
ਸਿਆਸੀ ਸ਼ਹਿ ਨਾਲ ਹੋ ਰਹੀਆਂ ਹਨ ਪੰਜਾਬ ਵਿਚ ਵਧੀਕੀਆਂ : ਜਸਵਿੰਦਰ ਸਿੰਘ
ਚੰਡੀਗੜ੍ਹ, 16 ਜੁਲਾਈ (ਹਰਦੀਪ ਸਿੰਘ ਭੋਗਲ): ਪੰਜਾਬ ਵਿਚ ਵੱਖ-ਵੱਖ ਸਮੇਂ ’ਤੇ ਅਜਿਹੀਆਂ ਕੋਸ਼ਿਸ਼ਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਤੋਂ ਸਿੱਧੇ ਤੌਰ ’ਤੇ ਇਹ ਪਤਾ ਲਗਦਾ ਹੈ ਕਿ ਇਹ ਕੋਸ਼ਿਸ਼ਾਂ ਸਿੱਖਾਂ ਦਾ ਘਾਣ ਕਰਨ ਦੀਆਂ ਕੋਸ਼ਿਸ਼ਾਂ ਹਨ। ਇਸ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਕਾਰਵਾਈਆਂ ਰਹੀਆਂ ਤੇ ਅਕਾਲ ਤਖ਼ਤ ਸਾਹਿਬ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਧਾਰਮਕ ਸੰਸਥਾਵਾਂ ਉਤੇ ਜਿਹੜੇ ਆਗੂ ਬਿਰਾਜਮਾਨ ਹਨ ਉਹ ਉਸ ਤਰੀਕੇ ਨਾਲ ਕਾਰਵਾਈਆਂ ਨਹੀਂ ਕਰ ਰਹੇ ਜਿਸ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ।
ਇਸ ਨਾਲ ਹੀ ਪਿੰਡ ਚੰਦੂਮਾਜਰਾ ਵਿਚ ਇਕ ਸਕੂਲ ਬਣਾਇਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਹੈ ਕਿ ਇਹ ਸਕੂਲ ਆਰਐਸਐਸ ਦੇ ਵਿਅਕਤੀਆਂ ਵਲੋਂ ਬਣਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਵੀ ਕਈ ਸਵਾਲ ਖੜੇ ਹੋਏ ਤੇ ਇਸ ਸਾਰੇ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਅਕਾਲ ਯੂਥ ਦੇ ਬੁਲਾਰੇ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ।
Jaswinder Singh
ਗੱਲਬਾਤ ਕਰਦਿਆਂ ਉਨ੍ਹਾਂ ਨੇ ਸਪੋਕਸਮੈਨ ਨਾਲ ਪੂਰਾ ਮਾਮਲਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਚੰਦੂਮਾਜਰਾ ਤੇ ਸ਼੍ਰੋਮਣੀ ਕਮੇਟੀ ਹਲਕਾ ਜੋ ਫ਼ਤਿਹਗੜ੍ਹ ਸਾਹਿਬ ਪੈਂਦਾ ਹੈ, ਉਸ ਪਿੰਡ ਵਿਚ ਇਤਿਹਾਸਕ ਗੁਰਦਵਾਰਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 87 ਸੈਕਸ਼ਨ ਦੇ ਅਧੀਨ ਆਉਂਦਾ ਹੈ ਤੇ ਕਮੇਟੀ 2 ਤਰੀਕੇ ਨਾਲ ਗੁਰਦਵਾਰੇ ਦਾ ਪ੍ਰਬੰਧ ਦੇਖਦੀ ਹੈ। ਇਕ ਤਾਂ ਸਿੱਧਾ ਜੋ ਵੱਡੇ ਇਤਿਹਾਸਕ ਗੁਰਦੁਆਰੇ ਹਨ ਤੇ ਦੂਜਾ ਜੋ ਇਤਿਹਾਸਕ ਗੁਰਦਵਾਰੇ ਹਨ ਉਹ ਛੋਟੇ ਹਨ। ਗੁਰਦਵਾਰਾ ਸਾਹਿਬ ਵਿਚ ਲੋਕਲ ਕਮੇਟੀ ਵੀ ਕੰਮ ਕਰਦੀ ਹੈ ਪਰ ਜੋ ਫ਼ੰਡਿੰਗ ਬਗ਼ੈਰਾ ਦਾ ਕੰਮ ਹੈ ਜਾਂ ਬਿਲਡਿੰਗ ਬਗ਼ੈਰਾ ਬਣਾਉਣ ਲਈ ਮਨਜ਼ੂਰੀ ਲੈਣੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰਦੀ ਹੈ।
SGPC
ਇਸੇ ਤਰ੍ਹਾਂ ਹੀ ਚੰਦੂਮਾਜਰਾ ਵਿਚ ਇਹ ਇਤਿਹਾਸਕ ਗੁਰਦਵਾਰਾ ਸੀ ਜਿਥੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਲੜਕੀਆਂ ਲਈ ਨਰਸਿੰਗ ਦਾ ਕਾਲਜ ਬਣਾਉਣ ਦੀ ਮਨਜ਼ੂਰੀ ਦਿਤੀ ਹੋਈ ਸੀ। ਇਸ ਦੀ ਜ਼ਮੀਨ ਵੀ ਗੁਰਦਵਾਰਾ ਸਾਹਿਬ ਦੀ ਸੀ ਤੇ ਬਿਲਡਿੰਗ ਵੀ ਗੁਰਦਵਾਰਾ ਸਾਹਿਬ ਦੀ ਸੀ। ਪਰ ਪਤਾ ਨਹੀਂ ਕਿਉਂ ਇਨ੍ਹਾਂ ਨੇ ਅਚਾਨਕ ਜੋ ਗੁਰੂ ਦਰੋਣਾਚਾਰਿਆ ਨਾਂ ਦੀ ਸੰਸਥਾ ਹੈ ਜੋ ਆਰਐਸਐਸ ਦੀ ਦੂਜੀ ਟੀਮ ਵਜੋਂ ਪੰਜਾਬ ਵਿਚ ਕੰਮ ਕਰ ਰਹੀ ਹੈ ਉਹ ਦੂਰ ਯੂਪੀ, ਹਰਿਆਣਾ ਅਤੇ ਹੋਰ ਥਾਂ ’ਤੇ ਜੋ ਆਰਐੱਸਐੱਸ ਦਾ ਸਾਹਿਤ ਛਾਪਣ ਦਾ ਕੰਮ ਚਲਦਾ ਹੈ ਉਹ ਸਾਰਾ ਇਹ ਸੰਸਥਾ ਕਰਦੀ ਹੈ। ਇਹ ਸੱਭ ਪਿੰਡ ਵਾਸੀਆਂ ਤੋਂ ਪਤਾ ਲੱਗਣ ਤੇ ਅਸੀਂ ਸੱਭ ਤੋਂ ਪਹਿਲਾਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਇਹ ਜ਼ਮੀਨ ਹੈ ਕੀ ਉਹ ਗੁਰੂ ਘਰ ਦੀ ਹੈ, ਸ਼੍ਰੋਮਣੀ ਕਮੇਟੀ ਦੇ ਅੰਡਰ ਆਉਂਦੀ ਹੈ ਜਾਂ ਬਿਲਡਿੰਗ ਗੁਰੂ ਘਰ ਦੀ ਹੈ।
ਅਸੀਂ ਇਕ ਇਕ ਕਰ ਕੇ ਪਰਤਾਂ ਫਰੋਲੀਆਂ। ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਜੋ ਸਕੂਲ ਸ਼੍ਰੋਮਣੀ ਕਮਟੀ ਤੋਂ 2 ਸਾਲ ਲਈ ਲੀਜ਼ ’ਤੇ ਲਿਆ ਗਿਆ ਹੈ ਤੇ ਗੁਰੂ ਦਰੋਣਾਚਾਰੀਆ ਉਸ ਦਾ ਨਾਮ ਰਖਿਆ ਗਿਆ ਹੈ ਉਸ ਦਾ ਬੰਦਾ ਯੂਪੀ ਦਾ ਰਹਿਣ ਵਾਲਾ ਹੈ। ਜਸਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਉਸ ਵਿਅਕਤੀ ਨਾਲ ਗੱਲ ਹੋਈ ਅਤੇ ਉਨ੍ਹਾਂ ਪੁਛਿਆ ਕਿ ਉਹ ਇਹ ਸਕੂਲ ਇਥੇ ਕਿਉਂ ਖੋਲ੍ਹਣਾ ਚਾਹੁੰਦਾ ਹੈ? ਉਹ ਯੂਪੀ ਦਾ ਹੈ ਤਾਂ ਉਥੇ ਜਾ ਕੇ ਅਪਣਾ ਸਕੂਲ ਖੋਲ੍ਹੇ। ਇਸ ਦੇ ਜਵਾਬ ਵਿਚ ਵਿਅਕਤੀ ਨੇ ਕਿਹਾ ਕਿ ਉਹ ਸਿੱਖਾਂ ਦੀ ਮਦਦ ਕਰਨ ਚਾਹੁੰਦਾ ਹੈ, ਸਿੱਖਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹਾਂ।
Jaswinder Singh
ਇਸ ਦੇ ਜਵਾਬ ਵਿਚ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਰ ਘਰ ਵਿਚ ਆਈਲੈਟਸ ਕੀਤੇ ਹੋਏ ਇਕ ਜਾਂ ਦੋ ਬੱਚੇ ਬੈਠੇ ਹਨ ਉਹ ਪਹਿਲਾਂ ਪੰਜਾਬ ਅਤੇ ਯੂਪੀ ਦਾ ਸਾਖਰਤਾ ਰੇਟ ਪੜ੍ਹਨ ਕਿ ਦੋਹਾਂ ਦਾ ਸਾਖਰਤਾ ਰੇਟ ਕੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਯੂਪੀ ਨਾਲੋਂ ਪੜ੍ਹਾਈ ਦੇ ਮਾਮਲੇ ਵਿਚ ਬਹੁਤ ਅੱਗੇ ਹੈ। ਉਨ੍ਹਾਂ ਕਿਹਾ ਕਿ ਦਰੋਣਾਚਾਰਿਆ ਦੀ ਸੰਸਥਾ ਤੇ ਉਨ੍ਹਾਂ ਵਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਤੋਂ ਹੀ ਪਤਾ ਲਗਦਾ ਹੈ ਕਿ ਉਹ ਲੋਕਲ ਨਹੀਂ ਹਨ ਤੇ ਸਵਾਲ ਇਹ ਖੜਾ ਹੁੰਦਾ ਹੈ ਕਿ ਉਹ ਸਾਡੇ ਪੰਜਾਬ ਦੇ ਬੱਚਿਆਂ ਨੂੰ ਮੁਫ਼ਤ ਵਿਚ ਕਿਉਂ ਪੜ੍ਹਾਉਣਾ ਚਾਹੁੰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੋਵੇ ਤੇ ਇਤਿਹਾਸਕ ਗੁਰਦਵਾਰਾ ਸਾਹਿਬ ਦੀ ਬਿਲਡਿੰਗ ਹੋਵੇ ਤੇ ਯੂਪੀ ਤੋਂ ਵਿਅਕਤੀ ਆ ਕੇ ਪੜ੍ਹਾਈ ਕਿਉਂ ਕਰਵਾਉਣਾ ਚਾਹੁੰਦਾ ਹੈ?
Jagir kaur
ਇਸ ਤੋਂ ਬਾਅਦ ਪੱਤਰਕਾਰ ਨੇ ਸਵਾਲ ਕੀਤਾ ਕਿ ਸਾਡੀ ਸ਼੍ਰੋਮਣੀ ਕਮੇਟੀ ਕੋਲ ਅਪਣੇ ਐਨੇ ਸਕੂਲ ਹਨ, ਕੀ ਉਨ੍ਹਾਂ ਕੋਲ ਅਸਾਸੇ ਮੁਕ ਗਏ ਹਨ ਜੋ ਉਨ੍ਹਾਂ ਨੂੰ ਦੂਜੀਆਂ ਸੰਸਥਾਵਾਂ ਨੂੰ ਬੁਲਾਉਣਾ ਪੈ ਰਿਹਾ ਹੈ, ਪੜ੍ਹਾਉਣ ਲਈ? ਇਸ ਦੇ ਜਵਾਬ ਵਿਚ ਜਸਵਿੰਦਰ ਸਿੰਘ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਵਿਚ ਵੀ ਇਹ ਕਿਹਾ ਗਿਆ ਹੈ ਕਿ ਜੇ ਜ਼ਮੀਨ ਸਿੱਖਾਂ ਦੀ ਹੈ ਤਾਂ ਉਤੇ ਸਕੂਲ ਵੀ ਸਿੱਖ ਹੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਕੋਲ ਅਪਣੇ ਹੀ ਸਿੱਖ ਅਧਿਆਪਕ ਬਹੁਤ ਹਨ। ਪੰਜਾਬ ਸਰਕਾਰ ਉਨ੍ਹਾਂ ਨੂੰ ਮੌਕਾ ਦੇਵੇ।
RSS
ਹਰ ਰੋਜ਼ ਅਧਿਆਪਕ ਸੜਕਾਂ ’ਤੇ ਫਿਰਦੇ ਹਨ, ਉਨ੍ਹਾਂ ’ਤੇ ਲਾਠੀਚਾਰਜ ਹੁੰਦਾ ਹੈ। ਪੰਜਾਬ ਸਰਕਾਰ ਉਨ੍ਹਾਂ ਨੂੰ ਮੌਕਾ ਦੇ ਕੇ ਤਾਂ ਦੇਖੇ। ਪੰਜਾਬ ਵਿਚ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਹਨ ਜੋ ਸਕੂਲਾਂ ’ਤੇ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਸਕੂਲ ਦਿਤੇ ਜਾਣ ਪਰ ਜੋ ਆਰਐਸਐਸ ਹੈ ਉਸ ਵਿਰੁਧ ਤਾਂ ਹੁਕਮਨਾਮਾ ਵੀ ਜਾਰੀ ਹੋ ਚੁਕਾ ਹੈ ਤੇ ਵੱਡੀ ਗੱਲ ਤਾਂ ਇਹ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਪਣੀ ਹੀ ਜ਼ਮੀਨ ਵਿਚ ਅਪਣੀ ਹੀ ਇਮਾਰਤ ਵਿਚ ਆਰਐਸਐਸ ਨੂੰ ਸਕੂਲ ਬਣਾਉਣ ਦੀ ਮਨਜ਼ੂਰੀ ਦੇ ਰਹੀ ਹੈ।
SGPC
ਇਸ ਤੋਂ ਅੱਗੇ ਪੱਤਰਕਾਰ ਨੇ ਸਵਾਲ ਕੀਤਾ ਕਿ ਸਿੱਖਾਂ ਦੇ ਪਵਿੱਤਰ ਅਸਥਾਨ ’ਤੇ ਜੋ ਪ੍ਰਧਾਨ ਬੈਠੇ ਹਨ ਕੀ ਤੁਹਾਨੂੰ ਲਗਦਾ ਕਿ ਉਨ੍ਹਾਂ ਨੂੰ ਇਹ ਗੱਲਾਂ ਪਤਾ ਨਹੀਂ ਹੋਣਗੀਆਂ ਜਾਂ ਪਤਾ ਹੋਣ ਦੇ ਬਾਵਜੂਦ ਵੀ ਉਹ ਅੱਖਾਂ ਮੀਚ ਕੇ ਬੈਠੇ ਹਨ? ਇਸ ਦੇ ਜਵਾਬ ਵਿਚ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਗੱਲ ਸੱਚ ਹੈ ਕਿ ਉੱਥੇ ਬੈਠੇ ਅਹੁਦੇਦਾਰ ਪਤਾ ਹੋਣ ਦੇ ਬਾਵਜੂਦ ਵੀ ਅੱਖਾਂ ਮੀਚ ਕੇ ਬੈਠੇ ਹਨ ਤੇ ਜੋ ਸ਼੍ਰੋਮਣੀ ਕਮੇਟੀ ਮੈਂਬਰ ਜੱਸੋਵਾਲ ਹਨ ਉਨ੍ਹਾਂ ਨੇ ਖ਼ੁਦ ਇਸ ਗੱਲ ਨੂੰ ਮੰਦਭਾਗੀ ਦਸਿਆ ਹੈ ਤੇ ਜਿਨ੍ਹਾਂ ਨੌਜਵਾਨਾਂ ਨੇ ਇਸ ਚੀਜ਼ ਨੂੰ ਬੰਦ ਕਰਵਾਉਣ ਲਈ ਉਪਰਾਲਾ ਕੀਤਾ ਹੈ ਮੈਂ ਉਨ੍ਹਾਂ ਦਾ ਸਮਰਥਨ ਕਰਦਾ ਹਾਂ ਤੇ ਉਨ੍ਹਾਂ ਨੂੰ ਵੀ ਇਹ ਸਵਾਲ ਕੀਤਾ ਗਿਆ ਸੀ ਕਿ ਕਮੇਟੀ ਇਹ ਸੱਭ ਜਾਣ-ਬੁੱਝ ਕੇ ਕਰ ਰਹੀ ਹੈ ਜਾਂ ਫਿਰ ਅਣਜਾਣ ਹੈ ਇਨ੍ਹਾਂ ਗੱਲਾਂ ਤੋਂ?
Jaswinder Singh
ਇਸ ਦੇ ਜਵਾਬ ਵਿਚ ਜੱਸੋਵਾਲ ਨੇ ਕਿਹਾ ਸੀ ਕਿ ਇਹ ਸੱਭ ਜਾਣ-ਬੁੱਝ ਕੇ ਹੋ ਰਿਹਾ ਹੈ। ਜੱਸੋਵਾਲ ਨੇ ਕਿਹਾ ਸੀ ਕਿ ਇਹ ਸੱਭ ਬੰਦ ਕਰਵਾਉਣ ਲਈ ਜਾਂ ਤਾਂ ਮੈਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਵਾਂਗਾ ਜਾਂ ਫਿਰ ਕੋਈ ਵੱਡਾ ਉਪਰਾਲਾ ਕਰਾਂਗੇ, ਇਨ੍ਹਾਂ ਮਾਮਲਿਆਂ ਵਿਰੁਧ। ਫਿਰ ਜਸਵਿੰਦਰ ਸਿੰਘ ਨੂੰ ਸਵਾਲ ਕੀਤਾ ਗਿਆ ਕਿ ਅਕਾਲੀ ਦਲ ਦੇ ਵਿਧਾਇਕ ਰਹੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰ ਸਿੰਘ ਚੰਦੂਮਾਜਰਾ ਪਿੰਡ ਚੰਦੂਮਾਜਰਾ ਦੇ ਜੰਮਪਲ ਨੇ ਤੇ ਕੀ ਤੁਹਾਨੂੰ ਲਗਦਾ ਹੈ ਕਿ ਇਸ ਮਾਮਲੇ ਵਿਚ ਕੋਈ ਸਿਆਸੀ ਸ਼ਹਿ ਵੀ ਰਹੀ ਹੋਵੇਗੀ ਇਸ ਜ਼ਮੀਨ ਨੂੰ ਦਬਾਉਣ ਵਿਚ ਕਿਉਂਕਿ ਅਕਾਲੀਆਂ ਦਾ ਸ਼੍ਰੋਮਣੀ ਕਮੇਟੀ ਵਿਚ ਬਹੁਤ ਰੋਲ ਰਹਿੰਦਾ ਹੈ, ਤੁਹਾਨੂੰ ਲਗਦਾ ਹੈ ਕਿ ਉਨ੍ਹਾਂ ਦਾ ਹੱਥ ਵੀ ਹੋ ਸਕਦਾ ਹੈ?
Prem Singh Chandumajra
ਇਸ ਦੇ ਜਵਾਬ ਵਿਚ ਜਸਵਿੰਦਰ ਸਿੰਘ ਨੇ ਕਿਹਾ ਕਿ ਇਕ ਤਾਂ ਅਕਾਲ ਤਖ਼ਤ ਸਾਹਿਬ ਤੋਂ ਸਿੱਧੇ ਹੁਕਮਨਾਮੇ ਜਾਰੀ ਹੁੰਦੇ ਹਨ ਕਿ ਆਰਐਸਐਸ ਨਾਲ ਵਰਤਣਾ ਨਹੀਂ ਤੇ ਇਸ ਕਰ ਕੇ ਕਈ ਨੌਜਵਾਨ ਜੇਲਾਂ ਤਕ ਵੀ ਚਲੇ ਜਾਂਦੇ ਹਨ ਤੇ ਦੋ ਸਾਲ ਪਹਿਲਾਂ ਵੀ ਇਹ ਚੀਜ਼ ਹੋਈ ਸੀ ਕਿ ਗੁਰੂ ਘਰ ਵਿਚ ਆਰਐਸਐਸ ਦਾ ਕੈਂਪ ਲਗਾਇਆ ਗਿਆ ਸੀ ਜਦਕਿ ਇਸ ਗੱਲ ਦਾ ਉਸ ਸਮੇਂ ਵੀ ਵਿਰੋਧ ਹੋਇਆ ਸੀ ਤੇ ਇਸ ਤੋਂ ਇਹੀ ਸਾਹਮਣੇ ਆਉਂਦਾ ਹੈ ਕਿ ਉਸ ਸਮੇਂ ਵੀ ਅਕਾਲੀਆਂ ਦੀ ਹੀ ਕਮੇਟੀ ਸੀ ਤੇ ਆਰਐਸਐਸ ਦਾ ਕੈਂਪ ਵੀ ਤਾਂ ਹੀ ਲੱਗਾ ਹੈ ਜੇ ਅਕਾਲੀਆਂ ਵਿਚੋਂ ਕਿਸੇ ਨੇ ਮਨਜ਼ੂਰੀ ਦਿਤੀ ਹੈ, ਨਹੀਂ ਤਾਂ ਉਨ੍ਹਾਂ ਦੀ ਐਨੀ ਹਿੰਮਤ ਕਿਵੇਂ ਕਿ ਉਜ ਗੁਰੂ ਘਰ ਵਿਚ ਕੈਂਪ ਲਗਾ ਲੈਣ। ਇਹ ਜੋ ਗੁਰਦਵਾਰਾ ਹੈ ਉਹ ਵੀ ਚੰਦੂਮਾਜਰਾ ਨੇ ਹੀ ਲੀਜ਼ ’ਤੇ ਦਿਵਾਇਆ ਅਤੇ ਸਾਡੇ ਵਿਰੁਧ ਇਕ ਵੀਡੀਉ ਪਾਈ ਹੈ ਕਿ ਇਹ ਜ਼ਮੀਨ ਵੇਚੀ ਨਹੀਂ ਲੀਜ਼ ’ਤੇ ਦਿਤੀ ਹੈ। ਜਸਵਿੰਦਰ ਸਿੰਘ ਤੋਂ ਇਹ ਪੁਛਿਆ ਗਿਆ ਕਿ ਉਨ੍ਹਾਂ ਨੂੰ ਕੀ ਲਗਦਾ ਹੈ ਕਿ ਇਸ ਦੇ ਨਤੀਜੇ ਕੀ ਹੋਣੇ ਸੀ ਜੇ ਗੁਰਦਵਾਰਾ ਦੀ ਥਾਂ ’ਤੇ ਸਕੂਲ ਬਣ ਵੀ ਜਾਂਦਾ ਹੈ?
Harinderpal Chandumajra
ਜਸਵਿੰਦਰ ਸਿੰਘ ਨੇ ਕਿਹਾ ਕਿ ਬਿਲਡਿੰਗ ਤਾਂ ਪਹਿਲਾਂ ਹੀ ਬਣੀ ਹੋਈ ਸੀ ਬਸ ਉਨ੍ਹਾਂ ਨੇ ਪੇਂਟ ਕਰ ਕੇ ਦਰੋਣਾਚਾਰੀਆ ਲਿਖ ਦਿਤਾ ਸੀ ਪ੍ਰਾਇਮਰੀ ਸਕੂਲ ਬੱਚਿਆਂ ਦਾ। ਉਨ੍ਹਾਂ ਨੇ ਜੋ ਸਿਖਿਆ ਦੇਣੀ ਸੀ ਉਹ ਪੰਜਾਬੀ ਤੋਂ ਬਿਨਾਂ ਸਿੱਖਾਂ ਤੋਂ ਬਿਨਾਂ ਹਿੰਦੀ ਵਿਚ ਦੇਣੀ ਸੀ ਕਿਉਂਕਿ ਜੋ ਵਿਅਕਤੀ ਯੂਪੀ ਤੋਂ ਆਇਆ ਹੈ ਉਹ ਓ ਅ ਤਾਂ ਸਿਖਾਉਣ ਤੋਂ ਰਿਹਾ। ਅਸੀਂ ਪੰਜਾਬ ਵਿਚ ਪਹਿਲਾਂ ਹੀ ਇਸ ਹਿੰਦੀ ਸਿਖਿਆ ਵਿਰੁਧ ਲੜ ਰਹੇ ਹਾਂ, ਸੰਸਥਾਵਾਂ ਨਾਲ ਲੜ ਰਹੇ ਹਾਂ, ਹੋਰ ਮੁੱਦਿਆਂ ਲਈ ਹੱਕ ਮੰਗ ਰਹੇ ਹਾਂ ਤੇ ਜੇ ਇਹ ਸਕੂਲ ਵੀ ਬਣ ਜਾਂਦਾ ਤਾਂ ਸਾਡੇ ਲਈ ਇਕ ਹੋਰ ਸਮੱਸਿਆ ਖੜੀ ਹੋ ਜਾਣੀ ਸੀ। ਜਸਵਿੰਦਰ ਸਿੰਘ ਨੇ ਕਿਹਾ ਕਿ ਜੇ ਅਸੀ ਉਨ੍ਹਾਂ ਤੋਂ ਸਵਾਲ ਕਰਦੇ ਵੀ ਤਾਂ ਉਨ੍ਹਾਂ ਨੇ ਕਹਿਣਾ ਸੀ ਕਿ ਇਹ ਮਨਜ਼ੂਰੀ ਸ਼੍ਰੋਮਣੀ ਕਮੇਟੀ ਨੇ ਦਿਤੀ ਹੈ ਤੇ ਜੇ ਸ਼੍ਰੋਮਣੀ ਕਮੇਟੀ ਕੋਲ ਜਾਂਦੇ ਤਾਂ ਉਨ੍ਹਾਂ ਨੇ ਕਹਿਣਾ ਸੀ ਕਿ ਅਸੀਂ ਤਾਂ ਨਰਸਿੰਗ ਕਾਲਜ ਖੋਲ੍ਹਣ ਲਈ ਮਨਜ਼ੂਰੀ ਦਿਤੀ ਹੈ। ਅਸੀਂ ਆਰ.ਐਸ.ਐਸ. ਨੂੰ ਮਨਜ਼ੂਰੀ ਨਹੀਂ ਦਿਤੀ ਤੇ ਫਿਰ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਚ ਇਹ ਸਕੂਲ ਕਿਵੇਂ ਖੋਲ੍ਹ ਲਿਆ?
Rss chief mohan bhagwat
ਉਨ੍ਹਾਂ ਦਸਿਆ ਕਿ ਸੱਭ ਤੋਂ ਪਹਿਲਾਂ ਤਾਂ ਅਸੀਂ 10 ਦਿਨ ਲਗਾ ਕੇ ਇਸ ਸਬੰਧੀ ਡਾਟਾ ਇਕੱਠਾ ਕੀਤਾ ਅਤੇ ਫਿਰ ਜੋ ਚੰਦੂਮਾਜਰਾ ਨਾਲ ਸਬੰਧਤ ਡੀਸੀ ਹੈ ਪਟਿਆਲਾ ਤੋਂ ਉਨ੍ਹਾਂ ਨੂੰ ਈਮੇਲ ਕੀਤੀ ਕਿ ਇਸ ਸਕੂਲ ਨੂੰ ਬੰਦ ਕਰਵਾਇਆ ਜਾਵੇ ਤੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਿੱਖ ਸੰਗਤਾਂ ਨੂੰ ਆਪ ਇਸ ਮਾਮਲੇ ਲਈ ਉਪਰਾਲਾ ਕਰਨਾ ਪਵੇਗਾ। ਇਸ ਤੋਂ ਬਾਅਦ ਅਸੀ ਪਟਿਆਲਾ ਵਿਚ ਦੁੱਖ ਨਿਵਾਰਨ ਸਾਹਿਬ ਦੇ ਮੈਨੇਜਰ ਨੂੰ ਬੀਬੀ ਜਗੀਰ ਕੌਰ ਦੇ ਨਾਂ ਦਾ ਮੰਗ ਪੱਤਰ ਦਿਤਾ ਤੇ ਇਸ ਤੋਂ ਪਹਿਲਾਂ ਵੀ ਸ਼ਹੀਦ ਭਾਈ ਲਛਮਣ ਸਿੰਘ ਧਾਰੂਵਾਲ ਨੇ ਦੇਖਿਆ ਸੀ ਕਿ ਜਿਵੇਂ ਉਸ ਸਮੇਂ ਮਸੰਦਾਂ ਨੇ ਗੁਰੂ ਘਰ ਵਿਚ ਪੈਰ ਪਾ ਲਿਆ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਸਾਡਾ ਚਾਹੇ ਟੋਟਾ-ਟੋਟਾ ਹੋ ਜਾਵੇ ਅਸੀ ਬੇਗਾਨੇ ਪੈਰ ਗੁਰੂ ਘਰ ਵਿਚ ਨਹੀਂ ਪੈਣ ਦੇਣੇ। ਇਥੋਂ ਪਤਾ ਲਗਦਾ ਹੈ ਕਿ ਸਿੱਖਾਂ ਨੂੰ ਅਪਣੀ ਜਾਨ ਤੋਂ ਵਧ ਕੇ ਗੁਰੂ ਘਰ ਦੀਆਂ ਜ਼ਮੀਨਾਂ ਪਿਆਰੀਆਂ ਨੇ, ਉਨ੍ਹਾਂ ਦੀ ਰਾਖੀ ਕਰਨਾ ਚੰਗਾ ਲਗਦਾ ਹੈ।
SGPC President Bibi Jagir Kaur
ਜਸਵਿੰਦਰ ਸਿੰਘ ਨੇ ਹਰਿੰਦਰ ਸਿੰਘ ਚੰਦੂਮਾਜਰਾ ਵਿਰੁਧ ਬੋਲਦਿਆਂ ਕਿਹਾ ਕਿ ਜੋ ਪੰਥਕ ਆਗੂ ਬਣੇ ਫਿਰਦੇ ਹਨ ਉਹ ਸਾਨੂੰ ਆਪ ਸਕੂਲ ਬਣਾ ਕੇ ਦਿਖਾਉਣ ਤੇ ਫਿਰ ਅਸੀਂ ਰਾਜਪੁਰੇ ਵਿਚ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ ਸੀ ਕਿ ਸਾਨੂੰ ਉਸ ਸਕੂਲ ਦਾ ਪ੍ਰਬੰਧ ਦਿਵਾਉ ਤੇ ਅਸੀਂ ਦੁਨੀਆਂ ਦਾ 1 ਨੰਬਰ ਦਾ ਖ਼ਾਲਸਾ ਸਕੂਲ ਬਣਾ ਕੇ ਦਿਖਾਵਾਂਗੇ ਤੇ ਬੱਚਿਆਂ ਨੂੰ ਸਿੱਖੀ ਬਾਰੇ ਸਾਰੀ ਪੜ੍ਹਾਈ ਕਰਵਾਈ ਜਾਵੇਗੀ ਤੇ ਨਾਲ ਹੀ ਜੋ ਬੇਰੁਜ਼ਗਾਰ ਅਧਿਆਪਕ ਹਨ ਉਨ੍ਹਾਂ ਨੂੰ ਵੀ ਇਸ ਸਕੂਲ ਵਿਚ ਨੌਕਰੀ ਦਿਤੀ ਜਾਵੇਗੀ। ਜਸਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਸਦਕਾ ਫ਼ਿਲਹਾਲ ਉਸ ਸਕੂਲ ਤੇ ਪਾਬੰਦੀ ਲੱਗ ਗਈ ਹੈ ਤੇ ਬੀਬੀ ਜਾਗੀਰ ਕੌਰ ਦਾ ਸਾਡੇ ਸਿੰਘ ਨੂੰ ਵੀ ਫ਼ੋਨ ਆਇਆ ਸੀ ਕਿ ਇਸ ਸਕੂਲ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਪਰ ਅਸੀ ਕਿਹਾ ਕਿ ਜੇ ਪਾਬੰਦੀ ਲੱਗ ਗਈ ਹੈ ਤਾਂ ਸਾਨੂੰ ਇਹ ਲਿਖਤੀ ਰੂਪ ਵਿਚ ਚਾਹੀਦਾ ਹੈ ਤੇ ਇਸ ਦੀ ਕਾਪੀ ਵੀ ਪ੍ਰਸ਼ਾਸਨ ਨੂੰ ਦਿਤੀ ਜਾਵੇਗੀ।
PSEB
ਜਸਵਿੰਦਰ ਸਿੰਘ ਨੇ ਦਸਿਆ ਕਿ ਜਦੋਂ ਪੰਜਾਬ ਸਕੂਲ ਸਿਖਿਆ ਬੋਰਡ ਨੇ ਸਿਲੇਬਸ ਜਾਰੀ ਕੀਤਾ ਸੀ ਤਾਂ ਉਸ ਸਮੇਂ ਵੀ ਅਸੀਂ ਦੋ ਕਿਤਾਬਾਂ ’ਤੇ ਪਾਬੰਦੀ ਲਗਵਾਈ ਸੀ ਜਿਸ ਵਿਚ ਇਹ ਲਿਖਿਆ ਸੀ ਕਿ ਸ਼ਹੀਦ ਊਧਮ ਸਿੰਘ ਨੇ ਜਲਿਆਵਾਲਾ ਬਾਗ਼ ਦਾ ਬਦਲਾ ਲੈਣ ਲਈ ਕਿਸੇ ਧਾਰਮਕ ਗ੍ਰੰਥ ਦੀ ਨਹੀਂ ਬਲਕਿ ਹੀਰ ਦੀ ਸਹੁੰ ਖਾਧੀ ਸੀ ਤੇ ਅਸੀਂ ਉਸ ਸਮੇਂ ਵਿਰੋਧ ਪ੍ਰਗਟਾਇਆ ਸੀ ਤੇ ਊਧਮ ਸਿੰਘ ਤਾਂ ਆਪ ਜੇਲਰ ਜਾਂ ਉਥੋਂ ਦੇ ਜੋ ਸਿਪਾਹੀ ਸੀ ਉਨ੍ਹਾਂ ਨਾਲ ਲੜਦਾ ਹੁੰਦਾ ਸੀ। ਸ਼ਹੀਦ ਊਧਮ ਸਿੰਘ ਨੇ ਦੋ ਮੰਗਾਂ ਕੀਤੀਆਂ ਸਨ। ਇਕ ਉਨ੍ਹਾਂ ਨੇ ਚਿੱਠੀ ਭੇਜੀ ਸੀ ਸਿੰਘ ਸਭਾ ਲੰਡਨ ਨੂੰ ਕਿ ਉਨ੍ਹਾਂ ਨੂੰ ਪੋਥੀ ਸਾਹਿਬ ਮੁਹਈਆ ਕਰਵਾਈ ਜਾਵੇ ਤਾਂ ਜੋ ਉਹ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਕਰ ਸਕਣ ਤੇ ਇਕ ਉਨ੍ਹਾਂ ਨੇ ਸਵੇਰੇ ਇਸ਼ਨਾਨ ਕਰਨ ਲਈ ਪਾਣੀ ਦੀ ਮੰਗ ਕੀਤੀ ਸੀ।
Shaheed Udham Singh
ਜੋ ਬੰਦਾ ਜੇਲ ਵਿਚ ਬੈਠਾ ਵੀ ਸਰਕਾਰ ਦਾ ਵਿਰੋਧ ਕਰਨ ਦੇ ਨਾਲ ਬਾਣੀ ਨਾਲ ਜੁੜ ਰਿਹਾ ਸੀ ਕੀ ਉਹ ਹੀਰ ਦੀ ਸਹੁੰ ਚੁਕ ਕੇ ਬਦਲਾ ਲੈ ਸਕਦਾ ਹੈ ਤੇ ਅੱਜ ਤਕ ਅਜਿਹਾ ਕਿਹੜਾ ਇਤਿਹਾਸ ਆਇਆ ਹੈ ਜਿਸ ਵਿਚ ਕਿਸੇ ਨੇ ਹੀਰ ਦੀ ਸਹੁੰ ਚੁਕ ਕੇ ਬਦਲਾ ਲਿਆ ਹੋਵੇ? ਤੇ ਜਦੋਂ ਅਸੀਂ ਉਸ ਸਿਲੇਬਸ ’ਤੇ ਪਾਬੰਦੀ ਲਗਾਉਣ ਲਈ ਅਸੀਂ ਸਿਖਿਆ ਬੋਰਡ ਦੇ ਅਧਿਕਾਰੀਆਂ ਨੂੰ ਮਿਲੇ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਇਸ ਦੀ ਮਨਜ਼ੂਰੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਤੀ ਹੈ ਤੇ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਚਿੱਠੀ ਭੇਜੀ ਗਈ ਤਾਂ ਉਨ੍ਹਾਂ ਨੇ ਕੋਈ ਵੀ ਇਤਰਾਜ਼ ਜ਼ਾਹਰ ਨਾ ਕੀਤਾ।
RSS
ਦਸਣਯੋਗ ਹੈ ਕਿ ਆਰਐਸਐਸ ਦੀ ਸੰਸਥਾ ਜੋ ਪੰਜਾਬ ਵਿਚ ਉਨ੍ਹਾਂ ਦੀ ਬੀ ਟੀਮ ਵਜੋਂ ਕੰਮ ਕਰਦੀ ਹੈ। ਉਨ੍ਹਾਂ ਵਲੋਂ ਜੋ ਪੰਜਾਬ ਵਿਚ ਸਕੂਲ ਖੋਲ੍ਹਿਆ ਜਾ ਰਿਹਾ ਹੈ ਉਸ ’ਤੇ ਰੋਕ ਲਗਾਉਣ ਲਈ ਜਸਵਿੰਦਰ ਸਿੰਘ ਰਾਜਪੁਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਕੋਸ਼ਿਸ਼ ਕੀਤੀ ਤੇ ਇਸ ਉਤੇ ਰੋਕ ਲਗਾ ਵੀ ਦਿਤੀ ਗਈ ਹੈ। ਇਸ ਨਾਲ ਹੀ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਆਖ਼ਰਕਾਰ ਅਜਿਹੇ ਸਕੂਲ ਪੰਜਾਬ ਵਿਚ ਖੋਲ੍ਹੇ ਕਿਉਂ ਜਾ ਰਹੇ ਹਨ ਤੇ ਇਨ੍ਹਾਂ ਨੂੰ ਖੋਲ੍ਹਣ ਲਈ ਧਾਰਮਕ ਸੰਸਥਾਵਾਂ ਦੇ ਅਹੁਦੇਦਾਰ ਜਾਂ ਸਿਆਸੀ ਆਗੂ ਹੀ ਕਿਉਂ ਸ਼ਾਮਲ ਹੁੰਦੇ ਹਨ?