ਸਿੱਖਾਂ ਵੱਲੋਂ ਦਿੱਲੀ ਦੀ ਜਿੱਤ 1783
Published : Jan 17, 2021, 7:49 am IST
Updated : Jan 17, 2021, 7:49 am IST
SHARE ARTICLE
Conquest of Delhi by the Sikhs 1783
Conquest of Delhi by the Sikhs 1783

ਚੁੰਗੀ ਉਗਰਾਹੁਣ ਦਾ ਹੱਕ ਬਘੇਲ ਸਿੰਘ ਨੂੰ ਦੇ ਕੇ ਸਿੱਖ ਫ਼ੌਜ ਪੰਜਾਬ ਨੂੰ ਪਰਤ ਆਈ

ਨਵੀਂ ਦਿੱਲੀ: 17 ਅਕਤੂਬਰ 1762 ਈਸਵੀ ਨੂੰ ਦੀਵਾਲੀ ਵਾਲੇ ਦਿਨ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਵੱਡੇ ਘੱਲੂਘਾਰੇ ਤੋਂ ਸਿਰਫ਼ 8 ਮਹੀਨੇ (ਫ਼ਰਵਰੀ 1762) ਮਹੀਨੇ ਬਾਅਦ ਸਿੱਖਾਂ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਪਿਪਲੀ ਸਾਹਿਬ (ਪੁਤਲੀਘਰ ਦੇ ਨਜ਼ਦੀਕ) ਦੇ ਸਥਾਨ ਉਤੇ ਭਿਆਨਕ ਯੁੱਧ ਹੋਇਆ। ਬਿਨਾਂ ਵਕਤ ਗਵਾਏ ਤੜਕੇ ਹੀ ਦਲ ਖ਼ਾਲਸਾ ਮੌਤ ਬਣ ਕੇ ਅਬਦਾਲੀ ਦੀ ਫ਼ੌਜ ਉਤੇ ਟੁੱਟ ਕੇ ਪੈ ਗਿਆ। ਸਿੱਖ ਫ਼ੌਜ ਦੀ ਕਮਾਂਡ ਸ. ਜੱਸਾ ਸਿੰਘ ਆਹਲੂਵਾਲੀਆ ਦੇ ਹੱਥ ਸੀ। ਤਕਰੀਬਨ ਸਾਰੀਆਂ ਮਿਸਲਾਂ ਨੇ ਇਸ ਜੰਗ ਵਿਚ ਹਿੱਸਾ ਲਿਆ ਤੇ ਸਾਰਾ ਦਿਨ ਘੋਰ ਯੁੱਧ ਚਲਦਾ ਰਿਹਾ।

SikhSikh

ਅੰਨ੍ਹੇ ਜੋਸ਼ ਨਾਲ ਲੜ ਰਹੀ ਸਿੱਖ ਫ਼ੌਜ ਦਾ ਪਲੜਾ ਸ਼ੁਰੂ ਤੋਂ ਹੀ ਭਾਰੀ ਹੋ ਗਿਆ। ਪਾਣੀਪੱਤ ਅਤੇ ਮੱਧ ਏਸ਼ੀਆ ਦਾ ਗਾਜ਼ੀ ਅਹਿਮਦ ਸ਼ਾਹ ਅਬਦਾਲੀ ਸ਼ਾਮ ਤਕ ਬੁਰੀ ਤਰ੍ਹਾਂ ਨਾਲ ਹਾਰ ਕੇ ਲਾਹੌਰ ਨੂੰ ਭੱਜ ਗਿਆ। ਜੇਕਰ ਉਸ ਦੇ ਅੰਗ ਰਖਿਅਕ ਉਸ ਨੂੰ ਰਣ ਤੱਤੇ ਵਿਚੋਂ ਧੂਹ ਕੇ ਨਾ ਲੈ ਜਾਂਦੇ ਤਾਂ ਸ਼ਾਇਦ ਉਹ ਇਥੇ ਹੀ ਮਾਰਿਆ ਜਾਂਦਾ। ਇਸ ਜੰਗ ਤੋਂ ਬਾਅਦ ਫਿਰ ਅਬਦਾਲੀ ਦੇ ਭਾਰਤ ਵਿਚ ਕਦੇ ਪੈਰ ਨਾ ਲੱਗੇ। ਨਵੰਬਰ ਵਿਚ ਕਸ਼ਮੀਰ ਤੋਂ ਵਾਪਸ ਆਈ ਫ਼ੌਜ ਨੂੰ ਲੈ ਕੇ ਉਹ ਦੁਬਾਰਾ ਸਿੱਖਾਂ ਦੇ ਮਗਰ ਚੜਿ੍ਹਆ ਪਰ ਸਿੱਖਾਂ ਨੇ ਛਾਪਾਮਾਰ ਯੁੱਧ ਨਾਲ ਅਬਦਾਲੀ ਦੀ ਜਾਨ ਤੰਗ ਕਰ ਦਿਤੀ। 

Sikh History Sikh History

ਇਕ ਦਿਨ ਇਕ ਇਕੱਲਾ ਸਿੱਖ ਹੀ ਘੋੜਾ ਭਜਾ ਕੇ ਅਬਦਾਲੀ ਨੂੰ ਜਾ ਪਿਆ। ਉਹ ਤਾਂ ਉਸ ਦੇ ਅੰਗ ਰਖਿਅਕਾਂ ਹੱਥੋਂ ਮਾਰਿਆ ਗਿਆ ਪਰ ਇਸ ਗੱਲ ਨੇ ਅਬਦਾਲੀ ਦੇ ਦਿਲ ਉਤੇ ਬਹੁਤ ਡੂੰਘਾ ਅਸਰ ਪਾਇਆ। ਉਹ ਮੁਹਿੰਮ ਵਿਚੇ ਛੱਡ ਕੇ ਵਾਪਸ ਲਾਹੌਰ ਆ ਬੈਠਿਆ। ਇਲਾਕੇ ਦਾ ਪ੍ਰਬੰਧ ਕਰ ਕੇ 12 ਦਸੰਬਰ 1762 ਈਸਵੀ ਨੂੰ ਲਾਹੌਰ ਤੋਂ ਕਾਬਲ ਲਈ ਤੁਰ ਪਿਆ। ਉਸ ਦੇ ਰਾਵੀ ਪਾਰ ਕਰਦੇ ਹੀ ਸਿੱਖਾਂ ਨੇ ਉਸ ਦੀ ਫ਼ੌਜ ਉਤੇ ਹਮਲਾ ਕਰ ਦਿਤਾ। ਮੱਧ ਏਸ਼ੀਆ ਦਾ ਸੱਭ ਤੋਂ ਵੱਡਾ ਜਰਨੈਲ ਅਪਣੇ ਸਾਹਮਣੇ ਦੂਜੇ ਕਿਨਾਰੇ ਉਤੇ ਤਬਾਹ ਹੁੰਦੀ ਫ਼ੌਜ ਨੂੰ ਬਚਾਉਣ ਲਈ ਕੁੱਝ ਨਾ ਕਰ ਸਕਿਆ ਤੇ ਕੰਨ ਵਲੇਟ ਕੇ ਕਾਬਲ ਵਲ ਭੱਜ ਗਿਆ।

Sikh History Sikh History

ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਹੋਈ ਇਸ ਜੰਗ ਨੇ ਪੰਜਾਬ ਦੇ ਇਤਿਹਾਸ ਦਾ ਰੁਖ਼ ਹੀ ਮੋੜ ਦਿਤਾ। ਇਸ ਤੋਂ ਬਾਅਦ ਅਬਦਾਲੀ ਨੇ ਭਾਰਤ ਉੱਪਰ ਪੰਜ ਹਮਲੇ ਹੋਰ ਕੀਤੇ ਪਰ ਉਸ ਨੂੰ ਪਹਿਲਾਂ ਵਾਲੀ ਸਫ਼ਲਤਾ ਹਾਸਲ ਨਾ ਹੋ ਸਕੀ ਤੇ ਉਹ ਮੁੜ ਕਦੇ ਵੀ ਦਿੱਲੀ ਤਕ ਨਾ ਪਹੁੰਚ ਸਕਿਆ। ਸਿੱਖਾਂ ਨੇ ਉਸ ਨੂੰ ਤੰਗ ਕਰ ਕੇ ਕਦੇ ਅੰਬਾਲੇ ਤੇ ਕਦੇ ਲਾਹੌਰ ਤੋਂ ਵਾਪਸ ਮੁੜਨ ਲਈ ਮਜਬੂਰ ਕਰ ਦਿਤਾ। ਦਸਵੇਂ ਤੇ ਗਿਆਰਵੇਂ ਹਮਲੇ ਵੇਲੇ ਤਾਂ ਦਲ ਖ਼ਾਲਸਾ ਨੇ ਉਸ ਨੂੰ ਚਨਾਬ ਦਰਿਆ ਨਾ ਟੱਪਣ ਦਿਤਾ। 14 ਮਾਰਚ 1770 ਨੂੰ ਉਸ ਦੇ ਸਾਰੀ ਜ਼ਿੰਦਗੀ ਅੰਗ ਸੰਗ ਰਿਹਾ ਵਫ਼ਾਦਾਰ ਜਰਨੈਲ ਜਹਾਨ ਖ਼ਾਨ ਮਰ ਗਿਆ ਤੇ ਆਖ਼ਰ ਟੁੱਟੇ ਦਿਲ ਨਾਲ ਅਬਦਾਲੀ ਵੀ 14 ਅਪ੍ਰੈਲ 1772 ਨੂੰ ਜ਼ਿੰਦਗੀ ਦੀ ਜੰਗ ਹਾਰ ਗਿਆ। ਉਸ ਦੀ ਪਿੰਡ ਮਾਰੂਫ਼ (ਕੰਧਾਰ) ਵਿਖੇ 50 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਦਾ ਮਕਬਰਾ ਕੰਧਾਰ ਵਿਚ ਬਣਿਆ ਹੋਇਆ ਹੈ। ਅਬਦਾਲੀ ਦੇ ਜਿਊਂਦੇ ਜੀਅ ਹੀ ਸਿੱਖ ਮਿਸਲਾਂ ਸਾਰੇ ਪੰਜਾਬ ਵਿਚ ਖਿਲਰ ਗਈਆਂ ਸਨ ਤੇ ਉਸ ਦੇ ਮਰਦੇ ਸਾਰ ਮਿਸਲਾਂ ਨੇ ਜੰਮੂ ਤੋਂ ਲੈ ਕੇ ਮੁਲਤਾਨ ਤੇ ਯਮੁਨਾਂ ਦਰਿਆ ਤੋਂ ਲੈ ਕੇ ਜਮਰੌਦ ਤਕ ਦੇ ਇਲਾਕਿਆਂ ਉਤੇ ਅਪਣਾ ਕਬਜ਼ਾ ਜਮਾ ਲਿਆ।

ਵੱਡੇ ਘੱਲੂਘਾਰੇ ਤੋਂ ਦਸ ਸਾਲ ਬਾਅਦ ਦਲ ਖ਼ਾਲਸਾ ਨੇ ਸਤੰਬਰ 1772 ਨੂੰ ਪਹਿਲੀ ਵਾਰ ਪੰਜਾਬ ਤੋਂ ਉੱਤਰ ਵਲ ਚੜ੍ਹਾਈ ਕੀਤੀ। ਤਰਨਾ ਦਲ ਤੇ ਬੁੱਢਾ ਦਲ ਨੇ ਰਲ ਕੇ ਸਹਾਰਨਪੁਰ ਤੇ ਰੁਹੇਲਖੰਡ ਦੇ ਚੌਧਰੀਆਂ ਤੋਂ ਨਜ਼ਰਾਨੇ ਵਸੂਲ ਕੀਤੇ। ਇਸ ਤੋਂ ਬਾਅਦ 1778 ਨੂੰ  ਭਰਤਪੁਰ ਦੇ ਰਾਜੇ ਸੂਰਜ ਮੱਲ ਨੇ ਮਰਾਠਿਆਂ ਵਿਰੁਧ ਮਦਦ ਮੰਗੀ ਤਾਂ ਦਲ ਖ਼ਾਲਸਾ ਤੇ ਭਰਤਪੁਰ ਦੀਆਂ ਫ਼ੌਜਾਂ ਨੇ ਧੌਲਪੁਰ ਦਾ ਇਲਾਕਾ ਲੁੱਟ ਰਹੇ ਮਰਾਠਾ ਜਨਰਲ ਮਲਹਾਰ ਰਾਉ ਨੂੰ ਜਾ ਘੇਰਿਆ। ਮਰਾਠੇ ਹਾਰ ਕੇ ਭੱਜ ਗਏ ਤੇ ਮਰਾਠਾ ਸਰਦਾਰ ਸੁਲਤਾਨ ਜੀ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਦਲ ਖ਼ਾਲਸਾ ਦੀਆਂ ਵੱਖ-ਵੱਖ ਮਿਸਲਾਂ ਨੇ ਮੌਜੂਦਾ ਹਰਿਆਣਾ, ਯੂ.ਪੀ. ਅਤੇ ਰਾਜਸਥਾਨ ਦੇ ਵੱਖ ਵੱਖ ਰਾਜਿਆਂ ਤੇ ਨਵਾਬਾਂ ਜਿਵੇਂ ਰੁਹੇਲਖੰਡ ਦੇ ਨਜੀਬਉਦੌਲਾ, ਨਵਾਬ ਪਟੌਦੀ, ਰਿਵਾੜੀ, ਕੁਟਾਨਾ, ਝੰਜਾਨਾ, ਬੁਢਾਨਾ, ਅੰਬੇਟਾ, ਨਨੌਟਾ, ਮੇਰਠ ਤੇ ਜੈਪੁਰ ਦੇ ਰਾਜੇ ਮਾਧੋ ਸਿੰਘ ਆਦਿ ਦੇ ਇਲਾਕਿਆਂ ਉਤੇ ਛਾਪੇ ਮਾਰਨੇ ਸ਼ੁਰੂ ਕਰ ਦਿਤੇ ਤੇ ਸਿੱਖ ਗੰਗਾ ਨਦੀ ਤਕ ਛਾ ਗਏ।

ਯਮੁਨਾ ਤੇ ਗੰਗਾ ਦੇ ਵਿਚਕਾਰਲੇ ਇਲਾਕੇ ਦੇ ਚੌਧਰੀਆਂ ਨੇ ਰੋਜ਼ ਦੀ ਲੁੱਟ ਮਾਰ ਤੋਂ ਤੰਗ ਆ ਕੇ ਦਲ ਖ਼ਾਲਸਾ ਦੀ ਅਧੀਨਗੀ ਮੰਨ ਲਈ ਤੇ ਰਾਖੀ ਟੈਕਸ ਦੇਣ ਲੱਗ ਪਏ। ਮਿਸਲਦਾਰਾਂ ਦੇ ਥੋੜੇ ਜਹੇ ਸਿਪਾਹੀ ਛੇ ਮਹੀਨੇ ਬਾਅਦ ਜਾ ਕੇ ਰਾਖੀ ਉਗਰਾਹ ਕੇ ਲੈ ਆਉਂਦੇ। ਸਿੱਖਾਂ ਦੇ ਦਿਲ ਵਿਚ ਦਿੱਲੀ ਫਤਿਹ ਕਰਨ ਦੀ ਬਹੁਤ ਰੀਝ ਸੀ। ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ ਦੂਜਾ ਸੀ, ਜੋ ਬਹੁਤ ਹੀ ਕਮਜ਼ੋਰ ਕਿਸਮ ਦਾ ਸ਼ਖ਼ਸ ਸੀ। ਉਸ ਦਾ ਰਾਜ ਸਿਰਫ਼ ਦਿੱਲੀ ਅਤੇ ਆਸ ਪਾਸ ਦੇ ਕੁੱਝ ਇਲਾਕਿਆਂ ਤਕ ਹੀ ਸੀਮਤ ਰਹਿ ਗਿਆ ਸੀ। ਉਸ ਨੂੰ ਮਰਾਠਿਆਂ ਦੁਆਰਾ ਥਾਪਿਆ ਗਿਆ ਸੀ ਤੇ ਦਿੱਲੀ ਦਾ ਅਸਲ ਮਾਲਕ ਗਵਾਲੀਅਰ ਦਾ ਮਰਾਠਾ ਸਰਦਾਰ ਮਹਾਦਾ ਜੀ ਸਿੰਧੀਆ ਸੀ ਪਰ ਪਾਣੀਪੱਤ ਦੀ ਤੀਜੀ ਜੰਗ (14 ਜਨਵਰੀ 1761) ਵਿਚ ਸਖ਼ਤ ਹਾਰ ਅਤੇ ਭਾਰੀ ਨੁਕਸਾਨ ਉਠਾਉਣ ਤੋਂ ਬਾਅਦ ਮਰਾਠਿਆਂ ਨੇ ਨਵੀਂ ਉਭਰਦੀ ਸ਼ਕਤੀ ਸਿੱਖਾਂ ਦੇ ਮਾਮਲਿਆਂ ਵਿਚ ਦਖ਼ਲ ਦੇਣਾ ਬੰਦ ਕਰ ਦਿਤਾ ਸੀ। ਉਸ ਸਮੇਂ ਤਕ ਅੰਗਰੇਜ਼ ਵੀ ਭਾਰਤ ਵਿਚ ਅਪਣੇ ਪੈਰ ਜਮਾ ਚੁੱਕੇ ਸਨ ਤੇ ਬੰਗਾਲ, ਬਿਹਾਰ ਤੇ ਉੜੀਸਾ ਉਤੇ ਕਬਜ਼ਾ ਕਰਨ ਤੋਂ ਬਾਅਦ ਇਲਾਹਾਬਾਦ ਤਕ ਪਹੁੰਚ ਚੁੱਕੇ ਸਨ।

ਹੁਣ ਉਨ੍ਹਾਂ ਦੀ ਅੱਖ ਭਾਰਤ ਦੀ ਰਾਜਧਾਨੀ ਦਿੱਲੀ ਉਤੇ ਲੱਗੀ ਹੋਈ ਸੀ। ਦਲ ਖ਼ਾਲਸਾ ਦੀ ਦਿੱਲੀ ਜਿੱਤ ਦਾ ਸੂਤਰਧਾਰ ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ ਸੀ। ਉਸ ਦੀ ਮਿਸਲ ਦੇ ਕਬਜ਼ੇ ਹੇਠ ਮੌਜੂਦਾ ਹਰਿਆਣੇ ਤੇ ਯੂ.ਪੀ. ਵਿਚ ਅੰਬਾਲਾ, ਕਰਨਾਲ, ਥਾਨੇਸਰ, ਹਿਸਾਰ, ਮੇਰਠ, ਸਹਾਰਨਪੁਰ ਤੇ ਅਵਧ ਦੇ ਕੁੱਝ ਇਲਾਕੇ ਸਨ। ਦਿੱਲੀ ਦੇ ਨਜ਼ਦੀਕ ਹੋਣ ਕਾਰਨ ਉਹ ਮੁਗ਼ਲ ਦਰਬਾਰ ਦੀ ਅੰਦਰੂਨੀ ਰਾਜਨੀਤੀ ਤੇ ਕਮਜ਼ੋਰੀਆਂ ਤੋਂ ਭਲੀ ਭਾਂਤ ਵਾਕਫ਼ ਸੀ। ਉਸ ਨੇ ਦਲ ਖ਼ਾਲਸਾ ਦੇ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਉਤੇ ਕਬਜ਼ੇ ਲਈ ਪ੍ਰੇਰਿਤ ਕੀਤਾ।

ਦਿੱਲੀ ਉਤੇ ਕਬਜ਼ਾ ਕਰਨ ਲਈ 60 ਹਜ਼ਾਰ ਦੀ ਫ਼ੌਜ ਲੈ ਕੇ ਦਲ ਖਾਲਸਾ ਨੇ 4 ਫ਼ਰਵਰੀ 1783 ਨੂੰ ਸਰਹੰਦ ਤੋਂ ਕੂਚ ਕੀਤਾ। ਦਲ ਖ਼ਾਲਸਾ ਦੀ ਕਮਾਂਡ ਸ. ਜੱਸਾ ਸਿੰਘ ਆਹਲੂਵਾਲੀਆ ਤੇ ਸ. ਬਘੇਲ ਸਿੰਘ ਦੇ ਹੱਥ ਸੀ। 9 ਮਾਰਚ ਨੂੰ ਸਿੱਖ ਫ਼ੌਜ ਦਿੱਲੀ ਪਹੁੰਚ ਗਈ ਤੇ 11 ਮਾਰਚ ਨੂੰ ਸਿੱਖਾਂ ਤੇ ਮੁਗ਼ਲਾਂ ਵਿਚਕਾਰ ਮੌਜੂਦਾ ਨਵੀਂ ਦਿੱਲੀ ਦੇ ਸਥਾਨ ਉਤੇ ਭਾਰੀ ਲੜਾਈ ਹੋਈ। ਭਾਵੇਂ ਬਾਦਸ਼ਾਹ ਸ਼ਾਹ ਆਲਮ ਮਹਾਦਾ ਜੀ ਸਿੰਧੀਆ ਦੀ ਸੁਰੱਖਿਆ ਹੇਠ ਸੀ ਪਰ ਕਈ ਵਾਰ ਸਿੱਖਾਂ ਨਾਲ ਦੋ-ਦੋ ਹੱਥ ਕਰ ਚੁੱਕੇ ਮਰਾਠੇ ਇਸ ਜੰਗ ਤੋਂ ਬਾਹਰ ਰਹੇ। 12 ਮਾਰਚ ਨੂੰ ਸਿੱਖ ਫ਼ੌਜ ਨੇ ਲਾਲ ਕਿਲ੍ਹੇ ਨੂੰ ਘੇਰਾ ਪਾ ਲਿਆ ਤੇ ਮੁਖ਼ਬਰਾਂ ਦੀ ਦਿਤੀ ਸੂਹ ਮੁਤਾਬਕ ਇਕ ਕਮਜ਼ੋਰ ਥਾਂ ਤੋਂ ਦੀਵਾਰ ਤੋੜ ਕੇ ਅੰਦਰ ਜਾ ਵੜੇ। ਬਾਦਸ਼ਾਹ ਸ਼ਾਹ ਆਲਮ ਤੇ ਉਸ ਦੇ ਜਰਨੈਲ ਮਹਿਲਾਂ ਅੰਦਰ ਲੁੱਕ ਗਏ। 

ਲਾਲ ਕਿਲ੍ਹੇ ਤੋਂ ਮੁਗ਼ਲਾਂ ਦਾ ਝੰਡਾ ਉਤਾਰ ਕੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਦੀਵਾਨੇ ਆਮ ਦੇ ਤਖ਼ਤ ਉਤੇ ਬਿਠਾ ਕੇ ਸੁਲਤਾਨ ਉਲ ਕੌਮ ਦੀ ਉਪਾਧੀ ਦਿਤੀ ਗਈ। ਨਵਾਬ ਕਪੂਰ ਸਿੰਘ ਦੇ ਕੀਤੇ ਬਚਨ ਪੂਰੇ ਹੋਏ ਕਿ ਸਿੱਖ ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਹਨ। ਇਨ੍ਹਾਂ ਨੇ ਮੈਨੂੰ ਨਵਾਬੀ ਲੈ ਕੇ ਦਿਤੀ ਸੀ, ਤੈਨੂੰ ਬਾਦਸ਼ਾਹੀ ਲੈ ਕੇ ਦੇਣਗੇ। ਸ. ਜੱਸਾ ਸਿੰਘ ਰਾਮਗੜ੍ਹੀਆ ਵਲੋਂ ਇਤਰਾਜ਼ ਕਰਨ ਉਤੇ ਅਤੇ ਸਿੱਖਾਂ ਨੂੰ ਭਰਾ ਮਾਰੂ ਜੰਗ ਤੋਂ ਬਚਾਉਣ ਲਈ ਸ. ਜੱਸਾ ਸਿੰਘ ਆਹਲੂਵਾਲੀਆ ਤਖ਼ਤ ਤੋਂ ਉਤਰ ਆਇਆ। ਸ਼ਾਹ ਆਲਮ ਨੇ ਮਹਾਦਾ ਜੀ ਸਿੰਧੀਆ ਅਤੇ ਬੇਗ਼ਮ ਸਮਰੂ ਨੂੰ ਵਿਚ ਪਾ ਕੇ ਸਿੱਖਾਂ ਨਾਲ ਸੰਧੀ ਕਰ ਲਈ। ਸੰਧੀ ਮੁਤਾਬਕ ਤਿੰਨ ਲੱਖ ਨਜ਼ਰਾਨਾ ਅਤੇ ਦਿੱਲੀ ਦੀ 13 ਫ਼ੀ ਸਦੀ ਚੁੰਗੀ ਤੇ ਕੋਤਵਾਲੀ ਇਲਾਕੇ ਉਤੇ ਸਿੱਖਾਂ ਦਾ ਹੱਕ ਮੰਨ ਲਿਆ ਗਿਆ। ਸੱਭ ਤੋਂ ਮਹੱਤਵਪੂਰਨ ਫ਼ੈਸਲਾ ਇਹ ਹੋਇਆ ਕਿ ਸਿੱਖਾਂ ਨੂੰ ਦਿੱਲੀ ਵਿਚ ਗੁਰੂ ਸਾਹਿਬਾਨ ਨਾਲ ਸਬੰਧਤ ਗੁਰਦਵਾਰੇ ਉਸਾਰਨ ਦਾ ਹੱਕ ਪ੍ਰਾਪਤ ਹੋ ਗਿਆ। ਗੁਰਦਵਾਰੇ ਉਸਾਰਨ ਤਕ ਸ. ਬਘੇਲ ਸਿੰਘ ਨੇ 4000 ਸੈਨਿਕਾਂ ਸਮੇਤ ਦਿੱਲੀ ਵਿਚ ਸਬਜ਼ੀ ਮੰਡੀ ਵਾਲੇ ਇਲਾਕੇ ਵਿਚ ਛਾਉਣੀ ਪਾ ਕੇ ਰਹਿਣਾ ਸੀ।

ਚੁੰਗੀ ਉਗਰਾਹੁਣ ਦਾ ਹੱਕ ਬਘੇਲ ਸਿੰਘ ਨੂੰ ਦੇ ਕੇ ਸਿੱਖ ਫ਼ੌਜ ਪੰਜਾਬ ਨੂੰ ਪਰਤ ਆਈ। ਬਘੇਲ ਸਿੰਘ ਨੇ ਨਿਸ਼ਾਨਦੇਹੀ ਕਰਵਾ ਕੇ ਗੁਰਦਵਾਰਾ ਮਾਤਾ ਸੁੰਦਰੀ, ਗੁਰਦਵਾਰਾ ਬੰਗਲਾ ਸਾਹਿਬ, ਗੁਰਦਵਾਰਾ ਰਕਾਬ ਗੰਜ, ਗੁਰਦਵਾਰਾ ਸੀਸ ਗੰਜ ਤੇ ਗੁਰਦਵਾਰਾ ਮਜਨੂੰ ਕਾ ਟਿੱਲਾ ਦੀ ਉਸਾਰੀ ਕਾਰਵਾਈ ਜਿਸ ਥਾਂ ਉਤੇ ਸ. ਬਘੇਲ ਸਿੰਘ ਨੇ ਜੰਗ ਵੇਲੇ 30 ਹਜ਼ਾਰ ਸੈਨਿਕਾਂ ਨਾਲ ਪੜਾਉ ਕੀਤਾ ਸੀ, ਉਥੇ ਹੁਣ ਦਿੱਲੀ ਦੀ ਹਾਈ ਕੋਰਟ, ਤੀਸ ਹਜ਼ਾਰੀ ਅਦਾਲਤਾਂ ਬਣੀਆਂ ਹੋਈਆਂ ਹਨ।
                                                                                                         ਬਲਰਾਜ ਸਿੰਘ ਸਿੱਧੂ,ਸੰਪਰਕ : 95011-00062

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement