
ਮੈਨੂੰ ਲਗਦਾ ਹੈ ਕਿ ਅੱਜ ਆਪਾਂ ਕਿਤੇ ਨਾ ਕਿਤੇ ਅੰਗਰੇਜ਼ਾਂ ਨੂੰ ਗ਼ਲਤ ਸਾਬਤ ਕਰਨ ਵਿਚ ਲੱਗੇ ਹੋਏ ਹਾਂ ਪਰ ਮੇਰਾ ਤਾਂ ਮੰਨਣਾ ਹੈ ਕਿ ਆਪਾਂ ਕਿਤੇ ਨਾ ਕਿਤੇ
ਮੈਨੂੰ ਲਗਦਾ ਹੈ ਕਿ ਅੱਜ ਆਪਾਂ ਕਿਤੇ ਨਾ ਕਿਤੇ ਅੰਗਰੇਜ਼ਾਂ ਨੂੰ ਗ਼ਲਤ ਸਾਬਤ ਕਰਨ ਵਿਚ ਲੱਗੇ ਹੋਏ ਹਾਂ ਪਰ ਮੇਰਾ ਤਾਂ ਮੰਨਣਾ ਹੈ ਕਿ ਆਪਾਂ ਕਿਤੇ ਨਾ ਕਿਤੇ ਭਾਰਤ ਦੇ ਵਿਕਾਸ ਵਿਚ ਅੰਗਰੇਜ਼ਾਂ ਦੇ ਪਾਏ ਯੋਗਦਾਨ ਨੂੰ ਵੀ ਅਣਗੌਲਿਆਂ ਕਰ ਰਹੇ ਹਾਂ। ਇਹ ਗੱਲ ਵਖਰੀ ਹੈ ਕਿ ਹਕੂਮਤ ਅੰਗਰੇਜ਼ਾਂ ਦੀ ਸੀ ਪਰ ਭਾਰਤ ਦੇ ਵਿਕਾਸ ਵਿਚ ਅੰਗਰੇਜ਼ਾਂ ਦੇ ਯੋਗਦਾਨ ਨੂੰ ਆਪਾਂ ਘੱਟ ਨਹੀਂ ਕਹਿ ਸਕਦੇ। ਉਸ ਦੀਆਂ ਵੀ ਕਈ ਉਦਾਹਰਣਾਂ ਹਨ, ਜਿਵੇਂ ਕਿ ਅੰਗਰੇਜ਼ਾਂ ਨੇ ਸਿਖਿਆ ਵਿਚ ਅੰਗਰੇਜ਼ੀ ਦੀ ਪੜ੍ਹਾਈ ਲਾਗੂ ਕੀਤੀ। ਵਪਾਰ ਵਾਸਤੇ ਰੇਲ ਗੱਡੀਆਂ ਚਲਾਈਆਂ।
ਮੇਰੀ ਇਸ ਗੱਲ ਦੀ ਵਿਰੋਧਤਾ ਮੇਰੇ ਕਈ ਵੀਰ ਇਸ ਕਰ ਕੇ ਕਰਨਗੇ ਕਿ ਅੰਗਰੇਜ਼ਾਂ ਨੇ ਰੇਲ ਲਾਈਨਾਂ ਅਪਣੇ ਵਪਾਰ ਲਈ ਵਧਾਈਆਂ ਪਰ ਮੈਂ ਉਨ੍ਹਾਂ ਵੀਰਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਜੇ ਉਸ ਵੇਲੇ ਅੰਗਰੇਜ਼ਾਂ ਨੇ ਰੇਲ ਲਾਈਨਾਂ ਨਾ ਵਿਛਾਈਆਂ ਹੁੰਦੀਆਂ ਤਾਂ ਕੀ ਅੱਜ ਦੇ ਭਾਰਤ ਦੇ ਹਾਕਮ ਇਨ੍ਹਾਂ 71 ਸਾਲਾਂ ਵਿਚ ਵੀ ਸਾਰੇ ਭਾਰਤ ਵਿਚ ਰੇਲ ਲਾਈਨਾਂ ਵਿਛਾ ਸਕਦੇ ਸੀ? ਦੂਜਾ ਅਪਣੇ ਦੇਸ਼ ਦੇ ਵੱਡੇ-ਵੱਡੇ ਨੇਤਾ ਅਪਣੇ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਮੂਰਖ ਬਣਾਉਂਦੇ ਰਹੇ। ਆਪ ਉਹ ਖ਼ੁਦ ਬਾਹਰਲੇ ਦੇਸ਼ਾਂ ਤੋਂ ਅੰਗਰੇਜ਼ੀ ਦੀ ਪੜ੍ਹਾਈ ਕਰ ਕੇ ਆਏ ਤੇ ਆਪ ਹੀ ਅੰਗਰੇਜ਼ੀ ਪੜ੍ਹਾਈ ਦਾ ਵਿਰੋਧ ਕਰਨ ਲਈ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ।
ਇਨ੍ਹਾਂ ਹੀ ਗੱਲਾਂ ਵਿਚ ਆ ਕੇ ਅਪਣੇ ਦੇਸ਼ ਦੀ ਭੋਲੀ ਭਾਲੀ ਜਨਤਾ ਭਾਵੁਕ ਹੋ ਕੇ ਇਨ੍ਹਾਂ ਲੀਡਰਾਂ ਦੇ ਪਿੱਛੇ ਲੱਗ ਜਾਂਦੀ ਹੈ ਤੇ ਅੰਗਰੇਜ਼ ਨੀਤੀ ਦਾ ਵਿਰੋਧ ਕਰਨ ਲੱਗ ਜਾਂਦੀ ਹੈ। ਭਲਾ ਕੋਈ ਉਨ੍ਹਾਂ ਵੱਡੇ ਲੀਡਰਾਂ ਨੂੰ ਪੁੱਛਣ ਵਾਲਾ ਹੋਵੇ ਕਿ ਜੇ ਅੰਗਰਜ਼ੀ ਭਾਸ਼ਾ ਭਾਰਤ ਲਈ ਏਨੀ ਹੀ ਮਾੜੀ ਸੀ ਤਾਂ ਫਿਰ ਤੁਸੀ ਕਿਉਂ ਬਾਹਰਲੇ ਮੁਲਕਾਂ ਵਿਚ ਅੰਗਰੇਜ਼ੀ ਦੀ ਪੜ੍ਹਾਈ ਕਰ ਕੇ ਭਾਰਤ ਵਿਚ ਲੀਡਰ ਬਣੇ? ਕੀ ਪੰਡਿਤ ਨਹਿਰੂ ਮਹਾਤਮਾ ਗਾਂਧੀ ਹੋਰ ਕਈ ਵੱਡੇ ਲੀਡਰ ਬਾਹਰਲੇ ਦੇਸ਼ਾਂ ਵਿਚ ਨਹੀਂ ਸੀ ਪੜ੍ਹੇ? ਪਰ ਭਾਰਤ ਆ ਕੇ ਉਹ ਅੰਗਰੇਜ਼ੀ ਭਾਸ਼ਾ ਦਾ ਵਿਰੋਧ ਕਰਦੇ ਰਹੇ।
ਹੁਣ ਇਸ ਨੂੰ ਕੀ ਸਮਝਿਆ ਜਾਵੇ ਕਿ ਅੰਗਰੇਜ਼ਾਂ ਨੇ ਭਾਰਤ ਵਿਚ ਅੰਗਰੇਜ਼ੀ ਦੀ ਪੜ੍ਹਾਈ ਲਾਗੂ ਕਰ ਕੇ ਕੀ ਮਾੜਾ ਕੀਤਾ? ਰੋਜ਼ਾਨਾ ਸਪੋਕਸਮੈਨ ਵਿਚ ਛਪੀ 15 ਅਗੱਸਤ ਦੀ ਸੰਪਾਦਕੀ ਵਿਚ ਸੰਪਾਦਕ ਸਾਹਬ ਨੇ ਲਿਖਿਆ ਹੈ ਕਿ ਅੱਜ ਸਮਾਜ ਵਿਚ ਨਫ਼ਰਤਾਂ ਫੈਲ ਰਹੀਆਂ ਹਨ। ਲੋਕਤੰਤਰ ਉਤੇ ਖ਼ਤਰਾ ਮੰਡਰਾ ਰਿਹਾ ਹੈ। ਅੱਗੇ ਉਹ ਲਿਖਦੇ ਹਨ ਕਿ ਅੰਗਰੇਜ਼ਾਂ ਦੀ ਵੰਡੋ ਤੇ ਰਾਜ ਕਰੋ ਦੀ ਨੀਤੀ ਹੇਠ ਵੀ ਭਾਰਤ ਹਮੇਸ਼ਾਂ ਵੱਖ-ਵੱਖ ਧਰਮਾਂ ਵਾਲੇ ਰਾਜਾਂ ਵਿਚ ਵੰਡਿਆ ਰਿਹਾ ਸੀ। ਮੈਂ ਉਨ੍ਹਾਂ ਦੀ ਇਸ ਗੱਲ ਨਾਲ ਵੀ ਸਹਿਮਤ ਨਹੀਂ ਹਾਂ ਕਿਉਂਕਿ ਅੰਗਰੇਜ਼ ਅਪਣੇ ਕੋਈ ਵੀਰ ਭਾਈ ਤਾਂ ਲਗਦੇ ਨਹੀਂ ਸੀ।
ਉਹ ਸਾਡੇ ਉਤੇ ਰਾਜ ਕਰਦੇ ਸੀ ਅਤੇ ਰਾਜ ਕਰਨ ਵਾਸਤੇ ਜੋ ਵੀ ਹੀਲਾ ਰਾਜ ਕਰਨ ਵਾਲਾ ਕਰ ਸਕਦਾ ਹੈ, ਉਹੀ ਹਰ ਹੀਲਾ ਰਾਜ ਕਰਨ, ਵਾਸਤੇ ਅੰਗਰੇਜ਼ਾਂ ਨੇ ਵਰਤਿਆ। ਕੀ ਅੱਜ ਆਜ਼ਾਦ ਭਾਰਤ ਵਿਚ ਵੀ ਸਰਕਾਰਾਂ ਜਾਤ-ਪਾਤ ਧਰਮ ਵੰਡਣ ਦੀ ਰਾਜਨੀਤੀ ਨਹੀਂ ਕਰਦੀਆਂ? ਆਜ਼ਾਦੀ ਤੋਂ ਬਾਅਦ ਦੇਸ਼ ਉਤੇ ਸੱਭ ਤੋਂ ਲੰਮਾ ਸਮਾਂ ਰਾਜ ਕਰਨ ਵਾਲੀ ਇਕ ਪਾਰਟੀ ਕੀ ਉਸ ਨੇ ਜਾਤ-ਪਾਤ ਧਰਮ ਵੰਡ ਦੀ ਰਾਜਨੀਤੀ ਨਹੀਂ ਕੀਤੀ? ਕਿਉਂ ਲੰਮਾ ਸਮਾਂ ਰਾਜ ਕਰਨ ਵਾਲੀ ਪਾਰਟੀ ਅੱਜ ਭਾਜਪਾ ਵਿਰੁਧ ਲੋਕਤੰਤਰ ਨੂੰ ਬਚਾਉਣ ਲਈ ਸਾਰੀਆਂ ਵਿਰੋਧੀ ਧਿਰਾਂ ਨੂੰ ਇਕ ਪਲੇਟ ਫ਼ਾਰਮ ਉਤੇ ਇਕੱਠਾ ਕਰਨ ਲਈ ਕਸ਼ਮਕਸ਼ ਕਰ ਰਹੀਆਂ ਹਨ?
ਕੀ ਅੱਜ ਭਾਜਪਾ ਦੇ ਰਾਜ ਵਿਚ ਹੀ ਲੋਕਤੰਤਰ ਉਤੇ ਸੰਕਟ ਆ ਖੜਾ ਹੋਇਆ ਹੈ? ਮੰਨਦੇ ਹਾਂ ਕਿ ਅੱਜ ਦੇਸ਼ ਦੇ ਮਾਹੌਲ ਵਿਚ ਹਿੰਦੁਤਵ ਰਾਸ਼ਟਰ ਦੇ ਨਾਂ ਉਤੇ ਕੁੱਝ ਘਟਨਾਵਾਂ ਜ਼ਰੂਰ ਵਾਪਰੀਆਂ ਹਨ ਪਰ ਆਪਾਂ ਜੂਨ 84 ਦਾ ਦਰਬਾਰ ਸਾਹਿਬ ਉਤੇ ਹਮਲਾ, ਇਸੇ ਸਾਲ ਨਵੰਬਰ ਵਿਚ ਸਿੱਖ ਨਸਲਕੁਸ਼ੀ ਕਾਂਡ ਨੂੰ ਵੀ ਆਪਾਂ ਸਿੱਖ-ਮੁਸਲਿਮ ਦੰਗੇ ਨਹੀਂ ਕਹਿ ਸਕਦੇ। ਇਹ ਕਾਂਡ ਵੀ ਤਾਂ ਹਿੰਦੂ ਰਾਸ਼ਟਰ ਦੇ ਨਾਂ ਉਤੇ ਹੀ ਹੋਏ। ਹਾਂ ਇਕ ਗੱਲ ਜ਼ਰੂਰ ਹੈ ਕਿ ਉਸ ਵੇਲੇ ਦੇ ਮਾਹੌਲ ਤੇ ਅੱਜ ਵੇਲੇ ਦੇ ਮਾਹੌਲ ਵਿਚ ਫ਼ਰਕ ਹੈ। ਉਸ ਵੇਲੇ ਸਿਰਫ਼ ਕੌਮ ਨੂੰ ਲੈ ਕੇ ਹੀ ਇਹ ਸੱਭ ਕੁੱਝ ਕੀਤਾ ਗਿਆ।
ਪਰ ਅੱਜ ਇਹ ਸਿਰਫ਼ ਇਕ ਸਿੱਖ ਕੌਮ ਵਲੋਂ ਹੀ ਦੂਜੀਆਂ ਕੌਮਾਂ ਵਿਰੁਧ ਕੀਤਾ ਜਾ ਰਿਹਾ ਹੈ। ਅੰਤ ਵਿਚ ਮੈਂ ਤਾਂ ਏਹੀ ਕਹਿਣਾ ਚਾਹੁੰਦਾ ਹਾਂ ਕਿ ਨਿਮਰਤ ਜੀ ਭਾਰਤ ਦੇ ਜਿਹੜੇ ਲੀਡਰਾਂ ਤੇ ਜਿਸ ਪਾਰਟੀ ਦਾ ਯੋਗਦਾਨ ਦੇਸ਼ ਦੀ ਆਜ਼ਾਦੀ ਵਿਚ ਸੱਭ ਤੋਂ ਵੱਧ ਸੀ, ਦੇਸ਼ ਦੀ ਸੱਤਾ ਉਤੇ ਕਾਬਜ਼ ਰਹੀ ਉਸੇ ਪਾਰਟੀ ਦਾ ਪਹਿਲਾ ਫ਼ਰਜ਼ ਬਣਦਾ ਸੀ ਕਿ ਉਹ ਦੇਸ਼ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਅੱਜ ਦੇ ਆਜ਼ਾਦ ਭਾਰਤ ਤੋਂ ਸੰਤੁਸ਼ਟ ਕਰਾਉਂਦੇ।
ਸੰਪਰਕ : 99963-81134