ਬੰਨਿਉਂ ਪੰਜਾਬ ਵਿਚ ਤਾਇਨਾਤ ਸੀ.ਅਰ.ਪੀ.ਐਫ਼ ਤੇ ਪੁਲਿਸ ਤਸ਼ੱਦਦ ਕਰਦੀ ਰਹੀ। ਇਥੇ ਸਿਰਫ਼ ਕੁੱਝ ਕੁ ਘਟਨਾਵਾਂ ਦਾ ਜ਼ਿਕਰ ਕਰਨਾ ਹੈ, ਭਾਵੇਂ ਹੋਇਆ ਤਾਂ ਬਹੁਤ ਕੁੱਝ ਸੀ।

ਸੈਂਟਰਲ ਰਿਜ਼ਰਵ ਪੁਲਿਸ ਵਲੋਂ ਕੀਤੇ ਜ਼ੁਲਮਾਂ ਤੇ ਅਤਿ ਵਧੀਕੀਆਂ ਦੀ ਦਾਸਤਾਨ ਜੇ ਪੁਛਣੀ ਹੈ ਤਾਂ ਪਿੰਡ ਚਾਚੋਵਾਲੀ, ਤਲਵੰਡੀ ਖੁਮਣ, ਮਰੜੀ, ਭੰਗਾਲੀ, ਗੁਜਰਪੁਰਾਂ, ਜੋ ਕਥੂਨੰਗਲ ਪੁਲਿਸ ਸਟੇਸ਼ਨ ਦੇ ਘੇਰੇ ਵਿਚ ਆਉਂਦੇ ਹਨ, ਉਥੋਂ ਦੇ ਬਜ਼ੁਰਗਾਂ, ਔਰਤਾਂ ਤੇ ਹੋਰਾਂ ਕੋਲੋਂ ਸੁਣ ਸਕਦੇ ਹਾਂ। ਉਨ੍ਹਾਂ ਨਾਲ ਅਗੱਸਤ ਦੀ 29 ਤੇ 30 ਤਾਰੀਖ਼ 1990 ਵਿਚ ਜੋ ਹੋਇਆ, ਉਹ ਉਨ੍ਹਾਂ ਨੂੰ ਹਮੇਸ਼ਾ ਸਤਾਉਂਦਾ ਤੇ ਮਾਨਸਕ ਪੀੜਾ ਦਿੰਦਾ ਰਹੇਗਾ। ਸੀ.ਆਰ.ਪੀ.ਐਫ਼ ਦੀ ਦਸਵੀਂ ਬਟਾਲੀਅਨ ਨੇ, ਸਾਰੇ ਪਿੰਡ ਨੂੰ ਘੇਰਾ ਪਾ ਕੇ ਇਥੋਂ ਦੇ 200 ਨੌਜੁਆਨਾਂ ਨੂੰ ਚੁੱਕ ਕੇ, ਅਪਣੇ ਬਣਾਏ ਹੋਏ ਤਸੀਹੇ ਸੈਂਟਰ, ਭਰੀਵਾਲ ਜਿਥੇ ਇਨ੍ਹਾਂ ਦਾ ਹੈੱਡ ਕੁਆਰਟਰ ਸੀ, ਉਥੇ ਲਿਜਾਇਆ ਗਿਆ।

ਪਿੰਡ ਦੇ ਮੋਹਤਬਰ ਤੇ ਔਰਤਾਂ, ਜਦੋਂ ਇਨ੍ਹਾਂ ਬੇਕਸੂਰਾਂ ਨੂੰ ਛੁਡਾਉਣ ਲਈ ਦਲੀਲਾਂ ਤੇ ਤਰਲੇ ਪਾਉਣ ਲੱਗੇ ਤਾਂ ਉਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਕਢੀਆਂ ਗਈਆਂ। ਗੱਲ ਇਸ ਤਰ੍ਹਾਂ ਸੀ ਕਿ ਪਿੰਡ ਮਰੜੀ ਤੋਂ ਜਜੋਆਣੀ ਸੂਏ ਦੇ ਲਾਗੇ ਇਕ ਧਮਾਕੇ ਵਿਚ ਸੀ.ਆਰ.ਪੀ.ਐਫ਼ ਦੀ ਜੀਪ ਨੂੰ ਅੱਗ ਲੱਗਣ ਕਾਰਨ  ਬਹੁਤ ਨੁਕਸਾਨ ਹੋਇਆ। ਪਿੰਡ ਭੰਗਾਲੀ ਕਲਾਂ ਦੇ ਸ. ਸੁਲੱਖਣ ਸਿੰਘ ਜਿਹੜੇ ਹਰਿਮੰਦਰ ਸਾਹਿਬ ਦੇ ਮੈਨੇਜਰ ਵੀ ਰਹੇ ਹਨ, ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਪਿੰਡ ਚਾਚੋਵਾਲੀ ਦੇ ਲਗਭਗ 35 ਨੌਜੁਆਨ, ਵੱਖ-ਵੱਖ ਮੁਕਾਬਲੇ ਬਣਾ ਕੇ ਮਾਰ ਦਿਤੇ ਗਏ।

ਇਨ੍ਹਾਂ ਮੁਤਾਬਕ, ਭੰਗਾਲੀ ਤੋਂ ਚਾਚੋਆਣੀ ਦੇ ਰਸਤੇ ਵਿਚ ਦਿਨੇ ਵੀ ਜਾਂਦਿਆਂ ਡਰ ਲਗਦਾ ਸੀ। ਰਸਤਾ ਕੱਚਾ ਸੀ ਤੇ ਰਾਹ ਵਿਚ ਸੀ.ਆਰ.ਪੀ.ਐਫ਼ ਦੀ ਪਿਕਟ ਸੀ। ਰਸਤਾ ਇਹੀ ਸੀ ਜੇਅੰਤੀਪੁਰ ਬੱਸ ਅੱਡੇ ਉਤੇ ਜਾਣ ਦਾ। ਇਥੇ ਸੀ.ਆਰ.ਪੀ.ਐਫ਼ ਵਾਲੇ ਕਿਸੇ ਨੂੰ ਵੀ ਘੇਰ ਲੈਂਦੇ ਸਨ ਤੇ ਇਹ ਬਹੁਤ ਸਹਿਮ ਵਾਲਾ ਤੇ ਦੁਖਦਾਈ ਸਮਾਂ ਸੀ।ਸਰਕਾਰ ਵਲੋਂ ਭੇਜੇ ਹੋਏ ਨੀਮ ਪੁਲਿਸ ਦਸਤੇ  ਅਮਨ ਅਮਾਨ ਕਾਇਮ ਕਰਨ ਲਈ ਆਏ ਸਨ। ਇਨ੍ਹਾਂ ਪਿੰਡਾਂ ਦੀਆਂ ਬਜ਼ੁਰਗ ਬੀਬੀਆਂ ਦੀਆਂ ਅੱਖਾਂ ਵਿਚ ਅੱਥਰੂ, ਆਵਾਜ਼ ਵਿਚ ਦਰਦ ਤੇ ਸਹਿਮ ਸੀ।

ਉਨ੍ਹਾਂ ਵਿਥਿਆ ਸੁਣਾਈ ਕਿ ਕਿਵੇਂ ਪਿੰਡ ਨੂੰ ਘੇਰਾ ਘੱਤ ਕੇ, 15-16 ਸਾਲ ਤੋਂ ਵੱਡੇ ਬੱਚਿਆਂ ਨੂੰ ਧੱਕੇ ਮਾਰਦੇ ਹੋਏ ਸੀ.ਆਰ.ਪੀ.ਐਫ਼ ਵਾਲੇ ਅਪਣੇ ਵਾਹਨਾਂ ਵਿਚ ਸੁਟਦੇ ਗਏ ਤੇ ਤਫਤੀਸ਼ ਕੇਂਦਰ ਵਿਚ ਲਿਜਾ ਕੇ ਉਨ੍ਹਾਂ ਨੂੰ ਤਸੀਹੇ ਦਿਤੇ ਗਏ। ਇਹ ਅਹਿਸਾਸ ਕਰਵਾਇਆ ਜਾ ਰਿਹਾ ਸੀ ਕਿ ''ਸਿੱਖੋ ਤੁਸੀ ਸਾਡੇ ਰਹਿਮੋ ਕਰਮ ਉਤੇ ਹੀ ਹੋ।''
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬ੍ਰਹਮਪੁਰਾ ਦੀ ਇਕ ਹੋਰ ਹਿਰਦੇਵੇਧਕ ਘਟਨਾ ਹੈ। ਇਕ ਨਾਮੀ ਸਿੰਘ ਖਾੜਕੂ ਅਵਤਾਰ ਸਿੰਘ ਬ੍ਰਹਮਾ ਨੇ ਪਿੰਡ ਗੁਰਦਵਾਰੇ ਜਾ ਕੇ ਸਪੀਕਰ ਉਤੇ ਕਿਹਾ ਕਿ ਉਹ ਪਿੰਡ ਵਿਚ ਹੈ ਤੇ ਕਿਸੇ ਦੀ ਹਿੰਮਤ ਹੈ ਤਾਂ ਆ ਜਾਵੇ ਪਰ ਪਿੰਡ ਵਾਸੀਆਂ ਨੂੰ ਤੰਗ ਨਾ ਕੀਤਾ ਜਾਵੇ।

ਤਕਰੀਬਨ ਦੋ ਘੰਟਿਆਂ ਬਾਦ, ਜਦੋਂ ਸੀ.ਆਰ.ਪੀ.ਐਫ਼ ਵਾਲਿਆਂ ਨੂੰ ਪੱਕਾ ਪਤਾ ਲੱਗ ਗਿਆ ਕਿ ਹੁਣ ਅਵਤਾਰ ਸਿੰਘ ਬ੍ਰਹਮਾ ਉਥੋਂ ਚਲਾ ਗਿਆ ਹੈ ਤਾਂ ਉਨ੍ਹਾਂ ਨੇ ਪਿੰਡ ਦਾ ਘੇਰਾ ਪਾ ਕੇ ਕਈ ਬਜ਼ੁਰਗਾਂ ਨੂੰ ਮਾਰਿਆਂ, ਔਰਤਾਂ ਦੀ ਬੇਪਤੀ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਅੱਗ ਲਗਾ ਦਿਤੀ। ਪਿੰਡ ਦੇ ਸਾਰੇ ਬੰਦਿਆਂ ਨੂੰ 26 ਦਸੰਬਰ 1986 ਦੀ ਠੰਢੀ ਰਾਤ ਨੂੰ ਇਕੱਠਿਆਂ ਕਰ ਕੇ ਰੜੇ ਮੈਦਾਨ ਵਿਚ ਬਿਠਾਇਆ ਗਿਆ ਤੇ ਬੇਪਤੀ ਕੀਤੀ ਗਈ।

ਜੋ ਕੁੱਝ ਕਥੂ ਨੰਗਲ ਥਾਣੇ ਅਧੀਨ ਆਉਂਦੇ ਪਿੰਡਾਂ ਤੇ ਬ੍ਰਹਮਪੁਰਾ ਵਿਖੇ ਹੋਇਆ, ਇਸੇ ਤਰ੍ਹਾਂ ਹੋਰਾਂ ਪਿੰਡਾਂ ਵਿਚ ਵੀ ਸੀ.ਆਰ.ਪੀ.ਐਫ਼ ਵਲੋਂ ਇਸੇ ਤਰ੍ਹਾਂ ਹੋਇਆ। ਲੁਧਿਆਣੇ ਜ਼ਿਲ੍ਹੇ ਦੇ ਇਕ ਡੇਹਲੋਂ ਪੁਲਿਸ ਸਟੇਸ਼ਨ, ਪਿੰਡ ਲਾਡਲਾ ਵਿਚ ਵੀ ਅਜਿਹਾ ਕਾਰਾ ਕੀਤਾ ਗਿਆ। ਇਸ ਪਿੰਡ ਦੀਆਂ ਬੀਬੀਆਂ ਤੇ ਬੱਚਿਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਮਾਰਿਆ ਗਿਆ। ਪੰਚਾਇਤ ਦੇ ਇਕ ਮੈਂਬਰ ਕਰਤਾਰ ਸਿੰਘ ਨੂੰ ਏਨਾ ਮਾਰਿਆ ਕਿ ਉਸ ਦੀ ਬਾਂਹ ਟੁੱਟ ਗਈ। ਇਕ 70 ਸਾਲ ਦੇ ਬਜ਼ੁਰਗ ਗੁਰਦੇਵ ਸਿੰਘ ਸੋਢੀ, ਜੋ ਰੀਟਾਇਰਡ ਲਾਈਨ ਸੁਪਰਡੈਂਟ ਸੀ, ਉਸ ਨੂੰ ਸੱਭ ਦੇ ਸਾਹਮਣੇ ਬੇਇਜ਼ਤ ਕਰਦਿਆਂ ਅਜਿਹਾ ਮਾਰਿਆ ਕਿ ਉਸ ਦਾ ਮੂੰਹ ਸੁੱਜ ਗਿਆ।

ਇਸੇ ਪਿੰਡ ਵਿਚ ਰਹਿੰਦੇ ਇਕ ਫ਼ੋਟੋਗ੍ਰਾਫ਼ਰ ਨੂੰ ਮਜਬੂਰ ਕੀਤਾ ਕਿ ਔਰਤਾਂ ਦੀਆਂ ਫ਼ੋਟੋਆਂ ਖਿੱਚੇ। ਪਿੰਡ ਦੇ ਕੁੱਝ ਵੱਡੇ ਸਿਆਣੇ ਬੰਦੇ, ਜਿਨ੍ਹਾਂ ਦੀ ਗਿਣਤੀ 29 ਸੀ, ਜਦੋਂ ਉਹ ਵੱਡੇ ਅਫ਼ਸਰਾਂ ਤਕ ਪਹੁੰਚ ਕਰ ਕੇ ਮਿਲਣ ਗਏ ਤੇ ਇਸ ਧੱਕੇਸ਼ਾਹੀ ਜ਼ੁਲਮ ਬਾਰੇ ਦੱਸਣ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਉਤੇ ਖ਼ਾਲਿਸਤਾਨ ਪੱਖੀ ਨਾਹਰੇ ਲਾਉਣ ਦੇ ਦੋਸ਼ ਵਿਚ ਅੰਦਰ ਕਰ ਦਿਤਾ। ਇਸੇ ਤਰ੍ਹਾਂ ਹਰਿਗੋਬਿੰਦਪੁਰ ਏਰੀਏ ਵਿਚ ਵੀ ਲੋਕਾਂ ਨੂੰ ਬੇਇਜ਼ਤ ਕਰਦਿਆਂ ਤਸੀਹੇ ਦਿਤੇ ਗਏ ਤੇ ਔਰਤਾਂ ਤੇ ਬਜ਼ੁਰਗ, ਸਿਵਾਏ ਇਸ ਨੂੰ ਸਹਿ ਲੈਣ ਦੇ ਕਰ ਵੀ ਕੀ ਸਕਦੇ ਸਨ।

ਇਨ੍ਹਾਂ ਜ਼ੁਲਮਾਂ ਦੀ ਦਾਸਤਾਨ ਅਖ਼ਬਾਰਾਂ ਵਿਚ ਤਾਂ ਕਿਸੇ ਨੇ ਕੀ ਦੇਣੀ ਸੀ, ਕਿਤੇ-ਕਿਤੇ ਖਾੜਕੂ, ਕਿਸੇ ਨਾ ਕਿਸੇ ਥਾਂ ਉਤੇ ਲੁਕੇ ਛੁਪੇ ਹਮਲੇ ਕਰਦੇ ਤਾਂ ਖਮਿਆਜ਼ਾ ਇਨ੍ਹਾਂ ਵਿਚਾਰੇ ਪਿੰਡਾਂ ਵਾਲਿਆਂ ਨੂੰ ਬਦਲੇ ਦੀ ਭਾਵਨਾ ਤਹਿਤ ਭੁਗਤਣਾ ਪੈਂਦਾ ਰਿਹਾ। ਹਾਲਾਤ ਇਸ ਤਰ੍ਹਾਂ ਦੇ ਸਨ ਤੇ ਇਹੋ ਜਿਹੀ ਦਹਿਸ਼ਤ ਸੀ ਕਿ ਪਿੰਡ ਦੇ ਕਿਸਾਨ, ਅਪਣੇ ਖੇਤਾਂ ਨੂੰ ਪਾਣੀ ਲਾਉਣ ਦੀਆਂ ਵਾਰੀਆਂ ਵੀ ਨਹੀਂ ਸਨ ਲੈਂਦੇ। ਉਹ ਇਸ ਲਈ ਕਿ ਪੁਲਿਸ ਨੇ ਇਨ੍ਹਾਂ ਨੂੰ ਖੇਤਾਂ ਵਿਚ ਵੀ ਆ ਕੇ ਹੀ ਦਬੋਚ ਲੈਣਾ ਹੁੰਦਾ ਸੀ। ਬਿਨਾਂ ਐਲਾਨੇ ਇਨ੍ਹਾਂ ਇਲਾਕਿਆਂ ਵਿਚ ਕਰਫ਼ਿਊ ਵਰਗੀ ਸਥਿਤੀ ਸੀ। ਪਿੰਡ ਦੀਆਂ ਔਰਤਾਂ ਸ਼ਾਮ ਤੋਂ ਬਾਦ ਘਰੋਂ ਬਾਹਰ ਨਹੀਂ ਸੀ ਨਿਕਲਦੀਆਂ।

ਭੰਗਾਲੀ ਪਿੰਡ ਦੇ ਇਕ ਲਖਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਨੂੰ ਪੁਲਿਸ ਦੇ ਇਕ ਇੰਸਪੈਕਟਰ ਨੇ ਅਗੱਸਤ 1990 ਨੂੰ ਚੁੱਕ ਲਿਆ। ਇਨ੍ਹਾਂ ਦਰਿੰਦਿਆਂ ਵਲੋਂ ਮਾਲ ਮੰਡੀ ਅੰਮ੍ਰਿਤਸਰ ਦੇ ਤਫ਼ਤੀਸ਼ ਸੈਂਟਰ ਵਿਚ ਲਿਜਾ ਕੇ, ਬਿਜਲੀ ਦੇ ਝਟਕੇ ਦੇਣ ਉਪਰੰਤ, ਛੱਤ ਨਾਲ ਲਮਕਾ ਕੇ ਨੌਜੁਆਨ ਦੀਆਂ ਲੱਤਾਂ ਪਾੜੀਆਂ ਗਈਆਂ। ਵਾਰ-ਵਾਰ ਇਹੀ ਪੁਛਿਆ ਜਾਂਦਾ ਰਿਹਾ ਕਿ ਧਰਮ ਸਿੰਘ ਕਾਸ਼ਤੀਵਾਲ ਦਾ ਪਤਾ ਟਿਕਾਣਾ ਦੱਸੋ। ਇਸ ਨੌਜੁਆਨ ਉਤੇ ਅਸਹਿ ਜ਼ੁਲਮ ਹੁੰਦਾ ਰਿਹਾ ਤੇ ਉਸ ਦੀਆਂ ਅਪੀਲਾਂ ਦਲੀਲਾਂ ਕਿ ਉਸ ਨੂੰ ਕੁੱਝ ਨਹੀਂ ਪਤਾ, ਕਿਸੇ ਕੰਮ ਨਾ ਆਈਆਂ। 

ਪਿੰਡ ਤਲਵੰਡੀ ਖ਼ੁਮਾ ਵਿਚ ਇਕ ਸੀ.ਆਰ.ਪੀ.ਐਫ਼ ਦੀ ਚੈਕ ਪੋਸਟ ਤੇ ਪਿੰਡ ਵਾਲਿਆਂ ਨੂੰ ਇਸ ਗੱਲ ਦੀ ਤਕਲੀਫ਼ ਸੀ ਕਿ ਇਸ ਪਿੰਡ ਵਿਚੋਂ ਕੋਈ ਇਕ ਵੀ ਬੰਦਾ ਰੂਪੋਸ਼ ਨਹੀਂ ਹੋਇਆ ਤੇ ਨਾ ਹੀ ਉਨ੍ਹਾਂ ਉਤੇ ਕੋਈ ਕੇਸ ਦਰਜ ਹੋਇਆ ਸੀ। ਪਿੰਡ ਚਾਚੋਵਾਲੀ ਵਿਚ ਇਕ ਸਿੰਘ ਸੁਲੱਖਣ ਸਿੰਘ ਦੇ ਘਰ, ਜੋ ਖੇਤਾਂ ਵਿਚ ਸੀ, ਉਥੇ ਛਾਪਾ ਮਾਰਿਆ ਗਿਆ। ਉਸ ਦਾ ਲੜਕਾ, ਪੁਲਿਸ ਤੋਂ ਡਰਦਾ ਘਰੋਂ ਬਾਹਰ ਗਿਆ ਤੇ ਇਤਫ਼ਾਕ ਨਾਲ ਸੁਲੱਖਣ ਸਿੰਘ ਵੀ ਘਰ ਨਹੀਂ ਸੀ। ਘਰ ਵਿਚ ਹਾਜ਼ਰ ਔਰਤਾਂ ਨੂੰ ਪਿੰਡ ਵਿਚ ਲਿਆ ਕੇ ਸੱਭ ਦੇ ਸਾਹਮਣੇ ਬੇਇਜ਼ਤ ਕੀਤਾ ਗਿਆ। ਪਿੰਡ ਦੇ ਸਰਪੰਚ ਮਾਲਕ ਸਿੰਘ ਨੂੰ ਫੜ ਕੇ ਜ਼ਲੀਲ ਕਰ ਕੇ, ਤਸੀਹੇ ਦਿਤੇ ਗਏ।

ਇਕ ਨੇਤਰਹੀਣ ਸਿੱਖ ਦੇ ਘਰ ਜੁਲਾਈ 1990 ਵਿਚ ਛਾਪਾ ਮਾਰਿਆ ਗਿਆ ਤੇ ਉਸ ਦੀ ਸੰਦੂਕੜੀ ਵਿਚੋਂ 200 ਰੁਪਏ ਦੀ ਰਕਮ ਵੀ ਚੁੱਕ ਲਈ ਗਈ। ਇਸੇ ਤਰ੍ਹਾਂ ਜੂਨ 1989 ਵਿਚ ਇਕ ਸਿੰਘ ਪੂਰਨ ਸਿੰਘ ਪੁੱਤਰ ਮੋਹਨ ਸਿੰਘ ਨੂੰ ਚੁੱਕ ਲਿਆ ਗਿਆ ਤੇ ਬਾਦ ਵਿਚ ਮੁਕਾਬਲਾ ਵਿਖਾ ਕੇ ਮਾਰ ਦਿਤਾ ਗਿਆ। ਸਤੰਬਰ 1989 ਵਿਚ ਕਰਤਾਰ ਸਿੰਘ ਦੇ ਪੁੱਤਰ ਛਿੰਦਾ ਸਵਿੰਦਰ ਸਿੰਘ, ਕੱਥੂ ਨੰਗਲ ਪੁਲਿਸ ਸਟੇਸ਼ਨ ਦੇ ਮਹਿੰਦਰ ਸਿੰਘ ਇੰਸਪੈਕਟਰ ਨੇ ਫੜ ਲਿਆ ਤੇ ਤਿੰਨ ਦਿਨ ਉਸ ਦਾ ਕੁਟਾਪਾ ਚੜ੍ਹਦਾ ਰਿਹਾ ਤੇ ਜਦੋਂ ਘਰ ਵਾਲਿਆ ਨੇ ਥਾਣੇਦਾਰ ਦੀ ਮੁੱਠੀ ਗਰਮ ਕੀਤੀ ਤਾਂ ਜਾ ਕੇ ਉਸ ਨੂੰ ਛੱਡਿਆ ਗਿਆ।

ਸੀ.ਆਰ.ਪੀ.ਐਫ਼ ਦੀ ਬੁਰਛਾਗਰਦੀ ਦੀ ਹੱਦ ਟਪ ਗਈ, ਜਦੋਂ 30 ਅਗੱਸਤ ਦੀ ਪਹੁਫੁਟੀ ਵੇਲੇ ਲਾਊਡ ਸਪੀਕਰ ਉਤੇ ਕਿਹਾ ਗਿਆ ਕਿ ਸਾਰੇ ਪਿੰਡ ਦੇ ਬੰਦੇ ਗੁਰਦਵਾਰਾ ਬਾਬਾ ਮੰਨਾ ਦੇ ਸਾਹਮਣੇ ਆ ਜਾਣ। ਬਹੁਤ ਸਾਰੇ ਗੁਰਦਵਾਰੇ ਪਹੁੰਚ ਗਏ ਪਰ ਜਿਨ੍ਹਾਂ ਨੇ ਇਹ ਲਾਊਡਸਪੀਕਰ ਤੇ ਹਦਾਇਤ ਨਾ ਸੁਣੀ, ਉਹ ਅਜੇ ਘਰਾਂ ਵਿਚ ਸੁਤੇ ਪਏ ਸਨ। ਇਨ੍ਹਾਂ ਪੁਲਿਸ ਦੇ ਜਵਾਨਾਂ ਨੇ ਘਰੋਂ-ਘਰੀ ਪੜਤਾਲ ਕੀਤੀ ਤੇ ਉਨ੍ਹਾਂ ਦੇ ਘਰਾਂ ਵਿਚੋਂ ਬੰਦੇ ਕੱਢ ਕੇ ਲੈ ਆਏ। ਇਕ ਦਿਲਬਾਗ ਸਿੰਘ ਜਿਹੜਾ ਸੈਕਿੰਡ ਸਿੱਖ ਲਾਈਟ ਇਨਫੈਂਟਰੀ ਫ਼ੌਜ ਵਿਚ ਸੀ ਤੇ ਘਰ ਛੁਟੀ ਆਇਆ ਹੋਇਆ ਸੀ ਉਸ ਨੂੰ ਪੁਲਿਸ ਵਾਲਿਆਂ ਨੇ ਕੇਸਾਂ ਤੋਂ ਫੜ ਕੇ ਉਠਾਇਆ।

ਉਸ ਨੇ ਅਪਣੇ ਫ਼ੌਜ ਦਾ ਸ਼ਨਾਖ਼ਤੀ ਕਾਰਡ ਵੀ ਵਿਖਾਇਆ ਪਰ ਉਸ ਨੂੰ ਘਸੀਟ ਕੇ ਗੁਰਦਵਾਰੇ ਲਿਜਾਦਾ ਗਿਆ। ਪੰਜਾਬ ਹਿਊਮਨ ਰਾਈਟ ਆਰਗੇਨਾਈਜ਼ੇਸ਼ਨ ਦੀ ਟੀਮ ਨੂੰ ਦਿਲਬਾਗ ਦੇ ਚਾਚੇ ਚੰਚਲ ਸਿੰਘ ਨੇ ਦਸਿਆ ਕਿ ਬਾਵਜੂਦ ਸੱਭ ਦੇ ਕਹਿਣ ਤੇ ਵੀ ਉਸ ਨਾਲ ਧੱਕਾ ਮੁਕੀ ਤੇ ਬਤਮੀਜ਼ੀ ਹੋਈ। ਇਹੋ ਕੁੱਝ ਹੌਲਦਾਰ ਜੋ ਇੰਜਨੀਅਰਿੰਗ ਕੋਰ ਵਿਚ ਸੀ, ਉਸ ਨਾਲ ਵੀ ਇਸੇ ਤਰ੍ਹਾਂ ਪੇਸ਼ ਆਏ, ਇਹ ਸੀ.ਆਰ.ਪੀ.ਐਫ਼ ਵਾਲੇ। ਰੀਟਾਇਰਡ ਹੌਲਦਾਰ ਚਾਨਣ ਸਿੰਘ, 70 ਸਾਲ ਦੀ ਉਮਰ ਵਾਲੇ ਨੂੰ ਵੀ ਧੁਹ ਕੇ ਗੁਰਦਵਾਰੇ ਲਿਆਂਦਾ ਗਿਆ।

ਤਕਰੀਬਨ 25 ਸਿੱਖ ਜਿਨ੍ਹਾਂ ਦੀ ਉਮਰ 15 ਤੋਂ 50 ਸਾਲ ਤਕ ਦੀ ਸੀ, ਉਨ੍ਹਾਂ ਨੂੰ ਗੁਰਦਵਾਰਾ ਬਾਬਾ ਮੰਨਾ ਤੋਂ ਲੈ ਕੇ ਸੀ.ਆਰ.ਪੀ.ਐਫ਼ ਦੇ ਹੈੱਡ ਕੁਆਰਟਰ ਤਰਾਈਵਾਲ ਲਿਜਾਇਆ ਗਿਆ। ਪਿੰਡ ਦੇ ਸਰਪੰਚ ਤੇ ਹੋਰ ਮੋਹਤਬਰਾਂ ਨੇ ਇਨ੍ਹਾਂ ਸੱਭ ਬਾਰੇ ਕਿਹਾ ਕਿ ਇਹ ਸਾਰੇ ਬੇਕਸੂਰ ਹਨ। ਪੁਲਿਸ ਅਫ਼ਸਰ ਦਾ ਜਵਾਬ ਇਹ ਸੀ ਕਿ ਅਸੀ ਤਾਂ ਤੁਹਾਡੇ  ਉਤੇ ਰਹਿਮ ਕੀਤਾ ਹੈ ਕਿ ਤੁਹਾਡੀ ਔਰਤਾਂ ਨੂੰ ਅਸੀ ਨੰਗਿਆਂ ਨਹੀਂ ਕੀਤਾ ਤੇ ਪਿੰਡ ਦੇ ਬੰਦਿਆਂ ਸਾਹਮਣੇ ਉਨ੍ਹਾਂ ਨੂੰ ਮਾਰਿਆ ਨਹੀਂ। ਪੁਲਿਸ ਨੇ ਗੁਰਦਵਾਰਾ ਬਾਬਾ ਮੰਨਾ ਦੇ ਖਿੜਕੀਆਂ ਦਰਵਾਜ਼ੇ ਵੀ ਤੋੜ ਦਿਤੇ ਗਏ।


ਪਹਿਲਾਂ ਸੈਂਟਰਲ ਰਿਜ਼ਰਵ ਪੁਲਿਸ ਫ਼ੋਰਸ ਤੇ ਫਿਰ ਪੰਜਾਬ ਪੁਲਿਸ ਨੇ ਪਿੰਡਾਂ ਦੇ ਨੌਜੁਆਨਾਂ ਉਪਰ ਅਤਿ ਦੇ ਜਬਰ ਕੀਤੇ। ਉਨ੍ਹਾਂ ਨੂੰ ਚਮੜੇ ਦੀਆਂ ਪੇਟੀਆਂ ਨਾਲ ਮਾਰਿਆ ਗਿਆ। ਜਦੋਂ ਪਿੰਡ ਦੇ ਸਰਪੰਚ ਤੇ ਹੋਰ ਮੋਹਤਬਰ ਉਨ੍ਹਾਂ ਵਾਸਤੇ, ਇਨ੍ਹਾਂ ਦੇ ਅਫ਼ਸਰਾਂ ਦੇ ਤਰਲੇ ਕੱਢਣ ਗਏ ਤਾਂ ਕਈਆਂ ਨੂੰ ਬਾਦ ਵਿਚ ਛੱਡ ਦਿਤਾ ਗਿਆ। ਇਹ ਸਾਰੇ ਫੜੇ ਹੋਏ, ਗ਼ੈਰ ਕਾਨੂੰਨੀ ਸਨ। ਉਨ੍ਹਾਂ ਉਤੇ ਕੋਈ ਐਫ.ਆਈ.ਆਰ ਦਰਜ ਨਹੀਂ ਸੀ। ਜਿਹੜੇ ਛੱਡੇ ਗਏ, ਉਨ੍ਹਾਂ ਨੂੰ ਆਦੇਸ਼ ਸਨ ਕਿ ਉਨ੍ਹਾਂ ਉਤੇ ਕੀਤੇ ਹੋਏ ਵਿਹਾਰ ਬਾਰੇ ਕਿਸੇ ਨੂੰ ਨਹੀਂ ਦਸਣਾ, ਵਰਨਾ ਨਤੀਜੇ ਹੋਰ ਵੀ ਭੈੜੇ ਹੋਣਗੇ। 


ਸਾਡੀ ਪੰਜਾਬ ਪੁਲਿਸ ਵੀ ਸੀ.ਅਰ.ਪੀ.ਐਫ਼ ਦੀ ਪੈੜ ਉਤੇ ਚਲਦਿਆਂ ਉਹੋ ਜਿਹੇ ਹਥਕੰਡੇ ਵਰਤਣ ਲੱਗੀ ਸੀ। ਮਰਾੜ ਪਿੰਡ ਦੇ ਨੌਜੁਆਨਾਂ ਨੂੰ ਚੁੱਕ ਕੇ ਕੱਥੂ ਨੰਗਲ ਪੁਲਿਸ ਸਟੇਸ਼ਨ ਵਿਚ ਲਿਆ ਕੇ ਉਨ੍ਹਾਂ ਨੂੰ ਤਸੀਹੇ ਦਿਤੇ ਗਏ। ਬੀਬੀ ਸਵਰਨ ਕੌਰ ਪਤਨੀ ਬੂੜ ਸਿੰਘ, ਜੋ ਮਰਾੜ ਪਿੰਡ ਦੇ ਹਨ, ਉਨ੍ਹਾਂ ਪੰਜਾਬ ਹਿਊਮਨ ਰਾਈਟ ਆਰਗੇਨਾਈਜ਼ੇਸ਼ਨ ਨੂੰ ਦਸਿਆ ਕਿ 1 ਸਤੰਬਰ 1990 ਸ਼ਾਮ ਦੇ 6 ਵਜੇ ਪੰਜਾਬ ਪੁਲਿਸ ਤੇ ਸੀ.ਆਰ.ਪੀ.ਐਫ਼ ਦੇ ਬੰਦੇ ਪਿੰਡ ਆਏ ਤੇ ਉਸ ਦੇ ਪੁੱਤਰ ਰਾਜਵਿੰਦਰ ਸਿੰਘ ਜੋ 19 ਸਾਲ ਦਾ ਸੀ ਤੇ ਅਪਣੇ ਡੰਗਰਾਂ ਨੂੰ ਪੱਠੇ ਪਾ ਰਿਹਾ ਸੀ, ਨੂੰ ਚੁੱਕ ਕੇ ਜੀਪ ਵਿਚ ਸੁੱਟ ਲਿਆ। 


ਇਸੇ ਤਰ੍ਹਾਂ ਪਿੰਡ ਦੇ ਸੁਰਿੰਦਰ ਸਿੰਘ, ਸੱਜਣ ਸਿੰਘ, ਗੁਰਮੇਲ ਸਿੰਘ, ਝਿਰਮਿਲ ਸਿੰਘ, ਮਨਜਿੰਦਰ ਸਿੰਘ ਸ਼ਿੰਦਾ, ਹਜ਼ਾਰਾ ਸਿੰਘ ਤੇ ਪਿਤਾ ਅਨੋਖ ਸਿੰਘ, ਸੀਤਲ ਸਿੰਘ ਪੁੱਤਰ ਤੇਜਾ ਸਿੰਘ ਤੇ ਇਕ ਮਹਿੰਦਰ ਸਿੰਘ ਜੋ ਵੇਟ ਮਈਅਰ ਵਿਭਾਗ ਵਿਚ ਸਰਕਾਰੀ ਨੌਕਰੀ ਕਰਦਾ ਸੀ। ਉਨ੍ਹਾਂ ਸਾਰਿਆਂ ਨੂੰ ਫੜ ਕੇ ਕੱਥੂ ਨੰਗਲ ਥਾਣਾ ਵਿਚ ਲਿਜਾ ਕੇ ਉਨ੍ਹਾਂ ਤੇ ਤਸ਼ੱਦਦ ਕੀਤਾ ਗਿਆ। ਕੁੱਝ ਨੂੰ ਤਾਂ ਅਗਲੇ ਦਿਨ ਛੱਡ ਦਿਤਾ ਗਿਆ, ਜਦੋਂ ਪਿੰਡ ਦੇ ਮੋਹਤਬਰਾਂ ਨੂੰ ਇਨ੍ਹਾਂ ਦੇ ਅਫ਼ਸਰਾਂ ਤਕ ਪਹੁੰਚ ਕੀਤੀ। ਕਈਆਂ ਨੂੰ 4 ਸਤੰਬਰ ਨੂੰ ਛਡਿਆ ਗਿਆ। ਕਿਹੜੀ ਸੀ ਐਫ਼.ਆਈ.ਆਰ ਇਨ੍ਹਾਂ ਬੇਦੋਸ਼ਿਆਂ ਵਿਚਾਰਿਆਂ ਉਪਰ ਜਿਸ ਅਧੀਨ ਇਹ ਫੜੇ ਗਏ।

ਏਨਾ ਜਬਰ ਇਨ੍ਹਾਂ ਨੇ ਸਹਿਣ ਕੀਤਾ ਕਿਉਂਕਿ ਇਹ ਸਿੱਖ ਸਨ। ਇਸ ਹੁੰਦੀ ਜ਼ਲਾਲਤ ਤੇ ਦਹਿਸ਼ਤ ਕਰ ਕੇ ਸਿੱਖ ਨੌਜੁਆਨਾਂ ਦੇ ਮਨਾਂ ਵਿਚ ਸਰਕਾਰ ਤੇ ਪੁਲਿਸ ਏਜੰਸੀਆਂ ਪ੍ਰਤੀ ਨਫ਼ਰਤ ਸੀ।ਇਕ ਹੋਰ ਖ਼ੁਲਾਸਾ ਜਿਹੜਾ ਮੋਬਾਈਲ ਦੇ ਵਟਸਐਪ ਰਾਹੀਂ ਪ੍ਰਾਪਤ ਹੋਇਆ ਹੈ। ਉਸ ਅਨੁਸਾਰ, ਫਿਰੋਜ਼ਪੁਰ ਇਲਾਕੇ ਵਿਚ ਇਕ ਪਿੰਡ ਹੈ ਕਿਲੀ ਬੋਦਲਾਂ। ਇਥੇ 7 ਅਕਤੂਬਰ 1991 ਨੂੰ ਪੁਲਿਸ ਨੇ ਕਹਿਰ ਢਾਇਆ। ਇਕ ਪ੍ਰਵਾਰ ਦੇ ਇਕਬਾਲ ਕੌਰ, ਅਜੀਤ ਸਿੰਘ, ਲਖਵਿੰਦਰ ਸਿੰਘ, ਮਨਜੀਤ ਕੌਰ, ਨਰਿੰਦਰ ਕੌਰ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ ਇਨ੍ਹਾਂ ਸਾਰਿਆਂ ਤੇ ਜ਼ੀਰਾ ਦੇ ਐਸ.ਪੀ ਕੋਈ ਦੇਵਰਾਜ ਨੇ ਕਹਿਰ ਵਰਤਾਇਆ।

ਉਥੇ ਧੀਆਂ ਨੂੰ ਭਰਾਵਾਂ ਤੇ ਪਿਉ ਦੇ ਸਾਹਮਣੇ ਨੰਗਿਆ ਕੀਤਾ ਗਿਆ। ਟੱਬਰ ਦੇ ਜੀਆਂ ਦੇ ਪਿੰਡਿਆਂ ਤੇ ਕੱਦੂਕਸ਼ ਨਾਲ ਮਾਸ ਛਿਲਿਆ ਗਿਆ। ਉਨ੍ਹਾਂ ਵਿਚਾਰਿਆਂ ਦੀਆਂ ਚੀਕਾਂ ਅਸਮਾਨ ਤਕ ਜਾਂਦੀਆਂ ਸਨ। ਇਸ ਤੋਂ ਬਾਦ ਸਾਰੇ ਪ੍ਰਵਾਰ ਨੂੰ ਜ਼ਮੀਨ ਤੇ ਲਿਟਾ ਕੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਦਸਿਆ ਇਹ ਗਿਆ ਕਿ ਕਰਾਸ ਫ਼ਾਈਰਿੰਗ ਵਿਚ ਇਹ ਸਾਰੇ ਮਾਰੇ ਗਏ ਸਨ। ਕੱਦੂਕਸ਼ ਨਾਲ ਲਾਹੇ ਹੋਏ ਮਾਸ ਤਾਂ ਸੱਚ ਬਿਆਨ ਕਰਦੇ ਸਨ। ਇਸ ਤਰ੍ਹਾਂ ਸਿੱਖਾਂ ਨਾਲ ਵਹਿਸ਼ੀਆਨਾ ਵਰਤਾਰਾ ਹੁੰਦਾ ਰਿਹਾ।


ਇਸੇ ਸਾਲ ਦੀ 29 ਸਤੰਬਰ 2018 ਨੂੰ ਇਕ ਨੌਜੁਆਨ ਜਿਸ ਨੂੰ 26 ਸਾਲ ਪਹਿਲਾਂ ਪੁਲਿਸ ਚੁੱਕ ਕੇ ਲੈ ਗਈ ਸੀ। ਉਸ ਦੇ ਕਤਲ ਕਰਨ ਤੋਂ ਬਾਦ ਹੁਣ ਸੱਚ ਉਜਾਗਰ ਹੋਇਆ ਹੈ। ਪਟੀ ਬਲੋਲ ਪਿੰਡ, ਸੁਲਤਾਨ ਵਿੰਡ ਅੰਮ੍ਰਿਤਸਰ ਦੇ ਹਰਜੀਤ ਸਿੰਘ ਗੋਰਾ ਤੇ ਉਸ ਦੇ ਪਿਤਾ ਬਲਬੀਰ ਸਿੰਘ ਨੂੰ ਪੁਲਿਸ ਫੜ ਕੇ ਲੈ ਗਈ। ਬਲਬੀਰ ਸਿੰਘ ਨੂੰ ਤਾਂ 22 ਦਿਨਾਂ ਬਾਦ ਤਸੀਹੇ ਦੇ ਛੱਡ ਦਿਤਾ ਗਿਆ। ਪਰ ਹਰਜੀਤ ਸਿੰਘ ਗੋਰੇ ਦਾ ਕੋਈ ਥਹੁੰ ਪਤਾ ਨਾ ਦਿਤਾ। ਨਰਿੰਦਰ ਸਿੰਘ ਮਲਹੀ ਡੀ.ਐਸ.ਪੀ ਤੇ ਸਬ ਇੰਸਪੈਕਟਰ ਗਿਆਨ ਸਿੰਘ ਨੂੰ ਅਦਾਲਤ ਨੇ ਦੋਸ਼ੀ ਪਾਇਆ ਹੈ ਤੇ ਇਨ੍ਹਾਂ ਦੋਵਾਂ ਨੂੰ 10-11 ਸਾਲ ਕੈਦ ਦਾ ਹੁਕਮ ਸੁਣਾਇਆ ਹੈ।


ਇਹੋ ਜਹੀਆਂ ਇਕ ਨਹੀਂ ਬਲਕਿ ਸੈਂਕੜੇ  ਵਾਰਦਾਤਾਂ ਸਿੱਖ ਨੌਜੁਆਨਾਂ ਨਾਲ ਕੀਤੀਆਂ ਗਈਆਂ ਹਨ। ਜਸਵੰਤ ਸਿੰਘ ਖਾਲੜੇ ਨੇ ਲਿਖਿਆ ਤੇ ਕਿਹਾ ਸੀ ਕਿ ਸੀ.ਆਰ.ਪੀ.ਐਫ਼ ਤੇ ਪੰਜਾਬ ਪੁਲਿਸ ਨੇ ਹਜ਼ਾਰਾਂ ਸਿੰਘ ਝੂਠੇ ਮੁਕਾਬਲੇ ਵਿਖਾ ਕੇ ਮਾਰ ਦਿਤੇ ਗਏ। ਹਨੇਰ ਸਾਂਈ ਦਾ ਜੇ ਮੁਕਾਬਲਾ ਹੋਇਆ ਤਾਂ ਪੁਲਿਸ ਵਾਲਾ ਤਾਂ ਕੋਈ ਨਹੀ ਮਾਰਿਆ।ਕਿੰਨਾ ਭਿਆਨਕ ਤੇ ਦੁਖਦਾਈ ਸਮਾਂ ਸੀ ਜਦੋਂ ਮਾਵਾਂ ਦੇ ਜਵਾਨ ਬੱਚਿਆਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਚੁੱਕ ਕੇ ਉਨ੍ਹਾਂ ਤੇ ਬੇਹੱਦ ਤਸ਼ੱਦਦ ਕਰਦੇ ਹੋਏ, ਅਖ਼ੀਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤੇ ਗਏ।

ਉਨ੍ਹਾਂ ਦੀ ਲਾਸ਼ ਤਾਂ ਕਿਸ ਨੇ ਦੇਣੀ ਸੀ ਤੇ ਅਖ਼ੀਰ ਅਣਪਛਾਤੀ ਲਾਸ਼ ਬਣਾ ਕੇ ਸਾੜ ਦਿੰਦੇ ਸਨ। ਸਾਡੇ ਪੰਥਕ ਲੀਡਰ, ਜਿਨ੍ਹਾਂ ਦੀਆਂ ਆਵਾਜ਼ਾਂ ਤੇ ਮੋਰਚੇ ਲੱਗੇ, ਹਜ਼ਾਰਾਂ ਸਿੰਘ ਜੇਲ੍ਹਾਂ ਵਿਚ ਗਏ, ਹਜ਼ਾਰਾਂ ਹੀ ਸਿੱਖ ਮਾਰੇ ਗਏ ਉਨ੍ਹਾਂ ਦੀ ਕਿਸੇ ਸਾਰ ਵੀ ਨਾ ਲਈ। ਸਾਡੀਆਂ ਅਕਾਲੀ ਸਰਕਾਰਾਂ ਬਣੀਆਂ ਪਰ ਅਪਣੇ ਦਿਲ ਨੂੰ ਪੁੱਛ ਕੇ ਵੇਖਣ ਕਿ ਕੀ ਉਹ ਕਦੇ ਕਿਸੇ ਦੁਖੀ ਪ੍ਰਵਾਰ ਦੇ ਘਰ ਵੀ ਗਏ ਨੇ ਕਿ ਉਨ੍ਹਾਂ ਵਿਚਾਰਿਆਂ ਦਾ ਕੀ ਹਾਲ ਹੈ? ਉਨ੍ਹਾਂ ਪੁਲਿਸ ਅਫ਼ਸਰਾਂ ਉਤੇ ਕੇਸ ਕਿਉਂ ਨਾ ਬਣਾਏ ਗਏ? ਜਿਨ੍ਹਾਂ ਨੇ ਉਭਰਦੀਆਂ ਸਿੱਖਾਂ ਦੀਆਂ ਜਵਾਨੀਆਂ ਰੋਲ ਦਿਤੀਆਂ।

ਤੁਸੀ ਸਿੱਖ ਕੌਮ ਦੇ ਪਹਿਰੇਦਾਰ ਤਾਂ ਨਾ ਬਣ ਸਕੇ, ਜਦੋਂ ਕੌਮ ਨੇ ਹੀ ਤੁਹਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ। ਸਾਡੇ ਲੀਡਰਾਂ ਨੂੰ ਕੌਮ ਪ੍ਰਤੀ ਦਰਦ ਤੇ ਅਹਿਸਾਸ ਹੀ ਨਹੀਂ। ਯਾਦ ਰਖਣਾ ਕਿ ਕੌਮਾਂ ਹਮੇਸ਼ਾ ਹਿਸਾਬ ਮੰਗਦੀਆਂ ਹਨ ਤੇ ਗੁਰੂ ਸਮਰੱਥ ਹੈ। ਜੇ ਤੁਸੀ ਕੌਮ ਪ੍ਰਸਤ ਨਹੀਂ ਬਣੇ, ਗੁਰੂ ਪ੍ਰਸਤ ਨਹੀਂ ਬਣੇ, ਤਾਂ ਤੁਹਾਡੀ ਕੌਮ ਵਿਚ ਤੇ ਗੁਰੂ ਕੋਲ ਵੀ ਕੋਈ ਥਾਂ ਨਹੀਂ ਹੈ, ਇਹ ਮੇਰਾ ਯਕੀਨ ਤੇ ਭਰੋਸਾ ਵੀ ਹੈ। ਅਸੀ ਖ਼ੁਦ ਵੀ ਸਾਰੇ ਫ਼ੇਲ੍ਹ ਹੋਏ ਹਾਂ। ਅਸੀ ਸਾਰੇ ਜਿਨ੍ਹਾਂ ਉਪਰ ਵਾਹਿਗੁਰੂ ਦੀ ਬਹੁਤ ਕ੍ਰਿਪਾ ਰਹੀ ਹੈ, ਉਨ੍ਹਾਂ ਨੇ ਵੀ, ਇਨ੍ਹਾਂ ਦੁਖੀ ਪ੍ਰਵਾਰਾਂ ਦੀ ਬਾਂਹ ਨਹੀਂ ਫੜੀ।

ਆਉ ਆਪਾਂ ਸਾਰੇ ਸੋਚੀਏ ਤੇ ਇਨ੍ਹਾਂ ਪ੍ਰਵਾਰਾਂ ਬਾਰੇ ਕੋਈ ਨਿੱਗਰ ਨੀਤੀ ਬਣਾ ਕੇ, ਇਨ੍ਹਾਂ ਦੀ ਹਰ ਸੰਭਵ ਮਦਦ ਕਰੀਏ। ਇਹ ਇਨ੍ਹਾਂ ਦੁਖੀ ਪ੍ਰਵਾਰਾਂ ਤੇ ਅਹਿਸਾਨ ਨਹੀਂ ਹੋਵੇਗਾ ਬਲਕਿ ਬਹੁਤ ਦੇਰੀ ਨਾਲ ਅਸੀ ਅਪਣਾ ਫ਼ਰਜ਼ ਨਿਭਾ ਰਹੇ ਹੋਵਾਂਗੇ।
ਸੰਪਰਕ : 8872006924

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement