ਅੰਧ-ਵਿਸ਼ਵਾਸੀ ਮਾਹੌਲ ਨੂੰ ਤੋੜਨ ਲਈ ਇਕ ਛੋਟੀ ਪਹਿਲ ਕਦਮੀ
Published : Apr 17, 2020, 12:48 pm IST
Updated : Apr 17, 2020, 12:48 pm IST
SHARE ARTICLE
File photo
File photo

ਚਾਰ ਘਟਨਾਵਾਂ ਨੇ ਹਰ ਪੰਜਾਬੀ ਦੇ ਦਿਮਾਗ਼ ਨੂੰ ਹਲੂਣਿਆ ਹੋਇਆ ਹੈ ਜਿਸ ਬਾਰੇ ਮੀਡੀਆ

ਚਾਰ ਘਟਨਾਵਾਂ ਨੇ ਹਰ ਪੰਜਾਬੀ ਦੇ ਦਿਮਾਗ਼ ਨੂੰ ਹਲੂਣਿਆ ਹੋਇਆ ਹੈ ਜਿਸ ਬਾਰੇ ਮੀਡੀਆ ਨੇ ਵੀ ਚੀਕ-ਚੀਕ ਕੇ ਪ੍ਰਸਾਰਿਆ ਕਿ 'ਇਨਸਾਨੀਅਤ ਮਰ ਗਈ, ਖ਼ੂਨ ਚਿੱਟਾ ਹੋ ਗਿਆ... ਆਦਿ। ਪਰ ਬੀਤੀ 9 ਤਰੀਕ ਨੂੰ ਇਕ ਨਵੀਂ ਸ਼ੁਰੂਆਤ ਦੀ ਖ਼ਬਰ ਵੀ ਆਈ ਜਿਸ ਨੇ ਇਕ ਆਸ ਨੂੰ ਸੁਰਜੀਤ ਕੀਤਾ।
ਪਹਿਲੀਆਂ ਚਾਰ ਘਟਨਾਵਾਂ ਵਿਚੋਂ ਦੋ ਘਟਨਾਵਾਂ ਜੋ ਭਾਈ ਨਿਰਮਲ ਸਿੰਘ ਦੇ ਸਸਕਾਰ ਅਤੇ ਫਿਰ ਜਲੰਧਰ ਵਿਚ ਇਕ ਕਾਂਗਰਸੀ ਆਗੂ ਦੇ ਪਿਤਾ ਦੇ ਸਸਕਾਰ ਨਾਲ ਸਬੰਧਤ ਹੈ, ਜਿਥੇ ਕੋਰੋਨਾ ਪੀੜਤ ਹੋਣ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਸ਼ਮਸ਼ਾਨ ਵਿਚ ਵੀ ਮਨਾਹੀ ਕਰ ਦਿਤੀ ਗਈ ਸੀ। ਸਥਾਨਕ ਲੋਕਾਂ ਦਾ ਇਹ ਅੰਧਵਿਸ਼ਵਾਸ ਸੀ ਕਿ ਕੋਰੋਨਾ ਪੀੜਤ ਹੋਣ ਕਰ ਕੇ ਸ਼ਮਸ਼ਾਨ ਦੇ ਆਲੇ-ਦੁਆਲੇ ਦੇ ਲੋਕ ਇਸ ਬੀਮਾਰੀ ਨਾਲ ਪ੍ਰਭਾਵਤ ਹੋਣਗੇ। ਦੂਜੀਆਂ ਦੋ ਘਟਨਾਵਾਂ ਵਿਚ ਅੰਮ੍ਰਿਤਸਰ ਦੇ ਉਸ ਸਾਬਕਾ ਕੌਂਸਲਰ ਦੀ ਮ੍ਰਿਤਕ ਦੇਹ ਤੇ ਲੁਧਿਆਣੇ ਦੇ ਇਕ ਸਪੰਨ ਪ੍ਰਵਾਰ ਵਲੋਂ ਇਕ ਬਜ਼ੁਰਗ ਔਰਤ ਦੀ ਮ੍ਰਿਤਕ ਦੇਹ ਨੂੰ ਪ੍ਰਵਾਰਾਂ ਵਲੋਂ ਲੈਣ ਤੋਂ ਇਨਕਾਰ ਕਰਨ ਤੇ ਕਮੇਟੀ ਤੇ ਕਰਮਚਾਰੀਆਂ ਵਲੋਂ ਸਸਕਾਰ ਕਰਨ ਦੀ ਭੂਮਿਕਾ ਨਿਭਾਉਣ ਸਬੰਧੀ ਹੈ। ਇਥੇ ਵੀ ਪ੍ਰਵਾਰਾਂ ਨੂੰ ਇਹ ਖ਼ਦਸ਼ਾ ਸੀ ਕਿ ਮ੍ਰਿਤਕ ਕੋਰੋਨਾ ਪ੍ਰਭਾਵਤ ਸੀ ਇਸ ਲਈ ਪ੍ਰਵਾਰ ਵੀ ਇਸ ਬੀਮਾਰੀ ਦੀ ਗ੍ਰਿਫ਼ਤ ਵਿਚ ਆ ਸਕਦਾ ਹੈ। ਪੰਜਾਬ ਵਿਚ ਇਹ ਵਰਤਾਰੇ ਪਹਿਲੀ ਵਾਰ ਸਾਹਮਣੇ ਆਏ ਹਨ ਜਦੋਂ ਲੋਕਾਂ ਨੇ ਮ੍ਰਿਤਕਾਂ ਦੇ ਸਸਕਾਰ ਦੀ ਮਨਾਹੀ ਤੇ ਪ੍ਰਵਾਰਾਂ ਵਲੋਂ ਮ੍ਰਿਤਕ ਬਜ਼ੁਰਗਾਂ ਦੇ ਸ੍ਰੀਰ ਲੈਣ ਤੋਂ ਇਨਕਾਰ ਕੀਤਾ ਹੋਵੇ। ਸੱਚੀਉਂ ਇਹ ਦੁਖਦਾਈ ਵਰਤਾਰੇ ਹਨ ਪਰ ਇਹ ਬੁੱਝਣ ਵਾਲਾ ਹੈ ਕਿ ਅਖ਼ੀਰ ਕੋਰੋਨਾ ਮਹਾਂਮਾਰੀ ਦੇ ਭੈਅ ਨੇ ਮਨੁੱਖ ਨੂੰ ਇਥੇ ਤਕ ਪਹੁੰਚਾਇਆ।
ਜਦੋਂ ਇਹ ਵਾਪਰਿਆ ਸੀ ਤਾਂ ਮੈਂ ਅਪਣੇ ਇਕ ਤਰਕਸ਼ੀਲ ਮਿੱਤਰ ਪ੍ਰਵਾਰ ਨੂੰ ਫ਼ੋਨ ਉਤੇ ਸਨੇਹਾ ਭੇਜਿਆ ਸੀ ਕਿ ਉਨ੍ਹਾਂ ਨੂੰ ਇਸ ਸਬੰਧੀ ਅੱਗੇ ਆਉਣਾ ਚਾਹੀਦਾ ਹੈ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਸੀ ਦਿਤਾ। ਉਨ੍ਹਾਂ ਮੇਰਾ ਮਜ਼ਾਕ ਹੀ ਸਮਝਿਆ ਪਰ ਮੈਨੂੰ ਬੇਹਦ ਖ਼ੁਸ਼ੀ ਤੇ ਹੁਲਾਰਾ ਮਿਲਿਆ ਜਦੋਂ ਕੁੱਝ ਦਿਨ ਪਹਿਲਾਂ ਮੋਗੇ ਦੀਆਂ ਦੋ ਸੰਸਥਾਵਾਂ ਨੌਜੁਆਨ ਭਾਰਤ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਨੇ ਇਹ ਐਲਾਨ ਕੀਤਾ ਕਿ ਉਹ ਮਹਾਂਮਾਰੀ ਕੋਰੋਨਾ ਪੀੜਤਾਂ ਦੇ ਮ੍ਰਿਤਕਾਂ ਦਾ ਸਸਕਾਰ ਤੇ ਹਰ ਕਿਸਮ ਦੀ ਕ੍ਰਿਆ ਕਰਨ ਲਈ ਤਿਆਰ ਹਨ, ਜੇਕਰ ਸਰਕਾਰ ਉਨ੍ਹਾਂ ਨੂੰ ਇਸ ਦੀ ਆਗਿਆ ਦੇਵੇ। ਉਨ੍ਹਾਂ ਨੇ ਇਸ ਸਬੰਧੀ ਮੁਕੰਮਲ ਡਾਕਟਰੀ ਸੁਰੱਖਿਆ, ਟ੍ਰੇਨਿੰਗ ਤੇ ਪ੍ਰਬੰਧ ਵੀ ਕਰ ਲਏ ਹਨ ਤੇ ਉਨ੍ਹਾਂ ਕੋਲ ਕੋਰੋਨਾ ਦੇ ਪ੍ਰਭਾਵ ਤੋਂ ਬਚਾਉਣ ਵਾਲੀ ਪੀ.ਪੀ.ਈ ਕਿੱਟ ਤੇ ਹੋਰ ਸਾਜ਼ੋ ਸਮਾਨ ਵੀ ਹੈ। ਇਹ ਇਕ ਚੰਗੀ ਵਿਗਿਆਨਕ ਸ਼ੁਰੂਆਤ ਹੈ ਅਤੇ ਅਜਿਹੇ ਮਾਹੌਲ ਨੂੰ ਤੋੜਨ ਵਿਚ ਸਹਾਈ ਸਿੱਧ ਹੋਵੇਗੀ। ਇਸ ਨੂੰ ਜੀ ਆਇਆਂ ਆਖਣਾ ਬਣਦਾ ਹੈ।
ਆਖ਼ਰ ਮਹਾਂਮਾਰੀ ਕੋਰੋਨਾ ਸਬੰਧੀ ਲੋਕਾਂ ਵਿਚ ਏਨਾ ਡਰ, ਅਸੁਰੱਖਿਅਤਾ ਵਾਲਾ ਮਾਹੌਲ ਕਿਵੇਂ ਪਸਰ ਗਿਆ? ਇਹ ਸਮਝਣਾ ਬਹੁਤ ਜ਼ਰੂਰੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਸ਼ਵ ਵਿਆਪੀ ਇਹ ਮਹਾਂਮਾਰੀ ਬਹੁਤ ਭਿਆਨਕ ਹੈ ਤੇ ਹਰ ਦਿਨ ਇਸ ਦੀ ਗ੍ਰਿਫ਼ਤ ਵਿਚ ਲੱਖਾਂ ਲੋਕ ਆ ਰਹੇ ਹਨ, ਹਜ਼ਾਰਾਂ ਮੌਤਾਂ ਵੀ ਹੋ ਰਹੀਆਂ ਹਨ ਤੇ ਇਸ ਦੀ ਗ੍ਰਿਫ਼ਤ ਵਿਚੋਂ ਨਿਕਲ ਕੇ ਤੰਦਰੁਸਤ ਵੀ ਹੋ ਰਹੇ ਹਨ। ਅਸੀ ਪੂਰੇ ਵਰਤਾਰੇ ਵਿਚੋਂ ਸਿਖਦੇ ਹਾਂ। ਉਸ ਦੇ  ਹਾਂ-ਪੱਖੀ ਪਹਿਲੂਆਂ ਤੋਂ ਵੀ ਨਾਂਹ-ਪੱਖੀ ਪਹਿਲੂਆਂ ਤੋਂ ਵੀ ਤੇ ਸਿਖਦੇ ਉਹ ਹਾਂ ਜੋ ਸਾਨੂੰ ਸਿਖਾਇਆ ਜਾਂਦਾ ਹੈ। ਹਾਂ-ਪੱਖੀ ਇਹ ਕਿ ਚੀਨ ਇਸ ਸਾਲ ਸੱÎ ੋਤੋਂ ਪਹਿਲਾਂ ਪ੍ਰਭਾਵਿਤ ਹੋਇਆ, ਉਸ ਦੇ ਨਾਗਰਿਕ ਮੌਤ ਦਾ ਸ਼ਿਕਾਰ ਵੀ ਹੁੰਦੇ ਪਰ ਉਸ ਨੇ ਇਸ ਉਤੇ ਕਾਬੂ ਪਾ ਲਿਆ। ਸਿਰਫ਼ ਡਾਕਟਰੀ ਇਲਾਜ ਨਾਲ ਨਹੀਂ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਪ੍ਰਤੀ ਸਿਖਿਅਤ ਕਰ ਕੇ। ਇੰਜ ਹੀ ਦਖਣੀ ਕੋਰੀਆ ਆਦਿ ਹੋਰ ਵੀ ਮਿਸਾਲਾਂ ਹਨ।
ਇਧਰ ਇਟਲੀ, ਅਮਰੀਕਾ ਤੇ ਫ਼ਰਾਂਸ ਵਿਚ ਵੀ ਇਸ ਮਹਾਂਮਾਰੀ ਨੇ ਵੱਡੀ ਪੱਧਰ ਉਤੇ ਨੁਕਸਾਨ ਕੀਤਾ ਹੈ। ਇਟਲੀ ਦਾ ਸਿਹਤ ਪ੍ਰਬੰਧ ਦੁਨੀਆਂ ਦੇ ਬਿਹਤਰ ਪ੍ਰਬੰਧਾਂ ਵਿਚੋਂ ਸੀ ਪਰ ਉਹ ਵੀ ਬੌਂਦਲ ਗਿਆ ਤੇ ਇਥੋਂ ਤਕ ਪਹੁੰਚ ਗਿਆ ਕਿ ਉਸ ਨੂੰ ਨਵੀਂ ਪੀੜ੍ਹੀ ਨੂੰ ਬਚਾਉਣ ਦੀ ਕਾਹਲ ਪੈ ਗਈ ਤੇ ਉਸ ਦੇ ਢੰਗ ਤਰੀਕੇ ਲੋਕਾਈ ਨੂੰ ਮਹਾਂਮਾਰੀ ਤੋਂ ਬਚਾਅ ਤੇ ਸਵੈਮਾਨ ਕਰਨ ਵਾਲੇ ਨਹੀਂ, ਸਗੋਂ ਖੌਫ਼ਜ਼ਦਾ ਕਰਨ ਵਾਲੇ ਸਨ। ਇਹ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਵਿਉਹਾਰ ਤੋਂ ਵੀ ਅਸੀ ਵੇਖ ਸਕਦੇ ਹਾਂ। ਇਸ ਦਾ ਕਾਰਨ ਇਹ ਕਿ ਇਨ੍ਹਾਂ ਸਰਕਾਰਾਂ ਦਾ ਏਜੰਡਾ ਲੋਕਾਈ ਲਈ ਬਿਹਤਰ ਪ੍ਰਬੰਧ ਵਿਸ਼ੇਸ਼ ਕਰ ਕੇ ਸਿਹਤ ਤੇ ਵਿਦਿਆ ਨਹੀਂ ਰਿਹਾ ਸਗੋਂ ਮੁਨਾਫ਼ਾ ਰਿਹਾ ਹੈ ਜਾਂ ਬਾਜ਼ਾਰ ਰਿਹਾ ਹੈ। ਖ਼ੈਰ ਇਹ ਸਵਾਲ ਇਥੇ ਨਹੀਂ।
ਕੋਰੋਨਾ ਨੇ ਭਾਰਤ ਵਿਚ ਪਹਿਲੀ ਦਸਤਕ 30 ਜਨਵਰੀ ਨੂੰ ਦਿਤੀ ਸੀ ਤਾਂ ਲਗਭਗ ਡੇਢ ਦੋ ਮਹੀਨੇ ਸਰਕਾਰ ਨੇ ਇਸ ਨੂੰ ਅਣਗੌਲਿਆਂ ਹੀ ਕਰੀ ਰਖਿਆ ਤੇ ਇਸ ਮਹਾਂਮਾਰੀ ਪ੍ਰਤੀ ਇਨ੍ਹਾਂ ਦਾ ਨਾਂਹ-ਪੱਖੀ ਵਤੀਰਾ ਹੀ ਰਿਹਾ। ਪਰ ਜਦੋਂ ਵਿਸ਼ਵ ਸਿਹਤ ਜਥੇਬੰਦੀ ਨੇ ਇਸ ਨੂੰ ਵਿਸ਼ਵ ਮਹਾਂਵਾਰੀ ਐਲਾਨਿਆਂ ਤਾਂ 22 ਮਾਰਚ ਨੂੰ ਇਕ ਦਮ ਜਨਤਾ ਕਰਫ਼ਿਊ ਲਗਾ ਕੇ ਤੇ ਅੰਧਵਿਸ਼ਵਾਸੀ ਥਾਲੀਆਂ ਤਾੜੀਆਂ ਵਜਾਉਣ ਦੇ ਆਦੇਸ਼ ਦੇ ਕੇ ਜਿਹੜਾ ਕਲਚਰ ਪ੍ਰੋਸਿਆ ਇਹ ਕਿਸੇ ਗੰਭੀਰ ਦੂਰ ਦ੍ਰਿਸ਼ਟੀ ਤੋਂ ਨਹੀਂ ਸੀ ਨਿਕਲਿਆ।
ਕਿਸੇ ਦੇਸ਼ ਦੀ ਲੋਕਾਈ ਹਕੂਮਤ ਦੇ ਫ਼ੁਰਮਾਨਾਂ ਨੂੰ ਅਲਾਹੀ ਫ਼ੁਮਰਾਨ ਹੀ ਪ੍ਰਵਾਨ ਕਰਦੀ ਹੈ ਤੇ ਵਿਸ਼ੇਸ਼ ਕਰ ਕੇ ਪਿਛਲੇ ਦਹਾਕੇ ਵਿਚ ਅੰਧ ਵਿਸ਼ਵਾਸੀ ਮਾਨਸਿਕਤਾ ਪ੍ਰੋਸਣ ਦਾ ਵਰਤਾਰਾ ਕਾਫ਼ੀ ਵਧਿਆ ਹੈ। ਲੋਕਾਈ ਹਾਕਮਾਂ ਵਲੋਂ ਵਰਤੀ ਭਾਸ਼ਾ ਤੇ ਅਪਣਾਏ ਰਵਈਏ ਨੂੰ ਅਚੇਤ ਰੂਪ ਵਿਚ ਹੀ ਗ੍ਰਹਿਣ ਕਰ ਲੈਂਦੀ ਹੈ। ਪ੍ਰਧਾਨ ਮੰਤਰੀ ਨੇ ਦੋ ਦਿਨ ਪਿਛੋਂ ਫਿਰ ਇਕ ਭਾਸ਼ਣ ਦਿਤਾ ਤੇ 21 ਦਿਨਾਂ ਦੇ ਲਾਕ ਡਾਊਨ ਦਾ ਐਲਾਨ ਕਰ ਦਿਤਾ ਅਤੇ ਨਾਲ ਹੀ ਆਦੇਸ ਦਿਤਾ ਕਿ 'ਸਮਾਜਕ ਦੂਰੀ' ਰੱਖੋ। ਉਨ੍ਹਾਂ ਦੇ ਇਸ ਬਿਆਨ ਨੂੰ ਫ਼ਰਾਂਸ ਤੇ ਇਟਲੀ ਵਲੋਂ ਮਹਾਂਮਾਰੀ ਪ੍ਰਤੀ ਅਪਣਾਈ ਨੀਤੀ ਦੀ ਨਕਲ ਦਸਿਆ ਜਿਸ ਨੂੰ ਮੀਡੀਆ ਨੇ ਪਲੇਥਣ ਲਾ ਕੇ ਖ਼ੂਬ ਪ੍ਰਚਾਰਿਆ ਤੇ ਭਾਰਤੀ ਮੀਡੀਆ ਜਿਹੜਾ ਭਾਰਤੀ ਮਾਨਸਿਕਤਾ ਸਿਰਜਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ, ਨੇ ਇਸ ਮਹਾਂਮਾਰੀ ਪ੍ਰਤੀ ਇਕ ਡਰ ਤੇ ਭੈਅ ਵਾਲੀ ਮਾਨਸਿਕਤਾ ਸਿਰਜਣ ਵਿਚ ਨਾਂਹ-ਪੱਖੀ ਭੂਮਿਕਾ ਨਿਭਾਈ।
ਚਾਹੀਦਾ ਤਾਂ ਇਹ ਸੀ ਕਿ ਇਸ ਮੌਕੇ ਮਹਾਂਮਾਰੀ ਵਿਰੁਧ ਲੋਕਾਈ ਨੂੰ ਲੜਨ ਲਈ ਮਾਨਸਿਕ ਤੌਰ ਉਤੇ ਤਿਆਰ ਕੀਤਾ ਜਾਂਦਾ। ਇਹ ਇਕ ਬੀਮਾਰੀ ਨਾਲ ਲੜਾਈ ਸੀ ਨਾਕਿ ਕਿਸੇ ਦੁਸ਼ਮਣ ਦੇਸ਼ ਜਾਂ ਕਿਸੇ ਅਤਿਵਾਦੀ ਨਾਲ ਲੜਾਈ ਸੀ। ਪਰ ਭਾਰਤੀ ਮੀਡੀਏ ਦੀ ਭਾਸ਼ਾ ਤੇ ਸੰਚਾਰ ਵਿਚ ਲੋਕਾਂ ਨੂੰ ਮਹਾਂਮਾਰੀ ਪ੍ਰਤੀ ਸਿਖਿਅਤ ਕਰਨ ਸਬੰਧੀ ਕੁੱਝ ਵੀ ਨਹੀਂ ਸੀ। ਇਹੀ ਗੱਲ ਹਕੂਮਤ ਦੀ ਵੀ ਸੀ ਜਿਸ ਨੇ ਡਾਂਗ ਤੇ ਬੂਟ ਨਾਲ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਤਾਂ ਸਿਰਜਿਆ ਪਰ ਉਨ੍ਹਾਂ ਦੇ ਮਨ-ਮਸਤਕ ਨੂੰ ਇਸ ਦੇ ਮੁਕਾਬਲੇ ਲਈ ਤਿਆਰ ਹੀ ਨਹੀਂ ਕੀਤਾ। ਇਥੋਂ ਤਕ ਕਿ ਮਹਾਂਮਾਰੀ ਨਾਲ ਲੜਨ ਵਾਲੀਆਂ ਤਾਕਤਾਂ ਸਿਹਤ ਖੇਤਰ ਦੇ ਪ੍ਰਬੰਧ ਤੇ ਅਮਲਾ ਫੈਲੇ ਪ੍ਰਤੀ ਵੀ ਗੰਭੀਰ ਪਹੁੰਚ ਨਹੀਂ ਅਪਣਾਈ।
ਹੋਣਾ ਇਹ ਚਾਹੀਦਾ ਸੀ ਕਿ ਇਸ ਮਹਾਂਮਾਰੀ ਪ੍ਰਤੀ ਤਿੰਨ ਕਦਮ ਚੁੱਕੇ ਜਾਂਦੇ। ਪਹਿਲਾਂ ਜਾਗਰੂਕ ਕਰਨਾ, ਦੂਜਾ ਸੁਚੇਤ ਕਰਨਾ ਤੇ ਫਿਰ ਸੁਰੱਖਿਆ ਨਿਯਮਾਂ ਪ੍ਰਤੀ ਸਿਖਿਅਤ ਕਰਨਾ। ਇਹ ਕੰਮ ਪੁਲਿਸ ਫ਼ੋਰਸ ਦਾ ਨਹੀਂ ਸੀ ਪਰ ਹਕੂਮਤ ਨੇ ਅਜਿਹੀਆਂ ਆਫ਼ਤਾਂ ਲਈ ਤਿਆਰੀ ਤਾਂ ਕੀ ਕਰਨੀ ਸੀ, ਸੋਚਿਆ ਵੀ ਨਹੀਂ ਸੀ, ਨਾ ਹੀ ਇਹ ਉਨ੍ਹਾਂ ਦੀ ਲੋੜ ਹੀ ਸੀ। 22 ਮਾਰਚ ਦੇ ਸੰਬੋਧਨ ਵਿਚ ਸਮਾਜਕ ਦੂਰੀ ਬਣਾਉਣ ਦਾ ਭਾਰਤੀ ਮਾਨਸਿਕਤਾ ਤੇ ਕੀ ਅਸਰ ਪਵੇਗਾ? ਇਸ ਪ੍ਰਤੀ ਕੁੱਝ ਜਾਗਰੂਕ ਹਲਕੇ ਹੀ ਚਿੰਤਤ ਸਨ ਕਿਉਂਕਿ ਭਾਰਤੀ ਸਭਿਆਚਾਰ ਵਿਚ ਸਮਾਜਕ ਦੂਰੀ ਦੇ ਇਕ ਖ਼ਾਸ ਅਰਥ ਹਨ ਤੇ ਉਹ ਬ੍ਰਾਹਮਣੀ ਸਭਿਆਚਾਰ ਨੂੰ ਉਜਾਗਰ ਕਰਨ ਵਾਲੇ ਛੂਆ ਛੂਤ ਨੂੰ ਉਤੇਜਿਤ ਕਰਨ ਵਾਲੇ ਹਨ। ਲੋਕਾਈ ਦੇ ਦਿਮਾਗ਼ ਵਿਚ ਜਿਹੜੀ ਸੱਟ ਮਾਰੋਗੇ ਲੋਕਾਈ ਦੇ ਵਿਉਹਾਰ ਵਿਚ ਉਸੇ ਦਾ ਅਸਰ ਹੀ ਹੋਵੇਗਾ ਤੇ ਇਸ ਨਾਲ ਭਾਰਤੀ ਸਮਾਜ ਦੀ ਸਦੀਆਂ ਪੁਰਾਣੀ ਚਲੀ ਆ ਰਹੀ ਬ੍ਰਾਹਮਣੀ ਮਾਨਸਿਕਤਾ ਨੂੰ ਬਲ ਮਿਲਿਆ। ਇਹੋ ਮਨੁੱਖਾਂ ਦੇ ਵਿਉਹਾਰ ਦਾ ਕਾਰਨ ਬਣਿਆ ਜਿਸ ਦਾ ਸਿੱਟਾ ਸੀ ਕਿ ਮਹਾਂਮਾਰੀ ਦਾ ਸ਼ਿਕਾਰ ਬੀਮਾਰ ਪ੍ਰਤੀ ਤ੍ਰਿਸਕਾਰ ਤੇ ਦੁਵੈਤ ਜਾਂ ਨਫ਼ਰਤ ਦੀ ਭਾਵਨਾ ਵਾਲਾ ਵਤੀਰਾ ਉਜਾਗਰ ਹੋਇਆ।
ਇਸ ਦੀਆਂ ਕਈ ਪੱਖਾਂ ਤੋਂ ਮਿਸਾਲਾਂ ਮਿਲ ਰਹੀਆਂ ਹਨ। 3 ਅਪ੍ਰੈਲ ਨੂੰ ਗੁਰੂ ਨਾਨਕ ਦੇਵ ਸਰਕਾਰੀ ਹਸਪਤਾਲ ਦੀਆਂ ਨਰਸਾਂ ਤੇ ਸਟਾਫ਼ ਵਲੋਂ ਕੀਤੇ ਰੋਸ ਵਿਚ ਵੀ ਇਹ ਇਤਰਾਜ਼ ਸਾਹਮਣੇ ਆਇਆ ਕਿ ਕੋਰੋਨਾ ਮਰੀਜ਼ਾਂ ਜਾਂ ਹੋਰ ਮਰੀਜ਼ਾਂ ਨੂੰ ਵੇਖਣ ਭਾਲਣ ਲਈ ਜੂਨੀਅਰ ਤੇ ਨਰਸਿੰਗ ਸਟਾਫ਼ ਹੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਸੀਨੀਅਰ ਗ਼ੈਰ ਹਾਜ਼ਰ ਚਲ ਰਹੇ ਹਨ। ਅਜਿਹੀਆਂ ਕਈ ਖ਼ਬਰਾਂ ਵਿਚੋਂ ਇਕ ਦਾ ਜ਼ਿਕਰ ਮੈਂ ਕਰ ਰਿਹਾ ਹਾਂ। ਗੁਆਲੀਅਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਹਸਪਤਾਲ ਦੀ ਫ਼ਾਰਮਾਸਿਸਟ ਵੰਦਨਾ ਤਿਵਾੜੀ ਜੋ ਲਗਾਤਾਰ ਡਿਊਟੀ ਨਿਭਾ ਰਹੀ ਸੀ, ਅਚਾਨਕ ਹਸਪਤਾਲ ਵਿਚ ਬੀਮਾਰ ਹੋ ਗਈ। ਜਥਾ ਰੋਗਯ ਹਸਪਤਾਲ ਵਿਚ 24 ਘੰਟੇ ਤਕ ਕੋਈ ਡਾਕਟਰ ਉਸ ਨੂੰ ਵੇਖਣ ਲਈ ਜਦੋਂ ਨਾ ਆਇਆ ਤਾਂ ਪਤੀ ਨੇ ਇਕ ਨਿਜੀ ਹਸਪਤਾਲ ਵਿਚ ਚੈੱਕ ਕਰਵਾਇਆ। ਉਸ ਦੀ ਐਮ.ਆਰ.ਆਈ ਕਰਵਾਈ ਗਈ ਸੀ ਪਰ ਉਹ ਪਹਿਲਾਂ ਹੀ ਤੁਰ ਗਈ। ਉਹ ਕੋਰੋਨਾ ਦੀ ਸ਼ਿਕਾਰ ਨਹੀਂ ਸੀ, ਸਗੋਂ ਬ੍ਰੇਨ ਹੈਮਰੇਜ ਦੀ ਸ਼ਿਕਾਰ ਹੋਈ ਸੀ। ਕੋਰੋਨਾ ਦੇ ਡਰ ਤੇ ਭੈਅ ਕਾਰਨ ਡਾਕਟਰ ਤੇ ਡਾਕਟਰੀ ਅਮਲੇ ਫੈਲੇ ਦਾ ਵਤੀਰਾ ਹੋਵੇ ਜਾਂ ਪ੍ਰਵਾਰ ਵਲੋਂ ਮ੍ਰਿਤਕ ਦਾ ਸ੍ਰੀਰ ਲੈਣ ਤੋਂ ਇਨਕਾਰ ਜਾਂ ਉਸ ਦੇ ਸਸਕਾਰ ਤੋਂ ਮਨਾਹੀ, ਇਹ ਸਾਰੇ ਅੰਧਵਿਸ਼ਵਾਸ ਤੇ ਕੁਠੰਤ ਸਭਿਆਚਾਰ ਦੀ ਸੋਚ ਦਾ ਹਿੱਸਾ ਹੈ ਜਿਸ ਨੂੰ ਪ੍ਰਫੁੱਲਤ ਕਰਨ ਵਿਚ ਦੇਸ਼ ਦੇ ਮੁਖੀ ਦਾ ਧਿਆਨ ਤੇ ਮੀਡੀਆ ਦੀ ਭਾਸ਼ਾ ਤੇ ਸੁਰ ਨੇ ਭੂਮਕਾ ਨਿਭਾਈ ਹੈ।
ਅਖ਼ੀਰ ਉਹ ਕਿਹੜੇ ਕਾਰਨ ਹਨ ਜਿਹੜੇ ਸੱਚੀਆਂ ਪੁਰਾਣੀਆਂ ਮਾਨਤਾਵਾਂ, ਸੱਚਾਂ ਆਦਿ ਨੂੰ ਮਸਤਕਾਂ ਤੋਂ ਖ਼ਾਰਜ ਨਹੀਂ ਕਰ ਸਕੇ? ਇਕ ਵਿਗਿਆਨ ਦੀ ਪੜ੍ਹਾਈ ਕਰਨ ਵਾਲਾ ਸ੍ਰੀਰ ਵਿਗਿਆਨੀ, ਜਦੋਂ ਅਜਿਹੇ ਕੁਠੰਤ ਵਰਤਾਉ ਕਰਦਾ ਹੈ ਤਾਂ ਸਾਧਾਰਣ ਆਦਮੀ ਕਿਸ ਦੇ ਪਾਣੀਹਾਰ ਹੈ? 70 ਸਾਲਾਂ ਦੇ ਆਧੁਨਿਕ ਭਾਰਤ ਵਿਚ ਵੀ ਅੰਧਵਿਸ਼ਵਾਸਾਂ ਪ੍ਰਤੀ ਅਜਿਹੀ ਸੋਚ ਦੀ ਜਕੜ ਦਾ ਨਾ ਟੁਟਣਾ ਇਕ ਸੰਤਾਪ ਹੀ ਤਾਂ ਹੈ ਤੇ ਸੱਤਾ ਤੇ ਹੁਣ ਜਿਹੜੀ ਧਿਰ ਬੈਠੀ ਹੈ, ਉਸ ਦਾ ਤਾਂ ਇਹ ਏਜੰਡਾ ਹੀ ਹੈ। ਉਹ ਅੰਧਵਿਸ਼ਵਾਸਾਂ, ਮਿੱਥਾਂ ਅਤੇ ਪੁਰਾਤਨ ਗ਼ੈਰ-ਵਿਗਿਆਨਕ ਪ੍ਰੰਪਰਾਵਾਂ ਨੂੰ ਉਤਸ਼ਾਹਤ ਕਰਨ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਹੋ ਕਾਰਨ ਹੈ ਕਿ ਜਦੋਂ ਦੇਸ਼ ਦਾ ਮੁਖੀ ਇਹ ਕਹਿੰਦਾ ਹੈ ਕਿ 'ਸਮਾਜਕ ਦੂਰੀ' ਬਣਾਉ ਤੇ ਮੀਡੀਆ ਇਸ ਨੂੰ ਹੋਰ ਖ਼ਾਦ ਖ਼ੁਰਕਾ ਪਾ ਕੇ ਪਰੋਸਦਾ ਹੈ ਤਾਂ ਉਹ ਸਮਾਜ ਨੂੰ ਕਿਸ ਦਿਸ਼ਾ ਵਲ ਲਿਜਾਣ ਦੀ ਭੂਮਿਕਾ ਨਿਭਾ ਰਹੇ ਹਨ। ਅਜਿਹੇ ਅੰਧਵਿਸ਼ਵਾਸੀ ਤੇ ਕੁਠੰਤ ਮਾਹੌਲ ਵਿਚ ਜਿਥੇ ਆਦਮੀ ਅੰਦਰ ਅਜਿਹਾ ਖੌਫ਼ਜ਼ਦਾ ਮਾਹੌਲ ਸਿਰਜ ਦਿਤਾ ਹੈ ਕਿ ਉਹ ਮਹਾਂਮਾਰੀ ਵਿਰੁਧ ਲੜਨ ਲਈ ਖ਼ੁਦ ਸਮਰੱਥ ਹੋਣ ਦੀ ਥਾਂ ਇਕ ਅਣਗਹਿਲੀ ਵਾਲਾ ਤੇ ਤ੍ਰਿਸਕਾਰ ਵਾਲਾ ਰਵਈਆ ਅਪਣਾ ਰਿਹਾ ਹੈ, ਉਥੇ ਮੋਗੇ ਦੀਆਂ ਦੋਵੇਂ ਸੰਸਥਾਵਾਂ ਇਕ ਆਸ ਦੀ ਕਿਰਨ ਵਾਂਗ  ਸਾਹਮਣੇ ਆਈਆਂ ਹਨ। ਕਈ ਵਾਰ ਇਕ ਮਾਮੂਲੀ ਪਹਿਲਕਦਮੀ ਵੀ ਬਹੁਤ ਵੱਡੀ ਭੂਮਿਕਾ ਨਿਭਾਉਣ ਦੇ ਸਮਰਥ ਹੋ ਜਾਂਦੀ ਹੈ। ਇਹੋ ਉਸ ਵਿਗਿਆਨਕ ਅਤੇ ਤਰਕਸ਼ੀਲ ਸਭਿਆਚਾਰ ਪ੍ਰੋਸਣ ਦਾ ਪਹਿਲਾ ਕਦਮ ਹੈ ਜਿਸ ਪ੍ਰਤੀ ਤਰਕਸ਼ੀਲਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਸੀ। ਜਿਥੇ ਲਾਕਡਾਊਨ ਸਾਡੇ ਮਨੋਬਲਾਂ ਨੂੰ ਪਸਤ ਕਰਨ ਦੀ ਭੂਮਿਕਾ ਨਿਭਾ ਰਿਹਾ ਹੈ ਤੇ ਹਕੂਮਤ ਤੇ ਮੀਡੀਆ ਖ਼ੌਫ਼ਜ਼ਦਾ ਅੰਧਵਿਸ਼ਵਾਸੀ ਮਾਹੌਲ ਸਿਰਜ ਰਹੇ ਹਨ, ਉਸ ਦੇ ਮੁਕਾਬਲੇ ਇਨ੍ਹਾਂ ਨੌਜੁਆਨਾਂ ਦੀ ਪੇਸ਼ਕਦਮੀ ਇਕ ਹਾਂ-ਪੱਖੀ ਵਰਤਾਰੇ ਵਲ ਰਾਹ ਖੋਲ੍ਹਦੀ ਹੈ। ਪੰਜਾਬ ਵਿਚ ਤਾਂ 550 ਸਾਲ ਪਹਿਲਾਂ ਬਾਬਾ ਨਾਨਕ ਜੀ ਨੇ ਵੀ ਇਹੀ ਲੜਾਈ ਸ਼ੁਰੂ ਕੀਤੀ ਸੀ ਪਰ ਫਿਰ ਵੀ ਇਨ੍ਹਾਂ ਅੰਧਵਿਸ਼ਵਾਸਾਂ ਦੀ ਗ੍ਰਿਫ਼ਤ ਦਾ ਨਾ ਟੁਟਣਾ ਵੀ ਸਾਡੇ ਲਈ ਇਕ ਸਵਾਲ ਹੈ।
ਸੰਪਰਕ : 93544-30211

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement