ਡੇਰੇ ਵਾਲਿਆਂ ਵਲੋਂ ਪਿੰਡਾਂ ’ਚ ਦਬੀਆਂ ਪੰਚਾਇਤੀ ਜ਼ਮੀਨਾਂ ਬਾਰੇ ਬਲਦੇਵ ਸਿੰਘ ਸਿਰਸਾ ਨੇ ਇੰਟਰਵਿਊ ’ਚ ਕੀਤੇ ਵੱਡੇ ਪ੍ਰਗਟਾਵੇ
ਚੰਡੀਗੜ੍ਹ (ਨਿਮਰਤ ਕੌਰ): ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ। ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਲਗਾਤਾਰ ਸੰਘਰਸ਼ ਕਰ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ ਵਿੱਢੀ ਨਾਜਾਇਜ਼ ਪੰਚਾਇਤੀ ਜ਼ਮੀਨਾਂ ਛੁਡਾਉਣ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਡੇਰਾ ਰਾਧਾ ਸੁਆਮੀ ਵਲੋਂ ਦੱਬੀਆਂ ਨਾਜਾਇਜ਼ ਜ਼ਮੀਨਾਂ ਬਾਰੇ ਪ੍ਰਗਟਾਵਾ ਵੀ ਕੀਤਾ ਹੈ। ਇਸ ਦੇ ਚਲਦਿਆਂ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫ਼ਤਰ ਬਾਹਰ ਧਰਨੇ ’ਤੇ ਬੈਠੇ ਬਲਦੇਵ ਸਿਰਸਾ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਬਲਦੇਵ ਸਿਰਸਾ ਨੇ ਸਿੱਖਾਂ ਦੇ ਕਈ ਅਹਿਮ ਮਸਲਿਆਂ ’ਤੇ ਅਪਣੇ ਵਿਚਾਰ ਸਾਂਝੇ ਕੀਤੇ।
ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼ :
ਸਵਾਲ : ਜੇ ਬੁਰਾ ਨਾ ਮੰਨੋ ਤਾਂ ਪਹਿਲਾ ਸਵਾਲ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੀ ਉਮਰ ਕਿੰਨੀ ਹੈ?
ਜਵਾਬ : 80 ਸਾਲ
ਸਵਾਲ : ਕਿਸਾਨੀ ਸੰਘਰਸ਼ ਤੋਂ ਬਾਅਦ ਤੁਸੀਂ ਹੋਰ ਤਕੜੇ ਹੋਈ ਜਾ ਰਹੇ ਹੋ, ਅਜਿਹਾ ਕਿਉਂ?
ਜਵਾਬ : ਸੱਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ। ਸਾਡਾ ਇਤਿਹਾਸ ਬਹੁਤ ਲੰਬਾ ਅਤੇ ਕੁਰਬਾਨੀਆਂ ਭਰਿਆ ਹੈ। ਬਾਬਾ ਦੀਪ ਸਿੰਘ ਜੀ ਨੇ ਜਦੋਂ ਜੰਗ ਦੇ ਮੈਦਾਨ ਵਿਚ ਖੰਡਾ ਚਲਾਇਆ ਉਹ 80 ਸਾਲ ਦੇ ਸਨ। ਬਾਬਾ ਗੁਰਬਖ਼ਸ਼ ਸਿੰਘ ਜੀ ਉਨ੍ਹਾਂ ਤੋਂ ਪੰਜ ਸਾਲ ਵੱਡੇ 85 ਸਾਲ ਦੇ ਸਨ। ਜੇਕਰ ਉਹ ਇੰਨੀ ਵੱਡੀ ਉਮਰ ਵਿਚ ਖੰਡਾ ਵਾਹ ਸਕਦੇ ਹਨ ਤਾਂ ਮੈਂ 80 ਸਾਲ ਦੀ ਉਮਰ ਵਿਚ ਕਾਗ਼ਜ਼ ਪੱਤਰ ਚੁਕ ਕੇ ਕਾਨੂੰਨੀ ਲੜਾਈਆਂ ਕਿਉਂ ਨਹੀਂ ਲੜ ਸਕਦਾ? ਧਰਨੇ ਦੌਰਾਨ ਸਾਨੂੰ ਮੁਹਾਲੀ ਦੇ ਨੇੜਲੇ 40-45 ਪਿੰਡਾਂ ਤੋਂ ਰੋਜ਼ਾਨਾ ਲੰਗਰ ਆਉਂਦਾ ਹੈ। ਚਿੱਲਾ ਪਿੰਡ ਦਾ ਰਹਿਣ ਵਾਲਾ ਇਕ ਵਿਅਕਤੀ ਗੁਰਪ੍ਰੀਤ ਸਿੰਘ ਕਾਲਾ 8 ਫ਼ਰਵਰੀ ਤੋਂ ਰੋਜ਼ਾਨਾ ਸਵੇਰ ਦਾ ਨਾਸ਼ਤਾ ਲੈ ਕੇ 7:30 ਵਜੇ ਸਾਡੇ ਕੋਲ ਪਹੁੰਚ ਜਾਂਦਾ ਹੈ। ਇਹ ਸੱਭ ਗੁਰੂ ਸਾਹਿਬ ਦੀ ਕਿਰਪਾ ਅਤੇ ਲੋਕਾਂ ਦੇ ਹੌਂਸਲੇ ਨਾਲ ਹੋ ਰਿਹਾ ਹੈ। ਕਿਸਾਨ ਅੰਦੋਲਨ ਨੇ ਲੋਕਾਂ ਦੇ ਹੌਂਸਲੇ ਬੁਲੰਦ ਕੀਤੇ ਹਨ ਅਤੇ ਸਾਨੂੰ ਸ਼ਾਂਤਮਈ ਢੰਗ ਨਾਲ ਲੜਨ ਦੀ ਜਾਚ ਸਿਖਾਈ ਹੈ।
ਸਵਾਲ : ਤੁਹਾਨੂੰ ਲਾਇਸੈਂਸੀ ਹਥਿਆਰ ਦੀ ਲੋੜ ਨਹੀਂ ਹੈ?
ਜਵਾਬ : ਬਿਲਕੁਲ ਨਹੀਂ। ਮੈਂ ਲਾਇਸੈਂਸੀ ਹਥਿਆਰ ਕੀ ਕਰਨੈ? ਇਕ ਵਾਰ ਮੈਨੂੰ ਇਕ ਐਸਐਸਪੀ ਕਹਿਣ ਲੱਗਾ ਕਿ ਲਾਇਸੈਂਸ ਬਣਵਾ ਲਉ, ਮੈਂ ਕਿਹਾ ਕਿ ਮੈਂ ਕੀ ਕਰਨੈ? ਉਸ ਦੇ ਜ਼ੋਰ ਪਾਉਣ ’ਤੇ ਮੈਂ ਲਾਇਸੈਂਸ ਅਪਲਾਈ ਕਰ ਦਿਤਾ। ਉਸ ਤੋਂ ਬਾਅਦ ਉਸ ਦੀ ਬਦਲੀ ਹੋ ਗਈ। ਐਸਐਚਓ ਅਜਨਾਲਾ ਨੇ ਕਿਹਾ ਕਿ ਮੈਨੂੰ ਸੁਰੱਖਿਆ ਦੀ ਲੋੜ ਹੈ ਕਿਉਂਕਿ ਮੈਂ ਘਰ ਤੋਂ ਬਾਹਰ ਡੇਰੇ ਉਤੇ ਹੀ ਰਹਿੰਦਾ ਹਾਂ। ਇਸ ਤੋਂ ਬਾਅਦ ਡੀਐਸਪੀ ਤਿਲਕ ਰਾਜ (ਜੋ ਮੇਰੇ ਅਜ਼ੀਜ਼ ਦੋਸਤ ਵੀ ਹਨ) ਨੇ ਐਸਐਚਓ ਦੀ ਰਿਪੋਰਟ ਵਿਚ ਲਿਖ ਦਿਤਾ ਕਿ ਜ਼ਰੂਰਤ ਨਹੀਂ ਹੈ। ਮੈਨੂੰ ਲਾਇਸੈਂਸ ਨਾ ਮਿਲਿਆ ਪਰ ਮੈਂ ਲਾਇਸੈਂਸ ਦਾ ਕਰਨਾ ਵੀ ਕੀ ਹੈ? ਜਦੋਂ ਤਕ ਵਧੀਆ ਹਾਂ ਉਦੋਂ ਤਕ ਮਾਰਨ ਵਾਲਾ ਕੋਈ ਨਹੀਂ। ਜਦੋਂ ਘਟ ਗਈ, ਉਦੋਂ ਬਚਾਉਣ ਵਾਲਾ ਵੀ ਕੋਈ ਨਹੀਂ। ਜਿਹੜੇ ਸੁਰੱਖਿਆ ਕਰਮਚਾਰੀ ਲੈ ਕੇ ਘੁਮਦੇ ਹਨ, ਉਨ੍ਹਾਂ ਨੂੰ ਕਿਸ ਦਾ ਡਰ ਹੈ?
ਸਵਾਲ : ਜਥੇਦਾਰ ਸਾਬ੍ਹ ਨੇ ਕਿਹਾ ਕਿ ਲਇਸੈਂਸੀ ਹਥਿਆਰ ਸਮੇਂ ਦੀ ਲੋੜ ਹੈ। ਕਿਸਾਨੀ ਅੰਦੋਲਨ ਸ਼ੁਰੂ ਕਰਨਾ ਸਮੇਂ ਦੀ ਲੋੜ ਸੀ। ਪੰਜਾਬ ਸਿਖਿਆ ਬੋਰਡ ਵਿਰੁਧ ਲੜਨਾ ਸਮੇਂ ਦੀ ਲੋੜ ਸੀ। ਤੁਹਾਨੂੰ ਇਸ ਦੌਰਾਨ ਲਾਇਸੈਂਸੀ ਹਥਿਆਰ ਦੀ ਲੋੜ ਪਈ? ਤੁਹਾਡੇ ਅਨੁਸਾਰ ਅੱਜ ਦੇ ਸਮੇਂ ਦੀ ਲੋੜ ਕੀ ਹੈ?
ਜਵਾਬ : ਅੱਜ ਦੇ ਸਮੇਂ ਦੀ ਲੋੜ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਨਿਰਮਲ ਪੰਥ ਚਲਾਇਆ ਹੈ, ਉਸ ’ਤੇ ਪਹਿਰਾ ਦਈਏ। ਗੁਰੂ ਸਾਹਿਬ ਜਿਥੇ ਵੀ ਗਏ ਨੇ ਉਨ੍ਹਾਂ ਨਾਲ ਕੋਈ ਨਹੀਂ ਸੀ। ਉਨ੍ਹਾਂ ਨੇ ਵੱਡੇ ਤੋਂ ਵੱਡੇ ਹੰਕਾਰੀ ਨੂੰ ਗੱਲਬਾਤ ਰਾਹੀਂ ਤੇ ਦਲੀਲ ਨਾਲ ਕਾਇਲ ਕੀਤਾ ਹੈ। ਕੱੁਝ ਦਿਨ ਬਾਅਦ ਮੈਂ ਜੈਪੁਰ ਜਾ ਰਿਹਾ ਹਾਂ, ਜਿਥੇ ਮੈਡੀਕਲ ਖੇਤਰ ਦੇ 28 ਹਜ਼ਾਰ ਲੜਕੇ-ਲੜਕੀਆਂ ਸਰਕਾਰ ਵਿਰੁਧ ਸੰਘਰਸ਼ ਕਰ ਰਹੇ ਹਨ। ਜਦੋਂ ਕੋਰੋਨਾ ਕਾਲ ਦੌਰਾਨ ਵੱਡੇ ਡਾਕਟਰ ਅਪਣੀਆਂ ਸੇਵਾਵਾਂ ਤੋਂ ਭੱਜ ਗਏ ਤਾਂ ਇਨ੍ਹਾਂ ਬੱਚਿਆਂ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਸੇਵਾਵਾਂ ਦਿਤੀਆਂ। ਹੁਣ ਇਨ੍ਹਾਂ ਨੂੰ ਕਢਿਆ ਜਾ ਰਿਹਾ ਹੈ। ਮੈਨੂੰ ਉਨ੍ਹਾਂ ਦੇ ਫ਼ੋਨ ਆ ਰਹੇ ਹਨ, ਅਸੀਂ ਉਨ੍ਹਾਂ ਲਈ ਲੰਗਰਾਂ ਦਾ ਪ੍ਰਬੰਧ ਕਰ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ 20 ਰੁਪਏ ਦਾ ਲੰਗਰ ਚਲਾਇਆ ਸੀ, ਉਸ ਦੀ ਬਦੌਲਤ ਦੁਨੀਆਂ ਭਰ ਵਿਚ ਸੇਵਾ ਜਾਰੀ ਹੈ। ਅਸੀਂ ਅਪਣੇ ਗੁਰੂ ਸਾਹਿਬਾਨ ਦੇ ਪੈਰੋਕਾਰ ਹਾਂ। ਅਸੀਂ ਸਹੀ ਮਾਇਨੇ ਵਿਚ ਗੁਰੂ ਸਾਹਿਬ ਦੇ ਰਸਤਿਆਂ ਉਤੇ ਚਲੇ ਤਾਂ ਹੀ ਕਿਸਾਨੀ ਅੰਦੋਲਨ ਨੇ ਦੁਨੀਆਂ ਵਿਚ ਮਿਸਾਲ ਕਾਇਮ ਕੀਤੀ।
ਸਵਾਲ : ਤੁਸੀਂ ਪੰਜਾਬ ਸਕੂਲ ਸਿਖਿਆ ਬੋਰਡ ਵਿਰੁਧ ਲੜਾਈ ਲੜ ਰਹੇ ਹੋ। ਇਨ੍ਹਾਂ ਕਿਤਾਬਾਂ ਵਿਚ ਜੋ ਸਿੱਖੀ ਬਾਰੇ ਗੱਲਾਂ ਕਹੀਆਂ ਗਈਆਂ ਸਨ, ਉਹ ਸਾਡੀ ਮੁਢਲੀ ਸੋਚ ਤੋਂ ਵੱਖ ਹਨ। ਤੁਸੀਂ ਨੌਜਵਾਨਾਂ ਨਾਲ ਬਹੁਤ ਸਮਾਂ ਬਿਤਾਇਆ। ਸਾਡੇ ਨੌਜਵਾਨਾਂ ਦਾ ਕਿਰਦਾਰ ਕਮਜ਼ੋਰ ਹੋ ਰਿਹਾ ਹੈ। ਇਸ ਵਿਚ ਕਸੂਰ ਕਿਸ ਦਾ ਮੰਨਦੇ ਹੋ?
ਜਵਾਬ : ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਜਿਹੜੀਆਂ ਕਿਤਾਬਾਂ 1993 ਤੋਂ 2017 ਤਕ ਨੋਟੀਫ਼ਾਈ ਕੀਤੀਆਂ ਗਈਆਂ, ਸੱਭ ਤੋਂ ਵੱਡਾ ਕਸੂਰ ਇਹ ਹੈ ਕਿ ਇਨ੍ਹਾਂ ਵਿਚ ਲਿਖਿਆ ਕੀ ਹੈ? ਇਨ੍ਹਾਂ ਵਿਚ ਸਿੱਖ ਧਰਮ ਨੂੰ ਮੁੱਢੋਂ ਰੱਦ ਕੀਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੇ ਕੋਈ ਨਵੀਂ ਸੰਸਥਾ ਨਹੀਂ ਚਲਾਈ। ਉਨ੍ਹਾਂ ਨੇ ਕੋਈ ਵਖਰਾ ਧਰਮ ਨਹੀਂ ਚਲਾਇਆ। ਅਖ਼ੀਰ ਵਿਚ ਇਹ ਵੀ ਲਿਖਿਆ ਕਿ ਉਹ ਹਿੰਦੂ ਧਰਮ ਦੇ ਪ੍ਰਚਾਰਕ ਸਨ? ਮੈਂ ਕਿਸੇ ਧਰਮ ਦਾ ਵਿਰੋਧੀ ਨਹੀਂ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ ਤੇ ਅਸੀਂ ਇਹ ਕਿਵੇਂ ਮੰਨ ਲਈਏ ਕਿ ਉਹ ਹਿੰਦੂ ਧਰਮ ਦੇ ਪ੍ਰਚਾਰਕ ਸਨ। ਪੰਜਵੇਂ ਪਾਤਸ਼ਾਹ ਬਾਰੇ ਇਹ ਲਿਖਣਾ ਕਿ ਉਨ੍ਹਾਂ ਦੀ ਸ਼ਹਾਦਤ ਰਾਜਨੀਤਕ ਕਾਰਨਾਂ ਕਰ ਕੇ ਹੋਈ, ਛੇਵੇਂ ਪਾਤਸ਼ਾਹ ਬਾਰੇ ਲਿਖਣਾ ਕਿ ਉਹ ਜਹਾਂਗੀਰ ਦੀ ਫ਼ੌਜ ਵਿਚ ਨੌਕਰ ਕਰਦੇ ਸਨ, ਗੁਰੂ ਤੇਗ ਬਹਾਦਰ ਜੀ ਬਾਰੇ ਵੀ ਬਹੁਤ ਗ਼ਲਤ ਲਿਖਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਾਜਨਾ ਅਪਣੇ ਪਿਤਾ ਦਾ ਬਦਲਾ ਲੈਣ ਲਈ ਅਤੇ ਜੱਟ ਬਰਾਦਰੀ ਨੂੰ ਨਾਲ ਰੱਖਣ ਲਈ ਕੀਤੀ ਜਦਕਿ ਗੁਰੂ ਸਾਹਿਬ ਵਲੋਂ ਸਾਜੇ ਗਏ ਪੰਜ ਪਿਆਰੇ ਵੱਖ-ਵੱਖ ਜਾਤਾਂ ਨਾਲ ਸਬੰਧਤ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਜੋ ਲਿਖਿਆ ਉਸ ਸਬੰਧੀ ਤਾਂ ਧੀਆਂ-ਭੈਣਾਂ ਸਾਹਮਣੇ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ। ਜਿਸ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਵਿਰੁਧ ਲੜਾਈ ਲੜੀ ਅਤੇ ਜਿਸ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿਵਾਏ, ਉਸ ਬਾਰੇ ਲਿਖਿਆ ਕਿ ਉਹ ਔਰਤਾਂ ਦੀ ਇੱਜ਼ਤ ਲੁੱਟਣ ਵਾਲਾ ਅਤੇ ਮਜ਼ਲੂਮਾਂ ਦਾ ਖ਼ੂਨ ਚੂਸਣ ਵਾਲਾ ਸੀ।
ਜਿਨ੍ਹਾਂ ਬੱਚਿਆਂ ਨੇ 1993 ਤੋਂ ਲੈ ਕੇ ਸਕੂਲਾਂ ਵਿਚ ਇਹ ਕਿਤਾਬਾਂ ਪੜ੍ਹੀਆਂ ਹਨ, ਉਨ੍ਹਾਂ ਦੀ ਉਮਰ ਅੱਜ ਉਮਰ 50 ਸਾਲ ਦੇ ਕਰੀਬ ਹੈ। ਇਹ ਕਿਤਾਬਾਂ ਪੜ੍ਹ ਕੇ ਉਨ੍ਹਾਂ ਦੇ ਦਿਮਾਗ਼ ਵਿਚ ਕੀ ਗੱਲਾਂ ਬੈਠੀਆਂ ਹੋਣਗੀਆਂ? ਸਾਨੂੰ ਧਰਨੇ ਉਤੇ ਬੈਠਿਆਂ ਨੂੰ ਸਾਨੂੰ ਸਾਢੇ ਚਾਰ ਮਹੀਨੇ ਹੋਣ ਵਾਲੇ ਹਨ। ਦੋਸ਼ੀਆਂ ਵਿਰੁਧ ਇਕ ਮਾਮੂਲੀ ਜਿਹਾ ਪਰਚਾ ਦਰਜ ਕੀਤਾ ਗਿਆ, ਉਸ ਵਿਚ ਵੀ ਨਾਂਅ ਨਹੀਂ ਲਿਖੇ। ਕਿਸੇ ਦੀ ਗਿ੍ਰਫ਼ਤਾਰੀ ਨਹੀਂ ਕੀਤੀ ਅਤੇ ਸਾਨੂੰ ਪੁਛਦੇ ਹਨ ਕਿ ਮਸਲਾ ਹੱਲ ਹੋ ਗਿਆ, ਤੁਸੀਂ ਉਠਦੇ ਕਿਉਂ ਨਹੀਂ?
ਸਵਾਲ : ਇਸ ਦੌਰਾਨ ਅਕਾਲੀ ਦਲ ਦੇ ਮੁੱਖ ਮੰਤਰੀ ਰਹੇ, ਕਾਂਗਰਸ ਦੇ ਮੁੱਖ ਮੰਤਰੀ ਰਹੇ। ਵੱਖ-ਵੱਖ ਜਥੇਦਾਰ ਰਹੇ ਹਨ। ਕਿਸੇ ਨੇ ਇਸ ਬਾਰੇ ਆਵਾਜ਼ ਨਹੀਂ ਚੁੱਕੀ?
ਜਵਾਬ : ਮੈਂ 2017 ਵਿਚ ਇਨ੍ਹਾਂ ਕਿਤਾਬਾਂ ਸਬੰਧੀ ਰੌਲਾ ਪਾਇਆ ਸੀ ਅਤੇ ਇਨ੍ਹਾਂ ਉਤੇ ਰੋਕ ਲੱਗ ਗਈ। ਨਵੰਬਰ 2018 ਵਿਚ ਸੁਖਬੀਰ ਬਾਦਲ ਨੇ ਦੋ ਦਿਨ ਧਰਨਾ ਲਗਾਇਆ ਕਿ ਕਾਂਗਰਸ ਸਰਕਾਰ ਸਾਡੇ ਇਤਿਹਾਸ ਨੂੰ ਖ਼ਤਮ ਕਰ ਰਹੀ ਹੈ। ਉਨ੍ਹਾਂ ਨੇ ਟੀਵੀ ਚੈਨਲ ਉਤੇ ਇਸ ਕਿਤਾਬ ਵਿਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਿਖਾਉਂਦੇ ਹੋਏ ਕਿਹਾ ਸੀ ਕਿ “ਸਾਡੇ ਇਤਿਹਾਸ ਨੂੰ ਕਾਂਗਰਸ ਖ਼ਤਮ ਕਰ ਰਹੀ ਹੈ”। ਇਸ ਦੌਰਾਨ 15 ਸਾਲ ਅਕਾਲੀ ਦਲ ਦੀ ਸਰਕਾਰ ਦਾ ਰਾਜ ਸੀ। ਮੈਂ ਡਾ. ਦਲਜੀਤ ਸਿੰਘ ਚੀਮਾ ਨੂੰ ਚੁਨੌਤੀ ਦਿੰਦਾ ਹਾਂ ਕਿ ਉਹ ਟੀਵੀ ਚੈਨਲ ਉਤੇ ਮੇਰੇ ਨਾਲ ਬਹਿਸ ਕਰਨ। ਜੇ ਉਨ੍ਹਾਂ ਦਾ ਕੋਈ ਹੋਰ ਵਿਦਵਾਨ ਹੈ ਤਾਂ ਉਸ ਨੂੰ ਭੇਜ ਦੇਣ। ਮੈਂ ਸਵਾਲ ਕਰਾਂਗਾ ਤੇ ਉਹ ਜਵਾਬ ਦੇਣਗੇ, ਉਹ ਸਵਾਲ ਕਰਨਗੇ ਤਾਂ ਮੈਂ ਜਵਾਬ ਦੇਵਾਂਗਾ। ਫ਼ੈਸਲਾ ਲੋਕ ਕਰਨਗੇ ਕਿ ਇਨ੍ਹਾਂ ਨੇ ਹੁਣ ਤਕ ਕੀ ਕੀਤਾ।
ਸਵਾਲ : ਪੰਜਾਬੀਆਂ ਦਾ ਕਿਰਦਾਰ ਬਹੁਤ ਸੱਚਾ-ਸੁੱਚਾ ਅਤੇ ਵਖਰਾ ਸੀ। ਅੱਜ ਛੋਟੇ ਤੋਂ ਲੈ ਕੇ ਵੱਡੇ ਮੁਖੀ ਉਤੇ ਜ਼ਮੀਨਾਂ ਦੱਬਣ ਦੇ ਦੋਸ਼ ਹਨ। ਅਸੀਂ ਸਾਰੇ ਝੂਠੇ ਪੈ ਰਹੇ ਹਾਂ। ਅਸੀਂ ਕਦੀ ਕਿਰਤ ਦੀ ਕਮਾਈ ਨੂੰ ਹੀ ਅਪਣਾ ਮੰਨਦੇ ਸੀ ਅਤੇ ਸਾਡੇ ਕਿਰਦਾਰ ਵਿਚ ਕਮਜ਼ੋਰੀ ਆ ਗਈ ਹੈ।
ਜਵਾਬ : ਇਹ ਕਿਉਂ ਆਈ ਹੈ? ਅਸੀਂ ਗੁਰੂ ਦੇ ਸਿਧਾਂਤ ਨੂੰ ਛੱਡ ਦਿਤਾ। ਸਾਡੇ ਪ੍ਰਚਾਰਕ, ਸਾਡੇ ਸ਼੍ਰੋਮਣੀ ਕਮੇਟੀ ਮੈਂਬਰ, ਸਾਡੇ ਸ਼੍ਰੋਮਣੀ ਕਮੇਟੀ ਪ੍ਰਧਾਨ, ਤਖ਼ਤਾਂ ਦੇ ਜਥੇਦਾਰ ਜਿਨ੍ਹਾਂ ਨੇ ਚੰਗੀ ਸੇਧ ਦੇਣੀ ਸੀ ਤੇ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੀ, ਉਨ੍ਹਾਂ ਵਲੋਂ ਕਿਹੋ ਜਿਹੀਆਂ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ? ਸ਼੍ਰੋਮਣੀ ਕਮੇਟੀ ਨੂੰ ਪੰਜਾਬ ਬੋਰਡ ਵਲੋਂ ਚਿੱਠੀਆਂ ਕਢੀਆਂ ਗਈਆਂ ਕਿ ਇਤਿਹਾਸ ਦੀ ਕਿਤਾਬ ਵਿਚ ਸੋਧ ਕਰਨ ਲਈ ਅਪਣੇ ਵਿਦਵਾਨ ਭੇਜੋ। ਇਨ੍ਹਾਂ ਨੇ ਭੇਜ ਕੇ ਫਿਰ ਵਾਪਸ ਬੁਲਾ ਲਏ। ਕਮੇਟੀ ਨੂੰ ਬੋਰਡ ਦੇ ਚੇਅਰਮੈਨ, ਸਕੱਤਰ, ਸਿਖਿਆ ਮੰਤਰੀ ਨੇ 2018, 2019 ਅਤੇ 2020 ਵਿਚ ਤਿੰਨ ਸਾਲ ਚਿੱਠੀਆਂ ਕੱਢੀਆਂ। ਕੁੱਝ ਦਿਨ ਪਹਿਲਾਂ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਦਿਤਾ ਹੈ ਕਿ ਜਿਥੇ ਪੰਜਾਬ ਸਕੂਲ ਸਿਖਿਆ ਬੋਰਡ, 1993 ਤੋਂ ਲੈ ਕੇ ਅੱਜ ਤਕ ਦੀਆਂ ਸਰਕਾਰਾਂ, ਸਿਖਿਆ ਮੰਤਰੀ, ਬੋਰਡ ਦੇ ਚੇਅਰਮੈਨ, ਸਕੱਤਰ, ਲੇਖਕ, ਪਬਲਿਸ਼ਰ ਦੋਸ਼ੀ ਹਨ, ਉਥੇ ਹੀ ਐਸਜੀਪੀਸੀ ਵੀ ਦੋਸ਼ੀ ਹੈ ਕਿਉਂਕਿ ਜਿਸ ਨੇ ਸਹੀ ਪ੍ਰਚਾਰ ਕਰਨਾ ਸੀ, ਉਨ੍ਹਾਂ ਦੇ ਹੀ ਕਿਰਦਾਰ ਨਹੀਂ ਰਹੇ। ਅੱਜ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਲੁੱਟੀਆਂ ਜਾ ਰਹੀਆਂ ਹਨ। 17 ਮਈ ਨੂੰ ਮੁੱਖ ਮੰਤਰੀ ਪੰਜਾਬ ਅਤੇ ਪੰਚਾਇਤ ਮੰਤਰੀ ਨਾਲ ਮੀਟਿੰਗ ਦੌਰਾਨ ਅਸੀਂ ਉਥੇ ਗੱਲ ਕੀਤੀ ਕਿ ਤੁਸੀਂ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਲੈ ਰਹੇ ਹੋ। ਤੁਸੀਂ ਉਨ੍ਹਾਂ ਉਤੇ ਵੀ ਤਲਵਾਰ ਚਲਾ ਰਹੇ ਹੋ, ਜਿਹੜੇ ਸਿਰਫ਼ ਇਨ੍ਹਾਂ ਸਹਾਰੇ ਹਨ, ਜਿਨ੍ਹਾਂ ਦੇ ਵਡੇਰਿਆਂ ਨੇ ਇਹ ਜ਼ਮੀਨਾਂ ਆਬਾਦ ਕੀਤੀਆਂ ਅਤੇ ਪੈਸੇ ਵੀ ਭਰੇ। ਅਸੀਂ 1904 ਦਾ ਰਿਕਾਰਡ ਦਿਤਾ ਹੈ। ਮਾਲ ਵਿਭਾਗ ਦੇ ਰਿਕਾਰਡ ਵਿਚ ਕਈ ਗ਼ਲਤੀਆਂ ਰਹਿ ਗਈਆਂ।
ਮੁੱਖ ਮੰਤਰੀ ਨੇ ਸਾਡੇ ਕੋਲੋਂ ਇਸ ਮੁਹਿੰਮ ਵਿਚ ਸਾਥ ਮੰਗਿਆ ਅਤੇ ਅਸੀਂ ਕਿਹਾ ਕਿ ਸਾਥ ਦੇਵਾਂਗੇ ਪਰ ਪਹਿਲਾਂ ਵੱਡੇ ਮਗਰਮੱਛਾਂ ਨੂੰ ਫੜਿਆ ਜਾਵੇ। ਡੇਰੇਦਾਰਾਂ ਨੇ ਨਹਿਰਾਂ, ਸਕੂਲ ਤੇ ਗੁਰਦੁਆਰੇ ਤਕ ਵੀ ਨਹੀਂ ਛੱਡੇ। 22 ਪਿੰਡਾਂ ਦੀ 2500 ਏਕੜ ਪੰਚਾਇਤੀ ਜ਼ਮੀਨ ਦੀਆਂ ਫ਼ਰਦਾਂ ਕਢਵਾ ਕੇ ਲਿਆਏ ਹਾਂ। ਸੌਦਾ ਸਾਧ ਜਿਸ ਦੀ ਗੱਲ ਕਰਦਿਆਂ ਵੀ ਸਾਨੂੰ ਸ਼ਰਮ ਆਉਂਦੀ ਹੈ, ਉਸ ਦਾ ਪਰਦਾਫਾਸ਼ ਇਕ ਪੱਤਰਕਾਰ ਛੱਤਰਪਤੀ ਨੇ ਕੀਤਾ ਸੀ। ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ। ਪਰ ਪ੍ਰਗਟਾਵਾ ਹੋਣ ਮਗਰੋਂ ਅੱਜ ਸੌਦਾ ਸਾਧ ਜੇਲ ਵਿਚ ਬੈਠਾ ਹੈ। ਡੇਰਾ ਰਾਧਾ ਸੁਆਮੀਆਂ ਦਾ ਪਰਦਾਫ਼ਾਸ਼ ਕਿਸ ਨੇ ਕੀਤਾ, ਇਹ ਵੀ ਪ੍ਰੈੱਸ ਨੇ ਕੀਤਾ। 2008 ਵਿਚ ਬਲਵਿੰਦਰ ਸਿੰਘ ਕਾਮਰੇਡ ਜੋ ਉਸ ਸਮੇਂ ਡੇਰੇ ਦਾ ਵਿਰੋਧੀ ਸੀ ਅਤੇ ਅੱਜ ਉਨ੍ਹਾਂ ਦਾ ਅਪਣਾ ਬਣਿਆ ਹੋਇਆ ਹੈ। ਜਦੋਂ ਉਸ ਨੇ ਪਿੰਡ ਵੜੈਚ ਦੀ ਜ਼ਮੀਨ ਲਈ ਤਾਂ ਖ਼ਬਰ ਦੀ ਰਿਪੋਰਟਿੰਗ ਲਈ ਗਏ ਪੱਤਰਕਾਰਾਂ ਨਾਲ ਮਾੜਾ ਸਲੂਕ ਕੀਤਾ ਗਿਆ। ਉਨ੍ਹਾਂ ਨੇ ਮੈਨੂੰ ਡੇਰੇ ਦੀ ਕਹਾਣੀ ਦੱਸੀ ਤਾਂ ਮੈਂ 2008 ਤੋਂ ਕੇਸ ਵੀ ਪਾਏ। ਡੇਰਾ ਰਾਧਾ ਸੁਆਮੀ ਨੇ ਵੜੈਚ ਪਿੰਡ ਵਿਚ 80 ਏਕੜ ਜ਼ਮੀਨ ਦੇ ਇਕ ਪਲਾਟ ਦੀ ਚਾਰ ਦੀਵਾਰੀ ਕੀਤੀ ਹੈ ਅਤੇ ਮਹਿਕਮੇ ਦੇ ਬੰਦੇ ਕਹਿੰਦੇ ਹਨ ਕਿ ਅਸੀਂ ਇਸ ਨੂੰ ਬੋਲੀ ਉੱਤੇ ਦਿੰਦੇ ਹਾਂ। ਜ਼ਮੀਨ ਦੀ ਕਿਸਮ ਬੰਜਰ, ਝੰਗੀ, ਰੱਖਾਂ (ਦਰੱਖਤ ਝੁੰਡ), ਗ਼ੈਰ ਮੁਮਕਿਨ, ਦਰਿਆ ਆਦਿ ਦੇ ਰੂਪ ਵਿਚ ਦਰਜ ਹੈ ਜਦਕਿ ਹਕੀਕਤ ਵਿਚ ਉਕਤ ਸੱਭ ਕੁੱਝ ਹੈ ਹੀ ਨਹੀਂ।
ਇਨ੍ਹਾਂ ਪਿੰਡਾਂ ਵਿਚ ਪਿੰਡ ਬੁੱਢਾ ਥੇਹ, ਵੜੈਚ, ਬਲਸਰਾਏ , ਯੋਧੇ, ਜਲੂਵਾਲ, ਖਾਨਪੁਰ, ਸੇਰੋਂ ਨਿਗਾਹ, ਸੇਰੋਂ ਬਾਘਾ ਆਦਿ ਪਿੰਡਾਂ ਦੀਆਂ ਸਰਕਾਰੀ ਜ਼ਮੀਨਾਂ ’ਤੇ ਕਬਜ਼ਾ ਕੀਤੀ ਹੋਇਆ ਹੈ। 2005 ਵਿਚ ਜ਼ਿਲ੍ਹਾ ਕਪੂਰਥਲਾ ਅਤੇ ਅੰਮ੍ਰਿਤਸਰ ਦੇ ਪਿੰਡਾਂ ਵਿਚਾਲੇ ਇਕ ਦਰਿਆ ਵਿਚ ਬੰਨ੍ਹ ਬਣਾ ਦਿਤਾ ਗਿਆ। ਲੋਕਾਂ ਨੇ ਧਰਨੇ ਦਿਤੇ ਅਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ਅਨੁਸਾਰ ਜਲੰਧਰ ਦੇ ਉਸ ਸਮੇਂ ਦੇ ਕਮਿਸ਼ਨਰ ਸਵਰਨ ਸਿੰਘ ਨੇ ਦੋਵੇਂ ਜ਼ਿਲ੍ਹਿਆਂ ਕਪੂਰਥਲਾ ਅਤੇ ਅੰਮ੍ਰਿਤਸਰ ਦੇ ਡੀਸੀ ਅਤੇ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਜ਼ਿਲ੍ਹਿਆਂ ਵਿਚ ਡੇਰੇ ਦੇ ਕਬਜ਼ੇ ਹੇਠ ਜ਼ਮੀਨ ਦਾ ਸਰਵੇ ਕੀਤਾ। ਇਸ ਤੋਂ ਬਾਅਦ ਸਰਕਾਰ ਨੂੰ ਦਿਤੀ ਰਿਪੋਰਟ ਵਿਚ ਦਸਿਆ ਕਿ ਡੇਰੇ ਦੀਆਂ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ੇ ਕਰਨ ਦੇ ਨਾਲ-ਨਾਲ ਦਰਿਆ ਦਾ ਕੁਦਰਤੀ ਵਹਾਅ ਵੀ ਬਦਲ ਦਿਤਾ ਗਿਆ ਹੈ। ਉਨ੍ਹਾਂ ਲਿਖਿਆ ਕਿ ਵਿਦੇਸ਼ੀ ਮਸ਼ੀਨਾਂ ਲਿਆ ਕੇ ਰੇਤਾ ਕੱਢ ਕੇ ਅਤੇ ਉਸ ਵਿਚ ਸੀਮੈਂਟ ਦੀਆਂ ਸਲੈਬਾਂ ਪਾ ਕੇ ਮਜ਼ਬੂਤ ਅਤੇ ਡੂੰਘਾ ਬੰਨ੍ਹ ਬਣਾਇਆ ਗਿਆ ਹੈ। ਡੇਰੇ ਵਲੋਂ ਦਰਿਆ ਦੇ ਕੁਦਰਤੀ ਵਹਾਅ ਨੂੰ ਇਕ ਮਜ਼ਬੂਤ ਬੰਨ੍ਹ ਲਾ ਕੇ ਦੂਜੇ ਪਾਰ ਦੇ ਪਿੰਡਾਂ ਦੀ ਜ਼ਮੀਨ ਨੂੰ ਭਾਰੀ ਨੁਕਸਾਨ ਵੀ ਪਹੁੰਚਾਇਆ ਗਿਆ।
ਸਵਾਲ : ਜਿਥੇ ਐਨੇ ਲੋਕਾਂ ਦੀ ਸ਼ਰਧਾ ਭਾਵਨਾ ਹੈ, ਉਥੋਂ ਲੋਕ ਡਰਦੇ ਵੀ ਹਨ?
ਜਵਾਬ : ਤੁਸੀਂ ਬਤੌਰ ਪੱਤਰਕਾਰ ਉਥੇ ਜਾ ਕੇ ਦੇਖੋ। ਕਈ ਸਾਲ ਪਹਿਲਾਂ ਜਿਹੜੇ ਪੱਤਰਕਾਰ ਉਥੇ ਗਏ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਗਿਆ। ਮੈਨੂੰ ਵੀ ਕਈ ਧਮਕੀਆਂ ਮਿਲੀਆਂ। 2019 ਵਿਚ ਜਦੋਂ ਮੈਂ ਧਰਨਾ ਲਾਇਆ ਤਾਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਖ਼ੁਦ ਧਮਕੀਆਂ ਦਿਤੀਆਂ ਸਨ। ਜਦੋਂ ਮੈਂ ਧਰਨਾ ਦਿਤਾ ਤਾਂ ਮੈਨੂੰ ਜੇਲ ਵਿਚ ਬੰਦ ਕਰ ਦਿਤਾ ਗਿਆ। ਡੀਐਸਪੀ ਬਾਬਾ ਬਕਾਲਾ ਉਨ੍ਹਾਂ ਦਾ ਐਨਾ ਜ਼ਿਆਦਾ ਵਫ਼ਾਦਾਰ ਹੈ ਕਿ ਮੈਂ ਦਸ ਨਹੀਂ ਸਕਦਾ। ਇਹ ਗੱਲ ਮੌਜੂਦਾ ਸਰਕਾਰ ਨਾਲ ਵੀ ਕਰਨੀ ਹੈ ਕਿ ਉਨ੍ਹਾਂ ਵਿਚੋਂ ਕਿਹੜਾ ਉਥੇ ਜਾ ਕੇ ਕਬਜ਼ਾ ਲਵੇਗਾ? ਮੈਂ ਇਹ ਵੀ ਗੱਲ ਰੱਖੀ ਸੀ ਕਿ ਜਸਟਿਸ ਕੁਲਦੀਪ ਸਿੰਘ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਸੀ, ਉਸ ਅਨੁਸਾਰ ਖਰੜ ਤੇ ਮੁਹਾਲੀ ਵਿਚ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਮੇਧ ਸੈਣੀ ਵਰਗੇ ਲੋਕਾਂ ਕੋਲੋਂ ਪਹਿਲ ਦੇ ਆਧਾਰ ਤੋਂ ਕਬਜ਼ੇ ਛੁਡਵਾਉ।
ਸਵਾਲ : ਧਾਲੀਵਾਲ ਜੀ ਕਹਿ ਤਾਂ ਰਹੇ ਹਨ ਕਿ ਜਿਨ੍ਹਾਂ ਕੋਲ ਕਾਗ਼ਜ਼ ਹਨ ਜਾਂ ਜੋ ਜ਼ਮੀਨ ਖ਼ਰੀਦਣਾ ਚਾਹੁੰਦਾ ਹੈ ਉਸ ਨੂੰ ਨਾਂਹ ਨਹੀਂ ਕੀਤੀ ਜਾਵੇਗੀ।
ਜਵਾਬ : ਇਹ ਗੱਲ ਸਾਡੀ ਹੋਈ ਹੈ। ਅਸੀਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਕਦਮ ਕਬਜ਼ਾ ਲੈਣ ਜਾਂਦੇ ਹੋ। ਇਸ ਮਗਰੋਂ ਸਰਕਾਰ ਨੇ ਕਿਹਾ ਕਿ ਵਿਅਕਤੀ ਨੂੰ 15 ਦਿਨ ਦਾ ਨੋਟਿਸ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਉਨ੍ਹਾਂ ਕੋਲ 8 ਹਜ਼ਾਰ ਮਾਮਲੇ ਹਨ। ਮੈਂ ਉਨ੍ਹਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਕੀ ਡੇਰਾ ਰਾਧਾ ਸੁਆਮੀ ਦੇ ਕਬਜ਼ੇ ਵਾਲੀ ਜ਼ਮੀਨ ਵੀ ਉਨ੍ਹਾਂ ਦੀ ਸੂਚੀ ਵਿਚ ਹੈ? ਪੰਜਾਬ ਵਿਚ ਕਿਥੇ-ਕਿਥੇ ਇਨ੍ਹਾਂ ਨੇ ਕਬਜ਼ੇ ਕੀਤੇ ਹਨ? ਇਨ੍ਹਾਂ ਦਾ ਹਰ ਸ਼ਹਿਰ ਵਿਚ ਡੇਰਾ ਹੈ, ਹਰ ਪਿੰਡ ਵਿਚ ਡੇਰੇ ਬਣਦੇ ਜਾ ਰਹੇ ਹਨ। ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜਿਥੇ-ਜਿਥੇ ਪੰਜਾਬ ਵਿਚ ਡੇਰਾ ਰਾਧਾ ਸੁਆਮੀਆਂ ਦੇ ਕਬਜ਼ੇ ਹਨ, ਉਨ੍ਹਾਂ ਦੀਆਂ ਫ਼ਰਦਾਂ ਕਢਵਾ ਲਉ। ਜੇ ਇਸ ਤੋਂ ਬਗ਼ੈਰ ਹੋਰ ਪੰਚਾਇਤੀ ਜ਼ਮੀਨਾਂ ਉਤੇ ਨਾਜਾਇਜ਼ ਕਬਜ਼ੇ ਨਾ ਹੋਏ ਤਾਂ ਮੈਂ ਸਿਰ ਲੁਹਾ ਦੇਵਾਂਗਾ।
‘‘ਜਿਹੜਾ ਬੰਦਾ ਮੈਨੂੰ ਏਜੰਸੀਆਂ ਦਾ ਬੰਦਾ ਕਹਿ ਰਿਹਾ ਹੈ। ਮੈਂ ਉਸ ਨੂੰ ਨਿਮਰਤਾ ਸਹਿਤ ਸਵਾਲ ਕਰਦਾ ਹਾਂ ਕਿ ਮੈਂ ਡੇਰਾ ਬਿਆਸ ਦਾ ਪਰਦਾਫਾਸ਼ ਕਰ ਰਿਹਾ ਹਾਂ। ਸ਼੍ਰੋਮਣੀ ਕਮੇਟੀ ਜੋ ਕੁਰਬਾਨੀਆਂ ਦੇ ਕੇ ਹੋਂਦ ਵਿਚ ਆਈ ਸੀ, ਇਸ ਉੱਤੇ ਅੱਜ ਬਾਦਲ ਚੰਡਾਲ ਚੌਂਕੜੀ ਦਾ ਕਬਜ਼ਾ ਹੈ, ਮੈਂ ਉਨ੍ਹਾਂ ਦਾ ਪਰਦਾਫਾਸ਼ ਕਰ ਰਿਹਾ ਹਾਂ। ਮੈਂ ਸੁਖਬੀਰ ਬਾਦਲ, ਬਿਕਰਮ ਮਜੀਠੀਆ ਵਰਗੇ ਲੋਕਾਂ ਵਿਰੁਧ ਨਸ਼ੇ ਸਬੰਧੀ ਹਾਈ ਕੋਰਟ ਵਿਚ ਨਾਂਅ ਦੇ ਨਾਲ ਪਟੀਸ਼ਨਾਂ ਪਾਈਆਂ। ਮੈਂ ਕਿਸਾਨ ਅੰਦੋਲਨ ਨੂੰ ਖਦੇੜਨ ਦੀ ਕੋਸ਼ਿਸ਼ ਕਰਨ ਵਾਲੇ ਭਾਜਪਾ ਦੇ ਦਿੱਲੀ ਪ੍ਰਧਾਨ ਦਾ ਵਿਰੋਧ ਕੀਤਾ। ਮੈਂ ਬੂਟਾ ਸਿੰਘ ਬੁਰਜਗਿੱਲ ਨੂੰ ਪੁਛਣਾ ਚਾਹੁੰਦਾ ਹਾਂ ਕਿ ਜਿਸ ਨੂੰ ਤੁਸੀਂ ਏਜੰਸੀਆਂ ਦਾ ਬੰਦਾ ਦੱਸ ਰਹੇ ਹੋ, ਉਹ ਤਾਂ ਸਾਰਿਆਂ ਦੇ ਪਰਦੇਫ਼ਾਸ਼ ਕਰ ਰਿਹਾ ਹੈ। ਕਿਸਾਨ ਅੰਦੋਲਨ ਨੂੰ ਫ਼ੇਲ੍ਹ ਕਰਨ ਲਈ ਰਾਅ ਦੇ ਚੀਫ਼ ਨਾਲ ਗੱਲ ਕਿਸ ਨੇ ਕੀਤੀ ਸੀ, ਇਸ ਬਾਰੇ ਜ਼ਰਾ ਜਵਾਬ ਦਿਉਗੇ? ਮੈਂ ਕਿਸੇ ਵੀ ਚੈਨਲ ਉੱਤੇ ਬਹਿਸ ਲਈ ਚੁਣੌਤੀ ਦਿੰਦਾ ਹਾਂ। ਅਸੀਂ ਕਿਸਾਨ ਅੰਦੋਲਨ ਲੜੇ ਹਾਂ, ਲੋਕਾਂ ਨੇ ਸਾਥ ਦਿਤਾ। ਤੁਸੀਂ ਕਹਿ ਰਹੇ ਹੋ ਜਗਜੀਤ ਡੱਲੇਵਾਲ ਏਕਤਾ ਨਹੀਂ ਹੋਣ ਦਿੰਦਾ। ਅਸੀਂ ਏਕਤਾ ਕਰਨ ਲਈ ਤਿਆਰ ਹਾਂ ਪਰ ਇਹ ਤਾਂ ਦੱਸੋ ਕਿ ਤੁਸੀਂ ਲਖੀਮਪੁਰ ਖੇੜੀ ਮਾਮਲੇ, ਦਿੱਲੀ ਵਿਚ ਹੋਏ ਪਰਚਿਆਂ ਦੇ ਮਸਲੇ, ਡੇਰੇਦਾਰਾਂ ਅਤੇ ਵੱਡੇ ਆਗੂਆਂ ਕੋਲੋਂ ਜ਼ਮੀਨਾਂ ਦੇ ਕਬਜ਼ੇ ਛੁਡਵਾਉਣ ਲਈ ਅੱਗੇ ਆਉਗੇ? ਇਸ ਦਾ ਸਪੱਸ਼ਟੀਕਰਨ ਲੋਕ ਮੰਗ ਰਹੇ ਹਨ।’’
ਮੈਂ ਨਾਨਕ ਨਾਮ ਲੇਵਾ ਸੰਗਤਾਂ ਅਤੇ ਸਾਰੇ ਧਰਮਾਂ ਦੇ ਲੋਕਾਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਕਿਤਾਬਾਂ ਵਿਚ ਜ਼ਹਿਰ ਘੋਲ ਕੇ 30 ਸਾਲਾਂ ਤੋਂ ਜੋ ਸਾਡੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ, ਇਸ ਦਾ ਮਕਸਦ ਉਨ੍ਹਾਂ ਨੂੰ ਇਤਿਹਾਸ ਨਾਲੋਂ ਤੋੜਨਾ ਹੈ। ਇਸ ਇਤਿਹਾਸ ਨੂੰ ਬਚਾਉਣ ਲਈ ਸਹਿਯੋਗ ਦੇਣ ਤਾਂ ਜੋ ਅਸੀਂ ਅਪਣੀਆਂ ਪੀੜ੍ਹੀਆਂ ਨੂੰ ਸਹੀ ਇਤਿਹਾਸ ਪੜ੍ਹਾ ਕੇ ਜ਼ੁਲਮ ਦਾ ਟਾਕਰਾ ਕਰਨ ਦੀ ਪ੍ਰੇਰਣਾ ਦੇ ਸਕੀਏ। ਪੰਜਾਬ ਸਰਕਾਰ ਦਾ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਧਨਵਾਦ ਪਰ ਇਸ ਨਾਲ ਹੀ ਅਪੀਲ ਹੈ ਕਿ ਖਰੜ-ਮੁਹਾਲੀ ਵਿਚ ਵੱਡੇ ਆਗੂਆਂ ਅਤੇ ਡੇਰਿਆਂ ਕੋਲੋਂ ਵੀ ਕਬਜ਼ੇ ਛੁਡਵਾਏ ਜਾਣ।
ਰੋਜ਼ਾਨਾ ਸਪੋਕਸਮੈਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧਨਵਾਦ : ਸਿਰਸਾ
ਸਾਡੇ ਧਰਨੇ ਦੀ ਆਵਾਜ਼ ਬੁਲੰਦ ਕਰਨ ਲਈ ਰੋਜ਼ਾਨਾ ਸਪੋਕਸਮੈਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧਨਵਾਦ ਕਰਦਾ ਹਾਂ। ਚੈਨਲ ਨੇ ਕਿਸਾਨ ਅੰਦੋਲਨ ਦੌਰਾਨ ਵੀ ਸਾਡੀ ਆਵਾਜ਼ ਨੂੰ ਦੁਨੀਆਂ ਭਰ ਵਿਚ ਪਹੁੰਚਾਇਆ ਹੈ। ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮਾਮਲੇ ਸਬੰਧੀ ਖ਼ਬਰਾਂ ਨੂੰ ਵੀ ਰੋਜ਼ਾਨਾ ਸਪੋਕਸਮੈਨ ਨੇ ਪਹਿਲੇ ਪੰਨੇ ਉਤੇ ਪ੍ਰਕਾਸ਼ਤ ਕੀਤਾ ਹੈ। ਤੁਹਾਡੇ ਵਲ ਦੇਖ ਕੇ ਹੋਰ ਅਦਾਰੇ ਵੀ ਅਜਿਹਾ ਕਰ ਰਹੇ ਹਨ। ਉਮੀਦ ਹੈ ਕਿ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਸਬੰਧੀ ਖ਼ਬਰਾਂ ਨੂੰ ਵੀ ਤੁਸੀਂ ਅਖ਼ਬਾਰ ਦੇ ਪੰਨਿਆਂ ਵਿਚ ਥਾਂ ਦਿਉੁਗੇ। ਰੋਜ਼ਾਨਾ ਸਪੋਕਸਮੈਨ ਹਮੇਸ਼ਾ ਲੋਕਾਂ ਨਾਲ ਖੜਿਆ ਰਿਹਾ ਹੈ। ਇਸ ਲਈ ਬਹੁਤ-ਬਹੁਤ ਧਨਵਾਦ।
ਕਿਤਾਬ ਨੂੰ ਪਬਲਿਸ਼ ਕਰਵਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸਜ਼ਾ ਮਿਲ ਚੁਕੀ ਹੈ : ਪੀਰ ਮੁਹੰਮਦ
ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮਾਮਲੇ ’ਚ ਬਲਦੇਵ ਸਿਰਸਾ ਵਲੋਂ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਤੋਂ ਪਹਿਲਾਂ ਹੀ ਉਸ ਕਿਤਾਬ ਨੂੰ ਵਾਪਸ ਲੈ ਲਿਆ ਗਿਆ ਸੀ ਅਤੇ ਇਸ ਕਿਤਾਬ ਨੂੰ ਪਬਲਿਸ਼ ਕਰਵਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸਜ਼ਾ ਵੀ ਮਿਲ ਚੁੱਕੀ ਹੈ। ਉਨ੍ਹਾਂ ਦਸਿਆ ਕਿ ਹਿੰਦੀ ਦੀ ਕਿਤਾਬ ਵਿਚ ਛੇੜਛਾੜ ਹੋਈ ਸੀ, ਉਹ ਮੁੱਦਾ ਸਿਰਫ਼ ਸਿਰਸਾ ਸਾਬ੍ਹ ਨੇ ਨਹੀਂ ਚੁਕਿਆ, ਉਦੋਂ ਮੈਂ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਾ ਪ੍ਰਧਾਨ ਸੀ, ਸੱਭ ਤੋਂ ਪਹਿਲਾਂ ਇਹ ਮਸਲਾ ਮੈਂ ਹੀ ਚੁਕਿਆ। ਇਹ ਮਸਲਾ ਬੀਬੀ ਜਗੀਰ ਕੌਰ ਅਤੇ ਕਿਰਪਾਲ ਸਿੰਘ ਬਡੂੰਗਰ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਘਟਨਾ ਨੂੰ ਤਕਰੀਬਨ ਦੋ ਦਹਾਕੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ।
ਕਰਨੈਲ ਸਿੰਘ ਨੇ ਕਿਹਾ ਜਿਨ੍ਹਾਂ ਨੇ ਗ਼ਲਤੀ ਕੀਤੀ ਉਨ੍ਹਾਂ ਨੂੰ ਗ਼ਲਤੀ ਦਾ ਅਹਿਸਾਸ ਕਰਵਾਉਣ ਦੇ ਹੋਰ ਵੀ ਬਹੁਤ ਤਰੀਕੇ ਹਨ ਪਰ ਅਸੀਂ ਅਪਣੀ ਗੱਲ ਨੂੰ ਵਾਰ-ਵਾਰ ਦੁਹਰਾ ਕੇ ਵੱਖਰੇ ਮਕਸਦ ਦੀ ਪਾਲਣਾ ਲਈ ਗੱਲ ਕਰੀਏ, ਇਹ ਠੀਕ ਨਹੀਂ ਹੈ। ਸਿਰਸਾ ਸਾਬ੍ਹ ਨੇ ਸਿਖਿਆ ਬੋਰਡ ਦੇ ਬਾਹਰ ਜੋ ਧਰਨਾ ਦਿਤਾ, ਉਸ ਦੀ ਅਸੀਂ ਵੀ ਹਮਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਚ ਜਿਸ ਦੀ ਸ਼ਮੂਲੀਅਤ ਹੈ, ਉਸ ਨੂੰ ਚੰਗੀ ਤਰ੍ਹਾਂ ਜਨਤਕ ਕੀਤਾ ਜਾਵੇ। ਇਸ ਸਬੰਧੀ ਬਹਿਸ ਵੀ ਕੀਤੀ ਜਾ ਸਕਦੀ ਹੈ। ਸਿੱਖ ਇਤਿਹਾਸ ਜਾਂ ਪੰਜਾਬ ਦੇ ਇਤਿਹਾਸ ਨਾਲ ਛੇੜਛਾੜ ਕਰਨ ਵਾਲਾ ਚਾਹੇ ਕੋਈ ਅਕਾਲੀ ਦਲ ਦਾ ਹੀ ਕਿਉਂ ਨਾ ਹੋਵੇ, ਉਸ ਨਾਲ ਕਿਸੇ ਤਰ੍ਹਾਂ ਲਿਹਾਜ਼ ਨਹੀਂ ਕੀਤਾ ਜਾ ਸਕਦਾ।
ਹਿੰਦੀ ’ਚ ਛਪੀ ਗ਼ਲਤ ਕਿਤਾਬ ਸਬੰਧੀ ਜਨਰਲ ਹਾਊਸ ਨੇ ਮਾਫ਼ੀ ਮੰਗ ਲਈ ਸੀ : ਕੁਲਵਿੰਦਰ ਸਿੰਘ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਬਲਦੇਵ ਸਿਰਸਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਕਰ ਕੇ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਮਾਮਲੇ ਵਿਚ ਅਪਣੀ ਗੱਲ ਰੱਖੀ ਸੀ। ਐਸਜੀਪੀਸੀ ਮੈਂਬਰ ਦਾ ਕਹਿਣਾ ਹੈ ਕਿ ਇਸ ਸਬੰਧੀ ਕਾਰਵਾਈ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਹਿੰਦੀ ਦੀ ਕਿਤਾਬ ਦਾ ਬਲਦੇਵ ਸਿਰਸਾ ਜ਼ਿਕਰ ਕਰ ਰਹੇ ਹਨ ਉਹ ਬਹੁਤ ਪੁਰਾਣਾ ਮਾਮਲਾ ਹੈ ਅਤੇ ਐਸਜੀਪੀਸੀ ਦੇ ਜਨਰਲ ਹਾਊਸ ਨੇ ਮੁਆਫ਼ੀ ਵੀ ਮੰਗੀ ਸੀ। ਕੁਲਵਿੰਦਰ ਸਿੰਘ ਨੇ ਦਸਿਆ ਕਿ ਜਰਨਲ ਹਾਊਸ ਨੇ ਮੁਆਫ਼ੀ ਮੰਗ ਕੇ ਇਹ ਵੀ ਕਿਹਾ ਸੀ ਕਿ ਜਿਸ ਕੋਲ ਵੀ ਉਹ ਕਿਤਾਬ ਹੈ, ਉਹ ਕਿਤਾਬ ਦੀ ਕੀਮਤ ਲੈ ਕੇ ਕਿਤਾਬ ਵਾਪਸ ਜਮ੍ਹਾਂ ਕਰਵਾ ਸਕਦਾ ਹੈ।
ਉਨ੍ਹਾਂ ਦਸਿਆ ਕਿ 11ਵੀਂ ਅਤੇ 12ਵੀਂ ਦੀ ਇਤਿਹਾਸ ਦੀ ਕਿਤਾਬ ਸਬੰਧੀ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਕੂਲ ਸਿਖਿਆ ਬੋਰਡ ਨੂੰ ਦੋ ਮੈਂਬਰੀ ਪੈਨਲ ਵੀ ਦਿਤਾ ਸੀ। ਉਨ੍ਹਾਂ ਵਿਚ ਇਕ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਦੂਜੇ ਡਾ. ਬਲਵੰਤ ਸਿੰਘ ਢਿੱਲੋਂ ਸਨ। ਡਾ. ਇੰਦਰਜੀਤ ਸਿੰਘ ਲਗਭਗ ਤਿੰਨ ਵਾਰ ਮੀਟਿੰਗਾਂ ਵਿਚ ਸ਼ਾਮਲ ਵੀ ਹੋਏ। ਉਨ੍ਹਾਂ ਨੇ ਬੋਰਡ ਦੇ ਚੇਅਰਮੈਨ ਨੂੰ ਦਸਿਆ ਸੀ ਕਿ ਇਸ ਵਿਚ ਬਹੁਤ ਗ਼ਲਤੀਆਂ ਹਨ ਅਤੇ ਇਹ ਸਿਲੇਬਸ ਬੱਚਿਆਂ ਨੂੰ ਪੜ੍ਹਾਉਣ ਯੋਗ ਨਹੀਂ ਹੈ। ਇਸ ਤੋਂ ਬਾਅਦ ਡਾ. ਇੰਦਰਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਲਿਖਤੀ ਰੂਪ ਵਿਚ ਦਿਤਾ ਸੀ। ਜਦੋਂ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਕਮੇਟੀ ਨੇ ਅਪਣੇ ਨੁਮਾਇੰਦੇ ਵਾਪਸ ਲੈ ਲਏ। ਪੰਜਾਬ ਸਰਕਾਰ ਵਲੋਂ ਫਿਰ ਇਨ੍ਹਾਂ ਨੁਮਾਇੰਦਿਆਂ ਦੀ ਮੰਗ ਕੀਤੀ ਗਈ ਸੀ, ਪਰ ਸਰਕਾਰ ਨੇ ਨੁਮਾਇੰਦਿਆਂ ਦੀ ਕੋਈ ਸੁਣਵਾਈ ਨਾ ਕੀਤੀ।
ਨਹੀਂ ਹੋ ਸਕਿਆ ਡੇਰਾ ਬਿਆਸ ਨਾਲ ਰਾਬਤਾ
ਬਲਦੇਵ ਸਿੰਘ ਸਿਰਸਾ ਵਲੋਂ ਡੇਰਾ ਰਾਧਾ ਸੁਆਮੀ ’ਤੇ ਲਗਾਏ ਗਏ ਇਲਜ਼ਾਮਾਂ ਸਬੰਧੀ ਡੇਰੇ ਦਾ ਪੱਖ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਨੇ ਡੇਰਾ ਬਿਆਸ ਨੇ ਪੀਆਰਓ ਨਾਲ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫ਼ੋਨ ਕਾਲ ਦਾ ਜਵਾਬ ਨਹੀਂ ਦਿਤਾ। ਇਸ ਮਗਰੋਂ ਜਦੋਂ ਉਨ੍ਹਾਂ ਨੂੰ ਵੱਟਸਐਪ ਜ਼ਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਸੇਜ ਨੂੰ ਦੇਖ ਕੇ ਛੱਡ ਦਿਤਾ।